ਗੁਆਚ ਗਿਆ ਮੇਰਾ ਪਿਆਰਾ ਰਾਮੇਸ਼ਵਰ

ਛਾਤੀ ਅੰਦਰਲੇ ਥੇਹ (11)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਆਗਰੇ ਬੀæਐਸਸੀæ ਕਰਦਿਆਂ ਇਕ ਦਿਨ ਕੈਮਿਸਟਰੀ ਲੈਬ ਵਿਚ ਮੇਰੇ ਸਾਹਮਣੇ ਵਾਲੇ ਸ਼ੈਲਫ ਤੋਂ ਤੇਜ਼ਾਬ ਦੀ ਵੱਡੀ ਬੋਤਲ ਡਿੱਗੀ ਤੇ ਟੁੱਟ ਗਈ। ਮੇਰਾ ਕਮੀਜ਼ ਅਤੇ ਪੈਂਟ ਬੁਰੀ ਤਰ੍ਹਾਂ ਝੁਲਸੇ ਗਏ ਤੇ ਕਈ ਥਾਂਵਾਂ ਤੋਂ ਮਾਸ ਵੀ ਸੜ ਗਿਆ। ਮੇਰਾ ਹਾਲ ਦੇਖ ਕੇ ਮੁੰਡੇ ਕੁੜੀਆਂ ਵਿਚ ਹਾਸਾ ਮਚ ਗਿਆ ਤੇ ਮੇਰਾ ਮਜ਼ਾਕ ਉਡਾਇਆ ਜਾਣ ਲੱਗਾ ਜਿਵੇਂ ਮੇਰੇ ‘ਸਰਦਾਰ’ ਹੋਣ ਕਰ ਕੇ ਹੀ ਇਹ ਘਟਨਾ ਵਾਪਰੀ ਹੋਵੇ। ਰਾਮੇਸ਼ਵਰ ਦੀਕਸ਼ਿਤ ਨਾਂ ਦੇ ਸਹਿਪਾਠੀ ਨੇ ਤੁਰੰਤ ਪਾਣੀ ਦੀ ਮਦਦ ਨਾਲ ਮੈਨੂੰ ਸੜਨੋਂ ਬਚਾਇਆ ਤੇ ਗਿੱਲੀ ਬੋਰੀ ਮੇਰੇ ਲੱਕ ਦੁਆਲੇ ਲਪੇਟ ਦਿੱਤੀ। ਜਲਣ ਅਤੇ ਨਮੋਸ਼ੀ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਸੀ। ਮੈਂ ਬੇਵਸ ਸਾਂ, ਉਥੇ ਹੀ ਬੈਠ ਗਿਆ। ਪ੍ਰੋਫੈਸਰ ਸ਼ਸ਼ੋਦੀਆ ਨੇ ਮਜ਼ਾਕ ਉਡਾਉਂਦੇ ਵਿਦਿਅਰਥੀਆਂ ਨੂੰ ਡਾਂਟਿਆ ਤੇ ਮੈਨੂੰ ਆਪਣੀ ਕੈਬਿਨ ਵਿਚ ਲੈ ਗਿਆ। ਰਾਮੇਸ਼ਵਰ ਨੇ ਪ੍ਰੋਫੈਸਰ ਤੋਂ ਛੁੱਟੀ ਲਈ ਤੇ ਆਪਣਾ ਸਾਇਕਲ ਚੁੱਕ ਘੰਟੇ ਵਿਚ ਹੀ ਮੇਰੇ ਲਈ ਆਪਣੀ ਪੈਂਟ ਅਤੇ ਕਮੀਜ਼ ਲੈ ਆਇਆ। ਉਸ ਦਾ ਸ਼ੁਕਰਾਨਾ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਸਨ। ਬੱਸ, ਮੇਰਾ ਸਿਰ ਝੁਕ ਗਿਆ ਤੇ ਮੇਰੇ ਦਿਲ ਵਿਚ ਖਾਹਿਸ਼ ਹੋਈ ਕਿ ਉਸ ਨਾਲ ਗੂੜ੍ਹੀ ਦੋਸਤੀ ਕਰਾਂ।
ਇਹ ਜਾਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਉਹ ਤਾਂ ਬਲਕੇਸ਼ਵਰ ਕਾਲੋਨੀ ਦਾ ਹੀ ਵਾਸੀ ਸੀ। ਉਹ ਇਕੱਲਾ ਹੀ 60/11 ਅਤੇ ਮੈਂ ਭਰਾ-ਭਰਜਾਈ ਨਾਲ 104/11 ਵਿਚ ਰਹਿੰਦਾ ਸਾਂ। ਉਥੇ ਹੀ 89 ਬਲਾਕ ਵਿਚ ਮੇਰੀ ਇਕ ਹੋਰ ਕਾਲਜ ਫੈਲੋ ਰਹਿੰਦੀ ਸੀ ਜਿਹੜੀ ਮੈਥੋਂ ਇਕ ਸਾਲ ਜੂਨੀਅਰ ਸੀ ਤੇ ਪੰਜਾਬੀ ਸਿੱਖ ਹੋਣ ਕਰ ਕੇ ਮੇਰਾ ਤਿਉ ਕਰਦੀ ਸੀ। ਪਹਿਲਾਂ ਅਸੀਂ ਦੋਵੇਂ ਹੀ ਆਪਣੇ ਸਾਇਕਲਾਂ ਉਤੇ ਕਾਲਜ ਜਾਂਦੇ ਸਾਂ; ਹੁਣ ਤਿੰਨ ਹੋ ਗਏ। ਰਾਮੇਸ਼ਵਰ ਸਾਡੇ ਘਰ ਆਇਆ ਤਾਂ ਘਰ ਵਾਲਿਆਂ ਨੇ ਉਹਨੂੰ ਬੜਾ ਪਿਆਰ ਦਿੱਤਾ। ਅਸੀਂ ਦੋਵੇਂ ਉਸ ਕੁੜੀ ਚੰਨੀ ਦੇ ਘਰ ਗਏ ਤਾਂ ਉਨ੍ਹਾਂ ਨੇ ਸਾਨੂੰ ਪਕੌੜੇ ਖੁਆਏ। ਉਹਦਾ ਪਿਉ ਸਾਡੇ ਕਾਲਜ ਵਿਚ ਹੀ ਐਨæਸੀæਸੀæ(ਆਰ) ਵਿੰਗ ਵਿਚ ਸੁਪਰਡੈਂਟ ਲੱਗ ਕੇ ਆ ਗਿਆ ਤਾਂ ਸਾਡੀ ਨੇੜਤਾ ਹੋਰ ਵਧ ਗਈ। ਕੁਝ ਦਿਨਾਂ ਮਗਰੋਂ ਮੈਂ ਆਪਣਾ ਮੰਜਾ, ਬਿਸਤਰਾ, ਕਿਤਾਬਾਂ ਤੇ ਟਰੰਕ ਰਮੇਸ਼ਵਰ ਦੇ ਕਮਰੇ ਵਿਚ ਲੈ ਗਿਆ।
ਰਾਮੇਸ਼ਵਰ ਸ਼ਹਿਰ ਦੇ ਬਿਜਲੀ ਘਰ ਵਿਚ ਬੁਆਇਲਰ-ਅਟੈਂਡੈਂਟ ਦੀ ਨੌਕਰੀ ਵੀ ਕਰਦਾ ਸੀ। ਅੱਠ ਘੰਟੇ ਰਾਤ ਦੀ ਡਿਊਟੀ ਮਗਰੋਂ ਉਹ ਸਵੇਰੇ ਕਾਲਜ ਪੜ੍ਹਨ ਜਾਂਦਾ। ਨਿੱਤ ਬਾਰਾਂ-ਇਕ ਵਜੇ ਰਾਤ ਨੂੰ ਆ ਕੇ ਦਰਵਾਜ਼ਾ ਖੜਕਾਉਂਦਾ। ਸਾਇਕਲ ਚੁੱਕ ਕੇ ਪੌੜੀਆਂ ਚੜ੍ਹ ਆਉਂਦਾ। ਮੈਂ ਉਹਦੇ ਆਉਣ ਤੱਕ ਪੜ੍ਹਦਾ ਰਹਿੰਦਾ। ਅਸੀਂ ਤਿੰਨ-ਚਾਰ ਘੰਟੇ ਦੀ ਨੀਂਦ ਮਸਾਂ ਹੀ ਲੈਂਦੇ ਕਿ ਨਾਲ ਦੇ ਬਲਾਕ ਵਿਚ ਬਣੇ ਮੰਦਰ ਦੇ ਲਾਊਡ ਸਪੀਕਰ ‘ਚੋਂ ਘੜਿਆਲ ਵੱਜਣ ਦਾ ਸ਼ੋਰ ਸ਼ੁਰੂ ਹੋ ਜਾਂਦਾ। ਰਾਮੇਸ਼ਵਰ ਅੱਖਾਂ ਮਲਦਾ ਉਠ ਬਹਿੰਦਾ ਤੇ ਪੰਡਤ ਜੀ ਨੂੰ ਬੁਰਾ ਭਲਾ ਆਖ ਕੇ ਮੈਨੂੰ ਕਹਿੰਦਾ, “ਸਰਦਾਰ ਜੀ, ਤੁਮ ਤੋ ਬਹਾਦਰ ਲੋਗ ਹੋ। ਇਸ ਪੰਡਤ ਕਾ ਕਤਲ ਕਰ ਦੋ। ਮੈਂ ਦੋ ਮਹੀਨੇ ਕੀ ਤਨਖਾਹ ਆਪ ਕੋ ਦੇ ਦੂੰਗਾ।” ਮੈਂ ਹੱਸ ਕੇ ਉਤਰ ਦਿੰਦਾ, “ਪਰ ਪੰਡਤ ਤਾਂ ਭਰਾਵਾ ਅਗਲੇ ਦਿਨ ਹੋਰ ਆਜੂæææਕਿੰਨੇ ਕੁ ਕਤਲ ਕਰਵਾਏਂਗਾ।”
ਉਹ ਰੋਟੀ ਦਾ ਆਹਰ ਖੁਦ ਕਰਦਾ ਸੀ ਪਰ ਉਹਦਾ ਸਟੋਵ ਖਰਾਬ ਹੀ ਹੋਇਆ ਰਹਿੰਦਾ। ਕਈ ਵਾਰ ਗੁੱਸੇ ਵਿਚ ਆ ਕੇ ਉਹ ਸਟੋਵ ਧਰਤੀ ‘ਤੇ ਪਟਕਾ ਮਾਰਦਾ ਤਾਂ ਸਟੋਵ ਆਪਣੇ-ਆਪ ਹੀ ਚੱਲਣ ਲੱਗ ਪੈਂਦਾ। ਉਹ ਮੈਨੂੰ ਵੀ ਆਪਣੇ ਨਾਲ ਰੋਟੀ ਖੁਆਉਣ ਦੀ ਜ਼ਿੱਦ ਕਰਦਾ ਪਰ ਮੈਨੂੰ ਹਿੰਗ ਦੇ ਤੁੜਕੇ ਵਾਲੀ ਦਾਲ-ਸਬਜ਼ੀ ਖਾਣੀ ਬਹੁਤ ਔਖੀ ਲੱਗਦੀ। ਮੈਂ ਆਪਣੇ ਘਰ ਜਾ ਕੇ ਹੀ ਰੋਟੀ ਖਾਂਦਾ। ਜਦੋਂ ਉਹ ਮੇਰੇ ਘਰ ਆਉਂਦਾ ਤਾਂ ਖਾਣ ਵਾਲੀ ਹਰ ਚੀਜ਼ ਵਿਚੋਂ ਉਹਨੂੰ ਪਿਆਜ਼ਾਂ ਦੀ ਬੋਅ ਆਉਂਦੀ। ਮੈਂ ਉਹਦਾ ਸਾਬਣ ਤੇਲ ਅਤੇ ਕਮਰਾ ਫਰੀ ਵਿਚ ਵਰਤਦਾ ਸਾਂ। ਅੱਠ-ਅੱਠ ਘੰਟੇ ਨਿੱਤ ਪੜ੍ਹਦਿਆਂ ਬਿਜਲੀ ਫੂਕਦਾ ਸਾਂ। ਇਕ ਦਿਨ ਉਸ ਨੂੰ ਕਿਹਾ, “ਯਾਰ ਰਾਮੇਸ਼ਵਰ! ਤੂੰ ਹਰ ਮਹੀਨੇ ਥੋੜ੍ਹੇ ਪੈਸੇ ਮੈਥੋਂ ਵੀ ਲੈ ਲਿਆ ਕਰ”, ਤਾਂ ਉਹ ਹੱਸ ਕੇ ਕਹਿਣ ਲੱਗਾ, “ਤੁਮਹੇਂ ਤੋ ਸਰਦਾਰ ਜੀ ਹਮ ਨੇ ਅਪਨਾ ਬਾਡੀਗਾਰਡ ਰੱਖਾ ਹੂਆ ਹੈ। ਬਾਡੀਗਾਰਡ ਕੋ ਪੈਸੇ ਦੇਤੇ ਹੈਂ ਕਿ ਉਸ ਸੇ ਲੇਤੇ ਹੈਂ?” ਪੈਸੇ ਮੇਰੇ ਕੋਲ ਹੁੰਦੇ ਹੀ ਕਿੱਥੇ ਸਨ, ਪਰ ਹਾਂ! ਸੁਲ੍ਹਾ ਮਾਰ ਕੇ ਮੇਰੇ ਮਨ ਨੂੰ ਚੈਨ ਜ਼ਰੂਰ ਮਿਲ ਗਿਆ।
ਸਾਡੇ ਗੁਆਂਢੀ ਨਾਈ ਦੀ ਮੌਤ ਹੋ ਗਈ। ਉਹ ਬੱਸ ਅੱਡੇ ਦੇ ਬਾਹਰ ਥੜ੍ਹੇ ‘ਤੇ ਸ਼ੀਸ਼ਾ ਰੱਖ ਕੇ ਹਜਾਮਤ ਕਰਦਾ ਹੁੰਦਾ ਸੀ। ਉਹਦੇ ਕੋਈ ਔਲਾਦ ਨਹੀਂ ਸੀ। ਔਰਤ ਵਿਧਵਾ ਹੋਈ ਤਾਂ ਦਿਨਾਂ ਵਿਚ ਹੀ ਘਰ ‘ਚ ਭੰਗ ਭੁੱਜਣ ਲੱਗੀ। ਵੀਰ ਜੀ ਨੇ ਉਹਨੂੰ ਰਾਮੇਸ਼ਵਰ ਦੇ ਘਰ ਦੀ ਸਫਾਈ ਕਰਨ, ਕੱਪੜੇ ਧੋਣ ਅਤੇ ਰੋਟੀ-ਟੁੱਕ ਕਰਨ ਦਾ ਪੰਦਰਾਂ ਰੁਪਏ ਮਹੀਨੇ ਦੇ ਹਿਸਾਬ ਨਾਲ ਕੰਮ ਦਿਵਾ ਦਿੱਤਾ। ਰਾਮੇਸ਼ਵਰ ਕਾਫ਼ੀ ਸੌਖਾ ਹੋ ਗਿਆ ਤੇ ਪੜ੍ਹਾਈ ਲਈ ਵੱਧ ਸਮਾਂ ਕੱਢਣ ਲੱਗਾ। ਉਹਨੇ ਨਾਈ ਦੀ ਵਿਧਵਾ ਨੂੰ ਕਹਿ ਦਿੱਤਾ ਕਿ ਉਹ ਰੋਟੀ ਉਸ ਕੋਲ ਹੀ ਖਾ ਜਾਇਆ ਕਰੇ।
ਅਸੀਂ ਦੋਵੇਂ ਆਪਸ ਵਿਚ ਹਰ ਗੱਲ ਸਾਂਝੀ ਕਰ ਲੈਂਦੇ ਸਾਂ। ਉਹਨੇ ਦੱਸਿਆ ਕਿ ਉਹ ਕਾਨਪੁਰੋਂ ਆਪਣੇ ਵਿਆਹ ਮੰਡਪ ਵਿਚੋਂ ਉਦੋਂ ਦੌੜ ਆਇਆ ਸੀ, ਜਦੋਂ ਦਾਜ ਦੇ ਲੋਭ ਵਿਚ ਉਸ ਦੇ ਪਿਉ ਨੇ ਗੁੰਗੀ ਤੇ ਬੋਲੀ (ਬਹਿਰੀ) ਕੁੜੀ ਨਾਲ ਉਸ ਨੂੰ ਨੂੜ ਦੇਣਾ ਚਾਹਿਆ ਸੀ। ਮਗਰੋਂ ਉਹ ਆਗਰੇ ਆ ਟਿਕਿਆ ਤੇ ਬਿਜਲੀ ਘਰ ਵਿਚ ਨੌਕਰੀ ਕਰ ਲਈ। ਹੁਣ ਉਹ ਬੀæਐਸਸੀæ ਕਰ ਕੇ ਸੁਪਰਵਾਈਜ਼ਰ ਬਣਨਾ ਚਾਹੁੰਦਾ ਸੀ। ਰਾਮੇਸ਼ਵਰ ਕਾਲਜ ਦੀ ਕਿਸੇ ਕੁੜੀ ਨਾਲ ਕਦੀ ਕੋਈ ਗੱਲ ਨਹੀਂ ਸੀ ਕਰਦਾ। ਬਿਲਕੁਲ ਕਾਲੀਆਂ ਐਨਕਾਂ ਲਾ ਕੇ ਉਹ ਜਿੱਧਰ ਦੇਖਦਾ, ਦੇਖੀ ਜਾਂਦਾ। ਮੁੰਡੇ ਕੁੜੀਆਂ ਨੇ ਉਹਦਾ ਨਾਂ ਰਾਜੇਸ਼ ਖੰਨਾ ਧਰ ਲਿਆ। ਹਰ ਸ਼ਨਿਚਰਵਾਰ ਸ਼ਾਮ ਨੂੰ ਉਹ ਵਧੀਆ ਕੱਪੜੇ ਪਾਉਂਦਾ, ਸੈਂਟ ਲਾਉਂਦਾ, ਬੂਟ ਚਮਕਾਉਂਦਾ ਤੇ ਮੈਨੂੰ ਕਹਿੰਦਾ, “ਅਬੇ ਸਰਦਾਰ ਜੀ! ਤੁਮ ਕਿਤਾਬੀ ਕੀੜੇ ਐਸੇ ਹੀ ਮਰ ਜਾਉਗੇæææਚਲਤੇ ਹੋ ਆਜ ਫੁਰਸਤ ਕੇ ਪਲ ਬਿਤਾਨੇ?”
ਕਈ ਵਾਰੀ ਅਸੀਂ ਲੜ-ਭਿੜ ਵੀ ਪੈਂਦੇ। ਥੋੜ੍ਹੇ ਚਿਰ ਮਗਰੋਂ ਹੀ ਉਹ ਕਾਲੀਆਂ ਐਨਕਾਂ ਲਾ ਕੇ, ਮੂੰਹ ਬਣਾ ਕੇ ਰਾਜੇਸ਼ ਖੰਨੇ ਦਾ ਕੋਈ ਪਾਪੂਲਰ ਡਾਇਲਾਗ ਬੋਲਦਾ ਜਿਸ ਵਿਚ ਉਹ ਐਵੇਂ ਹੀ ‘ਸਰਦਾਰ ਜੀ’ ਸ਼ਾਮਿਲ ਕਰ ਲੈਂਦਾ ਤੇ ਅੰਤ ਵਿਚ ਕਹਿੰਦਾ, “ਉਹੀ ਬੜਾ ਹੋਂਦਾ ਸਰਦਾਰ ਜੀ, ਜੋ ਲੜਾਈ ਕਰ ਕੇ ਪਹਲੇ ਬੁਲੰਦਾ।” ਮੈਨੂੰ ਵੀ ਹਾਸਾ ਆ ਜਾਂਦਾ। ਉਹ ਕਹਿੰਦਾ, “ਚੱਲ ਬੇ ਚੁਕੜੀਆ ਕੇ ਆਸ਼ਕ! ਤੁਮਹੇਂ ਫ਼ਿਲਮ ਦਿਖਾਊਂ।” ਚੁਕੜੀਆ ਉਹ ਚੰਨੀ ਨੂੰ ਕਹਿੰਦਾ ਸੀ। ਚੰਨੀ ਹਮੇਸ਼ਾ ਉਹਨੂੰ ‘ਬੜੇ ਭਾਈ ਸਾਹਿਬ’ ਹੀ ਕਹਿੰਦੀ ਤੇ ਮੈਨੂੰ ‘ਭਾਅ ਜੀ।’
ਬੀæਐਸਸੀæ ਫਾਈਨਲ ਦੇ ਪੇਪਰਾਂ ਮਗਰੋਂ ਵੀ ਅਸੀਂ ਇਕੱਠੇ ਹੀ ਰਹਿੰਦੇ ਰਹੇ। ਇਕ ਦਿਨ ਅਚਾਨਕ ਉਹਦੇ ਬਿਰਧ ਮਾਂ-ਬਾਪ ਆ ਗਏ। ਉਹਦੀ ਮਾਂ ਤਾਂ ਉਹਨੂੰ ਲਿਪਟ ਕੇ ਬਹੁਤ ਰੋਈ ਤੇ ਪਿਉ ਪਰਨੇ ਨਾਲ ਅੱਖਾਂ ਪੂੰਝਦਾ ਰਿਹਾ। ਰਾਮੇਸ਼ਵਰ ਵੀ ਪੰਘਰ ਗਿਆ ਤੇ ਰੋਂਦਾ ਰਿਹਾ। ਉਹ ਕੁਝ ਦਿਨਾਂ ਦੀ ਛੁੱਟੀ ਲੈ ਕੇ ਉਨ੍ਹਾਂ ਨਾਲ ਚਲਾ ਗਿਆ ਤੇ ਮਕਾਨ ਮੈਨੂੰ ਸੰਭਾਲ ਗਿਆ।
ਦੋ ਹਫ਼ਤੇ ਮਗਰੋਂ ਫੋਰ ਵ੍ਹੀਲਰ ਸੱਠ ਬਲਾਕ ਦੇ ਸਾਹਮਣੇ ਆ ਕੇ ਰੁਕਿਆ। ਮੈਂ ਇਕੱਲ ਦਾ ਮਾਰਿਆ ਬਾਰੀ ‘ਚ ਖੜ੍ਹਾ ਬਾਹਰ ਦੇਖ ਰਿਹਾ ਸਾਂ। ਰਾਮੇਸ਼ਵਰ ਦੇ ਨਾਲ ਸਾੜ੍ਹੀ ‘ਚ ਲਿਪਟੀ ਇਕ ਔਰਤ ਵੀ ਟੈਂਪੂ ‘ਚੋਂ ਉਤਰੀ। ਮੈਂ ਦੌੜ ਕੇ ਉਨ੍ਹਾਂ ਕੋਲ ਪੁੱਜਾ ਤੇ ਰਾਮੇਸ਼ਵਰ ਨੂੰ ਲਿਪਟ ਗਿਆ। ਉਹ ਬੋਲਿਆ, “ਦੇਖ, ਤੇਰੀ ਭਾਬੀ ਲਾਇਆ ਹੂੰæææਕੈਸੀ ਲਗਤੀ ਹੈ? ਹੈ ਨਾ ਚਾਂਦ ਕਾ ਟੁਕੜਾæææਬਸ ਅਬ ਬੱਤੀ ਬੰਦ ਕਰ ਕੇ ਇਸੀ ਕੀ ਰੌਸ਼ਨੀ ਮੇਂ ਪੜ੍ਹਨਾ।” ਮੈਂ ਉਹਦੀ ਘਰਵਾਲੀ ਵੱਲ ਦੇਖਿਆ। ਸਚਮੁੱਚ ਮੇਰੀਆਂ ਅੱਖਾਂ ਚੁੰਧਿਆ ਗਈਆਂ। ਉਹ ਨਿਰਾ ਨੂਰ ਸੀ। ਐਨੀ ਖੁਬਸੂਰਤ! ਮੈਂ ਦੇਖਦਾ ਹੀ ਰਹਿ ਗਿਆ। ਮੈਂ ਹੱਸ ਕੇ ਕਿਹਾ, “ਵਾਹ! ਵਾਹ!! ਇਨ੍ਹੇ ਕਹਾਂ ਸੇ ਉਡਾ ਲਾਇਆ?”
ਉਹਦਾ ਦਾਜ ਦਾ ਸਾਰਾ ਸਮਾਨ ਕਵਾਰਟਰ ਵਿਚ ਚੜ੍ਹਾ ਕੇ ਮੈਂ ਆਪਣਾ ਮੰਜਾ ਬਾਹਰ ਕੱਢਣ ਲੱਗਾ ਤਾਂ ਉਹਨੇ ਮੇਰਾ ਹੱਥ ਫੜ ਲਿਆ, “ਯੇ ਕਿਆ?”
“ਮੈਂ ਆਪਣਾ ਸਾਮਾਨ 104 ਵਿਚ ਲੈ ਜਾਂਦਾ ਹਾਂ।” ਉਪਰੋਂ ਖੁਸ਼ ਤੇ ਅੰਦਰੋਂ ਟੁੱਟ ਕੇ ਮੈਂ ਕਿਹਾ। ਉਹਨੇ ਮੇਰੀ ਪਿੱਠ ‘ਤੇ ਧੱਫ਼ਾ ਮਾਰਿਆ ਤੇ ਬੋਲਿਆ, “ਦੋ ਕਮਰੇ ਅਪਨੇ ਪਾਸ ਹੈਂ; ਤੁਮ ਕਹੀਂ ਨਹੀਂ ਜਾਓਗੇ। ਮੈਂ ਤੁਮ੍ਹਾਰਾ ਬੜਾ ਭਾਈ ਹੂੰ। ਯੇ ਤੁਮ੍ਹਾਰੀ ਭਾਬੀ ਹੈ। ਤੁਮ ਇਸ ਕੇ ਦੇਵਰ ਹੋ। ਸਮਝੇ? ਕਿਆ ਹੋ ਗਯਾ ਹੈ ਤੁਮ੍ਹੇਂ ਮੇਰੇ ਪਿਆਰੇ ਬਾਡੀਗਾਰਡ?” ਉਹਦਾ ਪਿਆਰ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਪਰ ਉਸ ਕੋਲ ਰਹਿਣਾ ਹੁਣ ਸੰਭਵ ਨਹੀਂ ਸੀ। ਮੈਂ ਘਰ ਜਾ ਕੇ ਵੀਰ ਜੀ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੂੰ ਘਰ ਬੁਲਾ ਕੇ ਰੋਟੀ ਕੀਤੀ। ਪਿਆਜ ਦੀ ਥਾਂ ਹਿੰਗ ਵਰਤੀ। ਉਹ ਬਹੁਤ ਖੁਸ਼ ਹੋਏ। ਵੀਰ ਜੀ ਅਤੇ ਭਾਬੀ ਨੇ ਉਨ੍ਹਾਂ ਨੂੰ ਸ਼ਗਨ ਦਿੱਤਾ। ਮਗਰੋਂ ਮੈਂ ਉਹਨੂੰ ਬਹੁਤ ਜ਼ੋਰ ਲਾਇਆ ਕਿ ਉਹ ਮੇਰੇ ਨਾਲ ਹੀ ਆਰæਬੀæਐਸ਼ ਕਾਲਜ ਵਿਚ ਐਮæਐਸਸੀæ ਕਰੇ ਪਰ ਉਹ ਹੱਸ ਕੇ ਟਾਲ ਗਿਆ। ਸੰਨ 1969 ਤੱਕ ਅਸੀਂ ਉਸੇ ਤਰ੍ਹਾਂ ਮਿਲਦੇ-ਵਰਤਦੇ ਰਹੇ। ਉਹਦੀ ਪਤਨੀ ਮਦਾਲਸਾ ਨੇ ਉਹਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ। ਉਹਦੇ ਦੋ ਬੱਚੇ ਹੋ ਗਏ ਸਨ। ਉਹ ਸੁਪਰਵਾਈਜ਼ਰ ਬਣ ਗਿਆ ਸੀ। ਮੈਂ ਹਿਸਾਰ ਜਾ ਕੇ ਸੀæਆਰæ ਕਾਲਜ ਆਫ ਐਜੂਕੇਸ਼ਨ ਵਿਚ ਨੌਕਰੀ ਕਰਨ ਲੱਗਾ। ਕੁਝ ਸਮੇਂ ਮਗਰੋਂ ਉਹਨੂੰ ਖ਼ਤ ਲਿਖਿਆ ਪਰ ਖ਼ਤ ਵਾਪਸ ਆ ਗਿਆ। ਬਿਜਲੀ ਘਰ ਤੋਂ ਨੌਕਰੀ ਛੱਡ ਕੇ ਉਹ ਕੋਟੇ (ਰਾਜਸਥਾਨ) ਕਿਸੇ ਉਚੇ ਅਹੁਦੇ ‘ਤੇ ਜਾ ਲੱਗਾ ਸੀ। ਇਹ ਗੱਲ ਮੈਨੂੰ ਵੀਰ ਜੀ ਤੋਂ ਪਤਾ ਲੱਗੀ। ਮੈਂ ਕਿੰਨਾ ਮੂਰਖ ਹਾਂ, ਉਸ ਕੋਲੋਂ ਕਾਨਪੁਰ ਦਾ ਜੱਦੀ ਪਤਾ ਵੀ ਨਾ ਲੈ ਸਕਿਆ ਤੇ ਹੁਣ ਤੱਕ ਉਹਨੂੰ ਲੱਭ ਵੀ ਨਾ ਸਕਿਆ।
ਹੁਣ ਜਦੋਂ ਮਿੱਤਰਾਂ ਤੋਂ ਨਿਰਾਸ਼ਾ ਹੁੰਦੀ ਹੈ ਤਾਂ ਉਹ ਬਹੁਤ ਯਾਦ ਆਉਂਦਾ ਹੈ। ਮੈਂ ਥੋੜ੍ਹਾ ਜਿਹਾ ਰੋਂਦਾ ਹਾਂ ਤੇ ਫਿਰ ਉਹਨੂੰ ਯਾਦ ਕਰ ਕੇ ਮੁਸਕਰਾਉਂਦਾ ਹਾਂ।
(ਚਲਦਾ)

Be the first to comment

Leave a Reply

Your email address will not be published.