ਅਮਰਜੀਤ ਗਰੇਵਾਲ
ਪੰਜਾਬੀ ਭਾਸ਼ਾ ਇਕ ਨਹੀਂ। ਇਸਦੇ ਦੋ ਰੂਪ ਹਨ। ਇਕ ਉਹ ਰੂਪ ਜੋ ਅਸੀਂ ਬੋਲਦੇ ਹਾਂ। ਇਸਨੂੰ ਮਾਤ-ਬੋਲੀ ਵੀ ਕਿਹਾ ਜਾਂਦਾ ਹੈ। ਦੂਸਰਾ ਰੂਪ ਉਹ ਹੈ, ਜੋ ਅਸੀਂ ਲਿਖਦੇ ਅਤੇ ਪੜ੍ਹਦੇ ਪੜ੍ਹਾਉਂਦੇ ਹਾਂ। ਗਿਆਨ ਅਤੇ ਸਿਖਿਆ ਦੇ ਇਸ ਮਾਧਿਅਮ ਨੂੰ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਮੰਨਿਆ ਜਾਂਦਾ ਹੈ।
ਪਹਿਲਾ ਰੂਪ ਵੰਨ-ਸੁਵੰਨਤਾ ਭਰਪੂਰ ਹੈ। ਅਤੇ ਦੂਸਰਾ ਹਾਕਮ ਰੂਪ ਜੋ ਇਸ ਵੰਨ-ਸੁਵੰਨਤਾ ਨੂੰ ਨਸ਼ਟ ਕਰਕੇ ਇਸ ਉਪਰ ਆਪਣੀ ਚੌਧਰ ਸਥਾਪਤ ਕਰਨਾ ਚਾਹੁੰਦਾ ਹੈ। ਬਿਲਕੁਲ ਉਵੇਂ ਜਿਵੇਂ ਯੂਰਪੀਅਨ ਸ਼ਕਤੀਆਂ ਨੇ ਵਿਭਿੰਨ ਧਰਤੀਆਂ ਉਪਰ ਆਪਣਾ ਰਾਜ ਸਥਾਪਤ ਕਰਕੇ ਸਾਮਰਾਜ (ਇਮਪੀਰੀਅਲਿਜ਼ਮ) ਨੂੰ ਜਨਮ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਦੁਨੀਆਂ ਦੀ ਵੰਨ-ਸੁਵੰਨਤਾ ਖਤਮ ਨਹੀਂ ਹੋਈ। ਸਗੋਂ ਖੁਦਮੁਖਤਾਰ ਹੋ ਕੇ ਵਧ ਫੁਲ ਰਹੀ ਹੈ। ਪਰ ਸਾਮਰਾਜ (ਇਮਪੀਰੀਅਲਿਜ਼ਮ) ਖਤਮ ਹੋ ਗਿਆ। ਅਤੇ ਦੁਨੀਆਂ ਨੂੰ ਹੁਣ ਕੌਮੀ-ਰਾਜਾਂ ਅਤੇ ਪਾਰ-ਰਾਸ਼ਟਰੀ ਸੰਸਥਾਵਾਂ ਦੀ ਨੈਟਵਰਕਿੰਗ (ਅਸੈਂਬਲੀ) ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਵੀ ਇਸੇ ਦਿਸ਼ਾ ਵਿਚ ਸਮਝਣ ਦੀ ਜ਼ਰੂਰਤ ਹੈ।
ਇਤਿਹਾਸਕ ਪਰਿਪੇਖ: ਪੰਜਾਬ ਦੇ ਪੰਜਾਂ ਦੁਆਬਿਆਂ ਅੰਦਰ ਪਰਾਚੀਨ ਕਾਲ ਵਿਚ ਕਿਹੜੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਸਨ, ਇਹ ਤਾਂ ਨਹੀਂ ਪਤਾ। ਪਰ ਇਨ੍ਹਾਂ ਜ਼ੁਬਾਨਾਂ ਦੇ ਸਾਹਿਤਕ ਰੂਪ ਨੂੰ ਜ਼ਰੂਰ ਪਛਾਣਦੇ ਹਾਂ। ਇਹ ਸਾਨੂੰ ਅੱਜ ਵੀ ਰਿਗਵੇਦ ਦੇ ਰੂਪ ਵਿਚ ਉਪਲੱਬਧ ਹੈ। ਗ੍ਰੀਅਰਸਨ ਨੇ ਇਸ ਨੂੰ ਮੁਢਲੀ ਪ੍ਰਾਕ੍ਰਿਤ ਦਾ ਨਾਮ ਦਿਤਾ ਹੈ। ਵੈਦਿਕ ਸੰਸਕ੍ਰਿਤ ਵੀ ਕਿਹਾ ਹੈ। ਪ੍ਰੋ. ਵਿਦਿਆ ਭਾਸਕਰ ਅਰੁਣ ਮੁਤਾਬਕ, ‘ਜਿਨ੍ਹਾਂ ਬੋਲੀਆਂ ਦੀ ਇਹ ਭਾਸ਼ਾ ਸਾਹਿਤਕ ਰੂਪ ਸੀ, ਉਹ ਭਾਰਤ ਦੇ ਉਤਰ-ਪੱਛਮ ਵਿਚ ਬੋਲੀਆਂ ਜਾਂਦੀਆਂ ਸਨ। ਪੁਰਾਣੀ ਫਾਰਸੀ ਅਤੇ ਅਵੇਸਤਾ ਦੀ ਭਾਸ਼ਾ ਨਾਲ ਇਸਦਾ ਬੜਾ ਗੂੜ੍ਹਾ ਸੰਬੰਧ ਸੀ। ਸੂਤ੍ਰ ਕਾਲ ਵਿਚ ਆ ਕੇ ਇਹ ਸਾਹਿਤਕ ਭਾਸ਼ਾ ਹੀ ਵਿਆਕਰਣਕ ਨਿਯਮਾਂ ਵਿਚ ਬੱਝ ਕੇ ਹੀ ਸੰਸਕ੍ਰਿਤ ਅਖਵਾਈ।’ ਆਮ ਲੋਕ ਸੰਸਕ੍ਰਿਤ ਨੂੰ ਸਮਝਦੇ ਤਾਂ ਸਨ, ਪਰ ਬੋਲ ਨਹੀਂ ਸਨ ਸਕਦੇ। ਜੋ ਬੋਲੀਆਂ ਇਹ ਲੋਕ ਬੋਲਦੇ ਸਨ, ਅਤੇ ਸੰਸਕ੍ਰਿਤ ਜਿਨ੍ਹਾਂ ਦਾ ਟਕਸਾਲੀ ਰੂਪ ਸੀ, ਮੱਧਕਾਲ ਵਿਚ ਜਾ ਕੇ ‘ਪ੍ਰਾਕ੍ਰਿਤ’ ਦੇ ਨਾਮ ਨਾਲ ਵੱਖਰੇ ਤੌਰ `ਤੇ ਜਾਣੀਆਂ ਜਾਣ ਲੱਗੀਆਂ। ਇਸ ਉਪ੍ਰੰਤ ਈਸਵੀ 500 ਤੋਂ 1000 ਤੱਕ ਅਪਭ੍ਰੰਸ਼ ਭਾਸ਼ਾਵਾਂ ਦਾ ਸਮਾਂ ਹੈ। ਇਨ੍ਹਾਂ ਵਿਚੋਂ ਹੀ ਪੰਜਾਬੀ ਅਤੇ ਦੂਸਰੀਆਂ ਆਧੁਨਿਕ ਆਰੀਆਈ ਭਾਰਤੀ ਭਾਸ਼ਾਵਾਂ ਦਾ ਵਿਕਾਸ ਹੋਇਆ।
ਗ੍ਰੀਅਰਸਨ ਨੇ ਪੰਜਾਬੀ ਜ਼ੁਬਾਨ ਨੂੰ ਪੂਰਬੀ ਪੰਜਾਬ ਦੀ ਅੰਦਰਵਰਤੀ ਅਤੇ ਪੱਛਮੀ ਪੰਜਾਬ ਦੀ ਬਾਹਰਵਰਤੀ ਭਾਸ਼ਾ ਦੇ ਰੂਪ ਵਿਚ ਅਲਹਿਦਾ ਅਲਹਿਦਾ ਕਰਕੇ ਪੰਜਾਬੀ ਅਤੇ ਲਹਿੰਦੀ ਦੇ ਨਾਮ ਨਾਲ ਪਛਾਣਿਆ ਹੈ। ਪੂਰਬੀ ਪੰਜਾਬੀ ਨੂੰ ਉਹ ਸ਼ੌਰਸੇਨੀ ਅਪਭ੍ਰੰਸ਼ ਨਾਲ ਜੋੜ ਕੇ ਦੇਖਦਾ ਹੈ, ਜਦੋਂਕਿ ਲਹਿੰਦੀ ਉਪਰ ਉਹ ਵ੍ਰਾਚੜ ਅਪਭ੍ਰੰਸ਼ ਦਾ ਪ੍ਰਭਾਵ ਵੀ ਬਰਾਬਰ ਦੇਖਦਾ ਹੈ। ਉਸਦੇ ਕਹਿਣ ਮੁਤਾਬਕ ਭਾਵੇਂ ਇਹ ਦੋਵੇਂ ਭਾਸ਼ਾਵਾਂ ਇਕ ਦੂਸਰੀ ਵਿਚ ਮਿਕਸ ਹੋ ਜਾਂਦੀਆਂ ਹਨ; ਪਰ ਕਿਉਂਕਿ ਪੂਰਬੀ ਪੰਜਾਬੀ ਜ਼ੁਬਾਨ ਪੁਰਾਣੀ ਪੱਛਮੀ ਹਿੰਦੀ ਤੋਂ ਪ੍ਰਭਾਵਤ ਹੈ, ਇਸ ਲਈ ਜਿਉਂ-ਜਿਉਂ ਪੂਰਬ ਵੱਲ ਨੂੰ ਜਾਈਏ ਤਾਂ ਲਹਿੰਦੀ ਦੇ ਚਿੰਨ੍ਹ ਘਟਦੇ ਜਾਂਦੇ ਹਨ। ਇਸੇ ਤਰ੍ਹਾਂ ਪੱਛਮ ਵੱਲ ਜਾਂਦਿਆਂ ਪੂਰਬੀ ਪੰਜਾਬੀ ਅਤੇ ਪੱਛਮੀ ਹਿੰਦੀ ਦੇ ਨਿਸ਼ਾਨ ਅਲੋਪ ਹੋਣ ਲਗਦੇ ਹਨ।
ਪ੍ਰੋ. ਅਰੁਣ ਦਰੁਸਤ ਆਖਦੇ ਹਨ ਕਿ ਵੈਦਿਕ ਭਾਸ਼ਾ ਦੀ ਸਿੱਧੀ ਸੰਤਾਨ ਹੋਣ ਕਾਰਨ ਪੰਜਾਬੀ ਜ਼ੁਬਾਨ ਨੇ ਕਈ ਪਿਤ੍ਰਿਕ ਗੁਣ ਹਾਲੇ ਤੱਕ ਸਾਂਭ ਕੇ ਰੱਖੇ ਹੋਏ ਹਨ। ਪਰ ਦੇਸੀ ਅਤੇ ਵਿਦੇਸ਼ੀ ਪ੍ਰਭਾਵਾਂ ਕਾਰਨ ਇਸ ਵਿਚ ਜਿੰਨੀ ਵਿਸ਼ਾਲਤਾ ਅਤੇ ਵਿਭਿੰਨਤਾ ਆਈ ਹੈ, ਉਸ ਨੂੰ ਜਾਨਣਾ ਸ਼ਾਇਦ ਸਾਡੇ ਲਈ ਵਧੇਰੇ ਮਹੱਤਵਪੂਰਨ ਹੈ। ਇਸ ਕੰਮ ਲਈ ਇਤਿਹਾਸਕ ਤਬਦੀਲੀਆਂ ਨੂੰ ਸਮਝਣਾ ਹੀ ਬਹੁਤ ਨਹੀਂ ਹੋਵੇਗਾ। ਸਥਾਨਕ ਵਖਰੇਵਿਆਂ ਨੂੰ ਪਛਾਨਣਾ ਹੋਰ ਵੀ ਆਵੱਸ਼ਕ ਹੈ। ਇਸੇ ਲਈ ਤਾਂ ਲੋਕ ਮੱਤ ਅਨੁਸਾਰ ਹਰ ਬਾਰਾਂ ਕੋਹ `ਤੇ ਜਾ ਕੇ ਬੋਲੀ ਬਦਲ ਜਾਂਦੀ ਹੈ। ਸੋ ਪੰਜਾਬੀ ਨੂੰ ਭਾਸ਼ਾ ਨਾਲੋਂ ਵੱਧ ਬੋਲੀ-ਸਮੂਹ ਦੇ ਰੂਪ ਵਿਚ ਦੇਖਣਾ ਜ਼ਰੂਰੀ ਹੋ ਜਾਂਦਾ ਹੈ; ਤਾਂ ਕਿ ਇਹ ਸਮਝਿਆ ਜਾ ਸਕੇ ਕਿ ਪੰਜਾਬੀ-ਸਮੂਹ ਦੀਆਂ ਇਹ ਬੋਲੀਆਂ ਆਪਣੀ ਵਿਸ਼ਾਲਤਾ ਅਤੇ ਵਿਭਿੰਨਤਾ ਰਾਹੀਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਅਮੀਰੀ ਵਿਚ ਕਿਵੇਂ ਵਾਧਾ ਕਰਦੀਆਂ ਹਨ। ਆਰਥਕ ਵਿਕਾਸ, ਸਮਾਜਕ ਨਿਆਂ ਅਤੇ ਜਮਹੂਰੀਕਰਣ ਦੇ ਅਮਲ ਨੂੰ ਕਿਵੇਂ ਤੇਜ਼ ਕਰਦੀਆਂ ਹਨ।
ਇਹ ਤਾਂ ਆਪਾਂ ਦੇਖਾਂਗੇ ਹੀ ਕਿ ਪੰਜਾਬੀ ਸਮਾਜ-ਭਾਸ਼ਾਈ ਵੰਨ-ਸੁਵੰਨਤਾ ਅਤੇ ਉਸ ਵਿਚ ਵਾਧਾ ਆਪਸੀ ਆਦਾਨ ਪ੍ਰਦਾਨ ਰਾਹੀਂ ਸਮਾਜ-ਸਭਿਆਚਾਰਕ ਅਤੇ ਆਰਥਕ-ਰਾਜਨੀਤਕ ਵਿਕਾਸ ਵਿਚ ਕਿਵੇਂ ਸਹਾਈ ਹੁੰਦਾ ਹੈ। ਪਰ ਉਸ ਤੋਂ ਪਹਿਲਾਂ ਸਮਾਜ-ਭਾਸ਼ਾਈ ਵੰਨ-ਸੁਵੰਨਤਾ ਅਤੇ ਉਸਦੀ ਡਾਈਨੇਮਿਕਸ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਕੇਵਲ ਮੌਜੂਦਾ ਭਾਸ਼ਾਈ ਵੰਨ-ਸੁਵੰਨਤਾ ਨੂੰ ਹੀ ਨਹੀਂ। ਇਸ ਵਿਚ ਵਾਧੇ ਦੀ ਦਿਸ਼ਾ ਅਤੇ ਦਸ਼ਾ ਰਾਹੀਂ ਪੰਜਾਬ ਦੀ ਸਮਾਜ-ਭਾਸ਼ਾਈ ਲੈਂਡਸਕੇਪ/ਦ੍ਰਿਸ਼ ਦੇ ਸਮਾਜ-ਭਾਸ਼ਾਈ ਵਹਾਅ ਵਿਚ ਰੂਪਾਂਤਰਣ ਕਾਰਨ ਪੰਜਾਬੀ ਭਾਸ਼ਾ ਦੇ ਅਧਿਐਨ ਲਈ ਲੋੜੀਂਦੀ ਪੈਰਾਡਾਈਮ ਸ਼ਿਫਟ ਨੂੰ ਸਮਝਣਾ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਪੰਜਾਬੀ ਭਾਸ਼ਾ ਦਾ ਪਰੰਪਰਾਗਤ ਬੋਲੀ-ਸਮੂਹ: ਪੰਜਾਬੀ ਬੋਲੀ-ਸਮੂਹ ਦੇ ਸਥਾਨਕ ਵਰਗੀਕਰਣ ਦੇ ਆਧਾਰ `ਤੇ ਅਸੀਂ ਇਸਨੂੰ ਪੰਜ ਵਰਗਾਂ ਵਿਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾ ਹੈ ਕੇਂਦਰੀ ਇਲਾਕਾ ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲਾਹੌਰ ਦਾ ਬਹੁਤ ਸਾਰਾ ਹਿੱਸਾ ਸ਼ਾਮਲ ਹੈ। ਇਸ ਵਿਚ ਕੇਵਲ ਇਕੋ ਜ਼ੁਬਾਨ ‘ਮਾਝੀ’ ਬੋਲੀ ਜਾਂਦੀ ਹੈ। ਉਤਰੀ ਅਤੇ ਉਤਰ-ਪੂਰਬੀ ਇਲਾਕਿਆਂ ਵਿਚ ਡੋਗਰੀ, ਪਹਾੜੀ (ਚੰਬਿਆਲੀ, ਭਦਰਵਾਰੀ), ਕਾਂਗੜੀ, ਕੰਡਿਆਲੀ ਅਤੇ ਰਾਮਬਣੀ, ਪੋਗੁਲੀ ਆਦਿ ਅਰਧ-ਕਸ਼ਮੀਰੀ ਪੰਜਾਬੀ ਜ਼ੁਬਾਨਾਂ ਬੋਲੀਆਂ ਜਾਂਦੀਆ ਹਨ। ਪੂਰਬੀ ਅਤੇ ਦੱਖਣ-ਪੂਰਬੀ ਇਲਾਕਿਆਂ ਵਿਚ ਦੁਆਬੀ, ਕਹਿਲੂਰੀ, ਪੁਆਧੀ, ਮਲਵਈ, ਰਾਠੀ ਆਦਿ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿਚ ਸਤਲੁਜ ਦੇ ਨਾਲ-ਨਾਲ ਅਤੇ ਬੀਕਾਨੇਰ ਦੇ ਉਤਰੀ ਭਾਗ ਵਿਚ, ਭਾਵ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿਚ ਜਿਹੜੀ ਜ਼ੁਬਾਨ ਬੋਲੀ ਜਾਂਦੀ ਹੈ ਉਸਦਾ ਨਾਮ ਹੈ ‘ਭਟਿਆਨੀ’। ਪੱਛਮੀ ਪੰਜਾਬ ਵਿਚ ਬੋਲੀ ਜਾਣ ਵਾਲੀ ਲਹਿੰਦੀ ਪੰਜਾਬੀ ਦੇ ਵੀ ਸ਼ਾਹਪੁਰੀ, ਝੰਗੋਚੀ, ਝਾਂਗੀ, ਪੋਠੋਹਾਰੀ, ਹਿੰਦਗੋ, ਧਨਿ, ਸਰਾਇਕੀ, ਆਦਿ ਕਈ ਰੂਪ ਮਿਲਦੇ ਹਨ।
ਪੰਜਾਬੀ ਬੋਲੀ-ਸਮੂਹ ਅਤੇ ਟਕਸਾਲੀ ਭਾਸ਼ਾ: ਪੰਜਾਬੀ ਬੋਲੀ-ਸਮੂਹ ਜਾਂ ਫੇਰ ਕਿ ਕਿਸੇ ਵੀ ਬੋਲੀ ਸਮੂਹ ਨੂੰ ਉਸਦੀ ਟਕਸਾਲੀ ਭਾਸ਼ਾ ਰਾਹੀਂ ਮੌਨ ਕਰਨ ਪਿਛੇ ਕੌਮਵਾਦ ਦੀ ਰਾਜਨੀਤੀ ਕੰਮ ਕਰਦੀ ਹੈ। ਕਿਸੇ ਵੀ ਕੌਮ ਦਾ ਨਿਰਮਾਣ ਕਰਨ ਵਾਲੀ ਸਿਆਸਤ ਨੂੰ ਆਪਣੀ ਕੌਮੀ ਸਪੇਸ ਵਿਚ ਇਕ ਇਕਹਿਰੀ ਸਟੈਂਡਰਡ ਭਾਸ਼ਾ ਦੀ ਜ਼ਰੂਰਤ ਰਹਿੰਦੀ ਹੈ ਜਿਸਨੂੰ ਸਟੇਟ ਪੱਧਰ `ਤੇ ਲਾਗੂ ਕਰਕੇ ਅਤੇ ਸਕੂਲੀ ਸਿਖਿਆ ਦਾ ਮਾਧਿਅਮ ਬਣਾ ਕਿ ਇਕ ਸਮਰੂਪ ਅਤੇ ਵਿਲੱਖਣ ਕੌਮੀ ਪਛਾਣ ਸਥਾਪਤ ਕੀਤੀ ਜਾ ਸਕੇ। ਇਸੇ ਲਈ, ਅੱਠਵੇਂ ਸ਼ਡਿਊਲ ਰਾਹੀਂ ਪੰਜਾਬੀ ਦੇ ਸਮੁੱਚੇ ਬੋਲੀ-ਸਮੂਹ ਨੂੰ ਇਕੋ ਪੰਜਾਬੀ ਭਾਸ਼ਾ ਦੇ ਅਧੀਨ ਮੌਨ ਕਰ ਦਿੱਤਾ ਗਿਆ। ਇਕੱਲੀ ਪੰਜਾਬੀ ਦੀ ਗੱਲ ਨਹੀਂ 2011 ਦੀ ਜਨਗਣਨਾ ਦੌਰਾਨ ਲੋਕਾਂ ਨੇ 19569 ਮਾਂ-ਬੋਲੀਆਂ ਰਿਕਾਰਡ ਕਰਵਾਈਆਂ ਸਨ। ਪਰ ਭਾਰਤੀ ਸੰਵਿਧਾਨ ਨੇ ਇਨ੍ਹਾਂ ਤਮਾਮ ਮਾਂ-ਬੋਲੀਆਂ ਨੂੰ 22 ਸ਼ਡਿਊਲਡ ਭਾਸ਼ਾਵਾਂ ਦੀ ਹਕੂਮਤ ਥੱਲੇ ਸੰਗਠਿਤ ਕਰਕੇ ਇਨ੍ਹਾਂ ਨੂੰ ਕੌਮੀ ਭਾਸ਼ਾਵਾਂ ਦਾ ਦਰਜਾ ਦਿੱਤਾ ਹੋਇਆ ਹੈ। ਇਕੱਲੀ ਹਿੰਦੀ ਭਾਸ਼ਾ ਅਧੀਨ ਜਿਹੜੀਆਂ ਬੋਲੀਆਂ ਨੂੰ ਮੌਨ ਕੀਤਾ ਗਿਆ ਹੈ ਉਨ੍ਹਾਂ ਵਿਚੋਂ 57 ਬੋਲੀਆਂ ਦਾ ਨਾਮ ਦਰਜ ਕਰਕੇ ਅੱਗੇ ‘ਆਦਿ’ ਪਾ ਦਿਤਾ ਗਿਆ ਹੈ। ਇਸ ਆਦਿ ਅਧੀਨ ਕਿੰਨੀਆਂ ਬੋਲੀਆਂ ਆਉਂਦੀਆਂ ਹਨ, ਪਤਾ ਨਹੀਂ। ਮਾਂ-ਬੋਲੀਆਂ ਨੂੰ ਉਪ-ਭਾਸ਼ਾਵਾਂ ਆਖ-ਆਖ ਕੇ ਮਿਆਰੀਕਰਣ ਦੀ ਵਿਧਾ ਰਾਹੀਂ ਚੁਪ ਕਰਾ ਦਿੱਤਾ ਜਾਂਦਾ ਹੈ। ਹੈਟਰੋਜੀਨਸ ਸਥਾਨਿਕਤਾ ਨੂੰ ਕੌਮੀ ਸੰਗਠਨ ਵਿਚ ਬੰਨ੍ਹਣ ਲਈ ਭਾਸ਼ਾ ਇਕ ਹਥਿਆਰ ਵਜੋਂ ਵਰਤੀ ਜਾਂਦੀ ਹੈ। ਜਿਵੇਂ ਕਿ ਕੌਮੀ ਭਾਸ਼ਾਵਾਂ ਕੋਈ ਆਜ਼ਾਦ ਅਤੇ ਖੁਦਮੁਖਤਾਰ ਸੰਰਚਨਾਵਾਂ ਹੋਣ।
ਭਾਵੇਂ ਕੌਮੀ ਭਾਸ਼ਾ ਨੂੰ ਆਜ਼ਾਦ ਅਤੇ ਖੁਦਮੁਖਤਾਰ ਸੰਰਚਨਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਪਰ ਨਾ ਹੀ ਕੌਮੀ-ਭਾਸ਼ਾ ਅਤੇ ਨਾ ਹੀ ਮਾਂ-ਬੋਲੀਆਂ ਆਈਸੋਲੇਟਿਡ ਹੁੰਦੀਆਂ ਹਨ। ਹਰ ਜ਼ੁਬਾਨ ਇਕ ਸਮਾਜ-ਭਾਸ਼ਾਈ ਓਪਨ ਸਿਸਟਮ ਹੈ, ਜੋ ਕਦੀ ਵੀ ਸੰਤੁਲਿਤ ਅਵਸਥਾ ਵਿਚ ਨਹੀਂ ਪਹੁੰਚਦਾ। ਹਮੇਸ਼ਾ ਅਸੰਤੁਲਿਤ, ਗਤੀਸ਼ੀਲ ਅਤੇ ਵਿਕਾਸਮਈ ਰਹਿੰਦਾ ਹੈ। ਸੰਤੁਲਿਤ ਅਵਸਥਾ ਵਿਚ ਤਾਂ ਕੇਵਲ ਉਸ ਸਮੁੱਚਤਾ ਦਾ ਅੰਤ ਹੀ ਪਹੁੰਚ ਸਕਦਾ ਹੈ, ਜਿਸਨੂੰ ਇਹ ਤਮਾਮ ਸਮਾਜ-ਭਾਸ਼ਾਈ ਇਕਾਈਆਂ ਪਰੋਗਰੈਸਿਵਲੀ ਕੰਸਟੀਟਿਊਟ ਕਰਦੀਆਂ ਹਨ। ਕਹਿਣ ਤੋਂ ਭਾਵ ਹੈ ਕਿ ਹਰ ਸਮਾਜ-ਭਾਸ਼ਾ ਇਕਾਈ ਦਾ ਸਭਿਆਚਾਰਕ ਇਤਿਹਾਸ ਦੇ ਵਿਕਾਸ ਵਿਚ ਵਿਲੱਖਣ ਰੋਲ ਹੁੰਦਾ ਹੈ। ਵਿਭਿੰਨ ਸਮਾਜ-ਭਾਸ਼ਾਈ ਇਕਾਈਆਂ ਲਈ ਇਕੋ ਇਤਿਹਾਸ ਨੂੰ ਦੁਹਰਾਉਣਾ ਕਿਸੇ ਤਰ੍ਹਾਂ ਨਾਲ ਵੀ ਉਪਯੋਗੀ ਨਹੀਂ ਹੋ ਸਕਦਾ। ਜਿਵੇਂ ਕੁਦਰਤ ਦੇ ਵਿਕਾਸ ਲਈ ਜੈਵਿਕ ਵੰਨ-ਸੁਵੰਨਤਾ ਜ਼ਰੂਰੀ ਹੈ, ਉਸੇ ਤਰ੍ਹਾਂ ਸਭਿਆਚਾਰਕ ਵਿਕਾਸ ਲਈ ਸਮਾਜ-ਭਾਸ਼ਾਈ ਵੰਨ-ਸੁਵੰਨਤਾ ਆਵੱਸ਼ਕ ਹੁੰਦੀ ਹੈ।
ਹਰ ਸਮਾਜ-ਭਾਸ਼ਾਈ ਇਕਾਈ ਦਾ ਆਪਣਾ ਵੱਖਰਾ ਇਤਿਹਾਸਕ ਯੋਗਦਾਨ ਹੀ ਕੁਦਰਤੀ ਸੂਝ ਦਾ ਲਖਾਇਕ ਹੈ। ਕੁਦਰਤ ਸਮਾਜ-ਭਾਸ਼ਾਈ ਅਨੇਕਤਾ ਪੈਦਾ ਹੀ ਇਸ ਲਈ ਕਰਦੀ ਹੈ ਤਾਂ ਜੋ ਇਹ ਵਿਭਿੰਨ ਇਕਾਈਆਂ ਆਪਣੇ ਵੱਖੋ-ਵੱਖਰੇ ਵਿਸ਼ਿਸ਼ਟ ਯੋਗਦਾਨਾਂ ਰਾਹੀਂ ਮਾਨਵ ਸਭਿਆਚਾਰ ਦੀ ਪ੍ਰਕਿਰਿਆ ਨੂੰ ਸਿਮਲਟੇਨੀਅਸਲੀ ਅੱਗੇ ਵਧਾ ਸਕਣ। ਸੰਵਾਦ ਵਿਚ ਬੱਝੀਆਂ ਵੰਨ-ਸੁਵੰਨੀਆਂ ਸਮਾਜ-ਭਾਸ਼ਾਈ ਇਕਾਈਆਂ ਹੀ ਦੁਨੀਆਂ ਦਾ ਅਸਲ ਸਰਮਾਇਆ ਹੈ।
ਤਕਸੀਮ ਅਤੇ ਵਿਸਤਾਰ: ਪੰਜਾਬ ਕੇਵਲ ਪਾਕਿਸਤਾਨੀ ਪੰਜਾਬ, ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਹੀ ਨਹੀਂ ਵਸਦਾ, ਇਹ ਤਾਂ ਹੁਣ ਕਲਕੱਤੇ, ਬੰਬਈ, ਮੈਂਗਲੌਰ, ਹੈਦਰਾਬਾਦ, ਕਾਨਪੁਰ, ਤਰਾਈ, ਇੰਗਲੈਂਡ, ਕਨੇਡਾ, ਅਮਰੀਕਾ, ਆਸਟਰੇਲੀਆ, ਅਫਰੀਕਾ, ਸਿੰਗਾਪੁਰ, ਬੈਂਗਕਾਕ, ਆਦਿ ਵਿਚ ਵੀ ਵਸਦਾ ਹੈ। ਇਸਨੂੰ ਅਸੀਂ ਤਕਸੀਮ ਹੋਇਆ ਪੰਜਾਬ ਨਹੀਂ, ਦੁਨੀਆਂ ਭਰ ਵਿਚ ਫੈਲਿਆ ਹੋਇਆ ਪੰਜਾਬ ਆਖਦੇ ਹਾਂ।
ਕਈ ਲੋਕਾਂ ਦਾ ਵਿਚਾਰ ਹੈ ਕਿ ਆਰਥਕ-ਰਾਜਨੀਤਕ ਵੰਡੀਆਂ ਸਮਾਜ-ਭਾਸ਼ਾਈ ਵੰਡੀਆਂ ਵੀ ਪਾ ਦਿੰਦੀਆਂ ਹਨ। ਉਦਾਹਰਣ ਦੇ ਤੌਰ `ਤੇ ਭਾਰਤੀ ਪੰਜਾਬੀ ਉਪਰ ਸੰਸਕ੍ਰਿਤ ਅਤੇ ਪਾਕਿਸਤਾਨੀ ਪੰਜਾਬੀ ਉਪਰ ਪਰਸ਼ੀਅਨ ਅਤੇ ਅਰਬੀ ਦੇ ਵਧ ਰਹੇ ਪ੍ਰਭਾਵਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਨਤੀਜੇ ਵਜੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੌਲੀ-ਹੌਲੀ ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਕ੍ਰਮਵਾਰ ਗੁਰਮੁਖੀ ਅਤੇ ਪਰਸ਼ੀਅਨ ਲਿਪੀਆਂ ਵਿਚ ਲਿਖੀਆਂ ਜਾਣ ਵਾਲੀਆਂ ਦੋ ਅਲੱਗ-ਅਲੱਗ ਭਾਸ਼ਾਵਾਂ ਬਣ ਜਾਣਗੀਆਂ। ਇਸੇ ਤਰ੍ਹਾਂ ਜੰਮੂ, ਹਿਮਾਚਲ, ਦਿੱਲੀ, ਯੂਪੀ, ਰਾਜਸਥਾਨ, ਹਰਿਆਣੇ ਆਦਿ ਵਿਚ ਤਾਂ ਦੇਵਨਾਗਰੀ ਲਿੱਪੀ ਰਾਹੀਂ ਪੰਜਾਬੀ ਦੇ ਹੋ ਰਹੇ ਹਿੰਦੀਕਰਣ ਦਾ ਪੂਰਾ ਸ਼ੋਰ ਹੈ।
ਕੇਵਲ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਉਪਰ ਹੀ ਨਹੀਂ, ਹੁਣ ਤਾਂ ਸਾਡੀ ਸਮੁਚੀ ਨੌਜੁਆਨ ਪੀੜ੍ਹੀ ਸੋਸ਼ਲ ਮੀਡੀਆ ਉਪਰ ਗੁਰਮੁਖੀ, ਪਰਸ਼ੀਅਨ ਜਾਂ ਦੇਵਨਾਗਰੀ ਦੀ ਥਾਂ ਰੋਮਨ ਸਕਰਿਪਟ ਵਿਚ ਚੈਟ ਕਰਦੀ ਹੈ। ਉਹ ਵੀ ਵਧੇਰੇ ਕਰਕੇ ਪਿੰਗਲਿਸ਼ ਵਿਚ। ਕੇਵਲ ਸੀ.ਬੀ.ਐਸ.ਸੀ. ਸਕੂਲਾਂ ਵਿਚ ਹੀ ਅੰਗਰੇਜ਼ੀ ਪਹਿਲੀ ਜਮਾਤ ਤੋਂ ਨਹੀਂ ਪੜ੍ਹਾਈ ਜਾ ਰਹੀ, ਹੁਣ ਤਾਂ ਸਾਰਾ ਪੰਜਾਬ ਹੀ ਆਪਣੀਆਂ ਅੱਖਾਂ ਵਿਚ ਕਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਦੇ ਸੁਪਨੇ ਲੈ ਕੇ ਆਇਲੈਟਸ ਆਦਿ ਦੇ ਸੈਂਟਰਾਂ ਵਿਚ ਅੰਗਰੇਜ਼ੀ ਪੜ੍ਹਨੀ, ਲਿਖਣੀ ਅਤੇ ਬੋਲਣੀ ਸਿਖ ਰਿਹਾ ਹੈ।
ਕੇਵਲ ਅੰਗਰੇਜ਼ੀ ਹੀ ਨਹੀਂ, ਦੁਨੀਆਂ ਦੀਆਂ ਬਹੁਤ ਘੱਟ ਭਾਸ਼ਾਵਾਂ ਹੋਣਗੀਆਂ, ਜਿਨ੍ਹਾਂ ਨਾਲ ਇਸ ਵੇਲੇ ਪੰਜਾਬੀ ਬੰਦੇ ਰਾਹੀਂ ਪੰਜਾਬੀ ਜ਼ੁਬਾਨ ਦਾ ਸਥਾਨਕ ਪੱਧਰ `ਤੇ ਸੰਵਾਦ ਨਾ ਚੱਲ ਰਿਹਾ ਹੋਵੇ। ਅਤੇ ਹਰ ਸੰਵਾਦ ਵਿਚੋਂ ਇਕ ਨਵੀਂ ਪੰਜਾਬੀ ਬੋਲੀ ਵਿਗਸ ਨਾ ਰਹੀ ਹੋਵੇ। ਗੱਲ ਕੀ ਦੁਨੀਆਂ ਵਿਚ ਹਰ ਸਮਾਂ-ਸਥਾਨ, ਮਾਧਿਅਮ, ਕਿੱਤੇ, ਜਾਤ-ਬਰਾਦਰੀ, ਕਬੀਲੇ ਅਤੇ ਉਮਰ ਵਿਚ ਇਕ ਨਵੀਂ ਪੰਜਾਬੀ ਬੋਲੀ ਜਨਮ ਲੈ ਰਹੀ ਹੈ। ਇਸ ਤੋਂ ਵੀ ਅੱਗੇ, ਹੁਣ ਇਕ ਬੰਦਾ ਇਕ ਥਾਂ ਟਿਕ ਕੇ ਨਹੀਂ ਬੈਠਦਾ, ਰੁਜ਼ਗਾਰ ਪਿਛੇ ਪਤਾ ਨਹੀਂ ਉਹ ਕਿਥੇ-ਕਿਥੇ ਭਟਕਦਾ ਹੈ। ਧੀਆਂ ਪੁੱਤਾਂ ਦੇ ਰਿਸ਼ਤੇ ਵੀ ਪਤਾ ਨਹੀਂ ਕਿਥੇ-ਕਿਥੇ ਜੋੜ ਲੈਂਦਾ ਹੈ। ਘਰ ਅਤੇ ਮਾਤਬੋਲੀ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਲ ਹੋ ਗਿਆ ਹੈ।
ਨਤੀਜੇ ਵਜੋਂ ਇਕ ਬੰਦੇ ਵਿਚ ਇਕ ਨਹੀਂ, ਅਨੇਕਾਂ ਜ਼ੁਬਾਨਾਂ ਅਤੇ ਸੰਸਕ੍ਰਿਤੀਆਂ ਬੋਲਦੀਆਂ ਹਨ। ਸਥਿਤੀ ਏਨੀ ਗੁੰਝਲਦਾਰ ਅਤੇ ਸਰਬ-ਵਿਆਪੀ ਬਣਦੀ ਜਾ ਰਹੀ ਹੈ ਕਿ ਕੋਡ ਸਵਿਚਿੰਗ, ਕੋਡ ਮਿਕਸਿੰਗ, ਮਲਟੀਵੋਕੈਲਿਟੀ, ਡਾਇਗਲੌਸ਼ੀਆ, ਮਲਟੀਗਲੌਸ਼ੀਆ, ਮਲਟੀਕਲਚਰਲਿਜ਼ਮ, ਆਦਿ ਧਾਰਨਾਵਾਂ ਇਸਦੀ ਵਿਆਖਿਆ ਨਹੀਂ ਕਰ ਸਕਣਗੀਆਂ। ਇਸ ਗੁੰਝਲਦਾਰ ਸਥਿਤੀ ਨੂੰ ਸਮਝਣ ਸਮਝਾਉਣ ਲਈ ਵਿਦਵਾਨ ਮੈਟਰੋ ਲਿੰਗੁਅਲਿਜ਼ਮ, ਹਾਈਪਰ ਡਾਇਵਰਸਿਟੀ, ਸੁਪਰ ਡਾਇਵਰਸਿਟੀ, ਟਰਾਂਸਗਲੌਸ਼ੀਆ, ਟਰਾਂਸਮੋਡਲ, ਪੋਸਟਟੈਕਸਚੂਅਲ, ਪੋਸਟ ਮਲਟੀਕਲਚਰਲਇਜ਼ਮ, ਆਦਿ ਵਰਗੇ ਨਵੇਂ-ਨਵੇਂ ਮਾਈਂਡ ਟੂਲਜ਼ ਵਿਕਸਤ ਕਰ ਰਹੇ ਹਨ।
ਭਾਵੇਂ ਟਰਾਂਸਲਿੰਗੁਇਸਟਿਕਸ ਦੇ ਨਾਮ `ਤੇ ਪ੍ਰਚਾਰੀ ਜਾ ਰਹੀ ਇਸ ਸੋਚ ਦਾ ਆਧਾਰ ਤਾਂ ਬਾਖਤਿਨ ਦੀ 1981 ਦੀ ਹੈਟਰੋਗਲੌਸ਼ੀਆ ਦੀ ਧਾਰਨਾ ਹੀ ਹੈ। ਪਰ ਟਰਾਂਸਗਲੌਸ਼ੀਆ ਦੀ ਧਾਰਨਾ ਬਹੁਭਾਸ਼ਾਈ ਭਾਈਚਾਰਿਆਂ ਦੀ ਇਕ ਅਜਿਹੀ ਸੰਚਾਰ ਪ੍ਰੈਕਟਿਸ ਵੱਲ ਇਸ਼ਾਰਾ ਕਰਦੀ ਹੈ ਜੋ ਭਾਸ਼ਾ ਦੀ ਕੌਮੀ ਵਿਚਾਰਧਾਰਾ ਨੂੰ ਰੱਦ ਕਰ ਦਿੰਦੀ ਹੈ।
ਟਰਾਂਸਗਲੌਸ਼ੀਆ ਸਮਾਜ-ਭਾਸ਼ਾਈ ਅਧਿਐਨ ਦੇ ਖੇਤਰ ਵਿਚ ਆਉਣ ਵਾਲੀ ਇਕ ਅਜਿਹੀ ਪੈਰਾਡਾਈਮ ਸ਼ਿਫਟ ਹੈ ਜਿਸ ਨਾਲ ਦੋ ਤਬਦੀਲੀਆਂ ਵਾਪਰਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਅਜੋਕੀ ਸੰਚਾਰ ਪ੍ਰੈਕਟਿਸ ਕੌਮੀ-ਭਾਸ਼ਾ ਦੀ ਥਾਂ `ਤੇ ਸਮਂੇ-ਸਥਾਨ `ਤੇ ਉਪਲਬਧ ਤਮਾਮ ਭਾਸ਼ਾਈ ਵਸੀਲਿਆਂ ਨੂੰ ਉਪਯੋਗ ਵਿਚ ਲਿਆਉਣਾ ਸ਼ੁਰੂ ਕਰ ਦਿੰਦੀ ਹੈ। ਦੂਸਰੇ ਇਹ ਕਿ ਸੰਚਾਰ ਲਈ ਸ਼ਬਦਾਂ ਦੇ ਨਾਲ-ਨਾਲ ਹੋਰਨਾਂ ਸੀਮੀਔਟਿਕ ਰੀਸੋਰਸਿਜ਼ ਨੂੰ ਵੀ ਵਰਤੋਂ ਵਿਚ ਲਿਆਇਆ ਜਾਂਦਾ ਹੈ। ਭਾਸ਼ਾ ਪ੍ਰਤੀ ਇਕ ਅਜਿਹੀ ਪਹੁੰਚ ਵਿਕਸਤ ਹੋ ਰਹੀ ਹੈ, ਜਿਥੇ ਦੋ ਜਾਂ ਦੋ ਤੋਂ ਵਧੇਰੇ ਭਾਸ਼ਾਵਾਂ ਬੋਲਣ ਵਾਲੇ ਲੋਕ ਇਨ੍ਹਾਂ ਭਾਸ਼ਾਵਾਂ ਨੂੰ ਪਹਿਲਾਂ ਵਾਂਗ ਆਜ਼ਾਦ ਅਤੇ ਖੁਦਮੁਖਤਾਰ ਭਾਸ਼ਾਈ ਪ੍ਰਬੰਧਾਂ ਦੇ ਤੌਰ `ਤੇ ਨਹੀਂ ਵਰਤਦੇ। ਸਗੋਂ ਇਨ੍ਹਾਂ ਭਾਸ਼ਾਵਾਂ ਦੀ ਕਿਸੇ ਹੱਦ ਤੱਕ ਸਮਾਜਕ ਪੁਨਰ-ਸਥਾਪਨਾ ਵਿਚੋਂ ਪੁਨਰ-ਨਿਰਮਿਤ ਹੋ ਰਹੇ ਭਾਸ਼ਾਈ ਖਜ਼ਾਨੇ ਉਪਰ ਨਿਰਭਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਕ ਅਜਿਹੀ ਸਥਿਤੀ ਜਿਥੇ ਆਪਣੀ ਗੱਲ ਨੂੰ ਸ਼ਰਦਾਰ ਢੰਗ ਨਾਲ ਕਹਿਣ ਲਈ ਹਰ ਕਿਸਮ ਦੇ ਸਿਮੀਔਟਿਕ ਅਤੇ ਨਾਨਸਿਮੀਔਟਿਕ ਵਸੀਲਿਆਂ ਦੀ ਸਹਾਇਤਾ ਲਈ ਜਾਦੀ ਹੈ। ਭਾਸ਼ਾਈ ਪ੍ਰਯੋਗ ਦੀ ਇਕ ਅਸਲੋਂ ਨਵੀਂ ਵਿਧਾ ਵਿਕਸਤ ਹੋ ਰਹੀ ਹੈ, ਜੋ ਆਧੁਨਿਕ/ ਬਸਤੀਵਾਦੀ ਜਗਤ ਦੁਆਰਾ ਸਥਾਪਤ ਹਾਈਰਾਰਕੀਕਲ ਪਛਾਣਾਂ ਨੂੰ ਵੀ ਚੁਣੌਤੀ ਪੇਸ਼ ਕਰਦੀ ਹੈ। ਸਥਿਰ ਭਾਸ਼ਾਈ ਪਛਾਣਾਂ ਵਿਚ ਬੱਝੇ ਸਬਆਲਟਰਨ ਭਾਈਚਾਰਿਆਂ ਲਈ ਨਵੀਆਂ ਸੰਭਾਵਨਾਵਾਂ ਜਗਾਉਂਦੀ ਹੈ।
ਮੋਬਿਲਟੀ: ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਸ਼ੀਤ ਯੁੱਧ ਦੇ ਖਾਤਮੇ ਉਪ੍ਰੰਤ ਵਿਦਿਆਰਥੀਆਂ, ਵਿਗਿਆਨੀਆਂ, ਤਕਨੀਕੀ ਮਾਹਿਰਾਂ, ਲੇਬਰ, ਸ਼ਰਨਾਰਥੀਆਂ, ਆਦਿ ਦੇ ਰੂਪ ਵਿਚ ਪਰਵਾਸ ਦੀ ਅਜਿਹੀ ਲਹਿਰ ਚੱਲੀ ਕਿ ਜੇ ਅੱਜ ਸਾਡੇ ਸਾਰਿਆਂ ਦੇ ਨਹੀਂ, ਤਾਂ ਸਾਡੇ ਵਿਚੋਂ ਬਹੁਤਿਆਂ ਦੇ ਪੰਜਾਬੀ ਬੋਲਣ ਵਾਲੇ ਬੱਚੇ, ਭੈਣ ਭਰਾ, ਰਿਸ਼ਤੇਦਾਰ ਅਤੇ ਦੋਸਤ ਮਿਤਰ ਵਿਦੇਸ਼ਾਂ ਵਿਚ ਬੈਠੇ ਹਨ। ਉਥੇ ਹਰ ਕਿਸਮ ਦੀਆਂ ਆਰਥਕ, ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਗਤੀਵਿਧੀਆਂ ਵਿਚ ਪੂਰੀ ਸ਼ਿਦਤ ਨਾਲ ਪਾਰਟੀਸੀਪੇਟ ਕਰਦੇ ਹਨ। ਆਪਣੀ ਮਾਂ-ਬੋਲੀ ਲਈ ਸੰਘਰਸ਼ ਵੀ ਕਰਦੇ ਹਨ।
ਅਸੀਂ ਲਗਭਗ ਹਰ ਖਿੱਤੇ ਵਿਚ ਮੌਜੂਦ ਹਾਂ। ਅਸੀਂ ਹੀ ਨਹੀਂ, ਉਥੋਂ ਦੇ ਸਥਾਨਕ ਭਾਈਚਾਰੇ ਤੋਂ ਇਲਾਵਾ ਹੋਰ ਵੀ ਅਨੇਕਾਂ ਲਿੰਗੁਇਸਟਿਕ ਕਮਿਊਨਿਟੀਜ਼ ਦੇ ਲੋਕ ਉਥੇ ਵਸੇ ਹੋਏ ਹਨ। ਕਈ ਪੁਰਾਣੇ ਆਏ ਹੋਏ ਹਨ ਅਤੇ ਕਈ ਨਵੇਂ। ਕੁਝ ਉਥੇ ਹੀ ਪੈਦਾ ਹੋਏ ਹਨ। ਕਈਆਂ ਦੇ ਬਹੁ-ਭਾਸ਼ਾਈ ਪਰਿਵਾਰ ਹਨ। ਦੁਨੀਆਂ ਦਾ ਹਰ ਖਿੱਤਾ ਬਹੁ-ਭਾਸ਼ਾਈ ਬਣਦਾ ਜਾ ਰਿਹਾ ਹੈ ਅਤੇ ਹਰ ਭਾਸ਼ਾ ਇਕ ਪਾਰ-ਰਾਸ਼ਟਰੀ ਭਾਸ਼ਾ। ਇਸ ਤਰ੍ਹਾਂ ਹਰ ਖਿੱਤੇ ਦੀ ਸਮਾਜ-ਭਾਸ਼ਾਈ ਵੰਨ-ਸੁਵੰਨਤਾ ਅਤੇ ਜਟਿਲਤਾ ਤੇਜ਼ੀ ਨਾਲ ਵਧ ਰਹੀ ਹੈ। ਕਿਸੇ ਵੀ ਖਿਤੇ ਦਾ ਭਾਈਚਾਰਾ ਆਪਣੇ ਆਪ ਨੂੰ ਕਿਵੇਂ ਕਲਪਿਤ ਕਰਦਾ ਹੈ, ਇਹ ਕਹਾਣੀ ਬਿਲਕੁਲ ਬਦਲ ਚੁਕੀ ਹੈ। ਇਕ ਗੱਲ ਹੋਰ ਕਿ ਹੁਣ ਕਿਸੇ ਵੀ ਖਿਤੇ ਦੀ ਸਮਾਜਕ, ਸਭਿਆਚਾਰਕ, ਆਰਥਕ ਅਤੇ ਰਾਜਨੀਤਕ ਸਟਰਕਚਰਜ਼ ਦੀ ਡਾਇਨੈਮਿਕਸ ਨੂੰ ਸਮਝਣ ਲਈ ਉਸ ਖਿੱਤੇ ਦੀ ਸਮਾਜ-ਭਾਸ਼ਾਈ ਤਫਤੀਸ਼ ਪਹਿਲ ਦੇ ਆਧਾਰ `ਤੇ ਜ਼ਰੂਰੀ ਹੋ ਗਈ ਹੈ।
ਸੁਪਰਡਾਇਵਰਸਟੀ: ਪਿਛਲੇ ਦੋ-ਢਾਈ ਦਹਾਕਿਆਂ ਤੋਂ ਪਹਿਲਾਂ ਨਾਲੋਂ ਕਿਤੇ ਵਧੇਰੇ ਲੋਕ, ਕਿਤੇ ਵਧੇਰੇ ਥਾਵਾਂ ਤੋਂ ਵੱਖੋ-ਵੱਖਰੇ ਸਧਾਨਾਂ ਵਿਚ ਵੱਖੋ-ਵੱਖਰੀਆਂ ਸਥਿਤੀਆਂ ਅਧੀਨ ਵੱਖੋ-ਵੱਖ ਸੁਪਨੇ ਲੈ ਕੇ ਪਰਵਾਸ ਕਰ ਰਹੇ ਹਨ; ਜਿਸਦੇ ਨਤੀਜੇ ਵਜੋਂ ਦੁਨੀਆਂ ਦੀ ਐਥਨਿਕ, ਸਮਾਜਕ, ਸਭਿਆਚਾਰਕ ਅਤੇ ਆਰਥਕ ਵੰਨ-ਸੁਵੰਨਤਾ ਹਰ ਥਾਂ ਤੇਜ਼ੀ ਨਾਲ ਵਧ ਰਹੀ ਹੈ। ਇਹ ਅਸਥਾਈ, ਅਨਿਸ਼ਚਿਤ ਅਤੇ ਗਤੀਸ਼ੀਲ ਵੰਨ-ਸੁਵੰਨਤਾ ਇੰਟਰਨੈਟ, ਸੋਸ਼ਲ ਮੀਡੀਆ, ਆਨਲਾਈਨ ਗੇਮਿੰਗ, ਮਸ਼ੀਨ ਲਰਨਿੰਗ, ਨੈਚੁਰਲ ਲੈਂਗੂਏਜ਼ ਪਰੋਸੈਸਿੰਗ ਅਤੇ ਸਮਾਰਟ ਫੋਨ ਦੀ ਆਮਦ ਨਾਲ ਹੋਰ ਵੀ ਜਟਿਲ ਹੋ ਗਈ ਹੈ। ਸਟੀਵਨ ਵੋਟੈਲਵੇਕ ਨੇ ਇਸ ਨੂੰ ਸੁਪਰਡਾਇਵਰਸਟੀ ਦਾ ਨਾਮ ਦਿੱਤਾ ਹੈ।
ਇੰਟਰਨੈਟ ਅਤੇ ਅੰਗਰੇਜ਼ੀ ਭਾਸ਼ਾ: ਇਸ ਭੈਅ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਇੰਟਰਨੈਟ ਦੀ ਤਕਨਾਲੌਜੀ ਰਾਹੀਂ ਅੰਗਰੇਜ਼ੀ ਜ਼ੁਬਾਨ ਘੱਟ-ਗਿਣਤੀ ਜ਼ੁਬਾਨਾਂ ਨੂੰ ਖਾ ਜਾਵੇਗੀ। ਕਿਉਂਕਿ ਇੰਟਰਨੈਟ ਦੇ ਪਹਿਲੇ ਨੀਤੀਘਾੜੇ ਅਮਰੀਕਨ ਸਨ, ਇਸ ਲਈ ਉਨ੍ਹਾਂ ਦੀ ਚਿੰਤਾ ਕੇਵਲ ਏਨੀ ਹੀ ਸੀ ਕਿ ਅੰਗਰੇਜ਼ੀ ਵਿਚ ਆਨਲਾਈਨ ਸੰਚਾਰ ਨੂੰ ਕਿਵੇਂ ਸੁਖਾਲਾ ਕਰਨਾ ਹੈ। ਉਨ੍ਹਾਂ ਨੇ ਇਹ ਗੱਲ ਸੋਚੀ ਹੀ ਨਹੀਂ ਕਿ ਗੈਰ-ਅੰਗਰੇਜ਼ੀ ਭਾਸ਼ਾਵਾਂ ਦੇ ਲੋਕ ਇੰਟਰਨੈਟ ਉਪਰ ਸੰਚਾਰ ਕਿਵੇਂ ਕਰਨਗੇ। ਇਸੇ ਲਈ ਇੰਟਰਨੈਟ ਦਾ ਟੈਕਸਟ-ਟਰਾਂਸਮਿਸ਼ਨ ਪਰੋਟੋਕੋਲ ਅਮੈਰਿਕਨ ਸਟੈਂਡਰਡ ਕੋਡ ਫਾਰ ਇਨਫਾਰਮੇਸ਼ਨ ਇੰਟਰਚੇਂਜ ਉਪਰ ਅਧਾਰਿਤ ਹੈ। ਇਸ ਲਈ ਜਿਸ ਕਿਸੇ ਨੇ ਵੀ ਆਨਲਾਈਨ ਟੈਕਸਟ ਐਕਸਚੇਂਜ ਕਰਨੀ ਹੁੰਦੀ ਸੀ, ਉਸਨੂੰ ਇਹ ਰੋਮਨ ਸਕਰਿਪਟ ਵਿਚ ਹੀ ਕਰਨੀ ਪੈਂਦੀ ਸੀ। ਪਹਿਲਾਂ ਪਹਿਲ ਤਾਂ ਇਸ ਸਮੱਸਿਆ ਉਪਰ ਕਾਬੂ ਪਾਉਣ ਲਈ ਏ ਐਸ ਸੀ ਆਈ ਆਈ ਸਿਸਟਮ ਨੂੰ ਵੱਖਰੀਆਂ ਸਕਰਿਪਟਸ ਦੀਆਂ ਜ਼ਰੂਰਤਾਂ ਮੁਤਾਬਕ ਅਡੈਪਟ ਕਰਨ ਲਈ ਬਹੁਤ ਸਾਰੀਆਂ ਤਰਕੀਬਾਂ ਕੱਢੀਆਂ ਗਈਆਂ ਪਰ ਇਸ ਸਮੱਸਿਆ ਦਾ ਪੱਕਾ ਹੱਲ ਤਾਂ ਯੂਨੀਕੋਡ ਦੀ ਆਮਦ ਨਾਲ ਹੀ ਸਾਹਮਣੇ ਆਇਆ। ਨਤੀਜੇ ਵਜੋਂ ਹੁਣ ਗੈਰ-ਅੰਗਰੇਜ਼ੀ ਟੈਕਸਟ ਦੀ ਆਨਲਾਈਨ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਖੈਰ ਗੂਗਲ ਦੀ ਇਕ ਰਿਪੋਰਟ ਮੁਤਾਬਕ ਇਸ ਵੇਲੇ ਭਾਰਤ ਵਿਚ ਇੰਟਰਨੈਟ ਦਾ ਇਸਤੇਮਾਲ ਕਰਨ ਵਾਲਿਆਂ ਵਿਚੋਂ ਨੱਬੇ ਪ੍ਰਤੀਸ਼ਤ ਤੋਂ ਵਧੇਰੇ ਲੋਕ ਗੈਰ-ਅੰਗਰੇਜ਼ੀ ਜ਼ੁਬਾਨਾਂ ਬੋਲਣ ਵਾਲੇ ਹਨ। ਦੁਨੀਆਂ ਵਿਚ ਇੰਟਰਨੈਟ ਉਪ ਅੰਗਰੇਜ਼ੀ ਦਾ ਇਸਤੇਮਾਲ ਲਗਾਤਾਰ ਘਟ ਰਿਹਾ ਹੈ ਅਤੇ ਦੂਸਰੀਆਂ ਜ਼ੁਬਾਨਾਂ ਦਾ ਵਧ ਰਿਹਾ ਹੈ।
ਕੌਂਪਲੈਕਸਟੀ: ਜਟਿਲ ਪਰਵਾਸ ਅਤੇ ਦੁਨੀਆਂ ਦੀ ਡਿਜੀਟਲ ਨੈੱਟਵਰਕਿੰਗ ਨੇ ਸਾਡੇ ਪੰਜਾਬੀਆਂ ਸਾਹਮਣੇ ਦੋ ਬੜੇ ਸੁਆਲ ਖੜ੍ਹੇ ਕਰ ਦਿਤੇ ਹਨ ਕਿ ਕੌਣ ਪੰਜਾਬੀ ਹੈ ਅਤੇ ਕੌਣ ਗੈਰ-ਪੰਜਾਬੀ। ਬਿਗਾਨਾ ਕੌਣ ਹੈ ਅਤੇ ਆਪਣਾ ਕੌਣ। ਕੀ ਆਪਣੇ ਅਤੇ ਬੇਗਾਨੇ ਵਿਚਲਾ ਅੰਤਰ ਮਿਟਦਾ ਨਹੀਂ ਜਾ ਰਿਹਾ। ਮੇਰੀ ਇਕ ਪੁਰਾਣੀ ਕੁਲੀਗ ਹੈ ਡਾ. ਗਰੇਵਾਲ ਜੋ ਇਥੇ ਪੰਜਾਬ ਵਿਚ ਸਰਕਾਰੀ ਅਹੁਦੇ `ਤੇ ਕੰਮ ਕਰਦੀ ਹੈ। ਉਸਦਾ ਪਤੀ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਅੱਜ-ਕਲ੍ਹ ਦੁਬਈ ਵਿਚ ਪੋਸਟਡ ਹੈ। ਮਾਂ-ਬਾਪ ਯੂ ਪੀ ਵਿਚ ਫਾਰਮ `ਤੇ ਰਹਿੰਦੇ ਹਨ। ਲੜਕਾ ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ (ਕਨੇਡਾ) ਵਿਚ ਪੜ੍ਹ ਰਿਹਾ ਹੈ ਅਤੇ ਲੜਕੀ ਅਮਰੀਕਾ ਵਿਚ ਡਾਕਟਰ ਹੈ। ਵੱਡੀ ਭੈਣ ਦਾ ਪਤੀ ਤੇਲਗੂ ਹੈ ਅਤੇ ਛੋਟੇ ਭਰਾ ਦੀ ਪਤਨੀ ਗੁਜਰਾਤੀ। ਦੋਨੋਂ ਪਰਿਵਾਰ ਹੈਦਰਾਬਾਦ ਵਿਚ ਰਹਿੰਦੇ ਹਨ। ਇਕ ਭੈਣ ਦਿੱਲੀ ਰਹਿੰਦੀ ਹੈ ਜਿਸ ਕੋਲ ਇਨ੍ਹਾਂ ਸਾਰਿਆਂ ਦਾ ਅਕਸਰ ਆਉਣ-ਜਾਣ ਬਣਿਆ ਰਹਿੰਦਾ ਹੈ। ਬੱਚੇ ਹੈਦਰਾਬਾਦ, ਦਿੱਲੀ ਅਤੇ ਸਿੰਗਾਪਰ ਵਿਚ ਪੜ੍ਹਦੇ ਹਨ। ਪੰਜਾਬੀ ਸਾਰੇ ਸਮਝਦੇ ਹਨ। ਥੋੜ੍ਹੀ ਬਹੁਤੀ ਬੋਲ ਵੀ ਲੈਂਦੇ ਹਨ। ਗੁਰਦੁਆਰੇ ਸਾਰੇ ਜਾਂਦੇ ਹਨ। ਸੋਸ਼ਲ ਮੀਡੀਆ `ਤੇ ਇਕ ਗਰੁਪ ਬਣਿਆ ਹੋਇਆ ਹੈ ਜਿਸ ਉਪਰ ਇਹ ਸਾਰੇ ਆਪਸ ਵਿਚੀਂ ਕੁਨੈਕਟਿਡ ਹਨ। ਜਿਸ ਭਾਸ਼ਾ ਵਿਚ ਇਹ ਚੈਟ ਕਰਦੇ ਹਨ ਉਸ ਨੂੰ ਪਰੌਪਰ ਅੰਗਰੇਜ਼ੀ ਵੀ ਨਹੀਂ ਕਿਹਾ ਜਾ ਸਕਦਾ। ਬੌਲੀਵੁਡ ਦੀ ਹਿੰਦੀ ਦਾ ਦਖਲ ਸਾਫ ਦਿਖਾਈ ਦਿੰਦਾ ਹੈ। ਪੰਜਾਬੀ, ਤੇਲਗੂ ਅਤੇ ਗੁਜਰਾਤੀ ਵੀ ਕਿਧਰੇ-ਕਿਧਰੇ ਮਿਕਸ ਹੁੰਦੀਆਂ ਹਨ। ਇਮੋਟੀਕੋਨ, ਸੈਲਫੀਆਂ ਅਤੇ ਪਾਪੂਲਰ ਮੀਡੀਆ ਦੀਆਂ ਕਲਿਪਿੰਗਜ਼ ਦਾ ਵੀ ਖੂਬ ਇਸਤੇਮਾਲ ਕਰਦੇ ਹਨ। ਇਹ ਕੋਈ ਐਕਸੈਪਸ਼ਨਲ ਪਰਿਵਾਰ ਨਹੀਂ। ਅਜਿਹੇ ਜਟਿਲ ਪਰਿਵਾਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਕੱਲੇ ਪਾਰ-ਰਾਸ਼ਟਰੀ ਪੰਜਾਬੀ ਪਰਿਵਾਰਾਂ ਦੀ ਗੱਲ ਨਹੀਂ। ਲੱਖਾਂ ਦੀ ਗਿਣਤੀ ਵਿਚ ਹਰ ਸਾਲ ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਆਦਿ ਮੁਲਕਾਂ ਨੂੰ ਜਾ ਰਹੇ ਵਿਦਿਆਰਥੀਆਂ ਦੀ ਵੀ ਗੱਲ ਨਹੀਂ। ਮੇਰੇ ਆਪਣੇ ਵੀਹ ਏਕੜ ਅੰਦਰ ਫੈਲੇ ਕਾਲਿਜ ਵਿਚ ਚੌਂਤੀ ਮੁਲਕਾਂ ਅਤੇ ਛੇ ਭਾਰਤੀ ਰਾਜਾਂ ਦੇ ਸਤਾਰਾਂ ਜ਼ੁਬਾਨਾਂ ਬੋਲਣ ਵਾਲੇ ਬੱਚੇ ਕਲਾਸਰੂਮਾਂ ਵਿਚ ਇਕੱਠੇ ਬੈਠਦੇ ਹਨ, ਇਮਤਿਹਾਨਾਂ ਵਿਚ ਨਕਲਾਂ ਮਾਰਦੇ ਹਨ, ਸਾਂਝੇ ਨਾਚ ਨੱਚਦੇ ਹਨ, ਆਸ਼ਕੀਆਂ ਕਰਦੇ ਹਨ, ਫੁਟਬਾਲ ਦੇ ਮੈਚ ਖੇਡਦੇ ਹਨ, ਯੂਥ ਫੈਸਟੀਵਲਾਂ ਵਿਚ ਭਾਗ ਲੈਂਦੇ ਹਨ, ਹੋਸਟਲਾਂ ਵਿਚ ਇਕੱਠੇ ਖੜਮਸਤੀਆਂ ਕਰਦੇ ਹਨ। ਲੜਾਈਆਂ ਵੀ ਲੜਦੇ ਹਨ। ਸੁਰਜੀਤ ਪਾਤਰ ਦੇ ਨੰਦ ਕਿਸ਼ੋਰਾਂ ਦੀ ਗਿਣਤੀ ਹੀ ਨਹੀਂ, ਰੇਂਜ ਅਤੇ ਵੰਨ-ਸੁਵੰਨਤਾ ਵੀ ਤੇਜ਼ੀ ਨਾਲ ਵਧ ਰਹੀ ਹੈ। ਜਦੋਂ ਸੁਰਜੀਤ ਪਾਤਰ ਨੇ ਇਹ ਕਵਿਤਾ ‘ਆਇਆ ਨੰਦ ਕਿਸ਼ੋਰ’ ਲਿਖੀ ਸੀ ਤਾਂ ਉਸ ਵਕਤ ਪੰਜਾਬ ਵਿਚ ਵਧ ਰਹੀ ਇਸ ਵੰਨ-ਸੁਵੰਨਤਾ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਇਹ ਕੋਈ ਇਕ ਇਕੱਲੇ ਕਾਲਿਜ ਦੀ ਗੱਲ ਨਹੀਂ। ਕਨੇਡਾ ਜਾਣ ਵਾਲੇ ਪੰਜਾਬੀ ਬੱਚਿਆਂ ਦੁਆਰਾ ਖਾਲੀ ਕੀਤੇ ਕਮਰਸ਼ੀਅਲ ਲਾਈਨਾਂ ਉਪਰ ਚੱਲਣ ਵਾਲੇ ਸਾਰੇ ਪ੍ਰਾਈਵੇਟ ਕਾਲਿਜਾਂ ਦਾ ਇਹੋ ਹਾਲ ਹੈ।
ਮਾਨਵ ਸਮਾਜਾਂ ਦੀ ਬਣਤਰ ਬਦਲ ਰਹੀ ਹੈ। ਓਪਨ ਅਤੇ ਡਾਈਨੈਮਿਕ ਹੋਣ ਕਾਰਨ ਵਧੇਰੇ ਜਟਿਲ ਅਤੇ ਅਨਪਰਿਡਿਕਟੇਬਲ ਹੁੰਦੀ ਜਾ ਰਹੀ ਹੈ। ਜਦੋਂ ਅਸੀਂ ਆਪਣੇ ਆਪ ਵੱਲ ਦੇਖਦੇ ਹਾਂ, ਤਾਂ ਸਮਝ ਪੈਂਦੀ ਹੈ ਕਿ ਸਾਡੇ ਸਮਾਜ ਅਤੇ ਪਰਿਵਾਰ ਹੀ ਨਹੀਂ, ਸਾਡੀ ਆਪਣੀ ਨਿੱਜੀ ਜ਼ਿੰਦਗੀ ਵੀ ਹੁਣ ਆਨਲਾਈਨ ਅਤੇ ਆਫਲਾਈਨ ਇਨਵਾਇਰਨਮੈਂਟਸ ਵਿਚ ਅਜਿਹੇ ਯੂਨੀਕ ਤਰੀਕਿਆਂ ਨਾਲ ਆਰਗੇਨਾਈਜ਼ ਹੋ ਰਹੀ ਹੈ ਜਿਨ੍ਹਾਂ ਬਾਰੇ ਵੀਹ ਸਾਲ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ।
ਆਪਾਂ ਦੇਖਿਆ ਕਿ ਪੰਜਾਬ ਦੀ ਮੌਜੂਦਾ ਸਮਾਜ-ਭਾਸ਼ਾਈ ਲੈਂਡਸਕੇਪ ਨੂੰ ਚਾਰ ਫੈਕਟਰ ਕੰਸਟੀਟਿਊਟ ਕਰਦੇ ਹਨ: ਨੰਬਰ ਇਕ ਮੋਬਿਲਟੀ, ਨੰਬਰ ਦੋ ਤਕਨਾਲੌਜੀ, ਨੰਬਰ ਤਿੰਨ ਕੌਂਪਲੈਕਸਟੀ ਅਤੇ ਨੰਬਰ ਚਾਰ ਅਨਪਰਿਡਿਕਟੇਬਿਲਟੀ। ਅਨਪਰਿਡਿਕਟੇਬਿਲਟੀ ਦਾ ਸਿਧਾ ਸਬੰਧ ਖੋਜ ਨਾਲ ਹੈ: ਗਿਆਨ ਨਾਲ ਹੈ। ਇਕ ਅਜਿਹੀ ਸਥਿਤੀ ਜੋ ਸਾਨੂੰ ਪੰਜਾਬੀ ਸਮਾਜ ਬਾਰੇ ਆਪਣੀ ਪਰੰਪਰਾਗਤ ਸੋਚ ਦੇ ਬਦਲਾਵ ਵੱਲ ਧਕੇਲ ਰਹੀ ਹੈ। ਜੋ ਸਾਨੂੰ ਪੰਜਾਬ ਦੀ ਸਮਾਜ-ਭਾਸ਼ਾਈ ਲੈਂਡਸਕੇਪ ਬਾਰੇ ਆਪਣਾ ਗਿਆਨ ਰਿਵਾਈਜ਼ ਅਤੇ ਅਪਡੇਟ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ। ਇਹ ਸਮਾਜ-ਭਾਸ਼ਾਈ ਸੁਪਰਡਾਇਵਰਸਿਟੀ ਦਾ ਪੈਰਾਡਿਗਮੈਟਿਕ ਪ੍ਰਭਾਵ ਹੈ ਜੋ ਸਾਨੂੰ ਪੰਜਾਬੀ ਸਮਾਜਾਂ ਦੇ ਸਥਾਨਕ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਅਧਿਐਨ ਬਾਰੇ ਆਪਣੀ ਪਹੁੰਚ ਤਬਦੀਲ ਕਰਨ ਦੀ ਲੋੜ ਦ੍ਰਿੜ ਕਰਵਾ ਰਿਹਾ ਹੈ ਕਿ ਅਸੀਂ ਆਪਣੇ ਸੁਪਰਡਾਈਵਰਸ ਅਤੇ ਕੌਂਪਲੈਕਸ ਸਮਾਜਾਂ ਨੂੰ ਕਿਵੇਂ ਦੇਖਦੇ, ਪਰਖਦੇ ਅਤੇ ਇਮੈਜਿਨ ਕਰਦੇ ਹਾਂ। ਪੰਜਾਬੀ ਭਾਸ਼ਾ ਮਰ ਨਹੀਂ ਰਹੀ। ਆਪਣੇ ਅੰਦਰ ਨਵੀਆਂ ਸੰਭਾਵਨਾਵਾਂ ਜਗਾ ਕੇ ਆਪਣੇ ਜੀਵੰਤ ਹੋਣ ਦਾ ਪ੍ਰਮਾਣ ਪੇਸ਼ ਕਰ ਰਹੀ ਹੈ। ਜੇ ਮੈਂ ‘ਕਂੌਪਲੈਕਸ’ ਸ਼ਬਦ ਦਾ ਇਸਤੇਮਾਲ ਕਰ ਰਿਹਾ ਹਾਂ, ਤਾਂ ਮੈਂ ਅਜਿਹਾ ਗੁੰਝਲਦਾਰ ਸ਼ਬਦ ਨੂੰ ਮਾਰਨ ਲਈ ਨਹੀਂ ਕਰ ਰਿਹਾ। ਕਿਆਸ ਜਾਂ ਕੌਂਪਲੈਕਸਿਟੀ ਦੇ ਕ੍ਰਾਂਤੀਕਾਰੀ ਸਿਧਾਂਤ ਨਾਲ ਕੁਨੈਕਟ ਕਰਨ ਲਈ ਆਪਣੀ ਭਾਸ਼ਾ ਅੰਦਰ ਇਕ ਨਵੀਂ ਸਪੇਸ ਪੈਦਾ ਕਰ ਰਿਹਾ ਹਾਂ। ਗੁੰਝਲਦਾਰ, ਪੇਚੀਦਾ ਅਤੇ ਜਟਿਲ, ਮੇਰੇ ਸਮਾਜ-ਭਾਸ਼ਾਈ ਚਿਹਨ ਪ੍ਰਬੰਧ ਦੀਆਂ ਤਿੰਨ ਸਿਮਲਟੇਨੀਅਸ ਲੇਅਰਜ਼ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਤਿੰਨੋਂ ਲੇਅਰਜ਼ ਦੀ ਆਪੋ ਆਪਣੀ ਇਤਿਹਾਸਕਤਾ ਹੈ। ਇਸ ਸਮਾਜ-ਭਾਸ਼ਾਈ ਪਰਵਚਨ ਨੇ ਆਪਣੇ ਅੰਦਰ ਇਕ ਜਗਿਆਸਾ ਜਗਾਈ ਤਾਂ ਮੈਂ ਉਸਦੀ ਪੂਰਤੀ ਹਿਤ ਇਹ ਨਵੀਂ ਲੇਅਰ ਸ਼ਾਮਲ ਕਰ ਦਿੱਤੀ। ਇਹ ਮਹਿਜ਼ ਇਕ ਸ਼ਬਦ ਦੀ ਰੀਪਲੇਸਮੈਂਟ ਨਹੀਂ ਇਕ ਨਵੀਂ ਇਤਿਹਾਸਕਤਾ ਨਾਲ ਸੰਘਰਸ਼ਮਈ ਮਿਲਾਪ ਦਾ ਮੋਮੈਂਟ ਹੈ।
ਅਸੀਂ ਭਾਸ਼ਾ ਦੇ ਫਿਸ਼ਮੇਨੀਅਨ ਅਤੇ ਸਾਸੂਰੀਅਨ ਜਗਤ ਨਾਲੋਂ ਇਕ ਬਿਲਕੁਲ ਹੀ ਅੱਡਰੇ ਸੰਸਾਰ ਵਿਚ ਦਾਖਲ ਹੋ ਰਹੇ ਹਾਂ। ਚਿਰਾਂ ਤੋਂ ਸਥਾਪਤ ਧਾਰਨਾਵਾਂ ਹਿਟ ਹੋ ਰਹੀਆਂ ਹਨ। ਸਪੀਚ ਕਮਿਊਨਟੀਜ਼ ਦੀਆਂ ਸਵੈ-ਸਿਰਜਿਤ ਘੇਰਾਬੰਦੀਆਂ ਤਿੜਕ ਰਹੀਆਂ ਹਨ। ਸਿੰਕਕੌਨਿਕ ਸਟਰਕਚਰਜ਼ ਡਾਇਆਕਰੋਨਿਕ ਵਹਾਵਾਂ ਵਿਚ ਤਬਦੀਲ ਹੋ ਰਹੇ ਹਨ। ਭਾਸ਼ਾਈ ਵਿਕਾਸ ਦੀ ਲੀਨੀਅਰ ਧਾਰਨਾ ਹਿੱਲਦੀ ਨਜ਼ਰ ਆ ਰਹੀ ਹੈ। ਇਸਦੇ ਉਲਟ ਭਾਸ਼ਾ ਹੁਣ ਇਕ ਨਿਰੰਤਰ ਤਬਦੀਲੀ ਵਿਚ ਬੱਝੇ ਅਸਥਿਰ, ਅਸਥਾਈ ਅਨਿਸ਼ਚਿਤ, ਖੁੱਲ੍ਹੇ, ਗਤੀਸ਼ੀਲ ਅਤੇ ਜਟਿਲ ਕਿਸਮ ਦੇ ਸੁਪਰਡਾਈਵਰਸ ਸਮਾਜ-ਭਾਸ਼ਾਈ ਪ੍ਰਬੰਧ ਵਜੋਂ ਨਿਖਰ ਕੇ ਸਾਹਮਣੇ ਆ ਰਹੀ ਹੇ।
