ਵਿਸ਼ਵ ਦੇ ਮਹਾਨ ਖਿਡਾਰੀ: ਮਨੀਪੁਰ ਦੀ ਮਹਾਨ ਮੁੱਕੇਬਾਜ਼ ਮੈਰੀ ਕੋਮ

ਪ੍ਰਿੰ. ਸਰਵਣ ਸਿੰਘ
ਮੈਰੀ ਕੋਮ ਨੂੰ ‘ਮੈਗਨੀਫੀਸੈਂਟ ਕੋਮ’ ਵੀ ਕਿਹਾ ਜਾਂਦੈ। ਉਹ ਵੇਖਣ ਨੂੰ ਓਨੀ ਨਹੀਂ ਲੱਗਦੀ ਜਿੰਨੀ ਹੈਗੀ। ਉਹਦਾ ਕੱਦ 5 ਫੁੱਟ ਤੋਂ ਰਤਾ ਕੁ ਉੱਚਾ ਤੇ ਵਜ਼ਨ 50 ਕਿਲੋ ਦੇ ਕਰੀਬ ਰਿਹਾ। ਕੱਦ ਕਾਠ ਵੱਲੋਂ ਜਿੰਨੀ ਨਿੱਕੀ ਸੀ ਓਨੀ ਹੀ ਤਿੱਖੀ ਨਿਕਲੀ।

ਉਸ ਨੇ ਭਾਰਤ ਦੇ ਛੋਟੇ ਜਿਹੇ ਰਾਜ ਮਨੀਪੁਰ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਦੇ ਨਕਸ਼ੇ ਉਤੇ ਲੈ ਆਂਦਾ। ਪਹਾੜਾਂ ਦੀਆਂ ਵਾਦੀਆਂ ਨੂੰ ਖੇਤੀਯੋਗ ਬਣਾਉਣ ਵਾਲੇ ਮੁਜਾਰੇ ਕਿਸਾਨਾਂ ਦੀ ਇਸ ਧੀ ਨੇ ਮੁੱਕੇਬਾਜ਼ੀ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ `ਚੋਂ 8 ਮੈਡਲ ਜਿੱਤ ਵਿਖਾਏ ਜਿਨ੍ਹਾਂ ਵਿਚੋਂ 6 ਗੋਲਡ ਮੈਡਲ ਹਨ! ਇੰਜ ਕਹਿ ਲਓ ਕਿ ਉਹਨੇ ਆਪਣੇ ਵਜ਼ਨ ਵਰਗ ਵਿਚ ਛੇ ਵਾਰ ਕੁਲ ਦੁਨੀਆ `ਤੇ ਝੰਡੀ ਕੀਤੀ।
ਉਹ ਭਾਰਤ ਦੀ ਪਹਿਲੀ ਮੁੱਕੇਬਾਜ਼ ਹੈ ਜੋ ਏਸ਼ਿਆਈ ਖੇਡਾਂ, ਕਾਮਨਵੈੱਲਥ ਖੇਡਾਂ ਤੇ ਓਲੰਪਿਕ ਖੇਡਾਂ ਦੇ ਜਿੱਤ-ਮੰਚਾਂ ਉਤੇ ਚੜ੍ਹੀ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਅਵਾਰਡ ਤੋਂ ਲੈ ਕੇ ਪਦਮ ਸ਼੍ਰੀ, ਪਦਮ ਭੂਸ਼ਨ ਤੇ ਪਦਮ ਵਿਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ। ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਜ ਸਭਾ ਦੀ ਮਾਣਯੋਗ ਮੈਂਬਰ ਨਾਮਜ਼ਦ ਕੀਤੀ ਗਈ ਜੋ 25 ਅਪਰੈਲ 2016 ਤੋਂ 24 ਅਪਰੈਲ 2022 ਤਕ ਉੱਚ ਸਦਨ ਦੀ ਮੈਂਬਰ ਰਹੀ। ਉਸ ਦੀ ਅਜੋਕੀ ਰਿਹਾਇਸ਼ ਦਿੱਲੀ ਨੇੜੇ ਸੂਰਜ ਕੁੰਡ, ਫਰੀਦਾਬਾਦ ਵਿਚ ਹੈ।
ਮੈਰੀ ਕੋਮ ਦਾ ਪੂਰਾ ਨਾਂ ਮਾਂਗਟੇ ਚੁੰਗਨੇਈਜਾਂਗ ਹੈ। ਉਹ ਮਨੀਪੁਰ ਦੇ ਕੋਮ ਕਬੀਲੇ ਦੀ ਧੀ ਹੈ। ਉਹਦਾ ਜਨਮ 24 ਨਵੰਬਰ 1982 ਨੂੰ ਪਿੰਡ ਕਾਂਗਾਥੇਈ, ਜ਼ਿਲ੍ਹਾ ਚੂਰਾਚਨਪੁਰ ਵਿਚ ਪਿਤਾ ਮਾਂਗਟੇ ਟੋਂਪਾ ਕੋਮ ਤੇ ਮਾਤਾ ਮਾਂਗਟੇ ਆਖਮ ਕੋਮ ਦੇ ਘਰ ਹੋਇਆ। ਉਨ੍ਹੀਂ ਦਿਨੀਂ ਨਵੀਂ ਦਿੱਲੀ `ਚ 9ਵੀਆਂ ਏਸ਼ਿਆਈ ਖੇਡਾਂ ਹੋ ਰਹੀਆਂ ਸਨ ਜਿਨ੍ਹਾਂ ਸਦਕਾ ਦੇਸ਼ ਵਿਚ ਖੇਡਾਂ ਦਾ ਖ਼ੂਬ ਮਾਹੌਲ ਬਣਿਆ ਹੋਇਆ ਸੀ। ਪਰ ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿਚ ਵੀ ਨਹੀਂ ਹੋਣਾ ਕਿ ਗਰੀਬ ਮਾਪਿਆਂ ਦੀ ਸਾਧਾਰਨ ਬੱਚੀ ਮੁੱਕੇਬਾਜ਼ੀ ਦੀ ਖੇਡ `ਚ ਵਿਸ਼ਵ ਪੱਧਰ ਦੀਆਂ ਵੱਡੀਆਂ ਮੱਲਾਂ ਮਾਰੇਗੀ। ਉਸ ਦੇ ਮਾਪੇ ‘ਝੂਮ’ ਖੇਤਾਂ ਵਿਚ ਸਖ਼ਤ ਮਿਹਨਤ ਕਰਦੇ ਸਨ। ਉਹ ਮਾਪਿਆਂ ਦੀ ਪਲੇਠੀ ਧੀ ਸੀ। ਉਸ ਪਿੱਛੋਂ ਇਕ ਭੈਣ ਤੇ ਇਕ ਭਰਾ ਪੈਦਾ ਹੋਏ। ਉਨ੍ਹਾਂ ਦਾ ਪਰਿਵਾਰ ਇਸਾਈ ਮੱਤ ਦਾ ਧਾਰਨੀ ਹੈ। ਮੈਰੀ ਕੋਮ ਨਿੱਕੀ ਹੁੰਦੀ ਹੀ ਮਾਪਿਆਂ ਦੇ ਕੰਮਾਂ-ਕਾਰਾਂ `ਚ ਹੱਥ ਵਟਾਉਣ ਲੱਗ ਪਈ ਸੀ। ਉਹਦਾ ਬਾਪ ਪਹਿਲਵਾਨੀ ਦਾ ਸ਼ੌਕ ਰੱਖਦਾ ਸੀ।
ਉਹਦੀ ਮੁਢਲੀ ਪੜ੍ਹਾਈ ਲੋਕਤਕ ਕ੍ਰਿਸ਼ਚੀਅਨ ਮਾਡਲ ਸਕੂਲ ਮੋਈਰਾਂਗ ਵਿਚ ਹੋਈ। ਛੇਵੀਂ ਜਮਾਤ ਪਿੱਛੋਂ ਉਹ ਸੰਤ ਜੇਵੀਅਰ ਕੈਥੋਲਿਕ ਸਕੂਲ ਮੋਈਰਾਂਗ ਵਿਚ ਪੜ੍ਹਨ ਲੱਗੀ। ਨੌਵੀਂ-ਦਸਵੀਂ ਦੀ ਪੜ੍ਹਾਈ ਤੇ ਖੇਡ ਸਿੱਖਿਆ ਲੈਣ ਲਈ ਉਹ ਸਪੋਰਟਸ ਦੇ ਆਦਿਮਜਤੀ ਹਾਈ ਸਕੂਲ ਇੰਫਾਲ ਵਿਚ ਦਾਖਲ ਹੋ ਗਈ। ਉਥੇ ਉਹ ਪੜ੍ਹਾਈ ਨਾਲ ਖੇਡਾਂ ਵੀ ਖੇਡਣ ਲੱਗੀ। ਉਨ੍ਹੀਂ ਦਿਨੀਂ ਮਨੀਪੁਰ ਦਾ ਮੁੱਕੇਬਾਜ਼ ਦਿੰਗਕੋ ਸਿੰਘ ਮੁੱਕੇਬਾਜੀL ਦਾ ਏਸ਼ੀਆ ਚੈਂਪੀਅਨ ਬਣਿਆ। ਉਥੋਂ ਦੇ ਵਿਦਿਆਰਥੀ ਉਸ ਨੂੰ ਆਪਣਾ ਹੀਰੋ ਮੰਨਣ ਲੱਗੇ। ਮੈਰੀ ਕੋਮ ਅਥਲੈਟਿਕਸ ਛੱਡ ਕੇ ਮੁੱਕੇਬਾਜ਼ੀ ਵਿਚ ਦਿਲਚਸਪੀ ਲੈਣ ਲੱਗੀ। ਪਰ ਉਸ ਦੇ ਪਹਿਲਵਾਨ ਪਿਤਾ ਨੂੰ ਧੀ ਦਾ ਮੁੱਕੇਬਾਜ਼ੀ ਕਰਨਾ ਪਸੰਦ ਨਹੀਂ ਸੀ। ਉਹ ਸਮਝਦਾ ਸੀ ਕਿ ਮੁੱਕੇਬਾਜ਼ੀ ਨਾਲ ਉਸ ਦੀ ਧੀ ਦਾ ਚਿਹਰਾ ਕਰੂਪ ਹੋ ਜਾਵੇਗਾ ਜੋ ਉਸ ਦੀ ਸ਼ਾਦੀ ਕਰਨ ਵੇਲੇ ਮੁਸ਼ਕਲ ਪੈਦਾ ਕਰੇਗਾ। ਪਰ ਮੈਰੀ ਦੀ ਮਾਂ ਆਪਣੀ ਧੀ ਨੂੰ ਮੁੱਕੇਬਾਜ਼ੀ ਦੀ ਖੁੱਲ੍ਹ ਦੇਣ ਲਈ ਰਾਜ਼ੀ ਸੀ। ਬੇਸ਼ਕ ਬਾਪ ਧੀ ਨੂੰ ਮੁੱਕੇਬਾਜ਼ੀ ਤੋਂ ਰੋਕਦਾ ਰਿਹਾ ਪਰ ਮੈਰੀ ਬਾਪ ਦੀ ਇੱਛਾ ਦੇ ਉਲਟ ਮੁੱਕੇਬਾਜ਼ੀ ਕਰਨ ਤੋਂ ਪਿੱਛੇ ਨਾ ਹਟੀ। ਜਦੋਂ ਉਹਦੀ ਜਿੱਤ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪਣ ਲੱਗੀਆਂ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ੋਭਾ ਹੋਣ ਲੱਗੀ ਤਾਂ ਬਾਪ ਨੇ ਵੀ ਧੀ ਨੂੰ ਮੁੱਕੇਬਾਜ਼ੀ ਲਈ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ।
ਇਕ ਸਮਾਂ ਸੀ ਜਦੋਂ ਭਾਰਤ ਦੀਆਂ ਲੜਕੀਆਂ ਲਈ ਖੇਡ ਅਖਾੜਿਆਂ ਤੇ ਖੇਡ ਮੈਦਾਨਾਂ `ਚ ਨਿੱਤਰਨਾ ਬੜਾ ਔਖਾ ਸੀ ਕਿ ਲੋਕ ਕੀ ਕਹਿਣਗੇ? ਪਹਿਲਾਂ ਪਹਿਲ ਤਾਂ ਕੁੜੀਆਂ ਨੂੰ ਸਕੂਲੇ ਪੜ੍ਹਾਉਣ ਵੇਲੇ ਵੀ ਮਾਪਿਆਂ ਨੂੰ ਸ਼ਰੀਕਾਂ ਦੇ ਬੋਲ ਕਬੋਲ ਸੁਣਨੇ ਪੈਂਦੇ ਸਨ। ਮੈਰੀ ਕੋਮ ਦੇ ਚੰਗੇ ਭਾਗਾਂ ਨੂੰ ਇੰਫਾਲ `ਚ ਤਾਇਨਾਤ ਮੁੱਕੇਬਾਜ਼ੀ ਦੇ ਸਟੇਟ ਕੋਚ ਐੱਮ ਨਰਜਿਤ ਸਿੰਘ ਦੀ ਕੋਚਿੰਗ ਤੇ ਨਿਗਰਾਨੀ ਮਿਲਣੀ ਸ਼ੁਰੂ ਹੋ ਗਈ ਜੋ ਉਸ ਦੇ ਬੜੀ ਰਾਸ ਆਈ। ਕੋਚ ਨੇ ਜਾਂਚ ਲਿਆ ਸੀ ਕਿ ਮੈਰੀ ਮਿਹਨਤੀ ਤੇ ਜਾਂਬਾਜ਼ ਲੜਕੀ ਹੈ ਜੋ ਮੁੱਕੇਬਾਜ਼ੀ ਲਈ ਢੁੱਕਵੀਂ ਹੈ। ਸਕੂਲੇ ਪੜ੍ਹਦਿਆਂ ਮੈਰੀ ਅਕਸਰ ਮੁੰਡਿਆਂ ਵਿਰੁਧ ਜੂਝ ਪੈਂਦੀ ਸੀ। ਉਸ ਵੱਲੋਂ ਕੀਤੀ ਕੁੱਟ-ਮਾਰ ਦੇ ਉਲਾਂਭੇ ਘਰਦਿਆਂ ਨੂੰ ਅਕਸਰ ਆਉਂਦੇ ਰਹਿੰਦੇ। ਸਕੂਲਾਂ ਦੀ ਪੜ੍ਹਾਈ ਪੂਰੀ ਕਰ ਕੇ ਉਸ ਨੇ ਚੂਰਾਚੰਨਪੁਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਜਿਸ ਨਾਲ ਉਹ ਕੋਈ ਨੌਕਰੀ ਹਾਸਲ ਕਰਨ ਦੇ ਯੋਗ ਹੋ ਗਈ।
ਅਜਿਹੇ ਪਿਛੋਕੜ ਵਾਲੀ ਕੁੜੀ ਦੀਆਂ ਮੁੱਕੇਬਾਜ਼ੀ ਦੇ ਖੇਤਰ ਵਿਚ ਮਾਰੀਆਂ ਮੱਲਾਂ `ਤੇ ਝਾਤ ਮਾਰੀਏ ਤਾਂ ਹੈਰਾਨੀ ਹੁੰਦੀ ਹੈ! ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚੋਂ ਇਕ ਮੈਡਲ ਜਿੱਤ ਲੈਣਾ ਹੀ ਮਾਣ ਨਹੀਂ ਹੁੰਦਾ। ਮੈਰੀ ਕੋਮ ਨੇ ਤਾਂ ਡੇਢ ਦਰਜਨ ਤੋਂ ਵੀ ਵੱਧ ਮੈਡਲ ਜਿੱਤ ਵਿਖਾਏ ਨੇ। ਉਸ ਨੇ ਏਸ਼ਿਆਈ ਚੈਂਪੀਅਨਸ਼ਿਪਾਂ ਵਿਚੋਂ 5 ਗੋਲਡ ਤੇ 2 ਸਿਲਵਰ, ਏਸ਼ਿਆਈ ਇਨਡੋਰ ਗੇਮਜ਼ ਵਿਚੋਂ 1 ਗੋਲਡ, ਕਾਮਨਵੈਲਥ ਖੇਡਾਂ `ਚਂੋ 1 ਗੋਲਡ, ਏਸ਼ਿਆਈ ਖੇਡਾਂ `ਚੋਂ 1 ਗੋਲਡ ਤੇ 1 ਬ੍ਰਾਂਜ਼L, ਓਲੰਪਿਕ ਖੇਡਾਂ ਵਿਚੋਂ 1 ਬ੍ਰਾਜ਼ ਅਤੇ ਵਿਸ਼ਵ ਚੈਪੀਅਨਸ਼ਿਪਾਂ ਵਿਚੋਂ 6 ਗੋਲਡ 1 ਸਿਲਵਰ ਤੇ 1 ਬ੍ਰਾਂਜ਼ ਮੈਡਲ ਜਿੱਤੇ। ਵਿਸ਼ਵ ਅਤੇ ਮਹਾਂਦੀਪਾਂ ਦੀਆਂ ਵੱਡੀਆਂ ਖੇਡਾਂ `ਚੋਂ ਉਸ ਦੇ ਜਿੱਤੇ ਕੁਲ ਮੈਡਲਾਂ ਦੀ ਗਿਣਤੀ 19 ਹੈ। ਉਹ ਵਿਸ਼ਵ ਦੀ ਪਹਿਲੀ ਮੁੱਕੇਬਾਜ਼ ਹੈ ਜਿਸ ਨੇ 24 ਨਵੰਬਰ 2018 ਤਕ ਮੁੱਕੇਬਾਜ਼ੀ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿਚੋਂ 6 ਗੋਲਡ ਮੈਡਲ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਰੱਖਿਆ। ਉਸ ਨੂੰ ‘ਮੈਰੀ ਮੈਗਨੀਫੀਸੈਂਟ’ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਏ? ਉਹ ਪਹਿਲੀ ਮੁੱਕੇਬਾਜ਼ ਹੈ ਜਿਹੜੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪਾਂ `ਚੋਂ 6 ਸੋਨੇ, 1 ਚਾਂਦੀ ਤੇ 1 ਕਾਂਸੀ ਦਾ ਮੈਡਲ ਜਿੱਤੀ। ਰਾਜ ਅਤੇ ਕੌਮੀ ਪੱਧਰ ਦੇ ਤਗ਼ਮੇ ਜਿੱਤਣ ਦਾ ਤਾਂ ਕੋਈ ਲੇਖਾ ਹੀ ਨਹੀਂ। ਮੁੱਕੇਬਾਜ਼ੀ ਦੇ ਮੁਕਾਬਲਿਆ `ਚ ਭਾਗ ਲੈਂਦਿਆਂ ਉਹਦੇ ਨਾਲ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਜੋ ਜੱਗੋਂ ਨਿਆਰੀਆਂ ਕਹੀਆਂ ਜਾ ਸਕਦੀਆਂ। ਉਨ੍ਹਾਂ `ਚ ਇਕੋ ਦਾ ਜ਼ਿਕਰ ਕਰਨਾ ਹੀ ਕਾਫੀ ਹੋਵੇਗਾ।
ਸਕੂਲਾਂ-ਕਾਲਜਾਂ ਤੇ ਰਾਜ ਪੱਧਰ ਦੀਆਂ ਜਿੱਤਾਂ ਤੋਂ ਬਾਅਦ ਜਦੋਂ ਮੈਰੀ ਨੈਸ਼ਨਲ ਮੁਕਾਬਲਿਆਂ `ਚ ਜਾਣ ਲੱਗੀ ਤਾਂ ਉਥੇ ਉਹਦੀ ਇਕ ਅੰਤਰਰਾਸ਼ਟਰੀ ਮੁਕਾਬਲੇ `ਚ ਜਾਣ ਲਈ ਚੋਣ ਹੋ ਗਈ। ਉਸ ਨੇ ਚਾਈਂ-ਚਾਈਂ ਪਾਸਪੋਰਟ ਵੀ ਬਣਵਾ ਲਿਆ। 2000 ਵਿਚ ਉਸ ਨੇ ਪੰਜਾਬ `ਚ ਹੋ ਰਹੀਆਂ ਨੈਸ਼ਨਲ ਖੇਡਾਂ `ਚ ਭਾਗ ਲੈਣ ਜਾਣਾ ਸੀ। ਰੇਲਗੱਡੀ `ਚ ਸਫ਼ਰ ਕਰਦਿਆਂ ਉਹਦਾ ਬੈਗ ਚੋਰੀ ਹੋ ਗਿਆ ਜਿਸ ਵਿਚ ਉਸ ਦੇ ਪੈਸੇ, ਪਾਸਪੋਰਟ ਤੇ ਕਪੜੇ ਆਦਿ ਸਨ। ਨਵੀਂ ਦਿੱਲੀ ਰੇਲਵੇ ਸਟੇਸ਼ਨ `ਤੇ ਉਹ ਡੌਰ ਭੌਰੀ ਫਿਰ ਰਹੀ ਸੀ ਜਿਥੇ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਅਚਾਨਕ ਮਨੀਪੁਰ ਦਾ ਹੀ ਇਕ ਨੌਜੁਆਨ ਫੁੱਟਬਾਲਰ ਕਾਰੁੰਗ ਓਨਲਰ ਮਦਦ ਲਈ ਬਹੁੜ ਪਿਆ। ਉਹ ਦਿੱਲੀ ਯੂਨੀਵਰਸਿਟੀ ਵਿਚ ਲਾਅ ਦਾ ਵਿਦਿਆਰਥੀ ਅਤੇ ਉੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦੀ ਜਥੇਬੰਦੀ ਦਾ ਪ੍ਰਧਾਨ ਸੀ। ਉਸ ਨੇ ਮੈਰੀ ਨੂੰ ਦਿਲਾਸਾ ਦਿੰਦਿਆਂ ਲੋੜੀਂਦੇ ਪੈਸੇ ਦਿੱਤੇ ਤੇ ਖਾਣਾ ਖੁਆਉਣ ਦੇ ਨਾਲ ਰਹਿਣ ਦਾ ਵੀ ਪ੍ਰਬੰਧ ਕੀਤਾ। ਮੈਰੀ ਨੂੰ ਵਧੇਰੇ ਚਿੰਤਾ ਪਾਸਪੋਰਟ ਗੁੰਮ ਜਾਣ ਦੀ ਸੀ ਕਿਉਂਕਿ ਕੁਝ ਦਿਨਾਂ ਬਾਅਦ ਹੀ ਉਸ ਨੇ ਅੰਤਰਰਾਸ਼ਟਰੀ ਮੁਕਾਬਲੇ ਲਈ ਬਦੇਸ਼ ਜਾਣਾ ਸੀ। ਓਨਲਰ ਨੇ ਆਪਣੇ ਅਸਰ ਰਸੂਖ ਨਾਲ ਉਸ ਦਾ ਪਾਸਪੋਰਟ ਵੇਲੇ ਸਿਰ ਬਣਵਾ ਦਿੱਤਾ। ਅਚਾਨਕ ਹੋਈ ਮੁਲਾਕਾਤ ਦੋਹਾਂ ਦੀ ਗੂੜ੍ਹੀ ਦੋਸਤੀ ਵਿਚ ਬਦਲ ਗਈ। ਉਹ ਇਕ ਦੂਜੇ ਨੂੰ ਏਨੇ ਭਾਏ ਕਿ 2005 ਵਿਚ ਉਨ੍ਹਾਂ ਨੇ ਵਿਆਹ ਕਰਾ ਲਿਆ। 2007 ਵਿਚ ਜੌੜੇ ਪੁੱਤਰ ਜੰਮਣ ਨਾਲ ਕੁਝ ਸਮਾਂ ਮੈਰੀ ਕੋਮ ਨੂੰ ਮੁੱਕੇਬਾਜ਼ੀ ਦੇ ਮੁਕਾਬਲਿਆਂ ਤੋਂ ਲਾਂਭੇ ਰਹਿਣਾ ਪੈ ਗਿਆ।
ਮੈਰੀ ਨੂੰ ਮੁੜ ਰਿੰਗ `ਚ ਉਤਾਰਨ ਲਈ ਓਨਲਰ ਨੇ ਬੱਚਿਆਂ ਦੀ ਪਾਲਣਾ ਪੋਸ਼ਣਾ ਆਪ ਸੰਭਾਲ ਲਈ। ਮੈਰੀ ਫਿਰ ਮੈਡਲ `ਤੇ ਮੈਡਲ ਜਿੱਤਣ ਲੱਗੀ। ਇਨਾਮਾਂ ਤੇ ਮਾਣ-ਸਨਮਾਨਾਂ ਦੀਆਂ ਢੇਰੀਆਂ ਲੱਗਣ ਲੱਗ ਪਈਆਂ। 2013 `ਚ ਉਨ੍ਹਾਂ ਦੇ ਤੀਜਾ ਪੁੱਤਰ ਪੈਦਾ ਹੋਇਆ। 2017 ਵਿਚ ਜੋੜੇ ਨੇ ਧੀ ਦੀ ਘਾਟ ਪੂਰੀ ਕਰਨ ਲਈ ਇਕ ਬੱਚੀ ਗੋਦ ਲੈ ਲਈ। ਉਹ ਚਾਰ ਬੱਚਿਆਂ ਦੇ ਮਾਪੇ ਬਣ ਗਏ। ਮਾੜਾ ਸਮਾਂ ਪੁੱਛ ਕੇ ਨਹੀਂ ਆਉਂਦਾ। ਰਾਜ਼ੀ ਖੁਸ਼ੀ ਵਸਦੇ ਪਤੀ-ਪਤਨੀ ਵਿਚਕਾਰ ਵਾਧੂ ਪੈਸੇ ਤੇ ਵਾਧੂ ਖਰਚੇ ਨੇ ਅਜਿਹੀ ਬੇਵਿਸਾਹੀ ਪੈਦਾ ਕੀਤੀ ਕਿ ਦਸੰਬਰ 2023 `ਚ ਨੌਬਤ ਤਲਾਕ ਤਕ ਪਹੁੰਚ ਗਈ। ਕੁਝ ਸਮਾਂ ਚੁੱਪ ਪਸਰੀ ਰਹੀ। ਫਿਰ ਭੇਤ ਪਰਗਟ ਹੋਣ ਲੱਗੇ ਤੇ ਊਜਾਂ ਲੱਗਣ ਲੱਗੀਆਂ ਜਿਵੇਂ ਕਿ ਲੱਗਦੀਆਂ ਹੀ ਹਨ। ਚਾਰੇ ਬੱਚੇ ਹਾਲ ਦੀ ਘੜੀ ਮੈਰੀ ਕੋਮ ਨਾਲ ਹੀ ਰਹਿੰਦੇ ਹਨ।
ਜਦੋਂ ਸਭ ਕੁਝ ਠੀਕ ਠਾਕ ਸੀ ਤਾਂ 2012 ਵਿਚ ਭਾਰਤ ਦੇ ਫਿਲਮ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਨੇ ਮੈਰੀ ਦੇ ਜੀਵਨ ਉਤੇ ਆਧਾਰਿਤ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਉਦੋਂ ਉਹ ਲੰਡਨ ਦੀਆਂ ਓਲੰਪਿਕ ਖੇਡਾਂ `ਚੋਂ ਕਾਂਸੀ ਦਾ ਤਗ਼ਮਾ ਜਿੱਤੀ ਸੀ। ਭੰਸਾਲੀ ਨੇ ਮੈਰੀ ਕੋਮ ਦਾ ਰੋਲ ਅਦਾ ਕਰਨ ਲਈ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਚੁਣਿਆ। ਪ੍ਰਿਅੰਕਾ ਦਾ ਕੱਦ ਬੇਸ਼ਕ ਮੈਰੀ ਕੋਮ ਤੋਂ ਉੱਚਾ ਸੀ ਪਰ ਉਹਦੇ ਵਰਗਾ ਪੱਠੇਦਾਰ ਜੁੱਸਾ ਬਣਾਉਣ ਲਈ ਉਸ ਨੇ ਚਾਰ ਮਹੀਨੇ ਵੇਟ ਟ੍ਰੇਨਿੰਗ ਤੇ ਮੁੱਕੇਬਾਜ਼ੀ ਨਾਲ ਮੱਥਾ ਮਾਰਿਆ। ਫਿਲਮ ਦੀ ਹੀਰੋਇਨ ਪ੍ਰਿਅੰਕਾ ਨਾਲ ਮੈਰੀ ਦੇ ਪਤੀ ਓਨਲਰ ਕੋਮ ਦਾ ਰੋਲ ਦਰਸ਼ਨ ਕੁਮਾਰ, ਪਿਤਾ ਮਾਂਗਟੇ ਟੋਪਨਾ ਕੋਮ ਦਾ ਰੋਲ ਰੋਬਿਨ ਦਾਸ ਤੇ ਕੋਚ ਨਰਜਿਤ ਸਿੰਘ ਦਾ ਰੋਲ ਸੁਨੀਲ ਥਾਪਾ ਨੇ ਨਿਭਾਇਆ।
ਫਿਲਮ ਦੀ ਸ਼ੂਟਿੰਗ ਪਹਿਲਾਂ ਮਨੀਪੁਰ ਦੀਆਂ ਪਹਾੜੀ ਵਾਦੀਆਂ ਵਿਚ ਕਰਨ ਦਾ ਵਿਚਾਰ ਸੀ ਪਰ ਗੜਬੜ ਕਾਰਨ ਧਰਮਸ਼ਾਲਾ ਤੇ ਮਨਾਲੀ ਨੂੰ ਚੁਣਿਆ ਗਿਆ। ਓਮੁੰਗ ਕੁਮਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਮੈਰੀ ਕੋਮ’ 5 ਸਤੰਬਰ 2014 ਨੂੰ ਰਿਲੀਜ਼ ਹੋਈ। ਫਿਲਮ ਦਾ ਪ੍ਰੀਮੀਅਰ ਟੋਰਾਂਟੋ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਵਿਖਾਇਆ ਗਿਆ। ਫਿਲਮ ਨੇ 60ਵੇਂ ਫਿਲਮ ਫੇਅਰ ਅਵਾਰਡਜ਼ ਤੋਂ ਲੈ ਕੇ ਅਨੇਕ ਹੋਰ ਅਵਾਰਡ ਜਿੱਤੇ। ਪ੍ਰਿਅੰਕਾ ਨੂੰ ਬੈੱਸਟ ਐਕਟਰੈੱਸ ਦਾ ਅਵਾਰਡ ਮਿਲਿਆ। ਫਿਲਮ ਦਾ ਬਜਟ ਬੇਸ਼ਕ 38 ਕਰੋੜ ਰੁਪਏ ਦਾ ਸੀ ਪਰ ਕਮਾਈ 86 ਕਰੋੜ ਤੋਂ ਵੱਧ ਦੀ ਹੋਈ। ਲੇਖਕ ਦੀਨਾ ਸੈਰਟੋ ਦੇ ਸਹਿਯੋਗ ਨਾਲ ਮੈਰੀ ਕੋਮ ਦੀ ਸਵੈ-ਜੀਵਨੀ ‘ਅਨਬ੍ਰੇਕੇਬਲ’ ਲਿਖੀ ਗਈ ਜੋ ਹੈਪਰ ਕੋਨਿਜ਼ ਨੇ 2013 ਵਿਚ ਪ੍ਰਕਾਸ਼ਿਤ ਕੀਤੀ। ਉਸ ਦੀਆਂ ਕੁਝ ਲਿਖਤਾਂ ਵਿਦਿਆਰਥੀਆਂ ਦੀਆਂ ਪਾਠ-ਪੁਸਤਕਾਂ ਵਿਚ ਵੀ ਪੜ੍ਹਾਈਆਂ ਜਾਂਦੀਆਂ ਹਨ।
ਮੈਰੀ ਕੋਮ ਦੇ ਸਮੁੱਚੇ ਜੀਵਨ `ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਹਰ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ। ਪਹਿਲਾਂ ਘਰ ਤੇ ਕਿਸਾਨੀ ਦਾ ਕੰਮਕਾਰ, ਸਕੂਲੇ ਅਥਲੈਟਿਕਸ, ਫੁੱਟਬਾਲ ਤੇ ਵਾਲੀਬਾਲ ਖੇਡਣਾ। ਆਖ਼ਰ ਮੁੱਕੇਬਾਜ਼ੀ `ਚ ਭਾਗ ਲੈਣਾ ਜਿਸ ਨਾਲ ਵੱਡੇ ਭਾਗ ਬਣੇ। ਮੁੱਕੇਬਾਜ਼ੀ ਦੇ ਏਸ਼ੀਆ ਚੈਂਪੀਅਨ ਡਿੰਗਕੋ ਸਿੰਘ ਨੇ ਉਸ ਨੂੰ 2000 ਵਿਚ ਹੀ ਪੂਰਨ ਤੌਰ `ਤੇ ਮੁੱਕੇਬਾਜ਼ੀ ਲਈ ਪ੍ਰੇਰਿਤ ਕਰ ਦਿੱਤਾ ਸੀ। ਤਦ ਤਕ ਉਹ 18 ਸਾਲਾਂ ਦੀ ਹੋ ਚੁੱਕੀ ਸੀ। ਉਸ ਨੂੰ ਪਹਿਲਾ ਕੋਚ ਨਰਜਿਤ ਸਿੰਘ ਮਿਲਿਆ ਸੀ ਤੇ ਫਿਰ ਸਮੇਂ ਸਮੇਂ ਕੋਚ ਬਦਲਦੇ ਗਏ ਸਨ।
2002 ਵਿਚ ਉਸ ਨੇ ਅੰਨਾਤਾਲਿਆ ਦੀ ਵਿਸ਼ਵ ਚੈਂਪੀਅਨਸ਼ਿਪ `ਚੋਂ ਗੋਲਡ ਮੈਡਲ ਜਿੱਤ ਕੇ ਬੱਲੇ-ਬੱਲੇ ਕਰਾ ਦਿੱਤੀ ਸੀ। 2005, 6, 8, 10 ਤੇ 18 ਵਿਚ ਫਿਰ ਗੋਲਡ ਮੈਡਲ ਜਿੱਤੇ। 2001 `ਚ ਸਿਲਵਰ ਮੈਡਲ ਜਿੱਤਿਆ ਸੀ ਤੇ 2019 ਵਿਚ ਬ੍ਰੌਂਜ਼ ਮੈਡਲ। 2018 ਵਿਚ ਕਾਮਨਵੈਲਥ ਖੇਡਾਂ `ਚੋਂ ਵੀ ਗੋਲਡ ਮੈਡਲ ਜਿੱਤਿਆ। 2009 ਵਿਚ ਹਨੋਈ ਵਿਖੇ ਏਸ਼ੀਅਨ ਇਨਡੋਰ ਖੇਡਾਂ ਹੋਈਆਂ ਤਾਂ ਉਥੇ ਵੀ ਗੋਲਡ ਮੈਡਲ ਜਿੱਤਿਆ। ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪਸ ਦੇ ਉਸ ਨੇ 7 ਮੈਡਲ ਹੋਰ ਜਿੱਤੇ। ਭਾਰਤ ਦੀ ਉਹ ਇਕੋ-ਇਕ ਔਰਤ ਮੁੱਕੇਬਾਜ਼ ਹੈ ਜਿਸ ਨੇ ਓਲੰਪਿਕ ਖੇਡਾਂ `ਚੋਂ ਵੀ ਮੈਡਲ ਜਿੱਤਿਆ। ਜਿੰਨੀ ਵੱਡੀ ਗਿਣਤੀ `ਚ ਮੈਰੀ ਕੋਮ ਨੇ ਭਾਰਤ ਲਈ ਮੈਡਲ ਜਿੱਤੇ ਉਵੇਂ ਭਾਰਤ ਸਰਕਾਰ ਨੇ ਵੀ ਖੁੱਲ੍ਹ ਕੇ ਮਾਨ-ਸਨਮਾਨ ਦਿੱਤੇ।
2015 ਤਕ ਪੁੱਜਦਿਆਂ ਹੀ ਮੈਰੀ ਕੋਮ ਸ਼ੌਕੀਆ ਮੁੱਕੇਬਾਜ਼ ਵਜੋਂ ਬਹੁਤ ਸਾਰੇ ਪੇਸ਼ਾਵਰ ਮੁੱਕੇਬਾਜ਼ਾਂ ਨਾਲੋਂ ਵੱਧ ਮਸ਼ਹੂਰ ਹੋ ਗਈ ਸੀ। ਉਹ ਕਮਾਈ, ਅੰਡੋਰਸਮੈਂਟਾਂ ਤੇ ਅਵਾਰਡਾਂ `ਚ ਉਨ੍ਹਾਂ ਨਾਲੋਂ ਕਿਤੇ ਵਧ ਗਈ ਸੀ। ਉਸ ਨੂੰ 2006 ਵਿਚ ਅਰਜਨ ਅਵਾਰਡ ਤੇ 2013 ਵਿਚ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਮਿਲ ਗਿਆ ਸੀ। 2009 ਵਿਚ ਪਦਮ ਸ਼੍ਰੀ, 2020 ਵਿਚ ਪਦਮ ਭੂਸ਼ਨ ਤੇ 2021 ਵਿਚ ਪਦਮ ਵਿਭੂਸ਼ਨ ਦੇ ਪੁਰਸਕਾਰ ਮਿਲੇ। ਇੰਟਰਨੈਸ਼ਨਲ ਬੌਕਸਿੰਗ ਐਸੋਸੀਏਸ਼ਨ ਨੇ ਉਸ ਨੂੰ ਇੰਟਰਨੈਸ਼ਨਲ ਵਰਲਡ ਬੌਕਸਿੰਗ ਚੈਂਪੀਅਨਸ਼ਿਪਸ ਦੀ ਬਰਾਂਡ ਅੰਬੈਸਡਰ ਬਣਾਇਆ। 2007 ਵਿਚ ਉਹਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਇਆ। 2008 ਵਿਚ ਉਸ ਨੂੰ ‘ਮੈਗਨੀਫੀਸੈLਂਟ ਮੈਰੀ’ ਦਾ ਖ਼ਿਤਾਬ ਮਿਲਿਆ। 2010 ਵਿਚ ਉਹ ਸਪੋਰਟਸ ਵੋਮੈੱਨ ਆਫ਼ ਦਾ ਯੀਅਰ ਐਲਾਨੀ ਗਈ। ਨਾਰਥ-ਈਸਟਰਨ ਯੂਨੀਵਰਸਿਟੀ ਵੱਲੋਂ 29 ਮਾਰਚ 2016 ਨੂੰ ਉਸ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਦਿੱਤੀ ਗਈ ਅਤੇ ਕਾਜ਼ੀਰੰਗਾ ਯੂਨੀਵਰਸਿਟੀ ਵੱਲੋਂ 14 ਜਨਵਰੀ 2019 ਨੂੰ ਡੀ.ਫਿੱਲ ਦੀ ਆਨਰੇਰੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ।
2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ `ਚੋਂ ਉਹ ਕਾਂਸੀ ਦਾ ਤਗ਼ਮਾ ਜਿੱਤ ਕੇ ਮੁੜੀ ਤਾਂ ਮਨੀਪੁਰ ਸਰਕਾਰ ਨੇ 50 ਲੱਖ ਰੁਪਏ, ਰਾਜਸਥਾਨ ਸਰਕਾਰ ਨੇ 25 ਲੱਖ, ਅਸਾਮ ਸਰਕਾਰ ਨੇ 20 ਲੱਖ, ਅਰੁਨਾਚਲ ਪ੍ਰਦੇਸ਼ ਸਰਕਾਰ ਨੇ 10 ਲੱਖ, ਮਨਿਸਟਰੀ ਆਫ਼ ਟ੍ਰਾਈਬਲ ਅਫੇਅਰਜ਼ ਨੇ 10 ਲੱਖ ਰੁਪਏ ਤੇ ਨਾਰਥ ਈਸਟਰਨ ਕੌਂਸਲ ਨੇ 40 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ। 2018 ਵਿਚ ਮਨੀਪੁਰ ਸਰਕਾਰ ਨੇ ਉਸ ਨੂੰ ‘ਮੀਥੋਈਲੀਮਾ’ ਦਾ ਮਹਾਨ ਖ਼ਿਤਾਬ ਦਿੱਤਾ।
ਮੈਰੀ ਕੋਮ ਦੀ ਬੱਸ ਇਕੋ ਹਸਰਤ ਰਹਿ ਗਈ ਸੀ ਕਿ ਉਹ ਬਿਮਾਰ ਹੋਣ ਕਾਰਨ ਰੀਓ ਓਲੰਪਿਕਸ-2016 ਦੀਆਂ ਓਲੰਪਿਕ ਖੇਡਾਂ `ਚ ਭਾਗ ਨਾ ਲੈ ਸਕੀ ਜਿਥੋਂ ਦੂਜਾ ਓਲੰਪਿਕ ਮੈਡਲ ਜਿੱਤਣ ਦੀ ਪੂਰੀ ਆਸ ਸੀ। ਪਰ 2020 ਦੀਆਂ ਓਲੰਪਿਕ ਖੇਡਾਂ `ਚ ਭਾਗ ਲੈਣ `ਚ ਸਫਲ ਹੋ ਗਈ ਸੀ। ਇਹ ਵੱਖਰੀ ਗੱਲ ਹੈ ਕਿ ਉਥੇ ਉਹ ਕੋਈ ਮੈਡਲ ਨਾ ਜਿੱਤ ਸਕੀ। ਉਹ ਖੇਡਾਂ ਕੋਵਿਡ ਦੇ ਕਹਿਰ ਕਾਰਨ 2020 ਦੀ ਥਾਂ 2021 ਵਿਚ ਹੋਈਆਂ ਸਨ ਤੇ ਉਦੋਂ ਤਕ ਉਹ 39 ਸਾਲਾਂ ਦੀ ਹੋ ਗਈ ਸੀ। ਆਖ਼ਰ ਜੁਆਨੀ ਦੀ ਵੀ ਤਾਂ ਕੋਈ ਹੱਦ ਹੁੰਦੀ ਹੈ।