ਬਲਜੀਤ ਬਾਸੀ
ਸਾਡੇ ਸਭਿਆਚਾਰ ਵਿਚ ਪਪੀਹੇ ਦਾ ਬਹੁਤ ਬੋਲਬਾਲਾ ਹੈ। ਇਹ ਪੰਛੀ ਮੇਘ ਤੋਂ ਹਮੇਸ਼ਾ ਪਾਣੀ ਮੰਗਦਾ ਮੰਨਿਆ ਜਾਂਦਾ ਹੈ। ਜੀਅ ਤਾਂ ਕਰਦਾ ਹੈ ਕਿ ਪਪੀਹਾ ਸ਼ਬਦ ਬਾਰੇ ਹੀ ਲਿਖਾਂ ਪਰ ਜ਼ਰੂਰੀ ਫਰਮਾਇਸ਼ ਹੋਰ ਸ਼ਬਦ ਬਾਰੇ ਆ ਗਈ। ਇਸ ਹੋਰ ਸ਼ਬਦ ਦੀ ਧੁਨੀ ਵੀ ਘਟ ਸੁਖਾਵੀਂ ਨਹੀਂ ਤੇ ਇਸ ਦਾ ਅਰਥ ਵੀ ਪਪੀਹਾ ਹੀ ਹੈ। ਇਹ ਸ਼ਬਦ ਹੈ ਸਾਰੰਗ। ਲਗਦੇ ਹੱਥ ਪਪੀਹੇ ਦੇ ਕੁਝ ਹੋਰ ਨਾਮ ਗਿਣ ਲਈਏ, ਚਾਤ੍ਰਿਕ, ਬੰਬੀਹਾ, ਤੋਕਕ ਆਦਿ। ਗੁਰੂ ਨਾਨਕ ਦੇਵ ਜੀ ਨੇ ਸਾਰੰਗ ਸ਼ਬਦ ਦੀ ਵਰਤੋਂ ਕੀਤੀ ਹੈ, “ਕ੍ਰਿਪਾ ਜਲ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੇ ਨਾਇ ਵਾਸਾ॥” ਅਰਥਾਤ ਮੈਨੂੰ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ ਤਾਂ ਕਿ ਮੇਰੇ ਅੰਦਰ ਤੇਰੇ ਨਾਮ ਦਾ ਵਾਸਾ ਹੋ ਸਕੇ।
ਪਸ਼ੂ, ਪੰਛੀਆਂ, ਕੀਟਾਂ, ਸਮੁੰਦਰੀ ਜੀਵਾਂ ਆਦਿ ਦੇ ਨਾਂਵਾਂ ਦੀਆਂ ਬਹੁਤ ਹੀ ਅਦਭੁਤ ਅਤੇ ਦਿਲਚਸਪ ਕਹਾਣੀਆਂ ਹਨ। ਅਜਿਹਾ ਵੀ ਦੇਖਣ ਵਿਚ ਆਇਆ ਹੈ ਕਿ ਨਾਮਕਰਣ ਦੇ ਪ੍ਰਸੰਗ ਵਿਚ ਜਾਨਵਰਾਂ ਦੀਆਂ ਕਿਸਮਾਂ ਵਿਚ ਭੇਦਭਾਵ ਹੀ ਖਤਮ ਹੋ ਜਾਂਦਾ ਹੈ। ਕਹਿਣ ਦਾ ਭਾਵ ਹੈ, ਜੋ ਨਾਂ ਇਕ ਪੰਛੀ ਦਾ ਹੈ ਉਹੋ ਜਾਂ ਉਹੋ ਜਿਹਾ ਹੀ ਕਿਸੇ ਚੌਪਾਏ ਜਾਨਵਰ ਦਾ ਹੋ ਸਕਦਾ ਹੈ। ਇਨ੍ਹਾਂ ਵਿਚ ਕਿਸੇ ਨਾ ਕਿਸੇ ਗੁਣ ਦੀ ਸਾਂਝ ਅਵੱਸ਼ ਹੁੰਦੀ ਹੈ। ਮਿਸਾਲ ਵਜੋਂ ਮੁਰਗਾ ਅਤੇ ਮਿਰਗ ਆਪਣੇ ਨਾਂਵਾਂ ਲਈ ਇਕੋ ਸ੍ਰੋਤ ਦੇ ਰਿਣੀ ਹਨ ਤੇ ਉਹ ਹੈ ਮਾਰਗ। ਇਹ ਕਿਵੇਂ ਹੈ, ਇਸ ਦੀ ਬਾਤ ਉਦੋਂ ਪਾਵਾਂਗੇ ਜਦ ਇਸ ਮਾਰਗ ‘ਤੇ ਤੁਰਾਂਗੇ। ਇਹ ਵੀ ਇਕ ਸਬੱਬ ਹੀ ਹੈ ਕਿ ਪਪੀਹੇ ਵਾਲੇ ਸ਼ਬਦ ਸਾਰੰਗ ਦਾ ਇਕ ਅਰਥ ਮਿਰਗ ਵੀ ਹੈ। ਦਿਲਚਸਪ ਗੱਲ ਹੈ ਕਿ ਗੁਰੂ ਨਾਨਕ ਦੇਵ ਨੇ ਜਿਸ ਤੁਕ ਵਿਚ ਸਾਰਿੰਗ ਸ਼ਬਦ ਮਿਰਗ ਲਈ ਵਰਤਿਆ ਹੈ, ਨਾਲ ਹੀ ਪਪੀਹੇ ਲਈ ਚਾਤ੍ਰਿਕ ਸ਼ਬਦ ਦੀ ਵਰਤੋਂ ਕੀਤੀ ਹੈ, “ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵਹਿ ਸਾਰਿੰਗ ਸਬਦਿ ਸੁਹਾਈ॥” ਅਰਥਾਤ ਪਪੀਹਾ ਤੇ ਮੱਛੀ ਪਾਣੀ ਤੋਂ ਹੀ ਸੁੱਖ ਪਾਉਂਦੇ ਹਨ, ਮਿਰਗ ਵੀ ਸ਼ਬਦ ਤੋਂ ਹੀ ਸੁਖ ਪਾਉਂਦਾ ਹੈ। ਕੀ ਸਾਂਝ ਹੈ ਮਿਰਗ ਤੇ ਪਪੀਹੇ ਦੀ ਕਿ ਦੋਨਾਂ ਲਈ ਸਾਰੰਗ ਸ਼ਬਦ ਵਰਤਿਆ ਗਿਆ ਹੈ?
ਪਹਿਲਾਂ ਇਸ ਸ਼ਬਦ ਦੀ ਚੀਰ-ਫਾੜ ਕਰ ਲਈਏ। ਸੰਸਕ੍ਰਿਤ ਵਿਚ ਸਾਰੰਗ ਦਾ ਮੁਢਲਾ ਅਰਥ ਹੈ, ਚਿਤਰ-ਮਿਤਰੇ ਅੰਗਾਂ ਵਾਲਾ, ਰੰਗ-ਬਰੰਗਾ, ਵੰਨ-ਸਵੰਨਾ, ਡੱਬ-ਖੜੱਬਾ। ਇਸ ਸ਼ਬਦ ਵਿਚ ਆਏ ਜੁਜ਼ ‘ਸ਼ਾਰ’ ਜਾਂ ‘ਸਾਰ’ ਦਾ ਸੰਸਕ੍ਰਿਤ ਵਿਚ ਅਰਥ ਹੈ ਰੰਗ-ਬਰੰਗਾ, ਵੰਨ-ਸਵੰਨਾ, ਚਿੱਤਰ-ਮਿਤਰਾ। ਇਸ ਕਰਕੇ ‘ਸਾਰ’ ਸ਼ਬਦ ਦਾ ਇਕ ਅਰਥ ਸ਼ਤਰੰਜ ਦਾ ਖਾਨਾ, ਪਾਸਾ ਜਾਂ ਮੁਹਰਾ ਵੀ ਬਣ ਗਿਆ ਕਿਉਂਕਿ ਇਹ ਵੀ ਰੰਗ-ਬਰੰਗੇ ਖਾਸ ਤੌਰ ‘ਤੇ ਦੋ ਰੰਗੇ ਹੁੰਦੇ ਹਨ। ਅੱਜ ਕਲ੍ਹ ਭਾਵੇਂ ਪੰਜਾਬੀ ਵਿਚ ਇਹ ਸ਼ਬਦ ਆਮ ਤੌਰ ‘ਤੇ ਇਨ੍ਹਾਂ ਅਰਥਾਂ ਵਿਚ ਜਾਣਿਆ ਨਹੀਂ ਜਾਂਦਾ ਪਰ ਭਟ ਗਯੰਦ ਦੇ ਸਵੱਈਆਂ ਵਿਚ ਸਾਰਿ ਸ਼ਬਦ ਚੌਪੜ ਦੇ ਰੰਗ-ਬਰੰਗੇ ਬਸਾਤ ਲਈ ਵਰਤਿਆ ਮਿਲਦਾ ਹੈ, “ਆਪੇ ਨਰ ਆਪੇ ਫੁਨਿ ਨਾਰੀ, ਆਪੇ ਸਾਰਿ ਆਪੇ ਹੀ ਪਾਸਾ।” ਅਰਥਾਤ ਪਰਮਾਤਮਾ ਆਪ ਹੀ ਪੁਰਖ ਹੈ ਤੇ ਆਪ ਹੀ ਇਸਤਰੀ ਹੈ, ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ। ਦਰਅਸਲ ਇਥੇ ਪ੍ਰਭੂ ਸਰੂਪ ਚੌਥੇ ਗੁਰੂ ਵੱਲ ਇਸ਼ਾਰਾ ਹੈ। ਦਿਲਚਸਪ ਗੱਲ ਹੈ ਕਿ ਗੁਰੂ ਨਾਨਕ ਦੇਵ ਨੇ ਇਹੀ ਭਾਵ ਪਰਮਾਤਮਾ ਲਈ ਪ੍ਰਗਟਾਏ ਹਨ, “ਆਪੇ ਪੁਰੁਖ ਆਪੇ ਹੀ ਨਾਰੀ॥ ਆਪੇ ਪਾਸਾ ਆਪੇ ਸਾਰੀ॥” ਹੋਰ ਦੇਖੋ, “ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ॥” -ਗੁਰੂ ਅਰਜਨ ਦੇਵ। ਸਾਰੀ ਦਾ ਅਰਥ ਖੇਲ ਵੀ ਹੋ ਗਿਆ ਹੈ, “ਸਾਰੀ ਸਿਰਜਨਹਾਰ ਕੀ” -ਭਗਤ ਕਬੀਰ। ਇਸ ਸ਼ਬਦ ਨੇ ਗੇਂਦ ਦੇ ਅਰਥ ਵੀ ਧਾਰ ਲਏ ਕਿਉਂਕਿ ਇਹ ਵੀ ਰੰਗ-ਬਰੰਗੀ ਹੁੰਦੀ ਹੈ। ਪਰ ਇਸ ਸ਼ਬਦ ਦਾ ਇਕ ਹੋਰ ਅਹਿਮ ਅਰਥ ਹੈ, ਮੈਨਾ ਜਾਂ ਗੁਟਾਰ। ਅਸੀਂ ਇਸ ਦੀ ਪਛਾਣ ਆਮ ਤੌਰ ‘ਤੇ ‘ਸਾਰ’ ਤੋਂ ਬਣੇ ‘ਸਾਰਖ’ ਦੇ ਤੌਰ ‘ਤੇ ਕਰ ਸਕਦੇ ਹਾਂ। ਦੁਆਬੇ ਵਿਚ ਇਹ ਸ਼ਬਦ ਗੁਟਾਰ ਲਈ ਆਮ ਹੀ ਬੋਲਿਆ ਜਾਂਦਾ ਹੈ ਤੇ ਮੇਰਾ ਖਿਆਲ ਹੈ ਹੋਰ ਪੰਜਾਬੀ ਵੀ ਜ਼ਰੂਰ ਜਾਣਦੇ ਹੋਣਗੇ।
ਸਾਰਖ ਦਾ ਸਰੀਰ ਮੁਖ ਤੌਰ ‘ਤੇ ਦੋ ਰੰਗਾਂ ਦਾ ਹੁੰਦਾ ਹੈ, ਚਿੱਟਾ ਅਤੇ ਭੂਸਲਾ ਜਾਂ ਕਾਲਾ। ਸਾਰਖ ਦਾ ਮੁਢਲਾ ਰੂਪ ਸ਼ਾਰਕ ਜਾਂ ਸ਼ਾਰਿਕਾ ਹੈ। ਸਾਰ ਸ਼ਬਦ ਫਾਰਸੀ ਵਿਚ ਵੀ ਹੈ ਤੇ ਇਸ ਦਾ ਅਰਥ ਗਾਉਣ ਵਾਲਾ ਪੰਛੀ ਹੈ। ਫਾਰਸੀ ਵਿਚ ਸਾਰ ਦਾ ਮਤਲਬ ਊਠ ਵੀ ਹੈ, ਖਾਸ ਤੌਰ ਤੇ ਸਾਰਬਾਨ ਦੇ ਰੂਪ ਵਿਚ। ਮਾਰੂਥਲ ਦੇ ਦੇਸ਼ਾਂ ਵਿਚ ਊਠ ਹੀ ਜ਼ਿੰਦਗੀ ਵਿਚ ਰੰਗ ਭਰਦਾ ਹੈ। ਰੂਸੀ ਵਿਚ ਇਕ ਕਾਲੇ ਤੇ ਚਿੱਟੇ ਰੰਗ ਦੇ ਪੰਛੀ ਦਾ ਨਾਂ ਸੋਰੋਕਾ ਹੈ ਜੋ ਮਧ ਸਇਬੇਰੀਆ ਵਿਚ ਮਿਲਦਾ ਹੈ। ਬਹੁਤ ਸਾਰੀਆਂ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਨਾਂ ਨਾਲ ਮਿਲਦੇ ਜੁਲਦੇ ਰੰਗ-ਬਰੰਗੇ ਪੰਛੀਆਂ ਦੇ ਨਾਂ ਹਨ। ਇਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਰੰਗ ਅਤੇ ਗਾਉਣ ਦੇ ਸੰਕਲਪ ਕਈ ਥਾਂਵਾਂ ‘ਤੇ ਇਕ ਮਿੱਕ ਹੋ ਜਾਂਦੇ ਹਨ। ਸੰਕੇਤ ਦਿੰਦਾ ਹਾਂ, ਅਸੀਂ ਰਾਗ-ਰੰਗ ਸ਼ਬਦ ਜੁੱਟ ਵਰਤਦੇ ਹਾਂ, ਗਾਉਣ-ਪਾਣੀ ਦਾ ਵਧੀਆ ਮਨੋਰੰਜਨ ਹੋਵੇ ਤਾਂ ਅਸੀਂ ਕਹਿ ਦਿੰਦੇ ਹਾਂ, “ਬਹੁਤ ਰੰਗ ਬੱਝਾ।” ਇਸ ਤਰ੍ਹਾਂ ਕਈ ਗਾਉਣ ਵਾਲੇ ਪੰਛੀਆਂ ਦਾ ਨਾਂ ਵੀ ਜੇ ਸਾਰੰਗ ਜਿਹਾ ਹੈ ਤਾਂ ਇਥੇ ਭਾਵ ਪੰਛੀ ਦੀ ਵੰਨ-ਸਵੰਨੀ ਆਵਾਜ਼ ਵੱਲ ਹੈ। ਤੁਸੀਂ ਨੋਟ ਕੀਤਾ ਹੋਵੇਗਾ, ਸਾਰਖ ਬਹੁਤ ਸਾਰੀਆਂ ਆਵਾਜ਼ਾਂ ਕੱਢ ਲੈਂਦੀ ਹੈ।
ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ, ਸਾਰੰਗ ਇਕ ਪ੍ਰਕਾਰ ਦੇ ਹਿਰਨ ਨੂੰ ਵੀ ਆਖਦੇ ਹਨ। ਸਪਸ਼ਟ ਹੈ ਕਿ ਇਸ ਹਿਰਨ ਲਈ ਇਹ ਸ਼ਬਦ ਵੀ ਇਸ ਲਈ ਵਰਤਿਆ ਜਾਂਦਾ ਹੈ ਕਿ ਇਹ ਦੁਰੰਗਾ ਜਾਂ ਚਿਤਰ-ਮਿਤਰਾ ਹੁੰਦਾ ਹੈ। ਬਹੁਤੇ ਹਿਰਨ ਹੁੰਦੇ ਹੀ ਚਿਤਰ-ਮਿਤਰੇ ਹਨ। ਬਨਾਰਸ ਲਾਗੇ ਇਕ ਸਤੂਪ ਦਾ ਨਾਂ ‘ਸਾਰਨਾਥ’ ਹੈ। ਇਹ ਸ਼ਬਦ ‘ਸਾਰੰਗ-ਨਾਥ’ ਦਾ ਸੰਕੁਚਿਤ ਰੂਪ ਹੈ। ਇਸ ਸ਼ਬਦ ਦਾ ਅਰਥ ਹੋਇਆ, ਹਿਰਨਾਂ ਦਾ ਸਵਾਮੀ ਜਾਂ ਹਿਰਨਪਤੀ ਤੇ ਇਹ ਮਹਾਤਮਾ ਬੁਧ ਦੀ ਇਕ ਉਪਾਧੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੁਧ ਨੇ ਅੱਠ ਵਾਰੀ ਹਿਰਨ ਦਾ ਜਨਮ ਧਾਰਨ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸਾਰਨਾਥ ਦੇ ਸਥਾਨ ‘ਤੇ ਬੁਧ ਹਿਰਨ ਪਿਛੇ ਘੁੰਮਦੇ ਫਿਰਦੇ ਸਨ। ਕੁਝ ਲੋਕ ਇਸ ਸਥਾਨ ਨੂੰ ਸ਼ਿਵ ਨਾਲ ਵੀ ਜੋੜਦੇ ਹਨ ਪਰ ਇਸ ਪ੍ਰਸੰਗ ਵਿਚ ਵੀ ਅਰਥ ਇਹੋ ਹੀ ਹੈ।
ਚਿਤਰ-ਮਿਤਰੇ ਜਾਂ ਡੱਬ-ਖੜੱਬੇ ਦੇ ਸੰਕਲਪ ਤੋਂ ਹੋਰ ਭਾਸ਼ਾਵਾਂ ਵਿਚ ਵੀ ਜਨੌਰਾਂ ਜਾਂ ਪੰਛੀਆਂ ਦੇ ਨਾਂ ਪਏ ਹਨ। ਮਿਸਾਲ ਵਜੋਂ ਕਾਲਚਿੱਟੇ ਜਾਨਵਰਾਂ ਨੂੰ ਅੰਗਰੇਜ਼ੀ ਵਿਚ ਪਇਬਅਲਦ ਆਖਦੇ ਹਨ ਖਾਸ ਤੌਰ ‘ਤੇ ਘੋੜੇ, ਸੱਪ ਜਾਂ ਹਿਰਨ ਨੂੰ। ਇਸ ਵਿਚ ਪਇ ਸ਼ਬਦ ਦਾ ਅਰਥ ਮੈਗਪਾਈ ਮਅਗਪਇ (ਗੁਟਾਰ) ਤੋਂ ਲਿਆ ਗਿਆ ਹੈ ਜੋ ਕਾਲੇ ਦਾ ਅਰਥ ਦਿੰਦਾ ਹੈ ਅਤੇ ਬਅਲਦ ਦਾ ਅਰਥ ਗੰਜੇ ਤੋਂ ਬਿਨਾ ਚਿੱਟਾ ਵੀ ਹੁੰਦਾ ਹੈ। ਸਾਡੀਆਂ ਭਾਸ਼ਾਵਾਂ ਵਿਚ ਚੀਤਾ ਜਾਂ ਚਿੱਤੀਆਂ ਵਾਲਾ ਸੱਪ ਦਾ ਅਰਥ ਵੀ ਚਿਤਰ-ਮਿਤਰੇ ਹੋਣ ਤੋਂ ਪਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਾਰੰਗ ਸ਼ਬਦ ਹਾਥੀ ਲਈ ਵੀ ਵਰਤਿਆ ਗਿਆ ਹੈ, “ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ॥” (ਗੁਰੂ ਨਾਨਕ) ਅਰਥਾਤ ਤੇਰੀ ਠੁਮਕ ਚਾਲ ਮਸਤ ਹਾਥੀ ਵਰਗੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸੰਸਕ੍ਰਿਤ ਵਿਚ ਬੇਸ਼ੁਮਾਰ ਜਾਨਵਰਾਂ ਖਾਸ ਤੌਰ ‘ਤੇ ਪੰਛੀਆਂ ਨੂੰ ਸਾਰੰਗ ਆਖਦੇ ਹਨ ਜਿਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਜਾਨਵਰ ਡੱਬ-ਖੜੱਬੀ ਕਿਸਮ ਦੇ ਹੁੰਦੇ ਹਨ।
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਉਨ੍ਹਾਂ ਜਾਨਵਰਾਂ ਦੇ ਨਾਂ ਗਿਣਾਉਂਦੇ ਹਾਂ ਜਿਨ੍ਹਾਂ ਲਈ ਸਾਰੰਗ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਮਿਰਗ, ਕੋਇਲ, ਸ਼ੇਰ, ਹੰਸ, ਮੋਰ, ਹਾਥੀ, ਪਪੀਹਾ, ਘੋੜਾ, ਭੌਰਾ, ਮਧੂਮੱਖੀ, ਕਬੂਤਰ, ਕੋਇਲ, ਡੱਡੂ, ਕਾਂ, ਚਿੜੀ, ਬਗਲਾ। ਇਸ ਤੋਂ ਬਿਨਾ ਬਹੁਤ ਸਾਰੀਆਂ ਪ੍ਰਾਕ੍ਰਿਤਕ ਜਾਂ ਹੋਰ ਵਸਤੂਆਂ ਦਾ ਨਾਂ ਵੀ ਸਾਰੰਗ ਹੈ ਜਿਵੇਂ ਬੱਦਲ, ਵਾਲ, ਛੱਤਰੀ, ਸੰਖ, ਫੁੱਲ, ਸੂਰਜ, ਇਕ ਸਾਜ਼ ਦਾ ਨਾਂ, ਇਕ ਰਾਗ ਦਾ ਨਾਂ, ਇਸਤਰੀ, ਵਸਤਰ, ਦੀਵਾ, ਸੋਨਾ, ਧਨੁਖ, ਰਾਤ, ਵਿਸ਼ਣੂ ਦਾ ਧਨੁਸ਼, ਧਰਤੀ। ਢਲਦੀ ਉਮਰ ਵਿਚ ਵਾਲ ਸਫੈਦ ਹੋਣ ਲਗਦੇ ਹਨ, ਇਸ ਲਈ ਅਜਿਹੇ ਦੁਰੰਗੇ ਵਾਲਾਂ ਲਈ ਸਾਰੰਗ ਢੁਕਵਾਂ ਸ਼ਬਦ ਹੈ। ਅੰਗਰੇਜ਼ੀ ਵਿਚ ਇਸ ਭਾਵ ਲਈ ਸਅਲਟ & ਪeਪਪeਰ ਉਕਤੀ ਵਰਤੀ ਜਾਂਦੀ ਹੈ।
ਗੁਰਬਾਣੀ ਵਿਚ ਇਹ ਸ਼ਬਦ ਧਰਤੀ ਦੇ ਅਰਥਾਂ ਵਿਚ ਵੀ ਆਉਂਦਾ ਹੈ। ਅਸੀਂ ਇਸ ਦੀ ਵਿਆਖਿਆ ਕਰਦੇ ਹਾਂ। ਅਸਲ ਵਿਚ ਧਰਤੀ ਨੂੰ ਬਨਸਪਤੀ, ਜੀਆ-ਜੰਤੂ ਤੇ ਹੋਰ ਵੰਨ-ਸਵੰਨੇ ਪਦਾਰਥਾਂ ਨਾਲ ਭਰਪੂਰ ਹੋਣ ਕਾਰਨ ਰੰਗ-ਬਰੰਗੀ ਜਾਂ ਚਿੱਤਰ-ਮਿਤਰੀ ਦੇ ਰੂਪ ਵਿਚ ਕਲਪਿਆ ਗਿਆ ਹੈ। ਇਸ ਨੂੰ ਵਿਚਿੱਤਰ ਵੀ ਕਿਹਾ ਜਾ ਸਕਦਾ ਹੈ ਜਾਂ ਕਹਿ ਲਵੋ ਕਿ ਸਾਰੰਗ ਦੇ ਲੱਖਣਾਤਮਕ ਅਰਥ 9ਵਚਿਤਰ, ਅਜੀਬੋ-ਗਰੀਬ ਬਣ ਜਾਂਦੇ ਹਨ। ਉਂਜ ਵਿਚਿੱਤਰ ਸ਼ਬਦ ਵਿਚ ਵੀ ਚਿੱਤਰ ਝਲਕ ਰਿਹਾ ਹੈ। ਸ਼ਾਇਦ ਹਾਥੀ ਤੇ ਕੁਝ ਹੋਰ ਜਾਨਵਰਾਂ ਦਾ ਵੀ ਉਨ੍ਹਾਂ ਦੇ ਵਿਚਿੱਤਰ ਹੋਣ ਕਰਕੇ ਇਹ ਨਾਂ ਪਿਆ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਸਾਰੰਗਪਾਣੀ ਜਿਹਾ ਸ਼ਬਦ ਕਈ ਸ਼ਬਦ-ਜੋੜਾਂ ਵਿਚ ਮਿਲਦਾ ਹੈ, ਜਿਵੇਂ ਸਾਰਿੰਗਪਾਣਿ, ਸਾਰਿਗਪਾਣਿ, ਸਾਰਿੰਗਪਾਣੀ, ਸਾਰਿਗਪਾਣੇ, ਸਾਰਿੰਗਪਾਨੀ ਸਾਰਿਗਪਾਨੇ। ਕੁਝ ਮਿਸਾਲਾਂ ਹਾਜ਼ਿਰ ਹਨ, “ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ॥” -ਗੁਰੂ ਨਾਨਕ; “ਕਰਿ ਕਿਰਪਾ ਮੋਹਿ ਸਾਰਿੰਗਪਾਣਿ॥” -ਗੁਰੂ ਅਰਜਨ; “ਜਹ ਦੇਖਉ ਤਹ ਸਾਰਿਗਪਾਣਿ॥” -ਗੁਰੂ ਨਾਨਕ; “ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ॥” -ਗੁਰੂ ਅਰਜਨ ਦੇਵ; “ਨਟ ਵਟ ਖੇਲੈ ਸਾਰਿਗਪਾਨਿ॥” -ਭਗਤ ਕਬੀਰ।
ਸਰਿੰਗਪਾਣੀ ਦਾ ਅਰਥ ਹੈ ਪ੍ਰਿਥਵੀ ਨੂੰ ਧਾਰਨ ਕਰਨ ਵਾਲਾ। ਉਂਜ ਤਾਂ ਇਹ ਵਿਸ਼ਨੂੰ ਦੀ ਇਕ ਉਪਾਧੀ ਹੈ ਪਰ ਗੁਰਬਾਣੀ ਵਿਚ ਇਸ ਨੂੰ ਪਰਮਾਤਮਾ ਲਈ ਵਰਤਿਆ ਗਿਆ ਹੈ। ਸੰਸਕ੍ਰਿਤ ਵਿਚ ਪਾਨੀ ਦਾ ਅਰਥ ਹੱਥ ਹੁੰਦਾ ਹੈ। ਗੁਰਬਾਣੀ ਵਿਚ ਇਨ੍ਹਾਂ ਹੀ ਅਰਥਾਂ ਵਿਚ ਪਰਮਾਤਮਾ ਲਈ ‘ਸਾਰਿੰਗਧਰ’ ਸ਼ਬਦ ਵੀ ਇਸਤੇਮਾਲ ਕੀਤਾ ਗਿਆ ਹੈ, “ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ॥” (ਗੁਰੂ ਅਰਜਨ ਦੇਵ) ਅਰਥਾਤ, ਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ। ਸਾਰਿੰਗਧਰ ਦਾ ਅਰਥ ਵੀ ਪ੍ਰਿਥਵੀ ਨੂੰ ਧਾਰਨ ਕਰਨ ਵਾਲਾ ਯਾਨਿ ਜੋ ਪ੍ਰਿਥਵੀ ਦੇ ਜੀਆ-ਜੰਤ ਦਾ ਮਾਲਕ ਹੈ। ਇਥੇ ਇਹ ਦੱਸ ਦੇਣਾ ਵੀ ਮੈਂ ਜ਼ਰੂਰੀ ਸਮਝਦਾ ਹਾਂ ਕਿ ਸਾਰੰਗ ਦਾ ਇਕ ਅਰਥ ਧਨੁਖ ਵੀ ਹੁੰਦਾ ਹੈ। ਇਸ ਲਈ ਵਿਸ਼ਨੂੰ ਦੀ ਇਸ ਉਪਾਧੀ ਦਾ ਅਰਥ ਧਨੁਖਧਾਰੀ ਵੀ ਲਿਆ ਜਾਂਦਾ ਹੈ। ਵਿਸ਼ਨੂੰ ਦੇ ਹੱਥ ਵਿਚ ਗਦਾ, ਸੁਦਰਸ਼ਨ ਚੱਕਰ, ਸੰਖ ਆਦਿ ਹੁੰਦੇ ਹਨ।
Leave a Reply