ਪਾਕਿਸਤਾਨ ਅੱਤਵਾਦੀਆਂ ਦੀ ਪਨਾਹਗਾਹ: ਅਮਰੀਕੀ ਕਾਂਗਰਸ

ਵਾਸ਼ਿੰਗਟਨ:ਇਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨੂੰ ਭਰੋਸੇਮੰਦ ਭਾਈਵਾਲ ਮੰਨਦੇ ਹੋਏ ਪੱਛਮੀ ਏਸ਼ੀਆ ‘ਚ ਮਹੀਨੇ ਤੋਂ ਜਾਰੀ ਸੰਘਰਸ਼ ਵਿਚਾਲੇ ਸ਼ਾਂਤੀ ਬਹਾਲੀ ਲਈ ਵਿਚੋਲੀਏ ਦੀ ਭੂਮਿਕਾ ਦੇ ਚੁੱਕੇ ਹਨ,

ਉਥੇ ਹੀ ਅਮਰੀਕੀ ਕਾਂਗਰਸ ਦੀ ਨਵੀਂ ਰਿਪੋਰਟ ਨੇ ਪਾਕਿਸਤਾਨ ਨੂੰ ਮੁੜ ਅੱਤਵਾਦ ਦੀ ਸਥਾਈ ਪਨਾਹਗਾਹ ਦੱਸਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਧਰਤੀ ‘ਤੇ ਸਰਗਰਮ ਅਨੇਕਾਂ ਅੱਤਵਾਦੀ ਸੰਗਠਨ ਦਹਾਕਿਆਂ ਤੋਂ ਜੰਮੇ ਹੋਏ ਹਨ ਤੇ ਉਨ੍ਹਾਂ ਖ਼ਿਲਾਫ਼ ਚਲਾਈਆਂ ਗਈਆਂ ਵੱਡੀਆਂ ਫ਼ੌਜੀ ਮੁਹਿੰਮਾਂ, ਹਵਾਈ ਹਮਲਿਆਂ ਤੇ ਲੱਖਾਂ ਖੁਫ਼ੀਆ ਮੁਹਿੰਮਾਂ ਦੇ ਬਾਵਜੂਦ ਉਨ੍ਹਾਂ ਦੇ ਢਾਂਚੇ ਨੂੰ ਫ਼ੈਸਲਾਕੁੰਨ ਰੂਪ ਨਾਲ ਖ਼ਤਮ ਨਹੀਂ ਕੀਤਾ ਜਾ ਸਕਿਆ ਹੈ। ਅਮਰੀਕੀ ਕਾਂਗਰਸ ਦੀ ਰਿਸਰਚ ਰਿਪੋਰਟ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਪਾਕਿਸਤਾਨ ਨੂੰ ਅਨੇਕਾਂ ਹਥਿਆਰਬੰਦ ਤੇ ਅੱਤਵਾਦੀ ਸਮੂਹਾਂ ਦਾ ਸੰਚਾਲਨ ਕੇਂਦਰ ਮੰਨਿਆ ਹੈ। ਇਨ੍ਹਾਂ ‘ਚੋਂ ਕੁਝ ਸੰਗਠਨ 1980 ਦੇ ਦਹਾਕੇ ਤੋਂ ਸਰਗਰਮ ਹਨ ਤੇ ਅੱਜ ਵੀ ਮਜ਼ਬੂਤ ਢਾਂਚੇ ਨਾਲ ਕੰਮ ਕਰ ਰਹੇ ਹਨ। ਰਿਪੋਰਟ ਅਨੁਸਾਰ, ਇਹ ਸੰਗਠਨ ਆਲਮੀ ਏਜੰਡੇ, ਅਫ਼ਗਾਨਿਸਤਾਨ ਕੇਂਦਰਤ, ਭਾਰਤ ਕੇਂਦਰਤ, ਘਰੇਲੂ ਜਾਂ ਫਿਰਕੂ ਫਾਰਮੈਟ ‘ਚ ਵੰਡੇ ਹੋਏ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ‘ਚੋਂ 12 ਸੰਗਠਨਾਂ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਵਿਦੇਸ਼ੀ ਅੱਤਵਾਦੀ ਸੰਗਠਨ (ਐੱਫਟੀਓ) ਐਲਾਨਿਆ ਜਾ ਚੁੱਕਾ ਹੈ ਤੇ ਜ਼ਿਆਦਾਤਰ ਸੰਗਠਨ ਇਸਲਾਮੀ ਕੱਟੜਪੰਥੀ ਵਿਚਾਰਧਾਰਾ ਦੀ ਪਾਲਣਾ ਕਰਦੇ ਹਨ। ਇਸਦੇ ਬਾਵਜੂਦ ਪਾਕਿਸਤਾਨ ‘ਚ ਇਨ੍ਹਾਂ ਦੇ ਨੈੱਟਵਰਕ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੇ ਹਨ। ਅਮਰੀਕੀ ਕਾਂਗਰਸ ਨੇ ਸਪੱਸ਼ਟ ਕਿਹਾ ਕਿ ਪਾਕਿਸਤਾਨ ਵੱਲੋਂ ਸਮੇਂ-ਸਮੇਂ ‘ਤੇ ਚਲਾਈਆਂ ਫ਼ੌਜੀ ਮੁਹਿੰਮਾਂ, ਹਵਾਈ ਹਮਲਿਆਂ ਤੇ ਸੈਂਕੜੇ ਹਜ਼ਾਰ ਖੁਫ਼ੀਆ ਕਾਰਵਾਈਆਂ ਦੇ ਬਾਵਜੂਦ ਸੰਯੁਕਤ ਰਾਸ਼ਟਰ ਤੇ ਅਮਰੀਕਾ ਵੱਲੋਂ ਚੁਣੇ ਅੱਤਵਾਦੀ ਸੰਗਠਨ ਲਗਾਤਾਰ ਸਰਗਰਮ ਬਣੇ ਹੋਏ ਹਨ। ਰਿਪੋਰਟ ‘ਚ ਖ਼ਾਸ ਤੌਰ ‘ਤੇ ਲਸ਼ਕਰ-ਏ- ਤੋਇਬਾ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸੰਗਠਨ 1980 ਦੇ ਦਹਾਕੇ ‘ਚ ਪਾਕਿਸਤਾਨ ‘ਚ ਬਣਿਆ ਤੇ 2001 ‘ਚ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਗਿਆ। ਰਿਪੋਰਟ ਅਨੁਸਾਰ, ਹਾਫਿਜ਼ ਸਈਦ ਦੀ ਅਗਵਾਈ ਵਾਲਾ ਇਹ ਸੰਗਠਨ ਪਾਕਿਸਤਾਨ ਦੇ ਪੰਜਾਬ ਸੂਬੇ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ‘ਚ ਸਰਗਰਮ ਰਿਹਾ ਤੇ ਪਾਬੰਦੀਆਂ ਤੋਂ ਬਚਣ ਲਈ ਉਸਨੇ ਆਪਣਾ ਨਾਂ ਬਦਲ ਕੇ ਜਮਾਤ-ਉਦ-ਦਾਅਵਾ ਕਰ ਲਿਆ। ਕਈ ਹਜ਼ਾਰ ਲੜਾਕਿਆਂ ਵਾਲੇ ਇਸ ਸੰਗਠਨ ਨੂੰ 2008 ਮੁੰਬਈ ਅੱਤਵਾਦੀ ਹਮਲੇ ਸਮੇਤ ਕਈ ਵੱਡੇ ਹਮਲਿਆਂ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ।