ਭਗਵਾਨ ਜੋਸ਼
ਪ੍ਰੋਫੈਸਰ ਭਗਵਾਨ ਜੋਸ਼ ਦਾ ਨਾਂ ਪੰਜਾਬ ਦੇ ਸ਼ਾਇਦ ਪਿਛਲੀ ਅੱਧੀ ਸਦੀ ਦੇ ਹੱਥ ਦੇ ਪੋਟਿਆਂ `ਤੇ ਨਹੀਂ ਬਲਕਿ ਉਂਗਲਾਂ `ਤੇ ਗਿਣੇ ਜਾਣ ਜੋਗੇ ਬੜੇ ਹੀ ਸੁਹਿਰਦ ਅਤੇ ਸਜੱਗ ਰਾਜਸੀ ਚਿੰਤਕਾਂ ਵਿਚ ਸਹਿਜੇ ਹੀ ਸ਼ੁਮਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਵਲੋਂ ਆਪਣੀ ਸਾਥਣ ਤੇ ਸਹਿਯੋਗੀ ਮੈਡਮ ਸ਼ਸ਼ੀ ਜੋਸ਼ੀ ਨਾਲ ਮਿਲ ਕੇ ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤ ਦੇ ਕਰੋੜਾਂ ਲੋਕਾਂ ਦੀ ਵਿਦੇਸ਼ੀ ਹਾਕਮਾਂ ਹੱਥੋਂ ਮੁਕਤੀ ਲਈ ਲੜੇ ਗਏ ਸੰਗਰਾਮ ਅੰਦਰ ਖੱਬੇ ਪੱਖੀ/ਕਮਿਊਨਿਸਟ ਚਿੰਤਕਾਂ ਦੀ ਪ੍ਰੈਕਟਿਸ ਬੁਰੀ ਤਰ੍ਹਾਂ ਮਾਰ ਕਿਉਂ ਤੇ ਕਿੱਥੇ ਖਾ ਗਈ- ਦੇ ਬਹੁਤ ਹੀ ਅਹਿਮ ਸਵਾਲ ਨੂੰ ਸਮਝਣ ਲਈ ਤਿੰਨ ਜਿਲਦਾਂ ਵਿਚ – ‘Struggle for hegemony in india’ ਸਿਰਲੇਖ ਹੇਠ ਲਿਖੀ ਕਿਤਾਬ ਨਿਸ਼ਚੇ ਹੀ ਨਾਯਾਬ ਅਹਿਮੀਅਤ ਵਾਲੀ ਆਪਣੇ ਕਿਸਮ ਦੀ ਇਕੋ ਇਕ ਅਹਿਮ ਦਸਤਾਵੇਜ ਹੈ। ਕਈ ਸਾਲ ਪਹਿਲਾਂ ਦੋਹਰੀ ਵਾਰ ਵਿਸਥਾਰ ਕੇ, ਛਪ ਕੇ ਆ ਜਾਣ ਦੇ ਬਾਵਜੂਦ ਇਸ ਪੁਸਤਕ `ਤੇ ਗਹਿਰ ਗੰਭੀਰ ਚਰਚਾ ਅਜੇ ਹੋਣੀ ਹੈ। ਸ਼ਹੀਦ ਭਗਤ ਸਿੰਘ ਮਾਰਕਸੀ ਚਿੰਤਕ ਸੀ ਜਾਂ ਨਹੀਂ? ਸਿਰਲੇਖ ਹੇਠ ਉਨ੍ਹਾਂ ਦਾ ਤਾਜ਼ਾ ਲੇਖ ਹੈ। ਇਸ ਲੇਖ ਵਿਚ ਪ੍ਰਗਟਾਏ ਵਿਚਾਰਾਂ ਨਾਲ ਅਦਾਰਾ ਦੀ ਸਹਿਮਤੀ ਨਹੀਂ ਹੈ। ਸ਼ਹੀਦ ਭਗਤ ਸਿੰਘ ਯੁਗ ਪੁਰਸ਼ ਸੀ, ਉਨ੍ਹਾਂ ਦੀ ਸ਼ਹਾਦਤ/ਸ਼ਖਸੀਅਤ/ਚਿੰਤਨ ਦਾ ਮੈਜਿਕ ਤੇ ਮਹਿਮਾ ਕਿਤੇ ਹੋਰ ਹੈ। ਉਹ ਅੱਜ ਵੀ ਬੇਇਨਸਾਫੀ ਦੇ ਆਧਾਰ `ਤੇ ਖੜ੍ਹੇ ਤੇ ਉਸਰੇ ਪੂਰੇ ਹਿੰਦੁਸਤਾਨ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀ ਆਪਣੇ ਮਾਣ ਸਤਿਕਾਰ ਦੀ ਬਹਾਲੀ ਦੀ ਤਾਂਘ ਦਾ ਚਿੰਨ੍ਹ ਹੈ। ਉਨ੍ਹਾਂ ਦੀ ਬੇਬਸੀ ਦਾ ਹਉਕਾ ਵੀ ਹੈ; ਉਨ੍ਹਾਂ ਦੀ ਚੀਖ ਵੀ ਹੈ ਅਤੇ ਸਮੇਂ ਦੇ ਹਾਕਮਾਂ ਨੂੰ ਸਦੀਵੀ ਲਲਕਾਰ ਵੀ ਹੈ। ਪ੍ਰੰਤੂ ਇਹ ਲੇਖ ਕਿਉਂਕਿ ਭਗਵਾਨ ਜੋਸ਼ ਹੁਰਾਂ ਵਰਗੇ ਗੰਭੀਰ ਚਿੰਤਕ ਨੇ ਲਿਖਿਆ ਹੈ, ਇਸ ਲਿਖਤ ਦੇ ਆਰ-ਪਾਰ ਵਿਚਾਰਾਂ ਤੇ ਸਵਾਲਾਂ ਦਾ ਇਕ ਬਹੁਤ ਵੱਡਾ ਮਹਿਮਾ ਮੰਡਲ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਇਹ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਬਾਰੇ ਆਉਣ ਵਾਲੇ ਸਮਾਂਨਾਤਰ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ। -ਸੰਪਾਦਕ
ਭਗਤ ਸਿੰਘ ਨਾ ਸਿਰਫ਼ ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਇਨਕਲਾਬੀ ਸਮਾਜਵਾਦੀਆਂ ਵਿਚੋਂ ਇੱਕ ਸੀ, ਸਗੋਂ ਸਭ ਤੋਂ ਪੁਰਾਣੇ ਮਾਰਕਸਵਾਦੀ ਚਿੰਤਕਾਂ ਅਤੇ ਵਿਚਾਰਕਾਂ ਵਿਚੋਂ ਵੀ ਇੱਕ ਸੀ। ਬਦਕਿਸਮਤੀ ਨਾਲ ਉਸ ਦੇ ਜੀਵਨ ਦਾ ਇਹ ਪਹਿਲੂ ਮੁਕਾਬਲਤਨ ਅਣਗੌਲਿਆ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਹਰ ਕਿਸਮ ਦੇ ਪ੍ਰਤੀਕਿਰਿਆਵਾਦੀ, ਕੱਟੜਪੰਥੀ ਅਤੇ ਫਿਰਕਾਪ੍ਰਸਤ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ (ਜਿਨ੍ਹਾਂ ਵਿਚ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਹਨ) ਦੇ ਨਾਵਾਂ ਅਤੇ ਪ੍ਰਸਿੱਧੀ ਨੂੰ ਆਪਣੀ ਸਿਆਸਤ ਅਤੇ ਵਿਚਾਰਧਾਰਾ ਲਈ ਅਣਉੱਚਿਤ ਢੰਗ ਨਾਲ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਗੱਲ ਮੇਰੇ ਕਮਾਲ ਦੇ ਅਧਿਆਪਕ ਅਤੇ ਮਾਰਗਦਰਸ਼ਕ ਪ੍ਰੋਫੈਸਰ ਬਿਪਿਨ ਚੰਦਰ ਨੇ ਭਗਤ ਸਿੰਘ ਵੱਲੋਂ ਲਿਖੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ (ਜਿਸਦੀ ਖੋਜ ਪੰਜਾਬੀ ਕਵੀ ਅਮਰਜੀਤ ਚੰਦਨ ਨੇ 1979 ਵਿਚ ਕੀਤੀ ਸੀ) ਬਾਰੇ ਛਾਪੇ ਗਏ ਵੀਹ ਪੰਨਿਆਂ ਦੇ ਕਿਤਾਬਚੇ ਦੇ ਮੁੱਖਬੰਧ ਵਿਚ ਲਿਖੀ ਸੀ।
ਪਿਛਲੇ 40 ਸਾਲਾਂ ਵਿਚ ਭਗਤ ਸਿੰਘ ਦੇ ਇਸ ਇਤਿਹਾਸਕ ਮੁਲਾਂਕਣ ਨੇ ਜੇਕਰ ਸਿਧਾਂਤ ਨਹੀਂ ਤਾਂ ਨਿਰਵਿਵਾਦ ਤੱਥ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਭਗਤ ਸਿੰਘ ਦੀਆਂ ਲਿਖਤਾਂ ’ਤੇ ਆਧਾਰਤ ‘ਜੇਲ੍ਹ ਨੋਟਬੁੱਕ’ ਦੇ ਕਈ ਐਡੀਸ਼ਨ ਪ੍ਰਕਾਸ਼ਿਤ ਕੀਤੇ ਗਏ ਜਿਸ ਤੋਂ ਪਾਠਕ ਇਸ ਗੱਲ ਤੋਂ ਜਾਣੂ ਹੁੰਦੇ ਹਨ ਕਿ ਭਗਤ ਸਿੰਘ ਨੇ ਕਿਵੇਂ ਵੱਖ-ਵੱਖ ਉੱਘੇ ਚਿੰਤਕਾਂ ਅਤੇ ਦਾਰਸ਼ਨਿਕਾਂ ਦੇ ਵਿਚਾਰਾਂ ਨੂੰ ਸਮਝਿਆ ਅਤੇ ਆਤਮਸਾਤ ਕੀਤਾ।
ਗ਼ਦਰ ਲਹਿਰ ਦੇ ਇਤਿਹਾਸਕਾਰ ਹਰੀਸ਼ ਪੁਰੀ ਲਿਖਦੇ ਹਨ, ‘ਹਾਲਾਂਕਿ, ਜਿਨ੍ਹਾਂ ਸਰੋਤਾਂ ਜਾਂ ਕਿਤਾਬਾਂ ਤੋਂ ਇਹ ਟਿੱਪਣੀਆਂ ਅਤੇ ਹਵਾਲੇ ਲਏ ਗਏ ਸਨ, ਉਨ੍ਹਾਂ ਦੇ ਸਤਹੀ ਜ਼ਿਕਰ ਨੇ ਪ੍ਰਮਾਣਿਕ ਸਰੋਤ ਬਾਰੇ ਇੱਕ ਉਲਝਣ ਭਰਿਆ ਸਵਾਲ ਖੜ੍ਹਾ ਕਰ ਦਿੱਤਾ ਹੈ। ਸਵਾਲ ਇਹ ਹੈ ਕਿ ਇਹ ਹਵਾਲੇ ਅਤੇ ਟਿੱਪਣੀਆਂ ਕਿਹੜੇ ਲੇਖਕਾਂ ਦੁਆਰਾ ਕਿਹੜੀਆਂ ਕਿਤਾਬਾਂ ਦੇ ਕਿਹੜੇ ਐਡੀਸ਼ਨਾਂ ਤੋਂ ਲਏ ਗਏ ਸਨ? ਨਤੀਜੇ ਵਜੋਂ, ਭਗਤ ਸਿੰਘ ਦੇ ਪ੍ਰਸ਼ੰਸਕ ਵਿਦਵਾਨਾਂ ਨੇ ਭਗਤ ਸਿੰਘ ਵੱਲੋਂ ਜੇਲ੍ਹ ਵਿਚ ਪੜ੍ਹੀਆਂ ਗਈਆਂ ਮਹਾਨ ਚਿੰਤਕਾਂ ਦੀਆਂ ਕਿਤਾਬਾਂ ਅਤੇ ਲਿਖਤਾਂ ਬਾਰੇ ਮਨਘੜਤ ਦਾਅਵੇ ਅਤੇ ਬੇਬੁਨਿਆਦ ਅੰਦਾਜ਼ੇ ਲਗਾਏ ਹਨ।’
ਭਗਤ ਸਿੰਘ ਨੇ 1925 ਤੋਂ 1928 ਤੱਕ ਬਹੁਤ ਜ਼ਿਆਦਾ ਪੜ੍ਹਿਆ, ਖ਼ਾਸ ਕਰ ਕੇ ਰੂਸੀ ਇਨਕਲਾਬ ਅਤੇ ਸੋਵੀਅਤ ਯੂਨੀਅਨ ਬਾਰੇ ਕਿਤਾਬਾਂ, ਹਾਲਾਂਕਿ ਅਜਿਹੀਆਂ ਕਿਤਾਬਾਂ ਪ੍ਰਾਪਤ ਕਰਨਾ ਉਸ ਲਈ ਬਹੁਤ ਮੁਸ਼ਕਲ ਰਿਹਾ ਹੋਵੇਗਾ। ਬਿਨਾਂ ਸ਼ੱਕ, ਭਗਤ ਸਿੰਘ 1920ਵਿਆਂ ਵਿਚ ਇਨਕਲਾਬੀ ਲਹਿਰਾਂ ਬਾਰੇ ਭਾਰਤ ਦੇ ਸਭ ਤੋਂ ਵੱਧ ਜਾਣਕਾਰ ਵਿਅਕਤੀਆਂ ਵਿਚੋਂ ਇੱਕ ਸੀ। ਲਾਹੌਰ ਹਾਈ ਕੋਰਟ ਵਿਚ ਆਪਣੇ ਮੁਕੱਦਮੇ ਦੌਰਾਨ, ਉਸ ਨੇ ਕਿਹਾ ਸੀ, ‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਨਾਲ ਤਿੱਖੀ ਹੁੰਦੀ ਹੈ।’
1928 ਦੇ ਅੰਤ ਤੱਕ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਸਮਾਜਵਾਦ ਨੂੰ ਆਪਣੀਆਂ ਸਰਗਰਮੀਆਂ ਦੇ ਅੰਤਿਮ ਟੀਚੇ ਵਜੋਂ ਅਪਣਾ ਲਿਆ ਸੀ ਅਤੇ ਆਪਣੇ ਸੰਗਠਨ ਦਾ ਨਾਮ ‘ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ’ ਤੋਂ ਬਦਲ ਕੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਰੱਖ ਦਿੱਤਾ ਸੀ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੂਨ 1929 ਵਿਚ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਤੇ ਨਿਸ਼ਚਤ ਤੌਰ ’ਤੇ ਬਾਅਦ ਵਿਚ ਵੀ ਭਗਤ ਸਿੰਘ ਦੇ ਮਾਰਕਸਵਾਦ ਨੂੰ ਸਮਝਣ ਅਤੇ ਉਸ ਵਿਚ ਮੁਹਾਰਤ ਹਾਸਲ ਕਰਨ ਦੇ ਯਤਨ ਬੇਰੋਕ ਜਾਰੀ ਰਹੇ।
ਪਰ ਭਗਤ ਸਿੰਘ ਨੇ ਆਪਣੇ ਅਧਿਐਨ ਤੋਂ ਮਾਰਕਸਵਾਦ ਨੂੰ ਕਿਸ ਤਰ੍ਹਾਂ ਸਮਝਿਆ? ਕੀ ਇਸ ਮਾਰਕਸਵਾਦ ਨੇ ਉਸ ਨੂੰ ਭਾਰਤੀ ਰਾਸ਼ਟਰਵਾਦ ਦੀ ਸਮਕਾਲੀ ਰਾਜਨੀਤੀ, ਮਜ਼ਦੂਰ ਵਰਗ ਦੀਆਂ ਲਹਿਰਾਂ ਅਤੇ ਆਪਣੇ ਆਲੇ-ਦੁਆਲੇ ਦੀ ਤਤਕਾਲੀ ਇਤਿਹਾਸਕ ਅਤੇ ਸਮਾਜਿਕ ਹਕੀਕਤ ਨੂੰ ਸਮਝਣ ਵਿਚ ਕਿਸੇ ਵੀ ਤਰ੍ਹਾਂ ਮਦਦ ਕੀਤੀ? ਮਾਰਕਸਵਾਦ ਦੀ ਅਜਿਹੀ ਮੁਹਾਰਤ, ਜੋ ਕਿ ਸਿਰਫ਼ ਪਾਠ ਸਬੰਧੀ ਭਾਸ਼ਣ ਦਾ ਉਪਯੋਗ ਹੈ, ਉਦੋਂ ਤੱਕ ‘ਬ੍ਰਾਹਮਣਵਾਦੀ ਮਾਰਕਸਵਾਦ’ ਹੀ ਰਹੇਗਾ ਜਦੋਂ ਤੱਕ ਇਹ ਪਾਰਟੀ ਬੁੱਧੀਜੀਵੀਆਂ ਨੂੰ ‘ਸਿਧਾਂਤ ਦੇ ਅਭਿਆਸ’ ਲਈ ਇੱਕ ਢਾਂਚਾ ਬਣਾ ਕੇ ਆਪਣੇ ਸਮੇਂ ਦੀ ਸਮਾਜਿਕ ਹਕੀਕਤ ਨਾਲ ਜੁੜਨ ਵਿਚ ਮਦਦ ਨਹੀਂ ਕਰਦਾ।
ਤਾਂ ਫਿਰ, ਕਿਸ ਨੂੰ ਮਾਰਕਸਵਾਦੀ ਚਿੰਤਕ ਕਿਹਾ ਜਾਣਾ ਚਾਹੀਦਾ ਹੈ ਜਾਂ ਕਿਹਾ ਜਾ ਸਕਦਾ ਹੈ? ਇਹ ਸਵਾਲ ਸਾਨੂੰ ਇਤਾਲਵੀ ਬੁੱਧੀਜੀਵੀ ਅੰਤੋਨੀਓ ਗ੍ਰਾਮਸ਼ੀ ਦੀ ਯਾਦ ਦਿਵਾਉਂਦਾ ਹੈ, ਜਿਸ ਨੂੰ ਭਗਤ ਸਿੰਘ ਵਾਂਗ ਫਾਸ਼ੀਵਾਦੀ ਮੁਸੋਲਿਨੀ ਨੇ ਕੈਦ ਕਰ ਲਿਆ ਸੀ। ਗ੍ਰਾਮਸ਼ੀ ਨੂੰ 1926 ਵਿਚ ਕੈਦ ਕੀਤਾ ਗਿਆ ਸੀ ਅਤੇ 1937 ਵਿਚ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਉਹ ਜੇਲ੍ਹ ਵਿਚ ਹੀ ਸੀ। ਉਸ ਦੀ ਜੇਲ੍ਹ ਦੀ ਕਹਾਣੀ ਭਗਤ ਸਿੰਘ ਦੀਆਂ ਦੁੱਖਦਾਈ ਭੁੱਖ ਹੜਤਾਲਾਂ ਨਾਲੋਂ ਘੱਟ ਦਰਦਨਾਕ ਨਹੀਂ ਹੈ। ਫਿਰ ਵੀ ਇਨ੍ਹਾਂ ਹਾਲਾਤ ਵਿਚ ਵੀ ਉਸ ਨੇ ਕੌਮਾਂਤਰੀ ਇਨਕਲਾਬੀ ਲਹਿਰ ਦੀਆਂ ਠੋਸ ਸਮੱਸਿਆਵਾਂ, ਅਸਫ਼ਲਤਾਵਾਂ ਅਤੇ ਜਿੱਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਆਪਣੇ ਪੜ੍ਹਨ ਤੇ ਲਿਖਣ ਦਾ ਕੰਮ ਜਾਰੀ ਰੱਖਿਆ।
ਆਪਣੇ ਅਧਿਐਨ ’ਚ ਗ੍ਰਾਮਸ਼ੀ ਨੇ ਤਿੰਨ ਮੁੱਖ ਨਵੇਂ ਸੰਕਲਪਾਂ ਨੂੰ ਪੇਸ਼ ਕੀਤਾ ਜੋ ਉਸ ਦੇ ‘ਵਿਹਾਰਕ ਸਿਧਾਂਤ ਜਾਂ ਅਭਿਆਸ’ ਦਾ ਆਧਾਰ ਬਣਦੇ ਹਨ। ਇਹ ਤਿੰਨ ਸੰਕਲਪ ਹਨ: ਰਾਜਨੀਤਕ ਚੌਧਰ/ ਸੱਭਿਆਚਾਰਕ ਚੌਧਰ; ਸਮਾਜ ਵਿਚ ਅਧੀਨਗੀ ਜਾਂ ਦਬਦਬੇ ਵਾਲੇ ਸਮੂਹ ਅਤੇ ਰੁਤਬੇ ਲਈ ਸੰਘਰਸ਼।
ਅੱਜ-ਕੱਲ੍ਹ, ਟਰੰਪ-ਨੇਤਨਯਾਹੂ ਗੱਠਜੋੜ ਦੇ ਰਣਨੀਤਕ ਉਦੇਸ਼ਾਂ ਨੂੰ ਸਮਝਾਉਣ ਲਈ ਪੱਛਮੀ ਏਸ਼ਿਆਈ ਸੰਕਟ ਬਾਰੇ ਬਹਿਸਾਂ ਵਿਚ ‘ਚੌਧਰ ਦੀ ਧਾਰਨਾ’ ਦਾ ਹਵਾਲਾ ਦਿੱਤਾ ਜਾਂਦਾ ਹੈ। ਪਰ ਸੱਚਾਈ ਇਹ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਪਹਿਲਾਂ ਇਰਾਨੀ ਸਮਾਜ ’ਤੇ ਨਿਰਣਾਇਕ ਦਬਦਬਾ ਕਾਇਮ ਕਰ ਕੇ ਉਨ੍ਹਾਂ ਨੂੰ ਅਧੀਨਗੀ ਸਵੀਕਾਰ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ ਅਤੇ ਫਿਰ ਸੱਤਾ ਤਬਦੀਲੀ ਕਰਨੀ ਚਾਹੀਦੀ ਹੈ। ਚੌਧਰ ਸਿਰਫ਼ ਉਦੋਂ ਹੀ ਕਾਇਮ ਕੀਤੀ ਜਾ ਸਕਦੀ ਹੈ ਜਦੋਂ ਕੋਈ ਦੇਸ਼ ਜਾਂ ਸਮਾਜ ਕਿਸੇ ਹੋਰ ਸਮਾਜਿਕ ਸਮੂਹ ਦੁਆਰਾ ਸ਼ਾਸਨ ਕੀਤੇ ਜਾਣ ਲਈ ਸਹਿਮਤ ਹੁੰਦਾ ਹੈ, ਜਾਂ ਸਹਿਮਤੀ ਦੇਣ ਲਈ ਮਜਬੂਰ ਹੁੰਦਾ ਹੈ। ਇਹ ਹਾਰੇ ਹੋਏ ਦੇਸ਼ਾਂ ਦੇ ਜੀਵਨ ਵਿਚ ਹਮੇਸ਼ਾ ਬਹੁਤ ਹੀ ਮੁਸ਼ਕਲ ਅਤੇ ਨਾਜ਼ੁਕ ਪਲ ਹੁੰਦਾ ਹੈ।
ਉਦਾਹਰਣ ਵਜੋਂ 1857 ਦੇ ਭਾਰਤੀ ਵਿਦਰੋਹੀਆਂ, ਜਿਨ੍ਹਾਂ ਨੂੰ ਬਰਤਾਨਵੀ ਫੌਜ ਅਤੇ ਸਿੱਖ ਫੌਜੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਨੂੰ ਬਰਤਾਨਵੀ ਰਾਜ ਦੀ ਚੌਧਰ ਨੂੰ ਉਦੋਂ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਿਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਕੁਲੀਨ ਵਰਗ ਨੂੰ ਸ਼ਾਸਨ ਵਿਚ ਸ਼ਾਮਲ ਕਰ ਲਿਆ ਗਿਆ ਹੈ। ਸਰ ਸਈਅਦ ਅਹਿਮਦ ਖਾਨ, ਜਿਨ੍ਹਾਂ ਨੂੰ 1888 ਵਿਚ ਬਰਤਾਨਵੀ ਸਰਕਾਰ ਨੇ ‘ਨਾਈਟ ਕਮਾਂਡਰ ਔਫ ਦਿ ਆਰਡਰ ਔਫ ਦਿ ਸਟਾਰ ਔਫ ਦਿ ਇੰਡੀਆ’ ਨਾਲ ਸਨਮਾਨਿਤ ਕੀਤਾ ਸੀ, ਨੂੰ ਨਵੇਂ ਸ਼ਾਸਕਾਂ ਦੀ ਪ੍ਰਭੂਸੱਤਾ ਨੂੰ ਸਵੀਕਾਰ ਕਰਨ ਲਈ ਪ੍ਰੇਰਿਆ ਗਿਆ। ਉਹ ਭਾਰਤੀ ਮੁਸਲਮਾਨਾਂ ਵਿਚ ਬਰਤਾਨੀਆ-ਪੱਖੀ ਰੁਖ਼ ਦਾ ਸਮਰਥਨ ਕਰਦੇ ਸਨ ਅਤੇ ਇਹ ਮੰਨਦੇ ਸਨ ਕਿ ਭਾਈਚਾਰੇ ਦੀ ਤਰੱਕੀ ਲਈ ਬਰਤਾਨਵੀ ਰਾਜ ਨੂੰ ਸਵੀਕਾਰ ਕਰਨਾ ਅਤੇ ਉਸ ਨਾਲ ਸਹਿਯੋਗ ਕਰਨਾ ਜ਼ਰੂਰੀ ਹੈ। ਜਿਨ੍ਹਾਂ ਮੁਸਲਮਾਨਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਨੂੰ ਜਾਂ ਤਾਂ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਜਾਂ ਕਾਲੇਪਾਣੀ (ਅੰਡੇਮਾਨ) ਭੇਜ ਦਿੱਤਾ ਗਿਆ। ਇਸ ਦਾ ਮਤਲਬ ਸੀ ਕਿ ਸੱਤਾ ਦੀ ਤਬਦੀਲੀ ਤੋਂ ਬਿਨਾਂ ਚੌਧਰ ਸਥਾਪਿਤ ਨਹੀਂ ਕੀਤੀ ਜਾ ਸਕਦੀ।
ਇਸੇ ਕਰ ਕੇ ਅੱਜ ਦੇ ਇਰਾਨੀ ਲੋਕ ਇੱਕ ਗੰਭੀਰ ਦੁਬਿਧਾ ਦਾ ਸਾਹਮਣਾ ਕਰ ਰਹੇ ਹਨ, ਜਾਂ ਤਾਂ ਅਮਰੀਕੀ-ਇਜ਼ਰਾਇਲੀ ਚੌਧਰ ਨੂੰ ਸਵੀਕਾਰ ਕਰ ਕੇ ਬਚ ਜਾਣ ਜਾਂ ਸ਼ਹਾਦਤ ਨੂੰ ਗਲ਼ ਲਾ ਲੈਣ।
ਆਓ ਹੁਣ ਗ੍ਰਾਮਸ਼ੀ ਦੇ ਤੀਜੇ ਮੁੱਖ ਸੰਕਲਪ, ‘ਰੁਤਬੇ ਲਈ ਸੰਘਰਸ਼’ ਅਤੇ ਭਾਰਤ ਲਈ ਇਸ ਦੀ ਸਾਰਥਿਕਤਾ ਦਾ ਵਿਸ਼ਲੇਸ਼ਣ ਕਰੀਏ। ਗ੍ਰਾਮਸ਼ੀ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਬੋਲਸ਼ਵਿਕ ਅੰਦੋਲਨ ਕਾਰਨ ਸੰਕਟ ਵਿਚ ਘਿਰੀ ਰੂਸੀ ਜ਼ਾਰਸ਼ਾਹੀ ਤੋਂ ਹਿੰਸਕ ਢੰਗ ਨਾਲ ਸੱਤਾ ਹਥਿਆਉਣਾ ਇੱਕ ਢੁਕਵੀਂ ਰਣਨੀਤੀ ਹੋ ਸਕਦੀ ਹੈ, ਪਰ ਇਹ ਰਣਨੀਤੀ ਪੱਛਮ ਦੇ ਪੂੰਜੀਵਾਦੀ ਆਧੁਨਿਕ ਦੇਸ਼ਾਂ ਲਈ ਢੁਕਵੀਂ ਨਹੀਂ ਸੀ। 1920ਵਿਆਂ ਦੇ ਵਿਸ਼ਵ ਸਿਆਸੀ ਦ੍ਰਿਸ਼ ’ਤੇ ਨਜ਼ਰ ਮਾਰਨ ਮਗਰੋਂ ਗ੍ਰਾਮਸ਼ੀ ਨੇ ਸਿੱਟਾ ਕੱਢਿਆ ਕਿ ਭਾਰਤ ਵਿਚ ਗਾਂਧੀ ਵੀ ਇਸੇ ਤਰ੍ਹਾਂ ਦੀ ਰਣਨੀਤੀ ਅਪਣਾ ਰਹੇ ਸਨ। ਗ੍ਰਾਮਸ਼ੀ ਦਾ ਮੰਨਣਾ ਸੀ ਕਿ ਇਹ ਜਾਇਜ਼ ਸੀ ਕਿਉਂਕਿ ਰੂਸੀ ਜ਼ਾਰਸ਼ਾਹੀ ਦੇ ਉਲਟ, ਭਾਰਤੀ ਬਸਤੀਵਾਦੀ ਰਾਜ ਇੱਕ ਕਿਸਮ ਦਾ ਅਰਧ-ਪ੍ਰਧਾਨਤਾਵਾਦੀ (semi-hegemonic) ਰਾਜ ਸੀ, ਜਿੱਥੇ ਲੱਖਾਂ ਲੋਕ ਪਹਿਲਾਂ ਹੀ ਆਪਣੇ ਬਸਤੀਵਾਦੀ ਮਾਲਕਾਂ ਦੀ ਅਧੀਨਗੀ ਸਵੀਕਾਰ ਕਰ ਚੁੱਕੇ ਸਨ।
ਭਗਤ ਸਿੰਘ ਲਈ, ਗਾਂਧੀ ਉਸ ਦੀ ਇੱਛਤ ਹਿੰਸਕ ਕ੍ਰਾਂਤੀ ਵਿਚ ਇੱਕ ਰੁਕਾਵਟ ਸੀ। ਭਗਤ ਸਿੰਘ ਦਾ ਮੰਨਣਾ ਸੀ ਕਿ ਗਾਂਧੀ ਦਾ ਅਹਿੰਸਾ ਦਾ ਰਸਤਾ ਇਕ ਤਰ੍ਹਾਂ ਨਾਲ ਭਾਰਤ ਵਿਚ ਅਰਧ-ਪ੍ਰਧਾਨਤਾਵਾਦੀ ਰਾਜ ਦੀ ਹਮਾਇਤ ਕਰਨਾ ਸੀ। ਉਦਾਹਰਣ ਵਜੋਂ, ਸਾਡੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਕਿੰਨੇ ਖੁਸ਼ ਸਨ ਜਦੋਂ ਬਰਤਾਨਵੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਾਈਟਹੁੱਡ ਦੀ ਉਪਾਧੀ ਦਿੱਤੀ। ਪੰਜਾਬ ਦੇ ਕਿੰਨੇ ਜ਼ੈਲਦਾਰ ਅਤੇ ਨੰਬਰਦਾਰ ਜੋ ਪਿੰਡਾਂ ਵਿਚ ਬਸਤੀਵਾਦੀ ਰਾਜ ਦੀਆਂ ਅੱਖਾਂ ਅਤੇ ਕੰਨ ਸਨ, ਇੱਕ ਬਰਤਾਨਵੀ ਡਿਪਟੀ ਕੁਲੈਕਟਰ ਤੋਂ ਮਾਨਤਾ ਪ੍ਰਾਪਤ ਕਰ ਕੇ ਕਿੰਨੇ ਖੁਸ਼ ਹੋਏ ਹੋਣਗੇ।
ਇਸੇ ਕਰ ਕੇ ਸਾਈਮਨ ਵਿਰੋਧੀ ਮੁਜ਼ਾਹਰਿਆਂ ਦੌਰਾਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ’ਤੇ ਲਾਠੀਚਾਰਜ ਲਈ ਬ੍ਰਿਟਿਸ਼ ਅਫਸਰ ਜੇਮਜ਼ ਸਕੌਟ ਨੂੰ ਦੋਸ਼ੀ ਠਹਿਰਾਇਆ, ਪਰ ਇਸ ਤੱਥ ਤੋਂ ਅੱਖਾਂ ਫੇਰ ਲਈਆਂ ਕਿ ਅਸਲ ਵਿਚ ਉਹ ਪੰਜਾਬ ਪੁਲੀਸ ਦੇ ਕਰਮਚਾਰੀ ਹੀ ਸਨ ਜਿਨ੍ਹਾਂ ਨੇ ਲਾਲਾ ਜੀ ਨੂੰ ਕੁੱਟਿਆ ਸੀ। ਗਾਂਧੀ ਜੀ ਨੂੰ ਲਿਖੇ ਇੱਕ ਪੱਤਰ ਵਿਚ ਟਾਲਸਟਾਏ ਦੀ ਇਹ ਟਿੱਪਣੀ ਬਿਲਕੁਲ ਸਹੀ ਹੈ ਕਿ ‘ਅੰਗਰੇਜ਼ਾਂ ਨੇ ਨਹੀਂ, ਸਗੋਂ ਭਾਰਤੀਆਂ ਨੇ ਖ਼ੁਦ ਨੂੰ ਗ਼ੁਲਾਮ ਬਣਾਇਆ ਹੈ।’
17 ਦਸੰਬਰ, 1928 ਨੂੰ ਲਾਹੌਰ ਵਿਚ, ਬਰਤਾਨਵੀ ਅਫਸਰ ਜੌਹਨ ਸਾਂਡਰਸ (ਜਿਸ ਨੂੰ ਸਕੌਟ ਦੀ ਬਜਾਏ ਗ਼ਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ) ਦੀ ਹੱਤਿਆ ਤੋਂ ਕੁਝ ਸਮੇਂ ਬਾਅਦ, ਚੰਦਰਸ਼ੇਖਰ ਆਜ਼ਾਦ ਨੇ ਚੰਨਣ ਸਿੰਘ ਨਾਮੀ ਇੱਕ ਭਾਰਤੀ ਪੁਲੀਸ ਕਾਂਸਟੇਬਲ ਨੂੰ ਉਦੋਂ ਗੋਲੀ ਮਾਰ ਦਿੱਤੀ ਜਦੋਂ ਉਹ ਸਾਂਡਰਸ ਨੂੰ ਗੋਲੀ ਮਾਰ ਕੇ ਭੱਜੇ ਜਾਂਦੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਭਗਤ ਸਿੰਘ ਤੇ ਹੋਰ ਇਨਕਲਾਬੀ ਇਹ ਨਹੀਂ ਸਮਝ ਸਕੇ ਕਿ ਬ੍ਰਿਟਿਸ਼ ਰਾਜ ਨੇ ਉਨ੍ਹਾਂ ਨੂੰ ਮੀਡੀਆ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ, ਅਦਾਲਤ ਵਿਚ ਇਨਕਲਾਬੀ ਗੀਤ ਗਾਉਣ ਜਾਂ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਇਜਾਜ਼ਤ ਕਿਉਂ ਦਿੱਤੀ।
ਇਹ ਸੰਖੇਪ ਚਰਚਾ ਇਹ ਸਪੱਸ਼ਟ ਕਰਦੀ ਹੈ ਕਿ ਭਗਤ ਸਿੰਘ ਮਾਰਕਸਵਾਦ ਦੀਆਂ ਸਿਰਫ਼ ਮੂਲ ਗੱਲਾਂ ਨੂੰ ਹੀ ਸਮਝਦੇ ਸਨ। ਉਹ ਇੱਕ ਅਜਿਹਾ ਨਵਾਂ ਢਾਂਚਾ ਵਿਕਸਿਤ ਕਰਨ ਵਿਚ ਅਸਮਰੱਥ ਸਨ ਜੋ ਲੱਖਾਂ ਭਾਰਤੀਆਂ ਦੀ ਸਹਿਮਤੀ ਨਾਲ ਜਾਇਜ਼ ਠਹਿਰਾਏ ਗਏ ਆਧੁਨਿਕ ਕੇਂਦਰੀਕ੍ਰਿਤ ਨੌਕਰਸ਼ਾਹੀ ਰਾਜ ਦੀ ਅਸਾਧਾਰਨ ਗੁੰਝਲਦਾਰ ਹਕੀਕਤ ਨਾਲ ਰਚਨਾਤਮਕ ਤੌਰ ’ਤੇ ਜੁੜ ਸਕੇ। ਦਰਅਸਲ, ਉਹ ਅਕਾਲੀ ਲਹਿਰ (1925-25) ਦੇ ਤਜਰਬੇ ਨੂੰ ਗ੍ਰਹਿਣ ਕਰਨ ਵਿਚ ਅਸਫ਼ਲ ਰਹੇ ਸਨ, ਜੋ ਕਿ ਉਪ-ਮਹਾਂਦੀਪ ਦਾ ਪਹਿਲਾ ਵੱਡਾ ਸ਼ਾਂਤੀਪੂਰਨ ਜਨਤਕ ਅੰਦੋਲਨ ਸੀ, ਜਿਸ ਨੂੰ ਬਰਤਾਨਵੀ ਅਧਿਕਾਰੀਆਂ ਨੇ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਗਾਂਧੀ ਨੇ ਅਕਾਲੀ ਅੰਦੋਲਨਕਾਰੀਆਂ ਨੂੰ ਇੱਕ ਟੈਲੀਗ੍ਰਾਮ ਵਿਚ ਸੁਨੇਹਾ ਭੇਜਿਆ ਸੀ ਕਿ ‘ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ।’ ਪੰਜਾਬ ਵਿਚ ਉਸ ਨੂੰ ਫੇਲ੍ਹ ਹੋਈ ਗਦਰ ਲਹਿਰ ਹੀ ਨਜ਼ਰ ਆਉਂਦੀ ਸੀ। ਭਗਤ ਸਿੰਘ ਨੇ ਜੇਲ੍ਹ ਵਿਚ ਮਾਰਕਸ, ਲੈਨਿਨ ਤੇ ਹੋਰ ਬਹੁਤ ਸਾਰੇ ਲੇਖਕਾਂ ਨੂੰ ਜ਼ਰੂਰ ਪੜ੍ਹਿਆ ਸੀ। ਪੜ੍ਹ ਕੇ ਉਨ੍ਹਾਂ ਵਿਚੋਂ ਲੋੜੀਂਦੀਆਂ ਟੂਕਾਂ ਨੂੰ ਆਪਣੀ ਡਾਇਰੀ ਵਿਚ ਦਰਜ ਵੀ ਕੀਤਾ ਸੀ।
ਹਕੀਕਤ ਇਹ ਹੈ ਕਿ ਭਗਤ ਸਿੰਘ ਨੂੰ ਉਸ ਦੇ ਇਨਕਲਾਬੀ ਵਿਚਾਰਾਂ ਲਈ ਨਹੀਂ ਸਗੋਂ ਇੱਕ ਬਰਤਾਨਵੀ ਅਫ਼ਸਰ ਨੂੰ ਮਾਰਨ ਲਈ ਫਾਂਸੀ ਦਿੱਤੀ ਗਈ ਸੀ।
