ਕਿਸ਼ਤ-3
ਗੁਰਬਚਨ ਸਿੰਘ ਭੁੱਲਰ
ਦਰਵੇਸ਼ ਜੀ ਸਗਾਈ ਦੀ ਰਸਮ ਕਰਨ ਆਏ ਤਾਂ ਨਾਲ ਜਗਦੀਪ ਕੌਰ ਨੂੰ ਵੀ ਲੈ ਆਏ। ਉਹ ਇਹਨਾਂ ਗੱਲਾਂ ਤੋਂ ਬਹੁਤ ਉੱਚੇ ਸਨ ਤੇ ਜਗਦੀਪ ਕੌਰ ਤਾਂ ਆਉਣ ਲਈ ਆਪ ਹੀ ਉਤਾਵਲੀ ਸੀ। ਰਸਮ ਹੋਈ ਤਾਂ ਵੱਡੇ ਪੁਰਾਣੀਆਂ ਯਾਦਾਂ ਸੱਜਰੀਆਂ ਕਰਨ ਲੱਗ ਪਏ। ਮੌਕਾ ਦੇਖ ਕੇ ਜਗਦੀਪ ਅਛੋਪਲੇ ਦੂਜੇ ਕਮਰੇ ਵੱਲ ਖਿਸਕ ਗਈ ਤੇ ਜਾਣ ਲੱਗੀ ਗੁਰੀ ਨੂੰ ਵੀ ਅੱਖ ਦਾ ਇਸ਼ਾਰਾ ਕਰ ਗਈ। ਛਾਤੀ ਨਾਲ ਲੱਗ ਕੇ ਕਹਿੰਦੀ, ‘ਗੁਰੀ, ਮੈਂ ਤਾਂ ਜਜ਼ਬਾਤੀ ਹੋ ਕੇ ਕਮਲ਼ੀ ਹੋ ਜਾਂਦੀ ਹਾਂ। ਦੇਖ, ਤੈਨੂੰ ਸਾਰਿਆਂ ਵਿਚੋਂ ਖਿੱਚ ਲਿਆਈ। ਮੈਨੂੰ ਆਪਣੇ ਵਰਗਾ ਠਰੰ੍ਹਮਾ ਸਿਖਾਈਂ। ਅੱਜ ਤੋਂ ਮੈਂ ਤੈਨੂੰ ਗੁਰੀ ਦੀ ਥਾਂ ਗੁਰੂ ਕਿਹਾ ਕਰਾਂਗੀ!’
ਅਗਲੇ ਐਤਵਾਰ ਬੰਗਲਾ ਸਾਹਿਬ ਵਿਖੇ ਹੀ ਗਿਣਤੀ ਦੇ ਸਕੇ-ਸੰਬੰਧੀਆਂ ਤੇ ਮਿੱਤਰਾਂ-ਸਨੇਹੀਆਂ ਦੀ ਹਾਜ਼ਰੀ ਵਿਚ ਆਨੰਦ ਕਾਰਜ ਦੀ ਰਸਮ ਹੋ ਗਈ। ਦੋਵਾਂ ਧਿਰਾਂ ਨੇ ਸਵਾ-ਸਵਾ ਰੁਪਏ ਦੀ ਦੇਗ਼ ਕਰਵਾਈ ਤੇ ਵਿਆਹ ਸੰਪੂਰਨ ਹੋ ਗਿਆ। ਨਿੱਤਨੇਮ ਦਾ ਗੁਟਕਾ ਅਤੇ ਨਾਨਕ ਸਿੰਘ ਦੀ ਪੁਸਤਕ ‘ਸਤਿਗੁਰ ਮਹਿਮਾ’ ਦਰਵੇਸ਼ ਜੀ ਦਾ ਦਿੱਤਾ ਦਾਜ ਸੀ। ਦੋਵਾਂ ਧਿਰਾਂ ਨੇ ਸਰਦੀ-ਬਣਦੀ ਮਾਇਆ ਗੋਲਕ ਵਿਚ ਪਾਈ ਅਤੇ ਧੇਤਿਆਂ ਤੇ ਪੁਤੇਤਿਆਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕ ਲਿਆ। ਜਗਦੀਪ ਦਰਵੇਸ਼ ਜੀ ਦੀ ਧੀ ਤੋਂ ਤੀਰਥ ਸਿੰਘ ਦੀ ਧਰਮ-ਧੀ ਬਣ ਕੇ ਉਹਨਾਂ ਦੇ ਪਰਿਵਾਰ ਵਿਚ ਆ ਸ਼ਾਮਲ ਹੋਈ। ਗੁਰਮੁਖ ਸਿੰਘ ਦਾ ਲੜ ਫੜ ਕੇ ਘਰ ਵਿਚ ਪੈਰ ਰਖਦਿਆਂ ਸਭ ਤੋਂ ਪਹਿਲਾਂ ਜਗਦੀਪ ਦੀ ਨਜ਼ਰ ਵਿਹੜੇ ਵਿਚ ਖੜ੍ਹੇ ਗੁਲਮੋਹਰ ਉੱਤੇ ਪਈ, ਜਿਸਦੀਆਂ ਡਾਲਾਂ ਉੱਤੇ ਪੱਤੇ ਘੱਟ ਦਿਸਦੇ ਸਨ, ਦਗਦੇ-ਮਘਦੇ ਰੰਗ ਦੇ ਫੁੱਲ ਹੀ ਫੁੱਲ ਖਿੜੇ ਹੋਏ ਸਨ।
ਜਗਦੀਪ ਨੂੰ ਜਿੰਨਾ ਦਰਵੇਸ਼ ਜੀ ਪਿਆਰਦੇ ਸਨ, ਭਾਈਆ ਜੀ ਤੇ ਝਾਈ ਜੀ ਦਾ ਪਿਆਰ ਉਹਨਾਂ ਨਾਲੋਂ ਕੋਈ ਘੱਟ ਨਹੀਂ ਸੀ। ਉਹ ਘਰ ਆਈ ਤਾਂ ਉਹਨਾਂ ਔਖੇ ਵੇਲਿਆਂ ਵਿਚ ਵੀ ਕਿਹੜਾ ਸ਼ਗਨ ਸੀ ਜੋ ਮਨਾਇਆ ਨਹੀਂ ਸੀ ਗਿਆ! ਪਹਿਲਾਂ ਤਿੰਨ ਹੀ ਤਾਂ ਜੀਅ ਸਨ ਸਾਰੇ। ਵੱਡੇ ਘਰ ਵਿਚ ਛੋਟਾ ਜਿਹਾ ਪਰਿਵਾਰ। ਜਗਦੀਪ ਆਈ ਤਾਂ ਇਕ ਉਸ ਨਾਲ ਹੀ ਜਿਵੇਂ ਸਭ ਖਾਲੀ ਥਾਂਵਾਂ ਭਰ ਗਈਆਂ। ਗੁਰਮੁਖ ਨੇ ਤਾਂ ਅਜਿਹੀ ਸਾਥਣ ਮਿਲਿਆਂ ਉੱਚੇ ਅਸਮਾਨੀਂ ਉੱਡਣਾ ਹੀ ਸੀ, ਭਾਈਆ ਜੀ ਤੇ ਝਾਈ ਜੀ ਨੂੰ ਵੀ ਉਹਨਾਂ ਬਾਲਾਂ ਵਾਂਗ ਚਾਅ ਚੜ੍ਹ ਗਿਆ ਜਿਨ੍ਹਾਂ ਨੂੰ ਕੋਈ ਸੋਹਣੀ ਜਿਹੀ ਗੁੱਡੀ ਮਿਲ ਗਈ ਹੋਵੇ। ਝਾਈ ਜੀ ਘਰ ਦਾ ਅਤੇ ਰਸੋਈ ਦਾ ਜਿੰਨਾ ਕੰਮ ਕਰ ਸਕਦੀ, ਆਪ ਕਰ ਕੇ ਉਹਨੂੰ ਵਿਹਲੀ ਰਖਦੀ। ਆਖਦੀ, ‘ਧੀਏ, ਹਾਲੀਂ ਕੱਲ੍ਹ ਤੇ ਆਈ ਏਂ, ਸਾਰੀ ਉਮਰ ਪਈ ਏ ਤੇਰੀ ਕੰਮ ਕਰਨ ਨੂੰ। ਜਿੱਚਰ ਮੇਰੇ ਨੈਣ-ਪ੍ਰਾਣ ਚਲਦੇ ਨੇ, ਤੂੰ ਮੌਜ ਕਰ, ਆਪਣਾ ਪੜ੍ਹ-ਲਿਖ।’ ਉਹਦੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਆਖਦੀ, ‘ਇਹ ਮੁਲਾਇਮ-ਮੁਲਾਇਮ ਹੱਥ ਅਜੇ ਕੰਮੀਂ ਪੈ ਕੇ ਮੈਲ਼ੇ ਕੋਈ ਨਹੀਂ ਕਰਨੇ!’
ਸਤਿਨਾਮ ਕੌਰ ਨੈਣ-ਪ੍ਰਾਣਾਂ ਦੀ ਗੱਲ ਤਾਂ ਜ਼ਰੂਰ ਉਤਸਾਹ ਨਾਲ ਕਰਦੀ ਪਰ ਨੈਣ-ਪ੍ਰਾਣ ਨਾ ਤਾਂ ਬਹੁਤੇ ਉਹਦੇ ਆਪਣੇ ਚਲਦੇ ਸਨ ਤੇ ਨਾ ਹੀ ਤੀਰਥ ਸਿੰਘ ਦੇ। ਉਹ ਉਮਰੋਂ ਪਹਿਲਾਂ ਬੁੱਢੇ ਹੋ ਗਏ ਲਗਦੇ ਸਨ। ਪਾਕਿਸਤਾਨੋਂ ਉੱਜੜ ਕੇ ਖਾਲੀ ਹੱਥ ਇਧਰ ਆਏ ਉਸ ਪੀੜ੍ਹੀ ਦੇ ਬਹੁਤੇ ਲੋਕਾਂ ਵਾਂਗ ਪਿੱਛੇ ਛੱਡਣੇ ਪਏ ਘਰ-ਬਾਰ ਤੇ ਕਾਰੋਬਾਰ ਦਾ ਝੋਰਾ ਉਹਨਾਂ ਨੂੰ ਅੰਦਰੇ-ਅੰਦਰ ਖੋਰ ਰਿਹਾ ਸੀ। ਇਕ ਦਰਦ ਸੀ ਜੋ ਅਚੇਤ ਵਿਚ ਬੈਠਾ ਉਹਨਾਂ ਦੀਆਂ ਆਂਦਰਾਂ ਕੁਤਰਦਾ ਰਹਿੰਦਾ ਸੀ।
ਜਗਦੀਪ ਨੂੰ ਘਰ ਦੇ ਕੰਮਾਂ ਤੋਂ ਲਾਂਭੇ ਰਹਿ ਕੇ ਸ਼ਰਮ ਆਉਂਦੀ। ਉਹ ਝਾਈ ਜੀ ਦਾ ਹੱਥ ਵਟਾਉਣ ਦੀ ਕੋਸ਼ਿਸ਼ ਤਾਂ ਕਰਦੀ ਪਰ ਇਹਨੂੰ ਅਜਾਈਂ ਗਿਆ ਸਮਾਂ ਸਮਝਦੀ। ਝਾਈ ਜੀ ਦੀ ਸਿਹਤ ਅਤੇ ਘਰ ਦੇ ਕੰਮਾਂ ਵਿਚ ਜਗਦੀਪ ਦੀ ਅਰੁਚੀ ਨੂੰ ਦੇਖਦਿਆਂ ਗੁਰਮੁਖ ਸਿੰਘ ਨੇ ਭਾਈਆ ਜੀ ਨਾਲ ਸਲਾਹ ਕਰ ਕੇ ਸਵੇਰ ਤੋਂ ਸ਼ਾਮ ਤੱਕ ਰਹਿਣ ਵਾਲੀ ਨੌਕਰਾਣੀ ਲੱਭ ਲਈ। ਹੁਣ ਕਾਰੋਬਾਰ ਏਨਾ ਕੁ ਚੱਲ ਨਿੱਕਲਿਆ ਸੀ ਕਿ ਘਰ ਦੀ ਸੁਖ-ਸ਼ਾਂਤੀ ਵਾਸਤੇ ਅਜਿਹੇ ਖਰਚ ਕੀਤੇ ਜਾ ਸਕਦੇ ਸਨ।
ਪਾਰਵਤੀ ਸੁਭਾਅ ਦੀ ਵੀ ਚੰਗੀ ਸੀ ਅਤੇ ਕੰਮ ਦੀ ਵੀ ਸੁਚੱਜੀ ਸੀ। ਹੋਰ ਗੁਣ ਇਹ, ਬੋਲਦੀ ਵੀ ਬਹੁਤਾ ਨਹੀਂ ਸੀ ਤੇ ਕੰਮਚੋਰ ਵੀ ਨਹੀਂ ਸੀ। ਕਈ ਘਰਾਂ ਦਾ ਗੋਲਾ-ਧੰਦਾ ਕਰ ਕੇ ਜਿੰਨੇ ਪੈਸੇ ਮਿਲਦੇ ਸਨ, ਓਨੇ ਗੁਰਮੁਖ ਸਿੰਘ ਨੇ ਦੇ ਦਿੱਤੇ ਤਾਂ ਉਹਦਾ ਖ਼ੁਸ਼ ਹੋਣਾ ਸੁਭਾਵਿਕ ਸੀ। ਕਿਥੇ ਏਨੀਆਂ ਬੀਬੀ-ਜੀਆਂ ਦੀ ਕਿੱਚ-ਕਿੱਚ ਸੁਣਨੀ, ਕਿਥੇ ਆਰਾਮ ਨਾਲ ਇਕ ਘਰ ਦਾ ਕੰਮ ਕਰਨਾ। ਛੋਟਾ ਪਰਿਵਾਰ ਹੋਣ ਸਦਕਾ ਕੰਮ ਵੀ ਕੋਈ ਬਹੁਤਾ ਨਹੀਂ ਸੀ ਤੇ ਪਰਿਵਾਰ ਵੀ ਅਜਿਹਾ ਜਿਸ ਵਿਚ ਕੋਈ ਉੱਚਾ ਜਾਂ ਰੁੱਖਾ ਬੋਲਣ ਵੀ ਨਹੀਂ ਸੀ ਜਾਣਦਾ। ਬਹੁਤੇ ਘਰਾਂ ਦੇ ਉਲਟ ਕੋਈ ਵੀ ਉਹਨੂੰ ਨੀਵੀਂ ਨਹੀਂ ਸੀ ਸਮਝਦਾ ਤੇ ਕੌੜਾ ਨਹੀਂ ਸੀ ਬੋਲਦਾ। ਉਹ ਘਰ ਦੇ ਜੀਅ ਵਾਂਗ ਵਿਚਰਦੀ। ਉਹ ਨਾਸ਼ਤੇ ਤੋਂ ਪਹਿਲਾਂ ਆ ਜਾਂਦੀ। ਦੁਕਾਨ ਵਾਸਤੇ ਖਾਣੇ ਦਾ ਡੱਬਾ ਤਿਆਰ ਕਰ ਕੇ ਝਾੜੂ-ਪੋਚਾ ਨਿਬੇੜਦੀ, ਕੱਪੜੇ ਧੋਂਦੀ ਤੇ ਝਾਈ ਜੀ ਦੀ ਮਾਲਸ਼ ਕਰਦੀ। ਏਨੇ ਨੂੰ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਜਾਂਦਾ। ਭਾਂਡਾ-ਬਰਤਨ ਨਿਬੇੜ ਕੇ ਥੈਲਾ ਤੇ ਪੈਸੇ ਚੁਕਦੀ ਤੇ ਲੋੜੀਂਦੀ ਚੀਜ਼-ਵਸਤ ਖ਼ਰੀਦ ਲਿਆਉਂਦੀ। ਭਾਈਆ ਜੀ ਹੁਣ ਦੁਕਾਨ ਘੱਟ ਹੀ ਜਾਂਦੇ ਸਨ। ਉਹ ਤੇ ਝਾਈ ਜੀ ਆਰਾਮ ਕਰਦੇ। ਆਪਣੇ ਕਮਰੇ ਦਾ ਪਰਦਾ ਤਾਣ ਕੇ ਲਿਖਣ-ਪੜ੍ਹਨ ਵਿਚ ਮਸਤ ਬੀਬੀ ਜੀ ਨੂੰ ਇਸ ਵੇਲੇ ਉਹਦੀ ਕੋਈ ਲੋੜ ਨਹੀਂ ਸੀ ਪੈਂਦੀ। ਸ਼ਾਮ ਦੇ ਖਾਣੇ ਦੇ ਆਹਰ ਤੱਕ ਉਹ ਵੀ ਮੌਜ ਨਾਲ ਫ਼ਰਸ਼ ਉੱਤੇ ਲੰਮੀ ਪੈ ਜਾਂਦੀ।
ਵਿਆਹ ਨੂੰ ਇਕ ਸਾਲ ਬੀਤਿਆ ਸੀ ਜਦੋਂ ਸੰਗਦੀ-ਸ਼ਰਮਾਉਂਦੀ ਜਗਦੀਪ ਨੇ ਸਤਿਨਾਮ ਕੌਰ ਨੂੰ ਤੇ ਉਸ ਨੇ ਅੱਗੋਂ ਤੀਰਥ ਸਿੰਘ ਨੂੰ ਸ਼ੁਭ ਖ਼ਬਰ ਸੁਣਾਈ। ਦੋਵਾਂ ਵਾਸਤੇ ਇਹ ਖ਼ਬਰ ਸਾਉਣ ਦੀ ਘਟ ਬਣ ਕੇ ਆਈ ਜਿਸ ਨਾਲ ਉਹਨਾਂ ਦੀ ਸੁਕਦੀ ਜਾਂਦੀ ਮਨ ਦੀ ਖੇਤੀ ਨਵੀਆਂ ਪੱਤੀਆਂ ਕੱਢਣ ਲੱਗ ਪਈ। ਗੱਲ ਦਰਵੇਸ਼ ਜੀ ਤੱਕ ਪੁੱਜੀ ਤਾਂ ਜਗਦੀਪ ਨੂੰ ਛਾਤੀ ਨਾਲ ਲਾਉਣ ਤੋਂ ਵੀ ਪਹਿਲਾਂ ਉਹਨਾਂ ਦਾ ਸਤਿਗੁਰ ਦੇ ਦਰ ਸ਼ੁਕਰਾਨਾ ਭੇਟ ਕਰਨ ਵਾਸਤੇ ਬੰਗਲਾ ਸਾਹਿਬ ਜਾਣਾ ਸੁਭਾਵਿਕ ਸੀ। ਤੀਰਥ ਸਿੰਘ ਦੇ ਘਰ ਪੁੱਜ ਕੇ ਵਧਾਈਆਂ ਦਿੰਦਿਆਂ-ਲੈਂਦਿਆਂ ਉਹਨਾਂ ਨੇ ਸਭ ਤੋਂ ਪਹਿਲਾਂ ਦੇਗ ਜਗਦੀਪ ਦੇ ਮੂੰਹ ਵਿਚ ਤੇ ਇੰਜ ਇਕ ਤਰ੍ਹਾਂ ਨਾਲ ਉਸ ਅੰਦਰ ਪਲਣ ਲੱਗੇ ਬਾਲ ਦੇ ਮੂੰਹ ਵਿਚ ਪਾਈ। ਜਗਦੀਪ ਨੂੰ ਝਾਈ ਜੀ ਤਾਂ ਆਪ ਹੀ ਪਹਿਲਾਂ ਨਾਲੋਂ ਵੱਧ ਸਾਂਭ-ਸਾਂਭ ਰਖਦੀ ਸੀ, ਪਰ ਜੇ ਕਦੀ ਉਹ ਕੰਮ ਨੂੰ ਹੱਥ ਪਾਉਂਦੀ ਦਿਸਦੀ, ਭਾਈਆ ਜੀ ਝੱਟ ਆਵਾਜ਼ਾਂ ਦੇਣ ਲਗਦੇ, ‘ਸਤਿਨਾਮ ਕੌਰੇ, ਕਿਥੇ ਸੁੱਤੀ ਪਈ ਏਂ, ਬੇਟੀ ਕੰਮ ਲਾ ਛੋਡੀ ਏ!’ ਤੇ ਫੇਰ ਜਗਦੀਪ ਨੂੰ ਆਖਦੇ, ‘ਛੱਡ ਪੁੱਤਰ, ਤੂੰ ਆਰਾਮ ਕਰ, ਆਪੇ ਤੇਰੀ ਝਾਈ ਜੀ ਕਰ ਲੈਸੀ।’
ਪੁੱਤਰ ਦਾ ਨਾਂ ਰੱਖਣ ਲਈ ਵਾਕ ਕਢਵਾਇਆ ਗਿਆ ਤਾਂ ਪਹਿਲਾ ਅੱਖਰ ਸ ਨਿੱਕਲਿਆ। ਸ ਤੋਂ ਬਣਦਾ ਕੋਈ ਨਾਂ ਚੁਣਨ ਦਾ ਕੰਮ ਸਭ ਨੇ ਦਰਵੇਸ਼ ਜੀ ਦੇ ਜ਼ਿੰਮੇ ਛੱਡ ਦਿੱਤਾ। ਕੁਛ ਚਿਰ ਦੇ ਮਨ-ਮੰਥਨ ਮਗਰੋਂ ਉਹ ਖ਼ੁਸ਼ ਹੋ ਕੇ ਬੋਲੇ, ‘ਸਰਬਗੁਣ! ਵਾਹਿਗੁਰੂ ਦੀ ਮਿਹਰ ਨਾਲ ਇਹ ਬਾਲ ਸਭ ਗੁਣਾਂ ਦਾ ਭੰਡਾਰ ਹੋਸੀ!’ ਦੋ ਸਾਲਾਂ ਮਗਰੋਂ ਅਜਿਹੇ ਹੀ ਚਾਅ-ਮਲ੍ਹਾਰਾਂ ਵਿਚ ਬੱਚੀ ਦਾ ਜਨਮ ਹੋਇਆ ਤਾਂ ਪ ਤੋਂ ਨਾਂ ਪੁਨੀਤ ਵੀ ਦਰਵੇਸ਼ ਜੀ ਨੇ ਹੀ ਚੁਣਿਆ। ਦੋਵਾਂ ਬਾਲਾਂ ਨੇ ਗੁਰਮੁਖ ਤੇ ਜਗਦੀਪ ਨੂੰ ਤਾਂ ਉਤਸਾਹ ਨਾਲ ਭਰਿਆ ਹੀ, ਇਕ ਵਾਰ ਤਾਂ ਦਰਵੇਸ਼ ਜੀ ਦੇ ਨਾਲ-ਨਾਲ ਤੀਰਥ ਸਿੰਘ ਤੇ ਸਤਿਨਾਮ ਕੌਰ ਦੇ ਬੁੱਢੇ ਸਰੀਰਾਂ ਨੂੰ ਵੀ ਨਵਿਆ ਦਿੱਤਾ।
ਜਗਦੀਪ ਕਿਸੇ ਕਵੀ-ਦਰਬਾਰ ਜਾਂ ਸਾਹਿਤਕ ਸਭਾ ਲਈ ਜਾਂਦੀ, ਝਾਈ ਜੀ ਉਹਨੂੰ ਬੱਚਿਆਂ ਵੱਲੋਂ ਬੇਫ਼ਿਕਰ ਰਖਦੀ। ਉਹ ਘਰ ਵਾਂਗ ਹੀ ਸਾਹਿਤ ਵਿਚ ਵੀ ਖ਼ੂਬ ਉਤਸਾਹੀ ਮਾਹੌਲ ਵਿਚ ਵਿਚਰ ਰਹੀ ਸੀ। ਦਰਵੇਸ਼ ਜੀ ਦੀ ਸੰਗਤ ਸਦਕਾ ਬਣੇ ਪਹਿਲਾਂ ਵਾਲੇ ਧਾਰਮਿਕ ਮਾਹੌਲ ਵਿਚ ਵਿਚਰਨ ਦੀ ਥਾਂ ਹੁਣ ਸਾਹਿਤਕ ਮਾਹੌਲ ਵਿਚ ਲੀਨ ਹੋ ਕੇ ਉਸ ਦੇ ਜਾਗਦੇ ਸੁਪਨਿਆਂ ਦਾ ਤੇ ਕਲਪਨਾ ਦੇ ਮੰਡਲਾਂ ਦਾ ਹੋਰ ਦੇ ਹੋਰ ਹੁੰਦੇ ਜਾਣਾ ਕੁਦਰਤੀ ਸੀ। ਗੁਰਦੁਆਰਿਆਂ ਵਿਚ ਜਾਂ ਸਮਾਜਕ-ਧਾਰਮਿਕ ਮੰਚਾਂ ਤੋਂ ਪੜ੍ਹੀਆਂ ਜਾਣ ਵਾਲੀਆਂ ਕਵਿਤਾਵਾਂ ਦੀ ਥਾਂ ਉਸ ਨੇ ਪਹਿਲਾਂ ਰੁਮਾਂਚਿਕ ਤੇ ਫੇਰ ਇਸ਼ਕੀਆ ਕਵਿਤਾਵਾਂ ਲਿਖਣੀਆਂ ਤੇ ਕਵੀ-ਦਰਬਾਰਾਂ ਵਿਚ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਕਵਿਤਾਵਾਂ ਨੇ ਉਹਦੇ ਪੈਰ ਉਸ ਝੀਲ ਵਿਚ ਪੁਆ ਦਿੱਤੇ ਜਿਸ ਦੇ ਪਾਣੀ ਤਾਂ ਨਿਰਮਲ ਸਨ ਪਰ ਜਿਉਂ-ਜਿਉਂ ਉਹਨੇ ਅੱਗੇ ਜਾਣਾ ਸੀ, ਵਾਹ ਉਹਨਾਂ ਨਿਰਮਲ ਪਾਣੀਆਂ ਵਿਚ ਘੁੰਮਦੇ ਭੁੱਖੇ ਮਗਰਮੱਛਾਂ ਨਾਲ ਪੈਣਾ ਸੀ। ਸਮਕਾਲੀ ਉਸ ਦੀਆਂ ਕਵਿਤਾਵਾਂ ਦੀ ਮੁਕਤ-ਕੰਠ ਵਡਿਆਈ ਕਰਦੇ। ਜਿਹੜੇ ਕਵੀ ਕੁਛ ਨੇੜੇ ਹੋ ਗਏ ਸਨ, ਉਹ ਕਵਿਤਾ ਦੀ ਸੁੰਦਰਤਾ ਦੇ ਨਾਲ-ਨਾਲ ਉਹਦੀ ਸੁੰਦਰਤਾ ਚਿਤਾਰਨੋਂ ਵੀ ਨਾ ਖੁੰਝਦੇ। ਜਿਨ੍ਹਾਂ ਦੀ ਏਨੀ ਨੇੜਤਾ ਨਹੀਂ ਸੀ ਜਾਂ ਜੋ ਅਜਿਹਾ ਸਾਹਸ ਨਹੀਂ ਸਨ ਕਰ ਸਕਦੇ, ਉਹ ਉਸ ਦੀ ਪ੍ਰਸੰਸਾ ਨੂੰ ਕਵਿਤਾ ਦੀ ਪ੍ਰਸੰਸਾ ਵਿਚ ਸਮੋ ਦਿੰਦੇ।
ਹੌਲ਼ੀ-ਹੌਲ਼ੀ ਸਾਹਿਤਕਾਰ ਉਹਨੂੰ ਮਿਲਣ ਘਰ ਆਉਣ ਲੱਗੇ। ਗੁਰਮੁਖ ਸਿੰਘ ਨੂੰ ਤਾਂ ਇਹ ਗੱਲ ਬਹੁਤਾ ਬੇਚੈਨ ਨਹੀਂ ਸੀ ਕਰਦੀ ਪਰ ਭਾਈਆ ਜੀ ਤੇ ਝਾਈ ਜੀ ਨੂੰ ਓਪਰੇ ਬੰਦਿਆਂ ਦਾ ਇੰਜ ਘਰ ਆਉਣਾ ਚੰਗਾ ਨਾ ਲਗਦਾ। ਤਦ ਵੀ ਉਹ ਜਗਦੀਪ ਨੂੰ ਸਿੱਧਾ ਕੁਛ ਨਾ ਆਖਦੇ। ਜਦੋਂ ਵਿਹੜੇ ਵਿਚ ਬੈਠਿਆਂ ਦੇ ਕੋਲੋਂ ਦੀ ਲੰਘਣ ਵਾਲਾ ਫ਼ਤਿਹ ਬੁਲਾਉਂਦਾ, ਉਹਦਾ ਵੀ ਠੀਕ ਸੁਰ ਵਿਚ ਉੱਤਰ ਦਿੰਦੇ। ਆਪਣਾ ਇਤਰਾਜ਼ ਉਹ ਗੁਰਮੁਖ ਨਾਲ ਸਾਂਝਾ ਕਰਦੇ। ਆਪਣੀ ਪੀੜ੍ਹੀ ਦੀ ਸੋਚ ਅਨੁਸਾਰ ਉਹਨਾਂ ਦਾ ਮੱਤ ਸੀ, ਜੇ ਪਤਨੀ ਰਾਹੋਂ ਭਟਕਦੀ ਹੈ, ਪਤੀ ਦਾ ਹੱਕ ਹੈ, ਉਹਨੂੰ ਸਖ਼ਤੀ ਵਰਤ ਕੇ ਵੀ ਸਿੱਧੇ ਰਾਹ ਲਿਆਵੇ। ਜ਼ਮਾਨੇ ਦੀ ਬਦਲ ਰਹੀ ਹਵਾ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ। ਪਰ ਸੁਭਾਅ ਸਦਕਾ ਤੇ ਜਗਦੀਪ ਨਾਲ ਮੋਹ ਦੇ ਰਿਸ਼ਤੇ ਸਦਕਾ ਗੁਰਮੁਖ ਅਜਿਹਾ ਕੁਛ ਕਰਨ ਤੋਂ ਝਿਜਕ ਜਾਂਦਾ। ਉਂਜ ਵੀ ਲੇਖਕਾਂ ਦਾ ਇਕ ਦੂਜੇ ਨੂੰ ਮਿਲਣਾ-ਗਿਲਣਾ, ਇਕ ਦੂਜੇ ਦੀਆਂ ਲਿਖਤਾਂ ਸੁਣਨਾ-ਸਲਾਹੁਣਾ ਤਾਂ ਉਸ ਨੂੰ ਕੋਈ ਓਪਰਾ ਨਹੀਂ ਸੀ ਲਗਦਾ ਪਰ ਉਹ ਇਹ ਵੀ ਜਾਣਦਾ ਸੀ, ਬਹੁਤੇ ਲੋਕ ਇਸਤਰੀ ਦੀ, ਉਹ ਕਲਮਕਾਰ ਹੋਵੇ, ਗਾਇਕ ਹੋਵੇ ਜਾਂ ਹੋਰ ਕੋਈ ਕਲਾਕਾਰ, ਕਲਾ ਦੀ ਪ੍ਰਸੰਸਾ ਤੱਕ ਹੀ ਨਹੀਂ ਰਹਿੰਦੇ। ਉਹ ਅੱਗੇ ਵਧ ਕੇ ਸੁੰਦਰਤਾ ਦੇ ਪ੍ਰਸੰਸਕ ਬਣ ਜਾਂਦੇ ਹਨ। ਦੂਜੇ ਪਾਸੇ ਉਸ ਨੂੰ ਜਗਦੀਪ ਦੇ ਤਰਲ ਸੁਭਾਅ ਤੋਂ ਡਰ ਲਗਦਾ ਜੋ ਭਲੇ-ਬੁਰੇ ਦੀ ਪਛਾਣ ਕਰਨ ਤੋਂ ਅਸਮਰੱਥ ਸੀ।
ਗੁਰਮੁਖ ਸਿੰਘ ਇਹ ਵੀ ਮਹਿਸੂਸ ਕਰਦਾ ਕਿ ਜਗਦੀਪ ਸਾਹਿਤ ਦੇ ਸੰਸਾਰ ਵਿਚ ਨਾਂ ਬਣਾਉਣ ਵਾਸਤੇ ਕੁਛ ਬਹੁਤੀ ਹੀ ਉਤਾਵਲੀ ਹੈ। ਉਹ ਸਮਝਦੀ ਸੀ, ਪੰਜਾਬੀ ਸਾਹਿਤ ਦੀ ਕੋਈ ਚਰਚਾ ਉਹਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ ਤੇ ਅਧੂਰੀ ਹੀ ਸਮਝੀ ਜਾਣੀ ਚਾਹੀਦੀ ਹੈ। ਇਸ ਲਾਲਸਾ ਕਾਰਨ ਜਦੋਂ ਕਿਸੇ ਵੱਡੇ ਨਾਂ ਦੇ ਨੇੜ ਦਾ ਸਬੱਬ ਬਣਦਾ, ਉਹ ਉਸੇ ਦੇ ਆਸਰੇ ਉੱਚੀ ਚੜ੍ਹਨ ਵਾਸਤੇ ਬਿਰਛ ਕੋਲ ਉੱਗੀ ਵੇਲ ਵਾਂਗ ਲਗਰਾਂ ਛੱਡਣ ਤੇ ਸੂਤ ਕੱਤਣ ਲਗਦੀ। ਉਹ ਇਹ ਵੀ ਨਹੀਂ ਸੀ ਚਾਹੁੰਦਾ, ਭਾਈਆ ਜੀ ਤੇ ਝਾਈ ਜੀ ਜਗਦੀਪ ਨਾਲ ਆਪ ਇਹ ਗੱਲ ਛੇੜਨ। ਆਖ਼ਰ ਉਹਨੇ ਸੰਗ-ਝਿਜਕ ਛੱਡ ਕੇ ਸਮੱਸਿਆ ਦਰਵੇਸ਼ ਜੀ ਨਾਲ ਸਾਂਝੀ ਕਰਨ ਦਾ ਫ਼ੈਸਲਾ ਕੀਤਾ। ਉਹਨਾਂ ਨੇ ਗੱਲ ਸੁਣ ਕੇ ਨੀਵੀਂ ਪਾ ਲਈ ਅਤੇ ਕੁਛ ਪਲ ਅਬੋਲ ਬੈਠੇ ਰਹੇ। ਫੇਰ ਬੋਲੇ, ‘ਗੁਰਮੁਖ ਸਿੰਘ, ਪੁੱਤਰ, ਤੇਰਾ ਕੀ ਖ਼ਿਆਲ ਹੈ, ਮੈਨੂੰ ਇਹ ਸਭ ਦਿਸਦਾ ਨਹੀਂ? ਇਸ ਨਾਲ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ? ਤੇ ਮੈਂ ਆਪਣੀ ਇਹ ਪਰੇਸ਼ਾਨੀ ਪੁੱਤਰੀ ਨੂੰ ਦੱਸੀ ਨਹੀਂ?’ ਗੁਰਮੁਖ ਨੇ ਦੇਖਿਆ, ਉਹਨਾਂ ਦੀਆਂ ਅੱਖਾਂ ਵਿਚ ਸਿੱਲ੍ਹ ਸਿੰਮ ਆਈ ਸੀ ਅਤੇ ਬੋਲ ਕੁਛ ਭਾਰੀ ਹੋ ਗਿਆ ਸੀ, ‘ਇਕ ਤਾਂ ਇਹ ਉਮਰ ਅਮੋੜ ਹੁੰਦੀ ਹੈ ਬੇਟਾ, ਤੇ ਇਕ ਮਾਂ-ਬਾਹਰੀ ਦੇਖ ਲਡਾਏ ਮੇਰੇ ਲਾਡਾਂ ਨੇ ਇਸ ਨੂੰ ਅਮੋੜ ਬਣਾ ਦਿੱਤਾ ਹੈ। ਸ਼ਾਦੀ ਤੋਂ ਮਗਰੋਂ ਬੇਟੀਆਂ ਉੱਤੇ ਮਾਪਿਆਂ ਦਾ ਅਧਿਕਾਰ ਵੈਸੇ ਵੀ ਕੁਛ ਘੱਟ ਹੀ ਰਹਿ ਜਾਂਦਾ ਹੈ। ਉਹਨਾਂ ਦਾ ਆਪਣਾ ਜੀਵਨ ਹੋ ਜਾਂਦਾ ਹੈ ਤੇ ਅਜਿਹੀਆਂ ਸਮਝੌਤੀਆਂ ਨੂੰ ਉਹ ਆਪਣੇ ਜੀਵਨ ਵਿਚ ਦਖ਼ਲ ਮੰਨਣ ਲੱਗ ਜਾਂਦੀਆਂ ਨੇ।’
ਉਹਨਾਂ ਦੇ ਧੁਰ ਅੰਦਰਲੀ ਬੇਵਸੀ ਬੋਲੀ, ‘ਮੈਨੂੰ ਉਤਨੀ ਪਰੇਸ਼ਾਨੀ ਕਵਿਤਾਵਾਂ ਦੇ ਪ੍ਰੇਮ-ਰੰਗ ਦੀ ਨਹੀਂ ਗੁਰਮੁਖ ਸਿੰਘ ਬੇਟਾ। ਮੈਂ ਸਾਹਿਤ ਦੇ ਸਭ ਰੰਗ ਸਮਝਦਾ ਹਾਂ। ਧਾਰਮਿਕ-ਸੁਧਾਰਕ ਸਾਹਿਤ ਦੇ ਨਾਲ-ਨਾਲ ਇਹ ਪ੍ਰੇਮ ਦੀ ਧਾਰਾ ਵੀ ਸਾਹਿਤ ਵਿਚ ਆਦਿ-ਕਾਲ ਤੋਂ ਚਲਦੀ ਆ ਰਹੀ ਹੈ। ਇਹ ਦੋਵੇਂ ਧਾਰਾਵਾਂ ਤਾਂ ਵੇਦਾਂ ਦੇ ਜ਼ਮਾਨੇ ਤੋਂ ਸਮਾਨੰਤਰ ਚਲੀਆਂ ਆਈਆਂ ਨੇ। ਕੁਛ ਵਿੱਦਵਾਨ ਤਾਂ ਹੁਣ ਧਾਰਮਿਕ-ਸੁਧਾਰਕ ਦੀ ਥਾਂ ਕੇਵਲ ਇਸੇ ਰੰਗ ਦੀਆਂ ਰਚਨਾਵਾਂ ਨੂੰ ਹੀ ਸਾਹਿਤ ਆਖਣ ਲੱਗੇ ਨੇ। ਮੈਨੂੰ ਤਾਂ ਡਰ ਮਰਦਾਂ ਦੀ ਬੇਕਿਰਕ ਦੁਨੀਆ ਨਾਲ ਇਸ ਮਾਸੂਮ ਜਜ਼ਬਾਤੀ ਲੜਕੀ ਦਾ ਵਾਹ ਪੈਣ ਦਾ ਹੈ, ਉਹ ਵੀ ਠਰ੍ਹੰਮੇ ਤੇ ਮਨੁੱਖੀ ਪਰਖ ਦੀ ਸੋਝੀ ਨਾਲ ਲੈਸ ਹੋਏ ਤੋਂ ਬਿਨਾਂ।’ ਗੁਰਮੁਖ ਸਿੰਘ ਨੇ ਦੇਖਿਆ, ਦਰਵੇਸ਼ ਜੀ ਦੀ ਪਰੇਸ਼ਾਨੀ ਹੂਬਹੂ ਉਹਦੇ ਵਾਲੀ ਸੀ। ਇਸ ਚਰਚਾ ਨਾਲ ਉੱਚੜੇ ਉਹਨਾਂ ਦੇ ਜ਼ਖ਼ਮ ਦੇਖ ਕੇ ਗੁਰਮੁਖ ਸਿੰਘ ਨੇ ਗੱਲ ਮੁਕਦੀ ਕਰਨੀ ਹੀ ਵਾਜਬ ਸਮਝੀ। ਚਰਨ ਛੋਹੇ ਅਤੇ ਤਕਲੀਫ਼ ਦੇਣ ਲਈ ਹੱਥ ਜੋੜ ਕੇ ਮਾਫ਼ੀ ਮੰਗਦਿਆਂ ਉਹਨਾਂ ਤੋਂ ਵਿਦਾਅ ਮੰਗੀ। ਦਰਵੇਸ਼ ਜੀ ਨੇ ਉਸ ਨੂੰ ਘੁੱਟ ਕਲੇਜੇ ਲਾਇਆ ਅਤੇ ਕਿਹਾ, ‘ਬੇਟਾ ਗੁਰਮੁਖ ਸਿੰਘ, ਮੌਕਾ ਦੇਖ ਕੇ ਮੈਂ ਗੱਲ ਕਰਸਾਂ ਪੁੱਤਰੀ ਨਾਲ।’
ਆਪਣੀ ਸਾਹਿਤਕ ਸੇਧ ਸੰਬੰਧੀ ਉਹ ਦਰਵੇਸ਼ ਜੀ ਦੀ ਸਲਾਹ ਮੰਨਦੀ ਜਾਂ ਨਾ ਮੰਨਦੀ ਪਰ ਦਿਲ ਦੀ ਅਮੋੜਤਾ ਉੱਤੇ ਉਹਨਾਂ ਦੇ ਆਦਰ ਦਾ ਇਕ ਕੁੰਡਾ ਤਾਂ ਹੈ ਹੀ ਸੀ। ਉਹ ਕੁੰਡਾ ਔਝੜ ਰਾਹਾਂ ਉੱਤੇ ਉਹਦੀ ਤੋਰ ਨੂੰ ਜੇ ਰੋਕਦਾ ਨਾ, ਸ਼ਾਇਦ ਕੁਝ ਮੱਠੀ ਤਾਂ ਰਖਦਾ ਹੀ। ਮਾੜੀ ਗੱਲ ਇਹ ਹੋਈ, ਉਹ ਕੁੰਡਾ ਵੀ ਚੁੱਕਿਆ ਗਿਆ। ਕੌਣ ਜਾਣੇ, ਸ਼ਾਂਤ-ਚਿੱਤ ਤੇ ਰੱਬੀ ਭਾਣੇ ਦੇ ਵਿਸ਼ਵਾਸੀ ਦਰਵੇਸ਼ ਜੀ ਨੂੰ ਕੋਈ ਹੋਰ ਪਰੇਸ਼ਾਨੀ ਵੀ ਸੀ ਕਿ ਨਹੀਂ, ਕੋਈ ਸਰੀਰਕ ਅਹੁਰ ਸੀ ਵੀ ਕਿ ਨਹੀਂ, ਤੇ ਇਸ ਗੱਲ ਦੀ ਜੋ ਪਰੇਸ਼ਾਨੀ ਸੀ, ਜੋ ਅਹੁਰ ਸੀ, ਉਹ ਕਿੰਨੀ ਕੁ ਸੀ! ਇਕ ਦਿਨ ਉਹ ਰੋਜ਼ ਵਾਂਗ ਅੰਮ੍ਰਿਤ ਵੇਲੇ ਬੰਗਲਾ ਸਾਹਿਬ ਗਏ। ਰੋਜ਼ ਵਾਂਗ ਬੰਦ ਨੇਤਰੀਂ ਹੱਥ ਜੋੜ ਕੇ ਬੈਠੇ ਕੀਰਤਨ ਸਰਵਣ ਕਰਦੇ ਰਹੇ। ਸਮਾਪਤੀ ਤੇ ਅਰਦਾਸ ਉਪਰੰਤ ਮੱਥਾ ਟੇਕਿਆ ਤਾਂ ਟੇਕਿਆ ਹੀ ਰਿਹਾ। ਸੰਗਤ ਮੱਥੇ ਟੇਕ-ਟੇਕ ਤੁਰ ਗਈ ਪਰ ਉਹ ਪਤਾ ਨਹੀਂ ਕਿਹੜੀ ਲੰਮੀ ਜੋਦੜੀ ਕਰ ਰਹੇ ਸਨ ਕਿ ਵਾਹਿਗੁਰੂ ਦੇ ਚਰਨਾਂ ਉੱਤੋਂ ਸੀਸ ਚੁੱਕ ਹੀ ਨਹੀਂ ਸਨ ਰਹੇ। ਕਾਫ਼ੀ ਉਡੀਕ ਮਗਰੋਂ ਇਕ ਰਾਗੀ ਸਿੰਘ ਨੇ ਸ਼ੱਕ ਜਿਹੇ ਨਾਲ ਪਿੱਠ ਉੱਤੇ ਹੱਥ ਫੇਰ ਕੇ ‘ਦਰਵੇਸ਼ ਜੀ, ਦਰਵੇਸ਼ ਜੀ’ ਪੁਕਾਰਿਆ ਤਾਂ ਉਹ ਇਕ ਪਾਸੇ ਨੂੰ ਲੁੜ੍ਹਕ ਗਏ। ਸ਼ਾਇਦ ਏਨੀ ਦੂਰੋਂ ਆਪਣੀ ਅਰਜੋਈ ਸਰਬ-ਸਮਰੱਥ ਦੇ ਦਰ ਨਾ ਪਹੁੰਚਦੀ ਦੇਖ ਕੇ ਉਹ ਆਪ ਹੀ ਉਸ ਦੇ ਦਰ ਜਾ ਪਹੁੰਚੇ ਸਨ!
ਜਗਦੀਪ ਨੂੰ ਇਸ ਸੱਟ ਨੇ ਬੁਰੀ ਤਰ੍ਹਾਂ ਝੰਬ ਸੁੱਟਿਆ। ਕਿਤੇ ਅਚੇਤ ਵਿਚ ਉਹ ਵੀ ਸਮਝਦੀ ਸੀ ਕਿ ਪਿਤਾ ਜੀ ਦੇ ਅਜਿਹੇ ਵਿਛੋੜੇ ਵਿਚ ਘੱਟ ਜਾਂ ਵੱਧ, ਕੁਛ ਹਿੱਸਾ ਤਾਂ ਉਹਦਾ ਵੀ ਹੈ। ਸਭ ਰੋਸ ਭੁਲਾ ਕੇ ਭਾਈਆ ਜੀ ਤੇ ਝਾਈ ਜੀ ਪਹਿਲਾਂ ਤੋਂ ਵੀ ਵੱਧ ਲਾਡ ਲਡਾਉਂਦੇ ਤੇ ਖ਼ਿਆਲ ਰਖਦੇ। ਗੁਰਮੁਖ ਸਿੰਘ ਸਾਹਮਣੇ ਤਾਂ ਹੁਣ ਇਕੋ-ਇਕ ਉਦੇਸ਼ ਉਸ ਨੂੰ ਇਸ ਸਦਮੇ ਵਿਚੋਂ ਬਾਹਰ ਕੱਢਣਾ ਸੀ। ਇਸ ਦੁਖਦਾਈ ਘਟਨਾ ਵਿਚੋਂ ਉਹਨੂੰ ਇਕ ਕਿਰਨ ਰੋਸ਼ਨੀ ਦੀ ਦਿੱਸਣ ਲੱਗੀ। ਭਾਈਆ ਜੀ ਤੇ ਝਾਈ ਜੀ ਨਾਲ ਜਗਦੀਪ ਦੀ ਜੋ ਵਿੱਥ ਪੈ ਚੱਲੀ ਸੀ, ਉਹ ਕੁਛ ਘੱਟ ਹੁੰਦੀ ਜਾਂਦੀ ਸੀ। ਸ਼ਾਇਦ ਉਹ ਉਹਨਾਂ ਦੇ ਮੋਹ-ਪਿਆਰ ਦਾ ਮਹੱਤਵ ਸਮਝਣ ਲੱਗੀ ਸੀ। ਸ਼ਾਇਦ ਉਹਨਾਂ ਵਿਚੋਂ ਉਹ ਵਿੱਛੜੇ ਪਿਤਾ ਦਾ ਚਿਹਰਾ ਦੇਖਣ ਲੱਗੀ ਸੀ। ਸ਼ਾਇਦ ਪਿਤਾ ਦੀ ਸਦੀਵੀ ਅਣਹੋਂਦ ਨੇ ਉਸ ਨੂੰ ਜੀਵਤ ਭਾਈਆ ਜੀ ਤੇ ਝਾਈ ਜੀ ਦੀ ਕਦਰ ਕਰਨਾ ਸਿਖਾ ਦਿੱਤਾ ਸੀ।
ਗੁਰਮੁਖ ਸਿੰਘ ਨੂੰ ਅਜੇ ਇਹ ਅਨੁਭਵ ਜਾਂ ਅਹਿਸਾਸ ਨਹੀਂ ਸੀ ਕਿ ਮਨੁੱਖੀ ਮਨ ਬੜਾ ਤਰਲ ਅਤੇ ਰੰਗ-ਬਦਲਵਾਂ ਹੁੰਦਾ ਹੈ। ਸੰਕਟ ਦੀ ਘੜੀ ਜਜ਼ਬਾਤੀ ਹੋ ਕੇ ਰਬੜ ਵਾਂਗ ਖਿਚਾਅ ਵਿਚ ਆਇਆ ਮਨ ਸੰਕਟ ਤੋਂ ਥੋੜ੍ਹੀ ਦੂਰੀ ਬਣਦਿਆਂ ਰਬੜ ਵਾਂਗ ਹੀ ਫੇਰ ਆਪਣੀ ਥਾਂ ਉੱਤੇ ਆ ਜਾਂਦਾ ਹੈ। ਕੁਛ ਸਮਾਂ ਬੀਤਿਆ, ਜਗਦੀਪ ਦੇ ਪੈਰ ਉਹਨਾਂ ਹੀ ਰਾਹਾਂ ਉੱਤੇ ਤੁਰ ਪਏ। ਹੌਲ਼ੀ-ਹੌਲ਼ੀ ਉਹਦੇ ਚਿਹਰੇ ਦਾ ਪਹਿਲਾ ਰੰਗ ਤੇ ਜੀਵਨ ਦਾ ਪਹਿਲਾ ਢੰਗ, ਦੋਵੇਂ ਪਰਤ ਆਏ।
