ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ! ਕਿਵੇਂ ਭਲਾ…

ਅਮਰਜੀਤ ਗਰੇਵਾਲ
‘ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ’
ਇਹ ਕਾਵਿ ਸਤਰਾਂ ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ਜਵਾਨ ਪੰਜਾਬ ਦੇ’ ਵਿਚੋਂ ਲਈਆਂ ਗਈਆਂ ਹਨ, ਜੋ ਉਨ੍ਹਾਂ ਦੀ 1922 ਵਿਚ ਛਪੀ ਪੁਸਤਕ ‘ਖੁਲ੍ਹੇ ਮੈਦਾਨ’ ਵਿਚ ਦਰਜ ਹੈ। ਜਿਸ ਪੰਜਾਬ ਬਾਰੇ ਪ੍ਰੋ. ਸਾਹਿਬ ਨੇ ਇਹ ਕਾਵਿ ਸਤਰਾਂ ਲਿਖੀਆਂ, ਉਹ ਪੰਜਾਬ ਅੱਜ ਵਾਲਾ 50,362 ਵਰਗ ਕਿਲੋਮੀਟਰ ਵਿਚ ਸੁੰਗੜਿਆ ਸਿਖ ਬਹੁਗਿਣਤੀ ਵਾਲਾ ਪੰਜਾਬ ਨਹੀਂ ਸੀ। ਸੁਲੇਮਾਨ ਪਹਾੜੀਆਂ ਤੋਂ ਲੈ ਕੇ ਜਮੁਨਾ ਦਰਿਆ ਤੱਕ 12 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਸਿਖ ਘੱਟ ਗਿਣਤੀ ਵਾਲਾ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਸੂਬਾ ਸੀ।

ਸਨ 1947 ਵਿਚ ਜਦੋਂ ਪੰਜਾਬ ਦੀ ਵੰਡ ਹੋਈ, ਸਿਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਦੇਖਿਆ ਕਿ ਪੰਜਾਬ ਦੇ ਕਿਸੇ ਵੀ ਹਿਸੇ ਵਿਚ ਸਿੱਖਾਂ ਦੀ ਬਹੁ-ਗਿਣਤੀ ਨਹੀਂ ਸੀ। ਇਸ ਲਈ ਉਹ ਸੰਪਰਦਾਇਕ ਲੀਹਾਂ ਉਪਰ ਵੰਡੇ ਜਾ ਰਹੇ ਹਿੰਦੋਸਤਾਨ ਵਿਚ ਕਿਸੇ ਵੀ ਅਜਿਹੇ ਖਿਤੇ ਦੀ ਨਿਸ਼ਾਨਦੇਹੀ ਨਹੀਂ ਸਨ ਕਰ ਸਕਦੇ, ਜਿਥੇ ਪਾਕਿਸਤਾਨ ਦੀਆਂ ਲੀਹਾਂ `ਤੇ ਸਿੱਖਾਂ ਲਈ ਵੱਖਰੇ ਮੁਲਕ ਦਾ ਨਿਰਮਾਣ ਕੀਤਾ ਜਾ ਸਕਦਾ। ਸਿੱਖ ਲੀਡਰਸ਼ਿਪ ਪੰਜਾਬ ਦੀ ਵੰਡ ਅਤੇ ਜਨਸੰਖਿਆ ਦੇ ਤਬਾਦਲੇ ਲਈ ਸਹਿਮਤ ਹੋ ਗਈ। ਪੰਜਾਬ ਦੋ ਹਿਸਿਆਂ ਵਿਚ ਵੰਡਿਆ ਗਿਆ। ਅਣਵੰਡੇ ਪੰਜਾਬ ਦੇ 29 ਜ਼ਿਲਿ੍ਹਆਂ ਵਿਚੋਂ 16 ਪਾਕਿਸਤਾਨ ਵਿਚ ਜਾ ਕੇ ਮੁਸਲਿਮ ਪੰਜਾਬ ਵਿਚ ਰੂਪਾਂਤ੍ਰਿਤ ਹੋ ਗਏ। ਬਾਕੀ ਦੇ 13 ਜ਼ਿਲ੍ਹੇ ਭਾਰਤ ਵਿਚ ਰਹਿ ਗਏ। ਪੁਰਾਣੇ ਪੰਜਾਬ ਦੇ ਇਸ 33 ਪ੍ਰਤੀਸ਼ਤ ਹਿਸੇ ਅੰਦਰ ਵੀ ਸਿਖ ਬਹੁਗਿਣਤੀ ਵਿਚ ਨਹੀਂ ਸਨ। ਅਕਾਲੀ ਦਲ ਦੀ ਸਰਕਾਰ ਬਣਨ ਵਿਚ ਦਿੱਕਤਾਂ ਸਨ।
ਪਹਿਲੀ ਨਵੰਬਰ 1966 ਨੂੰ ਬੋਲੀ ਦੇ ਆਧਾਰ `ਤੇ ਪੰਜਾਬ ਦੇ ਪਹਾੜੀ ਇਲਾਕਿਆਂ ਨੂੰ ਹਿਮਾਚਲ ਵਿਚ ਸ਼ਾਮਲ ਕਰਕੇ ਅਤੇ ਦੱਖਣੀ ਜ਼ਿਲਿ੍ਹਆਂ ਦਾ ਇਕ ਵੱਖਰਾ ਰਾਜ ਹਰਿਆਣਾ ਸਥਾਪਤ ਕਰਕੇ, ਅਕਾਲੀ ਦਲ ਦੀ ਮੰਗ `ਤੇ ਪੰਜਾਬ ਨੂੰ ਸਿਖ ਬਹੁਗਿਣਤੀ ਵਾਲਾ ਪੰਜਾਬੀ ਬੋਲਦਾ ਇਕ ਭਾਸ਼ੀ ਸੂਬਾ ਬਣਾ ਦਿਤਾ ਗਿਆ। ਕੀ ਸ਼੍ਰੋਮਣੀ ਅਕਾਲੀ ਦਲ ਦੀਆਂ ਰਾਜਸੀ ਆਕਾਂਖਿਆਵਾਂ ਵਿਚੋਂ ਪੈਦਾ ਹੋਏ, ਇਸ ਨਿੱਕੇ ਜਿਹੇ ਸਿਖ ਬਹੁਗਿਣਤੀ ਵਾਲੇ ਖਿਤੇ ਨੂੰ, ਗੁਰਾਂ ਦੇ ਨਾਮ `ਤੇ ਜੀਣ ਵਾਲਾ ਪੰਜਾਬ ਆਖਿਆ ਜਾ ਸਕਦਾ ਹੈ? ਜੇ ਨਹੀਂ ਤਾਂ ਕਿਉਂ ਨਹੀਂ, ਇਹ ਕੇਵਲ ਸੁਆਲ ਹੀ ਨਹੀਂ, ਚੁਣੌਤੀ ਵੀ ਹੈ। ਨਿਰਸੰਦੇਹ ਇਹ ਸ਼੍ਰੋਮਣੀ ਅਕਾਲੀ ਦਲ ਦੁਆਰਾ ਆਪਣੀਆਂ ਸਰਕਾਰਾਂ ਦੌਰਾਨ, ਗੁਰਮਤਿ ਸਿਧਾਂਤਾਂ ਰਾਹੀਂ ਉਸਾਰਿਆ ਜਾ ਰਿਹਾ ਪੰਜਾਬ ਨਹੀਂ ਹੈ। ਪੱਛਮੀ ਉਦਾਰ ਜਮਹੂਰੀਅਤ ਦੇ ਆਧੁਨਿਕਤਾਵਾਦੀ ਸਿਧਾਂਤਾਂ ਰਾਹੀਂ ਨਿਰਮਿਤ ਹੋ ਰਿਹਾ ਪੰਜਾਬ ਹੈ। ਪਿਆਰ ਦੀ ਉਹ ਜੋਤ ਜੋ ਗੁਰਾਂ ਨੇ ਕੇਵਲ ਸਾਡੇ ਦਿਲਾਂ ਵਿਚ ਹੀ ਨਹੀਂ, ਸਗੋਂ ਪੰਜਾਬ ਦੇ ਪਹਾੜਾਂ, ਦਰਿਆਵਾਂ, ਬਨਸਪਤੀ, ਪਸ਼ੂ ਪੰਛੀਆਂ, ਜੰਗਲ ਬੇਲਿਆਂ, ਬਾਗ ਬਗੀਚਿਆਂ, ਖੇਤਾਂ, ਸੁੰਦਰ ਮੁਟਿਆਰਾਂ, ਗੱਭਰੂ ਛੈਲ ਛਬੀਲਿਆਂ, ਕਿਸਾਨਾਂ-ਮਜ਼ਦੂਰਾਂ, ਆਦਿ ਸਭ ਵਿਚ ਜਗਾਈ ਜਾਂ ਜਗਾਣੀ ਚਾਹੀ ਸੀ, ਉਸ ਜੋਤ ਦਾ ਕੀ ਬਣਿਆ:
ਮਾਣੀ ਮਾਣੀ ਤੂੰ ਆਪਣਾ ਸਿਦਕ ਤੇ ਸਿਖੀ,
ਮਾਣੀ ਤੂੰ ਆਪਣਾ ਪਿਆਰ ਉਚਾ ਉਹ ਗੁਰਾਂ ਵਾਲਾ ਸਦਕੇ।
ਗੰਢ ਪਾਈਂ ਇਹ ਤੂੰ ਪੀਡੀ,
ਰੱਖੀਂ ਟੇਕ ਤੂੰ ਸਾਰੀ ਆਪਣੀ ਸੱਚੀ ਸਰਕਾਰ `ਤੇ।
ਜਗਾਈਂ ਜਗਾਈਂ ਉਹ ਲਾਟ, ਵੇ ਲਾਲਾ।
ਬੁਝਣ ਦੇਈਂ ਨਾਂਹ ਜੋਤ ਜਿਹੜੀ ਗੁਰਾਂ ਆਣ ਸਥਾਪੀ ਤੇਰੇ ਵਿਚ,
ਦੇਖ ਜਿਹੜੀ ਬਲ ਰਹੀ ਤੇਰੇ ਦਰਿਆਵਾਂ ਦੇ ਦਿਲ ਵਿਚ,
ਉਹ ਦੇਖ ਜਿਹੜੀ ਚਮਕ ਰਹੀ ਹਿਮਾਲਾ ਦੀਆਂ ਜੋਤਾਂ ਵਿਚ,
ਉਹ ਦੇਖ, ਖੋਲ੍ਹ ਦਿਲ ਦਾ ਬੂਹਾ,
ਜਿਹੜੀ ਗੁਰਾਂ ਦੀ ਮਿਹਰ ਨਾਲ ਲਟ ਲਟ, ਬਲ ਰਹੀ ਤੇਰੇ ਆਪਣੇ ਅੰਦਰ॥
ਮੈਂ ਇਹ ਨਹੀਂ ਆਖ ਰਿਹਾ ਕਿ ਪੂਰਨ ਸਿੰਘ ਦੇ ਸਮਿਆਂ ਵਿਚ ਗੁਰਾਂ ਦੁਆਰਾ ਸਥਾਪੀ ਇਹ ਲਾਟ ਲਟ-ਲਟ ਬਲ ਰਹੀ ਸੀ। ਇਹ ਬਸਤੀਵਾਦ ਦਾ ਸਮਾਂ ਸੀ; ਬਲ ਵੀ ਕਿੰਝ ਸਕਦੀ ਸੀ। ਇਸੇ ਲਈ ਤਾਂ ਪੂਰਨ ਸਿੰਘ ਉਸ ਪੁਰਾਣੇ ਪੰਜਾਬ ਨੂੰ ਕੂਕਾਂ ਮਾਰ ਰਿਹਾ ਹੈ:
ਆ ਪੰਜਾਬ ਪਿਆਰ ਤੂੰ ਮੁੜ ਆ।
ਆ ਸਿਖ ਪੰਜਾਬ ਤੂੰ ਘਰ ਆ।
ਉਸ ਪੰਜਾਬ ਦੇ ਨਿਰਮਾਣ ਲਈ ਹੋਕਾ ਦੇ ਰਿਹਾ ਹੈ ਜਿਥੇ ਗੁਰਾਂ ਦੁਆਰਾ ਸਥਾਪਤ ਕੀਤੀ ਆਜ਼ਾਦੀ, ਬਰਾਬਰੀ ਅਤੇ ਪਿਆਰ ਵਾਲੀ ਇਹ ਲਾਟ ਲਟ-ਲਟ ਬਲ ਸਕੇ। ਬਸਤੀਵਾਦੀ ਸਮਾਂ ਗੁਜ਼ਰ ਗਿਆ। ਅਸੀਂ ਗੁਲਾਮੀ ਦੀ ਇਕ ਕੈਦ ਵਿਚੋਂ ਨਿਕਲ ਕੇ ਦੂਜੀ ਵਿਚ ਫਸ ਗਏ ਹਾਂ। ਪਹਿਲਾਂ ਅਸੀਂ ਕਿਸੇ ਦੇ ਗੁਲਾਮ ਹੁੰਦੇ ਸੀ। ਹੁਣ ਅਸੀਂ ਆਪਣੀਆਂ ਹੀ ਆਕਾਂਖਿਆਵਾਂ ਦੇ ਗੁਲਾਮ ਹੋ ਗਏ ਹਾਂ। ਮਾਲਕ ਅਤੇ ਗੁਲਾਮ ਦੋਨੋਂ ਸਾਡੇ ਸਭਨਾਂ ਅੰਦਰ ਬਰਾਬਰ ਮੌਜੂਦ ਹਨ।
ਮੈਂ ਜੋ ਕਹਿਣਾ ਚਾਹ ਰਿਹਾ ਹਾਂ, ਉਹ ਇਹ ਹੈ ਕਿ ਸਾਡਾ ਵਰਤਮਾਨ ਪੰਜਾਬ ਬਾਰੇ ਸੁਪਨਾ ਉਹ ਨਹੀਂ, ਜੋ ਸੁਪਨਾ ਪੂਰਨ ਸਿੰਘ ਨੇ ਲਿਆ ਸੀ। ਅਸੀ ਉਸ ਤਰ੍ਹਾਂ ਦੇ ਪੰਜਾਬ ਦੀ ਕਲਪਨਾ ਨਹੀਂ ਕਰਦੇ ਜਿਹੋ ਜਿਹੇ ਪੰਜਾਬ ਦੀ ਕਲਪਨਾ ਪੂਰਨ ਸਿੰਘ ਨੇ ਕੀਤੀ ਸੀ। ਅਸੀਂ ਪੰਜਾਬ ਨੂੰ ਪ੍ਰੋ. ਪੂਰਨ ਸਿੰਘ ਵਾਂਗ ਨਹੀਂ, ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਇਮੈਜਿਨ ਕਰ ਰਹੇ ਹਾਂ। ਅਸੀਂ ਪ੍ਰੋ. ਪੂਰਨ ਸਿੰਘ ਦੇ ਸੁਪਨਿਆਂ ਦਾ ਨਹੀਂ, ਸਿੰਘ ਸਭਾ ਅਤੇ ਅਕਾਲੀ ਦਲ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਲੋਚਦੇ ਹਾਂ। ਪ੍ਰੋ. ਪੂਰਨ ਸਿੰਘ ਆਪਣੇ ਸੁਪਨਿਆਂ ਦੀ ਗੱਲ ਕਰਦੇ ਹੋਏ ਆਖਦੇ ਹਨ:
ਖਾੜ ਖਾੜ ਚੱਲਣ ਵਿਚ ਮੇਰੇ ਸੁਫਨਿਆਂ,
ਪੰਜਾਬ ਦੇ ਦਰਿਆ।
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ,
ਪਿਆਰਾ ਜਪੁ ਸਾਹਿਬ ਗਾਉਂਦੇ, ਠੰਡੇ ਤੇ ਠਾਰਦੇ, ਪਿਆਰਦੇ।
ਪ੍ਰੋ. ਪੂਰਨ ਸਿੰਘ ਦੇ ਦਰਿਆ ਵੀ ਕੇਵਲ ਪਿਆਰਾ ਜਪੁ ਸਾਹਿਬ ਹੀ ਗਾਉਂਦੇ ਹਨ; ਪਿਆਰੀ ਗੀਤਾ ਜਾਂ ਪਿਆਰੀ ਕੁਰਾਨ ਨਹੀਂ। ਪੰਜਾਬ ਵਿਚ ਕੇਵਲ ਸਿੱਖ ਹੀ ਨਹੀਂ, ਹਿੰਦੂ, ਮੁਸਲਮਾਨ, ਇਸਾਈ, ਬੋਧੀ, ਜੈਨੀ, ਆਦਿ ਵੱਖ-ਵੱਖ ਅਕੀਦਿਆਂ ਵਾਲੇ ਸਭ ਤਰ੍ਹਾਂ ਦੇ ਲੋਕ ਵਸਦੇ ਹਨ। ਫੇਰ ਕੇਵਲ ਸਿਖ ਪੰਜਾਬ ਦਾ ਹੋਕਾ ਹੀ ਕਿਉਂ। ਇਸ ਤਰ੍ਹਾਂ ਤਾਂ ਪੂਰਨ ਸਿੰਘ ਦੇ ਪੰਜਾਬ ਅਤੇ ਸਿੰਘ ਸਭਾ/ਅਕਾਲੀ ਦਲ ਦੇ ਪੰਜਾਬ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਨਿਰਸੰਦੇਹ ਦੋਨੋਂ ਧਿਰਾਂ ਸਿਖ-ਪੰਜਾਬ ਦਾ ਹੀ ਨਿਰਮਾਣ ਕਰਨਾ ਚਾਹੁੰਦੀਆਂ ਹਨ: ਸਿਖ-ਚੌਧਰ ਵਾਲੇ ਪੰਜਾਬ ਦਾ। ਪਰ ਦੋਨਾਂ ਦੀ ਸਿਖ-ਚੌਧਰ ਦੀ ਪਰਿਭਾਸ਼ਾ ਵਖੋ ਵਖਰੀ ਹੈ। ਪ੍ਰੋ. ਪੂਰਨ ਸਿੰਘ ਦੇ ਪ੍ਰੇਰਨਾ ਸ੍ਰੋਤ ਸਿਖ ਸਿਧਾਂਤ ਹਨ ਜਦੋਂ ਕਿ ਅਕਾਲੀ ਦਲ ਦੀ ਰਾਜਨੀਤੀ ਦਾ ਆਧਾਰ ਪੱਛਮ ਦੇ ਆਧੁਨਿਕਤਾਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਸਿੰਘ ਸਭਾ ਲਹਿਰ।
ਪ੍ਰੋ. ਪੂਰਨ ਸਿੰਘ ਪੰਜਾਬ ਦੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਸਿਖ ਸਪਿਰਟ ਵਿਚ ਬੰਨ੍ਹਣਾ ਚਾਹੁੰਦੇ ਸਨ। ਇਸਦੇ ਉਲਟ, ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਪੰਜਾਬ ਵਿਚ ਸਿਖ ਲੀਡਰਸ਼ਿਪ ਦੀ ਚੌਧਰ/ ਹਕੂਮਤ ਸਥਾਪਤ ਕਰਨਾ ਸੀ। ਸਿਖ ਲੀਡਰਸ਼ਿਪ ਦੀ ਚੌਧਰ ਦਾ ਅਰਥ ਸਿਖ ਭਾਈਚਾਰੇ ਦੀ ਚੌਧਰ ਵੀ ਨਹੀਂ ਸੀ।
ਸਿਖ ਲੀਡਰਸ਼ਿਪ ਦੇ ਨਿਰਮਾਣ ਲਈ ਸਭ ਤੋਂ ਪਹਿਲਾਂ ਤਾਂ ਸਿਖ ਸਿਧਾਂਤਾਂ/ਸਿਖ ਸਪਿਰਟ ਦੀ ਥਾਂ `ਤੇ ਸਿਖ ਰਹਿਤ-ਮਰਯਾਦਾ ਨੂੰ ਸਿਖ ਪਹਿਚਾਣ ਦਾ ਆਧਾਰ ਬਣਾਇਆ ਗਿਆ। ਫੇਰ ਇਸ ਪਹਿਚਾਣ ਦੇ ਆਧਾਰ `ਤੇ ਸਿਖਾਂ ਦੀ ਅੰਦਰੂਨੀ (ਆਰਥਕ-ਰਾਜਨੀਤਕ ਅਤੇ ਸਭਿਆਚਾਰਕ) ਵੰਨ-ਸੁਵੰਨਤਾ ਰੌਂਦ ਕੇ ਉਨ੍ਹਾਂ ਨੂੰ ਇਕ ਹੋਮੋਜੀਨੀਅਸ ਭਾਈਚਾਰੇ ਵਿਚ ਰੂਪਾਂਤ੍ਰਿਤ ਕਰ ਦਿਤਾ ਜਾਂਦਾ ਹੈ। ਆਪਣੇ ਆਪ ਨੂੰ ਸਹਿਜਧਾਰੀ ਸਿਖ ਮੰਨਣ ਵਾਲੇ ਪੰਜਾਬ ਦੇ ਉਹ ਲੋਕ ਜੋ ਇਸ ਨਵੀਂ ਸਿੰਘ ਸਭਾਈ ਪਰਿਭਾਸ਼ਾ ਵਿਚ ਫਿਟ ਨਹੀਂ ਸਨ ਬੈਠਦੇ, ਅਚਾਨਕ ਹੀ ਗੈਰ-ਸਿਖ ਹੋ ਕੇ ‘ਹੋਰ’ ਹੋ ਗਏ। ਕਿਉਂਕਿ ਪੰਜਾਬ ਵਿਚ ਇਸ ਨਵੀਂ ਪਹਿਚਾਣ ਵਾਲੇ ਸਿਖਾਂ ਦੀ ਬਹੁਗਿਣਤੀ ਸੀ, ਇਸ ਲਈ ਸਿਖ ਸਿਧਾਂਤਾਂ/ਸਿਖ ਸਪਿਰਟ ਤੋਂ ਸੱਖਣੀ ਇਲੀਟ ਲੀਡਰਸ਼ਿਪ ਨੇ ਗਿਣਤੀ ਦੇ ਆਧਾਰ `ਤੇ ਪੰਜਾਬ ਨੂੰ ਸਿਖ ਭਾਈਚਾਰੇ ਦੇ ਹੋਮਲੈਂਡ ਵਜੋਂ ਕਲਪਿਤ ਕਰਨਾ ਸ਼ੁਰੂ ਕਰ ਦਿਤਾ। ਅਕਾਲੀ ਦਲ ਦਾ ਸਮੁਚਾ ਇਤਿਹਾਸ ਅਜਿਹੇ ਖਿਤੇ/ ਹੋਮਲੈਂਡ ਦੇ ਨਿਰਮਾਣ ਦਾ ਹੀ ਇਤਿਹਾਸ ਹੈ। ਸਿਖ ਸਪਿਰਟ ਨੂੰ ਦਰ ਕਿਨਾਰ ਕਰਕੇ ਉਹ ਸਿਖ ਬਹੁਗਿਣਤੀ ਵਾਲੇ ਪੰਜਾਬੀ ਖਿਤੇ ਦਾ ਨਿਰਮਾਣ ਕਰ ਵੀ ਲੈਂਦੇ ਹਨ। ਪਰ ਉਹ ਖਿਤਾ ਸਿਖ ਲੀਡਰਸ਼ਿਪ ਦੀਆਂ ਝੋਲੀਆਂ ਭਰਦਾ-ਭਰਦਾ ਆਪ ਹਰ ਪੱਖੋਂ ਗਰੀਬ ਹੁੰਦਾ ਚਲਾ ਗਿਆ।
ਪ੍ਰੋ. ਪੂਰਨ ਸਿੰਘ ਦਾ ਪਰਾਜੈਕਟ ਇਸ ਤੋਂ ਬਿਲਕੁਲ ਵੱਖਰਾ ਹੈ। ਉਹ ਵੱਖਰੀ ਤਰ੍ਹਾਂ ਦੇ ਹੈਜਮੌਨਿਕ ਪ੍ਰਵਚਨਾਂ ਦਾ ਨਿਰਮਾਣ ਕਰਦੇ ਹਨ। ਪ੍ਰੋ. ਪੂਰਨ ਸਿੰਘ ਦੇ ਪ੍ਰਵਚਨਾਂ ਦੀ ਗੱਲ ਕਰਨ ਤੋਂ ਪਹਿਲਾਂ, ਹੈਜਮਨੀ ਕੀ ਹੈ, ਇਸ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੋ ਜਾਂਦਾ ਹੈ।
ਪ੍ਰੋ. ਪੂਰਨ ਸਿੰਘ (1881-1931) ਦੇ ਸਮਕਾਲੀ ਅਨਤੋਨੀਓ ਗਰਾਮਸ਼ੀ (1891-1937) ਦੇ ਹੈਜਮਨੀ ਦੇ ਸਿਧਾਂਤ ਅਨੁਸਾਰ ਕੋਈ ਧਿਰ ਕੇਵਲ ਇਸੇ ਲਈ ਹੀ ਸੱਤਾ ਵਿਚ ਨਹੀਂ ਟਿਕੀ ਹੁੰਦੀ ਕਿ ਉਸਨੇ ਸਬੰਧਤ ਮੁਲਕ/ਸੂਬੇ ਦੇ ਆਰਥਕ ਢਾਂਚੇ ਅਤੇ ਰਾਜ ਪ੍ਰਬੰਧ ਉਪਰ ਕਬਜ਼ਾ ਕੀਤਾ ਹੋਇਆ ਹੁੰਦਾ ਹੈ। ਉਸਨੇ ਲੋਕਾਂ ਦੇ ਮਨਾਂ ਨੂੰ ਵੀ ਕਾਬੂ ਕੀਤਾ ਹੁੰਦਾ ਹੈ। ਮਨਾਂ ਦੇ ਇਸ ਕੰਟਰੋਲ ਕਰਕੇ ਹੀ ਲੋਕ ਉਸ ਧਿਰ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਸਮਾਜ ਦੀ ਸਾਂਝੀ ਸੋਚ, ਆਸ਼ਿਆਂ ਅਤੇ ਮੁੱਲਾਂ ਦੇ ਰੂਪ ਵਿਚ ਅਪਣਾਉਂਦੇ ਹਨ। ਲੋਕਾਂ ਦੇ ਮਨਾਂ ਉਪਰ ਰਾਜ ਕਰਨ ਵਾਲੀ ਇਸ ਸਭਿਆਚਾਰਕ ਸ਼ਕਤੀ ਨੂੰ ਹੀ ਹੈਜਮਨੀ ਦਾ ਨਾਮ ਦਿਤਾ ਗਿਆ ਹੈ।
ਪ੍ਰੋ. ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਿਤ ਹੋ ਰਹੇ ਆਧੁਨਿਕਤਾਵਾਦੀ ਸਮਾਜ ਵਿਚ ਘੱਟ ਗਿਣਤੀ ਸਿਖ ਭਾਈਚਾਰੇ ਦੀ ਓਨੀ ਦੇਰ ਤੱਕ ਚੌਧਰ ਸਥਾਪਤ ਨਹੀਂ ਹੋ ਸਕਦੀ, ਜਿੰਨੀ ਦੇਰ ਤੱਕ ਉਹ ਬਹੁ-ਧਰਮੀ, ਬਹੁ-ਜਾਤੀ, ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਪੰਜਾਬੀ ਭਾਈਚਾਰੇ ਦੇ ਮਨਾਂ ਨੂੰ ਸਿਖ ਸਿਧਾਂਤਾਂ ਅਤੇ ਸਿਖ ਸਪਿਰਟ ਦੇ ਆਸ਼ਿਆਂ ਨਾਲ ਜਿੱਤ ਨਹੀਂ ਲੈਂਦੇ। ਪ੍ਰੋ. ਸਾਹਿਬ ਜਾਣਦੇ ਸਨ ਕਿ ਉਹ ਪੰਜਾਬੀ ਸਮਾਜ ਦੇ ਵਖਰੇਵਿਆਂ ਨੂੰ ਤਾਂ ਦੂਰ ਨਹੀਂ ਕਰ ਸਕਦੇ। ਕਰਨੇ ਵੀ ਨਹੀਂ ਚਾਹੀਦੇ। ਗੁਰੂ ਨਾਨਕ ਸਾਹਿਬ ਨੇ ਤਾਂ ਹਿੰਦੂਆਂ ਨੂੰ ਚੰਗੇ ਹਿੰਦੂ ਅਤੇ ਮੁਸਲਮਾਨਾਂ ਨੂੰ ਨੇਕ ਮੁਸਲਮਾਨ ਬਣਨ ਦਾ ਹੀ ਸੁਨੇਹਾ ਦਿੱਤਾ ਸੀ। ਕੇਵਲ ਏਨਾ ਹੀ ਨਹੀਂ, ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਦੂਸਰੇ ਦੇ ਦੂਸਰੇਪਣ ਦੀ ਸੁਰੱਖਿਆ ਅਤੇ ਆਜ਼ਾਦੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ, ਉਨ੍ਹਾਂ ਦੇ ਸਿਖ ਇਨ੍ਹਾਂ ਵਖਰੇਵਿਆਂ ਨੂੰ ਮਿਟਾਉਣ ਬਾਰੇ ਭਲਾ ਸੋਚ ਵੀ ਕਿਵੇਂ ਸਕਦੇ ਸਨ। ਇਸ ਲਈ ਪ੍ਰੋ. ਸਾਹਿਬ ਪੰਜਾਬ ਅੰਦਰ ਹਰਮਨ-ਪਿਆਰੇ ਕਿਰਦਾਰ ਵਾਲੀ, ਇਕ ਸਰਬ-ਸਾਂਝੀ ‘ਸਮੂਹਿਕ ਇਛਾ’ ਦਾ ਨਿਰਮਾਣ ਕਰਨ ਲਈ, ਸਿਖ ਸਿਧਾਂਤਾਂ ਦੇ ਆਧਾਰ `ਤੇ, ਸਿਖ ਕੌਣ ਹੈ, ਦੀ ਪਰਿਭਾਸ਼ਾ ਨੂੰ ਹੀ ਵਿਸਤਾਰ ਦਿੰਦੇ ਹਨ।
ਗਰਾਮਸ਼ੀ ਸੋਚਦੇ ਸਨ ਕਿ ਕਿਸੇ ਵੀ ਸਮਾਜ ਅੰਦਰ ਆਪਣੀ ਚੌਧਰ ਦੀ ਸਥਾਪਨਾ ਲਈ ਉਸ ਸਮਾਜ ਦੀਆਂ ਸੱਭੇ ਧਿਰਾਂ ਸੰਘਰਸ਼ ਕਰਦੀਆਂ ਹਨ। ਪਰ ਸਫਲ ਉਹੋ ਧਿਰ ਹੁੰਦੀ ਹੈ ਜੋ ਹਰਮਨ-ਪਿਆਰੇ ਕਿਰਦਾਰ ਵਾਲੀ ਸਮੂਹਿਕ ਇਛਾ ਦਾ ਨਿਰਮਾਣ ਕਰ ਲਵੇ। ਪ੍ਰੋ. ਪੂਰਨ ਸਿੰਘ ਸਿਖ ਸਿਧਾਂਤਾਂ ਉਪਰ ਟਿਕੀ ਸਿਖ ਸਪਿਰਟ ਦੇ ਰੂਪ ਵਿਚ ਇਕ ਅਜਿਹੀ ਆਰਗੈਨਿਕ ਵਿਚਾਰਧਾਰਾ ਦਾ ਹੀ ਨਿਰਮਾਣ ਕਰ ਰਹੇ ਸਨ, ਜੋ ਸਮੂਹ ਪੰਜਾਬੀਆਂ ਨੂੰ ਸੰਗਠਿਤ ਕਰਕੇ ਇਕ ਨਵੇਂ ਯੁਗ ਦਾ ਨਿਰਮਾਣ ਕਰ ਸਕੇ।
ਆਪਣੇ ਇਸ ਹੈਜਮੌਨਿਕ ਪਰਾਜੈਕਟ ਦੀ ਰੂਪ-ਰੇਖਾ ਤਿਆਰ ਕਰਦੇ ਸਮੇਂ ਜਿਹੜੇ ਚਾਰ ਪਰਾਜੈਕਟਾਂ ਦੀ ਪ੍ਰੋ. ਸਾਹਿਬ ਡੂੰਘੀ ਘੋਖ ਪੜਤਾਲ ਕਰਦੇ ਹਨ, ਉਹ ਇਸ ਪ੍ਰਕਾਰ ਹਨ: ਨੰਬਰ ਇਕ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਪਿਛੇ ਕੰਮ ਕਰ ਰਿਹਾ ਹੈਜਮੌਨਿਕ ਪਰਾਜੈਕਟ; ਨੰਬਰ ਦੋ, ਅੰਗਰੇਜ਼ੀ ਰਾਜ ਦਾ ਬਸਤੀਵਾਦੀ ਪਰਾਜੈਕਟ; ਨੰਬਰ ਤਿੰਨ ਅੰਮ੍ਰਿਤਸਰ ਸਿੰਘ ਸਭਾ ਦੁਆਰਾ ਸਨਾਤਨੀ ਪ੍ਰੰਪਰਾ ਦੀ ਸਾਂਭ ਸੰਭਾਲ ਦਾ ਪਰਾਜੈਕਟ ਅਤੇ ਨੰਬਰ ਚਾਰ, ਪੰਜਾਬ ਦੇ ਪਿੰਡਾਂ ਦੀ ਲੋਕ ਧਾਰਾਈ ਪ੍ਰੰਪਰਾ। ਉਹ ਦਰਅਸਲ ਆਜ਼ਾਦੀ ਅਤੇ ਬਰਾਬਰੀ ਵਰਗੇ ਸਿਖ ਸਿਧਾਂਤਾਂ ਅਤੇ ਸਿਖ ਸਪਿਰਟ ਵਾਲੇ ਇਕ ਬਹੁ-ਧਰਮੀ, ਬਹੁ-ਸੰਸਕ੍ਰਿਤਕ, ਬਹੁ-ਭਾਸ਼ਾਈ, ਅਤੇ ਬਹੁ-ਸੰਪਰਦਾਇਕ ਪੰਜਾਬ ਦਾ ਸੁਪਨਾ ਦੇਖ ਰਹੇ ਸਨ:
ਕਿਸੇ ਰੂਮੀ ਟੋਪੀ ਲਾਲ ਬੁੰਬਲ ਕਾਲੇ ਵਾਲੀ ਪਾਈ ਹੈ,
ਇਹ ਕੋਈ ਈਰਾਨ ਦਾ, ਟਰਕੀ ਦਾ ਫੌਜ ਵਾਲਾ।
ਕਿਸੇ ਮਲਮਲ ਦਾ ਸਾਰਾ ਥਾਨ, ਵਾਂਗ ਚਿਟੀਆਂ ਲਹਿਰਾਂ ਸਿਰ `ਤੇ ਲਪੇਟਿਆ,
ਇਹ ਕੋਈ ਪੁਰਾਣੇ ਵੇਲੇ ਦਾ ਸ਼ਰੀਫ ਮੁਸਲਮਾਨ ਜ਼ਿਮੀਂਦਾਰ ਹੈ।
ਕਿਸੇ ਦਾ ਬਨਾਰਸੀ ਦੁਪੱਟਾ ਮਾਰੇ ਗੋਟੇ ਦੀ ਝਲਕ,
ਨਵਾਂ ਮਹਾਰਾਜ ਚਲਿਆ ਮੱਥਾ ਟੇਕਨ ਸਤਿਗੁਰ ਰਾਮਦਾਸ ਨੂੰ, ਧੰਨ ਗੁਰੂ ਰਾਮਦਾਸ ਨੂੰ!
ਕਿਧਰੇ ਸੁਹਣੀ ਸਿਖ ਪਗੜੀ ਸਿੱਧੀ ਬੱਧੀ ਦਿਸ ਆਉਂਦੀ।
ਨਵੀਆਂ ਨਵੀਆਂ ਕੁਤਰੀਆਂ ਤੇ ਮੁੰਨੀਆਂ ਦਾਹੜੀਆਂ ਦਿਸਦੀਆਂ।
ਹਿੰਦੂਆਂ ਤੇ ਮੁਸਲਮਾਨਾਂ ਦੇ ਸ਼ਰੀਫ ਚਿਹਰੇ, ਬੁਢੇ ਤੇ ਜਵਾਨ ਤੇ ਅੱਧਖੜ ਜਿਹੇ।
ਬਜ਼ਾਰ ਵਿਚ ਗਦਵਦ ਆਪੇ ਵਿਚ ਛੋਂਹਦੇ, ਖੜਕਦੇ, ਲੱਗਦੇ
ਸੁਹਣੇ ਨੱਕ, ਕਾਬਲੀ ਤੇ ਚੀਨੀ, ਤੇ ਹੁਨੀ ਤੇ ਈਰਾਨੀ ਯੂਨਾਨੀ ਸਾਰੇ ਮਿਲੇ ਜੁਲੇ,
ਸਭ ਗਦਗਦ ਹੁੰਦੇ ਇਸ ਚਲਦੇ ਸਮਾਜ ਵਿਚ।
ਮੁਸਲਮਾਨ, ਸਿਖ, ਹਿੰਦੂ, ਕੋਈ ਹੋਵੇ,
ਪੰਜਾਬ-ਗਲੀ ਦੀ ਸੱਚੀ ਸਜ ਸਾਰੀ, ਇਹ ਰਲੀ ਮਿਲੀ, ਮਿਲੀ ਜੁਲੀ।
ਇਸ ਵਖਰੇਵਿਆਂ ਭਰਪੂਰ ਪੰਜਾਬ ਵਿਚ ਸਿਖ ਚੌਧਰ ਦੀ ਸਥਾਪਨਾ ਵਾਸਤੇ ਉਹ ਪੰਜਾਬ ਨੂੰ ਅਕਾਲੀ ਦਲ ਵਾਂਗ ਛੋਟਾ ਕਰਨੇ ਦੀ ਥਾਂ ਸਿਖੀ ਨੂੰ ਮੋਕਲਾ ਕਰਕੇ ਸਭ ਨੂੰ ਆਪਣੀ ਬੁੱਕਲ ਵਿਚ ਲੈਣ ਦੇ ਹਾਮੀ ਸਨ। ਉਨ੍ਹਾਂ ਨੂੰ ਰਾਂਝਾ ਗੁਰੂ ਦਾ ਸਿਖ ਅਤੇ ਅਮਰੀਕੀ ਕਵੀ ਵਾਲਟ ਵਿਟਮੈਨ ਅਮਰੀਕਾ ਵਿਚ ਜੰਮਿਆ ਸਿਖ ਦਿਖਾਈ ਦਿੰਦੇ ਸਨ:
ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ,
ਸਤਿਗੁਰਾਂ ਦੇ ਸਿਖ ਨੂੰ ਪਾ ਹੱਥ ਰੋਇਆ।
ਆ-ਵੀਰਾ ਰਾਂਝਿਆ।
ਆ-ਭੈਣੇ ਹੀਰੇ।
ਸਾਨੂੰ ਛੱਡ ਨਾ ਜਾਵੋ,
ਬਿਨ ਤੁਸਾਂ ਅਸੀਂ ਸੱਖਣੇ।
ਤੇਰੀ ਬਾਂਸਰੀ ਦੀ ਸੱਦ,
ਅੱਗ ਪਈ ਲਾਉਂਦੀ ਹਵਾਵਾਂ ਨੂੰ, ਛਾਵਾਂ ਨੂੰ,
ਦਰੱਖਤ ਵੀ ਉਠ ਸਾਰੇ ਨੱਚਦੇ,
ਤੇਰੀ ਬਾਂਸਰੀ, ਇਕ ਮਨ ਸਾਰਾ, ਹੀਰ ਹੀਰ ਬੋਲਦੀ।
ਆ ਹੀਰੇ! ਦੇਖ ਤੇਰੇ ਪੱਤਣ ਆਣ ਅੱਜ ਉਤਰਿਆ,
ਇਕ ਪਾਤਸ਼ਾਹ ਦਿਲ ਦਾ;
ਜੋਗੀਆਂ ਵਾਲੇ ਰੇਖ ਉਸਦੇ,
ਕੁਝ ਅਗੰਮ ਦੇ ਲੇਖ ਉਸਦੇ, ਇਕ ਸੁਹਣਾ ਰੱਬ ਜਿਹਾ ਆਦਮੀ।
ਹੀਰ ਨੂੰ ਉਹ ‘ਤੂੰ ਧੀ ਪਾਤਸ਼ਾਹਾਂ ਦੀ’ ਆਖਦੇ ਹਨ ਅਤੇ ਸੋਹਣੀ ਦਾ ਬੁੱਤ ਉਨ੍ਹਾਂ ਨੂੰ ਕੌਮੀ ਨਿਸ਼ਾਨ ਪ੍ਰਤੀਤ ਹੁੰਦਾ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸੇ ਹੈਜਮੌਨਿਕ ਪਰਾਜੈਕਟ ਰਾਹੀਂ ਸਿਖ ਰਾਜ ਦੀ ਸਥਾਪਨਾ ਅਤੇ ਵਿਸਤਾਰ ਕੀਤਾ ਸੀ। ਸਿਖ ਰਾਜ ਨੇ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿਖਾਂ ਨੂੰ ਸਮਾਨੰਤਰ ਮਹੱਤਵ ਦਿੱਤਾ। ਉਦਾਸੀਆਂ ਅਤੇ ਨਿਰਮਲਿਆਂ ਨੂੰ ਆਪਣੇ ਵਿਸਤਾਰ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿਤੀਆਂ ਗਈਆਂ। ਸਭਨਾਂ ਧਰਮਾਂ ਨੂੰ ਸਮਾਨੰਤਰ ਰੁਤਬਾ ਪ੍ਰਾਪਤ ਸੀ। ਸਿੰਘ ਸਭਾ ਦੇ ਸ਼ੁਰੂਆਤੀ ਦੌਰ ਵਿਚ ਅੰਮ੍ਰਿਤਸਰ ਸਿੰਘ ਸਭਾ ਦੀ ਵੀ ਇਹੋ ਪਾਲਿਸੀ ਸੀ। ਮਾਨੋਲਿਥਕ ਪੰਥ ਦੀ ਧਾਰਨਾ ਨੂੰ ਬਹੁਤਾ ਮਹੱਤਵ ਪ੍ਰਾਪਤ ਨਹੀਂ ਸੀ।
ਇਹ ਤਾਂ 1873 ਵਿਚ ਕ੍ਰਿਸ਼ਚੀਅਨ ਮਿਸ਼ਨਰੀ ਸਕੂਲ ਦੇ ਇਕ ਸਿਖ ਵਿਦਿਆਰਥੀ ਦੇ ਇਸਾਈ ਧਰਮ ਗ੍ਰਹਿਣ ਕਰਨ ਦੀ ਖਬਰ ਨੇ ਜਦੋਂ ਸਿਖ ਭਾਈਚਾਰੇ ਵਿਚ ਹਲਚਲ ਪੈਦਾ ਕੀਤੀ, ਤਾਂ ਧਰਮ ਪਰਿਵਰਤਨ ਵਿਰੁਧ ਦਰਬਾਰ ਸਾਹਿਬ ਨਾਲ ਲਗਦੇ ਮਜੀਠੀਆਂ ਦੇ ਬੁੰਗੇ ਵਿਚ ਸਿਖ ਪਤਵੰਤਿਆਂ ਦੀ ਹੋਣ ਵਾਲੀ ਬੈਠਕ ਵਿਚ ਗਿਆਨੀ, ਗ੍ਰੰਥੀ, ਨਿਰਮਲੇ, ਉਦਾਸੀ, ਆਦਿ ਹਰ ਤਰ੍ਹਾਂ ਦੇ ਸਿਖ ਸ਼ਾਮਲ ਹੋਏ ਜਿਨ੍ਹਾਂ ਨੇ ਰਲ ਕੇ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ।
ਮੁਸਲਮਾਨ ਪੀਰ ਦੀ ਦਰਗਾਹ ਉਪਰ ਸਿਜਦਾ ਕਰਨ ਵਾਲੇ ਪੰਜਾਬੀ ਬੰਦੇ, ਜੋ ਦਰਬਾਰ ਸਾਹਿਬ ਅਤੇ ਮਾਤਾ ਦੇ ਦਰਸ਼ਨਾਂ ਨੂੰ ਵੀ ਓਨੀ ਹੀ ਸ਼ਰਧਾ ਨਾਲ ਜਾਂਦੇ ਸਨ, ਵਿਚਕਾਰ ਇਨ੍ਹਾਂ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਆਧੁਨਿਕਤਾਵਾਦੀ ਲਹਿਰਾਂ ਦੇ ਪ੍ਰਭਾਵ ਅਧੀਨ ਪੰਜਾਬੀ ਬੰਦੇ ਹਿੰਦੂ, ਸਿਖ ਅਤੇ ਮੁਸਲਿਮ ਕੌਮਾਂ ਵਿਚ ਸੰਗਠਿਤ ਹੋਣ ਲੱਗੇ। ਕੌਮੀ ਵੰਡੀਆਂ ਦੇ ਜ਼ੋਰ ਫੜਨ ਨਾਲ ਪੰਜਾਬ ਅਤੇ ਉਸਦੇ ਵਸੀਲਿਆਂ ਨੂੰ ਹਥਿਆਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਆਪੋ ਆਪਣੇ ਭਾਈਚਾਰਿਆਂ ਦੇ ਵਿਕਾਸ ਲਈ ਕੌਮੀ ਨਿਰਮਾਣ ਅਤੇ ਸੁਧਾਰ ਲਹਿਰਾਂ ਜ਼ੋਰ ਫੜਨ ਲੱਗ ਪਈਆਂ। ਵੱਖੋ-ਵੱਖਰੀਆਂ ਕੌਮਾਂ ਅੰਦਰ ਆਪੋ ਆਪਣੇ ਕੌਮੀ ਰਾਜਾਂ ਦੀ ਤਾਂਘ ਜਾਗ ਪਈ। ਸਿੰਘ ਸਭਾ ਲਹਿਰ ਦੁਆਰਾ ਜਗਾਈ ਇਸੇ ਬਸਤੀਵਾਦੀ ਭਾਵਨਾ ਵਿਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀ ਸੂਬਾ ਜਨਮ ਲੈਂਦੇ ਹਨ।
ਪੰਜਾਬ ਵਿਚ ਆਪਣੀ ਚੌਧਰ ਸਥਾਪਤ ਕਰਨ ਲਈ ਸਿਖ ਭਾਈਚਾਰੇ ਕੋਲ ਦੋ ਵਿਕਲਪ ਮੌਜੂਦ ਸਨ। ਇਕ ਸੀ ਪ੍ਰੋ. ਪੂਰਨ ਸਿੰਘ ਦੁਆਰਾ ਸੁਝਾਇਆ ਸਿਖ ਸਿਧਾਂਤਾਂ ਦੇ ਆਧਾਰ `ਤੇ ਸਿਖ ਸਪਿਰਟ ਵਾਲੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ ਜਿਸਨੂੰ ਉਹ ਪੰਜਾਬ ਪਿਆਰ ਅਤੇ ਸਿਖ ਪੰਜਾਬ ਦਾ ਨਾਮ ਦਿੰਦੇ ਹਨ। ਦੂਸਰਾ ਸੀ ਇਕ ਅਜਿਹੇ ਸਿਖ ਬਹੁਗਿਣਤੀ ਵਾਲੇ ਖਿੱਤੇ ਦੀ ਸਥਾਪਨਾ ਜਿਥੇ ਸਿਖ ਲੀਡਰਸ਼ਿਪ ਆਪਣੀ ਹਕੂਮਤ ਸਥਾਪਤ ਕਰ ਸਕੇ। ਅਕਾਲੀ ਦਲ ਨੇ ਸਿਖ ਸਪਿਰਟ ਦੀ ਥਾਂ ਸਿਖ ਲੀਡਰਸ਼ਿਪ ਦੀ ਚੌਧਰ ਵਾਲਾ ਰਾਹ ਅਪਣਾ ਕੇ ਕੇਵਲ ਆਪਣੇ ਆਪ ਨੂੰ ਹੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਵੀ ਇਸਦੀ ਮੌਜੂਦਾ ਸੰਕਟਮਈ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ।
ਪ੍ਰੋ, ਪੂਰਨ ਸਿੰਘ ਆਪਣੇ ਪੰਜਾਬ ਪਰਾਜੈਕਟ ਲਈ ਸਿਖ ਸਪਿਰਟ ਦੇ ਜਿਹੜੇ ਦੋ ਮੁੱਲਾਂ ਨੂੰ ਆਧਾਰ ਬਣਾਉਂਦੇ ਹਨ, ਉਹ ਹਨ ਆਜ਼ਾਦੀ ਅਤੇ ਬਰਾਬਰੀ। ਪ੍ਰੋ. ਪੂਰਨ ਸਿੰਘ ਪੰਜਾਬੀ ਬੰਦੇ ਨੂੰ ‘ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ ਆਜ਼ਾਦ ਕੀਤੇ ਬੰਦੇ’ ਦੇ ਰੂਪ ਵਿਚ ਦੇਖਦੇ ਹਨ। ਉਹ ਇਸ ਆਜ਼ਾਦੀ ਨੂੰ ਪੂਰੀ ਸ਼ਿਦਤ ਨਾਲ ਸੈਲੀਬਰੇਟ ਵੀ ਕਰਦੇ ਹਨ:
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ `ਤੇ।
ਜਵਾਨ ਖੁਲ੍ਹੇ ਖੋਲ੍ਹੇ ਪਿਆਰਿਆਂ,
ਆਜ਼ਾਦੀ ਦੇ ਪਿਆਰ ਵਿਚ,
ਦੁਨੀਆਂ ਥੀਂ ਵਿਹਲੇ
ਦੀਨ ਥੀਂ ਵਿਹਲੇ
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ।
ਮੰਨੇ ਨਾ ਮਨੀਂਦੇ ਕਦੀ, ਕੁਦ ਕੁਦ, ਉਛਲਦੇ, ਡੁਲ੍ਹਦੇ,
ਮਰਜ਼ੀ ਦੇ ਮਾਲਕ ਇਹ,
ਦਿਲ ਦੇ ਚਾਅ ਉੱਤੇ ਉੱਲਰਦੇ
ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ।
ਪੂਰਨ ਸਿੰਘ ਦੀ ਇਹ ਵਿਅਕਤੀਗਤ ਆਜ਼ਾਦੀ ਦੂਸਰੇ ਦੇ ਦੂਸਰੇਪਣ ਦੀ ਕੀਮਤ ਉਪਰ ਹਾਸਲ ਕੀਤੀ ਆਜ਼ਾਦੀ ਨਹੀਂ। ਚੌਧਰ ਰਾਹੀਂ ਹਾਸਲ ਕੀਤੀ ਹੋਈ ਆਜ਼ਾਦੀ ਵੀ ਨਹੀਂ। ਇਹ ਤਾਂ ਪਿਆਰ, ਮੁਹੱਬਤ, ਇਸ਼ਕ ਅਤੇ ਭਾਈਚਾਰਕਤਾ ਵਿਚ ਬੱਝੀ ਹੋਈ ਉਹ ਆਜ਼ਾਦੀ ਹੈ, ਜੋ ਕੇਵਲ ਆਪਣੀ ਆਜ਼ਾਦੀ ਲਈ ਹੀ ਨਹੀਂ, ਦੂਸਰੇ ਦੀ ਆਜ਼ਾਦੀ ਲਈ ਵੀ ਜਾਨ ਦੇ ਸਕਦੀ ਹੈ।
ਜੇਕਰ ਪੂਰਨ ਸਿੰਘ ਦਾ ਪੰਜਾਬੀ ਬੰਦਾ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ, ਤਾਂ ਇਸ ਪਿਛੇ ਪਿਆਰ ਦੀ ਉਹ ਭਾਵਨਾ ਕੰਮ ਕਰਦੀ ਹੈ, ਜੋ ਉਸਨੂੰ ਉਦਾਰਵਾਦ ਦੇ ਰਸਤੇ ਨਹੀਂ, ਦੂਸਰਿਆਂ ਦਾ ਪਿਆਰ ਪਾਉਣ ਲਈ ਉਨ੍ਹਾਂ ਦੀ ਗੁਲਾਮੀ ਕਰਨ ਵਾਲੀ ਸਹਿਯੋਗੀ ਭਾਵਨਾ ਦੇ ਮਾਰਗ ਉਪਰ ਵੀ ਬਰਾਬਰ ਤੋਰਦੀ ਹੈ।
ਪ੍ਰੋ. ਪੂਰਨ ਸਿੰਘ ਦਾ ਇਹ ਪਰਾਜੈਕਟ ਕਿਸੇ ਹੱਦ ਤੱਕ ਉਦਾਰ ਜਮਹੂਰੀਅਤ ਦਾ ਪਰਾਜੈਕਟ ਤਾਂ ਜ਼ਰੂਰ ਸੀ। ਪਰ ਪੱਛਮੀ ਲੀਹਾਂ ਉਪਰ ਉਸਰੇ ਆਧੁਨਿਕਤਾਵਾਦੀ ਪਰਾਜੈਕਟ ਤੋਂ ਬਿਲਕੁਲ ਵੱਖਰਾ ਇਲਾਹੀ ਸੁਰਾਂ ਵਿਚ ਬੱਝਾ ਸਿਖ ਪਰਾਜੈਕਟ ਸੀ ਜਿਸ `ਤੇ ਨਿਠ ਕੇ ਕੰਮ ਕਰਨ ਦੀ ਲੋੜ ਹੈ:
ਇਥੇ ਬਾਬੇ ਦੇ ਸ਼ਬਦ ਨੇ
ਪੱਥਰਾਂ ਨੂੰ ਪਿਘਲਾਇਆ
ਮਰਦਾਨੇ ਦੀ ਰਬਾਬ ਵੱਜੀ
ਪਰਬਤਾਂ ਸਲਾਮ ਕੀਤਾ
ਬੂਟਾ ਬੂਟਾ ਵਜਦ ਵਿਚ ਨੱਚਿਆ
ਪੰਜਾਬ ਦੀ ਮਿੱਟੀ ਦਾ ਜੱਰਾ ਜੱਰਾ ਕੰਬਿਆ ਪਿਆਰ ਵਿਚ
ਉਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ
ਇਹ ਨਵੇਂ ਸੱਜਰੇ ਬਰਫਾਨੀ ਦਰਿਆਵਾਂ ਦਾ ਦੇਸ ਹੈ
ਦਰਿਆ ਹੋ ਰਹਿਣਾ, ਦਰਿਆ ਹੋ ਜੀਣਾ, ਇਥੇ ਇਹ ਸਤਿਗੁਰਾਂ ਦਾ ਆਦੇਸ਼ ਹੈ।
ਇਸ ਚਰਚਾ ਰਾਹੀਂ ਕੇਵਲ ਇਹੋ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਤਰ ਬਸਤੀਵਾਦੀ ਪੰਜਾਬ ਦੇ ਨਿਰਮਾਣ ਲਈ, ਉਸ ਸਮੇਂ ਸਿਖ ਭਾਈਚਾਰੇ ਕੋਲ ਦੋ ਹੀ ਵਿਕਲਪ ਮੌਜੂਦ ਸਨ। ਇਕ ਸੀ ਪ੍ਰੋ. ਪੂਰਨ ਸਿੰਘ ਦੁਆਰਾ ਸੁਝਾਇਆ ਸਿਖ ਸਿਧਾਂਤਾਂ ਦੇ ਆਧਾਰ `ਤੇ ਸਿਖ ਸਪਿਰਟ ਵਾਲੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ ਜਿਸਨੂੰ ਉਹ ਪੰਜਾਬ-ਪਿਆਰ ਅਤੇ ਸਿਖ-ਪੰਜਾਬ ਦਾ ਨਾਮ ਦਿੰਦੇ ਹਨ। ਦੂਸਰਾ ਸੀ, ਇਕ ਅਜਿਹੇ ਸਿਖ ਬਹੁਗਿਣਤੀ ਵਾਲੇ ਖਿੱਤੇ ਦੀ ਸਥਾਪਨਾ ਜਿਥੇ ਸਿਖ ਲੀਡਰਸ਼ਿਪ ਆਪਣੀ ਹਕੂਮਤ ਸਥਾਪਤ ਕਰ ਸਕੇ। ਅਕਾਲੀ ਦਲ ਨੇ ਸਿਖ ਸਪਿਰਟ ਦੀ ਥਾਂ, ਪੰਜਾਬ ਨੂੰ ਵੱਢ ਟੁਕ ਕੇ ਸਿਖ ਲੀਡਰਸ਼ਿਪ ਦੀ ਚੌਧਰ ਵਾਲਾ ਰਾਹ ਅਪਣਾਇਆ। ਪੰਜਾਬ ਅਤੇ ਪੰਜਾਬੀ ਭਾਈਚਾਰੇ ਦੀ ਮੌਜੂਦਾ ਸੰਕਟਮਈ ਸਥਿਤੀ ਬਿਆਨ ਕਰਦੀ ਹੈ ਕਿ ਸਾਡੀ ਇਹ ਚੋਣ ਠੀਕ ਨਹੀਂ ਸੀ।
ਸਿਖ ਸਪਿਰਟ ਵਾਲਾ ਬਹੁ-ਧਰਮੀ ਅਤੇ ਬਹੁ-ਸਭਿਆਚਾਰਕ ਪੰਜਾਬ ਹੀ ਕਿਉਂ; ਆਧੁਨਿਕਤਾਵਾਦੀ ਸੋਚ ਵਾਲਾ ਧਰਮ-ਨਿਰਪੱਖ ਪੰਜਾਬ ਕਿਉਂ ਨਹੀਂ? ਜਿਥੇ ਸਿਖ ਸਪਿਰਟ ਦੂਸਰੇ ਦੇ ਦੂਸਰੇਪਣ ਲਈ ਵਿਗਸਣ ਦੀਆਂ ਸੰਭਾਵਨਾਵਾਂ ਜਗਾ ਕੇ, ਬਹੁਭਾਂਤੀ ਸਮਾਜ ਨੂੰ ਸੰਵਾਦੀ-ਵਿਕਾਸ ਦੇ ਰਾਹੇ ਪਾਉਂਦੀ ਹੈ; ਉਥੇ ਧਰਮ-ਨਿਰਪੱਖ ਸੋਚ ਇਨ੍ਹਾਂ ਵਖਰੇਵਿਆਂ ਨੂੰ ਨਜ਼ਰ-ਅੰਦਾਜ਼ ਕਰਕੇ, ਸਮਾਜ ਵਿਚ ਮੌਜੂਦ ਵਿਭਿੰਨ ਧਿਰਾਂ ਨੂੰ ਕੰਪੀਟੀਸ਼ਨ ਅਤੇ ਵਿਵਾਦੀ-ਹਿੰਸਾ ਦੇ ਰਾਹੇ ਪਾ ਦਿੰਦੀ ਹੈ। ਜ਼ੀਜ਼ੇਕ ਸੱਚ ਆਖਦੇ ਹਨ ਕਿ ਫਿਰਕੂ ਚੇਤਨਾ ਨੂੰ ਧਰਮ-ਨਿਰਪੱਖਤਾ ਅਤੇ ਕੌਮੀ ਨਿਰਮਾਣ ਦੀਆਂ ਧਾਰਨਾਵਾਂ ਤੋਂ ਅਲਹਿਦਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ।
ਪ੍ਰਿਥੀਪਾਲ ਸੋਹੀ ਅਤੇ ਹੋਰ ਵੀ ਬਹੁਤ ਸਾਰੇ ਦੋਸਤਾਂ ਦਾ ਸੁਆਲ ਹੈ ਕਿ ਜੋ ਗਲਤੀ ਹੋਈ, ਉਹ ਤੇ ਹੋ ਗਈ, ਪਰ ਹੁਣ ਕੀ ਕੀਤਾ ਜਾਵੇ? ਕੀ ਪ੍ਰੋ. ਪੂਰਨ ਸਿੰਘ ਦੀਆਂ ਲੀਹਾਂ `ਤੇ ਪੰਜਾਬ ਦਾ ਪੁਨਰ-ਨਿਰਮਾਣ ਸੰਭਵ ਹੈ? ਮੈਂ ਕਹਾਂਗਾ ਕਿ ਬਿਲਕੁਲ ਹੈ। ਪੰਜਾਬ ਕੇਵਲ ਉਹ ਹੀ ਨਹੀਂ, ਜੋ ਅਕਾਲੀ ਲੀਡਰਸ਼ਿਪ ਨੇ ਆਪਣੇ ਸੁਪਨਿਆਂ ਦੀ ਪੂਰਤੀ ਲਈ ਕਾਂਟ-ਛਾਂਟ ਕਰਕੇ ਘੜਿਆ ਸੀ। ਪੰਜਾਬ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਦੁਨੀਆਂ ਨੂੰ ਕੌਮੀ-ਰਾਜਾਂ ਵਿਚ ਵੰਡਣ ਵਾਲੀਆਂ ਚਾਰ ਦੀਵਾਰੀਆਂ ਵਿਚ ਆਪਣੇ ਹਿਸੇ ਦੇ ਛੇਦ ਕਰਕੇ ਸੰਚਾਰ, ਸੰਵਾਦ ਅਤੇ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਰਾਹੀਂ ਪੰਜਾਬ ਨੇ ਕੇਵਲ ਆਪਣੇ ਆਪ ਨੂੰ ਹੀ ਪੁਨਰ-ਨਿਰਮਿਤ ਨਹੀਂ ਕਰਨਾ, ਸਗੋਂ ਦੁਨੀਆਂ ਦੇ ਪੁਨਰ-ਨਿਰਮਾਣ ਵਿਚ ਵੀ ਬਣਦਾ ਯੋਗਦਾਨ ਪਾਉਣਾ ਹੈ।
ਸਾਂਝੇ ਨੈਟਵਰਕ ਵਿਚ ਬੱਝੇ, ਦੁਨੀਆਂ ਭਰ ਦੇ ਬਹੁ-ਭਾਂਤੀ ਅਤੇ ਬਹੁ-ਸਥਾਨੀ ਪੰਜਾਬੀਆਂ ਉਪਰ, ਹੁਣ ਇਕ ਵਾਰ ਫਿਰ ਤੋਂ ਪੰਜਾਬ ਦੇ ਪੁਨਰ-ਨਿਰਮਾਣ ਦੀ ਨਵੀਂ ਜ਼ਿੰਮੇਵਾਰੀ ਆ ਪਈ ਹੈ। ਨਵੀਆਂ ਚੁਣੌਤੀਆਂ/ਸਮੱਸਿਆਵਾਂ ਦੇ ਸਮਾਧਾਨ ਲਈ, ਪੰਜਾਬ ਦੀ ਪੁਨਰ-ਸਿਰਜਣਾ ਵਾਸਤੇ, ਕਿਸ ਕਿਸਮ ਦੀ ਸੋਚ, ਕਿਹੋ ਜਿਹੀ ਲੀਡਰਸ਼ਿਪ ਅਤੇ ਕਿੱਦਾਂ ਦੀਆਂ ਸੰਸਥਾਵਾਂ ਦੀ ਲੋੜ ਰਹੇਗੀ, ਇਸ ਬਾਰੇ ਡੂੰਘੀ ਸੋਚ ਵਿਚਾਰ ਕਰਨੀ ਹੋਵੇਗੀ।