ਬੇਅਦਬੀ ਦਾ ਮਸਲਾ – ਮਾਨਸਿਕਤਾ ਹੈ ਕਿ ਸਿਆਸਤ?

ਬਲਕਾਰ ਸਿੰਘ ਪ੍ਰੋਫੈਸਰ
ਫੋਨ: +91- 93163-01328
ਭਾਰਤ ਦੀਆਂ ਸਾਰੀਆਂ ਘਟਗਿਣਤੀਆਂ ਵਿਸ਼ਵਾਸ਼ ਅਤੇ ਵਿਧਾਨਕਤਾ ਵਿਚਕਾਰ ਪੈਦਾ ਹੋ ਗਏੇ ਸਿਆਸੀ-ਤਨਾਓ ਦੀਆਂ ਸ਼ਿਕਾਰ ਹੋਈਆਂ ਮਹਿਸੂਸ ਕਰਨ ਲੱਗ ਪਈਆਂ ਹਨ। ਇਸ ਨਾਲ ਭਾਰਤੀ ਸਭਿਆਚਾਰ ਦੀ ਬਹੁ-ਰੰਗੀ ਸਮਾਜਿਕਤਾ ਵੰਗਾਰੀ ਗਈ ਹੈ।

ਖੇਤਰੀ-ਸਿਆਸਤ ਨੂੰ ਇਸ ਦੀ ਕੀਮਤ ਸਾਰਿਆਂ ਨਾਲੋਂ ਵੱਧ ਚੁਕਾਉਣੀ ਪੈ ਰਹੀ ਹੈ। ਪੰਜਾਬ, ਇਸ ਦੀ ਕੀਮਤ ਪਹਿਲਾਂ ਹੀ ਬਹੁਤ ਦੇ ਚੁੱਕਾ ਹੈ ਅਤੇ ਬੇਅਦਬੀ ਦੇ ਮਸਲੇ ਵੱਲ ਸੇਧਤ ਮਾਹੌਲ, ਪੰਜਾਬੀ-ਸੰਵੇਦਨਾ ਨੂੰ ਲਗਾਤਾਰ ਵਿਚਲਿਤ ਕਰਦਾ ਆ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਬੇਅਦਬੀ ਦੀਆਂ ਘਟਨਾਵਾਂ ਉਸ ਵੇਲੇ ਸ਼ੁਰੂ ਹੋਈਆਂ ਸਨ, ਜਦੋਂ ਪੰਜਾਬ ਵਿਚ ਅਕਾਲੀ-ਸਰਕਾਰ ਸੀ ਅਤੇ ਕੇਂਦਰ ਵਿਚ ਅਕਾਲੀ, ਸਰਕਾਰ ਦੇ ਭਾਈਵਾਲ ਸਨ। ਅਕਾਲੀਆਂ ਨੇ ਇਸ ਨੂੰ ਸਿਆਸੀ ਵਿਰੋਧੀਆਂ ਵੱਲੋਂ ਪੈਦਾ ਕੀਤਾ ਗਿਆ ਮਸਲਾ ਸਮਝ ਕੇ ਇਨਾਂ ਵਿਗਾੜ ਲਿਆ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਅਜੇ ਤੱਕ ਵੀ ਸੁਲਘੀ ਜਾ ਰਿਹਾ ਹੈ। ਇਸ ਨਾਲ ਇਹ ਤੱਥ ਸਥਾਪਤ ਹੋ ਗਿਆ ਹੈ ਕਿ ਸੰਵੇਦਨਸ਼ੀਲ ਮਸਲਿਆਂ ਨੂੰ ਕਾਨੂੰਨ ਅਤੇ ਪ੍ਰਬੰਧਕੀ ਢੰਗ ਨਾਲ ਨਹੀਂ ਸੁਲਝਾਇਆ ਜਾ ਸਕਦਾ। ਵਿਸ਼ਵਾਸ਼ੀ-ਸਰੋਕਾਰਾਂ ਨਾਲ ਜੁੜੇ ਹੋਏ ਇਸ ਮਸਲੇ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਸੁਲਝਾਉਣ ਵਾਲੇ ਰਾਹ ਪਾਇਆ ਜਾ ਸਕਦਾ ਸੀ, ਪਰ ਸ਼੍ਰੋਮਣੀ ਕਮੇਟੀ ਨੂੰ ਤਾਂ ਅਕਾਲੀ ਸਰਕਾਰ ਵੇਲੇ ਮਰਜੀ ਨਾਲ ਸਾਹ ਲੈਣ ਦੀ ਖੁਲ੍ਹ ਨਹੀਂ ਸੀ। ਅਸਲ ਵਿਚ ਇਹ ਮਸਲਾ ਅਕਾਲੀ ਸਰਕਾਰ ਨੂੰ ਵਿਚਲਿਤ ਕਰਨ ਵਾਸਤੇ ਪੈਦਾ ਕੀਤਾ ਗਿਆ ਸੀ ਅਤੇ ਇਸ ਨੂੰ ਸਿਆਸੀ ਹਥਿਆਰ ਵਜੋਂ ਵਰਤੇ ਜਾਣ ਦੀ ਕੋਸ਼ਿਸ਼ ਅਜੇ ਵੀ ਹੋਈ ਜਾ ਰਹੀ ਹੈ। ਜਿਹੜੇ ਲੋਕ ਇਹ ਸਮਝਦੇ ਹਨ ਕਿ ਇਹ ਮਸਲਾ ਜਿਵੇਂ ਬਾਦਲਕਿਆਂ ਦੇ ਗਲ ਪਾ ਦਿੱਤਾ ਗਿਆ ਸੀ, ਉਵੇਂ ਹੀ ਕੈਪਟਨ-ਸਰਕਾਰ ਦੇ ਗਲ ਪਾਇਆ ਜਾ ਸਕਦਾ ਹੈ, ਉਹ ਸ਼ਾਇਦ ਇਸ ਮਸਲੇ ਨੂੰ ਸੁਲਝਾਉਣਾ ਹੀ ਨਹੀਂ ਚਾਹੁੰਦੇ। ਇਹ ਸੋਚੇ ਜਾਣ ਦੀ ਲੋੜ ਹੈ ਕਿ ਬੇਅਦਬੀ ਨੂੰ ਲੈ ਕੇ ਜਨਤਕ ਉਬਾਲ ਨੂੰ ਸਥਾਪਤ ਸਿਆਸਤ ਦੇ ਵਿਰੁਧ ਵਰਤਿਆ ਤਾਂ ਜਾ ਸਕਦਾ ਹੈ, ਪਰ ਇਸ ਨਾਲ ਕਿਸੇ ਕਿਸਮ ਦੀ ਸਿਆਸਤ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ। ਇਸ ਮਸਲੇ ਨੇ ਜੇ ਅਕਾਲੀ ਹਰਾਏ ਹਨ ਤਾਂ ਨਾਲ ‘ਆਪ’ ਵਾਲੇ ਵੀ ਤਾਂ ਹਰਾਏ ਸਨ।
ਇਸ ਮਸਲੇ ਨੂੰ ਸੁਲਝਾਉਣ ਦੀ ਜੁੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਅਤੇ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪੈਰੋਂ ਹੀ ਤਾਂ ਇਹ ਮਸਲਾ ਪੈਦਾ ਹੋਇਆ ਇਸ ਕਰਕੇ ਕਿਹਾ ਜਾ ਸਕਦਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਜਿਵੇਂ ਸਿੱਖ-ਸੰਸਥਾਵਾਂ ਦਾ ਸਿਆਸੀ ਅਪਹਰਣ ਹੋਇਆ ਹੈ, ਉਸ ਨਾਲ ਹੀ ਜੁੜੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਮੱਸਿਆ? ਜੇ ਸ਼੍ਰੋਮਣੀ ਕਮੇਟੀ ਇਸ ਨੂੰ ਕਾਨੂੰਨੀ ਮਾਮਲਾ ਸਮਝ ਕੇ ਕਦੇ ਦੇਸ਼ ਦੇ ਰਾਸ਼ਟਰਪਤੀ ਕੋਲੋਂ ਬੇਅਦਬੀ ਕਰਨ ਵਾਲਿਆਂ ਵਾਸਤੇ ਮੌਤ ਦੀ ਸਜ਼ਾ ਮੰਗਦੀ ਫਿਰੇਗੀ ਜਾਂ ਸਰਕਾਰੀ ਏਜੰਸੀਆਂ ਕੋਲੋਂ ਸਹਾਇਤਾ ਮੰਗਦੀ ਫਿਰੇਗੀ ਤਾਂ ਇਸ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਅਕਾਲੀਆਂ ਵੱਲੋਂ ਲਾਇਆ ਇਕ ਜੱਜ ਫਿਹਲ ਹੋ ਚੁੱਕਾ ਹੈ ਅਤੇ ਕਾਂਗਰਸ ਵਲੋਂ ਦੂਜਾ ਜੱਜ ਵੀ ਕੋਈ ਨਤੀਜਾ ਨਹੀਂ ਕਢ ਸਕਿਆ। ਤਾਂ ਤੇ ਸਮਾਂ ਹੀ ਦੱਸਦਾ ਆ ਰਿਹਾ ਹੈ ਕਿ ਇਸ ਦੇ ਹੱਲ ਵੱਲ ਸਿਆਸਤ ਤੋਂ ਉਪਰ ਉਠ ਕੇ ਹੀ ਤੁਰਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿਚ ਧਰਮ ਦੇ ਨਾਮ ‘ਤੇ ਇਹੋ ਜਿਹਾ ਕੋਈ ਬਹਾਨਾ ਪੈਦਾ ਹੀ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਵਿਸ਼ਵਾਸ਼ੀ-ਜਜ਼ਬਿਆਂ ਨੂੰ ਸੜਕਾਂ ਤੇ ਵਹਿ ਤੁਰਨ ਦਾ ਮੌਕਾ ਮਿਲ ਜਾਵੇ। ਇਸ ਨਾਲ ਇਹ ਨੁਕਤਾ ਸਾਹਮਣੇ ਆ ਜਾਂਦਾ ਹੈ ਕਿ ਹਰ ਸਮਕਾਲ ਵਿਚ ਕਿਸੇ ਵੀ ਰੰਗ ਦੀ ਰਾਜਨੀਤੀ, ਭੜਕਾਹਟ ਵਿਚ ਲਿਆਉਣ ਵਾਲੇ ਅਵਸਰਾਂ ਦੀ ਭਾਲ ਵਿਚ ਰਹਿੰਦੀ ਹੈ। ਏਸੇ ਨਾਲ ਜੁੜਿਆ ਹੋਇਆ ਹੈ ਬੇਅਦਬੀ ਦਾ ਮਸਲਾ।
ਜਿਸ ਤਰ੍ਹਾਂ ਬਾਣੀ ਦੇ ਪੱਤਰਿਆਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ, ਇਨ੍ਹਾਂ ਨਾਲ ਉਹੋ ਜਿਹੀ ਰਾਜਨੀਤੀ ਪੈਦਾ ਨਹੀਂ ਹੋ ਸਕੀ, ਜਿਹੋ ਜਿਹੀ ਰਾਜਨੀਤੀ ਗੁਰਦੁਆਰਿਆਂ ਵਿਚ ਸਿਗਰਟਾਂ ਸੁੱਟਣ ਅਤੇ ਮੰਦਰਾਂ ਵਿਚ ਪੂੰਛਾਂ ਸੁੱਟਣ ਨਾਲ ਪੈਦਾ ਹੋ ਗਈ ਸੀ। ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਜਿਹੋ-ਜਿਹੇ ਸੰਤਾਪ ਵਿਚੋਂ ਪੰਜਾਬ ਨੂੰ ਲੰਘਣਾ ਪਿਆ ਸੀ, ਉਹੋ ਜਿਹੇ ਸੰਤਾਪ ਵਿਚੋਂ ਪੰਜਾਬ ਦੁਬਾਰਾ ਨਹੀਂ ਲੰਘਣਾ ਚਾਹੁੰਦਾ। ਇਸੇ ਕਾਰਨ ਬੇਅਦਬੀ ਦੀਆਂ ਘਟਨਾਵਾਂ ਨਾਲ ਪੈਦਾ ਹੋਏ ਜਨਤਕ ਉਬਾਲ ਨੂੰ ਉਸ ਵੇਲੇ ਹੁੰਗਾਰਾ ਮਿਲਣਾ ਬੰਦ ਹੋਣ ਲੱਗ ਪਿਆ ਸੀ, ਜਿਸ ਵੇਲੇ ਇਸ ਮਸਲੇ ਤੇ ਸਿਆਸੀ ਰੋਟੀਆਂ ਸੇਕਣ ਦੇ ਪੈਂਤੜੇ ਸਾਹਮਣੇ ਆਉਣ ਲੱਗ ਪਏ ਸਨ। ਜੇ ਜਨਤਕ ਉਬਾਲ ਨੂੰ ਪiੁਲਸ ਰਾਹੀਂ ਦਬਾਉਣ ਵਾਸਤੇ ਦੋ ਨੌਜਵਾਨ ਗੁਰਸਿੱਖਾਂ ਨੂੰ ਸ਼ਹੀਦ ਨ ਕੀਤਾ ਜਾਂਦਾ ਤਾਂ ਇਸ ਮਸਲੇ ਨੇ ਸਵਾਲਾਂ ਦੇ ਘੇਰੇ ਵਿਚ ਘਿਰ ਜਾਣਾ ਸੀ। ਮਿਸਾਲ ਦੇ ਤੌਰ ‘ਤੇ ਪੰਜਾਬ ਵਿਚ ਜੰਮਿਆ ਪਲਿਆ ਕੋਈ ਵੀ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਸਾਹਸ ਕਿਵੇਂ ਕਰ ਸਕਦਾ ਹੈ? ਸਵਾਲ ਇਹ ਵੀ ਪੈਦਾ ਹੋਣਾ ਸੀ ਕਿ ਬੇਅਦਬੀ ਕਰਨ ਵਾਲੇ ਨੂੰ ਹਾਸਲ ਕੀ ਹੋਣਾ ਸੀ? ਪੁੱਛਿਆ ਇਹ ਵੀ ਜਾਣਾ ਸੀ ਕਿ ਜਿਸ ਕੋਲੋਂ ਇਹ ਹੋ ਗਿਆ ਹੈ, ਉਹ ਪਾਗ਼ਲ ਤਾਂ ਨਹੀਂ ਹੈ? ਮਸਲੇ ਦਾ ਸਿਆਸੀ ਲਾਹਾ ਲੈਣ ਵਾਲਿਆਂ ਨੇ ਐਸੀ ਘੜਮੱਸ ਪੈਦਾ ਕਰ ਦਿੱਤੀ ਸੀ ਕਿ ਸਮੇਂ ਦੀ ਸਰਕਾਰ ਨੂੰ ਇਸ ਵਿਚੋਂ ਨਿਕਲਣ ਵਾਸਤੇ ਚੋਰ ਮੋਰੀਆਂ ਲੱਭਣੀਆਂ ਪੈ ਗਈਆਂ ਸਨ। ਇਸ ਨਾਲ ਸਿੱਖ-ਸੰਸਥਾਵਾਂ ਰਾਹੀਂ ਇਸ ਮਸਲੇ ਦਾ ਹੱਲ ਲੱਭਣ ਦੇ ਸਾਰੇ ਰਸਤੇ ਹੀ ਬੰਦ ਹੋ ਗਏ ਸਨ। ਪਰ ਇਨ੍ਹਾਂ ਰਸਤਿਆਂ ਨੂੰ ਪੱਕੇ ਤੌਰ ਤੇ ਬੰਦ ਹੋਏ ਨਹੀਂ ਸਮਝਣਾ ਚਾਹੀਦਾ।
ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਉਹ ਇਸ ਮਸਲੇ ਨੂੰ ਵਰਤਮਾਨ ਸਰਕਾਰ ਦੇ ਗਲ ਉਸੇ ਤਰ੍ਹਾਂ ਪਾਉਣਾ ਚਾਹੁੰਦੇ ਹਨ, ਜਿਸ ਤਰ੍ਹਾਂ ਇਹ ਮਸਲਾ ਤੱਤਕਾਲੀ ਸਰਕਾਰ ਦੇ ਗਲ ਪੈ ਗਿਆ ਸੀ। ਕਿਸ ਨੂੰ ਨਹੀਂ ਪਤਾ ਕਿ 2015-16 ਵਿਚ ਬੇਅਦਬੀ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆ ਸਨ, ਉਹ ਨਾ ਹੀ ਇਕ ਦੂਜੇ ਦੀ ਨਿਰੰਤਰਤਾ ਵਿਚ ਸਨ ਅਤੇ ਨਾ ਹੀ ਕਿਸੇ ਸੋਚ ਦੀਆਂ ਸੂਚਕ ਸਨ। ਇਉਂ ਲੱਗਦਾ ਹੈ ਜਿਵੇਂ ਇਹ ਕੀਤਾ ਨਾ ਗਿਆ ਹੋਵੇ, ਸਗੋਂ ਹੋ ਗਿਆ ਹੋਵੇ ਜਾਂ ਕਰਵਾ ਲਿਆ ਗਿਆ ਹੋਵੇ। ਜਿਹੜੇ ਕਾਰਨ ਇਹ ਹੋਇਆ ਸੀ, ਉਨ੍ਹਾਂ ਕਾਰਨਾਂ ਦੀ ਜੜ੍ਹ ਤੱਕ ਜਾਣ ਦੀ ਲੋੜ ਅਜੇ ਵੀ ਹੈ। ਇਸ ਵਾਸਤੇ ਵਾਪਰੀਆਂ ਘਟਨਾਵਾਂ ਪਿੱਛੇ ਕੰਮ ਕਰਦੀ ਸੋਚ ਦੀ ਨਿਸ਼ਾਨਦੇਹੀ ਕੀਤੇ ਜਾਣ ਦੀ ਲੋੜ ਹੈ। ਅਜਿਹਾ ਕਰਦਿਆਂ ਇਹ ਧਿਆਨ ਵਿਚ ਰੱਖਾਂਗੇ ਕਿ ਇਸ ਦਾ ਲਾਭ ਕਿਸ ਨੂੰ ਹੋਇਆ ਤਾਂ ਨਿਰਸੰਦੇਹ ਇਸ ਮਸਲੇ ਦੀਆਂ ਪੈੜਾਂ ਕਿਸੇ ਨ ਕਿਸੇ ਕਿਸਮ ਦੀ ਸਿਆਸਤ ਵੱਲ ਲੈ ਜਾਣਗੀਆਂ। ਇਸ ਮਸਲੇ ਦੇ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਲੰਘ ਗਿਆ ਹੈ ਅਤੇ ਇਹ ਸਪਸ਼ਟ ਹੋਣ ਲੱਗ ਪਿਆ ਹੈ ਕਿ ਇਸ ਮਸਲੇ ਨਾਲ ਜੁੜੇ ਹੋਏ ਲੋਕ ਪਾਗ਼ਲ ਸਨ ਜਾਂ ਪਾਂਡੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਟਕਿਆਂ ਤੱਕ ਫੈਲੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਿਆਸੀ-ਸੌਖ (ਪੋਲਟਿਚਿਸ ੋਾ ਸੋਾਟ ਟਅਰਗੲਟ) ਨਾਲ ਜੁੜੀਆਂ ਹੋਈਆਂ ਹਨ। ਕਾਰਾ ਕਰਨ ਵਾਲਾ, ਕਾਰਾ ਕਰਵਾਉਣ ਵਾਲਾ, ਭੜਕ ਜਾਣ ਵਾਲਾ ਅਤੇ ਹੋ ਗਏ ਦਾ ਲਾਹਾ ਲੈਣ ਵਾਲਾ, ਸਿਆਸੀ-ਸੌਖ ਦਾ ਪਰਤ-ਦਰ-ਪਰਤ ਵਰਤਾਰਾ ਹੀ ਤਾਂ ਹਨ ਤੇ ਸਨ। ਸਰਕਾਰ ਅਤੇ ਪੁਲੀਸ ਵੱਲੋਂ ਚੁੱਕੇ ਹੋਏ ਕਦਮਾਂ ਨੇ ਸੁਆਰਿਆ ਘੱਟ ਅਤੇ ਵਿਗਾੜਿਆ ਬਹੁਤਾ ਸੀ। ਪਹਿਲ ਪੁਲੀਸ ਰਾਹੀਂ ਸਰਕਾਰ ਨੂੰ ਬਚਾਉਣ ਵਾਸਤੇ ਹੋਈ ਸੀ ਅਤੇ ਅੰਤ ਸਰਕਾਰ ਵੱਲੋਂ ਪੁਲੀਸ ਨੂੰ ਬਚਾਉਣ ਨਾਲ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦਾ ਵਿੰਗ ਬਣ ਕੇ ਅਤੇ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਅਪਹਰਣ ਕਰਕੇ, ਬੇਅਦਬੀ ਵਰਗੇ ਮਸਲਿਆਂ ਦੇ ਪੰਥਕ-ਹੱਲ ਦੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਇਸ ਪੰਥਕ-ਮਸਲੇ ਨੂੰ ਸਿਆਸੀ ਢੰਗ ਨਾਲ ਨਹੀਂ ਸੁਲਝਾਇਆ ਜਾ ਸਕਦਾ ਕਿਉਂਕਿ ਇਹ ਮਸਲਾ ਕਿਸੇ ਨਾ ਕਿਸੇ ਤਰ੍ਹਾਂ ਇਕ ਪਾਸੇ ਸਰਕਾਰ ਵਿਰੁਧ ਗੁੱਸੇ ਦਾ ਪ੍ਰਗਟਾਵਾ ਸੀ ਅਤੇ ਦੂਜੇ ਪਾਸੇ ਸ਼ਰੀਕੇਬਾਜ਼ੀਆਂ ਵਿਚ ਉਲਝਿਆ ਹੋਇਆ ਸੀ।
ਇਸ ਮਸਲੇ ਦੀਆਂ ਦੋ ਪਰਤਾਂ ਹਨ: ਪਹਿਲਾ, ਗੁੱਸੇ ਦਾ ਮਾਧਿਅਮ, ਬੇਅਦਬੀ ਅਤੇ ਦੂਜਾ, ਗੁੱਸੇ ਦਾ ਭੜਕਾਊ ਪ੍ਰਗਟਾਵਾ, ਸਿਆਸਤ। ਇਹ ਦੋਵੇਂ ਰਲ ਕੇ ਤੁਰਦੇ ਨਜ਼ਰ ਆਉਂਦੇ ਹਨ। ਇਸ ਨੂੰ ਅਪ੍ਰਸੰਗਕ ਹੋਈ ਜਾ ਰਹੀ ਸਿਆਸੀ-ਸ਼ੈਲੀ ਨੂੰ ਪ੍ਰਸੰਗਕ ਬਨਾਉਣ ਦਾ ਅਨੈਤਿਕ ਤਰੀਕਾ ਵੀ ਕਿਹਾ ਜਾ ਸਕਦਾ ਹੈ। ਕਿਸੇ ਵੀ ਸਿਆਸੀ ਅਨੈਤਿਕਤਾ ਨੂੰ ਸਰਕਾਰੀ ਏਜੰਸੀਆਂ ਦੇ ਖਾਤੇ ਵਿਚ ਪਾ ਕੇ ਬਰੀ ਹੋਣ ਦੀ ਸਿਆਸਤ ਵੀ ਆਮ ਹੋ ਰਹੀ ਹੈ। ਇਸ ਨਾਲ ਹਰ ਸਿੱਖ, ਆਪਣੇ ਹੀ ਗੁਰਭਾਈ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪਿਆ ਹੈ। ਯੂ-ਟਿਊਬ ਤੇ ਜਾਓ ਤਾਂ ਪਤਾ ਲੱਗ ਜਾਏਗਾ ਕਿ ਮਨਮਰਜ਼ੀ ਦੀ ਸਿਆਸਤ ਨੂੰ ਸਿੱਖ-ਸਮੂਹ ਦੇ ਮੱਥੇ ਮੜ੍ਹਿਆ ਜਾ ਰਿਹਾ ਹੈ। ਅਜਿਹਾ ਕਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਕਿ ਕੈਪਟਨ-ਸਰਕਾਰ, ਬਾਦਲ-ਸਰਕਾਰ ਅਤੇ ਮਾਨ ਸਰਕਾਰ ਇਕ ਦੂਜੇ ਦੀ ਨਿਰੰਤਰਤਾ ਵਿਚ ਕਿਵੇਂ ਹੋਈ? ਕੋਈ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ‘ਆਪ’ ਨੂੰ ਹਰਾਉਣ ਵਾਸਤੇ ਕਾਂਗਰਸ ਤੇ ਅਕਾਲੀ ਕਿਵੇਂ, ਕਦੋਂ ਅਤੇ ਕਿੱਥੇ ਇਕੱਠੇ ਹੋਏ ਸਨ? ਇਹ ਕੌਣ ਪੁੱਛੇ ਕਿ ਪੰਜਾਬ ਦੇ ਮੁੱਖ ਮੰਤ੍ਰੀ ਦਾ ਭਾਰਤ ਦੇ ਪ੍ਰਧਾਨ ਮੰਤ੍ਰੀ ਨੂੰ ਮਿਲਣਾ, ਸਿੱਖ ਦਾ ਹਿੰਦੂਆ ਦੇ ਥੱਲੇ ਲੱਗਣਾ ਕਿਵੇਂ ਹੋਇਆ? ਬਿਨਾ ਸੋਚੇ-ਸਮਝੇ ਸ਼ੋਰੀਲੇ ਢੰਗ ਨਾਲ ਕਿਹਾ ਜਾ ਰਿਹਾ ਹੈ ਕਿ ਸਿਆਸੀ-ਸੱਤਾ ਵਿਚ ਸਿੱਖ-ਵਿਰੋਧੀ ਹੋ ਕੇ ਜਾਂ ਸਿੱਖ ਹਿਤੈਸ਼ੀ ਹੋ ਕੇ ਹੀ ਰਿਹਾ ਜਾ ਸਕਦਾ ਹੈ। ਇਹੀ ਮਾਨਸਿਕਤਾ ਹੈ, ਜਿਸ ਦਾ ਸਿਆਸੀ ਪ੍ਰਗਟਾਵਾ ਬਰਗਾੜੀ ਵਰਗੀਆਂ ਘਟਨਾਵਾਂ ਵਿਚ ਨਿਕਲਦਾ ਰਹਿੰਦਾ ਹੈ। ਇਸ ਨੂੰ ਢਾਡੀ ਸੋਹਣ ਸਿੰਘ ਸੀਤਲ ਦੀ ਕਿਸੇ ਹੋਰ ਪ੍ਰਸੰਗ ਵਿਚੋਂ ਲਈ ਹੋਈ ਇਸ ਟੂਕ ਰਾਹੀਂ ਸੌਖਿਆਂ ਸਮਝਿਆ ਜਾ ਸਕਦਾ ਹੈ:
ਤੁਰੀਆਂ ਸੰਗ ਕਲਜੋਗਣਾ ਲੈ ਖੱਪਰ ਖਾਲੀ। ਹੋਵੇਗਾ ਅਸਮੇਧ ਜੱਗ ਰੱਜ ਖਾਣ ਸਵਾਲੀ।
ਇਹ ਮਸਲਾ ਪੁਲੀਸ ਦੇ ਪੈਰੋਂ ਵਿਗੜਿਆ ਸੀ ਅਤੇ ਇਸ ਨੂੰ ਕਾਨੂੰਨ ਰਾਹੀਂ ਨਹੀਂ ਸੁਝਾਇਆ ਜਾ ਸਕਦਾ ਸੀ ਕਿਉਂਕਿ ਇਸ ਮਸਲੇ ਨਾਲ ਜੁੜੀ ਹੋਈ ਮਾਨਸਿਕਤਾ ਤੱਕ ਸਿੱਖ-ਸੁਰ ਵਿਚ ਹੀ ਪਹੁੰਚਿਆ ਜਾ ਸਕਦਾ ਹੈ। ਇਸ ਮਸਲੇ ਨੂੰ ਘਰ ਦਾ ਮਸਲਾ ਸਮਝ ਕੇ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਇਸ ਸੰਵੇਦਨਸ਼ੀਲ ਮਸਲੇ ਨੂੰ ਕਾਨੂੰਨੀ-ਗਲੀਆਂ ਅਤੇ ਸਰਕਾਰੀ ਬਾਜ਼ਾਰਾਂ ਵਿਚ ਨਹੀ ਉਛਾਲਣਾ ਚਾਹੀਦਾ। ਇਹੋ ਜਿਹੀ ਸਿਆਸਤ ਬਹੁਤ ਹੋ ਚੁੱਕੀ ਹੈ ਅਤੇ ਇਸ ਦੇ ਨਤੀਜੇ ਵੀ ਸਾਰਿਆਂ ਦੇ ਸਾਹਮਣੇ ਹਨ। ਇਹ ਮਸਲਾ ਸਿੱਖ-ਮਾਨਸਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਸਿੱਖ-ਵਿਧੀ ਵਿਚ ਹੀ ਸੁਲਝਾਇਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਇਸ ਵੇਲੇ ਸਰਕਾਰੀ ਦਖਲ ਤੋਂ ਮੁਕਤ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਸਰਕਾਰੀ ਦਖਲ ਵੱਲ ਭੱਜਣ ਦੇ ਪੱਕ ਗਏ ਸੁਭਾ ਦੀ ਥਾਂ, ਪੰਥਕ-ਸੁਰ ਵਿਚ ਬੇਅਦਬੀ ਦੇ ਮਸਲੇ ਦਾ ਹੱਲ ਕੱਢਣ ਵਾਲੇ ਰਾਹ ਤੁਰ ਪੈਣਾ ਚਾਹੀਦਾ ਹੈ। ਕਿਤੇ ਪਹੁੰਚਣ ਵਾਸਤੇ ਪਹਿਲਾ ਕਦਮ ਤਾਂ ਚੁੱਕਣਾ ਹੀ ਪਵੇਗਾ। ਇਸ ਸਵਾਲ ਬਾਰੇ ਨਿੱਠ ਕੇ ਸੋਚੇ ਜਾਣ ਦੀ ਲੋੜ ਹੈ ਕਿ ਕੀ ਕੋਈ ਹੋਸ਼ਮੰਦ ਪੰਜਾਬੀ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਸਕਦਾ ਹੈ?