ਸਾਡੇ ਲਈ ਕੀਤਾ ਈ ਕੀ ਆ?

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਵੀਹ ਕੁ ਸਾਲ ਪੁਰਾਣੀ ਅਤੇ ਕਈ ਵਾਰ ਦੇਖੀ ਫਿਲਮ ‘ਬਾਗਬਾਨ’ ਮੁੜ ਦੇਖੀ ਤਾਂ ਮਨ ਦਹਿਲ ਗਿਆ। ਪਸੀਜੀ ਗਈ ਰੂਹ ਅਤੇ ਦਿਲ ਦਾ ਦਰਦ ਉਛਲ ਪਿਆ। ਅੱਖਾਂ ਨਮ ਹੋ ਗਈਆਂ ਅਤੇ ਸੋਚ ਸੁੰਨ ਹੋ ਗਈ ਕਿ ਕੋਈ ਔਲਾਦ ਆਪਣੇ ਮਾਪਿਆਂ ਨਾਲ ਇੰਝ ਵੀ ਕਰ ਸਕਦੀ,

ਜਿਨ੍ਹਾਂ ਨੇ ਆਪਣੀ ਉਮਰ ਅਤੇ ਸੁਮੱਚੀ ਕਮਾਈ ਆਪਣੀ ਔਲਾਦ ਦੀ ਪ੍ਰਵਰਿਸ,Lਪੜ੍ਹਾਈ ਅਤੇ ਸੁਪਨਸਾਜ਼ੀ ਲਈ ਅਰਪਿਤ ਕੀਤੀ ਹੋਵੇ। ਤੇ ਬਜ਼ੁਰਗ ਮਾਪਿਆਂ ਨੂੰ ਇਹ ਕਹੇ ਕਿ ਤੁਸੀਂ ਸਾਡੇ ਲਈ ਕੀਤਾ ਈ ਕੀ ਆ? ਅਸੀਂ ਤਾਂ ਆਪਣੀ ਮਿਹਨਤ, ਲਿਆਕਤ ਅਤੇ ਖੁਦ ਦੇ ਬਲਬੂਤੇ `ਤੇ ਵੱਡੀਆਂ ਮੱਲਾਂ ਮਾਰੀਆਂ। ਤੁਸੀਂ ਆਪਣਾ ਖੁਦ ਸੋਚੋ। ਅਸੀਂ ਤੁਹਾਡੀ ਕੋਈ ਸੇਵਾ-ਸੰਭਾਲ ਨਹੀਂ ਕਰ ਸਕਦੇ? ਮਨ ਬਹੁਤ ਉਦਾਸ ਤੇ ਹਤਾਸ਼ ਹੋ ਗਿਆ ਕਿ ਸਾਡੀਆਂ ਕਦਰਾਂ-ਕੀਮਤਾਂ ਨੇ ਇੰਝ ਦਫ਼ਨ ਹੋਣਾ ਸੀ? ਅਸੀਂ ਆਪਣੇ ਜਾਇਆਂ ਹੱਥੋਂ ਇੰਝ ਨਮੋਸ਼ੀ ਹੰਢਾਉਣੀ ਤੇ ਜ਼ਿੱਲਤ ਕਮਾਉਣੀ ਸੀ? ਬਹੁਤ ਸਾਰੇ ਪ੍ਰਸ਼ਨ ਮਨ ਵਿਚ ਪੈਦਾ ਹੋਏ ਜਿਸਦਾ ਜਵਾਬ ਸਮਾਜ ਨੂੰ ਆਪਣੀ ਔਲਾਦ ਕੋਲੋਂ ਮੰਗਣਾ ਚਾਹੀਦਾ। ਕੀ ਔਲਾਦ ਇੰਝ ਆਪਣੇ ਮਾਪਿਆਂ ਦੀ ਬੇਰੁਹਮਤੀ ਕਰਨ ਦੀ ਹੱਕਦਾਰ ਹੈ? ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵਲੂੰਧਰਨ ਦਾ ਹੱਕ ਕਿਸਨੇ ਔਲਾਦ ਨੂੰ ਦਿਤਾ? ਕਿਸ ਦਾਈਏ ਨਾਲ ਉਹ ਆਪਣੇ ਮਾਪਿਆਂ ਨੂੰ ਹੀਣਾ ਅਤੇ ਨਿੰਮੋਝੂਣਾ ਕਰਨ ਬਾਰੇ ਸੋਚ ਰਹੇ? ਕੁਝ ਕੁ ਪ੍ਰਸ਼ਨ ਸੰਵੇਦਨਸ਼ੀਲ ਮਨ ਵਿਚ ਪੈਦਾ ਹੋਣੇ ਸੁਭਾਵਕ;
ਕੀ ਮਾਪਿਆਂ ਤੋਂ ਬਗੈਰ ਮਾਪਿਆਂ ਦੀ ਹੋਂਦ ਸੰਭਵ ਏ? ਆਪਣੀ ਔਲਾਦ ਨੂੰ ਨੌਂ ਮਹੀਨੇ ਆਪਣੀ ਕੁੱਖ ਵਿਚ ਪਾਲਣ ਵਾਲੀ, ਸੌਂਦੇ-ਜਾਗਦੇ ਕੁੱਖ ਵਿਚ ਪਲਣ ਵਾਲੇ ਬੱਚੇ ਨਾਲ ਲਾਡ ਲਡਾਉਣ ਅਤੇ ਉਸਦੀਆਂ ਸੋਚਾਂ ਵਿਚ ਲੀਨ ਰਹਿਣ ਵਾਲੀ ਮਾਂ ਦੀਆਂ ਆਂਦਰਾਂ ਕਿਵੇਂ ਵਲੂੰਧਰੀਆਂ ਜਾਣਗੀਆਂ? ਕੁੱਖ ਵਿਚ ਪਾਲਣ ਤੋਂ ਬਾਅਦ ਔਲਾਦ ਲਈ ਜੰਮਣ ਪੀੜਾਂ ਝੱਲੀਆਂ ਹੋਣ। ਪਰ ਇਸ ਪੀੜ ਤੋਂ ਵੱਡਾ ਦਰਦ ਉਸਦੀ ਝੋਲੀ ਵਿਚ ਔਲਾਦ ਪਾਵੇ ਕਿ ਤੁਸੀਂ ਸਾਡੇ ਲਈ ਕੀਤਾ ਈ ਕੀ ਆ?
ਆਪਣੇ ਮਾਸੂਮ ਜਹੇ ਬੱਚੇ ਦੀਆਂ ਲੋੜਾਂ ਲਈ ਹਰਦਮ ਅਰਪਿਤ ਹੋਣ ਵਾਲੀ ਮਾਂ। ਬੱਚੇ ਦੀ ਹੂੰਗਰ ਵਿਚ ਹਾਉਕਾ ਬਣ ਜਾਣ ਵਾਲੀ। ਉਸਦੀ ਲੇਰ ਵਿਚ ਖੁਦ ਵੀ ਲੇਰ ਬਣਨ ਵਾਲੀ। ਆਪਣੀ ਭੁੱਖ ਪਿਆਸ ਵਿਸਾਰ ਤੇ ਸੁੱਖ ਆਰਾਮ ਤਿਆਗ ਕੇ ਬੱਚੇ ਦੀ ਤਾਮੀਰਦਾਰੀ ਵਿਚ ਰੁੱਝੀ, ਆਪਣੀਆਂ ਨੀਂਦਾਂ ਨੂੰ ਅੱਖਾਂ ਤੋਂ ਛਿੱਛਕਾਰਨ ਵਾਲੀ ਮਾਂ, ਜਦ ਆਪਣੀ ਔਲਾਦ ਦੀਆਂ ਅੱਖਾਂ ਵਿਚ ਰੜਕਣ ਲੱਗ ਪਵੇ ਤਾਂ ਸਮਝੋ ਕਿ ਮਾਂ ਨਹੀਂ ਸਗੋਂ ਮਮਤਾ ਮਰਦੀ। ਤੇ ਜਦ ਮਮਤਾ ਮਰਦੀ ਤਾਂ ਮਨੁੱਖਤਾ ਦਾ ਮਰਨਾ ਤੈਅ ਹੋ ਜਾਂਦਾ।
ਬੱਚੇ ਦੀਆਂ ਅਣਬੋਲਤਾ ਦੇ ਅਰਥ ਜਾਨਣ ਵਾਲੀ, ਉਸਦੇ ਤੋਤਲੇ ਬੋਲਾਂ ਦੀ ਅਰਥਕਾਰੀ ਕਰਨ ਵਾਲੀ, ਉਸ ਦੀਆਂ ਚਾਹਤਾਂ ਨੂੰ ਪੂਰਨ ਵਾਲੀ, ਅਧੂਰੀਆਂ ਸੱਧਰਾਂ ਨੂੰ ਪੂਰਨ ਵਾਲੀ, ਉਸਦੇ ਚਾਵਾਂ ਨੂੰ ਨਵੀਂ ਪ੍ਰਵਾਜ਼ ਦੇਣ ਵਾਲੀ ਮਾਂ ਦੇ ਖੰਭਾਂ ਨੂੰ ਜੇਕਰ ਉਸਦੀ ਔਲਾਦ ਹੀ ਕੁਤਰ ਦੇਵੇ ਤਾਂ ਦੱਸਣਾ! ਮਾਂ ਕਿਸ ‘ਤੇ ਨਾਜ਼ ਕਰੇ? ਕਿਹੜੇ ਅੰਬਰ ਨੂੰ ਤਲਾਸ਼ੇ? ਕਿਸ ਧਰਤ ਨੂੰ ਨਮਸਕਾਰੇ? ਕਿਸ ਪੈਗੰਬਰ ਅੱਗੇ ਫਰਿਆਦ ਕਰੇ?
ਬਾਪ ਦੀ ਉਂਗਲ ਫੜ ਕੇ ਤੁਰਨਾ ਸਿੱਖਣ ਵਾਲਾ ਜਵਾਕ ਜਦ ਦੁੜੰਗੇ ਮਾਰਦਾ ਬਾਪ ਦੀ ਥਿੜ੍ਹਕਦੀ ਤੋਰ ਦਾ ਮਜ਼ਾਕ ਬਣਾਵੇ, ਬਾਪ ਦੀ ਉਸ ਉਂਗਲ ਨੂੰ ਉਂਗਲ ਦਿਖਾਵੇ ਅਤੇ ਬਾਪ ਦੀ ਮਾਣੀ ਅਪਣੱਤ, ਮੋਹ ਅਤੇ ਪਿਆਰ ਦਾ ਮਜ਼ਾਕ ਬਣਾਵੇ ਤਾਂ ਦੱਸਣਾ, ਬਾਪ ਕਿੰਝ ਉਸ ਔਲਾਦ ਨੂੰ ਆਪਣਾ ਕਹਿਣ ਦਾ ਹੱਕ ਜਤਾਵੇ? ਜਦ ਬਾਪ ਨੂੰ ਕਿਸੇ ਹੱਥ ਦੀ ਲੋੜ ਹੋਵੇ, ਕਿਸੇ ਮੋਢੇ ਦਾ ਆਸਰਾ ਲੋੜੀਂਦਾ ਹੋਵੇ ਤਾਂ ਉਹ ਕਿਹੜੇ ਮੋਢੇ ‘ਤੇ ਸਿਰ ਰੱਖ ਕੇ ਆਪਣਾ ਦੁੱਖੜਾ ਸੁਣਾਵੇ? ਸਭ ਤੋਂ ਕਹਿਰ ਤਾਂ ਔਲਾਦ ਉਸ ਵੇਲੇ ਕਮਾਵੇ ਜਦ ਮਾਪਿਆਂ ਦੀ ਅਰਥੀ ਨੂੰ ਆਪਣਿਆਂ ਦਾ ਮੋਢਾ ਵੀ ਨਾ ਥਿਆਵੇ ਅਤੇ ਉਹ ਬਿਗਾਨੇ ਮੋਢਿਆਂ ‘ਤੇ ਸਿਵਿਆਂ ਨੂੰ ਜਾਵੇ। ਪਰ ਔਲਾਦ ਨੂੰ ਇਸਦਾ ਕੋਈ ਹਿਰਖ਼ ਵੀ ਨਾ ਹੋਵੇ।
ਧੁੱਪੇ ਤੁਰੇ ਜਾਂਦੇ ਜਵਾਕ ਨੂੰ ਦੇਖ ਕੇ ਬਾਪ ਦਾ ਮਨ ਪਸੀਜ ਜਾਵੇ। ਉਹ ਸਿਰੋਂ ਪਰਨਾ ਲਾਹਵੇ ਅਤੇ ਉਸਦੀ ਛਾਂ ਕਰਕੇ ਆਪਣੇ ਲਾਡਲੇ ਨੂੰ ਤਿੱਖੜ ਦੁਪਹਿਰ ਤੋਂ ਬਚਾਵੇ ਅਤੇ ਬਾਪ ਬਿਰਖ਼ ਹੋਣ ਦਾ ਫ਼ਰਜ਼ ਅਦਾ ਕਰਕੇ ਮਾਣਮੱਤਾ ਹੋ ਜਾਵੇ। ਪਰ ਮਾਪਿਆਂ ਨੂੰ ਸੜਦੀ ਲੂੰਹਦੀ ਧੁੱਪ ਜਾਂ ਕੱਕਰ ਦੇ ਕਹਿਰ ਤੋਂ ਬਚਾਉਣ ਦੀ ਬਜਾਏ ਔਲਾਦ ਉਨ੍ਹਾਂ ਨੂੰ ਭੁੱਲ ਹੀ ਜਾਵੇ। ਸੱਚ ਤਾਂ ਇਹ ਹੈ ਕਿ ਜਦ ਲੋੜ ਖਤਮ ਹੋ ਜਾਂਦੀ ਤਾਂ ਮਾਪਿਆਂ ਦੇ ਅਣਗੌਲੇ ਜਾਣ ਦੀ ਚਸਕ ਹਰ ਦਮ ਸਾਹਾਂ ਨੂੰ ਖਾਵੇ। ਉਨ੍ਹਾਂ ਦੀ ਰੂਹ ਕਬਰਾਂ ਨੂੰ ਜਾਣ ਲਈ ਤਰਸ ਜਾਵੇ। ਪਰ ਔਲਾਦ ਨੂੰ ਰਤਾ ਵੀ ਇਸਦਾ ਅਹਿਸਾਸ ਨਾ ਹੋਵੇ ਕਿ ਮਾਪਿਆਂ ਦੀ ਸਾਰ ਲੈਣ ਦਾ ਕਦੇ ਤਾਂ ਧਰਮ ਨਿਭਾਵੇ।
ਆਪਣੇ ਸੁਪਨਿਆਂ ਨੂੰ ਉਗਮਣ ਤੋਂ ਪਹਿਲਾਂ ਹੀ ਦਫ਼ਨ ਕਰਕੇ ਆਪਣੇ ਬੱਚਿਆਂ ਨੂੰ ਸੁਪਨਾ ਦੇਣ ਵਾਲੇ, ਉਨ੍ਹਾਂ ਦੇ ਸੁਪਨਿਆਂ ਦੀ ਤਾਮੀਰਦਾਰੀ ਲਈ ਖੁਦ ਦਾ ਹਰ ਸਾਹ, ਸਰੋਤ, ਸਮਰੱਥਾ ਅਤੇ ਸਾਧਨ ਅਰਪਿਤ ਕਰਨ ਵਾਲੇ ਮਾਪਿਆਂ ਦੀਆਂ ਅੱਖਾਂ ਵਿਚ ਸੂਲੀ ‘ਤੇ ਲਟਕਦੇ ਖੁਦ ਦੇ ਸੁਪਨਿਆਂ ਨੂੰ ਦੇਖਣ ਤੋਂ ਆਕੀ ਔਲਾਦ ਨੂੰ ਕੌਣ ਸਮਝਾਵੇ ਕਿ ਤੁਹਾਡੇ ਸੁਪਨਿਆਂ ਦੇ ਸੱਚ ਵਿਚ ਮਾਪਿਆਂ ਦੀਆਂ ਰੀਝਾਂ, ਸੱਧਰਾਂ ਅਤੇ ਅਣਪੂਰੇ ਚਾਵਾਂ ਦੀ ਮਜ਼ਬੂਤ ਨੀਂਹ ਹੈ ਜਿਸ ‘ਤੇ ਤੁਸੀਂ ਆਪਣੇ ਸੁਪਨਿਆਂ ਦੀ ਉਸਾਰੀ ਕੀਤੀ ਆ। ਜਦ ਬੱਚੇ ਮਾਪਿਆਂ ਦੇ ਸੁਪਨਿਆਂ ਦੀ ਧੂਣੀ ਦੇ ਸੇਕ ਵਿਚੋਂ ਆਪਣੀ ਨਿੱਜ-ਪ੍ਰਸਤੀ ਦੇਖਣ ਲੱਗ ਪੈਣ ਤਾਂ ਯਾਦ ਰੱਖਣਾ! ਇਹ ਮਾਨਵੀ ਕਦਰਾਂ ਕੀਮਤਾਂ ਨੂੰ ਜਿਉਂਦੇ ਜੀਅ ਦਫ਼ਨਾਉਣਾ ਹੁੰਦਾ ਜਿਸਦੀਆਂ ਲੇਰਾਂ ਫ਼ਿਜ਼ਾ ਨੂੰ ਚਾਕ ਚਾਕ ਕਰ ਦਿੰਦੀਆਂ।
ਬਾਪ ਦੇ ਘਸੇ ਹੋਏ ਝੱਗੇ ਦੀ ਪਾਟੀ ਜੇਬ ਵੀ ਆਪਣੀ ਔਲਾਦ ਲਈ ਹਮੇਸ਼ਾ ਭਰੀ ਰਹਿੰਦੀ ਸੀ ਭਾਵੇਂ ਖੁਦ ਨੂੰ ਵੀ ਕਿਉਂ ਨਾ ਨਿਲਾਮ ਕਰਨਾ ਪਵੇ। ਬੱਚਿਆਂ ਨੂੰ ਕਦੇ ਨਾਂਹ ਨਹੀਂ ਸੀ ਹੁੰਦੀ। ਉਹ ਵੱਡੇ ਦਾਈਏ ਨਾਲ ਆਪਣੀ ਹਰ ਮੰਗ ਮੰਨਵਾ ਲੈਂਦੇ ਸਨ। ਮਾਪਿਆਂ ਦੇ ਮਨਾਂ ਵਿਚ ਇਹ ਨਹੀਂ ਸੀ ਆਉਂਦਾ ਕਿ ਅਸੀਂ ਕਿਵੇਂ ਇਸਦੀ ਪੂਰਤੀ ਕਰਾਂਗੇ? ਕੀ ਕਾਰਨ ਹੈ ਕਿ ਬੁੱਢੇ ਹੋ ਗਏ ਮਾਪੇ ਆਪਣੀ ਕੋਈ ਵੀ ਚਾਹਤ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਨਹੀਂ ਕਹਿ ਸਕਦੇ? ਕੀ ਔਲਾਦ ਨੂੰ ਕਦੇ ਇਹ ਅਹਿਸਾਸ ਹੋਇਆ ਕਿ ਬਜੁLਰਗੀ ਵਿਚ ਮਾਪਿਆਂ ਦੇ ਬਹੁਤ ਹੀ ਸੀਮਤ ਹੋ ਗਏ ਆਰਥਿਕ ਸਰੋਤ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ? ਸਾਰੀ ਉਮਰ ਦੀ ਕਮਾਈ ਬੱਚਿਆਂ ‘ਤੇ ਖਰਚਣ ਵਾਲੇ ਅਤੇ ਖਾਲੀ ਹੱਥ ਰਹਿ ਗਏ ਮਾਪਿਆਂ ਨੂੰ ਮਜਬੂਰੀ ਵੱਸ ਆਖ਼ਰੀ ਸਾਹ ਤੱਕ ਮਿਹਨਤ ਮੁਸ਼ੱਕਤ ਕਰਨ ਦੀ ਲੋੜ ਕਿਉਂ ਪੈਂਦੀ ਆ? ਕੀ ਉਨ੍ਹਾਂ ਨੂੰ ਜੀਵਨ ਦੇ ਕੁਝ ਪਲ ਆਪਣੇ ਮਰਜ਼ੀ ਅਨੁਸਾਰ ਬਿਨਾਂ ਕਿਸੇ ਫ਼ਿਕਰ ਜਾਂ ਚਿੰਤਾ ਤੋਂ ਜੀਣ ਦਾ ਹੱਕ ਕਿਧਰ ਗਿਆ? ਉਨ੍ਹਾਂ ਦੇ ਹਿੱਸੇ ਦਾ ਸੁੱਖ-ਅਰਾਮ ਕਿਸ ਨੇ ਖੋਹ ਲਿਆ? ਉਹ ਕਿਹੜੀ ਸਜ਼ਾ ਭੁਗਤ ਰਹੇ ਕਿ ਉਸਦੀ ਔਲਾਦ ਇਸ ਵੱਲ ਧਿਆਨ ਹੀ ਨਹੀਂ ਦਿੰਦੀ? ਕੀ ਕਦੇ ਔਲਾਦ ਨੇ ਇਹ ਨਹੀਂ ਸੀ ਦੇਖਿਆ ਕਿ ਉਨ੍ਹਾਂ ਦੇ ਮਾਪੇ ਆਪਣੇ ਮਾਪਿਆਂ ਦਾ ਕਿਵੇਂ ਖ਼ਿਆਲ ਰੱਖਦਿਆਂ, ਆਪਣੀ ਔਲਾਦ ਦੀ ਹਰ ਲੋੜ ਅਤੇ ਜ਼ਰੂਰਤ ਤੋਂ ਕਦੇ ਬੇਧਿਆਨੇ ਨਹੀਂ ਸੀ ਹੋਏ? ਉਨ੍ਹਾਂ ਦੇ ਰਿਆੜ ਕਰਨ ਤੋਂ ਬਗੈਰ ਹੀ ਹਨੇਰੇ-ਸਵੇਰੇ ਸਭ ਕੁਝ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਸੀ। ਮਾਪਿਆਂ ਨੂੰ ਇਸ ਕਰਮ ਦੀ ਸਜ਼ਾ ਮਿਲੀ ਕਿ ਉਨ੍ਹਾਂ ਨੇ ਔਲਾਦ ਨੂੰ ਜਨਮ ਦਿੱਤਾ। ਸ਼ਾਇਦ ਇਸ ਕਰਕੇ ਹੀ ਨਵੀਂ ਪੀੜ੍ਹੀ ਵਿਆਹ ਤੋਂ ਉਪਰਾਮ ਹੋ ਰਹੀ ਏ ਅਤੇ ਔਲਾਦ ਪੈਦਾ ਕਰਨ ਤੋਂਂ ਵੀ ਬੁੇਮੁੱਖ ਜਹੀ ਹੋ ਰਹੀ ਏ ਕਿ ਜਦ ਔਲਾਦ ਨੇ ਉਨ੍ਹਾਂ ਨੂੰ ਬੁੱਢੇਵਾਰੇ ਸੰਭਾਲਣਾ ਹੀ ਨਹੀਂ। ਸੱਭ ਕੁਝ ਆਪ ਹੀ ਕਰਨਾ ਪੈਣਾ ਤਾਂ ਕਾਹਤੋਂ ਔਲਾਦ ਦੇ ਜ਼ੰਜਾਲ ਵਿਚ ਪਈਏ। ਆਪਣੀ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜੀਓ।
ਮਾਪਿਆਂ ਦੀ ਟੁੱਟੀ ਹੋਈ ਐਨਕ, ਦੁਖਦੇ ਦੰਦ, ਦਰਦਾਂ ਆਦਿ ਅਲਾਮਤਾਂ ਵੱਲ ਬੱਚੇ ਅਕਸਰ ਹੀ ਕਹਿ ਛੱਡਦੇ ਕਿ ਇਹ ਅਲਾਮਤਾਂ ਤਾਂ ਬੁਢੇਵਾਰੇ ਹੋਣੀਆਂ ਹੀ ਨੇ। ਕੀ ਮਾਪਿਆਂ ਨੇ ਬੱਚੇ ਦੇ ਤਪਦੇ ਮੱਥੇ, ਢਿੱਡ ਵਿਚ ਹੋਈ ਪੀੜ, ਦੁਖਦੇ ਦੰਦ, ਡਿੱਗ ਕੇ ਲੱਗੀ ਸੱਟ ਜਾਂ ਉਸਦੀ ਕਿਸੇ ਵੀ ਸਰੀਰਕ ਅਲਾਮਤ ਨੂੰ ਅਣਗੌਲਿਆ ਕੀਤਾ ਸੀ? ਮਾਂ ਨੇ ਪਤਾ ਨਹੀਂ ਕਿੰਨੇ ਜਗਰਾਤੇ ਕੱਟੇ ਹੋਣਗੇ ਜਦ ਉਸ ਨੇ ਲਾਡਲੇ ਦੀ ਹੁੰਗਰ ਸੁਣੀ ਹੋਵੇਗੀ। ਫਿਰ ਮਾਪਿਆਂ ਨਾਲ ਹੀ ਅਜੇਹਾ ਕਿਉਂ? ਕੀ ਬਜੁLਰਗੀ ਵਿਚ ਮਾਪਿਆਂ ਨੂੰ ਸਿਰਫ਼ ਮਰਨ ਲਈ ਛੱਡ ਦਿੰਦੇ ਕਿ ਕਦੋਂ ਇਸ ਜ਼ਹਾਲਤ ਤੋਂ ਛੁਟਕਾਰਾ ਹੋਵੇਗਾ? ਹੁਣ ਹੱਦ ਤਾਂ ਇਹ ਵੀ ਹੋ ਗਈ ਕਿ ਕਈ ਵਾਰ ਔਲਾਦ ਆਪਣੇ ਮਾਪਿਆਂ ਦੀ ਮੌਤ ਦੀਆਂ ਮੰਨਤਾਂ ਵੀ ਮੰਗਣ ਲੱਗ ਪੈਂਦੀ?
ਔਲਾਦ ਦੇ ਹਰ ਉਦਮ, ਸੰਘਰਸ਼ ਅਤੇ ਪ੍ਰਾਪਤੀਆਂ ਦਾ ਥੰਮ੍ਹ ਬਣਨ ਵਾਲੇ, ਉਨ੍ਹਾਂ ਦੀ ਹਰਦਮ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਖੁਦ ਝੱਲਣ ਵਾਲੇ ਮਾਪਿਆਂ ਦੀਆਂ ਪਰੇਸ਼ਾਨੀਆਂ ਨੂੰ ਕੌਣ ਸਮਝੇਗਾ ਜਦ ਉਹ ਜੀਵਨ ਦੇ ਆਖਰੀ ਪਹਿਰ ਵਿਚ ਹੁੰਦੇ? ਉਨ੍ਹਾਂ ਦੀ ਮੱਠੀ ਹੋ ਗਈ ਤੋਰ, ਕੰਮ ਕਰਨ ਦੀ ਘਟ ਗਈ ਸਮਰੱਥਾ, ਸਰੀਰਕ ਥਕਾਵਟ, ਕਮਜ਼ੋਰੀ ਅਤੇ ਲੱਤਾਂ-ਬਾਹਾਂ ਦਾ ਸੱਤਹੀਣ ਹੋਣ ਕਾਰਨ ਵੀ ਉਹ ਆਪਣੀ ਔਲਾਦ ਦੇ ਕਿਸੇ ਵੀ ਕੰਮ ਦੀ ਅਵੱਗਿਆ ਨਹੀਂ ਕਰਦੇ ਸਗੋਂ ਹੱਸ-ਹੱਸ ਕੇ ਸਹਿਯੋਗ ਦਿੰਦੇ। ਪਰ ਔਲਾਦ ਇਹ ਕਿਉਂ ਭੁੱਲ ਜਾਂਦੀ ਕਿ ਮਾਪਿਆਂ ਦੀ ਹਾਕ ਦਾ ਵੀ ਹੁੰਗਾਰਾ ਦੇਣਾ ਹੁੰਦਾ। ਉਨ੍ਹਾਂ ਦੀ ਹੂੰਗਰ ਨੂੰ ਸੁਣਨਾ ਹੁੰਦਾ। ਉਨ੍ਹਾਂ ਦੀ ਚੁੱਪ ਨੂੰ ਪੜ੍ਹਨਾ ਹੁੰਦਾ। ਦਿਲਾਂ ਦੀ ਵੇਦਨਾ ਦਾ ਕੋਈ ਉਪਾਅ ਕਰਨਾ ਹੁੰਦਾ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ। ਉਹ ਵੀ ਚਾਹੁੰਦੇ ਕਿ ਕੋਈ ਉਨ੍ਹਾਂ ਕੋਲ ਬੈਠੇ, ਦੁੱਖ-ਸੁਖ ਸੁਣੇ। ਉਨ੍ਹਂਾ ਦੇ ਦਰਦਾਂ ਦਾ ਦਰਦੀ ਹੋਵੇ। ਉਨ੍ਹਾਂ ਨੂੰ ਅਪਣੱਤ ਅਤੇ ਮੋਹ ਨਾਲ ਵਰਸੋਵੇ। ਉਨ੍ਹਾਂ ਦੇ ਦਿਲਾਂ ਨੂੰ ਠੰਢ ਪਾਵੇ। ਉਨ੍ਹਾਂ ਨੂੰ ਲੱਗੇ ਕਿ ਕੋਈ ਤਾਂ ਅਜੇਹਾ ਹੈ ਜਿਹੜਾ ਉਨ੍ਹਾਂ ਦਾ ਆਪਣੇ ਤੋਂ ਵੱਧ ਖਿਆਲ ਰੱਖਦਾ। ਉਨ੍ਹਾਂ ਦੀ ਚਿੰਤਾ ਕਰਦਿਆਂ ਅਚੇਤ ਤੇ ਸੁਚੇਤ ਰੂਪ ਵਿਚ ਜੁੜਿਆ ਹੋਇਆ ਹੈ। ਇਹ ਮੋਹ ਦੀਆਂ ਮਾਹੀਨ ਤੰਦਾਂ ਹੀ ਹੁੰਦੀਆਂ ਜੋ ਮਾਪਿਆਂ ਨੂੰ ਸੁਖਨ, ਸੰਤੋਖ ਅਤੇ ਸਕੂਨ ਦਿੰਦੀਆਂ ਅਤੇ ਉਨ੍ਹਾਂ ਦਾ ਆਖਰੀ ਸਾਹ ਬਹੁਤ ਸੁਖਾਲਾ ਨਿਕਲਦਾ। ਔਲਾਦ ਦੀ ਅਣਦੇਖੀ ਹੇਠ ਮਾਪਿਆਂ ਦੀ ਹਿੱਕ ਵਿਚ ਉਗੀ ਸਿਸਕੀ ਨੂੰ ਅਣਸੁਣਿਆ ਕਰਨ ਵਾਲਿਓ! ਕਦੇ ਤੁਹਾਨੂੰ ਵੀ ਉਮਰ ਦੇ ਆਖਰੀ ਪਹਿਰ ਵਿਚ ਅਜੇਹੀ ਤਰਾਸਦੀ ਹੰਢਾਉਂਦਿਆਂ ਇਨ੍ਹਾਂ ਪਲਾਂ ਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਜਾਣੀ ਆ। ਵਕਤ ਰਹਿੰਦੇ ਕੁਝ ਵੀ ਕੋਸ਼ਿਸ਼ ਤੁਹਾਡੀ ਰੂਹ ਨੂੰ ਵੀ ਸਕੂਨ ਦੇਵੇਗੀ ਅਤੇ ਅੱਖਾਂ ਮੀਟਣ ਵਾਲੇ ਮਾਪਿਆਂ ਨੂੰ ਇਹ ਤਸੱਲੀ ਹੋਵੇਗੀ ਕਿ ਉਹ ਨੇਕ ਔਲਾਦ ਸਮਾਜ ਨੂੰ ਅਰਪਿਤ ਕਰਕੇ ਜਾ ਰਹੇ ਹਨ ਜਿਹੜੀ ਮਾਨਵੀ ਕਦਰਾਂ ਕੀਮਤਾਂ ਦੀ ਪਹਿਰੇਦਾਰ ਹੈ।
ਸਮਝ ਨਹੀਂ ਆਉਂਦੀ ਕਿ ਉਮਰ ਦੇ ਆਖਰੀ ਪਹਿਰ ਮਾਪਿਆਂ ਨੂੰ ਦੁਰਕਾਰਨ, ਉਨ੍ਹਾਂ ਨੂੰ ਨਮੋਸ਼ੀ ਤੇ ਹਤਾਸ਼ੀ ਭਰੀ ਨਰਕ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰਨ ਵਾਲੀ ਔਲਾਦ, ਉਨ੍ਹਾਂ ਦੀ ਅਰਥੀ ਦੀਆਂ ਵੰਡੀਆਂ ਕਿਉਂ ਪਾਉਣ ਲੱਗਦੀ? ਬਲਦੇ ਸਿਵੇ ਦੀ ਲੋਅ ਵਿਚ ਉਨ੍ਹਾਂ ਦੀਆਂ ਅੱਖਾਂ ਵਿਚ ਮਿਲਣ ਵਾਲੀ ਮਾਪਿਆਂ ਦੀ ਜਾਇਦਾਦ ਦੀ ਚਮਕ ਆ ਜਾਂਦੀ। ਉਹ ਮਾਪਿਆਂ ਦੇ ਫੁੱਲਾਂ ਦੀਆਂ ਵੰਡੀਆਂ ਪਾਉਣ ਲੱਗਦੇ। ਉਨ੍ਹਾਂ ਦੀਆਂ ਆਖ਼ਰੀ ਰਸਮਾਂ ਦੀ ਕਾਹਲ ਵਿਚ ਸਾਰੀਆਂ ਹੱਦਾਂ ਟੱਪ ਜਾਂਦੇ ਕਿਉਂਕਿ ਮਾਪਿਆਂ ਨੂੰ ਨਕਾਰਨ ਵਾਲੀ ਔਲਾਦ ਨੂੰ ਇਸ ਗੱਲ ਦੀ ਤੱਤਪਰਤਾ ਹੁੰਦੀ ਕਿ ਮਾਪੇ ਕਿੰਨਾ ਧਨ ਬੈਂਕ ਵਿਚ ਛੱਡ ਗਏ ਹਨ? ਪਿੱਤਰੀ ਘਰ ਨੂੰ ਵੇਚ ਕੇ ਕਿੰਨੀ ਕਮਾਈ ਹੋਵੇਗੀ? ਜਾਇਦਾਦ ਦੀਆਂ ਵੰਡੀਆਂ ਵਿਚ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ? ਉਨ੍ਹਾਂ ਦੀਅ ਆਖ਼ਰੀ ਰਸਮਾਂ ਦੌਰਾਨ ਹੋਏ ਖਰਚ ਨੂੰ ਕਿਵੇਂ ਘਟਾਉਣਾ ਅਤੇ ਆਪਣਾ ਹਿੱਸਾ ਬਚਾਉਣਾ? ਪਤਾ ਨਹੀਂ ਕਿਉਂ ਮਾਪਿਆਂ ਨੂੰ ਸਾਰੀ ਉਮਰ ਨਕਾਰਨ ਵਾਲੀ ਔਲਾਦ ਉਨ੍ਹਾਂ ਦੀ ਜਾਇਦਾਦ ਨੂੰ ਹੜੱਪਣ ਲਈ ਸਭ ਤੋਂ ਜ਼ਿਆਦ ਕਾਹਲੀ ਹੁੰਦੀ। ਬੱਚਿਆਂ ਨੂੰ ਕਿਉਂ ਯਾਦ ਨਹੀਂ ਰਹਿੰਦਾ ਕਿ ਮਾਪੇ ਵੀ ਵਿਰਾਸਤੀ ਜਾਇਦਾਦ ਸਨ ਸੰਭਾਲਣ ਲਈ। ਬਹੁਤ ਪੀੜਤ ਕਰਦਾ ਹੈ ਜਦ ਮਾਪਿਆਂ ਦੇ ਨਵੇਂ/ਪੁਰਾਣੇ ਕਪੜੇ ਆਦਿ ਤਾਂ ਲਾਗੀਆਂ ਆਦਿ ਵਿਚ ਵੰਡ ਦਿੱਤੇ ਜਾਂਦੇ ਪਰ ਉਸਦੀ ਜ਼ਮੀਨ/ਜਾਇਦਾਦ ‘ਤੇ ਆਪਣਾ ਹੱਕ ਜਿਤਾਇਆ ਜਾਂਦਾ। ਜੇ ਔਲਾਦ ਮਾਪਿਆਂ ਦੀ ਸੇਵਾ ਦੀ ਫ਼ਰਜ਼ ਨਹੀਂ ਜਾਣਦੀ ਤਾਂ ਉਨ੍ਹਾਂ ਦੀ ਜਾਇਦਾਦ ਦੀ ਹੱਕਦਾਰ ਕਿਵੇਂ ਬਣ ਗਈ?
ਬਜੁLਰਗ ਮਾਪਿਆਂ ਦੀ ਹਿੱਕ ਵਿਚ ਉਗੀ ਆਹ, ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂਆਂ ਦਾ ਧੁੰਧਲਕਾ, ਉਨ੍ਹਾਂ ਦੇ ਮੱਥਿਆਂ ਵਿਚ ਪੀੜਾਂ ਦੇ ਨਕਸ਼, ਉਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਵਿਚ ਉਮਰਾਂ ਦੀ ਘਾਲਣਾ ਦੇ ਰੱਟਨਾਂ ਦਾ ਦਰਦ, ਉਨ੍ਹਾਂ ਦੀਆਂ ਪਾਟੀਆਂ ਬਿਆਈਆਂ ਦਾ ਗ਼ਮ, ਉਨ੍ਹਾਂ ਦੇ ਨਿਸਲ ਹੋ ਗਏ ਅੰਗਾਂ ਦੀ ਅਵਾਜ਼ਾਰਤਾ, ਉਨ੍ਹਾਂ ਦੀਆਂ ਸੋਚਾਂ ਵਿਚ ਚਿੰਤਾਵਾਂ ਦਾ ਸੰਘਣਾਪਣ, ਉਨ੍ਹਾਂ ਦੇ ਸਾਹਾਂ ਵਿਚ ਸੋਗ ਦੀ ਧੁਨ, ਉਨ੍ਹਾਂ ਦੇ ਬੋਲਾਂ ਵਿਚ ਬੈਠੀ ਹੋਈ ਚੁੱਪ, ਉਨ੍ਹਾਂ ਦੇ ਹੋਠਾਂ ‘ਤੇ ਜੰਮੀ ਹੋਈ ਸਿਕਰੀ, ਉਨ੍ਹਾਂ ਦੇ ਬਿਖਰੇ ਹੋਏ ਵਾਲਾਂ ਦੀਆਂ ਜਟਾਵਾਂ, ਢਿਲਕੀ ਹੋਈ ਪੱਗ ਦੇ ਲੜ ਦੀ ਗ਼ਮਗੀਨਤਾ, ਮਾਂ ਦੀ ਸਿਰ ‘ਤੇ ਲਈ ਪਾਟੀ ਚਿੱਟੀ ਚੁੰਨੀ ਦੀ ਵੇਦਨਾ ਅਤੇ ਉਨ੍ਹਾਂ ਦੇ ਹਿੱਕ ਵਿਚ ਪੈਦਾ ਹੋਏ ਮੂਕ ਵਰਲਾਪ ਨੂੰ ਸੁਣਨ ਤੋਂ ਅਵੇਸਲੀ ਔਲਾਦ ਨੂੰ ਵੀ ਇਹ ਸਭ ਕੁਝ ਹੰਢਾਉਣਾ ਪਵੇਗਾ, ਸ਼ਾਇਦ ਇਸਦਾ ਔਲਾਦ ਨੂੰ ਇਲਮ ਨਹੀਂਂ? ਤੁਸੀਂ ਜੋ ਵੀ ਕਰਦੇ ਹੋ ਇਸਨੇ ਮੋੜਵੇਂ ਰੂਪ ਵਿਚ ਤੁਹਾਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ‘ਤੇ ਜ਼ਰੂਰ ਟੱਕਰਨਾ, ਇਹ ਯਾਦ ਰੱਖਿਓ।
ਮਾਪਿਆਂ ਨੇ ਬੱਚਿਆਂ ਨੂੰ ਸਾਹ, ਸਿਹਤ, ਸਮਾਂ, ਸੁਮੱਤ, ਸੰਪਤੀ, ਸੁਪਨੇ, ਸੰਭਾਵਨਾਵਾਂ, ਸਮਰੱਥਾ ਤੇ ਸਹਿਯੋਗ ਦਿਤਾ ਤਾਂ ਹੀ ਉਹ ਕਿਸੇ ਮੁਕਾਮ ‘ਤੇ ਪਹੁੰਚੇ। ਕੀ ਮਾਪਿਆਂ ਨੂੰ ਤੁਸੀਂ ਸਮਾਂ ਵੀ ਨਹੀਂ ਦੇ ਸਕਦੇ? ਜਦ ਉਹ ਤੁਰ ਗਏ ਤਾਂ ਸ਼ਇਦ ਤੁਹਾਨੂੰ ਚੇਤੇ ਆਉਣ। ਪਰ ਫਿਰ ਤਾਂ ਇਕ ਪਛਤਾਵਾ ਤੁਹਾਡੇ ਪੱਲੇ ਵਿਚ ਰਹਿ ਜਾਵੇਗਾ।
ਸਮਾਂ ਮਿਲੇ ਤਾਂ ਫ਼ਿਲਮ ਬਾਗਬਾਨ ਜ਼ਰੂਰ ਦੇਖਣਾ। ਮੇਰੇ ਵਾਂਗ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਮਨ ਵਿਚ ਵੀ ਜ਼ਰੂਰ ਪੈਦਾ ਹੋਣਗੇ, ਜੇਕਰ ਤੁਹਾਡੀ ਸੰਵੇਦਨਾ ਜਿਉਂਦੀ ਹੋਈ। ਇਕ ਜਾਣਕਾਰ ਨੇ ਜਦ ਪਹਿਲੀ ਵਾਰ ਇਹ ਫ਼ਿਲਮ ਦੇਖੀ ਤਾਂ ਉਹ ਇੰਨਾ ਜ਼ਿਆਦਾ ਭਾਵੁਕ ਹੋ ਗਿਆ ਕਿ ਉਸਨੂੰ ਹਸਤਪਾਲ ਵੀ ਜਾਣਾ ਪਿਆ। ਆਪਣੀ ਔਲਾਦ ਨਾਲ ਇਹ ਫ਼ਿਲਮ ਦੇਖਣਾ। ਨਵੀਂ ਨਸਲ ਦੀ ਸੋਚ ਵਿਚ ਸ਼ਾਇਦ ਕੋਈ ਸੁਚਾਰੂ ਬਦਲਾਅ ਆ ਜਾਵੇ ਅਤੇ ਬਜ਼ੁਰਗੀ ਜ਼ਿੰਦਗੀ ਸੁਖਨਵਰ ਹੋ ਜਾਵੇ।