ਅਮਰੀਕਾ ਵਿਚ ਟਰੰਪਸ਼ਾਹੀ ਵਿਰੁੱਧ ਵਿਆਪਕ ਪ੍ਰਦਰਸ਼ਨਾਂ ਦੀ ਗੂੰਜ

ਬੂਟਾ ਸਿੰਘ ਮਹਿਮੂਦਪੁਰ
ਧਾੜਵੀ ਹਿਤਾਂ ਵਾਲੀਆਂ ਜੰਗਬਾਜ਼ ਮਹਾਂ ਸ਼ਕਤੀਆਂ ਧਰਤੀ ਉੱਪਰ ਆਪਣੇ ਮੁਕੰਮਲ ਗ਼ਲਬੇ, ਸਰਦਾਰੀ ਅਤੇ ਕੁਦਰਤੀ ਸਰੋਤਾਂ ਦੀ ਬੇਰੋਕ-ਟੋਕ ਲੁੱਟਮਾਰ ਲਈ ਮਨੁੱਖਤਾ ਨੂੰ ਵਾਰ-ਵਾਰ ਤਬਾਹੀ ਅਤੇ ਬਰਬਾਦੀ ਦੀ ਭੱਠੀ ਵਿਚ ਝੋਕਦੀਆਂ ਹਨ। 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਮਨੁੱਖਤਾ ਨੂੰ ਦੋ ਵਿਸ਼ਵ ਜੰਗਾਂ ਤੋਂ ਇਲਾਵਾ

ਅਣਗਿਣਤ ਖੇਤਰੀ ਜੰਗਾਂ, ਨਹੱਕ ਹਮਲਿਆਂ ਅਤੇ ਜਾਣ-ਬੁੱਝ ਕੇ ਪੈਦਾ ਕੀਤੇ ਘਰੇਲੂ ਟਕਰਾਵਾਂ ਰਾਹੀਂ ਬੇਥਾਹ ਮਨੁੱਖੀ ਤੇ ਆਰਥਕ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ। ਆਮ ਲੋਕ ਜੰਗ ਨਹੀਂ ਚਾਹੁੰਦੇ। ਇਹ ਹਕੀਕਤ ਹਾਲ ਹੀ ਵਿਚ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਹੋਏ ਜੰਗ ਵਿਰੋਧੀ ਪ੍ਰਦਰਸ਼ਨਾਂ ਵਿਚ ਲੱਖਾਂ ਲੋਕਾਂ ਦੇ ਭਾਗ ਲੈਣ ਨੇ ਸਪਸ਼ਟ ਦਿਖਾਈ ਹੈ। ਸ਼ਾਂਤੀਪਸੰਦ ਲੋਕਾਂ ਵੱਲੋਂ ਜੰਗ ਦੇ ਧੜੱਲੇਦਾਰ ਵਿਰੋਧ ਦੇ ਮਹੱਤਵ ਨੂੰ ਦੇਖਦਿਆਂ ਇਨ੍ਹਾਂ ਪ੍ਰਦਰਸ਼ਨਾਂ ਦੀ ਝਲਕ ਇਸ ਸੰਖੇਪ ਰਿਪੋਰਟ ਰਾਹੀਂ ਪੇਸ਼ ਕੀਤੀ ਜਾ ਰਹੀ ਹੈ।-ਸੰਪਾਦਕ॥

ਅਮਰੀਕੀ-ਇਜ਼ਰਾਇਲੀ ਜੰਗਬਾਜ਼ਾਂ ਵੱਲੋਂ ਇਰਾਨ ਉੱਪਰ ਥੋਪੀ ਜੰਗ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਰਾਨੀ ਹਕੂਮਤ ਚਾਹੁੰਦੀ ਹੈ ਕਿ ਧਾੜਵੀ ਜੰਗ ਖ਼ਤਮ ਹੋਵੇ ਪਰ ਪਿਛਲੇ ਅਨੁਭਵ ਦੇ ਮੱਦੇਨਜ਼ਰ ਉਹ ਟਰੰਪ ਪ੍ਰਸ਼ਾਸਨ ਦੇ ਗੱਲਬਾਤ ਦੇ ਢੌਂਗ ਅਤੇ ਇਸ ਬਹਾਨੇ ਧਾੜਵੀ ਗੱਠਜੋੜ ਦੇ ਇਰਾਨ ਦੀ ਲੀਡਰਸ਼ਿੱਪ ਨੂੰ ਆਪਣੇ ਫੰਦੇ ਵਿਚ ਫਸਾਉਣ ਦੇ ਦੁਸ਼ਟ ਇਰਾਦਿਆਂ ਬਾਰੇ ਵੀ ਬਹੁਤ ਚੁਕੰਨੇ ਹਨ। ਇਸੇ ਲਈ ਉਹ ਜੰਗ ਨੂੰ ਵਕਤੀ ਤੌਰ ’ਤੇ ਰੋਕਣ ਲਈ ਗੱਲਬਾਤ ਵਿਚ ਪੈਣ ਦੀ ਬਜਾਏ ਪੱਕੇ ਰੂਪ ’ਚ ਖ਼ਤਮ ਕਰਨ ਲਈ ਆਪਣੀਆਂ ਸ਼ਰਤਾਂ ਉੱਪਰ ਜ਼ੋਰ ਦੇ ਰਹੇ ਹਨ ਅਤੇ ਬੇਹੱਦ ਨੁਕਸਾਨ ਝੱਲ ਕੇ ਵੀ ਲੜ ਰਹੇ ਹਨ। ਟਰੰਪ ਜੁੰਡਲੀ ਨੂੰ ਇਹ ਆਸ ਨਹੀਂ ਸੀ ਕਿ ਇਰਾਨ ਆਪਣੀ ਸਿਰਮੌਰ ਲੀਡਰਸ਼ਿੱਪ ਦੇ ਕਤਲੇਆਮ, ਸਕੂਲਾਂ ਤੇ ਯੂਨੀਵਰਸਿਟੀਆਂ ਉੱਪਰ ਅੰਨ੍ਹੇਵਾਹ ਹਮਲੇ ਝੱਲ ਕੇ ਐਨੀ ਦ੍ਰਿੜਤਾ ਨਾਲ ਡਟ ਜਾਵੇਗਾ ਅਤੇ ਡੂੰਘੀ ਯੁੱਧਨੀਤਕ ਸੂਝ ਤਹਿਤ ਵਿਉਂਤਬੰਦੀ ਨਾਲ ਸਖ਼ਤ ਟੱਕਰ ਦੇਵੇਗਾ। ਆਪਣੀ ਅਤਿ-ਆਧੁਨਿਕ ਧੜਵੈਲ ਫ਼ੌਜੀ ਤਾਕਤ ਦੇ ਹੰਕਾਰ ਵਿਚ ਅੰਨ੍ਹੇ ਹੋਏ ਟਰੰਪ ਗੈਂਗ ਦੀਆਂ ਗਿਣਤੀਆਂ-ਮਿਣਤੀਆਂ ਇਕ ਵਾਰ ਤਾਂ ਪੁੱਠੀਆਂ ਪੈ ਗਈਆਂ ਹਨ। ਵੈਨਜ਼ੁਏਲਾ ਅਤੇ ਇਰਾਨ ਨੂੰ ਆਗੂ-ਰਹਿਤ ਕਰਨ ਲਈ ਧਾੜਵੀ ਹਮਲਿਆਂ ਦੇ ਨਤੀਜੇ ਬਿਲਕੁਲ ਵੱਖਰੇ ਹਨ। ਅਤਿ-ਆਧੁਨਿਕ ਜੰਗੀ ਤਕਨੀਕ ਦੇ ਜ਼ੋਰ ਇਰਾਨ ਦਾ ਆਤਮ-ਸਮਰਪਣ ਕਰਾਉਣ ਦੀ ਮਾਅਰਕੇਬਾਜ਼ੀ ਉੱਪਰ ਟਰੰਪ ਨੂੰ ਬੇਥਾਹ ਮਾਲੀ ਵਸੀਲੇ ਝੋਕਣੇ ਪੈ ਰਹੇ ਹਨ। ਟਰੰਪ ਪ੍ਰਸ਼ਾਸਨ ਦੇ ਅੰਦਰ ਵੀ ਵਿਰੋਧ ਹੋ ਰਿਹਾ ਹੈ।
ਅਮਰੀਕੀ-ਇਜ਼ਰਾਇਲੀ ਖ਼ੁਫ਼ੀਆ ਤੰਤਰ ਨੇ ਇਸ ਪੱਖ ਨੂੰ ਬਹੁਤ ਵਧਾ-ਚੜ੍ਹਾ ਕੇ ਦੇਖਿਆ ਕਿ ਇਰਾਨੀ ਲੋਕਾਂ ਦੇ ਜੋ ਹਿੱਸੇ ਆਰਥਕ ਤੇ ਹੋਰ ਘਰੇਲੂ ਮੁੱਦੇ ਉਠਾ ਕੇ ਖ਼ਾਮੇਨੇਈ ਰਾਜ ਦੇ ਖਿæਲਾਫ਼ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ, ਉਹ ਅਮਰੀਕੀ ਫ਼ੌਜ ਵੱਲੋਂ ਹਮਲਾ ਕਰਦੇ ਸਾਰ ਟਰੰਪ-ਨੇਤਨਯਾਹੂ ਦੇ ਨਿਜ਼ਾਮ ਬਦਲਣ ਦੇ ਪ੍ਰੋਜੈਕਟ ਦੀ ਹਮਾਇਤ ’ਚ ਬਗ਼ਾਵਤ ਕਰ ਦੇਣਗੇ। ਸਾਮਰਾਜੀ ਠੱਗ ਅਤੇ ਉਨ੍ਹਾਂ ਦਾ ਖ਼ੁਫ਼ੀਆ ਤੰਤਰ ਇਰਾਨ ਵੱਲੋਂ ਦਹਾਕਿਆਂ ਤੋਂ ਅਜਿਹੇ ਹਮਲੇ ਦੀ ਸੰਭਾਵਨਾ ਮੰਨ ਕੇ ਬਾਰੀਕੀ ਨਾਲ ਕੀਤੀ ਫ਼ੌਜੀ ਤਿਆਰੀ ਦਾ ਅੰਦਾਜ਼ਾ ਨਹੀਂ ਲਾ ਸਕੇ ਅਤੇ ਹੁਣ ਹੌਰਮੁਜ਼ ਸਮੁੰਦਰੀ ਮਾਰਗ ਬੰਦ ਕੀਤੇ ਜਾਣ ਨਾਲ ਬਣੇ ਤੇਲ-ਗੈਸ ਦੇ ਸੰਕਟ ਵਿੱਚੋਂ ਕਿਸੇ ਤਰ੍ਹਾਂ ਨਿਕਲਣਾ ਚਾਹੁੰਦੇ ਹਨ। ਆਪਣੀ ਆਦਤ ਅਨੁਸਾਰ ਟਰੰਪ ਇਰਾਨ ਵਿਚ ਵਿਆਪਕ ਤਬਾਹੀ ਮਚਾਉਣ ਦੇ ਅਲਟੀਮੇਟਮ ਵਾਰ-ਵਾਰ ਬਦਲ ਰਿਹਾ ਹੈ। ਹੁਣ ਉਸਨੇ ਧਮਕੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਫਟਾਫਟ ਸਮਝੌਤਾ ਕਰਕੇ ਹੌਰਮੁਜ਼ ਮਾਰਗ ਮੁੜ ਨਾ ਖੋਲਿ੍ਹਆ ਤਾਂ ਉਹ ਤੇਲ, ਊਰਜਾ ਅਤੇ ਪਾਣੀ ਸਾਫ਼ ਕਰਨ ਦੇ ਬੁਨਿਆਦੀ ਢਾਂਚੇ ਉੱਪਰ ਹਮਲਾ ਕਰਕੇ ਇਰਾਨ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਜਾਵੇਗਾ। ਉਹ ਇਰਾਨ ਦੇ ਅੰਦਰ ਫ਼ੌਜ ਭੇਜ ਕੇ ਯੂਰੇਨੀਅਮ ਕਬਜ਼ੇ ਵਿਚ ਲੈਣ ਦੀਆਂ ਬੜਕਾਂ ਮਾਰ ਰਿਹਾ ਹੈ। ਪਰ ਇਕ ਹੱਦ ਤੱਕ ਫ਼ੌਜ ਭੇਜਣ ਤੋਂ ਅੱਗੇ ਵਧ ਕੇ ਫ਼ੈਸਲਾਕੁਨ ਹਮਲਾ ਕਰਨ ਤੋਂ ਵੀ ਬਚਦਾ ਸਾਫ਼ ਦੇਖਿਆ ਜਾ ਸਕਦਾ ਹੈ। ਜੇਕਰ ਟਰੰਪ ਇਰਾਨ ਦੇ ਅੰਦਰ ਜ਼ਮੀਨੀਂ ਹਮਲਾ ਕਰਦਾ ਹੈ ਤਾਂ ਇਹ ਤੈਅ ਹੈ ਕਿ ਇਰਾਨ ਆਪਣੀ ਹਸਤੀ ਦੀ ਰਾਖੀ ਲਈ ਮਰ-ਮਿਟਣ ਵਾਲੀ ਲੜਾਈ ਲੜੇਗਾ।
ਆਖ਼ਿਰਕਾਰ ਇਸ ਜੰਗ ਦਾ ਅੰਤ ਚਾਹੇ ਕੁਝ ਵੀ ਹੋਵੇ, ਟਰੰਪ ਦੀ ਅਗਵਾਈ ਹੇਠ ਅਮਰੀਕੀ ਸਟੇਟ ਵੱਲੋਂ ਮਚਾਈ ਹਾਲੀਆ ਹਨੇਰਗਰਦੀ ਕਾਰਨ ਦੁਨੀਆ ਪ੍ਰਮਾਣੂ ਯੁੱਧ ਦੇ ਖ਼ਤਰੇ ਦੇ ਕੰਢੇ ’ਤੇ ਖੜ੍ਹੀ ਮਹਿਸੂਸ ਕਰ ਰਹੀ ਹੈ। ਮਾਨਵਤਾਵਾਦੀ, ਅਮਨ ਪ੍ਰੇਮੀ ਫ਼ਿਕਰ ਵਿਰੋਧ-ਪ੍ਰਦਰਸ਼ਨਾਂ ਵਿਚ ਸਾਹਮਣੇ ਆ ਰਹੇ ਹਨ। ਇਕ ਪਾਸੇ, ਅਮਰੀਕੀ-ਇਜ਼ਰਾਇਲੀ ਹਕੂਮਤਾਂ ਵੱਲੋਂ ਥੋਪੀ ਇਸ ਨਹੱਕੀ ਜੰਗ ਦੇ ਪੂਰੀ ਤਰ੍ਹਾਂ ਨਜਾਇਜ਼ ਹੋਣ ਵਿਰੁੱਧ ਅਤੇ ਦੂਜੇ ਪਾਸੇ ਇਸ ਜੰਗ ਕਾਰਨ ਪੈਦਾ ਹੋਏ ਸੰਕਟ ਦੇ ਅਸਰਾਂ ਤੋਂ ਤੰਗ ਲੋਕਾਈ ਵਿਚ ਉੱਠ ਰਹੇ ਗੁੱਸੇ ਦਾ ਇਜ਼ਹਾਰ ਜੰਗ ਵਿਰੋਧੀ ਮੁਜ਼ਾਹਰਿਆਂ ਦੇ ਰੂਪ ’ਚ ਹੋਣਾ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿਚ ਅਮਰੀਕਾ ਅਤੇ ਯੂਰਪ ਵਿਚ ਵੱਡੇ ਮੁਜ਼ਾਹਰੇ ਹੋਏ ਹਨ। 29 ਮਾਰਚ ਨੂੰ ‘ਨੋ ਕਿੰਗਜ਼’ (ਸਾਨੂੰ ਰਾਜਾ ਨਹੀਂ ਚਾਹੀਦਾ) ਮੁਹਿੰਮ ਤਹਿਤ ਲੱਖਾਂ ਲੋਕ ਟਰੰਪ ਦੀਆਂ ਨੀਤੀਆਂ ਵਿਰੁੱਧ ਅਤੇ ਇਰਾਨ ਜੰਗ ਵਿਰੁੱਧ ਸੜਕਾਂ ’ਤੇ ਆਏ। ਲਗਾਤਾਰਤਾ ਪੱਖੋਂ ਦੇਖੀਏ ਤਾਂ ਇਹ ਵਿਰੋਧ-ਪ੍ਰਦਰਸ਼ਨ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਲਕ ਪੱਧਰ ’ਤੇ ਸ਼ੁਰੂ ਹੋਏ ‘ਨੋ ਕਿੰਗਜ਼’ ਵਿਰੋਧ ਦਾ ਤੀਜਾ ਗੇੜ ਹੈ। ਪਿਛਲੇ ਸਾਲ ਜੂਨ ਅਤੇ ਅਕਤੂਬਰ ਵਿਚ ਹੋਏ ‘ਨੋ ਕਿੰਗਜ਼’ ਵਿਰੋਧ-ਪ੍ਰਦਰਸ਼ਨਾਂ ਵਿਚ ਵੀ ਦਹਿ-ਲੱਖਾਂ ਲੋਕ ਸ਼ਾਮਲ ਹੋਏ ਸਨ। ਮੁਹਿੰਮ ਦੀ ਜਨਤਕ ਹਮਾਇਤ ਅਤੇ ਮੁੱਦਿਆਂ ਦਾ ਘੇਰਾ ਵਧਦਾ ਜਾਂਦਾ ਹੈ। ਟਰੰਪ ਦਾ ਸਾਮਰਾਜੀ ਹਲਕਾਅ ਵਧਣ ਨਾਲ ਇਸ ਵਿਰੋਧ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਹਨ।
ਪਿਛਲੇ ਸਾਲ ਜਦੋਂ ਟਰੰਪ ਨੇ ਲਾਸ ਏਂਜਲਸ ਅਤੇ ਸ਼ਿਕਾਗੋ ਵਿਚ ਜਬਰ ਕਰਨ ਲਈ ਫੈਡਰਲ ਏਜੰਟ ਭੇਜੇ ਤਾਂ ਲੋਕਾਂ ਨੇ ‘ਆਈਸ ਦਫ਼ਾ ਹੋਵੋ’ ਦੀ ਮੰਗ ਕਰਦਿਆਂ ਸੜਕਾਂ ਉੱਪਰ ਆ ਕੇ ਜ਼ੋਰਦਾਰ ਵਿਰੋਧ ਕੀਤਾ। ਜਦੋਂ ਲੋਕਾਂ ਨੇ ਮਹਿਸੂਸ ਕੀਤਾ ਕਿ ਟਰੰਪ ਦੇ ਅਜਾਰੇਦਾਰ ਕਾਰਪੋਰੇਟ ਜੁੰਡੀ-ਯਾਰਾਂ (ਕਾਰਪੋਰੇਸ਼ਨਾਂ) ਤੱਕ ਵਿਰੋਧ ਦਾ ਸੇਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਉਨ੍ਹਾਂ ਨੇ ਟਾਰਗੈੱਟ, ਟੈਸਲਾ ਅਤੇ ਐਮਾਜ਼ਨ ਕਾਰਪੋਰੇਸ਼ਨਾਂ ਦੇ ਬਾਈਕਾਟ ਦੇ ਸੱਦੇ ਦਿੱਤੇ। ਵਿਦਿਅਕ ਸੰਸਥਾਵਾਂ ਅਤੇ ਆਪਣੇ ਭਾਈਚਾਰਿਆਂ ਵਿਚ ਆਈਸ ਦੇ ਏਜੰਟਾਂ ਦੀ ਮੌਜੂਦਗੀ ਵਿਰੁੱਧ ਵਿਦਿਆਰਥੀਆਂ ਦਾ ਗੁੱਸਾ ਕਲਾਸ-ਰੂਮਾਂ ਤੋਂ ਬਾਹਰ ਨਿਕਲ ਕੇ ਸਮੂਹਿਕ ਵਿਰੋਧ ਕਰਨ ਦੇ ਰੂਪ ’ਚ ਸਾਹਮਣੇ ਆਇਆ।

ਅਮਰੀਕਾ ਦਾ ਮਿਨੀਸੋਟਾ ਸੂਬਾ ਪਿਛਲੇ ਮਹੀਨਿਆਂ ਤੋਂ ਟਰੰਪ ਦੀਆਂ ਪਰਵਾਸ ਨੀਤੀਆਂ ਵਿਰੁੱਧ ਸੰਘਰਸ਼ ਦਾ ਮੁੱਖ ਕੇਂਦਰ ਬਣਿਆ ਹੈ। ਟਰੰਪ ਸਰਕਾਰ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਦੇ ਨਾਂ ਹੇਠ ਪਰਵਾਸੀ ਲੋਕਾਂ ਦਾ ਸ਼ਿਕਾਰ ਖੇਡਣ ਲਈ ਖੁੱਲ੍ਹੀ ਛੱਡੀ ‘ਆਈਸ’ ਦੇ ਦਹਿਸ਼ਤਵਾਦੀ ਹਮਲਿਆਂ ਨੂੰ ਅਮਰੀਕੀ ਲੋਕਾਂ ਵੱਲੋਂ ਸੜਕਾਂ ਉੱਪਰ ਆ ਕੇ ਜ਼ੋਰਦਾਰ ਚੁਣੌਤੀ ਦਿੱਤੀ ਗਈ ਅਤੇ ‘ਨੋ ਕਿੰਗਜ਼’ ਦਾ ਨਾਅਰਾ ਬੁਲੰਦ ਕਰਕੇ ਟਰੰਪ ਦੇ ਫਾਸ਼ੀ ਰਾਜ ਨੂੰ ਰੱਦ ਕੀਤਾ ਗਿਆ। ‘ਨੋ ਕਿੰਗਜ਼’ ਮੁਜ਼ਾਹਰੇ ਅਜੋਕੇ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਰੂਪ ਵਿਚ ਦਰਜ ਹੋਏ ਹਨ। ‘ਨੋ ਕਿੰਗਜ਼’ ਵੈੱਬਸਾਈਟ ਅਨੁਸਾਰ 29 ਮਾਰਚ ਨੂੰ ਅਮਰੀਕਾ ਵਿਚ 3300 ਤੋਂ ਵੱਧ ਥਾਵਾਂ ’ਤੇ ਵੱਡੇ-ਵੱਡੇ ਇਕੱਠ ਹੋਏ। ਅਮਰੀਕਾ ਅਤੇ ਯੂਰਪ ਦੇ ਵੱਡੇ ਅਖ਼ਬਾਰਾਂ ਨੇ ਵੀ ਇਨ੍ਹਾਂ ਇਕੱਠਾਂ ਦੀ ਵਿਸ਼ਾਲਤਾ ਅਤੇ ਵੰਨ-ਸੁਵੰਨਤਾ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਇਕੱਠਾਂ ਵਿਚ ਟਰੰਪ ਦੀ ਤਾਨਾਸ਼ਾਹੀ, ਕਰੂਰ ਪਰਵਾਸ ਨੀਤੀਆਂ ਅਤੇ ਇਰਾਨ ਜੰਗ ਵਿਰੁੱਧ ਜ਼ੋਰਦਾਰ ਆਵਾਜ਼ ਗੂੰਜੀ। ਇਹ ਵਿਆਪਕ ਹੁੰਗਾਰਾ ਅਤੇ ਫਾਸ਼ੀ ਹਕੂਮਤੀ ਹੱਲਿਆਂ ਤੋਂ ਨਿਧੜਕ ਲੋਕਾਂ ਦੀ ਸ਼ਮੂਲੀਅਤ ਦੱਸਦੀ ਹੈ ਕਿ ਟਰੰਪ ਦੀ ਕਥਿਤ ਮਕਬੂਲੀਅਤ ਤੇਜ਼ੀ ਨਾਲ ਘਟ ਰਹੀ ਹੈ।
ਇਨ੍ਹਾਂ ਵਿਰੋਧ-ਪ੍ਰਦਰਸ਼ਨਾਂ, ਖ਼ਾਸ ਕਰਕੇ 29 ਮਾਰਚ ਦੀ ਮੁਹਿੰਮ ਦੀ ਖ਼ਾਸ ਖੂਬੀ ਇਨ੍ਹਾਂ ਦੀ ਵਿਸ਼ਾਲਤਾ ਯਾਨੀ ਲੋਕਾਈ ਨੂੰ ਇਨ੍ਹਾਂ ਮੁੱਦਿਆਂ ਉੱਪਰ ਜਾਗਰੂਕ ਕਰਕੇ ਸੜਕਾਂ ’ਤੇ ਲੈ ਆਉਣ ਦੀ ਕਾਮਯਾਬੀ ਹੈ। ਇਸ ਮੁਹਿੰਮ ਨੂੰ ਜਥੇਬੰਦ ਕਰਨ ਵਾਲਿਆਂ ਦਾ ਅੰਦਾਜ਼ਾ ਹੈ ਕਿ 29 ਮਾਰਚ ਦੇ ਪ੍ਰਦਰਸ਼ਨਾਂ ਵਿਚ 80 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਇਹ ਇੱਕੋ ਦਿਨ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਵਿਰੋਧ-ਪ੍ਰਦਰਸ਼ਨ ਹੋ ਨਿੱਬੜੇ। ਸਾਢੇ ਚੌਂਤੀ ਕਰੋੜ ਵਸੋਂ ਵਾਲੇ ਮੁਲਕ ਵਿਚ ਵਿਰੋਧ-ਪ੍ਰਦਰਸ਼ਨਾਂ ਵਿਚ ਐਨੀ ਵੱਡੀ ਸ਼ਮੂਲੀਅਤ ਬਹੁਤ ਮਾਇਨੇ ਰੱਖਦੀ ਹੈ। ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇੱਕੋ ਦਿਨ ਵਿਚ ਇਸ ਮੁਲਕ ਵਿਚ ਸਭ ਤੋਂ ਵੱਡੇ ਵਿਰੋਧ-ਪ੍ਰਦਰਸ਼ਨ ‘ਦੀ ਫਸਟ ਡੈੱਥ ਡੇ’ 1970 ਵਿਚ ਹੋਏ ਸਨ ਜਦੋਂ ਅੰਦਾਜ਼ਨ ਵੀਹ ਲੱਖ ਲੋਕਾਂ ਨੇ ਵਾਤਵਰਣ ਰੈਲੀਆਂ ਅਤੇ ਟੀਚ-ਇਨ ਵਿਚ ਹਿੱਸਾ ਲਿਆ ਸੀ।
ਇਹ ਵਿਰੋਧ-ਪ੍ਰਦਰਸ਼ਨ ਸਿਰਫ਼ ਨਿਊ ਯਾਰਕ ਸਿਟੀ, ਵਾਸ਼ਿੰਗਟਨ ਡੀਸੀ, ਲਾਸ ਏਂਜਲਸ, ਸੈਨ ਫਰਾਂਸਿਸਕੋ, ਸ਼ਿਕਾਗੋ, ਮਿਨੀਸੋਟਾ ਜੌੜੇ ਸ਼ਹਿਰਾਂ ਵਰਗੇ ਵੱਡੇ ਸ਼ਹਿਰੀ ਕੇਂਦਰਾਂ ਤੱਕ ਮਹਿਦੂਦ ਨਹੀਂ ਰਹੇ ਸਗੋਂ ਛੋਟੇ ਸ਼ਹਿਰਾਂ, ਉੱਪ ਨਗਰਾਂ ਅਤੇ ਪੇਂਡੂ ਖੇਤਰਾਂ ਤੱਕ ਵੀ ਫੈਲ ਗਏ। ਇਨ੍ਹਾਂ ਵਿਚ ਹਿੱਸਾ ਲੈਣ ਵਾਲਿਆਂ ਦਾ ਲਗਭਗ ਦੋ-ਤਿਹਾਈ ਮਹਾਨਗਰਾਂ ਤੋਂ ਬਾਹਰਲੇ ਖੇਤਰਾਂ ‘ਤੋਂ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਟਰੰਪ ਹਕੂਮਤ ਵਿਰੁੱਧ ਅਸੰਤੋਸ਼ ਪੂਰੇ ਮੁਲਕ ਵਿਚ ਫੈਲਦਾ ਜਾਂਦਾ ਹੈ।
ਸੇਂਟ ਪਾਲ, ਮਿਨੀਸੋਟਾ ਦੇ ਵਿਰੋਧ-ਪ੍ਰਦਰਸ਼ਨ ਵਿਚ ਦਹਿ-ਹਜ਼ਾਰਾਂ ਲੋਕਾਂ ਸੜਕਾਂ ’ਤੇ ਨਿਕਲ ਆਏ। ਟਰੰਪ ਦੀ ਸ਼ਿਸ਼ਕੇਰੀ ਆਈਸ ਵੱਲੋਂ ਮਚਾਏ ਮੌਤ ਅਤੇ ਤਬਾਹੀ ਦੇ ਤਾਂਡਵ ਬਾਰੇ ਬਰੂਸ ਸਪਰਿੰਗਟੀਨ ਵੱਲੋਂ ਆਪਣਾ ਗੀਤ ‘ਸਟਰੀਟਸ ਆਫ ਮਿਨੇਪੋਲਿਸ’ ਗਾਉਣਾ ਦੱਸਦਾ ਹੈ ਕਿ ਕਲਾ ਤੇ ਗਾਇਕੀ ਦੇ ਖੇਤਰ ਵੀ ਸੱਤਾ ਵਿਰੁੱਧ ਅਸੰਤੋਸ਼ ਤੋਂ ਅਛੋਹ ਨਹੀਂ ਹਨ।
ਇਸ ਸੱਦੇ ਨੂੰ ਹੁੰਗਾਰੇ ਦਾ ਅੰਤਰਰਾਸ਼ਟਰੀ ਪੱਖ ਵੀ ਗਿਣਨਯੋਗ ਹੈ। ਇਸ ਸੱਦੇ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਪੈਰਿਸ, ਬਰਲਿਨ, ਰੋਮ ਅਤੇ ਲਿਸਬਨ ਵਰਗੇ ਵੱਡੇ ਯੂਰਪੀ ਕੇਂਦਰਾਂ ਵਿਚ ਵੀ ਇਕਮੁੱਠਤਾ ਮੁਜ਼ਾਹਰੇ ਹੋਏ, ਜਿਨ੍ਹਾਂ ਵਿਚ ਅਮਰੀਕੀ ਪਰਵਾਸੀਆਂ ਦੇ ਨਾਲ ਸਥਾਨਕ ਨਾਗਰਿਕ ਵੀ ਸ਼ਾਮਲ ਹੋਏ। ਇਹ ਆਲਮੀ ਪਾਸਾਰ ਅਮਰੀਕੀ ਹਕੂਮਤੀ ਨੀਤੀਆਂ ਅਤੇ ਲੀਡਰਸ਼ਿੱਪ ਦੇ ਸੁਪਰ ਪਾਵਰ ਵਾਲੇ ਧੌਂਸਬਾਜ਼ ਰਵੱਈਏ ਦੀ ਕੌਮਾਂਤਰੀ ਪੱਧਰ ’ਤੇ ਮਹਿਸੂਸ ਕੀਤੀ ਜਾ ਰਹੀ ਚੋਭ ਨੂੰ ਦਰਸਾਉਂਦਾ ਹੈ। ਘੋਰ ਸੱਜੇਪੱਖ ਵਿਰੁੱਧ ਇਕ ਵਿਆਪਕ ਪ੍ਰਦਰਸ਼ਨ ਯੂ.ਕੇ. ਵਿਚ ਵੀ ਹੋਇਆ ਹੈ, ਹਾਲਾਂਕਿ ਉਹ ਇਸ ਸੱਦੇ ਨਾਲ ਸੰਬੰਧਤ ਨਹੀਂ ਸੀ ਪਰ ਘੋਰ ਪਿਛਾਖੜੀ ਤਾਕਤਾਂ ਦੇ ਉਭਰਨ ਦੇ ਖ਼ਤਰੇ ਵਿਰੁੱਧ ਉਸਦਾ ਆਪਣਾ ਮਹੱਤਵ ਹੈ।
ਟਰੰਪ ਦੀਆਂ ਨੀਤੀਆਂ ਵਿਰੁੱਧ ਵਧ ਰਹੇ ਅਸੰਤੋਸ਼ ਨਾਲ ਹਕੂਮਤੀ ਧਿਰ ਨੂੰ ਪਹੁੰਚ ਰਿਹਾ ਸੇਕ ਰੰਗ ਦਿਖਾ ਰਿਹਾ ਹੈ। ਜਬਰ, ਧਮਕੀਆਂ ਅਤੇ ਕੂੜ ਪ੍ਰਚਾਰ ਵੀ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨਾਂ ਨੂੰ ਨਾਕਾਮ ਬਣਾਉਣ ਵਿਚ ਟਰੰਪ ਸਰਕਾਰ ਦੇ ਕੰਮ ਨਹੀਂ ਆ ਰਿਹਾ। ਵ੍ਹਾਈਟ ਹਾਊਸ ਅਤੇ ਰਿਪਬਲਿਕਨ ਲੀਡਰਸ਼ਿੱਪ ਨੇ ਇਨ੍ਹਾਂ ਵਿਰੋਧ-ਪ੍ਰਦਰਸ਼ਨਾਂ ਨੂੰ ‘ਟਰੰਪ ਡਿਰੇਂਜਮੈਂਟ ਥੈਰਪੀ ਸੈਸ਼ਨਜ਼’ (ਭਾਵ ਟਰੰਪ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰਪਤੀ ਨਾਲ ਨਫ਼ਰਤ ਦੇ ਮਾਨਸਿਕ ਰੋਗ ਲਈ ਆਪਣਾ ਇਲਾਜ ਕਰਾਉਣ ਦੀ ਜ਼ਰੂਰਤ ਹੈ) ਅਤੇ ‘ਹੇਟ ਅਮੈਰਿਕਾ ਰੈਲੀਆਂ’ ਕਰਾਰ ਦੇ ਕੇ ਰੱਦ ਕਰਨ ਦੀ ਬੌਖਲਾਹਟ ਦਿਖਾਈ। ਇਹ ਝੂਠ ਵੀ ਫੈਲਾਇਆ ਗਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਰਿਪੋਰਟ ਕਰਨ ਵਾਲੇ ਪੈਸੇ ਲੈ ਕੇ ਅਜਿਹਾ ਕਰਦੇ ਹਨ। ਸਦਨ ਦਾ ਸਪੀਕਰ ਮਾਈਕ ਜਾਨਸਨ ਤਾਂ ਇਨ੍ਹਾਂ ਪ੍ਰਦਰਸ਼ਨਾਂ ਨੂੰ ਭੰਡਣ ਲਈ ਇਹ ਜ਼ਹਿਰ ਉਗਲਣ ਤੱਕ ਚਲਾ ਗਿਆ ਕਿ ਇਨ੍ਹਾਂ ਨੇ ‘ਮਾਰਕਸਵਾਦੀਆਂ, ਸੋਸ਼ਲਿਸਟਾਂ, ਅੰਟੀਫਾ ਹਮਾਇਤੀਆਂ, ਅਰਾਜਕਤਾਵਾਦੀਆਂ ਅਤੇ ਡੈਮੋਕਰੈਟਿਕ ਪਾਰਟੀ ਦੇ ਘੋਰ-ਖੱਬੇਪੱਖੀ ਹਮਾਸ ਹਮਾਇਤੀ ਗੁੱਟ ਨੂੰ ਇਕ ਥਾਂ ਜੋੜ ਦਿੱਤਾ ਹੈ।’ ਵੈਸਟ ਪਾਮ ਬੀਚ, ਫਲੋਰਿਡਾ ਅਤੇ ਡੈਲਸ ਸਮੇਤ ਕੁਝ ਸ਼ਹਿਰਾਂ ਵਿਚ ਟਰੰਪ ਦੇ ਹੱਕ ਵਿਚ ਮੁਜ਼ਾਹਰੇ ਵੀ ਕੀਤੇ ਗਏ ਜਿਨ੍ਹਾਂ ਵਿਚ ‘ਓਥ ਐਂਡ ਦੀ ਪਰਾਊਡ ਬੁਆਏਜ਼’ ਦੇ ਆਗੂ ਵੀ ਸ਼ਾਮਲ ਹੋਏ ਜੋ ਖੁੱਲ੍ਹੇਆਮ ਨਫ਼ਰਤ ਅਤੇ ਹਿੰਸਾ ਭੜਕਾਊ ਘੋਰ ਪਿਛਾਖੜੀ, ਨਵ-ਫਾਸ਼ੀ ਅਮਰੀਕੀ ਗੈਂਗ ਹੈ।
ਟਰੰਪ ਸਰਕਾਰ ਦੀ ਫਾਸ਼ੀ ਦਹਿਸ਼ਤ ਵਿਰੁੱਧ ਘਰੇਲੂ ਚੁਣੌਤੀ ਬਣੀ ਇਹ ਮੁਹਿੰਮ ਬਹੁਤ ਉਤਸ਼ਾਹਜਨਕ ਹੋਣ ਦੇ ਬਾਵਜੂਦ ਇਸ ਦੀਆਂ ਸੀਮਤਾਈਆਂ ਵੀ ਹਨ। ਇਨ੍ਹਾਂ ਇਕੱਠਾਂ ਵਿਚ ਇਸ ਸਾਲ ਨਵੰਬਰ ਵਿਚ ਮੱਧਕਾਲੀ ਚੋਣ ਸਮੇਂ ਡੈਮੋਕਰੇਟਾਂ ਨੂੰ ਵੋਟ ਪਾਉਣ ਦੀ ਤਿਆਰੀ ਕਰਨ ਦੀ ਸੁਰ ਵੀ ਸੁਣਾਈ ਦਿੱਤੀ। ਬੇਸ਼ੱਕ ਟਰੰਪ ਦੇ ਵਿਰੋਧ ਦਾ ਮਤਲਬ ਆਪਣੇ ਆਪ ਵਿਚ ਡੈਮੋਕਰੇਟ ਧੜੇ ਦੇ ਹੱਕ ਵਿਚ ਹੋਣਾ ਨਹੀਂ ਹੈ। ਪਰ ਆਵਾਮ ਨੂੰ ਇਹ ਸਪਸ਼ਟ ਰਾਜਨੀਤਕ ਸਮਝ ਬਣਾਉਣੀ ਪੈਣੀ ਹੈ ਕਿ ਡੈਮੋਕਰੇਟਾਂ ਨੂੰ ਵੋਟ ਦੇਣ ਨਾਲ ਅਮਰੀਕੀ ਸਟੇਟ ਦੇ ਫਾਸ਼ੀਵਾਦ ਤੋਂ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਟਰੰਪ ਦੇ ਪਹਿਲੀ ਵਾਰ ਸਹੁੰ ਚੁੱਕਣ ’ਤੇ 2017 ’ਚ ਹੋਏ ਵਿਮੈਨ ਮਾਰਚ ਨੇ ਅਗਲੇ ਸਾਲ ਡੈਮੋਕਰੇਟਾਂ ਲਈ ਹਮਾਇਤ ਵਧਾਉਣ (‘ਬਲਿਯੂ ਵੇਵ’) ਵਿਚ ਹਿੱਸਾ ਪਾਇਆ ਸੀ ਜਦੋਂ ਡੈਮੋਕਰੇਟਾਂ ਨੇ 41 ਸੀਟਾਂ ਪਲਟ ਦਿੱਤੀਆਂ ਸਨ ਅਤੇ ਸਦਨ ਉੱਪਰ ਮੁੜ ਕਾਬਜ਼ ਹੋ ਗਏ ਸਨ। ਪਰ ਟਰੰਪ ਦੀ ਅਗਵਾਈ ਹੇਠਲੇ ਘੋਰ ਫਾਸ਼ੀ ਗੈਂਗ ਨੂੰ ਸੱਤਾ ਵਿਚ ਆਉਣ ਤੋਂ ਰੋਕਿਆ ਨਹੀਂ ਜਾ ਸਕਿਆ। ਫਾਸ਼ੀ ਟਰੰਪ ਜੁੰਡਲੀ ਆਪਣੇ ਵਿਰੁੱਧ ਚੋਣ ਫ਼ਤਵੇ ਨੂੰ ਸਵੀਕਾਰ ਕਰਨ ਵਾਲੀ ਨਹੀਂ ਹੈ। ਉਹ ਹੁਣ ਤੋਂ ਹੀ ਚੋਣਾਂ ਨੂੰ ਅਗਵਾ ਕਰਨ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ। ਜੇਕਰ ਉਹ ਦੂਜੇ ਮੁਲਕ ਦੇ ਰਾਸ਼ਟਰਪਤੀ ਨੂੰ ਉਸਦੇ ਘਰ ਵਿਚੋਂ ਅਗਵਾ ਕਰ ਸਕਦੇ ਹਨ ਅਤੇ ਇਰਾਨ ਦੇ ਸਿਰਮੌਰ ਆਗੂ ਸਮੇਤ ਫ਼ੌਜੀ ਲੀਡਰਸ਼ਿੱਪ ਦਾ ਸਫ਼ਾਇਆ ਕਰ ਸਕਦੇ ਹਨ ਤਾਂ ਉਹ ਸੱਤਾ ਵਿਚ ਬਣੇ ਰਹਿਣ ਲਈ ਆਪਣੇ ਮੁਲਕ ਦੇ ਅੰਦਰ ਵੀ ਕਿਸੇ ਵੀ ਹੱਦ ਤੱਕ ਵੀ ਜਾ ਸਕਦੇ ਹਨ।
ਬੇਸ਼ੱਕ ਸਾਮਰਾਜੀ ਸਰਮਾਏਦਾਰਾ ਪ੍ਰਬੰਧ ਕਰੂਰ ਫ਼ੌਜੀ ਜਬਰ ਅਤੇ ਮੈਨੂਫੈਕਚਰਡ ਸਹਿਮਤੀ ਦੇ ਸਹਾਰੇ ਟਿਕਿਆ ਹੋਇਆ ਹੈ ਪਰ ਮਾਨਵਤਾ ਵਿਰੋਧੀ, ਕੁਦਰਤ ਵਿਰੋਧੀ ਵਿਕਾਸ ਮਾਡਲ ਹੈ। ਇਸ ਦੇ ਗ਼ਲਬੇ ਨੂੰ ਖ਼ਤਮ ਕਰਨ ਲਈ ਮੂਲ ਰਾਜਸੀ ਬਦਲਾਅ ਦੀ ਚੇਤਨਾ ਜ਼ਰੂਰੀ ਹੈ। ਫਿਰ ਹੀ ਟਰੰਪ ਵਰਗਿਆਂ ਦੇ ਅਜੋਕੇ ਫਾਸ਼ੀਵਾਦ ਵਿਰੁੱਧ ਫ਼ੈਸਲਾਕੁਨ ਰਾਜਨੀਤਕ ਲੜਾਈ ਲੜੀ ਜਾ ਸਕਦੀ ਹੈ।