ਗੁਰਨਾਮ ਕੌਰ, ਕੈਨੇਡਾ
ਮਹਾਨ ਗਰੀਕ ਫਿਲਾਸਫਰ ਪਲੈਟੋ ਨੇ ‘ਦਾ ਰੀਪਬਲਿਕ’ ਵਿਚ ‘ਫ਼ਿਲਾਸਫ਼ਰ ਕਿੰਗ’ ਦਾ ਵਿਚਾਰ 375 ਬੀ.ਸੀ. ਵਿਚ ਦਿੰਦਿਆਂ ਕਿਹਾ ਸੀ ਕਿ ਇੱਕ ਨਿਆਂਸ਼ੀਲ ਸਿਟੀ-ਸਟੇਟ ਸਥਾਪਤ ਕਰਨ ਲਈ ਜ਼ਰੂਰੀ ਹੈ ਕਿ ਰਾਜ-ਕਰਤਾ/ਸ਼ਾਸਕ ਵਿਚ ਰਾਜਨੀਤਕ ਸ਼ਕਤੀ ਦੇ ਨਾਲ-ਨਾਲ ਦਾਰਸ਼ਨਿਕ ਸਿਆਣਪ ਵੀ ਹੋਵੇ,
ਜਿਨ੍ਹਾਂ ਨੂੰ ਸੱਚ ਦੀ ਪੂਰੀ ਡੂੰਘੀ ਸਮਝ ਹੋਵੇ; ਇਸ ਲਈ ਫ਼ਿਲਾਸਫ਼ਰ ਰਾਜਕਰਤਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਟੇਟ ਦੇ ਹਿਤ ਵਿਚ ਕੰਮ ਕਰੇਗਾ, ਆਪਣੇ ਨਿਜੀ ਹਿਤਾਂ ਲਈ ਨਹੀਂ। ਅਲੀ ਲਾਰੀਜਾਨੀ ਵਿਚ ਕੁੱਝ ਇਸੇ ਤਰ੍ਹਾਂ ਦੇ ਗੁਣਾਂ ਦਾ ਸੁਮੇਲ ਸੀ ਕਿ ਉਹ ਸਿਆਸਤਦਾਨ ਹੋਣ ਦੇ ਨਾਲ-ਨਾਲ ਫ਼ਲਸਫ਼ੇ, ਖਾਸ ਕਰਕੇ ਪੱਛਮੀ ਫ਼ਲਸਫ਼ੇ ਦੀ ਡੂੰਘੀ ਸਮਝ ਰੱਖਦਾ ਸੀ; ਪੱਛਮੀ ਫ਼ਲਸਫ਼ੇ ਵਿਚ ਪਲੈਟੋ ਤੋਂ ਵੀ ਪਹਿਲਾਂ ਥੇਲਜ ਤੋਂ ਸ਼ੁਰੂ ਹੋ ਕੇ ਯੂਨਾਨੀ ਫ਼ਲਸਫ਼ਾ ਜੋ ਪੱਛਮੀ ਫ਼ਲਸਫ਼ੇ ਦੀ ਮਾਂ ਹੈ ਅਤੇ ਮੌਜੂਦਾ ਸਮੇਂ ਤੱਕ ਦੀ ਪੱਛਮੀ ਵਿਚਾਰਧਾਰਾ ਸ਼ਾਮਲ ਹੈ। ਅਲੀ ਅਰਦਾਸ਼ੀਰ ਲਾਰੀਜਾਨੀ ਈਰਾਨ ਦਾ ਬਹੁਤ ਹੀ ਨਾਮਵਰ ਸਿਆਸਤਦਾਨ ਸੀ ਜਿਸ ਦਾ ਸ਼ੁਮਾਰ ਈਰਾਨ ਦੇ ਸਿਰਕੱਢ ਲੀਡਰਾਂ ਵਿਚ ਹੁੰਦਾ ਸੀ (ਜੋ 16 ਅਤੇ 17 ਮਾਰਚ ਦੀ ਰਾਤ ਨੂੰ ਅਮਰੀਕਾ-ਇਜ਼ਰਾਈਲ ਦੇ ਹਮਲੇ ਵਿਚ ‘ਹੈ’ ਤੋਂ ‘ਸੀ’ ਹੋ ਗਿਆ)। ਅਲੀ ਲਾਰੀਜਾਨੀ ਇੱਕ ਸਿਆਸਤਦਾਨ, ਫ਼ੌਜੀ ਅਫਸਰ ਅਤੇ ਫ਼ਿਲਾਸਫ਼ਰ ਸੀ, ਜੋ ਸੁਪਰੀਮ ਨੈਸ਼ਨਲ ਕੌਂਸਲ ਦਾ 2025 ਤੋਂ ਆਪਣੀ ਸ਼ਹਾਦਤ 17 ਮਾਰਚ 2026 ਤੱਕ ਸਕੱਤਰ ਸੀ।
ਅਲੀ ਲਾਰੀਜਾਨੀ ਦਾ ਜਨਮ ਕੇਂਦਰੀ ਇਰਾਕ ਦੇ ਸ਼ਹਿਰ ਨਜਾਫ ਵਿਚ 3 ਜੂਨ 1958 ਨੂੰ ਐਥਨਿਕ ਮਾਜ਼ਾਨੀ ਮੂਲ ਦੇ ਲਾਰੀਜਾਨੀ ਪਰਿਵਾਰ ਵਿਚ ਹੋਇਆ। ਲਾਰੀਜਾਨੀ ਨੂੰ ਬਹੁਤ ਹੀ ਸ਼ਕਤੀਸ਼ਾਲੀ ਨੇਤਾ ਮੰਨਿਆ ਜਾਂਦਾ ਸੀ। ਉਸ ਦਾ ਪਰਿਵਾਰ ਧਾਰਮਿਕ ਸ਼ੀਆ ਕੁਲੀਨ ਵਰਗ ਨਾਲ ਸਬੰਧਤ ਸੀ ਅਤੇ ਉਸ ਦੇ ਪਿਤਾ ਹਾਸ਼ਿਮ ਲਾਰੀਜਾਨੀ ਸ਼ੀਆ ਇਸਲਾਮ ਦੀ ਸ਼ਾਖਾ ਟਵੈਲਵਰ ਵਿਚ ਸਥਾਪਤ ਧਾਰਮਿਕ ਹਸਤੀ ਸੀ ਅਤੇ ਪਰਿਵਾਰ ਈਰਾਨ ਦੇ ਪ੍ਰਾਂਤ ਮਾਦਾਨਦਾਰਾਨ ਦੇ ਸ਼ਹਿਰ ਅਮੋਲ ਵਿਚ ਸਥਾਪਤ ਸੀ ਪ੍ਰੰਤੂ ਰੇਜ਼ਾਸ਼ਾਹ ਦੇ ਦਬਾਉ ਕਾਰਨ ਅਲੀ ਲਾਰੀਜਾਨੀ ਦੇ ਮਾਤਾ-ਪਿਤਾ ਨੂੰ 1931 ਵਿਚ ਨਾਜਾਫ ਵਿਚ ਜਾਣਾ ਪਿਆ। ਉਹ ਈਰਾਨ ਵਿਚ ਵਾਪਸ 1961 ਵਿਚ ਆਏ। ਰੇਜ਼ਾਸ਼ਾਹ ਦੇ ਰਾਜਕਾਲ ਦੇ ਆਖਰੀ ਵਰਿ੍ਹਆਂ ਵਿਚ ਲਾਰੀਜਾਨੀ ਖਾਨਦਾਨ ਦੇ ਲੋਕਾਂ, ਸਮੇਤ ਹਾਸ਼ਿਮ ਲਾਰੀਜਾਨੀ, ਨੂੰ ਕੁਰਦਾਂ ਦੀ ਬਹੁ-ਸੰਖਿਆ ਵਾਲੇ ਉੱਤਰੀ-ਪੱਛਮੀ ਈਰਾਨ ਦੇ ਇਲਾਕੇ ਦੇ ਸ਼ਹਿਰ ਬੁਕਾਨ ਅਤੇ ਸਾਰਦਾਸ਼ਾਤ ਵਿਚ ਜਲਾਵਤਨ ਕਰ ਦਿੱਤਾ ਗਿਆ। ਅਲੀ ਲਾਰੀਜਾਨੀ ਨੇ ਕੌਮ ਸੈਮੀਨਰੀ ਤੋਂ ਗਰੈਜੂਏਸ਼ਨ ਕੀਤੀ, ਆਰੀਆਮੇਹਰ ਯੂਨੀਵਰਸਿਟੀ ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਅਤੇ ਮੈਥੇਮੈਟਿਕਸ ਦੀ ਬੈਚਲਰ ਡਿਗਰੀ ਕੀਤੀ; ਤਹਿਰਾਨ ਯੂਨੀਵਰਸਿਟੀ ਤੋਂ ਪੱਛਮੀ ਫ਼ਿਲਾਸਫ਼ੀ ਵਿਚ ਮਾਸਟਰ ਡਿਗਰੀ ਅਤੇ ਪੀ.ਐਚਡੀ ਕੀਤੀ ਅਤੇ ਪੀ.ਐਚਡੀ ਵੀ ਬਹੁਤ ਔਖੇ ਮੰਨੇ ਜਾਂਦੇ ਸਿਧਾਂਤਕਾਰ ਜਰਮਨ ਫਿਲਾਸਫਰ ਇਮੈਨੁਅਲ ਕਾਂਟ `ਤੇ ਕੀਤੀ। ਭਾਵੇਂ ਆਪ ਉਹ ਸ਼ੁਰੂ ਵਿਚ ਆਪਣਾ ਅਧਿਐਨ ਕੰਪਿਊਟਰ ਸਾਇੰਸ ਵਿਚ ਜਾਰੀ ਰੱਖਣਾ ਚਾਹੁੰਦਾ ਸੀ ਪਰ ਆਪਣੇ ਹੋਣ ਵਾਲੇ ਸਹੁਰਾ ਸਾਹਿਬ ਮੋਰਤਜਾ ਮੋਤਾਹਾਰੀ ਦੇ ਜ਼ੋਰ ਪਾਉਣ `ਤੇ ਉਸ ਨੇ ਪੱਛਮੀ ਫ਼ਲਸਫ਼ੇ ਦਾ ਅਧਿਐਨ ਕੀਤਾ ਅਤੇ ਇਮੈਨੂਅਲ ਕਾਂਟ ਅਤੇ ਸਾਉਲ ਕਰਿਪਕੇ, ਡੇਵਿਡ ਲਿਊਸ `ਤੇ ਕਿਤਾਬਾਂ ਲਿਖੀਆਂ। ਉਹ ਤਹਿਰਾਨ ਯੂਨੀਵਰਸਿਟੀ ਦੇ ‘ਸਕੂਲ ਆਫ ਲਿਟਰੇਚਰ ਐਂਡ ਹਿਊਮੈਨਿਟੀ’ ਦਾ ਫੈਕਲਟੀ ਮੈਂਬਰ ਸੀ। ਉਸ ਦੀਆਂ ਲਿਖੀਆਂ ਪੁਸਤਕਾਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਸਾਲ 2004, ‘ਦਾ ਮੈਥੇਮੈਟੀਕਲ ਮੈਥਡ ਇਨ ਕਾਂਟ’ਸ ਫ਼ਿਲਾਸਫ਼ੀ’, ਯੂਨੀਵਰਸਿਟੀ ਆਫ ਤਹਿਰਾਨ ਨੇ ਛਾਪੀ (ਕਾਂਟੀਅਨ ਅਪਿਸਟੇਮਾਲੋਜੀ);
2. ਸਾਲ 2004, ‘ਮੈਟਾਫਿਜ਼ਿਕਸ ਐਂਡ ਦਾ ਇਗਜੈLਕਟ ਸਾਇੰਸ ਇਨ ਕਾਂਟ’ਸ ਫ਼ਿਲਾਸਫ਼ੀ’, ਅਮੀਰ ਕਬੀਰ ਪਬਲੀਕੇਸ਼ਨ, (ਕਾਂਟ ਐਂਡ ਸਾਇੰਸ);
3. ਸਾਲ 2004, ‘ਇੰਟਿਊਸ਼ਨ ਐਂਡ ਦਾ ਸਿੰਥੈਟਿਕ ਏ ਪਰਿਉਰੀ ਜੱਜਮੈਂਟਸ ਇਨ ਕਾਂਟ’ਸ ਫ਼ਿਲਾਸਫ਼ੀ’, ਹੇਰਮੇਸ ਪਬਲੀਕੇਸ਼ਨਜ਼ (ਕਾਂਟੀਅਨ ਮੈਟਾਫਿਜ਼ਿਕਸ);
4. ਸਾਲ 2005, ‘ਫਰੈਸ਼ ਏਅਰ’, ਇਹ ਵੱਖ-ਵੱਖ ਲੇਖਾਂ ਦਾ ਸੰਗ੍ਰਹਿ ਹੈ ਜਿਸ ਨੂੰ ‘ਇਸਲਾਮਿਕ ਕਲਚਰ ਪਬਲੀਕੇਸ਼ਨ ਹਾਊਸ’ ਨੇ ਛਾਪਿਆ।
5. ਸਾਲ 2005, ‘ਰੀਜ਼ਨ ਐਂਡ ਟਰੈਂਕੁਇਲਟੀ ਇਨ ਗਵਰਨੈਂਸ’, ਯੂਨੀਵਰਸਿਟੀ ਆਫ ਤਹਿਰਾਨ ਪ੍ਰੈਸ, (ਪੋਲੀਟੀਕਲ ਫਿਲਾਸਫੀ)
ਅਲੀ ਲਾਰੀਜਾਨੀ ਬਹੁਤ ਹੀ ਸ਼ਕਤੀਸ਼ਾਲੀ ਮਨੁੱਖ ਸੀ ਜਿਸ ਦੀ ਇਸਲਾਮਿਕ ਰੀਪਬਲਿਕ ਵਿਚ ਚੜ੍ਹਤ 1981 ਵਿਚ ‘ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੌਰਪਸ’ (ਆਈ ਆਰ ਜੀ ਸੀ) ਵਿਚ ਸ਼ਾਮਲ ਹੋਣ ਤੋਂ ਬਾਅਦ ਹੋਈ। ਉਹ ‘ਇਸਲਾਮਿਕ ਰੈਵੋਲੂਸ਼ਨਰੀ ਕੌਰਪਸ’ ਦਾ ਕਮਾਂਡਰ ਵੀ ਰਿਹਾ ਅਤੇ ਉਸ ਨੂੰ 1980-88 ਵਿਚ ਈਰਾਨ-ਇਰਾਕ ਯੁੱਧ ਦਾ ਤਜਰਬਾ ਵੀ ਸੀ। ਉਹ ‘ਲੇਬਰ ਐਂਡ ਸੋਸ਼ਲ ਅਫੇਅਰਜ਼’ ਡਿਪਾਰਟਮੈਂਟ ਦਾ ਡਿਪਟੀ ਮਨਿਸਟਰ ਰਿਹਾ, ਪਿੱਛੋਂ ‘ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੌਜੀ’ ਵਿਭਾਗ ਵਿਚ ਡਿਪਟੀ ਮਨਿਸਟਰ ਰਿਹਾ; ਮਾਰਚ 1994 ਵਿਚ ਉਸ ਨੂੰ ਇਸਲਾਮਿਕ ਰਿਪਬਲਿਕ ਆਫ ਬਰਾਡਕਾਸਟਿੰਗ’ (ਆਈ ਆਰ ਆਈ ਬੀ) ਦਾ ਮੁਖੀ ਬਣਾ ਦਿੱਤਾ ਗਿਆ। ਉਹ ਈਰਾਨ ਦੀ ਪਾਰਲੀਮੈਂਟ ਵਿਚ 2008 ਤੋਂ 2020 ਤੱਕ ਸਪੀਕਰ ਰਿਹਾ। ਉਸ ਨੇ ‘ਐਕਸਪੀਡੀਐਂਸੀ ਕੌਂਸਲ’ ਵਿਚ ਪਹਿਲਾਂ 1997 ਤੋਂ 2008 ਤੱਕ ਸੇਵਾ ਕੀਤੀ ਅਤੇ ਫਿਰ 2008 ਤੋਂ 2020 ਤੱਕ ਇਸ ਦਾ ਮੈਂਬਰ ਰਿਹਾ। ਅਲੀ ਲਾਰੀਜਾਨੀ ਨੂੰ ਈਰਾਨ ਦੇ ਸੁਪਰੀਮ ਨੇਤਾ ਅਲੀ ਖਾਮਨੇਈ ਦਾ ਸਕਿਉਰਿਟੀ ਐਡਵਾਈਜ਼ਰ 2004 ਵਿਚ ਬਣਾਇਆ ਗਿਆ ਅਤੇ ਉਹ ਸੁਪਰੀਮ ਨੇਤਾ ਅਲੀ ਖਾਮਨੇਈ ਦੀ ਕੌਂਸਲ ਦੇ ਦੋ ਪ੍ਰਤੀਨਿਧੀਆਂ ਵਿਚੋਂ ਇੱਕ ਸੀ; ਦੂਸਰਾ ਹਸਨ ਰੌਹਾਨੀ। ਸਕੱਤਰ ਦੇ ਔਹਦੇ `ਤੇ ਹੁੰਦਿਆਂ ਨੈਸ਼ਨਲ ਸਕਿਉਰਟੀ ਜਿਸ ਵਿਚ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਵੀ ਸ਼ਾਮਲ ਹੈ, ਦਾ ਪ੍ਰਮੁੱਖ ਵਾਰਤਾਕਾਰ ਅਤੇ ਵਿਚੋਲਾ ਸੀ। ਉਹ ‘ਸੁਪਰੀਮ ਕੌਂਸਲ ਆਫ ਕਲਚਰ ਰੈਵੋਲੂਸ਼ਨ’ ਦਾ ਵੀ ਮੈਂਬਰ ਸੀ।
ਸ਼ਾਇਦ ਇਹ ਅਲੀ ਲਾਰੀਜਾਨੀ ਵਰਗੇ ਸੂਝਵਾਨ ਸਿਆਸਤਦਾਨਾਂ ਦੀ ਸਿਆਣੀ ਸੋਚ ਦਾ ਹੀ ਨਤੀਜਾ ਹੈ ਕਿ ਯੂਨੈਸਕੋ ਦੀ ‘ਇੰਸਟੀਚਿਊਟ ਫਾਰ ਸਟੈਟੇਸਟਿਕਸ’ ਤੋਂ ਵਰਲਡ ਬੈਂਕ ਦੇ ਲਏ ਡਾਟੇ ਅਨੁਸਾਰ 1976 ਵਿਚ, ਮਹਿਜ਼ ਈਰਾਨੀਅਨ ਰੈਵੋਲੂਸ਼ਨ ਤੋਂ ਪਹਿਲਾਂ ਬਾਲਗ ਇਸਤ੍ਰੀ ਸਿੱਖਿਆ ਦਾ ਰੇਟ 35.5% ਸੀ ਜਦ ਕਿ ਪੁਰਸ਼ਾਂ ਦੀ ਸਿੱਖਿਆ 61.8% ਸੀ ਜਿਸ ਤੋਂ ਸਮਾਜਿਕ ਬਰਾਬਰੀ ਵਿਚ ਬਹੁਤ ਗਹਿਰੇ ਅੰਤਰ ਦਾ ਸੰਕੇਤ, ਖਾਸ ਕਰਕੇ ਪੇਂਡੂ ਇਲਾਕਿਆਂ ਵਿਚ ਸਪਸ਼ਟ ਦਿਸਦਾ ਹੈ ਜਿੱਥੇ ਕੁੜੀਆਂ ਲਈ ਸਿੱਖਿਆ ਪ੍ਰਾਪਤੀ ਦੇ ਸਾਧਨਾਂ ਤੱਕ ਪਹੁੰਚ ਬਹੁਤ ਸੀਮਤ ਸੀ। ਸਾਮਾਨੀ ਬਿਸਵਾਸ ਦੀ 5 ਮਾਰਚ 2026 ਨੂੰ ਫਾਈਨਲ ਕੀਤੀ ਰਿਪੋਰਟ ਅਨੁਸਾਰ ਪਿਛਲੇ 50 ਸਾਲ ਵਿਚ ਸਰਕਾਰ ਦੀ ਪਹਿਲਕਦਮੀ ਅਤੇ ਬਦਲਦੇ ਹੋਏ ਸਮਾਜਿਕ ਰਵੱਈਏ ਕਾਰਨ ਲੜਕੀਆਂ ਦੀ ਸਿੱਖਿਆ ਵਿਚ ਬਹੁਤ ਮਹੱਤਵਪੂਰਨ ਤਰੱਕੀ ਹੋਈ ਹੈ। 15 ਤੋਂ 24 ਸਾਲ ਦੀ ਉਮਰ ਦੀਆਂ ਲੜਕੀਆਂ ਦੀ ਸਿੱਖਿਆ ਅਤੇ ਕੰਪਿਊਟਰ ਮੁਹਾਰਤ ਵਿਚ 42% ਦਾ ਵਾਧਾ ਹੋਇਆ ਹੈ; ਰੈਵੋਲੂਸ਼ਨ ਤੋਂ ਬਾਅਦ 1979 ਵਿਚ ਸਰਕਾਰ ਨੇ ਲੜਕੀਆਂ ਦੀ ਸਿੱਖਿਆ ਦੇ ਬੁਨਿਆਦੀ ਢਾਂਚੇ ਵਿਚ ਬੇਹੱਦ ਸੁਧਾਰ ਕੀਤਾ ਹੈ ਖਾਸ ਕਰਕੇ ਲੜਕੀਆਂ ਦੇ ਉਸ ਪੇਂਡੂ ਤਬਕੇ ਲਈ ਬਹੁਤ ਉਪਰਾਲੇ ਕੀਤੇ ਗਏ ਜਿਨ੍ਹਾਂ ਦੀ ਸਿੱਖਿਆ ਤੱਕ ਪਹੁੰਚ ਬਹੁਤ ਮੁਸ਼ਕਿਲ ਸੀ। ਈਰਾਨੀਅਨ ਨੈਸ਼ਨਲ ਸੈਂਸਜ਼ `ਤੇ ਅਧਾਰਤ ਮਿਡਲ ਇੰਸਟੀਚਿਊਟ ਅਨੁਸਾਰ 1976 ਵਿਚ 15+ ਉਮਰ ਦੀਆਂ ਲੜਕੀਆਂ ਵਿਚ ਸਿੱਖਿਆ ਦਾ ਅਨੁਪਾਤ 35.5% ਸੀ ਅਤੇ 15 ਤੋਂ 24 ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਦੀ ਸਿੱਖਿਆ ਦਾ ਅਨੁਪਾਤ 42.1% ਸੀ ਜੋ 1986 ਵਿਚ 15+ ਲੜਕੀਆਂ ਦੀ ਸਿੱਖਿਆ ਵਧ ਕੇ 52.1% ਹੋ ਗਈ ਅਤੇ 15-24 ਉਮਰ ਦਾ 65.6% ਹੋ ਗਿਆ; 1991 ਵਿਚ ਕ੍ਰਮਵਾਰ 56.2% ਅਤੇ 81.2% ਅਤੇ 1996 ਵਿਚ 74.2% ਅਤੇ 90.6% ਹੋ ਗਿਆ। ਯੁਨੈਸਕੋ ਦੀ ਰਿਪੋਰਟ ਅਨੁਸਾਰ ਨੌਜੁਆਨਾਂ ਦਾ ਸਾਖਰਤਾ ਰੇਟ ਯੁਨੀਵਰਸਲ ਪੱਧਰ ਤੱਕ ਪਹੁੰਚ ਗਿਆ ਹੈ ਜਿਹੜਾ 2016 ਵਿਚ 97.9%, 2022 ਵਿਚ 98.9% ਅਤੇ 2023 ਵਿਚ 99% ਹੋ ਗਿਆ।
ਕਿਸੇ ਵਿਅਕਤੀ ਵਿਸ਼ੇਸ਼ ਦੇ ਅਸਲੀ ਗੁਣਾਂ ਦਾ ਪਤਾ ਉਦੋਂ ਲਗਦਾ ਹੈ ਜਦੋਂ ਵਿਰੋਧੀ ਖੇਮੇ ਵਿਚ ਵੀ ਉਨ੍ਹਾਂ ਦੀ ਚਰਚਾ ਚੱਲੇ। ਅਲੀ ਲਾਰੀਜਾਨੀ ਦਾ ਕਤਲ ਤਹਿਰਾਨ ਵਿਚ ਇਜ਼ਰਾਈਲ ਦੇ ਹਵਾਈ ਹਮਲਿਆਂ ਦੀ ਲੜੀ ਵਿਚ ਹੋ ਗਿਆ ਜੋ ਕਿ ਈਰਾਨ ਦੇ ਉਚ-ਅਹੁਦੇਦਾਰਾਂ ਨੂੰ ਕਤਲ ਕਰਨ ਲਈ ਇਜ਼ਰਾਈਲ-ਅਮਰੀਕਾ ਨੇ ਕੀਤੇ ਹੋਏ ਹਨ। ਉਸ ਦੀ ਮੌਤ 28 ਫਰਵਰੀ 2026 ਤੋਂ ਅਮਰੀਕਾ ਇਜ਼ਰਾਈਲ ਵੱਲੋਂ ਅਰੰਭ ਕੀਤੇ ਯੁੱਧ ਦਾ ਹਿੱਸਾ ਹੈ। ਅਲੀ ਲ਼ਾਰੀਜਾਨੀ ਉਨ੍ਹਾਂ ਦਾ ਨੰਬਰ ਇੱਕ ਨਿਸ਼ਾਨਾ ਸੀ ਅਤੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਕਤਲ ਤੋਂ ਬਾਅਦ ਇਹ ਸਭ ਤੋਂ ਉਚ ਅਹੁਦੇ ਦਾ ਅਫਸਰ ਸੀ ਜੋ ਕਤਲ ਕੀਤਾ ਗਿਆ। ਲਾਰੀਜਾਨੀ ਆਪਣੀ ਧੀ ਦੇ ਘਰ ਪੂਰਬੀ ਤਹਿਰਾਨ ਦੇ ਬਾਹਰਵਾਰ ਸੀ ਉਸ ਦੇ ਨਾਲ ਉਸ ਦਾ ਪੁੱਤਰ ਮੋਰਤਜ਼ਾ, ਉਸ ਦੇ ਸਰਕਾਰੀ ਦਫਤਰ ਦਾ ਮੁਖੀ ਅਫ਼ਸਰ ਅਲੀਰੇਜ਼ਾ ਬਾਇਆਤ, ਕੌਂਸਲ ਦੇ ਕੁਝ ਅਫਸਰ ਅਤੇ ਕਰਮਚਾਰੀ 16-17 ਮਾਰਚ ਵਿਚਲੀ ਰਾਤ ਦਿਨ ਮੰਗਲਵਾਰ ਨੂੰ ਇਜ਼ਰਾਈਲ-ਅਮਰੀਕਾ ਦੇ ਕੀਤੇ ਹਮਲੇ ਵਿਚ ਮਾਰੇ ਗਏ। ਉਸ ਦੀ ਮੌਤ ਉਪਰੰਤ ਅਮਰੀਕਾ ਦੇ ਨੈਸ਼ਨਲ ਕਾਊਂਟਰ-ਟੈਰੋਰਿਜ਼ਮ ਸੈਂਟਰ ਦੇ ਸਾਬਕਾ ਡਾਇਰੈਕਟਰ ਜੋਏ ਕੈਂਟ ਨੇ ਅਸਤੀਫ਼ਾ ਦੇ ਦਿੱਤਾ। ਜੋਏ ਕੈਂਟ ਅਮਰੀਕਾ ਦੀ ਆਰਮੀ ਸਪੈਸ਼ਲ ਫੋਰਸਜ਼ ਵਿਚ 20 ਸਾਲ ਦਾ ਤਜਰਬੇਕਾਰ ਅਫ਼ਸਰ, ਸਾਬਕਾ ਪੈਰਾਮਿਲਟਰੀ ਅਫ਼ਸਰ ਜੋ ਕਿ ਪਿਛੋਂ ਨੈਸ਼ਨਲ ਕਾਊਂਟਰ-ਟੈਰੋਰਿਜ਼ਮ ਏਜੰਸੀ ਦਾ ਡਾਇਰੈਕਟਰ ਸੀ, ਨੇ ਕੰਜ਼ਰਵੇਟਿਵ ਕੁਮੈਂਟੇਟਰ ਟੱਕਰ ਕਾਰਲਸਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਅਲੀ ਲਾਰੀਜਨ ਵਾਸ਼ਿੰਗਟਨ ਨਾਲ ਸਮਝੌਤੇ ‘ਤੇ ਗਲਬਾਤ ਕਰਨ ਲਈ ਉਤਸਕ ਸੀ। ਇਹ ਗੱਲ ਕੈਂਟ ਨੇ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਕਹੀ। ‘ਅਸੀਂ ਹੁਣੇ ਅਲੀ ਲਾਰੀਜਾਨੀ ਨੂੰ ਮਾਰ ਦਿੱਤਾ ਹੈ, ਤੂੰ ਜਾਣਦਾ ਹੈਂ, ਉਸ ਨੂੰ ਜਿਹੜਾ ਸਾਡੇ ਨਾਲ ਡੀਲ ਕਰਨ ਲਈ ਉਤਸਕ ਸੀ।’ ਕੈਂਟ ਇਸ ਗੱਲ `ਤੇ ਫਿਕਰ ਮਹਿਸੂਸ ਕਰ ਰਿਹਾ ਸੀ ਕਿ ਈਰਾਨ ਦੇ ਸੁਪਰੀਮ ਨੈਸ਼ਨਲ ਸਕਿਉਰਟੀ ਕੌਂਸਲ ਦੇ ਸੈਕਰੇਟਰੀ ਦਾ ਕਤਲ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੌਰਪਸ (ਆਈ ਆਰ ਜੀ ਸੀ) ਲਈ ਸਮਰਥਨ ਪ੍ਰਾਪਤ ਕਰ ਸਕਦਾ ਹੈ।
ਜੇ ਤੁਸੀਂ ‘ਆਈ ਆਰ ਜੀ ਸੀ’ ਨੂੰ ਜ਼ਿਆਦਾ ਕੰਟਰੋਲ ਕਰਨ ਦਾ ਕਾਰਨ ਦਿੰਦੇ ਹੋ, ਅਤੇ ਉਨ੍ਹਾਂ ਨੂੰ ਲੋਕਾਂ ਦੀ ਹਿਮਾਇਤ ਮਿਲ ਜਾਂਦੀ ਹੈ, ਕਿਉਂਕਿ ਫਿਰ ਤੁਸੀਂ ਆਇਤਉਲਾ ਨੂੰ ਵੀ ਮਾਰ ਦਿੰਦੇ ਹੋ, ਉਹ ਕਹਿ ਸਕਦੇ ਹਨ, ਦੇਖਿਆ ਪਿਛਲਾ ਬੰਦਾ ਤਾਂ ਬਹੁਤ ਠਰੰਮੇ ਵਾਲਾ ਸੀ। ਦੇਖੋ! ਇਸ ਤੋਂ ਸਾਨੂੰ ਕੀ ਮਿਲਿਆ? ਸਾਨੂੰ ਵੱਧ ਤਾਕਤ ਦਿਉ, ਵੱਧ ਕੰਟਰੋਲ ਦਿਉ। ਹੋ ਸਕਦਾ ਹੈ ਈਰਾਨੀ ਲੋਕ ਇਸ ਗੱਲ ਨੂੰ ਪਸੰਦ ਕਰਨ ਕਿ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਬੰਬ ਸਾਡੇ `ਤੇ ਡਿਗਣ ਹੋ ਸਕਦਾ ਹੈ ਸਾਨੂੰ ਜ਼ਰੂਰਤ ਹੈ ਕਿ ‘ਆਈ ਆਰ ਜੀ ਸੀ’ ਨੂੰ ਸੁਣਨਾ ਚਾਹੀਦਾ ਹੈ।’
ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਵਿਚ ਸੀਨੀਅਰ ਪੱਤਰਕਾਰ ਰਹਿ ਚੁੱਕੇ ਦਲਜੀਤ ਸਿੰਘ ਸਰਾਂ ਨੇ ‘ਹੀਰੇ ਪੁੱਤਰ ਈਰਾਨ’ ਦੇ ਸਿਰਲੇਖ ਹੇਠ ਅਲੀ ਲਾਰੀਜਾਨੀ ਦੇ ਦੋਸਤ ਵੱਲੋਂ ਪਾਈ ਇਕ ਪੋਸਟ ਸ਼ੇਅਰ ਕੀਤੀ ਜਿਸ `ਤੇ ਅਲੀ ਲਾਰੀਜਾਨੀ ਦੀ ਫੋਟੋ ਉਤੇ ਲਿਖਿਆ ਸੀ ‘ਦਾ ਅਦਰ ਸਾਈਡ ਆਫ ਮਿਸਟਰ ਅਲੀ ਲਾਰੀਜਾਨੀ. ਏ ਕਲੋਜ ਫਰੈਂਡ ਸ਼ੇਅਰਡ ਏ ਸਟੋਰੀ’। ਦੋਸਤ ਲਿਖਦਾ ਹੈ ਕਿ ਉਹ ਕੁੱਝ ਮਹੀਨੇ ਪਹਿਲਾਂ ਪੱਤਝੜ ਦੀ ਇਕ ਦੁਪਹਿਰ ਤੋਂ ਬਾਅਦ ਅਲੀ ਲਾਰੀਜਾਨੀ ਦੇ ਘਰ ਗਿਆ ਅਤੇ ਉਸ ਦੀ ਬੀਵੀ ਨਾਲ ਗੱਲ-ਬਾਤ ਕੀਤੀ। ਕਹਿੰਦਾ ਅਸੀਂ ਉਸ ਦੀ ਮਾਂ ਬਾਰੇ ਗੱਲ ਕਰਨੀ ਸੀ ਪ੍ਰੰਤੂ ਉਹ ਸਾਰਾ ਸਮਾਂ ਲਾਰੀਜਾਨੀ ਬਾਰੇ ਹੀ ਗੱਲ ਕਰਦੀ ਰਹੀ ਅਤੇ ਕਹਿੰਦੀ ‘ਜਦੋਂ ਅਲੀ ਘਰ ਨਹੀਂ ਹੁੰਦਾ ਮੈਨੂੰ ਇਉਂ ਜਾਪਦਾ ਹੈ ਜਿਵੇਂ ਮੇਰੇ ਹੱਥ ਕੱਟੇ ਹੋਏ ਹੋਣ। ਜਦੋਂ ਅਲੀ ਘਰ ਹੁੰਦੈ ਤਾਂ ਬਿਨਾ ਕਹੇ ਹੀ ਗਰੌਸਰੀ ਟਿਕਾ ਦਿੰਦਾ ਹੈ, ਸਬਜ਼ੀਆਂ, ਚਿਕਨ ਸਾਫ਼ ਕਰ ਦਿੰਦੈ ਅਤੇ ਬਰਤਣ ਧੋ ਦਿੰਦੈ’ ਅਲੀ ਦਾ ਮਿੱਤਰ ਹੈਰਾਨ ਹੋ ਰਿਹਾ ਸੀ ਕਿ ਜਿਸ ਬੰਦੇ ਦੇ ਮੋਢਿਆਂ ‘ਤੇ ਈਰਾਨ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਹੈ ਉਹ ਕਿਸ ਤਰ੍ਹਾਂ ਘਰ ਵਿਚ ਚਿਕਨ ਸਾਫ਼ ਕਰ ਲੈਂਦਾ ਅਤੇ ਭਾਂਡੇ ਧੋ ਦਿੰਦੈ? ਬੇਗ਼ਮ ਨੇ ਅੱਗੇ ਦੱਸਿਆ ਕਿ ‘ਅਲੀ ਛੇ ਮਹੀਨੇ ਤੋਂ ਘਰ ਨਹੀਂ ਹੈ। ਜਦੋਂ ਦਾ 12 ਦਿਨਾਂ ਦਾ ਯੁੱਧ ਹੋ ਕੇ ਹਟਿਆ ਹੈ, ਉਸ ਨੂੰ ਆਮ ਜ਼ਿੰਦਗੀ ਜਿਉਣ ਦੀ ਇਜਾਜ਼ਤ ਨਹੀਂ ਮਿਲੀ।’
ਇੱਕ ਆਦਮੀ ਜਿਸ ਨੂੰ ਮਾਰਨ ਲਈ ਦੁਨੀਆ ਦੀ ਸੁਪਰ ਪਾਵਰ ਨੇ ਇਨਾਮ ਰੱਖੇ ਹੋਏ ਹੋਣ, ਇੱਕ ਨੌਜੁਆਨ ਦੇ ਦਿਲ ਵਾਲੀ ਪਿਆਰ ਭਰੀ ਆਤਮਾ ਹੈ, ਹੰਢਿਆ ਹੋਇਆ ਵਿਵਹਾਰ ਅਤੇ ਸ਼ਾਂਤ ਪਰਪੱਕਤਾ। ਫਰੀਦੇ (ਅਲੀ ਦੀ ਬੀਵੀ) ਨੇ ਅੱਗੇ ਦੱਸਿਆ ਕਿ ਅਲੀ ਨੇ ਪਾਰਲੀਮੈਂਟ ਤੋਂ ਕਦੇ ਵੀ ਤਨਖਾਹ ਨਹੀਂ ਲਈ, ਨਾ ਹੀ ਆਪਣੀਆਂ ਬਾਅਦ ਦੀਆਂ ਸੇਵਾਵਾਂ ਜਾਂ ਜਿੰLਮੇਵਾਰੀਆਂ ਦੀ। ਵਰਿ੍ਹਆਂ ਤੋਂ ਉਸ ਦੀ ਉਹੀ ਤਨਖਾਹ ਹੈ ਜੋ ਬਤੌਰ ਯੂਨੀਵਰਸਿਟੀ ਦਾ ਪ੍ਰੋਫੈਸਰ ਹੋਣ ਦੀ ਸੀ; ਜਿਸ ਵਿਚੋਂ ਹਰ ਮਹੀਨੇ ਕੁੱਝ ਹਿੱਸਾ ਉਹ ਪਬਲਿਕ ਖਜ਼ਾਨੇ ਵਿਚ ਜਮ੍ਹਾਂ ਕਰਾ ਦਿੰਦਾ ਹੈ ਤਾਂ ਜੋ ਕਰਜ਼ਈ ਨਾ ਹੋਵੇ। ਉਸ ਨੇ ਕਿਹਾ ਕਿ ਜਦੋਂ ਅਸੀਂ ਇਹ ਘਰ ਖਰੀਦਣਾ ਸੀ ਤਾਂ ਸਾਨੂੰ ਪੈਸਿਆਂ ਦੀ ਜ਼ਰੂਰਤ ਸੀ ਅਤੇ ਮੇਰੀ ਧੀ ਨੇ ਸਲਾਹ ਦਿੱਤੀ ਕਿ ‘ਡੈਡ ਕੀ ਤੁਸੀਂ ਪਾਰਲੀਮੈਂਟ ਤੋਂ ਆਪਣੀ ਪਿਛਲੀ ਤਨਖਾਹ ਨਹੀਂ ਲੈ ਸਕਦੇ?’ ਪ੍ਰੰਤੂ ਅਲੀ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ‘ਅਸੀਂ ਇਸ ਮੁਲਕ ਦਾ ਏਨਾ ਦੇਣ ਦੇਣਾ ਹੈ ਕਿ ਮੇਰੇ ਕੋਈ ਦਾਅਵੇ ਨਹੀਂ ਹਨ।’ ਇਹ ਸ਼ਬਦ ਕਿਸੇ ਉਸ ਨੇ ਕਹੇ ਸੀ ਜਿਸ ਨੇ, ਰੈਵੋਲੂਸ਼ਨ ਦੇ ਪਹਿਲੇ ਦਿਨਾਂ ਤੋਂ ਹੀ, ਇੱਕ ਲਮਹਾ ਵੀ ਅਰਾਮ ਵਿਚ ਨਹੀਂ ਸੀ ਗੁਜ਼ਾਰਿਆ ਅਤੇ ਈਰਾਨ ਲਈ ਦੌੜ-ਭੱਜ ਅਤੇ ਮਿਹਨਤ ਕੀਤੀ। ਫਰੀਦੇ ਨੇ ਅੱਗੇ ਦੱਸਿਆ ਕਿ ਅਲੀ ਦਾ ਪਰਿਵਾਰ ਸਾਡੇ ਪਰਿਵਾਰ ਤੋਂ ਉਪਰ ਸੀ ਅਤੇ ਉਨ੍ਹਾਂ ਕੋਲ ਕਾਫੀ ਜ਼ਮੀਨ ਸੀ ਅਤੇ ਉੱਤਰ ਵੱਲ ਭੇਡਾਂ ਸਨ। ਪ੍ਰੰਤੂ ਵਿਆਹ ਤੋਂ ਬਾਅਦ ਸਾਡੇ ਲਈ ਜਿਹੜਾ ਘਰ ਉਨ੍ਹਾਂ ਨੇ ਚੁਣਿਆ ਉਹ ਏਨਾ ਛੋਟਾ ਸੀ ਕਿ ਆਘਾ ਸ਼ਹੀਦ ਮੋਤਾਹਾਰੀ (ਫਰੀਦੇ ਦੇ ਅੱਬਾ) ਨੂੰ ਦੋ ਸੋਫਾ ਸੈੱਟ ਅਤੇ ਦੋ ਗਲੀਚੇ ਆਪਣੀ ਧੀ ਦੇ ਦਾਜ ਲਈ ਖਰੀਦਣੇ ਪਏ ਤਾਂ ਕਿ ਘਰ ਦੀ ਖਾਲੀ ਥਾਂ ਨੂੰ ਭਰਿਆ ਜਾ ਸਕੇ।’
ਦੋਸਤ ਦਾ ਕਹਿਣਾ ਹੈ ਕਿ ਫਰੀਦੇ ਅਤੇ ਅਲੀ ਦੇ ਘਰ ਵਿਚ ਸ਼ਹੀਦ ਮੋਤਾਹਾਰੀ ਦੇ ਦਿੱਤੇ ਉਹੀ ਸੋਫਾ ਸੈੱਟ ਅਤੇ ਦੋ ਗਲੀਚੇ ਹਨ ਜੋ 40 ਸਾਲ ਪਹਿਲਾਂ ਖਰੀਦੇ ਸੀ; ਹੋਰ ਕੋਈ ਵੀ ਨਹੀਂ। ਇਹ ਕਿਸੇ ਤਰ੍ਹਾਂ ਵੀ ਹੈਰਾਨੀਜਨਕ ਨਹੀਂ ਹੈ।
ਫਰੀਦੇ ਨੇ ਅੱਗੇ ਕਿਹਾ ਕਿ ‘ਇਨ੍ਹਾਂ ਚਾਲੀ ਅਤੇ ਕੁੱਝ ਸਾਲਾਂ ਵਿਚ ਜਦੋਂ ਤੋਂ ਮੇਰੇ ਬਾਪ ਦੀ ਸ਼ਹਾਦਤ ਹੋਈ ਹੈ, ਅਲੀ ਮੇਰੇ ਲਈ ਪਿਤਾ, ਪਤੀ, ਦੋਸਤ ਅਤੇ ਅਧਿਆਪਕ ਹੈ। ਉਸ ਦਾ ਵਾਲ ਵੀ ਵਿੰਗਾ ਹੋਵੇ ਇਹ ਮੇਰੇ ਤੋਂ ਜਰਿਆ ਨਹੀਂ ਜਾਣਾ।’ ਦੋਸਤ ਕਹਿੰਦਾ ਪਿਛਲੀ ਰਾਤ ਜਦੋਂ ਮੈਂ ਇਹ ਖ਼ਬਰ ਪੜ੍ਹੀ ਕਿ ‘ਅਲੀ ਲਾਰੀਜਾਨੀ ਦੀ ਸ਼ਹਾਦਤ ਹੋ ਗਈ ਹੈ ਤਾਂ ਮੈਂ ਅਲੀ ਲਈ ਬਿਲਕੁਲ ਚਿੰਤਤ ਨਹੀਂ ਸੀ, ਇੱਥੋਂ ਤੱਕ ਰੈਵੋਲੂਸ਼ਨ ਲਈ ਵੀ ਨਹੀਂ। ਪਰ ਮੈਨੂੰ ਫਰੀਦੇ ਦੀ ਬਹੁਤ ਚਿੰਤਾ ਸੀ; ਉਸ ਇਸਤ੍ਰੀ ਦੀ, ਜਿਸ ਦਾ ਪਿਤਾ ਮੋਰਤਜਾ ਇਕ ਦਿਨ ਸ਼ਹੀਦ ਹੋ ਗਿਆ ਸੀ ਅਤੇ ਕੱਲ੍ਹ ਉਸ ਦਾ ਦੋਸਤ, ਅਧਿਆਪਕ ਅਤੇ ਪਤੀ ਅਲੀ – ਜਿਹੜਾ, ਜਦੋਂ ਘਰ ਨਹੀਂ ਸੀ ਹੁੰਦਾ, ਤਾਂ ਫਰੀਦੇ ਨੂੰ ਲਗਦਾ ਸੀ ਕਿ ਉਸ ਦੇ ਹੱਥ ਕੱਟੇ ਗਏ ਹਨ – ਅਤੇ ਉਸ ਦਾ ਪੁੱਤਰ ਮੋਰਤਜਾ ਜਿਸ ਦੀ ਬਹੁਤ ਮਿੱਠੀ ਆਵਾਜ਼ ਸੀ ਅਤੇ ਨਮਾਜ਼ ਲਈ ਪਿਆਰੀ ਅਦਾਨ/ਅਜਾਨ ਦਿੰਦਾ ਸੀ।
ਦੋਸਤ ਨੂੰ ਪੂਰਾ ਭਰੋਸਾ ਹੈ ਕਿ ਇਸ ਇਸਤ੍ਰੀ ਦੇ ਅੰਦਰੋਂ ਨਿਕਲੀ ਇੱਕ ਆਹ ਵੀ ਅਮਰੀਕਾ ਅਤੇ ਇਜ਼ਰਾਈਲ ਨੂੰ ਉਖਾੜ ਸਕਦੀ ਹੈ।
ਅਲੀ ਲਾਰੀਜਾਨੀ ਬਾਰੇ ਲਿਖਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਮੇਰੇ ਜਿਹਨ ਵਿਚ ਉਸ ਦੀ ਤਸਵੀਰ ਇੱਕ ‘ਫਿਲਾਸਫਰ ਕਿੰਗ’, ਦਲਜੀਤ ਸਿੰਘ ਸਰਾਂ ਲਈ ‘ਈਰਾਨ ਦਾ ਹੀਰਾ ਪੁੱਤਰ’ ਹੈ ਜੋ ਈਰਾਨ ਦਾ ਬਹਾਦਰ ਪੁੱਤਰ ਹੋਣ ਦੇ ਨਾਲ-ਨਾਲ ਬਹੁਤ ਹੀ ਸਿਆਣਾ ਸਿਆਸਤਦਾਨ, ਇਮੈਨੂਅਲ ਕਾਂਟ ਵਰਗੇ ਔਖੇ ਫਿਲਾਸਫਰ ਤੇ ਕਿਤਾਬਾਂ ਲਿਖਣ ਵਾਲਾ ਬੁੱਧੀਜੀਵੀ ਅਤੇ ਆਪਣੀ ਬੀਵੀ ਲਈ ਹਲੀਮੀ ਅਤੇ ਮੋਹ ਨਾਲ ਭਰਿਆ ਪਤੀ ਸੀ ਜੋ ਦੋ ਹੰਕਾਰੇ ਹੋਏ, ਉਜੱਡ ਤਾਕਤਵਰਾਂ ਦੇ ਬੰਬਾਂ ਦੀ ਭੇਟ ਹੋ ਗਿਆ। ਰੱਬ ਕਰੇ ਕਦੀ ਪੰਜਾਬ ਨੂੰ ਵੀ ਕੋਈ ਅਜਿਹਾ ਦਾਨਿਸ਼ਵਰ ਸਿਆਸਤਦਾਨ ਲੱਭ ਪਏ ਜੋ ਪੰਜਾਬ ਬਾਰੇ ਏਵੇਂ ਹੀ ਸੋਚੇ ਜਿਵੇਂ ਅਲੀ ਲਾਰੀਜਾਨੀ ਈਰਾਨ ਬਾਰੇ ਸੋਚਦਾ ਸੀ।
