ਉਲਝੀ ਜਾਵੇ ਜੰਗ ਦੀ ਤਾਣੀ

ਈਰਾਨ ਨਾਲ ਜੰਗ ਛੇੜਨ ਤੋਂ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਨੇ ਸੋਚਿਆ ਸੀ ਕਿ ਸਿਰਫ਼ ਚਾਰ ਕੁ ਦਿਨਾਂ ਵਿਚ ਹੀ ਜੰਗ ਦਾ ਫ਼ੈਸਲਾ ਹੋ ਜਾਵੇਗਾ, ਪਰ ਹੁਣ ਦਿਨੋਂ-ਦਿਨ ਉਲਝ ਰਹੀ ਜੰਗ ਦੀ ਤਾਣੀ ਨਾ ਸਿਰਫ ਅਮਰੀਕਾ ਅਤੇ ਇਜ਼ਰਾਈਲ ਨੂੰ ਸਗੋਂ ਦੁਨੀਆ ਭਰ ਨੂੰ ਚਿੰਤਾ ਵਿਚ ਪਾ ਰਹੀ ਹੈ।

ਜੰਗ ਦੇ ਜਲਦੀ ਸਮਾਪਤ ਹੋਣ ਦੇ ਕੋਈ ਆਸਾਰ ਨਹੀਂ ਦਿਖਾਈ ਦੇ ਰਹੇ। ਇਸ ਦੌਰਾਨ ਅਮਰੀਕਾ ਦੇ ਲਗਪਗ 40 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ। ਰਣ-ਭੂਮੀ ਵਿਚ ਫ਼ੌਜ ਨਾ ਉਤਾਰਨ ਦੀ ਵਾਰ-ਵਾਰ ਦੁਹਾਈ ਦੇਣ ਦੇ ਬਾਵਜੂਦ ਟਰੰਪ ਨੂੰ ਲਗਪਗ ਸੱਤ ਹਜ਼ਾਰ ਮੈਰੀਨ ਅਤੇ ਪੈਰਾਸ਼ੂਟ ਫ਼ੌਜੀ ਭੇਜਣੇ ਪੈ ਰਹੇ ਹਨ ਪਰ ਈਰਾਨ ਨਾ ਤਾਂ ਹਾਰ ਮੰਨਣ ਲਈ ਤਿਆਰ ਹੈ ਅਤੇ ਨਾ ਹੀ ਸਿੱਧੀ ਗੱਲਬਾਤ ਲਈ। ਪਰ ਵਿਆਪਕ ਵਿਨਾਸ਼ ਤੋਂ ਤਿਲਮਿਲਾਇਆ ਈਰਾਨ ਹੁਣ ਆਪਣੇ 454 ਕਿੱਲੋ ਸੋਧੇ ਹੋਏ ਯੂਰੇਨੀਅਮ ਨੂੰ ਸੌਂਪਣਾ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਸੀਮਤ ਕਰਨਾ ਤਾਂ ਦੂਰ, ਹੋਰਮੁਜ਼ ਜਲ ਮਾਰਗ ‘ਤੇ ਕਬਜ਼ਾ ਕਰਨ ‘ਤੇ ਵੀ ਉਤਾਰੂ ਹੋ ਗਿਆ ਹੈ। ਈਰਾਨ ਦੀ ਨਿਗਰਾਨੀ ਵਿਚ ਕੁਝ ਜਹਾਜ਼ਾਂ ਤੋਂ ਇਲਾਵਾ ਇਹ ਜਲ ਮਾਰਗ ਪਿਛਲੇ ਮਹੀਨੇ ਤੋਂ ਬੰਦ ਹੈ। ਇਸ ਕਾਰਨ ਤੇਲ, ਗੈਸ, ਰਸਾਇਣਕ ਖਾਦਾਂ ਹੀਲੀਅਮ ਅਤੇ ਪਲਾਸਟਿਕ ਦੇ ਕੱਚੇ ਮਾਲ ਦੀ ਤੰਗੀ ਹੋ ਗਈ ਹੈ। ਭਾਰਤ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ ਏਸ਼ੀਆ ਦੇ ਸਾਰੇ ਅਰਥਚਾਰਿਆਂ ਦੀ ਨਿਰਭਰਤਾ ਖਾੜੀ ‘ਤੇ ਸਭ ਤੋਂ ਵੱਧ ਹੈ। ਹੋਰਮੁਜ਼ ਬੰਦ ਰਹਿਣ ਕਾਰਨ ਉਪਜੀ ਆਰਥਿਕ ਸੰਕਟ ਦੀ ਤਪਸ਼ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਨਾਲ-ਨਾਲ ਅਮਰੀਕਾ ‘ਚ ਵੀ ਪਹੁੰਚ ਚੁੱਕੀ ਹੈ। ਅਮਰੀਕਾ ਵਿਚ ਡੀਜ਼ਲ ਦੀ ਕੀਮਤਾਂ 25 ਪ੍ਰਤੀਸ਼ਤ ਤੱਕ ਵਧ ਗਈਆਂ ਹਨ। ਡੀਜ਼ਲ ਅਤੇ ਰਸਾਇਣਕ ਖਾਦਾਂ ਦੀ ਮਹਿੰਗਾਈ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨੀ ‘ਤੇ ਪੈ ਰਿਹਾ ਹੈ। ਰੋਜ਼ਮਰ੍ਹਾ ਦੀ ਵਰਤੋਂ ਦਾ ਸਾਮਾਨ ਮਹਿੰਗਾ ਹੋਣ ਕਾਰਨ ਟਰੰਪ ਦੇ ਸਮਰਥਕਾਂ ਵਿਚ ਵੀ ਨਾਰਾਜ਼ਗੀ ਹੈ।
ਜੰਗ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ 61 ਪ੍ਰਤੀਸ਼ਤ ਤੋਂ ਉੱਪਰ ਚਲੀ ਗਈ ਹੈ। ਟਰੰਪ ਦਾ ਆਪਣਾ ਜਨ-ਸਮਰਥਨ-ਇਤਿਹਾਸ ਦੇ ਨਿਊਨਤਮ ਬਿੰਦੂ ‘ਤੇ ਹੈ। ਸੈਨੇਟ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਰੱਖਿਆ ਮੰਤਰੀ ਹੇਗਸੇਥ ਅਤੇ ਵਿਦੇਸ਼ ਮੰਤਰੀ ਰੂਬਿਓ ਨੂੰ ਕਮੇਟੀਆਂ ਵਿਚ ਤਲਬ ਕਰਨ ‘ਤੇ ਅੜੇ ਹੋਏ ਹਨ। ਨਵੰਬਰ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ ਜੇ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਕਾਂਗਰਸ ਵਿਚ ਆਪਣਾ ਬਹੁਮਤ ਗੁਆ ਦਿੱਤਾ ਤਾਂ ਟਰੰਪ ‘ਤੇ ਮਹਾਦੋਸ਼ ਦੀ ਤਲਵਾਰ ਵੀ ਲਟਕਣ ਲੱਗੇਗੀ। ਇਸ ਲਈ ਉਹ ਹੁਣ ਇਸ ਜੰਗ ਨੂੰ ਕਿਸੇ ਸਮਝੌਤੇ ਨਾਲ ਖ਼ਤਮ ਕਰਨ ਲਈ ਰਾਹ ਲੱਭ ਰਹੇ ਹਨ। ਪਰ ਡੋਨਾਲਡ ਟਰੰਪ ਦੀ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਈਰਾਨ ਨੇ ਠੁਕਰਾ ਦਿੱਤਾ ਹੈ। ਫਾਰਸ ਅਤੇ ਓਮਾਨ ਦੀਆਂ ਖਾੜੀਆਂ ਨੂੰ ਮਿਲਾਉਣ ਵਾਲੇ ਹੋਰਮੁਜ਼ ਜਲ ਮਾਰਗ ਦੀ ਚੌੜਾਈ ਇਸ ਦੇ ਮੋੜ ‘ਤੇ ਸਿਰਫ਼ 21 ਸਮੁੰਦਰੀ ਮੀਲ ਹੈ ਜਿਸ ਵਿਚੋਂ 12 ਸਮੁੰਦਰੀ ਮੀਲ ਤੱਕ ਈਰਾਨ ਦੀ ਸਮੁੰਦਰੀ ਸਰਹੱਦ ਹੈ ਅਤੇ ਬਾਕੀ ਓਮਾਨ ਦੀ। ਦੋਹਾਂ ਦੇਸ਼ਾਂ ਦੀਆਂ ਜਲ-ਸੀਮਾਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਪਰ ਸੰਯੁਕਤ ਰਾਸ਼ਟਰ ਦੇ ਜਲ ਮਾਰਗ ਕਾਨੂੰਨ ਮੁਤਾਬਕ ਇਹ ਦੋਵੇਂ ਦੇਸ਼ ਆਪਣੀਆਂ ਜਲ-ਸੀਮਾਵਾਂ ਤੋਂ ਹੋ ਕੇ ਗੁਜ਼ਰਨ ਵਾਲੇ ਜਹਾਜ਼ਾਂ ਨੂੰ ਰੋਕ ਨਹੀਂ ਸਕਦੇ। ਜਿਵੇਂ ਹਵਾਈ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਦੀ ਹਵਾਈ ਸੀਮਾ ਤੋਂ ਉਡਾਣ ਭਰਨ ਦਾ ਅਧਿਕਾਰ ਹੈ, ਉਸੇ ਤਰ੍ਹਾਂ ਸਮੁੰਦਰੀ ਜਹਾਜ਼ਾਂ ਨੂੰ ਜਲ-ਸੀਮਾ ਤੋਂ ਹੋ ਕੇ ਗੁਜ਼ਰਨ ਦਾ ਹੱਕ ਹੈ। ਇੱਥੇ ਸਮੱਸਿਆ ਅਧਿਕਾਰਾਂ ਦੀ ਨਹੀਂ, ਸਗੋਂ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨ ਦੀ ਹੈ।
ਪਿਛਲੇ ਹਫ਼ਤੇ ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟਰ ਨੇ ਹੋਰਮੁਜ਼ ਖੁਲ੍ਹਵਾਉਣ ਲਈ ਨਾਟੋ ਦੇਸ਼ਾਂ ਸਮੇਤ ਤੀਹ ਦੇਸ਼ਾਂ ਦਾ ਸੰਗਠਨ ਬਣਾਉਣ ਦੀ ਗੱਲ ਆਖੀ ਤਾਂ ਈਰਾਨ ਦਾ ਕਹਿਣਾ ਸੀ ਕਿ ਹੋਰਮੁਜ਼ ਜਲ ਮਾਰਗ ਬੰਦ ਕਿੱਥੇ ਹੈ? ਮਿੱਤਰ ਦੇਸ਼ਾਂ ਦੇ ਜਹਾਜ਼ਾਂ ਲਈ ਤਾਂ ਖੁੱਲ੍ਹਾ ਹੈ। ਸਿਰਫ਼ ਅਮਰੀਕਾ, ਇਜ਼ਰਾਈਲ ਅਤੇ ਉਨ੍ਹਾਂ ਦੇ ਸਮਰਥਕ ਦੇਸ਼ਾਂ ਦੇ ਜਹਾਜ਼ਾਂ ਲਈ ਬੰਦ ਹੈ। ਉਨ੍ਹਾਂ ਨੂੰ ਜਾਣ ਲਈ ਭਾਰੀ ਚੁੰਗੀ ਅਦਾ ਕਰਨੀ ਹੋਵੇਗੀ। ਕਿੱਥੇ ਤਾਂ ਅਮਰੀਕਾ ਨੇ ਈਰਾਨ ਦੀ ਮੁੱਲਾਸ਼ਾਹੀ ਨੂੰ ਨੇਸਤੋਨਾਬੂਦ ਕਰਨ ਲਈ ਉਸ ਦੇ ਤੇਲ ‘ਤੇ ਪਾਬੰਦੀ ਲਾ ਰੱਖੀ ਸੀ। ਕਿੱਥੇ ਹੁਣ ਈਰਾਨ ਨੇ ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਦੇ ਹੋਰਮੁਜ਼ ਤੋਂ ਗੁਜ਼ਰਨ ‘ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਨੂੰ ਖੋਲ੍ਹਣ ਲਈ ਟਰੰਪ ਇਕ ਪਾਸੇ ਈਰਾਨ ਦੇ ਬਿਜਲੀਘਰ ਉਡਾਉਣ ਅਤੇ ਕਹਿਰ ਢਾਹੁਣ ਦੀ ਧਮਕੀ ਦੇ ਰਹੇ ਹਨ ਅਤੇ ਤੇਜ਼ ਹਮਲਿਆਂ ਵਿਚ ਮਾਹਿਰ ਮੈਰੀਨ ਅਤੇ ਪੈਰਾਸ਼ੂਟ ਸੈਨਿਕਾਂ ਨੂੰ ਖਾੜੀ ਵਿਚ ਤਾਇਨਾਤ ਕਰ ਰਹੇ ਹਨ। ਦੂਜੇ ਪਾਸੇ, ਧਮਕੀ ਦੀ ਸਮਾਂ ਹੱਦ ਵਧਾਉਂਦੇ ਜਾ ਰਹੇ ਹਨ।
ਜਿੱਥੇ ਟਰੰਪ ਈਰਾਨ ਦੀ ਲੜਾਈ ਨੂੰ ਹੋਰਮੁਜ਼ ਨੂੰ ਖੁੱਲ੍ਹਾ ਰੱਖਣ ਦੀ ਲੜਾਈ ਵਿਚ ਬਦਲ ਕੇ ਅੰਤਰਰਾਸ਼ਟਰੀ ਸਮੁਦਾਇ ਦਾ ਖੁੱਸਿਆ ਸਾਥ ਹਾਸਲ ਕਰਨ ਦੀ ਚਾਲ ਚੱਲ ਰਹੇ ਹਨ, ਓਥੇ ਹੀ ਈਰਾਨ ਯਮਨ ਦੇ ਹੂਤੀ ਸੰਗਠਨ ਨੂੰ ਵੀ ਲੜਾਈ ਵਿਚ ਉਤਾਰ ਕੇ ਉਸ ਬਾਬ-ਅਲ-ਮੰਦਾਬ ਜਲ ਮਾਰਗ ਨੂੰ ਰੋਕਣ ਦੀ ਤਿਆਰੀ ਕਰ ਰਿਹਾ ਹੈ ਜੋ ਲਾਲ ਸਾਗਰ ਤੋਂ ਹੋ ਕੇ ਸਵੇਜ ਨਹਿਰ ਤੱਕ ਲੈ ਜਾਂਦਾ ਹੈ। ਜੇ ਉਹ ਈਰਾਨ ਦੇ ਬਿਜਲੀਘਰਾਂ ਨੂੰ ਉਡਾਉਂਦੇ ਹਨ ਤਾਂ ਈਰਾਨ ਦੇ ਜਵਾਬੀ ਹਮਲਿਆਂ ਦੀ ਸ਼ੰਕਾ ਨਾਲ ਤੇਲ ਅਤੇ ਸ਼ੇਅਰ ਬਾਜ਼ਾਰਾਂ ਵਿਚ ਹੋਰ ਤਰਥੱਲੀ ਮਚੇਗੀ। ਜੇ ਫ਼ੌਜ ਨੂੰ ਈਰਾਨ ਦੇ ਖਾਂਰਗ ਜਾਂ ਕਿਸੇ ਹੋਰ ਟਾਪੂ ‘ਤੇ ਉਤਾਰਦੇ ਹਨ ਤਾਂ ਬਾਜ਼ਾਰਾਂ ਵਿਚ ਤਰਥੱਲੀ ਦੇ ਨਾਲ-ਨਾਲ ਅਮਰੀਕਾ ਵਿਚ ਵੀ ਉਨ੍ਹਾਂ ਦਾ ਤਿੱਖਾ ਵਿਰੋਧ ਹੋਵੇਗਾ। ਅਮਰੀਕਾ ਤੇ ਕਈ ਹੋਰ ਮੁਲਕਾਂ ਵਿਚ ‘ਨੋ ਕਿੰਗਜ਼ ਡੇ’ ਮੌਕੇ ਟਰੰਪ ਵਿਰੁੱਧ ਹੋਏ ਜ਼ੋਰਦਾਰ ਮੁਜ਼ਾਹਰੇ ਵੀ ਉਨ੍ਹਾਂ ਦੀ ਚਿੰਤਾ ਹੋਰ ਵਧਾ ਗਏ ਹਨ। ਜੇ ਹੋਰਮੁਜ਼ ਖੁਲ੍ਹਵਾਏ ਬਿਨਾਂ ਵਾਪਸ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਇਹ ਤਾਣੀ ਅਜੇ ਹੋਰ ਉਲਝੇਗੀ।