ਨੇਪਾਲ ਵਿਚਲੇ ਗੁਰਧਾਮਾਂ ਲਈ ਗੰਭੀਰ ਹੋਈ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ: ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਨਾਲ ਸਬੰਧਤ ਨੇਪਾਲ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਮੌਜੂਦਾ ਹਾਲਤ ਦਾ ਪਤਾ ਲਾਉਣ ਲਈ ਜਲਦੀ ਹੀ ਇਕ ਵਫਦ ਨੇਪਾਲ ਭੇਜੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਗੁਰਪੁਰਬ ਮਗਰੋਂ ਪੰਜ ਮੈਂਬਰੀ ਸਿੱਖ ਵਫਦ ਨੂੰ ਨੇਪਾਲ ਭੇਜਿਆ ਜਾਵੇਗਾ ਜੋ ਉਥੋਂ ਦੇ ਸਮੂਹ ਗੁਰਦੁਆਰਿਆਂ ਦੇ ਇਤਿਹਾਸ ਤੇ ਮੌਜੂਦਾ ਹਾਲਤ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਤਿਆਰ ਕਰੇਗਾ। ਉਨ੍ਹਾਂ ਆਖਿਆ ਕਿ ਨੇਪਾਲ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਲਏਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਭਵਿੱਖ ਵਿਚ ਇਹ ਵੀ ਯਤਨ ਕਰੇਗੀ ਕਿ ਜਿਵੇਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਭੇਜੇ ਜਾਂਦੇ ਹਨ। ਇੰਜ ਹੀ ਨੇਪਾਲ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਥਾ ਭੇਜਿਆ ਜਾ ਸਕੇ।
ਕਾਠਮੰਡੂ ਵਿਖੇ ਮੌਜੂਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ਼ਪੀæਐਸ਼ ਓਬਰਾਏ ਨੇ ਦੱਸਿਆ ਕਿ ਇਥੇ ਪੁਰਾਤਨ ਹੱਥ ਲਿਖਤ ਬੀੜ ਦੇ 1554 ਅੰਗ (ਪੰਨੇ) ਹਨ। ਇਥੇ ਹੋਰ ਵੀ ਕੁਝ ਪੁਰਾਤਨ ਸਰੂਪ ਹਨ ਪਰ ਇਨ੍ਹਾਂ ਦੀ ਹਾਲਤ ਮਾੜੀ ਹੈ ਅਤੇ ਕੁਝ ਦੇ ਅੰਗਾਂ ਨੂੰ ਸਿਉਂਕ ਲੱਗੀ ਹੋਈ ਹੈ। ਇਨ੍ਹਾਂ ਨੂੰ ਠੀਕ ਕਰਨ ਲਈ ਟਰਸਟ ਵਲੋਂ ਯਤਨ ਕੀਤੇ ਗਏ ਹਨ।
ਨੇਪਾਲ ਵਿਚ ਇਸ ਵੇਲੇ ਪੰਜ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਗੁਰਦੁਆਰਾ ਗੁਰੂ ਨਾਨਕ ਮੱਠ ਹੈ। ਇਹ ਗੁਰਦੁਆਰਾ ਕਾਠਮੰਡੂ ਸਥਿਤ ਬਾਲਾਜੂ ਵਿਖੇ ਹੈ ਅਤੇ ਗੁਰੂ ਨਾਨਕ ਦੇਵ ਦੀ ਤੀਜੀ ਉਦਾਸੀ ਨਾਲ ਸਬੰਧਤ ਹੈ। ਨੇਪਾਲ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਇਸ ਜਗ੍ਹਾ ‘ਤੇ ਠਹਿਰੇ ਸਨ ਅਤੇ ਉਨ੍ਹਾਂ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਵੇਲੇ ਦੇ ਨੇਪਾਲ ਦੇ ਰਾਜਾ ਜੈ ਜਗਤ ਮੱਲਾ ਨੇ ਧਾਰਮਿਕ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਕਈ ਏਕੜ ਜ਼ਮੀਨ ਵੀ ਭੇਟ ਕੀਤੀ ਸੀ। ਇਸ ਵੇਲੇ ਗੁਰਦੁਆਰਾ ਗੁਰੂ ਨਾਨਕ ਮੱਠ ਕੋਲ 7-8 ਏਕੜ ਜ਼ਮੀਨ ਹੈ ਜਦੋਂਕਿ ਬਾਕੀ ਜ਼ਮੀਨ ‘ਤੇ ਸਥਾਨਕ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।
ਨੇਪਾਲ ਵਿਚ ਇਸ ਵੇਲੇ ਤਕਰੀਬਨ 150 ਸਿੱਖ ਪਰਿਵਾਰ ਹਨ ਜਿਨ੍ਹਾਂ ਵਿਚੋਂ ਵਧੇਰੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਹਨ। ਇਨ੍ਹਾਂ ਵੱਲੋਂ ਹੀ ਇਥੇ ਗੁਰਦੁਆਰਿਆਂ ਨੂੰ ਚਲਾਇਆ ਜਾ ਰਿਹਾ ਹੈ ਜਦੋਂਕਿ ਇਨ੍ਹਾਂ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਸੰਪਰਦਾ ਦੇ ਮਹੰਤਾਂ ਦੇ ਹੱਥ ਹੈ। ਪੁਰਾਤਨ ਤੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਮੱਠ ਦਾ ਪ੍ਰਬੰਧ ਮਹੰਤ ਨੇਮ ਦਾਸ ਮੁਨੀ ਚਲਾ ਰਹੇ ਹਨ ਜਦੋਂਕਿ ਗੁਰਦੁਆਰਾ ਪ੍ਰਬੰਧ ਲਈ ਗੁਰੂ ਨਾਨਕ ਮੱਠ ਕਮੇਟੀ ਵੀ ਬਣਾਈ ਹੋਈ ਹੈ।
________________________________
ਕੈਲੀਫੋਰਨੀਆ ਦੀ ਸਿੱਖ ਜਥੇਬੰਦੀ ਵੱਲੋਂ ਕਾਰ ਸੇਵਾ
ਇਸੇ ਕਮੇਟੀ ਦੇ ਮੈਂਬਰ ਭਾਗ ਸਿੰਘ ਅਨੁਸਾਰ 2006 ਵਿਚ ਅਕਾਲ ਤਖ਼ਤ ਦੀ ਪ੍ਰਵਾਨਗੀ ਨਾਲ ਸਿੱਖ ਜਥੇਬੰਦੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ, ਕੈਲੀਫੋਰਨੀਆ ਵੱਲੋਂ ਇਥੇ ਗੁਰਦੁਆਰਿਆਂ ਦੀ ਸੰਭਾਲ ਦੀ ਉਸਾਰੀ ਦੇ ਕੰਮ ਕਰਾਏ ਗਏ ਸਨ। ਹੁਣ ਵੀ ਬਾਬਾ ਸ੍ਰੀ ਚੰਦ ਨਾਲ ਸਬੰਧਤ ਗੁਰਦੁਆਰੇ ਦੀ ਕਾਰ ਸੇਵਾ ਕਰਾਈ ਜਾ ਰਹੀ ਹੈ। ਇਸ ਜਥੇਬੰਦੀ ਨੇ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਬਾਰੇ ਅਧਿਐਨ ਕਰਨ ਮਗਰੋਂ ਇਥੇ ਗੁਰਪੁਰਬ ਮਨਾਉਣੇ ਤੇ ਮਰਿਆਦਾ ਦੀ ਬਹਾਲੀ ਦਾ ਕੰਮ ਸ਼ੁਰੂ ਕੀਤਾ ਹੈ। ਫਿਲਹਾਲ ਇਥੇ ਕੋਈ ਸਰਾਂ ਨਹੀਂ ਹੈ। ਇਸ ਲਈ ਸ਼ਰਧਾਲੂਆਂ ਦੀ ਰਿਹਾਇਸ਼ ਦਾ ਪ੍ਰਬੰਧ ਹੋਰ ਥਾਂਵਾਂ ‘ਤੇ ਕੀਤਾ ਜਾਂਦਾ ਹੈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਿਨ੍ਹਾਂ ਦੇ ਵੇਲੇ ਨੇਪਾਲ ਸਥਿਤ ਗੁਰਦੁਆਰਿਆਂ ਦੀ ਕਾਰ ਸੇਵਾ ਲਈ ਮਨਜ਼ੂਰੀ ਦਿੱਤੀ ਗਈ ਸੀ, ਦੇ ਨਿੱਜੀ ਸਹਾਇਕ ਪ੍ਰਿਥੀਪਾਲ ਸਿੰਘ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਮੱਠ ਵਿਖੇ ਸੱਤ ਪੁਰਾਤਨ ਹੱਥ ਲਿਖਤ ਸਰੂਪ ਤੇ 35 ਪੋਥੀਆਂ ਮੌਜੂਦ ਹਨ ਜਿਨ੍ਹਾਂ ਦਾ ਅਧਿਐਨ ਕਰਨ ਦੀ ਲੋੜ ਹੈ। ਹਾਲ ਹੀ ਵਿਚ ਦੁਬਈ ਦੇ ਧਨਾਢ ਸਿੱਖ ਐਸ਼ਪੀæਐਸ਼ ਓਬਰਾਏ ਨੇ ਵੀ ਨੇਪਾਲ ਦਾ ਦੌਰਾ ਕੀਤਾ ਹੈ ਤੇ ਉਨ੍ਹਾਂ ਸਰਬੱਤ ਦਾ ਭਲਾ ਟਰਸਟ ਰਾਹੀਂ ਉਥੇ ਗੁਰਦੁਆਰਿਆਂ ਦੀ ਕਾਰ ਸੇਵਾ ਕਰਾਉਣ ਦਾ ਦਾਅਵਾ ਕੀਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਥਾਨਕ ਸਿੱਖਾਂ ਵਿਚਾਲੇ ਰੋਸ ਹੈ। ਉਥੋਂ ਦੀ ਸਥਾਨਕ ਕਮੇਟੀ ਨੇ ਇਸ ਮਾਮਲੇ ਵਿਚ ਸਪਸ਼ਟ ਕੀਤਾ ਹੈ ਕਿ ਨੇਪਾਲ ਸਥਿਤ ਗੁਰਦੁਆਰਿਆਂ ਦੀ ਕਾਰ ਸੇਵਾ ਸਿਰਫ ਕੈਲੀਫੋਰਨੀਆ ਦੀ ਸਿੱਖ ਜਥੇਬੰਦੀ ਵੱਲੋਂ ਧਾਰਮਿਕ ਖਾਲਸਾ ਸਰਕਾਰ ਜਥੇਬੰਦੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
______________________________________
ਗੁਰਦੁਆਰਾ ਗੁਰੂ ਨਾਨਕ ਮੱਠ ਵਿਖੇ ਗੁਰਪੁਰਬ ਮਨਾਇਆ
ਕਾਠਮੰਡੂ (ਬਿਊਰੋ): ਦੇਸ਼ ਵਿਦੇਸ਼ ਤੋਂ ਆਏ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਇਥੇ ਗੁਰਦੁਆਰਾ ਨਾਨਕ ਮੱਠ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1554 ਪੰਨਿਆਂ ਵਾਲੇ ਸਰੂਪ ਦੇ ਦਰਸ਼ਨ ਦੀਦਾਰੇ ਕੀਤੇ। ਗੁਰਦੁਆਰਾ ਸਾਹਿਬ ਦੇ ਮੁਖੀ ਮਹੰਤ ਦਾਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਰਸ਼ਨਾਂ ਲਈ ਪਾਲਕੀ ਉਪਰ ਸੁਸ਼ਭਿਤ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਮੁਕੰਮਲ ਕੀਤਾ ਗਿਆ।
ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ ਪੀ ਐਸ ਓਬਰਾਏ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਦੀ ਹਾਲਤ ਕਾਫੀ ਅੱਛੀ ਹੈ ਪਰ ਨਾਲ ਹੀ ਕਿਹਾ ਕਿ ਇਥੋਂ ਕਰੀਬ ਪੰਜ ਕਿਲੋਮੀਟਰ ਦੂਰ ਸ਼ੋਭਾਵਤੀ ਸਥਿਤ ਇਕ ਹੋਰ ਗੁਰੂ ਨਾਨਕ ਮੱਠ ਗੁਰਦੁਆਰੇ ਵਿਚ ਮੌਜੂਦ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪਾਂ ਦੇ ਕਈ ਕਈ ਪੰਨੇ ਸਿਓਂਕ ਲੱਗ ਜਾਣ ਕਾਰਨ ਕਾਫੀ ਖਰਾਬ ਹਾਲਤ ਵਿਚ ਹਨ। ਸਿੱਖ ਸ਼ਰਧਾਲੂ ਇਸ ਗੁਰਦੁਆਰੇ ਵਿਚ ਪਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਦਰਸ਼ਨਾਂ ਲਈ ਵੀ ਪਹੁੰਚੇ। ਇਸ ਸਮਾਗਮ ਦਾ ਸਾਰਾ ਪ੍ਰਬੰਧ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ (ਨੇਪਾਲ) ਵਲੋਂ ਕੀਤਾ ਗਿਆ ਕਿਉਂਕਿ ਨੇਪਾਲ ਸਰਕਾਰ ਨੇ ਇਸ ਟਰਸਟ ਨਾਲ ਇਸ ਸਬੰਧੀ ਸੰਧੀ ਪੱਤਰ ਉਤੇ ਦਸਤਖਤ ਕੀਤੇ ਹਨ।
ਇਸ ਸਮਾਗਮ ਦੌਰਾਨ ਪੰਜਾਬ ਦੇ ਸਾਬਕਾ ਡੀ ਜੀ ਪੀ ਮਹਿਲ ਸਿੰਘ ਭੁੱਲਰ, ਦੁਬਈ ਦੇ ਸਮਾਜ ਸੇਵੀ ਅਤੇ ਸਰਬਤ ਦਾ ਭਲਾ ਟਰਸਟ (ਇੰਡੀਆ ਅਤੇ ਨੇਪਾਲ) ਦੇ ਮੁਖੀ ਐਸ ਪੀ ਐਸ ਓਬਰਾਏ, ਸ੍ਰੀ ਗੁਰੂ ਸਿੰਘ ਸਭਾ ਕਾਠਮੰਡੂ ਦੇ ਪ੍ਰਧਾਨ ਪ੍ਰੀਤਮ ਸਿੰਘ, ਜਨਰਲ ਸਕੱਤਰ ਪ੍ਰੇਮ ਸਿੰਘ, ਮਹਿੰਦਰ ਸਿੰਘ, ਹਰਪਾਲ ਸਿੰਘ ਪਾਲੀ, ਗੱਜਣ ਸਿੰਘ, ਰਵਿੰਦਰ ਸਿੰਘ ਸੇਠੀ, ਅਜੀਤ ਸਿੰਘ, ਹਰਚਰਨ ਸਿੰਘ ਭੁੱਲਰ (ਆਈ ਪੀ ਐਸ), ਪਟਿਆਲਾ ਡਵੀਜ਼ਨ ਦੇ ਸਾਬਕਾ ਕਮਿਸ਼ਨਰ ਐਸ ਕੇ ਆਹਲੂਵਾਲੀਆ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।

Be the first to comment

Leave a Reply

Your email address will not be published.