ਦਿਲਜੋਤ ਆਤਮ-ਹੱਤਿਆ ਕੇਸ ਅਤੇ ਪੰਜਾਬ ਦੀਆਂ ਖੱਬੀਆਂ ਧਿਰਾਂ ਦੀ ਨਿਰਾਲੀ ਰਾਜਨੀਤੀ!

ਪਿਛਲੇ ਕੁਝ ਸਮੇਂ ਤੋਂ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਸ ਦੇ ਮਾਅਰਕੇਬਾਜ਼ ਚੇਲੇ ਨੇਤਨਯਾਹੂ ਵਲੋਂ ਮੱਧ ਪੂਰਬ ਵਿਚ ਆਪਣੀ ਧੌਂਸ ਜਮਾਉਣ ਲਈ ਇਰਾਨ ਉਪਰ ਠੋਸੀ ਜੰਗ ਕਾਰਨ ਦੁਨੀਆ ਭਰ ਵਿਚ ਲੋਕਾਂ ਦੇ ਸਾਹ ਸੂਤੇ ਪਏ ਹਨ। ਉਧਰ, ਇਸ ਮੌਕੇ ਪੰਜਾਬ ਅੰਦਰ ਵਣ-ਵਣ ਦੀਆਂ ਖੱਬੀਆਂ ਧਿਰਾਂ ਵਲੋਂ ਨਕਸਲੀਆਂ ਦੇ ਲਲਕਾਰ ਧੜੇ ਨਾਲ ਸਬੰਧਤ

‘ਭਰਾਤਰੀ’ ਸੰਗਠਨ ਦੀ ਕਾਰਕੁਨ, ਐਡਵੋਕੇਟ ਦਿਲਜੋਤ ਸ਼ਰਮਾ ਦੇ ਬੜੇ ਹੀ ਦੁਖਦਾਇਕ ਹਾਤਮ-ਹੱਤਿਆ ਕਾਂਡ ਨੂੰ ਲੈ ਕੇ ਪੂਰਨ ਜੋਸ਼ੋ-ਖਰੋਸ਼ ਨਾਲ ਵੱਖਰੀ ਭਾਂਤ ਦੀ ਰਾਜਨੀਤਕ ਸਰਗਰਮੀ ਕੀਤੀ ਜਾ ਰਹੀ ਹੈ – ਜੋ ‘ਪੰਜਾਬ ਟਾਈਮਜ਼’ ਪਾਠਕਾਂ ਦੀ ਨਜ਼ਰ ਹੈ। ਇਸ ਪਰਥਾਏ ਆਉਣ ਵਾਲੀ ਸਮਾਂਤਰ ਜਾਣਕਾਰੀ ਦਾ ਸਵਾਗਤ ਕੀਤਾ ਜਾਵੇਗਾ। -ਸੰਪਾਦਕ

ਪੰਜਾਬ ਵਿਚ ਅਨੇਕਾਂ ਖੱਬੇ-ਪੱਖੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਆਦਿ ਜਥੇਬੰਦੀਆਂ ਅਤੇ ਸੰਸਥਾਵਾਂ ਆਪੋ-ਆਪਣੇ ਢੰਗ ਨਾਲ਼ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਮੁੱਦਿਆਂ `ਤੇ ਆਪਸੀ ਤਾਲ-ਮੇਲ ਵੀ ਰਹਿੰਦਾ ਹੈ ਅਤੇ ਅਨੇਕਾਂ ਮਸਲਿਆਂ `ਤੇ ਤਿੱਖੇ ਮੱਤਭੇਦ ਵੀ ਬਣ ਜਾਂਦੇ ਹਨ। ਇਨ੍ਹਾਂ ਵਿਚੋਂ ਲਲਕਾਰ ਤੇ ਪ੍ਰਤੀਬੱਧ ਗਰੁੱਪ ਵਾਲ਼ੇ ਵੱਖਰੇ ਢੰਗ ਨਾਲ਼ ਕੰਮ ਕਰਦੇ ਹਨ।
ਅਨੇਕਾਂ ਨੌਜਵਾਨ ਲੜਕੇ-ਲੜਕੀਆਂ ਆਪਣਾ ਜੀਵਨ ਸਮਰਪਿਤ ਕਰਕੇ ਇਨ੍ਹਾਂ ਗਰੁੱਪਾਂ ਨਾਲ਼ ਸਮਾਜ ਲਈ ਫੁੱਲ ਟਾਈਮ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਇੱਕ ਵਕੀਲ ਦੇ ਤੌਰ ‘ਤੇ ਲਲਕਾਰ ਗਰੁੱਪ ਨਾਲ਼ ਫੁੱਲ ਟਾਈਮ ਕੰਮ ਕਰਦੀ ਰਹੀ ਨੌਜਵਾਨ ਲੜਕੀ ਦਿਲਜੋਤ ਸ਼ਰਮਾ ਨੇ 5 ਜਨਵਰੀ, 2026 ਨੂੰ ਆਤਮ ਹੱਤਿਆ ਕਰ ਲਈ ਸੀ। ਉਸਨੇ ਆਪਣੇ ਆਤਮ-ਹੱਤਿਆ ਨੋਟ ਵਿਚ ਲਿਖਿਆ ਸੀ ਕਿ ਉਹ ਸਰੀਰਕ ਤੇ ਮਾਨਸਿਕ ਬੀਮਾਰੀਆਂ ਅਤੇ ਆਰਥਿਕ ਕਾਰਨਾਂ ਕਰਕੇ ਇਹ ਕਦਮ ਚੁੱਕ ਰਹੀ ਹੈ। ਉਸਨੇ ਨੋਟ ਵਿਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਸੀ।
ਪਰ ਇਸ ਆਤਮ-ਹੱਤਿਆ ਤੋਂ ਬਾਅਦ ਕੁਝ ਖੱਬੇ-ਪੱਖੀ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ‘ਲਲਕਾਰ ਗਰੁੱਪ’ `ਤੇ ਦੋਸ਼ ਲਗਾਏ ਸਨ ਕਿ ਦਿਲਜੋਤ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ ਗਿਆ। ਕਈ ਇਹ ਵੀ ਦੋਸ਼ ਲਗਾਇਆ ਕਿ ਇਹ ਆਤਮ-ਹੱਤਿਆ ਨਹੀਂ, ਸਗੋਂ ਕਤਲ ਹੈ। ਇਸ ਸਬੰਧੀ ਕਈ ਧਰਨੇ-ਮੁਜ਼ਾਹਰੇ ਕੀਤੇ ਗਏ। ਪੁਲਿਸ `ਤੇ ਕੇਸ ਦਰਜ ਕਰਨ ਲਈ ਦਬਾਅ ਪਾਇਆ ਗਿਆ। ਪੁਲਿਸ ਆਪਣੀ ਜਾਂਚ ਕਰ ਰਹੀ ਹੈ।
ਪਰ ਇਸ ਸਭ ਦੇ ਬਾਵਜੂਦ ਇਹ ਖੱਬੇ-ਪੱਖੀ ਭਰਾਤਰੀ ਜਥੇਬੰਧੀਆਂ ਇਸ ਮੁੱਦੇ ਨੂੰ ਠੰਢਾ ਨਹੀਂ ਪੈਣ ਦੇਣਾ ਚਾਹੁੰਦੀਆਂ। ਇਸ ਪਿੱਛੇ ਕੀ ਕਾਰਨ ਹਨ ਇਹ ਤਾਂ ਉਹ ਹੀ ਬੇਹਤਰ ਜਾਣਦੇ ਹਨ। ਪਰ ਅਜਿਹਾ ਕਰਨਾ ਬਹੁਤਾ ਵਾਜਬ ਨਹੀਂ ਲੱਗਦਾ। ਖਾਸਕਰ ਉਦੋਂ ਜਦੋਂ ਈਰਾਨ ਅਤੇ ਅਮਰੀਕਾ-ਇਜ਼ਰਾਈਲ ਜੰਗ ਕਾਰਨ ਸਾਰੀ ਦੁਨੀਆਂ ਵਿਚ ਮਾਹੌਲ ਬੇਹੱਦ ਚਿੰਤਾਜਨਕ ਬਣਿਆ ਹੋਇਆ ਹੈ ਅਤੇ ਸਾਰੀ ਦੁਨੀਆ ਦੀ ਆਰਥਿਕਤਾ `ਤੇ ਇਸਦਾ ਮਾੜਾ ਪ੍ਰਭਾਵ ਪੈਣਾ ਸ਼ੁਰੂ ਹੋ ਚੁੱਕਾ ਹੈ।
ਇਸ ਮਸਲੇ ਸਬੰਧੀ ਹੁਣ ‘ਜਮਹੂਰੀ ਅਧਿਕਾਰ ਸਭਾ’ ਵੀ ਆਤਮ-ਹੱਤਿਆ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾ ਕੇ ਸ਼ਾਮਿਲ ਹੋ ਗਈ ਹੈ। ਲੱਗਦਾ ਹੈ ਜੇ ਪੁਲਿਸ ਜਾਂਚ ਵਿਚ ‘ਲਲਕਾਰ’ ਵਾਲ਼ੇ ਦੋਸ਼ੀ ਨਾ ਵੀ ਪਾਏ ਗਏ ਤਾਂ ਇਹ ਕਮੇਟੀ ਉਨ੍ਹਾਂ ਨੂੰ ਜ਼ਰੂਰ ਦੋਸ਼ੀ ਸਾਬਿਤ ਕਰਕੇ ਹਟੇਗੀ?
ਇਸ ਕਮੇਟੀ ਨੂੰ ਆਰ ਕੌਰ ਨਾਮ ਦੀ ਖੱਬੇਪੱਖੀ ਕਾਰਕੁਨ ਨੇ ਵਿਸਤਾਰ ਵਿਚ ਆਪਣੇ ਵਿਚਾਰ ਲਿਖ ਕੇ ਭੇਜੇ ਹਨ, ਜਿਨ੍ਹਾਂ ਨੂੰ ਪਾਠਕਾਂ ਦੀ ਜਾਣਕਾਰੀ ਲਈ ਸ਼ੇਅਰ ਕਰ ਰਹੇ ਹਾਂ। ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
-ਹਰਚਰਨ ਸਿੰਘ ਪਰਹਾਰ
ਫੋਨ:
ਦਿਲਜੋਤ ਖ਼ੁਦਕੁਸ਼ੀ ਮਾਮਲੇ ਸਬੰਧੀ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੀਡਰਸ਼ਿਪ ਵੱਲੋਂ ਅਪਣਾਈ ਪਹੁੰਚ `ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਆਰ ਕੌਰ ਨੇ ਸੋਸ਼ਲ ਮੀਡੀਆ `ਤੇ ਜਾਰੀ ਇੱਕ ਵਿਸਤ੍ਰਿਤ ਲਿਖਤ ਰਾਹੀਂ ਸਭਾ ਦੇ ਆਗੂਆਂ `ਤੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਵਿਚ ਇਕ ਦੋਸ਼ ਇਹ ਵੀ ਹੈ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਬਿਨਾਂ ਕੋਈ ਜਾਂਚ ਕੀਤਿਆਂ ਦਿਲਜੋਤ ਦੇ ਪਿੰਡ ਵਿਚ ਹੋਏ ਸ਼ਰਧਾਂਜਲੀ ਸਮਾਗਮ ਤੋਂ ਲੈ ਕੇ ਹੀ ਨੌਜਵਾਨ ਭਾਰਤ ਸਭਾ ਦੇ ਆਗੂਆਂ ਖ਼ਿਲਾਫ ਪੁਲਿਸ ਕਾਰਵਾਈ ਦੀ ਮੰਗ ਕਰਦੀ ਆ ਰਹੀ ਸੀ। ਆਰ ਕੌਰ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਹ ਸਾਡੀ ਜਥੇਬੰਦੀ ਦੀਆਂ ਵਿਰੋਧੀ ਜਥੇਬੰਦੀਆਂ ਦਾ ਇੱਕ ਪਾਸੜ ਤੌਰ `ਤੇ ਸਾਥ ਦੇ ਰਹੀ ਸੀ।
ਮੇਰਾ ਵਿਚਾਰ ਹੈ ਕਿ ਜੇ ਤੁਸੀਂ ਪਹਿਲਾਂ ਹੀ ਕਿਸੇ ਨੂੰ ਕਾਤਲ ਹੋਣ ਦਾ ਫਤਵਾ ਦੇ ਦਿੰਨੇ ਹੋ ਤਾਂ ਫਿਰ ਜਾਂਚ ਕਰਨ ਦੀ ਮੰਗ ਕਰਨ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ। ਸਬੰਧਤ ਜਥੇਬੰਦੀ ਨਾਲ ਕੋਈ ਗੱਲਬਾਤ ਕਰੇ ਬਿਨਾਂ, ਉਸ ਦਾ ਪੱਖ ਸੁਣੇ ਬਿਨਾਂ, ਧਰਨੇ-ਪ੍ਰਦਰਸ਼ਨ ਦੇ ਰਾਹ ਪੈ ਜਾਣਾ ਕਿੱਥੋਂ ਦੀ ਸਮਝਦਾਰੀ ਹੈ? ਮੈਂ ਖ਼ੁਦ ਵੱਖ-ਵੱਖ ਨੁਮਾਇੰਦਿਆਂ ਨਾਲ ਤਿੰਨ ਮੁਲਾਕਾਤਾਂ ਕਰ ਚੁੱਕਾ ਹਾਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਨੁਮਾਇੰਦਿਆਂ ਨੂੰ ਵੀ ਮੁਲਾਕਾਤ ਕਰਨ ਲਈ ਸੁਨੇਹਾ ਭੇਜਿਆ ਸੀ ਪਰ ਉਨ੍ਹਾਂ ਨੇ ਇਸ `ਤੇ ਕੋਈ ਹੁੰਗਾਰਾ ਨਹੀਂ ਭਰਿਆ। ਕੀਤੀਆਂ ਗਈਆਂ ਮੁਲਾਕਾਤਾਂ ਵਿਚੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਕਿ ਕਿਸੇ ਵੀ ਜਥੇਬੰਦੀ ਨੇ ਨੌਜਵਾਨ ਭਾਰਤ ਸਭਾ ਦੇ ਨੁਮਾਇੰਦਿਆਂ ਜਾਂ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਉਹ ਦੋਸ਼ੀ ਸਮਝਦੇ ਨੇ, ਉਨ੍ਹਾਂ ਦਾ ਪੱਖ ਇੱਕ ਵਾਰ ਵੀ ਨਹੀਂ ਸੁਣਿਆ ਤੇ ਨਾ ਹੀ ਸੁਣਨ ਦੀ ਕੋਸ਼ਿਸ਼ ਕੀਤੀ ਹੈ।
ਮੇਰੀ ਜਾਣਕਾਰੀ ਮੁਤਾਬਕ ਦਿਲਜੋਤ ਦੇ ਖੁLਦਕੁਸ਼ੀ ਨੋਟ ਦੀ ਸੱਚਾਈ ਸਾਹਮਣੇ ਲਿਆਉਣ ਲਈ ਉਸ ਦੀ ਜਥੇਬੰਦੀ ਦੇ ਆਗੂਆਂ ਨੇ ਜਾਂਚ ਵਿਚ ਪੂਰੀ ਤਰ੍ਹਾਂ ਸਹਿਯੋਗ ਕਰਦਿਆਂ ਸਾਰੇ ਤੱਥ ਮੁਹੱਈਆ ਕਰਾਏ ਹਨ, ਉਸ ਦੀਆਂ ਲਿਖਤਾਂ ਤੇ ਲਿਖਤੀ ਰਿਕਾਰਡ ਵਿਚ, ਕਿਸੇ ਵੀ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਮਾਨਸਾ ਵਿਖੇ ਇਨ੍ਹਾਂ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਵਿਚ ਆਪਣੇ ਆਪ ਨੂੰ ਮਾਰਕਸਵਾਦੀ-ਲੈਨਿਨਵਾਦੀ ਕਹਾਉਣ ਵਾਲੇ ਆਗੂਆਂ ਨੇ ਦਿਲਜੋਤ ਦੀ ਧਿਰ ਦੇ ਨੁਮਾਇੰਦਿਆਂ `ਤੇ ਇਹ ਦੋਸ਼ ਲਾਏ ਕਿ ਇਹ ਨੌਜਵਾਨਾਂ ਨੂੰ ਪਰਿਵਾਰਾਂ ਨਾਲੋਂ ਤੋੜਦੇ ਨੇ, ਇਹ ਪਿਛਲੇ ਪੁਲ ਤੋੜ ਕੇ ਆਉਣ ਦੀਆਂ ਗੱਲਾਂ ਕਰਦੇ ਨੇ। ਕਾਮਰੇਡੋ! ਤੁਸੀਂ ਕਿਹੜੇ ਇਨਕਲਾਬ ਦੀ ਗੱਲ ਕਰਦੇ ਹੋ ਜਿਹਦੇ ਵਿਚ ਘਰਾਂ `ਚ ਹੱਸਦਿਆਂ-ਵਸਦਿਆਂ ਜੀਵਨ ਬਤੀਤ ਕਰਦਿਆਂ ਇਹ ਹੋ ਸਕਦਾ ਹੈ, ਕੁਲ ਵਕਤੀ ਕਾਰਕੁਨ ਜੋ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਕੀ ਉਹ ਤੁਹਾਡੀ ਸਮਝ ਮੁਤਾਬਕ ਪੈਦਾ ਕੀਤੇ ਜਾ ਸਕਦੇ ਨੇ? ਤੁਸੀਂ ਵਿਆਹ ਦੀ ਸੰਸਥਾ ਬਾਰੇ, ਨੌਜਵਾਨਾਂ ‘ਚ ਪ੍ਰੇਮ ਸਬੰਧਾਂ ਦੇ ਮਾਮਲਿਆਂ ਬਾਰੇ ਆਪਣਾ ਕੋਈ ਵਿਚਾਰ ਪੇਸ਼ ਕੀਤਾ ਹੈ? ਜਿਹੜੇ ਮਸਲੇ ਕਮਿਊਨਿਸਟ ਇਨਕਲਾਬੀ ਧਿਰਾਂ ਵਿਚ ਆਪਸੀ ਸੰਵਾਦ ਰਾਹੀਂ ਹੱਲ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਦੋਸਤਾਂ ਦੇ ਘੇਰੇ ਅੰਦਰਲੇ ਮਸਲੇ ਸਮਝਿਆ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਤੁਸੀਂ ਦੁਸ਼ਮਣਾਨਾ ਰੂਪ ਦੇ ਦਿੱਤਾ ਹੈ ਉਨ੍ਹਾਂ ਨੂੰ ਹੱਲ ਕਰਨ ਲਈ ਤੁਸੀਂ ਪੁਲਸੀ ਕਾਰਵਾਈ ਦਾ ਸਹਾਰਾ ਲੈਣ ਤੱਕ ਚਲੇ ਗਏ? ਅਜੋਕੇ ਸਮੇਂ ਜਦੋਂ ਕਮਿਊਨਿਸਟ ਇਨਕਲਾਬੀ ਲਹਿਰ ਦਾ ਖੁਰਾ-ਖੋਜ ਮਿਟਾਉਣ ਲਈ ਸਰਕਾਰ ਵੱਲੋਂ 31 ਮਾਰਚ ਡੈੱਡਲਾਈਨ ਵੀ ਰੱਖੀ ਗਈ ਹੈ, ਜਦੋਂ ਇਜ਼ਰਾਈਲ ਤੇ ਅਮਰੀਕੀ ਸਾਮਰਾਜੀ ਧਾੜਵੀ ਈਰਾਨ ਤੇ ਫ਼ਲਸਤੀਨ ਵਰਗੇ ਮੁਲਕਾਂ ਨੂੰ ਬਾਰੂਦ ਦੇ ਢੇਰ ਨਾਲ ਬਰਬਾਦ ਕਰਨ `ਤੇ ਤੁਲੇ ਹੋਏ ਹਨ, ਅਜਿਹੇ ਹਾਲਾਤ ਵਿਚ ਇਹ ਕਿੱਡਾ ਵੱਡਾ ਮਸਲਾ ਤੁਹਾਡੇ ਹੱਥ ਲੱਗਿਆ ਹੈ? 2019 ਤੋਂ ਬਿਮਾਰੀ ਨਾਲ ਜੂਝ ਰਹੀ ਇਸ ਲੜਕੀ ਦਾ ਕਿੰਨਿਆਂ ਕੁ ਨੇ ਦੁਖ ਦਰਦ ਵੰਡਾਇਆ ਸੀ? ਜਮਹੂਰੀ ਅਧਿਕਾਰ ਸਭਾ ਦੀ ਲੀਡਰਸ਼ਿਪ ਵੱਲੋਂ ਅਜਿਹੀਆਂ ਜਥੇਬੰਦੀਆਂ ਜਿਹੜੀਆਂ ਪਹਿਲਾਂ ਹੀ ਫਤਵੇ ਦੇ ਕੇ ਚੱਲੀਆਂ ਹਨ, ਉਨ੍ਹਾਂ ਦੀ ਸੁਰ ਨਾਲ ਸੁਰ ਮਿਲਾ ਕੇ ਚੱਲਣਾ ਬੇਹੱਦ ਅਫਸੋਸਜਨਕ ਹੈ। ਤੁਹਾਡੇ ਅਜਿਹਾ ਕਰਨ ਨਾਲ ਇਨਕਲਾਬ ਵਿਰੋਧੀ ਸ਼ਕਤੀਆਂ ਤੇ ਫਾਸ਼ੀ ਟੋਲਿਆਂ ਨੂੰ ਮਸਾਲਾ ਵੀ ਮੁਹੱਈਆ ਹੋਇਆ ਹੈ ਤੇ ਉਨ੍ਹਾਂ ਵੱਲੋਂ ਤੁਹਾਡੇ ਖ਼ਿਲਾਫ ਭੰਡੀ ਪ੍ਰਚਾਰ ਨੂੰ ਜਰਬਾਂ ਵੀ ਮਿਲੀਆਂ ਹਨ।
-ਅਜੈਬ ਸਿੰਘ ਟਿਵਾਣਾ
ਫੋਨ: 78887-38476
ਜਮਹੂਰੀ ਅਧਿਕਾਰ ਸਭਾ ਦੀ ਅਣਚਾਹੀ ਦਖ਼ਲਅੰਦਾਜ਼ੀ
ਕਿਸੇ ਇਨਕਲਾਬੀ ਜਮਹੂਰੀ ਜਥੇਬੰਦੀ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਜਮਹੂਰੀ ਅਧਿਕਾਰ ਸਭਾ ਦਾ ਕਦੇ ਵੀ ਇਤਿਹਾਸ ਨਹੀਂ ਰਿਹਾ। ਬੀਬਾ ਦਿਲਜੋਤ ਸ਼ਰਮਾ ਦੇ ਮਾਮਲੇ ਵਿਚ ਪੁਲਿਸ ਪਹਿਲਾਂ ਹੀ ਜਾਂਚ ਕਰ ਰਹੀ ਹੈ ਅਤੇ ਜਗਦੀਸ਼ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਦਿਲਜੋਤ ਲਿਖਤੀ ਨੋਟ ਛੱਡ ਕੇ ਮਰੀ ਹੈ ਕਿ ਉਹ ਆਪਣੀ ਬਿਮਾਰੀ ਅਤੇ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀ ਕਰ ਰਹੀ ਹੈ, ਇਸ ਵਿਚ ਕਿਸੇ ਦਾ ਕਸੂਰ ਨਹੀਂ ਹੈ।
ਪਰ ਹੱਡਾਰੋੜੀ/ਕਰੰਗਾਬਾੜੀ ਦੇ ਕੁੱਤਿਆਂ ਵਾਂਗ ਵਿਵਹਾਰ ਕਰਦੇ ਹੋਏ ਕੁਝ ਹਲ੍ਹਕੀਆਂ ਹੋਈਆਂ ਜਥੇਬੰਦੀਆਂ ਅਤੇ ਵਿਅਕਤੀਆਂ ਨੇ ਬਿਨਾਂ ਜਾਂਚ ਪੜਤਾਲ ਤੋਂ ਹੀ ਪ੍ਰਤੀਬੱਧ ਨਾਲ ਜੁੜੀਆਂ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਦਿਲਜੋਤ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਜਾਂ ਇਥੋਂ ਤਕ ਕਿ ਕਤਲ ਕਰਨ ਦਾ ਦੋਸ਼ ਲਗਾ ਦਿੱਤਾ ਸੀ।
ਇੰਨਾ ਹੀ ਨਹੀ ਸਗੋਂ ਹਕੂਮਤ ਦੇ ਵਹਿਸ਼ੀ ਸੰਦ ਪੁਲਿਸ ਨੂੰ ਧਰਨਿਆਂ/ਮੁਜ਼ਾਹਰਿਆਂ ਰਾਹੀਂ ਦਬਾਅ ਪਾ ਕੇ ਪ੍ਰਤੀਬੱਧ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਸਖਤੀ ਨਾਲ ‘ਪੁੱਛਗਿੱਛ’ ਕਰਕੇ ਯਾਨਿ ਥਰਡ ਡਿਗਰੀ ਤਸੀਹੇ ਦੇ ਕੇ ਪੁੱਛਗਿੱਛ ਕਰਨ ਲਈ ਦਰਖਾਸਤ ਦੇ ਦਿੱਤੀ ਹੋਈ ਹੈ।
ਪ੍ਰਤੀਬੱਧ ਮੈਗਜ਼ੀਨ ਅਤੇ ਲਲਕਾਰ ਵਰਗੀ ਕਿਸੇ ਜਮਹੂਰੀ ਜਥੇਬੰਦੀ ਜਾਂ ਵਿਅਕਤੀਆਂ ਵੱਲੋਂ ਆਪਣੀ ਪੂਰੀ ਇਮਾਨਦਾਰੀ ਨਾਲ ਵਿਦਿਆਰਥੀਆਂ, ਨੌਜਵਾਨਾਂ ਅਤੇ ਸਨਅਤੀ ਕਾਮਿਆਂ ਵਿਚਕਾਰ ਕੰਮ ਕਰਦੇ ਇਨਕਲਾਬੀ ਜਮਹੂਰੀ ਕਾਰਕੁਨਾਂ ਨੂੰ ਪੁਲਿਸ ਤਸ਼ੱਦਦ ਹੋਠ ਲਿਆਉਣ ਦੀ ਮੰਗ ਕਰਨੀ ਅਤਿ ਨਿੰਦਣਯੋਗ ਹਰਕਤ ਹੈ। ਬਣਦਾ ਤਾਂ ਇਹ ਸੀ ਕਿ ਪ੍ਰਤੀਬੱਧ ਨਾਲ ਜੁੜੇ ਆਗੂਆਂ ਅਤੇ ਜ਼ਿੰਮੇਵਾਰ ਕਾਰਕੁਨਾਂ ਨਾਲ ਭਰਾਤਰੀ ਗੱਲਬਾਤ ਚਲਾਈ ਜਾਂਦੀ, ਪਰ ਹੋਛੇ ਅਤੇ ਕਾਹਲੇ ਵਿਰੋਧੀਆਂ ਨੇ ਭਰਾਤਰੀ ਸੰਵਾਦ ਦੀਆਂ ਸਾਰੀਆਂ ਸੰਭਾਵਨਾਵਾਂ ਉਪਰ ਪਹਿਰਾ ਦੇਣ ਦੀ ਬਜਾਏ ਪੁਲਿਸ ਤਸ਼ੱਦਦ ਕਰਵਾਉਣ ਦਾ ਬੁਰਜੂਆ-ਜਗੀਰੂ ਰਾਹ ਚੁਣਨ ਨੂੰ ਤਰਜੀਹ ਦਿੱਤੀ।
ਪੰਜਾਬ ਦੀ ਜਮਹੂਰੀ ਲਹਿਰ ਦੇ ਇਤਿਹਾਸ ਵਿਚ ਇਸ ਤੋਂ ਵੱਧ ਘਿਨਾਉਣੀ ਰਵਾਇਤ ਦੀ ਸ਼ੁਰੂਆਤ ਕਰਨ ਲਈ ਇਨ੍ਹਾਂ ਲੋਕਾਂ ਨੂੰ ਕੀ ਕਿਹਾ ਜਾਵੇ ਇਨਕਲਾਬੀ ਜਾਂ ਪੁਲਿਸ ਦੇ ਟਾਊਟ?
ਰਹੀ ਗੱਲ ਜਮਹੂਰੀ ਅਧਿਕਾਰ ਸਭਾ ਦੀ। ਇਸ ਵੱਲੋਂ ਇਸ ਮੁੱਦੇ ਉੱਤੇ ਦਿਖਾਈ ਜਾ ਰਹੀ ਇਕਪਾਸੜ ਰਾਜਨੀਤੀ (ਜੋ ਕਿ ਸਭਾ ਦਾ ਕਦੇ ਵੀ ਅਧਿਕਾਰ ਖੇਤਰ ਨਹੀਂ ਰਿਹਾ) ਮੇਰੀ ਸਮਝ ਤੋਂ ਤਾਂ ਬਾਹਰ ਹੈ, ਮੈਂ ਜਮਹੂਰੀ ਹੱਕਾਂ ਦੀ ਜਥੇਬੰਦੀ ਨਾਲ ਬਿਤਾਏ ਆਪਣੇ 45 ਸਾਲਾਂ ਦੇ ਸਰਗਰਮ ਜੀਵਨ ਵਿਚ ਅਜਿਹੀ ਅਣਹੋਣੀ ਪਹਿਲੀ ਵਾਰ ਦੇਖ ਰਿਹਾ ਹਾਂ। ਉਮੀਦ ਹੈ ਕਿ ਪ੍ਰੋ. ਜਗਮੋਹਨ ਸਿੰਘ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਆਪਣੀ ਭੂਮਿਕਾ ਨਿਭਾਉਣਗੇ।
-ਕਰਮ ਬਰਸਟ
ਫੋਨ: 94170-73832
ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਸਾਨੂੰ ਪਤਾ ਹੋਣਾ ਚਾਹੀਦਾ ਦਾ ਹੈ ਕਿ ਜਮਹੂਰੀ ਅਧਿਕਾਰ ਸਭਾ ਦੀ ਵੱਖ-ਵੱਖ ਪੱਧਰ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ; ਕਿਸੇ ਨਾ ਕਿਸੇ ਰੂਪ ‘ਚ, ਕਿਸੇ ਨਾ ਕਿਸੇ ਕਮਿਊਨਿਸਟ ਇਨਕਲਾਬੀ ਗਰੁੱਪ ਨਾਲ ਜਾਂ ਤਾਂ ਸਬੰਧਤ ਰਹਿ ਚੁੱਕਾ ਹੈ, ਜਾਂ ਫਿਰ ਹੁਣ ਵੀ ਹਮਦਰਦੀ ਰੱਖਦਾ ਹੈ। ਦਿਲਜੋਤ ਸ਼ਰਮਾ ਦੇ ਕੇਸ `ਚ ਜਮਹੂਰੀ ਅਧਿਕਾਰ ਸਭਾ ਦਾ ਨਾਂਹ-ਪੱਖੀ ਦਖ਼ਲ, ਵੱਖ-ਵੱਖ ਇਨਕਲਾਬੀ ਗਰੁੱਪਾਂ ‘ਚ ਆਏ ਸਿਆਸੀ ਨਿਘਾਰ ਦਾ ਹੀ ਪਰਛਾਵਾਂ ਹੈ। ਪ੍ਰੋਫੈਸਰ ਜਗਮੋਹਨ ਸਿੰਘ ਸਾਡੇ ਸਭ ਦੇ ਸਤਿਕਾਰਯੋਗ ਹਨ। ਪਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦਿਲਜੋਤ ਸ਼ਰਮਾ ਦੀ ਮੌਤ ਸਬੰਧੀ ਜਾਂਚ ਦੀ ਮੰਗ ਕਰਨ ਵਾਲਾ ਬਿਆਨ, ਸਭ ਤੋਂ ਪਹਿਲਾਂ ਜਗਮੋਹਨ ਸਿੰਘ ਨੇ ਹੀ ਦਿੱਤਾ ਸੀ।
-ਪਰਮਜੀਤ ਰੋਡੇ
ਫੋਨ: 737-274-2370

ਜਮਹੂਰੀ ਅਧਿਕਾਰ ਸਭਾ ਨੂੰ ਆਰ ਕੌਰ ਦੀ ਖੁਲ੍ਹੀ ਚਿੱਠੀ
ਵੱਲ,
ਪ੍ਰਿਤਪਾਲ ਸਿੰਘ, ਜਨਰਲ ਸਕੱਤਰ,
ਜਮਹੂਰੀ ਅਧਿਕਾਰ ਸਭਾ।
ਸਾਥੀ ਜੀ,
ਤੁਹਾਡੇ ਵੱਲੋਂ ਮੈਨੂੰ ਹੇਠਲਾ ਸੁਨੇਹਾ ਪ੍ਰਾਪਤ ਹੋਇਆ ਹੈ –
‘ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਲੋਂ ਸਾਡੇ ਤੱਕ ਪਹੁੰਚ ਕੀਤੀ ਗਈ ਸੀ। ਇਸ ਲਈ ਸੂਬਾ ਸਕੱਤਰੇਤ ਨੇ ਤੱਥ ਇਕੱਠੇ ਕਰਨ ਲਈ ਸਕੱਤਰੇਤ ਮੈਂਬਰਾਂ ਦੀ ਜ਼ੁੰਮੇਵਾਰੀ ਲਾਈ ਹੈ। 2. ਅਸੀਂ ਉਨ੍ਹਾਂ ਨੂੰ ਮਿਲਣਾ ਹੈ ਜੋ ਆਖਰੀ ਸਮੇਂ ਦਿਲਜੋਤ ਦੇ ਕੋਲ ਸਨ ਅਤੇ ਉਸ ਨੂੰ ਸੰਭਾਲਣ ਤੇ ਡਾਕਟਰੀ ਸਹਾਇਤਾ ਲਈ ਜਿਨ੍ਹਾਂ ਨੇ ਭੂਮਿਕਾ ਨਿਭਾਈ ਸੀ, ਤਾਂ ਕਿ ਇਸ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਸਕੇ। 3. ਅਸੀਂ ਉਹ ਕਮਰਾ ਜਾਂ ਦਫ਼ਤਰ ਵੀ ਵੇਖਣਾ ਚਾਹੁੰਦੇ ਹਾਂ ਜਿਥੇ ਦਿਲਜੋਤ ਨੇ ਆਖਰੀ ਪਲ ਬਿਤਾਏ। ਸਮੇਂ ਤੇ ਸਥਾਨ ਬਾਰੇ ਜਾਣਕਾਰੀ ਤੁਸੀਂ ਪ੍ਰਿਤਪਾਲ ਨੂੰ ਉਸਦੀ ਮੇਲ ਜਾਂ ਫੋਨ 9876060280 ਰਾਹੀਂ ਭੇਜ ਸਕਦੇ ਹੋ। ਹੁੰਗਾਰੇ ਦੀ ਆਸ ਨਾਲ, ਪ੍ਰਿਤਪਾਲ ਸਿੰਘ, ਜਨਰਲ ਸਕੱਤਰ, 21 ਮਾਰਚ 2026।’
ਸਾਥੀ ਜੀ, ਤੁਹਾਡਾ ਸੁਨੇਹਾ ਪੜ੍ਹ ਕੇ ਮੈਨੂੰ ਬਹੁਤ ਹੀ ਦੁੱਖ ਅਤੇ ਅਫਸੋਸ ਹੋਇਆ ਕਿ ਇਹ ਸੁਨੇਹਾ ਮਿਲਣ ਵਾਸਤੇ ਨਹੀਂ, ਸਗੋਂ ਮਿਲਣ ਦੀ ਗੁੰਜਾਇਸ਼ ਖਤਮ ਕਰਨ ਵਾਸਤੇ ਭੇਜਿਆ ਪ੍ਰਤੀਤ ਹੁੰਦਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਸੁਨੇਹੇ ਦੇ ਪਿਛੋਕੜ ‘ਚ ਸਾਡੀ ਫੋਨ ‘ਤੇ ਹੋਈ ਆਪਸੀ ਗੱਲ ਨੂੰ, ਤੁਸੀਂ ਇਸ ਸੁਨੇਹੇ ‘ਚ ਛੁਪਾ ਗਏ ਹੋ। ਮੈਂ ਤੁਹਾਨੂੰ ਨਿਰਪੱਖ ਜਾਂਚ ਲਈ ਭਰੋਸੇਯੋਗਤਾ ਕਾਇਮ ਕਰਨ ਲਈ, ਤੁਹਾਡੇ ਵੱਲੋਂ ਜਾਂਚ ਕਮੇਟੀ ਮੈਂਬਰਾਂ, ਜਾਂਚ ਦੇ ਢੰਗ-ਤਰੀਕੇ, ਸਵਾਲਾਂ ਆਦਿ ਬਾਰੇ ਲਿਖਤੀ ਭੇਜਣ ਅਤੇ ਮੇਰੇ ਸਭ ਜਵਾਬ ਲਿਖਤੀ ਲੈਣ ਦੀ ਮੰਗ ਕੀਤੀ ਸੀ। ਤੁਸੀਂ ਮੇਰੀ ਇਸ ਮੰਗ ਦਾ ਇਸ ਸੁਨੇਹੇ ‘ਚ ਕੋਈ ਜ਼ਿਕਰ ਤੱਕ ਨਹੀਂ ਕੀਤਾ। ਇਸ ਤੋਂ ਬਿਨਾਂ ਜਾਂਚ ਕਮੇਟੀ ਦੇ ਦੋ ਵਿਅਕਤੀਆਂ `ਤੇ ਇਤਰਾਜ਼ ਕੀਤਾ ਸੀ ਕਿ ਇਹ ਇਨਕਲਾਬੀ-ਜਮਹੂਰੀ ਲੋਕ ਪੱਖੀ ਜੱਥੇਬੰਦੀਆਂ, ਆਗੂਆਂ, ਕਾਰਕੁਨਾਂ ਖ਼ਿਲਾਫ ਭੰਡੀ ਪ੍ਰਚਾਰ ‘ਚ ਸ਼ਾਮਲ ਰਹੇ ਹਨ ਅਤੇ ਅਜਿਹੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹੇ ਹਨ, ਜਿਸ ਕਾਰਨ ਮੇਰਾ ਇਨ੍ਹਾਂ ਦੀ ਨਿਰਪੱਖਤਾ ‘ਤੇ ਵਿਸ਼ਵਾਸ ਨਹੀਂ। ਤੁਸੀਂ ਇਸ ਇਤਰਾਜ਼ ਨੂੰ ਵੀ ਅਣਦੇਖਾ ਕਰ ਦਿੱਤਾ ਹੈ।
ਤੁਹਾਡੇ ਇਸ ਵਿਹਾਰ ਤੋਂ ਮੈਨੂੰ ਇਹ ਸਪੱਸ਼ਟ ਹੈ ਕਿ ਤੁਹਾਡਾ ਮਕਸਦ ਨਿਰਪੱਖ ਜਾਂਚ ਕਰਨ ਦਾ ਨਹੀਂ ਹੈ। ਇਸ ਲਈ ਤੁਸੀਂ ਇਸ ਸੁਨੇਹੇ ਨੂੰ ਆਪਣੀ ਪਹਿਲਾਂ ਹੀ ਤੈਅਸ਼ੁਦਾ ਰਿਪੋਰਟ ਵਿਚ ਇਸਤੇਮਾਲ ਕਰਨ ਦੇ ਮਕਸਦ ਨਾਲ਼ ਪਰਦਾਪੋਸ਼ੀ ਲਈ ਭੇਜਿਆ ਹੈ।
ਇਸ ਲਈ, ਮੈਂ ਤੁਹਾਡੇ ਸੁਨੇਹੇ ਦਾ ਜਵਾਬ ਜਨਤਕ ਤੌਰ ਉੱਤੇ ਦੇਣ ਲਈ ਮਜਬੂਰ ਹੋ ਰਹੀ ਹਾਂ ਤਾਂ ਕਿ ਕਿਸੇ ਵੀ ਸੁਹਿਰਦ ਵਿਅਕਤੀ ਨੂੰ ਇਹ ਸਪੱਸ਼ਟ ਹੋ ਸਕੇ ਕਿ ਸਾਡੀ ਸਾਥੀ ਦਿਲਜੋਤ ਦੀ ਦੁੱਖਦਾਈ ਮੌਤ ਦੇ ਕਾਰਨਾਂ ਨੂੰ ਕੌਣ ਲੋਕ ਕਚਹਿਰੀ ‘ਚ ਪਾਰਦਰਸ਼ੀ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦਾ ਹੈ ਅਤੇ ਕੌਣ ਨਹੀਂ! ਤੁਹਾਡੀ ਪਾਰਦਰਸ਼ਤਾ ਦਾ ਆਲਮ ਤਾਂ ਇਹ ਹੈ ਕਿ ਤੁਸੀਂ ਆਪਣੇ ਸੁਨੇਹੇ ਦੀ ਸ਼ੁਰੂਆਤ ਹੀ ਗਲਤ ਜਾਣਕਾਰੀ ਦੇ ਕੇ ਮੈਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੀਤੀ ਹੈ। ਤੁਸੀਂ ਕਿਹਾ ਹੈ ਕਿ ਸੂਬਾ ਕਮੇਟੀ ਜਾਂਚ ਕਰ ਰਹੀ ਹੈ। ਅਸਲ ਵਿਚ ਤੁਹਾਡੀ ਸੂਬਾ ਕਮੇਟੀ ਦੀ ਕੋਈ ਮੀਟਿੰਗ ਹੋਈ ਹੀ ਨਹੀਂ ਜਿਸ ਵਿਚ ਇਸ ਮਾਮਲੇ ਸਬੰਧੀ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ ਹੋਵੇ। ਇਹ ਤੁਹਾਡੀ ਜਥੇਬੰਦੀ ਦਾ ਅੰਦਰੂਨੀ ਮਸਲਾ ਹੈ ਕਿ ਕਿਸਨੇ ਕੀ ਫੈਸਲਾ ਕਰਨਾ ਹੈ। ਪਰ ਜਮਹੂਰੀ ਅਸੂਲਾਂ ਦਾ ਤਕਾਜ਼ਾ ਹੈ ਕਿ ਤੁਸੀਂ ਮੈਨੂੰ ਸਹੀ-ਸਹੀ ਪੂਰੀ ਜਾਣਕਾਰੀ ਤਾਂ ਦਿਓ ਕਿ ਕਿਸਦਾ ਕੀ ਫੈਸਲਾ ਹੈ?
1). ਸਾਥੀ ਦਿਲਜੋਤ ਮੇਰੀ ਰੂਮਮੇਟ ਸੀ। ਉਸਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ‘ਮੈਂ ਆਪਣੇ ਆਪ ਤੋਂ ਤੰਗ ਸੀ ਮੈਂਟਲੀ ਵੀ ਫਿਜ਼ੀਕਲੀ ਵੀ। ਬਿਮਾਰ ਰਹਿੰਦੀ ਸੀ। ਮੇਰੇ ਘਰ ਦੇ ਵੀ ਮੈਨੂੰ ਤੰਗ ਕਰਦੇ ਸੀ ਜਿਸ ਲਈ ਮੈਂ ਇਹ ਸਭ ਕੀਤਾ। ਇੱਥੇ ਕਿਸੇ ਨੂੰ ਵੀ ਤੰਗ ਨਾ ਕੀਤਾ ਜਾਵੇ। ਸਾਰੇ ਮੇਰਾ ਬਹੁਤ ਧਿਆਨ ਰੱਖਦੇ ਸੀ। ਪਰ ਮੈਂ ਖੁਦ ਹੀ ਜਿਉਣਾ ਨਹੀਂ ਚਾਹੁੰਦੀ ਸੀ। ਜੇ ਮੇਰੇ ਘਰ ਦੇ ਕੋਈ ਇਲਜ਼ਾਮ ਲਾਉਣ ਤਾਂ..’ ਆਖਰੀ ਵਾਕ ਉਸ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ। ਉਹ ਘਰੇ ਰਹਿੰਦੇ ਹੋਏ ਸਾਲ 2019 ਤੋਂ ਹੀ ਪੈਂਕ੍ਰਿਆਟਾਇਟਿਸ ਨਾਲ਼ ਪੀੜਤ ਸੀ। ਉਸਦਾ ਕ੍ਰੋਨਿਕ ਪੈਂਕ੍ਰਿਆਟਾਇਟਿਸ ਦਾ ਇਲਾਜ ਚੱਲ ਰਿਹਾ ਸੀ। ਉਸਦੀ ਇਸ ਬਿਮਾਰੀ, ਘਰਦਿਆਂ ਨਾਲ ਉਸਦੇ ਕੜਵਾਹਟ ਭਰੇ ਰਿਸ਼ਤੇ, ਉਸਦੇ ਵਿਅਕਤੀਤਵ ਤੇ ਸੁਭਾਅ ਬਾਰੇ ਮੈਂ ਵੱਖ-ਵੱਖ ਜਥੇਬੰਦੀਆਂ, ਉਨ੍ਹਾਂ ਦੇ ਨੁਮਾਇੰਦਿਆਂ, ਕਾਰਕੁਨਾਂ, ਪੱਤਰਕਾਰਾਂ ਸਾਹਮਣੇ ਤੱਥ ਪੇਸ਼ ਕੀਤੇ ਹਨ। ਪੁਲਿਸ ਜਾਂਚ ਵਿਚ ਵੀ ਮੈਂ ਹਮੇਸ਼ਾਂ ਸਹਿਯੋਗ ਕੀਤਾ ਹੈ। ਸਾਥੀ ਦਿਲਜੋਤ ਦੇ ਪਰਿਵਾਰਕ ਮੈਂਬਰਾਂ, ਪੰਚਾਇਤ ਮੈਂਬਰਾਂ ਆਦਿ ਨਾਲ਼ ਵੀ ਮੈਂ ਸ਼ੁਰੂ ਤੋਂ ਹੀ ਖੁੱਲ੍ਹ ਕੇ ਗੱਲ ਕੀਤੀ ਹੈ, ਸਾਰੇ ਤੱਥ ਪੇਸ਼ ਕੀਤੇ ਹਨ। ਇਸ ਲਈ ਕਿਸੇ ਵੀ ਨਿਰਪੱਖ-ਸੁਹਿਰਦ ਟੀਮ ਨੂੰ ਲੋੜੀਂਦੀ ਜਾਣਕਾਰੀ ਦੇਣ ਵਿਚ ਮੈਂ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਰਹੀ ਹਾਂ, ਤਿਆਰ ਹਾਂ। ਮੈਂ ਤੇ ਦਿਲਜੋਤ ਜਿੱਥੇ ਰਹਿੰਦੇ ਸਾਂ, ਉਸ ਜਗ੍ਹਾ ਉੱਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਕਾਰਕੁਨ, ਪੱਤਰਕਾਰ, ਪਰਿਵਾਰਕ ਤੇ ਪੰਚਾਇਤ ਮੈਂਬਰ, ਪੁਲਿਸ ਆ ਕੇ ਗਏ ਹਨ। ਇਹ ਥਾਂ ਵਿਖਾਉਣ ਤੋਂ ਮੈਨੂੰ ਕਿਸੇ ਪ੍ਰਕਾਰ ਦਾ ਗੁਰੇਜ਼ ਨਾ ਪਹਿਲਾਂ ਰਿਹਾ ਹੈ ਅਤੇ ਨਾ ਹੁਣ ਹੈ।
2) ਸਾਥੀ ਦਿਲਜੋਤ ਦੀ ਮੌਤ 5 ਜਨਵਰੀ ਨੂੰ ਹੋਈ। ਪ੍ਰੈਸ (ਦੁਨੀਆਂ ਚੈਨਲ) ‘ਚ ਆਈ ਜਾਣਕਾਰੀ ਅਨੁਸਾਰ 10 ਜਨਵਰੀ ਨੂੰ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਸੁਖਦਰਸ਼ਨ ਨੱਤ, ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਰਣਵੀਰ ਸਿੰਘ ਕੁਰੜ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਆਰ.ਐਮ.ਪੀ.ਆਈ ਵਲੋਂ ਪ੍ਰੋ. ਜੈਪਾਲ ਸਿੰਘ, ਸੁਰਿੰਦਰ ਜੈਪਾਲ, ਆਈ.ਡੀ.ਪੀ. ਦਾ ਸੂਬਾ ਪ੍ਰਧਾਨ ਕਰਨੈਲ ਸਿੰਘ ਜਖੇਪਲ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰਿੰਦਰ ਸਿੰਘ, ਸੀ.ਪੀ.ਆਈ. ਵਲੋਂ ਮਨਿੰਦਰ ਸਿੰਘ ਭਾਟੀਆ ਆਦਿ ਅਧਾਰਤ ਵਫਦ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ‘ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੀ ਜਥੇਬੰਦੀ ਲਲਕਾਰ ਦੇ ਆਗੂਆਂ ਤੋਂ ਸਖ਼ਤੀ ਨਾਲ ਪੁੱਛਗਿਛ ਹੋਣੀ ਚਾਹੀਦੀ ਹੈ।’ ‘ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ ਪਰਚਾ ਦਰਜ ਨਹੀਂ ਕੀਤਾ ਤਾਂ ਦਿਲਜੋਤ ਦੇ ਭੋਗ ਉੱਪਰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।’ ‘ਕਿ ਪਹਿਲਾਂ ਵੀ ਨਵਕਰਨ ਨਾਂ ਦੇ ਲੜਕੇ ਵੱਲੋਂ ਇਸ ਸੰਗਠਨ ਅੰਦਰ ਹੀ ਖੁਦਕੁਸ਼ੀ ਕੀਤੀ ਗਈ ਸੀ। ਉਸ ਤੋਂ ਬਾਅਦ ਕਲਪਨਾ ਨਾਮ ਦੀ ਲੜਕੀ ਦਾ ਮਾਮਲਾ ਆਇਆ ਉਹ ਵੀ ਇਸੇ ਸੰਗਠਨ ਨਾਲ ਸੰਬੰਧਿਤ ਸੀ। ਇਸ ਕਰਕੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲਗਾਤਾਰਤਾ ਵਿਚ ਦੇਖਣ ਦੀ ਜ਼ਰੂਰਤ ਹੈ। ਇਹ ਸੰਗਠਨ ਆਪਣੇ ਅੰਦਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਅਸਫਲ ਸਾਬਿਤ ਹੋਇਆ ਹੈ। ਜਿਸ ਕਰਕੇ ਪੂਰੀ ਇਨਕਲਾਬੀ ਲਹਿਰ ਦੀ ਬਦਨਾਮੀ ਹੁੰਦੀ ਹੈ।’
ਐਕਸ਼ਨ ਕਮੇਟੀ ਦੀਆਂ ਜਥੇਬੰਦੀਆਂ, ਮੇਰੀ ਅਤੇ ਸਾਥੀ ਦਿਲਜੋਤ ਦੀ ਜਥੇਬੰਦੀ ਨੌਜਵਾਨ ਭਾਰਤ ਸਭਾ ਦੀਆਂ ਭਰਾਤਰੀ ਜਥੇਬੰਦੀਆਂ ਹਨ। ਪਰ ਇਨ੍ਹਾਂ ‘ਚੋਂ ਕਿਸੇ ਨੇ ਵੀ ਇਸ ਵਫਦ ਤੋਂ ਪਹਿਲਾਂ ਸਾਡੇ ਤੋਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਹਾਸਲ ਕਰਨ ਦਾ ਕੋਈ ਯਤਨ ਨਹੀਂ ਕੀਤਾ। ਦਿਲਜੋਤ ਦਾ ਜਨਤਕ ਜੀਵਨ ਸੀ। ਪਰ ਅਖੌਤੀ ਐਕਸ਼ਨ ਕਮੇਟੀ ਨੇ ਸਾਡੇ ਤੋਂ ਅੱਜ ਤੱਕ ਇਸ ਘਟਨਾ ਸਬੰਧੀ ਕੋਈ ਪੱਖ ਨਹੀਂ ਲਿਆ। ਬਿਨਾਂ ਕਿਸੇ ਜਾਂਚ-ਪੜਤਾਲ ਤੋਂ, ਬਿਨਾਂ ਕੋਈ ਪੱਖ ਲਿਆਂ ‘ਲਲਕਾਰ ਜੱਥੇਬੰਦੀ’ ਦੇ ਆਗੂਆਂ ਤੋਂ ਸਖਤੀ ਨਾਲ ਪੁੱਛਗਿੱਛ ਦੀ ਮੰਗ ਕੀਤੀ। ਸਾਫ ਸਪੱਸ਼ਟ ਤੌਰ ‘ਤੇ ਇਨ੍ਹਾਂ ਆਗੂਆਂ ਨੇ ਸਾਥੀ ਦਿਲਜੋਤ ਦੇ ਕੇਸ ਦੇ ਬਹਾਨੇ ਮੈਨੂੰ, ਮੇਰੀ ਜੱਥੇਬੰਦੀ ਨੌਭਾਸ ਅਤੇ ਹੋਰ ਲੋਕ ਪੱਖੀ ਜੱਥੇਬੰਦੀਆਂ-ਆਗੂਆਂ-ਕਾਰਕੁਨਾਂ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਏ ਜਾਣ ਦੀ ਮੰਗ ਕੀਤੀ। ਐਕਸ਼ਨ ਕਮੇਟੀ ਆਗੂਆਂ ਨੇ ਮਨਘੜਤ ਸਿੱਟਾ ਕੱਢ ਮਾਰਿਆ। ਇਨ੍ਹਾਂ ਆਗੂਆਂ ਨੇ ਇਸੇ ਬਿਆਨ ‘ਚ ਸਾਥੀ ਦਿਲਜੋਤ ਦੇ ਪਰਿਵਾਰਕ ਭੋਗ ਸਮਾਗਮ ‘ਤੇ ‘ਅਗਲੇ ਸੰਘਰਸ਼ ਦਾ ਐਲਾਨ ਕਰਨ’ ਦਾ ਸੱਦਾ ਦੇ ਕੇ ਭੋਗ ਨੂੰ ਇਸ ਅਖੌਤੀ ਸੰਘਰਸ਼ ਦੀ ਸਟੇਜ ‘ਚ ਬਦਲ ਦਿੱਤਾ। ਐਕਸ਼ਨ ਕਮੇਟੀ ਆਗੂਆਂ ਦੇ ਇਸ ਗੈਰ-ਜਮਹੂਰੀ, ਅਨਿਆਂਈ ਅਤੇ ਭੜਕਾਊ ਵਤੀਰੇ ਨੇ ਬਿਨਾਂ ਕਿਸੇ ਪੜਤਾਲ ਦੇ ਦਿਲਜੋਤ ਦੇ ਸਾਥੀਆਂ ਨੂੰ ਹੀ ਦੋਸ਼ੀਆਂ ਦੇ ਕਟਹਿਰੇ ‘ਚ ਖੜ੍ਹਾ ਕਰ ਦਿੱਤਾ।
ਇਸ ਹਾਲਤ ‘ਚ ਅਸੀਂ ਸਾਥੀ ਦਿਲਜੋਤ ਦੀ ਇਨਕਲਾਬੀ ਲਹਿਰ ਵਿਚ ਨਿਭਾਈ ਭੂਮਿਕਾ ਨੂੰ ਯਾਦ ਕਰਨ ਲਈ, ਉਸ ਦੀ ਯਾਦ ਵਿਚ 17 ਜਨਵਰੀ 2026 ਨੂੰ ਲੁਧਿਆਣਾ ਵਿਖੇ ਸ਼ੋਕ ਸਭਾ ਕੀਤੀ। ਤੁਹਾਡੇ ਰਾਹੀਂ ਜਮਹੂਰੀ ਅਧਿਕਾਰ ਸਭਾ ਨੂੰ ਇਸ ਸ਼ੋਕ ਸਭਾ ‘ਚ ਸ਼ਮੂਲੀਅਤ ਕਰਨ ਦਾ ਸੱਦਾ ਭੇਜਿਆ ਗਿਆ ਪਰ ਤੁਹਾਡੀ ਜੱਥੇਬੰਦੀ ਸ਼ੋਕ ਸਭਾ ਵਿਚ ਸ਼ਾਮਲ ਨਾ ਹੋਈ।
ਪਰ ਤੁਹਾਡੀ ਜਥੇਬੰਦੀ ਨੇ 18 ਜਨਵਰੀ ਨੂੰ ਰੱਲਾ ਵਿਖੇ ਭੋਗ ਸਮਾਗਮ ਮੌਕੇ ਐਕਸ਼ਨ ਕਮੇਟੀ ਜਥੇਬੰਦੀਆਂ ਵਲੋਂ ਇਨਕਲਾਬੀ ਜਮਹੂਰੀ ਜੱਥੇਬੰਦੀਆਂ-ਆਗੂਆਂ-ਕਾਰਕੁਨਾਂ ਖ਼ਿਲਾਫ ਪੁਲੀਸ ਕਾਰਵਾਈ ਦੀ ਮੰਗ ਵਾਸਤੇ ਚਲਾਈ ਸਟੇਜ ‘ਤੇ ਲਿਖਤੀ ਮਤਾ ਭੇਜਿਆ ਜਿਸ ਵਿਚ ਤੁਸੀਂ ਮੰਗ ਕੀਤੀ ‘ਸਬੰਧਤ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਮਾਜਿਕ ਕਟਹਿਰੇ ਵਿਚ ਖੜ੍ਹੇ ਕਰਨ ਦੀ ਲੋੜ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ’। ਤੁਸੀਂ ਐਲਾਨੀਆ ਤੌਰ ਉੱਤੇ, ਬੇਬੁਨਿਆਦ, ਝੂਠੇ ਦੋਸ਼ ਲਾ ਰਹੀ ਧਿਰ ਦੇ ਨਾਲ਼ ਖੜ੍ਹੇ ਹੋ ਗਏ। ਭੋਗ ਸਮਾਗਮ ‘ਤੇ ਐਕਸ਼ਨ ਕਮੇਟੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜਮਹੂਰੀ ਅਧਿਕਾਰ ਸਭਾ ਨੂੰ ਕਿਹਾ ਜਾਵੇਗਾ ਕਿ ਤੁਸੀਂ ਵੀ ਇਸ ਮਾਮਲੇ ਦੀ ਆਪਣੇ ਪੱਧਰ ਉੱਪਰ ਪੜਤਾਲ ਕਰਕੇ ਨਿਰਪੱਖ ਜਾਂਚ ਕਰੋ।
ਇਸ ਸਾਰੇ ਘਟਨਾਕ੍ਰਮ ਤੋਂ ਜ਼ਾਹਰ ਹੈ ਕਿ ਇਸ ਐਕਸ਼ਨ ਕਮੇਟੀ ‘ਚ ਸ਼ਾਮਲ ਸਾਰੀਆਂ ਜਥੇਬੰਦੀਆਂ ਅਤੇ ਧਿਰਾਂ ਵਲੋਂ ਸਾਥੀ ਦਿਲਜੋਤ ਦੀ ਮੌਤ ਪਿਛਲੇ ਕਾਰਨਾਂ ਨੂੰ ਜਾਨਣ ਲਈ ਸਰੋਕਾਰ ਨਹੀਂ ਦਿਖਾਇਆ ਗਿਆ। ਜਮਹੂਰੀ ਅਧਿਕਾਰ ਸਭਾ ਨੇ ਵੀ ਇਨ੍ਹਾਂ ਜਥੇਬੰਦੀਆਂ ਨਾਲ ਕਦਮਤਾਲ ਮਿਲਾਉਂਦਿਆਂ ਭੋਗ ਸਮਾਗਮ ‘ਤੇ ਆਪਣੀ ਪੁਜ਼ੀਸ਼ਨ ਲਈ ਹੈ। ਪਰਿਵਾਰਕ ਭੋਗ ਸਮਾਗਮ ਤੋਂ ਬਾਅਦ, 10 ਜਨਵਰੀ ਦੇ ਵਫਦ ਦਾ ਹਿੱਸਾ ਰਹੀ ਇੱਕ ਜਥੇਬੰਦੀ ਇਨਕਲਾਬੀ ਕੇਂਦਰ ਪੰਜਾਬ ਨੇ ਖੁਦ ਨੂੰ ਐਕਸ਼ਨ ਕਮੇਟੀ ਤੋਂ ਵੱਖ ਕਰ ਲਿਆ। ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਦਾ 10 ਜਨਵਰੀ ਵਾਲ਼ਾ ਬਿਆਨ ਹੋਈ ਆਮ ਸਹਿਮਤੀ ਉੱਤੇ ਅਧਾਰਤ ਨਹੀਂ ਸੀ। ਸੀ.ਪੀ.ਆਈ. ਲੁਧਿਆਣਾ ਵੀ ਐਕਸ਼ਨ ਕਮੇਟੀ ਦੀਆਂ ਸਰਗਰਮੀਆਂ ਤੋਂ ਵੱਖ ਹੋ ਗਈ।
ਨੌਜਵਾਨ ਭਾਰਤ ਸਭਾ, ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਿਖਤੀ ਮੰਗ ਪੱਤਰ ਦੇ ਕੇ ਪੁਲਿਸ ਤੋਂ ਨਿਰਪੱਖ ਅਤੇ ਤੇਜ਼ ਜਾਂਚ ਦੀ ਮੰਗ ਕੀਤੀ ਗਈ ਸੀ। ਪਰ ਐਕਸ਼ਨ ਕਮੇਟੀ ਵਾਲ਼ੀਆਂ ਜਥੇਬੰਦੀਆਂ ਨੇ ਬਿਨਾਂ ਕਿਸੇ ਪੜਤਾਲ ਤੋਂ, ਨਾਜਾਇਜ਼ ਦਬਾਅ ਬਣਾ ਕੇ ਜਗਦੀਸ਼ ਨਾਂ ਦੇ ਨੌਜਵਾਨ ਇਨਕਲਾਬੀ ਕਾਰਕੁਨ ਨੂੰ ਇਸ ਕੇਸ ਵਿਚ ਨਿਹੱਕਾ ਫਸਾ ਧਰਿਆ ਹੈ। ਨਿਰਪੱਖ ਤੌਰ ‘ਤੇ ਕੀਤੀ ਸਰਸਰੀ ਜਾਂਚ ਵੀ ਸਪੱਸ਼ਟ ਕਰ ਦਿੰਦੀ ਹੈ ਕਿ ਜਗਦੀਸ਼ ਦੀ ਦਿਲਜੋਤ ਵਲੋਂ ਕੀਤੀ ਖੁਦਕੁਸ਼ੀ ‘ਚ ਕੋਈ ਭੂਮਿਕਾ ਨਹੀਂ। ਸਾਥੀ ਦਿਲਜੋਤ ਦਾ ਖੁਦਕੁਸ਼ੀ ਨੋਟ, ਉਸਦੀ ਲਾਇਲਾਜ ਬਿਮਾਰੀ ਦੀ ਸਥਿਤੀ ਕਰਕੇ ਮਾਨਸਿਕ ਤੇ ਸਰੀਕਕ ਪ੍ਰੇਸ਼ਾਨੀ, ਸੰਵੇਦਨਸ਼ੀਲ ਮਨੋਅਵਸਥਾ, ਜੀਵਨ ‘ਚ ਆਪਣਾ ਰਸਤਾ ਚੁਣਨ ਅਤੇ ਪਰਿਵਾਰਕ ਤਣਾਅ ਦਾ ਪਿਛੋਕੜ, ਪਰਿਵਾਰ ਅੰਦਰ ਪਹਿਲਾਂ ਮੌਜੂਦ ਖੁਦਕੁਸ਼ੀ ਦਾ ਰੁਝਾਨ (ਸਾਥੀ ਦਿਲਜੋਤ ਦੇ ਨਾਨੇ, ਦਾਦੇ ਅਤੇ ਪਿਤਾ ਨੇ ਖੁਦਕੁਸ਼ੀ ਕੀਤੀ ਸੀ), ਘਰਦਿਆਂ ਦਾ ਉਸਨੂੰ ਮਿਲਣ ਨਾ ਆਉਣਾ, ਸਭ ਪ੍ਰਤੱਖ ਅਤੇ ਸਪੱਸ਼ਟ ਤੱਥ ਹਨ। ਖੁਦਕੁਸ਼ੀ ਨੋਟ ਸਬੰਧੀ ਅਸੀਂ ਸਾਡੇ ਕੋਲ ਮੌਜੂਦ ਸਾਰੇ ਨਮੂਨੇ ਪੁਲੀਸ ਨੂੰ ਦਿੱਤੇ ਹਨ। ਸਾਥੀ ਦਿਲਜੋਤ ਵਕੀਲ ਸੀ ਅਤੇ ਉਨ੍ਹਾਂ ਦੀ ਤਾਜ਼ਾ ਲਿਖਾਈ ਪਬਲਿਕ ਰਿਕਾਰਡ ‘ਚ ਉਪਲੱਬਧ ਹੈ ਜਿਸ ਦੀਆਂ ਕਾਪੀਆਂ ਅਸੀਂ ਮੁਹੱਈਆ ਕਰਵਾਈਆਂ ਹਨ। ਉਸਦੀ ਪੰਜਾਬੀ ਲਿਖਾਈ, ਯੂਨੀਵਰਸਿਟੀ ‘ਚ ਮੌਜੂਦ ਉਸ ਦੇ ਰਿਕਾਰਡ ਤੋਂ ਮਿਲ ਸਕਦੀ ਹੈ। ਇਹ ਸਾਰੇ ਪੱਖ ਅਸੀਂ ਪੁਲੀਸ ਨੂੰ ਪੜਤਾਲ ਵਾਸਤੇ ਧਿਆਨ ‘ਚ ਲਿਆਂਦੇ ਹਨ। ਬਿਮਾਰੀ ਅਤੇ ਇਲਾਜ ਦਾ ਸਾਰਾ ਰਿਕਾਰਡ ਪੁਲਿਸ ਨੂੰ ਦਿੱਤਾ ਹੈ, ਜਨਤਕ ਕੀਤਾ ਹੈ। ਪਰ ਸਾਡੇ ਸਾਰੇ ਸੁਹਿਰਦ ਯਤਨਾਂ ਦੇ ਬਾਵਜੂਦ, ਸਾਥੀ ਦਿਲਜੋਤ ਦੇ ਨੇੜਲੇ ਅਤੇ ਉਸਦੀ ਲਗਾਤਾਰ ਸਾਂਭ-ਸੰਭਾਲ ਕਰਨ ਵਾਲੇ ਸਾਥੀ ਹੀ ਦੋਸ਼ੀ ਬਣਾ ਕੇ ਬਦਨਾਮ ਕੀਤੇ ਗਏ ਹਨ। ਮੇਰੀ ਤੇ ਹੋਰ ਜੱਥੇਬੰਦੀਆਂ ਦਾ ਸਾਥ ਛੱਡ ਚੁੱਕੇ ਸਾਜ਼ਿਸ਼ੀ ਟੋਲੇ ਨੂੰ ਐਕਸ਼ਨ ਕਮੇਟੀ ਨੇ ਨਾਲ਼ ਰੱਖਿਆ ਹੋਇਆ ਹੈ। ਇਸ ਟੋਲੇ ਵਲੋਂ ਪ੍ਰਤੀਬੱਧ ਮੈਗਜ਼ੀਨ ਅਤੇ ਕੁੱਝ ਜੱਥੇਬੰਦੀਆਂ ਨਾਲ਼ ਸਬੰਧਤ ਆਗੂਆਂ ਉੱਪਰ ਔਰਤਾਂ ਦਾ ਪਿੱਛਾ ਕਰਨ, ਅਸ਼ਲੀਲ ਮੈਸੇਜ ਭੇਜਣ ਵਰਗੇ ਹੋਛੇ ਅਤੇ ਬੇ-ਬੁਨਿਆਦ ਦੋਸ਼ ਲਾ ਕੇ ਝੂਠੇ ਪਰਚੇ ਕਰਵਾਏ ਗਏ ਹਨ। ਇਸ ਤਰ੍ਹਾਂ ਰਵਾਇਤੀ ਦੁਸ਼ਮਣੀਆਂ ਵਾਂਗ, ਕੋਈ ਵੀ ਹਰਬਾ ਵਰਤ ਕੇ ਝੂਠੇ ਪਰਚਿਆਂ ‘ਚ ਫਸਾਉਣ ਦਾ ਸਿਲਸਿਲਾ ਜਾਰੀ ਹੈ। ਲੋਕ ਪੱਖੀ ਆਗੂਆਂ-ਕਾਰਕੁਨਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਦੀ ਮੰਗ ਪਿੱਛੇ ਛੁਪੀ ਮਨਸ਼ਾ, ਅਸ਼ਲੀਲ ਮੈਸੇਜ ਭੇਜਣ ਅਤੇ ਪਿੱਛਾ ਕਰਨ ਦੇ ਦੂਸ਼ਣ ਮੜ੍ਹ ਕੇ ਝੂਠੇ ਪਰਚੇ ਦਰਜ ਕਰਾਉਣ ਦੇ ਹੋਛੇ ਹੱਥਕੰਡਿਆਂ ਤੱਕ ਜਾ ਨਿਘਰੀ ਹੈ। ਮੈਂ ਅਤੇ ਸਾਥੀ ਦਿਲਜੋਤ ਦੇ ਨਾਲ਼ ਵਿਚਰਦੇ ਰਹੇ ਸਾਰੇ ਇਨਕਲਾਬੀ ਸਾਥੀ, ਐਕਸ਼ਨ ਕਮੇਟੀ ਦੀਆਂ ਜੱਥੇਬੰਦੀਆਂ ਦਾ ਇਹ ਰੂਪ ਅਫਸੋਸ ਅਤੇ ਹੈਰਾਨੀ ਨਾਲ ਦੇਖ ਰਹੇ ਹਾਂ, ਪਰ ਸਾਡਾ, ਸਾਡੇ ਇਨਕਲਾਬੀ ਸਿਆਸੀ ਵਿਚਾਰਾਂ ਉੱਤੇ ਅਡੋਲ ਵਿਸ਼ਵਾਸ ਹੈ ਜਿਸਦੇ ਆਸਰੇ ਅਸੀਂ ਇਹ ਔਕੜਾਂ ਝੱਲ ਜਾਵਾਂਗੇ, ਪਰ ਸਾਡਾ ਇਹ ਕੌੜਾ ਤਜਰਬਾ ਗਵਾਹ ਹੈ ਕਿ ਸਾਥੀ ਦਿਲਜੋਤ ਦੀ ਮ੍ਰਿਤਕ ਦੇਹ ਦਾ ਅਪਮਾਨ ਕਰ ਰਹੇ ਵਿਅਕਤੀਆਂ ਦਾ ਨਾ ਤਾਂ ਸਾਥੀ ਦਿਲਜੋਤ ਨਾਲ਼ ਕੋਈ ਸਰੋਕਾਰ ਹੈ ਅਤੇ ਨਾ ਹੀ ਉਸਦੇ ਸਾਥੀ ਰਹੇ ਉਸ ਵਰਗੇ ਨੌਜਵਾਨਾਂ ਨਾਲ਼।
ਹੁਣ ਜਦੋਂ ਐਕਸ਼ਨ ਕਮੇਟੀ ਦੇ ਦਬਾਅ ਥੱਲੇ ਪੁਲਿਸ ਕਾਰਵਾਈ ਹੋ ਚੁੱਕੀ ਹੈ; ਬਿਨਾਂ ਸਾਡੇ ਪੱਖ ਲਿਆਂ ਸਾਡੇ ਖ਼ਿਲਾਫ ਪੂਰਾ ਭੰਡੀ ਪ੍ਰਚਾਰ ਚਲਾਇਆ ਜਾ ਚੁੱਕਾ ਹੈ; ਪੂਰੀ ਸੋਸ਼ਲ ਮੀਡੀਆ ਟ੍ਰਾਇਲ ਅਤੇ ਟ੍ਰੋਲਿੰਗ ਹੋ ਚੁੱਕੀ ਹੈ; ਸਾਡੀਆਂ ਭਰਾਤਰੀ ਜੱਥੇਬੰਦੀਆਂ ਖ਼ਿਲਾਫ ਜਨਤਕ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ; ਇਨਕਲਾਬੀ ਲਹਿਰ ਵਿਰੋਧੀ ਤਾਕਤਾਂ ਨੂੰ ਲਹਿਰ ਉੱਤੇ ਹਮਲੇ ਕਰਨ ਦਾ ਮੌਕਾ ਦੇ ਦਿੱਤਾ ਗਿਆ ਹੈ; ਯੂਨੀਵਰਸਿਟੀਆਂ-ਕਾਲਜਾਂ ‘ਚ ਸਰਗਰਮੀ ਕਰਦੇ ਪੀਐਸਯੂ (ਲਲਕਾਰ) ਦੇ ਆਗੂ ਵਿਦਿਆਰਥਣਾਂ-ਵਿਦਿਆਰਥੀਆਂ ਨੂੰ ਇਸ ਘਟਨਾ ਦੇ ਦੋਸ਼ੀ ਬਣਾ ਕੇ ਬਦਨਾਮ ਕਰਨ ਦੀਆਂ ਮੁਹਿੰਮਾਂ ਚਲਾਈਆਂ ਜਾ ਚੁੱਕੀਆਂ ਹਨ ਅਤੇ ਜਮਹੂਰੀ ਅਧਿਕਾਰ ਸਭਾ ਇਨ੍ਹਾਂ ਜਥੇਬੰਦੀਆਂ ਨਾਲ ਸਹਿਮਤੀ ਦਰਸਾਉਂਦੀ ਜਨਤਕ ਪੁਜ਼ੀਸ਼ਨ ਲੈ ਹੀ ਚੁੱਕੀ ਹੈ ਤਾਂ ਇਸ ਜਾਂਚ ਦਾ ਕੀ ਅਰਥ ਰਹਿ ਜਾਂਦਾ ਹੈ? ਜਾਂਚ ਦੇ ਨਾਂ ਥੱਲੇ ਤੁਹਾਡੇ ਵਲੋਂ ਕੀਤੀ ਜਾ ਰਹੀ ਕਸਰਤ ਵਿਚੋਂ ਪਹਿਲਾਂ ਹੀ ਬਿਨਾਂ ਪੜਤਾਲ, ਬਿਨਾਂ ਤੱਥੋਂ ਕੱਢੇ ਸਿੱਟਿਆਂ ਨੂੰ ਦੁਹਰਾਉਣ ਅਤੇ ਸਾਡੇ ਖ਼ਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਵਾਜਬ ਸਿੱਧ ਕਰਨ ਦੀ ਹੀ ਕੋਸ਼ਿਸ਼ ਝਲਕ ਰਹੀ ਹੈ। ਇਸ ਰੌਸ਼ਨੀ ‘ਚ ਤੁਹਾਡੇ ਵਲੋਂ ਮੇਰੇ ਨਾਲ਼ ਲਿਖਤੀ ਸਵਾਲ-ਜਵਾਬ ‘ਚ ਪੈਣ ਤੋਂ ਟਾਲਾ ਵੱਟਣਾ ਵੀ ਤੁਹਾਡੀ ਇਸੇ ਮਨਸ਼ਾ ਦੀ ਪੁਸ਼ਟੀ ਕਰਦਾ ਦਿਖ ਰਿਹਾ ਹੈ ਤਾਂ ਕਿ ਤੁਸੀਂ ਸਾਡੇ ਪੱਖ ਦੀ ਆਪਣੇ ਹਿਸਾਬ ਨਾਲ਼ ਪੇਸ਼ਕਾਰੀ ਕਰ ਸਕੋਂ।
3. ਤੁਸੀਂ ਆਪਣੇ ਸੁਨੇਹੇ ‘ਚ ਕਿਹਾ ਹੈ ਕਿ ਤੁਹਾਡੇ ਕੋਲ ਦਿਲਜੋਤ ਦੇ ਪਰਿਵਾਰ ਵੱਲੋਂ ਜਾਂਚ ਲਈ ਪਹੁੰਚ ਕੀਤੀ ਗਈ ਹੈ। ਸਾਥੀ ਦਿਲੋਜਤ ਦੇ ਪਰਿਵਾਰ ਵਲੋਂ ਪੁਲੀਸ ਅਤੇ ਮੀਡੀਆ ਵਿਚ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਇਹ ਬਿਆਨਬਾਜ਼ੀ ਲਗਾਤਾਰ ਬਦਲਦੀ ਰਹੀ ਹੈ। ਨਿਰਪੱਖ ਜਾਂਚ ਦੇ ਕਿਸੇ ਵੀ ਤਰੀਕਾਕਾਰ ਦਾ ਇਹ ਮੁੱਢਲਾ ਅਸੂਲ ਹੈ ਕਿ ਦੋਸ਼ ਲਗਾਉਣ ਵਾਲੀ ਧਿਰ ਦਾ ਸਾਰਾ ਪੱਖ ਤੁਸੀਂ ਮੈਨੂੰ ਅਤੇ ਸਾਡੇ ਹੋਰਨਾਂ ਸਬੰਧਿਤ ਸਾਥੀਆਂ ਨੂੰ ਪੇਸ਼ ਕਰੋਂ ਤਾਂ ਜੋ ਅਸੀਂ ਉਸ ਪੱਖ ‘ਤੇ ਤਰਤੀਬਵਾਰ ਆਪਣਾ ਪੱਖ ਤੁਹਾਡੇ ਨਾਲ ਸਾਂਝਾ ਕਰ ਸਕੀਏ। ਪਰ ਤੁਸੀਂ ਅਜਿਹਾ ਕਰਨ ਤੋਂ ਇਨਕਾਰੀ ਹੋਂ। ਇਸ ਤਰ੍ਹਾਂ ਸਾਨੂੰ ਹਨੇਰੇ ‘ਚ ਰੱਖ ਕੇ ਤੁਸੀਂ ਸਾਡਾ ਪੱਖ ਜਾਨਣ ਦੀ ਨਹੀਂ ਸਗੋਂ ਰੋਲਣ ਦੀ ਕਸਰਤ ਆਰੰਭ ਰਹੇ ਹੋਂ। ਇਸ ਲਈ ਨਿਰਪੱਖ ਜਾਂਚ ‘ਚ ਸ਼ਾਮਲ ਹੋਣ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਮੇਰੇ ਜਾਂ ਹੋਰ ਸਾਥੀਆਂ ਖ਼ਿਲਾਫ ਲਗਾਏ ਗਏ ਹਰ ਦੋਸ਼ ਅਤੇ ਪੇਸ਼ ਕੀਤੇ ਹਰ ਸਬੂਤ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਹੀ ਅਸਰਦਾਰ ਤਰੀਕੇ ਨਾਲ ਸਹਿਯੋਗ ਕਰਨ ਦੇ ਸਮਰੱਥ ਹੋ ਸਕਾਂਗੇ।
4. ਸਾਥੀ ਦਿਲਜੋਤ ਦੇ ਮਾਤਾ ਜੀ ਸਿਆਸੀ ਅਤੇ ਜਨਤਕ ਜੀਵਨ ‘ਚ ਸਰਗਰਮ ਵਿਅਕਤੀ ਹਨ। ਉਹ 2019 ਵਿਚ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਸਪੱਸ਼ਟ ਤੌਰ ‘ਤੇ ਉਹ ਕੋਈ ਅਣਜਾਣ, ਘਰੇਲੂ ਇਸਤਰੀ ਨਹੀਂ ਹਨ ਸਗੋਂ ਸਮਾਜਕ ਜੀਵਨ ਦੇ ਤਜਰਬੇਕਾਰ ਅਤੇ ਜ਼ੁੰਮੇਵਾਰ ਵਿਅਕਤੀ ਹਨ। ਇਸ ਹਾਲਤ ‘ਚ ਉਨ੍ਹਾਂ ਦੇ ਪੁਲਸ ਨੂੰ ਦਿੱਤੇ ਬਿਆਨਾਂ ਅਤੇ ਵੱਖ-ਵੱਖ ਸਮੇਂ ਮੀਡੀਆ ‘ਚ ਦਿੱਤੇ ਬਿਆਨਾਂ ‘ਚ ਬਹੁਤ ਤਬਦੀਲੀਆਂ ਦਾ ਹੋਣਾ ਹੈਰਾਨੀਜਨਕ ਹੈ। ਮੀਡੀਆ ਵਿਚ ਇੱਕ ਥਾਂ ਉਹ ਕਹਿੰਦੇ ਹਨ ਕਿ ਦਿਲਜੋਤ ਨੂੰ 5 ਜਨਵਰੀ ਦੀ ਸ਼ਾਮ 6 ਵਜੇ ਹੀ ਮਾਰ ਦਿੱਤਾ ਗਿਆ ਸੀ, ਇਕ ਹੋਰ ਜਗ੍ਹਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਮੌਤ ਦੀ ਸੂਚਨਾ ਹੀ 6 ਜਨਵਰੀ ਨੂੰ ਮਿਲੀ ਤੇ ਕਦੇ ਉਸਦੇ ਮਾਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ 5 ਜਨਵਰੀ ਦੀ ਰਾਤ ਹੀ ਮੌਤ ਦੀ ਸੂਚਨਾ ਮਿਲ ਗਈ ਸੀ। ਉਨ੍ਹਾਂ ਪਹਿਲਾਂ ਕਿਹਾ ਕਿ 5 ਜਨਵਰੀ ਦੀ ਸ਼ਾਮ ਦਿਲਜੋਤ ਬਿਲਕੁਲ ਠੀਕ-ਠਾਕ ਸੀ। ਬਾਅਦ ਵਿਚ ਕਹਿਣ ਲੱਗੇ ਕਿ ਡਰੀ ਹੋਣ, ਕੁੱਟਮਾਰ, ਵਾਲ ਪੱਟਣ ਦੀ ਗੱਲ ਕਰਦੇ ਹਨ। ਕਿਤੇ ਉਹ ਕਤਲ ਦੀ ਗੱਲ ਕਰਦੇ ਹਨ ਤੇ ਕਿਤੇ ਖੁਦਕੁਸ਼ੀ ਵਾਸਤੇ ਮਜਬੂਰ ਕਰਨ ਦੀ। ਪੈਂਕ੍ਰਿਆਟਾਇਟਿਸ ਬਿਮਾਰੀ ਦੇ ਤੱਥ ਨੂੰ ਕਿਤੇ ਮੰਨਿਆ ਜਾ ਰਿਹਾ ਹੈ, ਕਿਤੇ ਨਕਾਰਿਆ ਜਾ ਰਿਹਾ ਹੈ। ਕਿਤੇ ਮੈਨੂੰ ਉਸਦੀ ਰੂਮਮੇਟ ਮੰਨਿਆ ਜਾ ਰਿਹਾ ਹੈ, ਕਿਤੇ ਜਗਦੀਸ਼ ਨੂੰ ਉਸਦਾ ਲਿਵ-ਇਨ ਪਾਰਟਨਰ, ਕਿਤੇ ਇਨ੍ਹਾਂ ਦੇ ਵਿਆਹੇ ਹੋਣ ਦੀ ਗਲਤ ਬਿਆਨੀ ਕੀਤੀ ਜਾ ਰਹੀ ਹੈ। ਕਿਤੇ ਕਿਹਾ ਜਾ ਰਿਹਾ ਕਿ ਜਗਦੀਸ਼ ਤੰਗ ਕਰਦਾ ਸੀ, ਬਲੈਕਮੇਲ ਕਰਦਾ ਸੀ ਪਰ ਨਾਲ਼ ਹੀ ਕਿਹਾ ਜਾਂਦਾ ਹੈ ਕਿ ਪਰਿਵਾਰ ਤਾਂ ਵਿਆਹ ਕਰਨ ਨੂੰ ਤਿਆਰ ਸੀ। 6 ਜਨਵਰੀ ਨੂੰ ਹੋਈ ਡੀਡੀਆਰ ਵਿਚ ਉਨ੍ਹਾਂ ਪੁਲਿਸ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਕਤਲ ਦਾ ਸ਼ੱਕ ਹੈ ਪਰ ਨਾਲ ਹੀ ਕਿਹਾ ਕਿ ਉਹ ਕਿਸੇ ਉੱਤੇ ਕਾਰਵਾਈ ਨਹੀਂ ਚਾਹੁੰਦੇ। ਫੇਰ ਉਹ 24 ਦਿਨਾਂ ਬਾਅਦ 30 ਜਨਵਰੀ ਨੂੰ ਬੇਗੁਨਾਹ ਜਗਦੀਸ਼ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਐਫ.ਆਈ.ਆਰ. ਦਰਜ ਕਰਾਉਂਦੇ ਹਨ। ਮੀਡੀਆ ਵਿਚ ਮੇਰੇ ਅਤੇ ਹੋਰਨਾਂ ਸਾਥੀਆਂ ਖ਼ਿਲਾਫ ਚਲਾਈ ਭੰਡੀ ਪ੍ਰਚਾਰ ਮੁਹਿੰਮ ਦਾ ਤੱਤ ਵੀ ਇਸੇ ਕਿਸਮ ਦੀ ਦੂਸ਼ਣਬਾਜ਼ੀ ਦਾ ਰਿਹਾ ਹੈ ਜੋ ਬਿਨਾਂ ਕਿਸੇ ਸ਼ੱਕ ਤੋਂ ਸਪੱਸ਼ਟ ਕਰਦਾ ਹੈ ਕਿ ਸਾਥੀ ਦਿਲਜੋਤ ਦੀ ਮਾਤਾ ਜੀ ਅਤੇ ਪਰਿਵਾਰ ਦੇ ਬਿਆਨਾਂ ਵਿਚ ਇਹ ਤਬਦੀਲੀਆਂ ਐਕਸ਼ਨ ਕਮੇਟੀ ਦੀਆਂ ਜੱਥੇਬੰਦੀਆਂ ਦੇ ਆਗੂਆਂ ਰਣਬੀਰ ਕੁਰੜ, ਸੁਖਦਰਸ਼ਨ ਨੱਤ ਅਤੇ ਇਨਕਲਾਬੀ ਜਮਹੂਰੀ ਕਾਰਕੁਨਾਂ ਖ਼ਿਲਾਫ ਲੜੀਬੱਧ ਸਾਜ਼ਿਸ਼ਾਂ ਵਿਚ ਸ਼ਾਮਲ ਕਲਪਨਾ, ਵਰੁਣ ਆਦਿ ਦੀਆਂ ਸਾਜ਼ਿਸ਼ਾਂ ਕਰਕੇ ਵਾਪਰੀਆਂ ਹਨ। ਇਨ੍ਹਾਂ ਹੀ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਅਨੇਕਾਂ ਇਨਕਲਾਬੀ-ਜਮਹੂਰੀ ਔਰਤ-ਮਰਦ ਆਗੂਆਂ, ਕਾਰਕੁਨਾਂ ਨੂੰ ਮੀਡੀਆ ਵਿਚ ਕਾਤਲ ਦੱਸਿਆ ਗਿਆ। ਸਾਥੀ ਦਿਲਜੋਤ ਦੀ ਮਾਤਾ ਜੀ ਦੇ ਬਿਆਨਾਂ ਵਿਚ ਤਬਦੀਲੀ ਦਾ ਸਾਰਾ ਰਿਕਾਰਡ ਮੀਡੀਆ, ਸੋਸ਼ਲ ਮੀਡੀਆ, ਡੀਡੀਆਰ ਅਤੇ ਐਫ.ਆਈ.ਆਰ.ਵਿਚ ਮੌਜੂਦ ਹੈ।
ਸੋਸ਼ਲ ਮੀਡੀਆ ‘ਤੇ ਸਾਡੇ ਬਾਰੇ ਇਥੋਂ ਤੱਕ ਕਿਹਾ ਗਿਆ ਕਿ ਸਾਥੀ ਦਿਲਜੋਤ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ! ਬਲੈਕਮੇਲ ਕੀਤਾ ਜਾਂਦਾ ਸੀ! ਜੱਥੇਬੰਦੀ ਵਿਚ ਦੇਹ ਵਪਾਰ ਦਾ ਧੰਦਾ ਚੱਲਦਾ ਸੀ! ਦਿਲਜੋਤ ਦੀ ਸਾਥੀ ਇਸਤਰੀ ਕਾਰਕੁਨਾਂ ਦੀਆਂ ਫੋਟੋਆਂ ਫੇਸਬੁੱਕ ਉੱਤੇ ਪਾ ਕੇ ਸ਼ਹਿਰ ਵਿਚ ਧੰਦਾ ਕਰਨ ਦੇ ਦੋਸ਼ ਲਾਏ ਗਏ ਹਨ। ਅਜਿਹੇ ਸੰਗੀਨ ਦੋਸ਼ ਸਿਰਫ ਸਾਥੀ ਦਿਲਜੋਤ ਦਾ ਅਪਮਾਨ ਹੀ ਨਹੀਂ ਸਗੋਂ ਉਸਦੇ ਨਾਲ ਸਰਗਰਮ ਸਾਰੀਆਂ ਇਸਤਰੀ ਕਾਰਕੁਨਾਂ ਦੀ ਕਿਰਦਾਰਕੁਸ਼ੀ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਅਖੌਤੀ ਐਕਸ਼ਨ ਕਮੇਟੀ ਦੇ ਕੁੱਝ ਆਗੂਆਂ ਦੇ ਥਾਪੜੇ ਨਾਲ ਚੱਲੇ ਸੋਸ਼ਲ ਮੀਡੀਆ ਟਰਾਇਲ ‘ਚ ਅਜਿਹੇ ਨੀਵੇਂ ਪੱਧਰ ਦੀ ਭੱਦੀ ਇਲਜ਼ਾਮਬਾਜ਼ੀ ਨੇ ਅਜਿਹੀ ਨਵੀਂ ਸਹਿਜ ਸਥਿਤੀ (ਂੲੱ ਂੋਰਮਅਲ) ਸਿਰਜੀ ਹੈ ਜਿਸ ਦੀ ਜੁLੰਮੇਵਾਰੀ ਤੋਂ ਇਨ੍ਹਾਂ ਆਗੂਆਂ ਨੇ ਪੱਲਾ ਤੱਕ ਝਾੜਨ ਦੀ ਕੋਸ਼ਿਸ਼ ਨਹੀਂ ਕੀਤੀ, ਇਸ ‘ਤੇ ਲਗਾਮ ਪਾਉਣ ਦੀ ਕੋਸ਼ਿਸ਼ ਕਰਨਾ ਤਾਂ ਦੂਰ ਰਿਹਾ! ਜੇ ਇਨ੍ਹਾਂ ਇਲਜ਼ਾਮਾਂ ‘ਚ ਰੱਤੀ ਭਰ ਦੀ ਸੱਚਾਈ ਹੁੰਦੀ ਤਾਂ 5 ਜਨਵਰੀ ਨੂੰ ਸਾਥੀ ਦਿਲਜੋਤ ਦੇ ਹਸਤਪਾਲ ਦਾਖਲੇ ਤੋਂ ਬਾਅਦ, ਜਾਂ ਮੌਤ ਦੀ ਸੂਚਨਾ ਮਿਲਣ ਉੱਤ ਜਾਂ ਦਿਲਜੋਤ ਦੇ ਲੁਧਿਆਣਾ ਰਹਿਣ ਦੇ ਡੇਢ ਸਾਲ ਦੌਰਾਨ, ਦਿਲਜੋਤ ਨੂੰ ਬਚਾਉਣ ਲਈ ਕੀਤੀ ਕੋਈ ਚਾਰਾਜੋਈ ਦੇ ਯਤਨ ਨਜ਼ਰੀਂ ਪੈਂਦੇ। ਦਿਲਜੋਤ ਦੇ ਲੁਧਿਆਣੇ ਆਉਣ ਤੋਂ ਬਾਅਦ ਉਸਦਾ ਪਰਿਵਾਰ ਸਬੰਧਾਂ ਵਿਚ ਕੁੜੱਤਣ ਕਾਰਨ ਉਸਨੂੰ ਮਿਲਣ ਲਈ ਨਹੀਂ ਆਇਆ। ਘਰੋਂ ਰੋਕ ਲੱਗੀ ਹੋਣ ਕਾਰਨ ਸਵਾ ਸਾਲ ਤੋਂ ਦਿਲਜੋਤ ਘਰੇ ਨਹੀਂ ਗਈ। ਮਾਤਾ ਜੀ ਬਹੁਤ ਬੁਲਾਉਣ ਉੱਤੇ ਉਸਨੂੰ ਸਿਰਫ ਇੱਕ ਵਾਰ ਡੇਢ-ਦੋ ਘੰਟੇ ਲਈ ਡੀ.ਐਮ.ਸੀ. ਮਿਲਣ ਆਏ ਸਨ। ਉਦੋਂ ਉਹ ਤਿੰਨ ਦਿਨ ਕ੍ਰੋਨਿਕ ਪੈਂਕ੍ਰਿਆਟਾਈਟਿਸ ਦੇ ਇਲਾਜ ਲਈ ਉੱਥੇ ਦਾਖਲ ਰਹੀ ਸੀ। ਜੂਨ 2026 ਵਿਚ ਤਿੰਨ ਦਿਨ ਉੱਥੇ ਦਾਖਲ ਰਹਿਣ ਤੇ ਇਸਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਉਹ ਉਸਨੂੰ ਮਿਲਣ ਨਹੀਂ ਆਏ ਸਨ। ਇਹ ਸਭ ਠੋਸ ਤੱਥ ਹਨ ਜੋ ਆਪਣੇ ਆਪ ਵਿਚ ਮਨਘੜਤ ਕਹਾਣੀ ਦਾ ਪਰਦਾਫਾਸ਼ ਕਰਦੇ ਹਨ, ਜੋ ਐਕਸ਼ਨ ਕਮੇਟੀ ਦੇ ਕੁੱਝ ਆਗੂਆਂ ਅਤੇ ਕਲਪਨਾ ਤੇ ਵਰੁਣ ਵਰਗਿਆ ਵੱਲੋਂ ਘੜ ਕੇ ਦਿੱਤੀ ਗਈ ਹੈ।
ਇੱਥੇ ਮੈਂ ਬਹੁਤ ਸੰਖੇਪ ‘ਚ ਅਤੇ ਸੀਮਤ ਪੱਖਾਂ ਤੋਂ ਗੱਲ ਕੀਤੀ ਹੈ ਪਰ ਸਾਡਾ ਪੱਖ ਬਹੁਤ ਤੱਥ ਭਰਪੂਰ ਅਤੇ ਨਿੱਗਰ ਸਬੂਤਾਂ ਉੱਤੇ ਅਧਾਰਤ ਹੈ, ਅਤੇ ਇਸੇ ਕਾਰਨ ਹੀ ਤੁਸੀਂ ਲਿਖਤੀ ਸਵਾਲ-ਜਵਾਬ ਦੇ ਅਮਲ ਤੋਂ ਪਿੱਛੇ ਹਟੇ ਹੋਂ।
5. ਐਕਸ਼ਨ ਕਮੇਟੀ ਵੱਲੋਂ ਮੀਡੀਆ ਟਰਾਇਲ ਚਲਾ ਕੇ, ਹਰ ਤਰ੍ਹਾਂ ਦੇ ਹਰਬੇ ਵਰਤ ਕੇ ਅਤੇ ਨਾਜਾਇਜ਼ ਦਬਾਅ ਬਣਾ ਕੇ ਝੂਠਾ ਪਰਚਾ ਦਰਜ ਕਰਾਇਆ ਜਾ ਚੁੱਕਾ ਹੈ। ਬੇਗੁਨਾਹ ਇਨਕਲਾਬੀ ਕਾਰਕੁਨ ਜਗਦੀਸ਼ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਮੈਂ ਅਤੇ ਹੋਰ ਸਾਥੀਆਂ ਨੇ ਸ਼ੁਰੂ ਤੋਂ ਪੁਲਿਸ ਪੜਤਾਲ ‘ਚ ਪੂਰਾ ਸਹਿਯੋਗ ਕੀਤਾ ਹੈ। ਪੁਲਿਸ ਕਾਰਵਾਈ ਦੇ ਕਿਸੇ ਵੀ ਨਤੀਜੇ ਦਾ ਸਾਹਮਣਾ ਕਰਦਿਆਂ ਸਾਡੀ ਜਾਣਕਾਰੀ ‘ਚ ਮੌਜੂਦ ਹਰ ਪੱਖ ਪੁਲੀਸ ਨਾਲ ਸਾਂਝਾ ਕੀਤਾ ਹੈ। ਹੁਣ ਤੁਹਾਨੂੰ ਵੀ ਪਤਾ ਹੈ ਕਿ ਪੁਲੀਸ ਜਾਂਚ ਚੱਲ ਰਹੀ ਹੈ। ਐਕਸ਼ਨ ਕਮੇਟੀ ‘ਚ ਸ਼ਾਮਲ ਜਥੇਬੰਦੀਆਂ ਅਤੇ ਧਿਰਾਂ, ਜਿਨ੍ਹਾਂ ਦੇ ਹਮਦਰਦ ਸਭਾ ‘ਚ ਵੀ ਸ਼ਾਮਲ ਹਨ, ਸਾਡੇ ਸਾਥੀਆਂ ਖ਼ਿਲਾਫ ਪੁਲਿਸ ਵਲੋਂ ‘ਸਖਤੀ’ ਨਾਲ ਪੇਸ਼ ਆਉਣ ਦੀ ਮੰਗ ਕਰ ਚੁੱਕੀਆਂ ਹਨ ਅਤੇ ਤੁਸੀਂ ਵੀ ਪੁਲੀਸ ਕਾਰਵਾਈ ਦੀ ਮੰਗ ਕਰ ਚੁੱਕੇ ਹੋ, ਜੋ ਕਿ ਉਕਤ ਸਾਰੀ ਜੁੜਦੀ ਤਸਵੀਰ ‘ਚ ਸਾਡੇ ਖ਼ਿਲਾਫ ਹੀ ਸੇਧਤ ਹੈ। ਅਜਿਹੀ ਹਾਲਤ ‘ਚ ਕਾਨੂੰਨੀ ਕਾਰਵਾਈ ਦੇ ਬੰਧੇਜ ‘ਚ ਵਿਚਰਦਿਆਂ ਮੇਰੇ ਜਾਂ ਸਾਡੇ ਹੋਰ ਸਾਥੀਆਂ ਕੋਲ ਤੁਹਾਡੀ ਕਿਸੇ ਜਾਂਚ, ਜਿਸਦੀ ਪ੍ਰਕਿਰਿਆ ਅਪਾਰਦਰਸ਼ੀ ਅਤੇ ਪੱਖਪਾਤੀ ਨਜ਼ਰ ਆ ਰਹੀ ਹੈ, ਸ਼ਾਮਲ ਹੋਣ ਲਈ ਹਕੀਕੀ ਦਿੱਕਤਾਂ ਹਨ। ਤੁਸੀਂ ਸਾਡੇ ਇਨ੍ਹਾਂ ਸਰੋਕਾਰਾਂ ਨੂੰ ਆਪਣੀ ਜਾਂਚ ‘ਚ ਕਿਵੇਂ ਸੰਬੋਧਿਤ ਹੋਵੋਂਗੇ, ਇਸ ਬਾਰੇ ਤੁਸੀਂ ਚੁੱਪ ਧਾਰੀ ਹੋਈ ਹੈ। ਤੁਹਾਡਾ ਅਤੇ ਪੁਲੀਸ ਕਾਰਵਾਈ ਦਾ ਆਪਸੀ ਤਾਲਮੇਲ ਕਿਵੇਂ ਬੈਠੇਗਾ, ਇਸ ਬਾਰੇ ਤੁਸੀਂ ਸਾਨੂੰ ਹਨੇਰੇ ‘ਚ ਰੱਖ ਰਹੇ ਹੋਂ। ਜਿਸ ਬਾਰੇ ਤੁਹਾਨੂੰ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।
6. ਸਾਥੀਓ, ਮੈਂ ਤੇ ਜੱਥੇਬੰਦੀਆਂ ਨੇ ਤੁਹਾਡੀਆਂ ਜਾਂਚ-ਪੜਤਾਲਾਂ ਦੇ ਅਨਾੜੀਪਣ, ਸਤਹੀ ਅਤੇ ਇੱਕਤਰਫਾ ਹੋਣ ਦਾ ਕਾਫੀ ਕੌੜਾ ਤਜਰਬਾ ਦੇਖਿਆ ਹੈ। ਮੈਂ ਚਾਹੁੰਦੀ ਹਾਂ ਕਿ ਪਹਿਲਾਂ ਤੋਂ ਹੀ ਗੱਲਾਂ ਨਿਤਾਰ ਕੇ ਅਜਿਹੇ ਝਮੇਲੇ ਤੋਂ ਬਚਿਆ ਜਾਵੇ। ਤੁਹਾਨੂੰ ਯਾਦ ਕਰਵਾ ਦੇਵਾਂ ਕਿ ਤੁਸੀਂ ਕਲਪਨਾ ਤਿਵਾੜੀ ਤੇ ਰਾਜਵਿੰਦਰ ਸਿੰਘ ਪਤੀ-ਪਤਨੀ ਦੇ ਨਿੱਜੀ ਮਾਮਲੇ ‘ਚ ਪੜਤਾਲ ਰਿਪੋਰਟ ਕੱਢ ਮਾਰੀ ਸੀ, ਜੋ ਜਨਤਕ ਤੌਰ ਉੱਤੇ ‘ਲੀਕ’ ਕੀਤੀ ਗਈ, ਜਿਸਨੂੰ ਮਗਰੋਂ ਤੁਸੀਂ ਖਬਰੇ ਵਾਪਸ ਲੈ ਲਿਆ ਅਤੇ ਫਿਰ ਦੁਬਾਰਾ ਤੁਸੀਂ ਇਸ ਨੂੰ ਜਾਰੀ ਕਰਨ ਤੋਂ ਬਾਅਦ ਦੁਬਾਰਾ ਲਿਖ ਕੇ ਆਪਣੀ ਮੈਂਬਰਸ਼ਿਪ ਤੱਕ ‘ਅੰਦਰੂਨੀ’ ਜਾਰੀ ਕਰਨ ਦੀ ਗੱਲ ਕਹੀ। ਆਮ ਸਮਾਜਕ ਸਮਝਦਾਰੀ ਅਤੇ ਪੰਚਾਇਤੀ ਤੌਰ-ਤਰੀਕਾ ਪਰਿਵਾਰਕ ਝਗੜਿਆਂ ਨੂੰ ਕਿਸੇ ਤਰੀਕੇ ਨਿਪਟਾਉਣ ਦਾ ਰਸਤਾ ਅਖ਼ਤਿਆਰ ਕਰਨ ਦਾ ਹੁੰਦਾ ਹੈ ਪਰ ਤੁਸੀਂ ਅਜਿਹੇ ਮਸਲੇ ‘ਤੇ ਲਿਖਤਾਂ ਛਾਪ ਕੇ ਕਾਫੀ ਅਨਾੜੀਪੁਣੇ ਅਤੇ ਲੋਕ ਪੱਖੀ ਜੱਥੇਬੰਦੀਆਂ-ਆਗੂਆਂ-ਕਾਰਕੁਨਾਂ ਖ਼ਿਲਾਫ ਦੁਸ਼ਮਣਾਨਾ ਰਵੱਈਏ ਦਾ ਇਜ਼ਹਾਰ ਕਰ ਚੁੱਕੇ ਹੋਂ। ਉਸ ਸਮੇਂ ਤੁਹਾਡੀ ਜੱਥੇਬੰਦੀ ਦੀ ਪੁਰਾਣੀ ਪੜ੍ਹਤ ਦੇ ਪ੍ਰਭਾਵ ਕਰਕੇ ਸਾਥੀ ਰਾਜਵਿੰਦਰ ਨੇ ਤੁਹਾਡੇ ਨਾਲ਼ ਆਪਣਾ ਪੱਖ ਜ਼ਬਾਨੀ ਸਾਂਝਾ ਕੀਤਾ ਸੀ ਪਰੰਤੂ ਤੁਸੀਂ ਆਪਣੀ ਜਾਰੀ ਅਖੌਤੀ ਜਾਂਚ ਰਿਪੋਰਟਾਂ ‘ਚ ਉਸਦੇ ਪੱਖ ਨੂੰ ਤੋੜ-ਮਰੋੜ ਕੇ ਅਤੇ ਮਹਤੱਵਪੂਰਨ ਤੱਥਾਂ ਨੂੰ ਛੁਪਾ ਕੇ ਅਤੇ ਵਿਗਾੜ ਕੇ ਪੇਸ਼ ਕੀਤਾ। ਇਹ ਮੇਰੇ ਤੇ ਹੋਰ ਜਥੇਬੰਦੀਆਂ ਲਈ ਬਹੁਤ ਹੈਰਾਨੀ ਵਾਲ਼ੀ ਹਾਲਤ ਸੀ, ਜਿਸ ਸਬੰਧੀ ਮੇਰੀ ਜੱਥੇਬੰਦੀ ਸਮੇਤ ਹੋਰ ਜੱਥੇਬੰਦੀਆਂ ਨੇ ਚਿੱਠੀਆਂ ਭੇਜ ਕੇ ਤੁਹਾਨੂੰ ਤੱਥ ਪੇਸ਼ ਕਰਦੇ ਹੋਏ ਇਹ ਰਿਪੋਰਟਾਂ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਤੁਸੀਂ ਗੈਰ-ਸੁਹਿਰਦਤਾ ਅਤੇ ਗੈਰ-ਜੁLੰਮੇਵਾਰੀ ਦਾ ਮੁਜਾਹਰਾ ਕਰਦੇ ਹੋਏ ਸਦੀਵੀ ਖਾਮੋਸ਼ੀ ਧਾਰ ਗਏ।
ਹੁਣ ਤੁਸੀਂ ਦੁਬਾਰਾ ਉਸੇ ਕਿਸਮ ਦੇ ਤੌਰ-ਤਰੀਕਿਆਂ ਨਾਲ ਪੇਸ਼ ਆ ਰਹੇ ਹੋ। ਇਸ ਕਰਕੇ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਸਪੱਸ਼ਟ ਕਰ ਦਿਆਂ ਕਿ ਮੈਨੂੰ ਤੁਹਾਡੀ ਨਿਰਪੱਖਤਾ, ਯੋਗਤਾ ਅਤੇ ਮਨਸੂਬਿਆਂ ਬਾਰੇ ਕੋਈ ਤਸੱਲੀ ਨਹੀਂ। ਇਸ ਲਈ ਆਪਣੇ ਵਾਰਤਾਲਾਪ ਨੂੰ ਬਾਹਰਮੁਖੀ ਬਣਾਉਣ ਵਾਸਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਤੁਹਾਡੇ ਵਲੋਂ ਪੜਤਾਲ ਦੇ ਅਪਣਾਏ ਤਰੀਕੇ ਨੂੰ ਸਪਸ਼ਟ ਕਰੋ। ਮੈਨੂੰ ਜਾਂਚ ਪੜਤਾਲ ਦੇ ਵਿਸ਼ਾ ਵਸਤੂ, ਮਕਸਦ, ਘੇਰੇ, ਲਗਾਏ ਗਏ ਦੋਸ਼ਾਂ ਅਤੇ ਸਬੂਤਾਂ ਦਾ ਪੂਰਾ ਵੇਰਵਾ ਮੁਹੱਈਆ ਕਰਵਾਓ। ਤੱਤ ਭਾਵੇਂ ਕੋਈ ਵੀ ਹੋਵੇ, ਕਿਵੇਂ ਵੀ ਉਨ੍ਹਾਂ ਦੀ ਵਰਤੋਂ ਹੁੰਦੀ ਹੋਵੇ, ਪੁਲਿਸ ਜਾਂਚ ਸਬੰਧੀ ਵੀ ਨਿਯਮ-ਕਾਨੂੰਨ ਹਨ। ਤੁਹਾਡੇ ਕੀ ਨਿਯਮ-ਕਾਨੂੰਨ ਹਨ? ਜਾਂਚ ਟੀਮ ਵਿਚ ਕੌਣ ਹੈ? ਸਾਰੇ ਵੇਰਵੇ ਮੁਹੱਈਆ ਕਰਵਾਓ। ਮੇਰੇ ਨਾਲ ਸਾਰਾ ਵਾਰਤਾਲਾਪ ਲਿਖਤੀ ਕੀਤਾ ਜਾਵੇ। ਬੇਸ਼ਕ ਤੁਸੀਂ ਆਪਣੇ ਸਿੱਟੇ ਕੱਢਣ ਲਈ ਆਜ਼ਾਦ ਹੋ ਪਰ ਜਾਣਕਾਰੀ ਦੇਣ ਵਾiਲ਼ਆਂ ਦਾ ਪੱਖ ਉਨ੍ਹਾਂ ਦੇ ਹੀ ਸ਼ਬਦਾਂ ‘ਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਵੇਕਸ਼ੀਲ ਪਾਠਕ ਆਪਣੇ ਆਜ਼ਾਦ ਸਿੱਟੇ ਕੱਢਣ ਦੀ ਸਥਿਤੀ ‘ਚ ਹੋਣ। ਮੈਂ ਫੋਨ ‘ਤੇ ਆਪਣੇ ਇਹੀ ਸਰੋਕਾਰ ਤੁਹਾਡੇ ਨਾਲ ਸਪੱਸ਼ਟ ਸ਼ਬਦਾਂ ‘ਚ ਸਾਂਝੇ ਕੀਤੇ ਸਨ।
ਤੁਸੀਂ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਜੇਕਰ ਤੁਹਾਡੀ ਜਾਂਚ, ਲਿਖਤਾਂ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਹੋਵੇ ਉਸ ਬਾਰੇ ਗੱਲਬਾਤ ਦਾ, ਰੀਵਿਊ ਦਾ ਤੌਰ-ਤਰੀਕਾ ਕੀ ਹੋਵੇਗਾ? ਕਲਪਨਾ ਤਿਵਾੜੀ ਪਤੀ-ਪਤਨੀ ਮਾਮਲੇ ਵਿਚ ਦੇਖਿਆ ਗਿਆ ਹੈ ਕਿ ਤੁਹਾਡੀਆਂ ਲਿਖਤਾਂ ਫਤਵੇ ਦੇ ਰੂਪ ਵਿਚ ਜਾਰੀ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਉੱਤੇ ਇਤਰਾਜ਼ਾਂ ਦੀ ਸੁਣਵਾਈ ਦੀ ਤੁਸੀਂ ਕੋਈ ਗੁੰਜਾਇਸ਼ ਨਹੀਂ ਛੱਡਦੇ। ਤੁਹਾਨੂੰ ਉਸ ਮਾਮਲੇ ਵਿਚ ਭੇਜੀਆਂ ਗਈਆਂ ਚਿੱਠੀਆਂ ਨੂੰ ਡੇਢ ਸਾਲ ਹੋ ਗਿਆ ਹੈ ਤੇ ਤੁਸੀਂ ਮੌਕਾਪ੍ਰਸਤ ਚੁੱਪ ਧਾਰੀ ਹੋਈ ਹੈ।
ਮੇਰੇ ਨਾਲ਼ ਵਾਰਤਾਲਾਪ ਦਾ ਅਗਲਾ ਕਦਮ ਸੁਭਾਵਿਕ ਤੌਰ ‘ਤੇ ਇਹੀ ਬਣਦਾ ਸੀ ਕਿ ਤੁਸੀਂ ਮੇਰੇ ਸਰੋਕਾਰਾਂ ‘ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਫਿਰ ਹੀ ਤੁਹਾਡੇ ਵਲੋਂ ਮੇਰੇ ਤੋਂ ਕੋਈ ਮੰਗ ਕਰਨ ਦਾ ਹੱਕ ਬਣਦਾ ਸੀ। ਬਰਾਬਰਤਾ ਦੇ ਅਧਾਰ ‘ਤੇ ਗੱਲਬਾਤ ਦਾ ਇਹ ਸਧਾਰਣ ਸ਼ਿਸ਼ਟਾਚਾਰ ਹੈ ਅਤੇ ਅਜਿਹੀ ਹਾਲਤ ‘ਚ ਅਤੇ ਜੇ ਤੁਹਾਡੇ ਵਲੋਂ ਮੇਰੇ ਲਈ ਰਸਤਾ ਛੱਡਿਆ ਜਾਂਦਾ ਤਾਂ ਮੈਂ ਲਾਜ਼ਮੀ ਹੀ ਤੁਹਾਡੇ ਵਲੋਂ ਘੱਲੇ ਨਿੱਜੀ ਸੁਨੇਹੇ ਦਾ ਨਿੱਜੀ ਜੁਆਬ ਦੇਣ ਦਾ ਫਰਜ਼ ਅਦਾ ਕਰਦੀ।
ਸਾਥੀਓ, ਮੈਂ ਅਤੇ ਹੋਰ ਸਾਥੀ ਇਨਕਲਾਬੀ ਜਮਹੂਰੀ ਲਹਿਰ ਵਲੋਂ ਸੁਹਿਰਦ ਮਕਸਦ ਨਾਲ ਕੀਤੀ ਜਾਣ ਵਾਲ਼ੀ ਕਿਸੇ ਵੀ ਜਾਂਚ ‘ਚ ਪੂਰਾ ਸਹਿਯੋਗ ਕਰਨ ਨੂੰ ਹਮੇਸ਼ਾ ਤਿਆਰ ਹਾਂ। ਮੈਂ ਤੇ ਹੋਰ ਸਾਥੀਆਂ ਨੇ, ਇਸ ਝਲਿਆਈ ਭੰਡੀ ਮੁਹਿੰਮ ਦਾ ਸਾਹਮਣਾ ਕੀਤਾ ਹੈ, ਇਸ ਲਈ ਸਗੋਂ ਅਸੀਂ ਚਾਹਾਂਗੇ ਕਿ ਇਸ ਸਾਰੇ ਮਾਮਲੇ ‘ਚ ਸਾਡੇ ਪੱਖ ਨੂੰ ਇਮਾਨਦਾਰੀ ਨਾਲ ਸੁਣਿਆ ਜਾਵੇ।
ਇਨਕਲਾਬੀ ਜਨਤਕ ਜੀਵਨ ਵਿਚ ਵਿਚਰਦੇ ਹੋਏ ਮੇਰੀ ਅਤੇ ਹੋਰ ਨੌਜਵਾਨ ਕਾਰਕੁਨਾਂ ਦੀ ਆਪਣੀ ਆਜ਼ਾਦ ਸਿਆਸੀ ਹਸਤੀ ਹੈ। ਇਸ ਭੰਡੀ ਪ੍ਰਚਾਰ ਮੁਹਿੰਮ ਰਾਹੀਂ ਸਾਥੀ ਦਿਲਜੋਤ ਦੀ ਮੌਤ ਦੇ ਬਹਾਨੇ ਨਾਲ ਇਨਕਲਾਬੀ ਜਮਹੂਰੀ ਲਹਿਰ ਦੀਆਂ ਕੁੱਝ ਖਾਸ ਜਥੇਬੰਦੀਆਂ ਵਿਚ ਸਰਗਰਮ ਸਾਰੇ ਨੌਜਵਾਨ ਸਾਥੀਆਂ ਦੀ ਅਜ਼ਾਦਾਨਾ ਸਿਆਸੀ ਹਸਤੀ ਨੂੰ ਰੱਦ ਕੀਤਾ ਗਿਆ ਹੈ। ਸਮਾਜ ਨੂੰ ਬਦਲਣ ਦੇ ਰਸਤੇ ਅਤੇ ਤਰੀਕਾਕਾਰ ਬਾਰੇ ਸਾਡੇ ਆਪਣੇ ਆਜ਼ਾਦ ਵਿਚਾਰ ਹਨ ਅਤੇ ਜਥੇਬੰਦਕ ਤਰੀਕਾਕਾਰ ਸਬੰਧੀ ਸਾਡੀ ਆਪਣੀ ਚੋਣ ਹੈ। ਇਨਕਲਾਬੀ ਨੌਜਵਾਨਾਂ ਦੇ ਫਿਕਰ ਦੇ ਬਹਾਨੇ ਇਨ੍ਹਾਂ ਹੀ ਨੌਜਵਾਨਾਂ ਨੂੰ ਭੰਡੀ ਮੁਹਿੰਮ ਦਾ ਨਿਸ਼ਾਨਾ ਬਣਾ ਕੇ ਸ਼ਹਿਰਾਂ, ਪਿੰਡਾਂ, ਯੂਨੀਵਰਸਿਟੀਆਂ, ਕਾਲਜਾਂ ਅੰਦਰ ਅਸੁਰੱਖਿਅਤ ਹਾਲਤ ‘ਚ ਸੁਟਿਆ ਗਿਆ ਹੈ। ਆਪਣੇ ਸਿਆਸੀ ਵਿਚਾਰਾਂ ‘ਤੇ ਸਾਡੇ ਇਰਾਦੇ ਦ੍ਰਿੜ ਹਨ। ਜਥੇਬੰਦਕ ਅਤੇ ਸਿਆਸੀ ਸੰਕਟ ਹੋਣ ਵੀ ਤਾਂ ਵੀ, ਤਬਦੀਲੀ ਦੀ ਜਦੋ-ਜਹਿਦ ਦਾ ਹਿੱਸਾ ਹਨ, ਜਿਨ੍ਹਾਂ ਨੂੰ ਨਜਿੱਠਣ ਦਾ ਕਾਰਜ ਖੇਤਰ ਸਿਆਸੀ ਅਤੇ ਭਰਾਤਰੀ ਹੈ। ਸਾਡੇ ਖ਼ਿਲਾਫ ਨਿੱਤਰੀਆਂ ਗੰਭੀਰ ਕੁਰਾਹੇ ਦਾ ਸ਼ਿਕਾਰ ਜਥੇਬੰਦੀਆਂ ਨੇ ਸਾਡੇ ਨਾਲ਼ ਅਪਰਾਧੀਆਂ ਦੀ ਤਰ੍ਹਾਂ ਨਿਹੱਕਾ ਵਿਹਾਰ ਕੀਤਾ ਹੈ। ਅਪਾਰਦਰਸ਼ੀ ਅਤੇ ਪੱਖਪਾਤੀ ਤਰੀਕਾਕਾਰ ਅਪਣਾ ਕੇ ਤੁਹਾਡੀ ਜਥੇਬੰਦੀ ਵੀ ਪੜਤਾਲ ਦੇ ਬਹਾਨੇ ਅਜਿਹਾ ਹੀ ਵਿਹਾਰ ਕਰ ਰਹੀ ਹੈ। ਪੁਲਿਸ ਦੀ ਪੜਤਾਲ ਦਾ ਸਾਹਮਣਾ ਕਰਦਿਆਂ, ਸਮੁੱਚੇ ਤੌਰ ‘ਤੇ ਕਸਵੀਂ ਹਾਲਤ ਦੇ ਬਾਵਜੂਦ ਮੈਂ ਆਪਣਾ ਭਰਾਤਰੀ ਫਰਜ਼ ਨਿਭਾਉਂਦਿਆਂ ਤੁਹਾਨੂੰ ਸੁਚਾਰੂ ਹੁੰਗਾਰਾ ਦਿੱਤਾ ਹੈ ਪਰ ਤੁਹਾਡੇ ਅਸੰਵੇਦਨਸ਼ੀਲ ਪ੍ਰਤੀਕਰਮ ਨੇ ਜਨਤਕ ਸੰਵਾਦ ਲਈ ਮਜਬੂਰ ਕੀਤਾ ਹੈ। ਮੈਂ ਫਿਰ ਦੁਹਰਾਉਂਦੀ ਹਾਂ ਕਿ ਮੈਨੂੰ ਲਗਦਾ ਹੈ ਕਿ ਤੁਹਾਡਾ ਸਾਨੂੰ ਨਿਰਪੱਖ ਜਾਂਚ ‘ਚ ਸ਼ਾਮਲ ਕਰਨ ਦਾ ਕੋਈ ਗੰਭੀਰ ਇਰਾਦਾ ਨਹੀਂ। ਤੁਸੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਭੰਡੀ ਪ੍ਰਚਾਰ ਨੂੰ ਹੀ ਆਪਣੀ ਪੜਤਾਲ ‘ਚ ਸਮੇਟ ਲੈਣ ਦੇ ਮਕਸਦ ਨਾਲ ਮੇਰੇ ਨਾਲ਼ ਸੰਪਰਕ ਦੀ ਖਾਨਾਪੂਰਤੀ ਕਰ ਰਹੇ ਹੋ!
ਮੈਂ ਫਿਰ ਤੋਂ ਤੁਹਾਨੂੰ ਪਾਰਦਰਸ਼ੀ ਅਤੇ ਨਿਰਪੱਖ ਅਮਲ ਯਕੀਨੀ ਬਣਾਉਣ ਦੇ ਸਾਡੇ ਸਰੋਕਾਰਾਂ ਨੂੰ ਹਕੀਕੀ ਤੌਰ ’ਤੇ ਸੰਬੋਧਿਤ ਕਰਨ ਦੀ ਅਪੀਲ ਕਰਦੀ ਹਾਂ।
ਹੁੰਗਾਰੇ ਦੀ ਆਸ ਨਾਲ,
ਤੁਹਾਡੀ ਸ਼ੁਭਚਿੰਤਕ,
ਰ. ਕੌਰ, 26 ਮਾਰਚ 2026