ਹਰਿੰਦਰ ਸਿੰਘ ਬੀਸਲਾ
ਫੋਨ: 001-562-726-7674
ਸ਼ਮਸ਼ੇਰ ਸੰਧੂ ਨਾਲ ਪਹਿਲੀ ਮੁਲਾਕਾਤ ਹੀ ਬਹੁਤ ਨਾਟਕੀ ਰਹੀ। ਬੰਗਾ ਕਾਲਜ ਵਿਚ ਇਹ ਮੇਰਾ ਦੂਜਾ ਸਾਲ ਸੀ, ਕਲਾਸ ਪਹਿਲੀ ਹੀ ਸੀ। ਨੋਟਿਸ ਬੋਰਡ ‘ਤੇ ਕਾਲਜ ਦੀ ਲਿਖਾਰੀ ਤੇ ਬੁਲਾਰੇ ਸਭਾ ਦੀ ਚੋਣ ਬਾਰੇ ਪੜ੍ਹ ਕੇ ਦੱਸੇ ਹੋਏ ਕਮਰੇ ਵਿਚ ਜਾ ਹਾਜਿਰ ਹੋਇਆ।
ਕਮਰੇ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿੱਕਾ ਜੀ ਦੇ ਨਾਲ ਇਕ ਬਹੁਤ ਹੀ ਸੁਨੱਖਾ ਤੇ ਵਿਦਿਆਰਥੀ ਲਗਦਾ ਨੌਜਵਾਨ ਵੀ ਬੈਠਾ ਸੀ। ਡਾ. ਸਿੱਕਾ ਦੇ ਦੱਸਣ ਤੋਂ ਪਤਾ ਲੱਗਾ ਕਿ ਉਹ ਸਨ ਪੰਜਾਬੀ ਦੇ ਲੈਕਚਰਾਰ ਸ਼ਮਸ਼ੇਰ ਸੰਧੂ ਜਿਨ੍ਹਾਂ ਹੁਣ ਸਭਾ ਦੇ ਇੰਚਾਰਜ ਵੀ ਹੋਣਾ ਸੀ। ਸੰਧੂ ਨੇ ਹੀ ਸੁਝਾਅ ਦਿੱਤਾ ਕਿ ਲਿਖਾਰੀ ਤਾਂ ਪਰਖੇ ਨਹੀਂ ਜਾਣੇ ਬੁਲਾਰੇ ਤਾਂ ਪਰਖ ਲਈਏ। ਉਨ੍ਹਾਂ ਨੇ ਹੀ ਕੁਝ ਵਿਸ਼ੇ ਦਿੱਤੇ ਬੋਲਣ ਲਈ। ਭਰੇ ਹੋਏ ਕਮਰੇ ਵਿਚ ਸਭਾ ਦੇ ਪੁਰਾਣੇ ਅਹੁਦੇਦਾਰ ਵੀ ਹਾਜ਼ਰ ਸਨ, ਪਰ ਸਭ ਕੋਈ ਨਾ ਕੋਈ ਬਹਾਨਾ ਮਾਰ ਗਏ। ਬੱਸ ਮੌਕਾ ਮੇਲ ਹੀ ਸੀ ਕਿ ਮੈਂ ਜਕਦਾ ਜਕਦਾ ਦੋ ਤਿੰਨ ਮਿੰਟ ਬੋਲ ਗਿਆ। ਇਹ ਸੀ ਸਾਡੀ ਪਹਿਲੀ ਮੁਲਾਕਾਤ ਜੋ ਛੇਤੀ ਉਮਰਾਂ ਦੀ ਦੋਸਤੀ ਵਿਚ ਬਦਲ ਗਈ। ਇਥੇ ਹੀ ਪਹਿਲੀ ਵਾਰ ਹਰਬੰਸ ਹੀਉਂ ਤੇ ਜਸਵਿੰਦਰ ਨਾਲ ਮੇਲ ਹੋਇਆ ਜਿਨ੍ਹਾਂ ਨਾਲ ਰਲ ਕੇ ਸੰਧੂ, ਹਰਬੰਸ, ਜਸਵਿੰਦਰ ਤੇ ਸਾਡੀ ਚੌਕੜੀ ਬਣੀ।
ਗਿਆਰਵੀਂ ਜਮਾਤ ਦਾ ਮੇਰੇ ਵਾਲਾ ਸੈਕਸ਼ਨ ਸੰਧੂ ਹੋਰਾਂ ਕੋਲ ਨਾ ਗਿਆ, ਸਾਨੂੰ ਡਾ. ਸਿੱਕਾ ਪੜ੍ਹਾਉਣ ਲੱਗ ਪਏ। ਪਰ ਸੰਧੂ ਹੋਰਾਂ ਨੂੰ ਮਿਲਣ ਦੀ ਖਿੱਚ ਹਰ ਵਿਹਲੇ ਪੀਰੀਅਡ ਵਿਚ ਮਿਊਜ਼ਿਕ ਰੂਮ ਵਿਚ ਲੈ ਜਾਂਦੀ, ਜਿਥੇ ਸੰਧੂ ਵੀ ਆਪਣੇ ਵਿਹਲੇ ਪੀਰੀਅਡ ਵਿਚ ਆ ਜਾਂਦੇ। ਮੇਰੇ ਵਾਂਗ ਉਨ੍ਹਾਂ ਨਾਲ ਸਮਾਂ ਬਿਤਾਉਣ ਵਾਲੇ ਵਿਦਿਆਰਥੀਆਂ ਦਾ ਤਾਂਤਾ ਲੱਗਾ ਰਹਿੰਦਾ। ਇਸ ਕਮਰੇ ਦੀ ਸਾਂਝ ਵਿਚੋਂ ਹੀ ਹਰਬੰਸ ਹੀਉਂ ਅਤੇ ਜਸਵਿੰਦਰ ਮਜਾਰੀ ਨਾਲ ਸਾਂਝ ਬਣੀ ਜੋ ਮੇਰੇ ਤੋਂ ਦੋ ਕਲਾਸਾਂ ਅੱਗੇ ਪੜ੍ਹ ਰਹੇ ਸਨ। ਅਸੀਂ ਤਿੰਨਾਂ ਨੇ ਇਥੇ ਹੀ ਸੰਧੂ ਤੋਂ ਉਨ੍ਹਾਂ ਦੀਆਂ ਕਵਿਤਾਵਾਂ ਸੁਣੀਆਂ। ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਕੋਈ ਦਿਓ ਜਵਾਬ’ ਪੜ੍ਹੀ।
ਇਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੇ ਗਾਇਕਾਂ ਦੇ ਰੇਖਾ ਚਿੱਤਰ ਲਿਖਣੇ ਸ਼ੁਰੂ ਕੀਤੇ। ਕਵਿਤਾ ਅਤੇ ਕਹਾਣੀ ਤੋਂ ਉਨ੍ਹਾਂ ਨੇ ਕਿਨਾਰਾ ਹੀ ਕਰ ਲਿਆ ਸੀ। ਸਾਰਾ ਧਿਆਨ ਗਾਇਕਾਂ ਬਾਰੇ ਲਿਖਣ ਵੱਲ ਲਾ ਲਿਆ ਸੀ। ਸਾਨੂੰ ਪਹਿਲਾਂ ਹੀ ਖਬਰਾਂ ਮਿਲ ਜਾਂਦੀਆ ਕਿ ਦੀਦਾਰ ਸੰਧੂ ਤੇ ਕੁਲਦੀਪ ਕੌਰ ‘ਘੱਗਰੇ ਦੀ ਵੇ ਲੌਣ ਭਿੱਜ ਗਈ’ ਦੀਆਂ ਤਿਆਰੀਆਂ ਕਰ ਰਹੇ ਹਨ, ਰਿਕਾਰਡ ਕਰਵਾਉਣ ਲਈ। ਕੁਲਦੀਪ ਮਾਣਕ ਦੀ ਐਚ.ਐਮ.ਞੀ. ਨਾਲ ਨਰਾਜ਼ਗੀ ਚੱਲ ਰਹੀ ਆ। ਸੁਰਿੰਦਰ ਛਿੰਦਾ ਕਲੀਆਂ ਦੀ ਤਿਆਰੀ ਕਰ ਰਿਹਾ। ਸੰਧੂ ਹੋਰਾਂ ਦੀ ਹੱਲਾ-ਸ਼ੇਰੀ ਨਾਲ ਮੈਂ, ਹਰਬੰਸ ਤੇ ਜਸਵਿੰਦਰ ਵੱਖ ਵੱਖ ਕਾਲਜਾਂ ਵਿਚ ਕਵਿਤਾ ਉਚਾਰਨ ਦੇ ਮੁਕਾਬਲਿਆਂ ਵਿਚ ਸ਼ਾਮਲ ਹੁੰਦੇ ਰਹੇ। ਪਤਾ ਹੀ ਨਾ ਚਲਿਆ ਕਿ ਸਾਲ ਕਿਵੇਂ ਲੰਘ ਗਿਆ।
ਅਗਲੇ ਸਾਲ ਮੇਰੇ ਘਰੇਲੂ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਮੈਨੂੰ ਪੜ੍ਹਾਈ ਛੱਡ ਕੇ ਖੇਤੀ ਸ਼ੁਰੂ ਕਰਨੀ ਪਈ। ਕਾਲਜ ਜਾਣਾ ਬੰਦ ਹੋ ਗਿਆ। ਸੰਧੂ ਨੂੰ ਮਿਲਣ ਦੀ ਤਾਂਘ ਨਾਲ ਮੈਂ ਜਦ ਵੀ ਵਕਤ ਮਿਲਦਾ ਬੰਗੇ ਕਾਲਜ ਚਲਾ ਜਾਂਦਾ। ਉਨ੍ਹਾਂ ਨੇ ਵੀ ਮੈਨੂੰ ਜਸਵਿੰਦਰ ਹੋਰਾਂ ਨਾਲ ਕਾਲਜਾਂ ਵਿਚ ਭੇਜ ਦੇਣਾ। ਉਨ੍ਹਾਂ ਦਿਨਾਂ ਵਿਚ ਅਸੀਂ ਕਈ ਮੁਕਾਬਲਿਆਂ ਵਿਚੋਂ ਇਨਾਮ ਵੀ ਲੈ ਆਂਦੇ।
ਇਨ੍ਹਾਂ ਹੀ ਸਾਲਾਂ ਵਿਚ ਇਹ ਖੂਬਸੂਰਤ ਸਬੱਬ ਬਣ ਗਿਆ ਕਿ ਸੰਧੂ ਮੇਰੇ ਗੁਆਂਢੀ ਪਿੰਡ ਗੁਣਾਚੌਰ ਵਿਖੇ ਵਿਆਹਿਆ ਗਿਆ। ਸਾਡੇ ਮੇਲ-ਮਿਲਾਪ ਲਈ ਇਹ ਵੀ ਵਰਦਾਨ ਸਾਬਤ ਹੋਇਆ। ਅਗਲੇ ਸਾਲ ਸੰਧੂ ਅਤੇ ਉਸ ਦੇ ਸਹੁਰਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬੰਗੇ ਕਾਲਜ ਵਿਚ ਥਾਂ ਨਾ ਮਿਲ ਸਕੀ, ਹਾਲਾਂਕਿ ਸੰਧੂ ਲੈਕਚਰਾਰ ਦੇ ਤੋਰ ‘ਤੇ ਏਨੇ ਹਰਮਨ ਪਿਆਰੇ ਸਨ ਕਿ ਉਹ ਮੁੰਡੇ ਜੋ ਸਿਰਫ ਗੇੜੀ ਮਾਰਨ ਹੀ ਕਾਲਜ ਆਉਂਦੇ ਸੀ, ਉਹ ਵੀ ਉਨ੍ਹਾਂ ਦਾ ਪੀਰੀਅਡ ਨਾ ਛੱਡਦੇ। ਇਨ੍ਹਾਂ ਵਿਹਲ ਦੇ ਦਿਨਾਂ ਵਿਚ ਸ਼ਮਸ਼ੇਰ ਕੁਝ ਨਿਰਾਸ਼ ਵੀ ਰਹਿਣ ਲੱਗ ਪਿਆ ਸੀ। ਪਰ ਇਹ ਨਿਰਾਸ਼ਾ ਬਹੁਤੇ ਦਿਨ ਨਾ ਰਹੀ। ‘ਪੰਜਾਬੀ ਟ੍ਰਿਬਿਊਨ’ ਵਿਚ ਛੇਤੀ ਹੀ ਬਰਜਿੰਦਰ ਸਿੰਘ ਹਮਦਰਦ ਦੇ ਯਤਨ ਨਾਲ ਉਹ ਸਬ-ਐਡੀਟਰ ਜਾ ਲੱਗੇ। ਹੁਣ ਕਦੇ ਸੋਚਦਾ ਤਾਂ ਲਗਦਾ ਕਿ ਚੰਗਾ ਹੀ ਹੋਇਆ ਕਿ ਬੰਗੇ ਕਾਲਜ ਵਾਲਿਆਂ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ, ਕਿਉਂਕਿ ਜਿਵੇਂ ਸੁਖਵੀਰ ਗੁਣਾਚੌਰ ਵਾਲੇ ਪਰਿਵਾਰ ਦੀ ਇਕੱਲੀ ਲੜਕੀ ਹੈ ਤਾਂ ਸੰਧੂ ਨੇ ਹਮੇਸ਼ਾਂ ਲਈ ਬੰਗੇ ਅਤੇ ਗੁਣਾਚੌਰ ਦਾ ਹੋ ਕੇ ਰਹਿ ਜਾਣਾ ਸੀ। ਜਿਵੇਂ ਉਸ ਨੇ ਚੰਡੀਗੜ੍ਹ ਜਾ ਕੇ ਉੱਚੀਆਂ ਉਡਾਣਾਂ ਭਰੀਆਂ, ਸ਼ਾਇਦ ਇਨ੍ਹਾਂ ਤੋਂ ਵਾਂਝਾ ਰਹਿ ਜਾਂਦਾ।
ਸ਼ਮਸ਼ੇਰ ਦਾ ਸਾਡੇ ਗੁਆਂਢੀ ਪਿੰਡ ਗੁਣਾਚੌਰ ਵਿਆਹਿਆ ਜਾਣਾ, ਸਾਡੀਆਂ ਹੁਣ ਤੱਕ ਬਣੀਆਂ ਪਰਿਵਾਰਕ ਸਾਂਝਾਂ ਦਾ ਸਬੱਬ ਬਣ ਗਿਆ। ਉਹ ਗੁਣਾਚੌਰ ਆਉਂਦਾ ਤਾਂ ਮੋਟਰ-ਸਾਈਕਲ ਚੁੱਕ ਕੇ ਤਲਵੰਡੀ ਫੱਤੂ ਆ ਜਾਂਦਾ। ਉਨ੍ਹਾਂ ਦਿਨਾਂ ਵਿਚ ਫੋਨ ਕਿਥੇ ਹੁੰਦੇ ਸਨ, ਪਰ ਦਿਲ ਦੀਆਂ ਜੁੜੀਆਂ ਤਾਰਾਂ ਹੀ ਸਨ ਕਿ ਅਸੀਂ ਅਕਸਰ ਮਿਲ ਪੈਂਦੇ ਰਹੇ। ਤਲਵੰਡੀ ਲਗਦੀਆਂ ਮਹਿਫ਼ਲਾ ਅਤੇ ਸੰਧੂ ਦੇ ਮਿਲਾਪੜੇ ਸੁਭਾਅ ਦਾ ਕਰਿਸ਼ਮਾ ਸੀ ਕਿ ਮੇਰੇ ਉਹ ਮਿੱਤਰ ਬਾਰੀ, ਕੰਮਾ, ਮੱਖਣ ਤੇ ਪੰਮੀ ਜਿਹੜੇ ਕਦੇ ਪ੍ਰਾਇਮਰੀ ਸਕੂਲ ਤੋਂ ਅੱਗੇ ਨਹੀਂ ਸੀ ਗਏ, ਉਹ ਵੀ ਉਸ ਦੇ ਮਿਤਰਾਂ ਦੀ ਲਿਸਟ ਵਿਚ ਸ਼ਾਮਲ ਹੋ ਗਏ। ਕੋਈ ਗਿਣਤੀ ਨਹੀਂ ਅਸੀਂ ਕਿੰਨੇ ਦਿਨ ਕਿੰਨੀਆ ਰਾਤਾਂ, ਇਕੱਠਿਆਂ ਨੇ ਗੁਣਾਚੌਰ ਜਾਂ ਤਲਵੰਡੀ ਬਿਤਾਈਆਂ ਹੋਣ। ਭੈਣ ਸੁਖਵੀਰ ਦੇ ਪਿਤਾ ਨੰਬਰਦਾਰ ਦਰਸ਼ਨ ਸਿੰਘ ਤੇ ਮਾਤਾ ਗੁਰਚਰਨ ਕੌਰ ਤੋਂ ਵੀ ਮੈਨੂੰ ਰੱਜਵਾਂ ਪਿਆਰ ਮਿਲਿਆ।
ਸ਼ਮਸ਼ੇਰ ਸੰਧੂ ਨਾਲ ਸੰਬੰਧਾਂ ਕਰਕੇ ਹੀ ਮੈਨੂੰ ਵੱਖ-ਵੱਖ ਖੇਤਰ ਦੀਆਂ ਅਜ਼ੀਮ ਸ਼ਖਸੀਅਤਾਂ ਨਾਲ ਮੇਲ-ਮਿਲਾਪ ਦੇ ਮੌਕੇ ਮਿਲੇ। ਪਾਸ਼ ਨਾਲ ਪਹਿਲੀ ਵਾਰ ਬੰਗੇ ਕਾਲਜ ਉਸ ਨੂੰ ਮਿਲਣ ਆਏ ਨਾਲ ਹੀ ਮੇਲ ਹੋਇਆ, ਜੋ ਉਸ ਦੇ ਅਮਰੀਕਾ ਜਾਣ ਤੱਕ ਜਾਰੀ ਰਿਹਾ। ਫਿਲਮਕਾਰ ਜਗਜੀਤ ਚੂਹੜਚੱਕ ਨਾਲ ਪਹਿਲੀ ਮੁਲਾਕਾਤ ਵੀ ਉਸ ਦੇ ਚੰਡੀਗੜ੍ਹ ਵਾਲੇ ਕਮਰੇ ਵਿਚ ਹੀ ਹੋਈ, ਜੋ ਜਗਜੀਤ ਦੀ ਮੌਤ ਤੱਕ ਨਿਭਦੀ ਰਹੀ। ਗੁਰਭਜਨ ਗਿੱਲ, ਅਮਰੀਕ ਬਨਵੈਤ, ਸਵਿਤੋਜ, ਸੁਰਜੀਤ ਪਾਤਰ ਤੇ ਹੋਰ ਬਹੁਤ ਸਾਰੀਆਂ ਸਾਹਿਤਕ ਸ਼ਖਸ਼ੀਅਤਾਂ ਨਾਲ ਨਿੱਘੇ ਸਬੰਧ ਉਸ ਜ਼ਰੀਏ ਬਣੇ। ਬਹੁਤ ਸਾਰੇ ਗਾਇਕਾਂ ਤੇ ਕਲਾਕਾਰਾਂ ਜਿਨ੍ਹਾਂ ਵਿਚ ਹੰਸ ਰਾਜ ਹੰਸ, ਬਿੰਦਰਖੀਆ, ਕਮਲਜੀਤ ਨੀਲੋਂ, ਅਤੁਲ ਸ਼ਰਮਾ ਤੇ ਹੋਰਾਂ ਨਾਲ ਲਾਗੇ ਹੋ ਕੇ ਵਿਚਰਨ ਦਾ ਮੌਕਾ ਮਿਲਿਆ ਤਾਂ ਉਹ ਵੀ ਸੰਧੂ ਕਰ ਕੇ ਹੀ ਸੀ।
ਹੁਣ ਜਦ ਮੈਂ ਸ਼ਮਸ਼ੇਰ ਨਾਲ ਆਪਣੇ 45 ਸਾਲ ਲੰਬੇ ਸਬੰਧਾਂ ‘ਤੇ ਝਾਤ ਮਾਰਦਾਂ ਤਾਂ ਕੋਈ ਮੌਕਾ ਨਜ਼ਰ ਨਹੀਂ ਆਉਂਦਾ ਜਿਥੇ ਦੁੱਖ-ਸੁੱਖ, ਖੁਸ਼ੀ-ਗਮੀ ਵਿਚ ਇਕੱਠੇ ਨਾ ਹੋਏ ਹੋਈਏ। 1980 ‘ਚ ਜਦੋਂ ਮੇਰਾ ਵਿਆਹ ਸੀ ਤਾਂ ਮੇਰੇ ਕੱਪੜੇ ਪਸੰਦ ਕਰਨ ਤੋਂ ਲੈ ਕੇ ਸੁਰਿੰਦਰ ਛਿੰਦੇ ਨੂੰ ਬੁੱਕ ਕਰਨ ਤੱਕ ਹਰ ਫੈਸਲੇ ‘ਚ ਮੋਹਰੀ ਸੀ। ਹਾਲਾਂ ਕਿ ਸਾਡੀ ਰੀਝ ਤਾਂ ਦੀਦਾਰ ਸੰਧੂ ਨੂੰ ਸੱਦਣ ਦੀ ਸੀ, ਪਰ ਉਸ ਦੇ ਪਹਿਲਾਂ ਬੁੱਕ ਹੋਣ ਕਰਕੇ ਪੂਰੀ ਨਾ ਹੋ ਸਕੀ। ਸਾਡੇ ਬੱਚੇ ਗਗਨ ਤੇ ਸੁਖਮਣੀ, ਨਵਦੀਪ ਤੇ ਮਨਮੀਤ ਵੀ ਹਾਣੀ ਹੀ ਹਨ। ਮੈਨੂੰ ਅਜੇ ਕੱਲ੍ਹ ਵਾਂਗ ਯਾਦ ਹੈ ਜਦ ਸ਼ਮਸ਼ੇਰ ਦੇ ਮੋਟਰ-ਸਾਈਕਲ ਤੇ ਅਸ਼ੋਕ ਸ਼ਰਮਾ ਦੇ ਸਕੂਟਰ ‘ਤੇ ਸਵਾਰ ਹੋ ਕੇ ਅਸੀਂ ਦੋਵਾਂ ਪਰਿਵਾਰਾਂ ਨੇ ਚੰਡੀਗੜ੍ਹ ਦਾ ਆਲਾ-ਦਵਾਲਾ ਘੁੰਮਿਆ ਸੀ। ਸ਼ਮਸ਼ੇਰ ਦੀ ਚੰਡੀਗੜ੍ਹ ਬਣ ਰਹੀ ਕੋਠੀ ਲਈ ਸਾਰੀ ਰਾਤ ਭਰੋਮਜਾਰੇ ਦੇ ਆਰੇ ‘ਤੇ ਬੈਠ ਕੇ ਲੱਕੜ ਚਿਰਵਾਈ ਸੀ। ਕੋਠੀ ਦੇ ਗ੍ਰਹਿ ਪਰਵੇਸ਼ ਸਮੇਂ ਰੌਣਕਾਂ ਦਾ ਹਿੱਸਾ ਬਣੇ ਸੀ। ਦੀਦਾਰ ਸੰਧੂ ਤੇ ਅਮਰ ਨੂਰੀ ਨੂੰ ਇਕੱਠਿਆਂ ਆਪਣਾ ਅਮਰ ਗੀਤ ‘ਮੇਰਾ ਕੱਲ੍ਹ ਦਾ ਕਾਲਜਾ ਦੁੱਖਦਾ’ ਗਉਂਦਿਆਂ ਵੀ ਆਖਰੀ ਵਾਰ ਇਸ ਮਹਿਫਲ ਵਿਚ ਹੀ ਸੁਣਿਆ ਸੀ।
ਸੰਧੂ ਦੀ ਵਜ੍ਹਾ ਕਰਕੇ ਮੈਨੂੰ ਜਿੰਦਗੀ ਵਿਚ ਉਹ ਮੌਕੇ ਮਿਲੇ, ਜਿਨ੍ਹਾਂ ਦੀ ਉਨ੍ਹਾਂ ਦੇ ਸਾਥ ਬਿਨਾਂ ਸੰਭਾਵਨਾ ਹੀ ਨਾ ਹੁੰਦੀ। ਮੈਂ ਪਹਿਲੀ ਵਾਰ ਰੇਡੀਓ ਸਟੇਸ਼ਨ ਜਲੰਧਰ ਦੇ ਪ੍ਰੋਗਰਾਮ ਯੁਵ ਬਾਣੀ ‘ਚ ਕਹਾਣੀ ਪੜ੍ਹਨ ਉਨ੍ਹਾਂ ਨਾਲ ਹੀ ਗਿਆ, ਜਿਸ ਦੇ ਪੇਸ਼ਕਾਰ ਉਹ ਹੀ ਸਨ। ਖੂਬਸੂਰਤ ਸਬੱਬ ਸੀ ਕਿ ਗੀਤਕਾਰ ਤੇ ਗਾਇਕ ਜਸਵੰਤ ਸੰਦੀਲਾ ਵੀ ਉਸੇ ਪ੍ਰੋਗਰਾਮ ਵਿਚ ਪਹਿਲੀ ਵਾਰ ਰੇਡੀਓ ਸਟੇਸ਼ਨ ‘ਤੇ ਗਿਆ ਸੀ। ਫੇਰ ਰੇਡੀਓ ਸਟੇਸ਼ਨ ‘ਤੇ ਜਾਣ ਦੇ ਬਥੇਰੇ ਮੌਕੇ ਮਿਲੇ। ਦੂਰਦਰਸ਼ਨ ਜਲੰਧਰ ‘ਤੇ ਜਾਣ ਦਾ ਸਬੱਬ ਵੀ ਉਹਦੇ ਨਾਲ ਹੀ ਬਣਿਆ, ਜਦੋਂ ਬਿੰਦਰੱਖੀਏ ਦੇ ਇਕ ਰ-ਬ-ਰੂ ਵਿਚ ਮੈਂ ਵੀ ਸਵਾਲ ਕਰਤਾ ਬਣਿਆ। ਉਸ ਦੇ ਜ਼ਰੀਏ ਲਖਵਿੰਦਰ ਜੌਹਲ ਤੇ ਸਵਿਤੋਜ ਨਾਲ ਬਣੀ ਸਾਂਝ ਨੇ ਦੂਰਦਰਸ਼ਨ ‘ਤੇ ਜਾਣ ਦੇ ਵੀ ਬਥੇਰੇ ਮੌਕੇ ਦਿੱਤੇ। ਜੇ ਅਸੀਂ ਰਲ਼ ਕੇ ਸੁਰਜੀਤ ਪਾਤਰ ਦੀ ਅਵਾਜ਼ ਵਿਚ ਕੈਸਿਟ ‘ਬਿਰਖ਼ ਜੋ ਸਾਜ਼ ਹੈ’ ਰਿਕਾਰਡ ਕਰਵਾ ਸਕੇ ਤਾਂ ਇਹ ਵੀ ਉਸ ਦੇ ਦਿੱਤੇ ਹੌਸਲੇ ਕਰਕੇ ਸੀ। ਦੋ ਕੁ ਵਾਰ ਪ੍ਰੋਗਰਾਮ ਬਣ ਕੇ ਰੱਦ ਹੋਣ ‘ਤੇ ਉਹਨੇ ਤੇ ਅਤੁਲ ਸ਼ਰਮਾ ਨੇ ਹੀ ਮੇਰਾ ਹੌਸਲਾ ਡਿਗਣ ਨਹੀਂ ਦਿੱਤਾ। ਇਕ ਵਾਰ ਤਾਂ ਉਹਨੇ ਤੇ ਅਤੁਲ ਨੇ, ਜਦ ਉਹ ਸ਼ਿਮਲੇ ਦੁਪਿਹਰ ਰੰਗੀਨ ਕਰੀ ਬੈਠੇ ਸਨ, ਉਥੋਂ ਫੋਨ ਕਰਕੇ ਮੈਨੂੰ ਚੇਤਾ ਕਰਾਇਆ, ਜਦੋਂ ਬੰਗਿਆਂ ਤੋਂ ਮੇਰੇ ਪਿੰਡ ਫੋਨ ਕਰਨਾ ਵੀ ਟੇਡੀ ਖੀਰ ਸੀ।
ਪੰਜਾਬੀ ਲੋਕ ਸੰਗੀਤ, ਫਿਲਮਾਂ ਤੇ ਕਬੱਡੀ ਸਾਡੇ ਦੋਵਾਂ ਦੇ ਸਾਂਝੇ ਸ਼ੌਕ ਹਨ। ਅਸੀਂ ਸੈਂਕੜੇ ਕਬੱਡੀ ਮੈਚ ਇਕੱਠਿਆਂ ਨੇ ਦੇਖੇ ਹਨ। ਜਦ ਪੰਜਾਬ ਵਿਚ ਮੋਟਰ-ਸਾਈਕਲ ਚਲਾਉਣ ‘ਤੇ ਪਾਬੰਦੀ ਲੱਗੀ ਹੋਈ ਸੀ, ਅਸੀਂ ਸਾਇਕਲਾਂ ‘ਤੇ ਸਫ਼ਰ ਕਰ ਕੇ ਵੀ ਕਬੱਡੀ ਦੇ ਮੈਚ ਦੇਖਣ ਜਾਂਦੇ ਰਹੇ ਹਾਂ। ਝਿੰਗੜਾਂ ਦੇ ਟੂਰਨਾਮੈਂਟ ਵਿਚ ਅਸੀਂ ਇਕੱਠਿਆਂ ਬਲਵਿੰਦਰ ਫਿੱਡੂ ਨੂੰ ਪਹਿਲੀ ਵਾਰ ਕਬੱਡੀ ਖੇਡਦਾ ਦੇਖਿਆ। ਪੱਤੜਾਂ ਵਾਲੇ ਬੋਲੇ ਦੀ ਖੇਡ ਵੀ ਸਾਡੇ ਪਿੰਡ ਦੇ ਟੂਰਨਾਮੈਂਟ ਵਿਚ ਅਸੀਂ ਇਕੱਠਿਆਂ ਪਹਿਲੀ ਵਾਰ ਦੇਖੀ। ਕਿਲ੍ਹਾ ਰਾਏਪੁਰ, ਢੁੱਡੀਕੇ ਤੇ ਹਕੀਮ ਪੁਰ ਦੇ ਟੂਰਨਾਮੈਂਟ ਅਸੀਂ ਬਹੁਤੀ ਵਾਰ ਇਕੱਠਿਆਂ ਦੇਖੇ। ਫਿੱਡੂ ਤੇ ਬੋਲੇ ਦੀ ਖੇਡ ਤੋਂ ਤਾਂ ਸੰਧੂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਦੋਵਾਂ ਬਾਰੇ ਆਰਟੀਕਲ ਵੀ ਲਿਖੇ।
ਫਿਲਮਾਂ ਬਥੇਰੀਆਂ ਅਸੀਂ ਇਕੱਠਿਆਂ ਨੇ ਦੇਖੀਆਂ ਵੀ ਤੇ ਇਕੱਲੇ ਇਕੱਲੇ ਦੇਖੀਆਂ ਫਿਲਮਾਂ ਬਾਰੇ ਗੱਲਾਂ ਵੀ ਬਹੁਤ ਕੀਤੀਆਂ ਹਨ। ‘ਨਿਊ ਦਿੱਲੀ ਟਾਈਮਜ਼’ ਦੇਖੀ ਫਿਲਮ ਬਾਰੇ ਉਸ ਗੱਲਾਂ ਰਾਹੀਂ ਮੇਰੇ ਅੰਦਰ ਇੰਨੀ ਜਗਿਆਸਾ ਪੈਦਾ ਕਰ ਦਿੱਤੀ ਕਿ ਮੈਂ ਦੂਜੇ ਦਿਨ ਫਿਲਮ ਦੇਖਣ ਲਈ ਉਸ ਦੇ ਨਾਲ ਹੀ ਚੰਡੀਗੜ੍ਹ ਨੂੰ ਚੜ੍ਹ ਗਿਆ। ਮੇਰੇ ਦੱਸਣ ਤੇ ਮੇਰਾ ਭਣੌਈਆ ਗੁਰਦਿਆਲ ਵੀ.ਸੀ.ਆਰ. ਲੈ ਕੇ ਆਇਆ ਤੇ ਕੁਝ ਆਰਟ ਫਿਲਮਾਂ ਵੀ, ਇਸ ਗੱਲ ਦੀ ਪਰਵਾਹ ਕੀਤੇ ਬਿਨਾ ਕਿ ਮੋਟਰ-ਸਾਈਕਲ ਤੇ ਦੋਹਰੀ ਸਵਾਰੀ ਦੀ ਪਾਬੰਦੀ ਹੈ, ਮੈਂ, ਸੰਧੂ ਤੇ ਜਸਵਿੰਦਰ ਤਿੰਨੇ ਇਕੋ ਮੋਟਰ-ਸਾਈਕਲ ਤੇ ਚੜ੍ਹ ਕੇ ਸਰਗੂੰਦੀ (ਗੁਰਾਇਆ) ਨੂੰ ਚਲ ਪਏ। ਮੈਂ ਚਾਲਕ ਤੇ ੳਹ ਦੋਵੇਂ ਮੇਰੇ ਪਿੱਛੇ ਬਹਿ ਗਏ। ਪੁਲੀਸ ਨਾਕਿਆਂ ਤੇ ਦੋਵੇਂ ਥੱਲੇ ਉਤੱਰ ਜਾਂਦੇ ਤੇ ਨਾਕਾ ਟੱਪ ਕੇ ਫਿਰ ਅਸਵਾਰ ਹੋ ਜਾਂਦੇ। ਇਵੇਂ ਬਚਦੇ-ਬਚਾਉਂਦੇ ਅਸੀਂ ਮੰਜ਼ਿਲ ‘ਤੇ ਪਹੁੰਚ ਗਏ ਪਰ ਉਸ ਦਿਨ ਇਕੋ ਵਾਰੀ ਦੇਖੀਆਂ ਤਿੰਨੇ ਫਿਲਮਾਂ ‘ਅਰਬ’, ‘ਅਰਧ ਸਤਿਅ’ ਤੇ ‘ਐਲਬਟ ਪਿੰਟੋ ਕੋ ਗੁਸਾ ਕਿਉਂ ਆਤਾ ਹੈ’ ਅਜੇ ਵੀ ਚੇਤਿਆਂ ਵਿਚ ਡੂੰਘੀਆਂ ਉੱਕਰੀਆਂ ਹੋਈਆਂ ਹਨ। ਮੇਰੇ ਭੈਣ ਦੇ ਸਹੁਰਾ ਸਾਹਿਬ, ਜਿਹੜੇ ਉਦੋਂ ਪਿੰਡ ਦੇ ਸਰਪੰਚ ਸਨ, ਇਹ ਜਾਣ ਕੇ ਬਾਹਲੇ ਹੈਰਾਨ ਹੋਏ ਕਿ ਅਸੀਂ ਫਿਲਮਾਂ ਦੇਖਣ ਆਏ ਹਾਂ। ਇਹ ਚੇਤਾ ਕਰ ਕੇ ਹੁਣ ਵੀ ਖੁਸ਼ ਹੋਈਦਾ, ਕਿ ਪ੍ਰਾਹੁਣੇ ਦੇ ਪਿਆਏ ਦੋ ਦੋ ਹਾੜਿਆਂ ਦਾ ਕਰਿਸ਼ਮਾ ਸੀ ਕਿ ਮੁੜਦਿਆਂ ਨੂੰ ਨਾ ਸਾਨੂੰ ਕਿਸੇ ਨਾਕੇ ਦਾ ਚੇਤਾ ਰਿਹਾ ਤੇ ਨਾ ਤੀਹਰੀ ਸਵਾਰੀ ਦੀ ਪਾਬੰਦੀ ਦਾ। ਦੀਦਾਰ ਸੰਧੂ ਦੇ ਗੀਤ ਗਾਉਂਦੇ ਅਸੀਂ ਸੁਖ-ਸਵੀਲੀ ਤਲਵੰਡੀ ਫੱਤੂ ਪਹੁੰਚ ਗਏ।
ਕਾਲਜ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਗੀਤ-ਸੰਗੀਤ ਵੀ ਰਲ ਕੇ ਬਥੇਰਾ ਮਾਣਿਆਂ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸੰਧੂ ਦੇ ਬਹੁਤ ਸਾਰੇ ਗਾਇਕਾਂ ਤੇ ਗਾਇਕਾਵਾਂ ਨਾਲ ਸਬੰਧਾਂ ਦੀ ਬਦੌਲਤ ਮੈਂ ਵੀ ਉਨ੍ਹਾਂ ਦੀ ਬਹੁਤ ਸੰਗਤ ਮਾਣੀ ਹੈ। ਦੀਦਾਰ ਸੰਧੂ ਦਾ ਆਪਣੇ ਲਾਗਲੇ ਪਿੰਡ ਸੋਡੀਆਂ ‘ਚ ਇਕ ਅਖਾੜਾ ਦੇਖ ਕੇ ਮੁੜਦਿਆਂ ਮੋਟਰ-ਸਾਈਕਲ ਤੋਂ ਡਿੱਗ ਕੇ ਸੱਟਾਂ ਵੀ ਲਵਾਈਆਂ। ਗਿਣਤੀ ਨਹੀਂ ਕਿ ਕਿਨੇ ਪ੍ਰੋ.ਮੋਹਨ ਸਿੰਘ ਤੇ ਅਮਰ ਸਿੰਘ ਸ਼ੌਂਕੀ ਮੇਲੇ ਅਸੀਂ ਹੋਰ ਮਿੱਤਰਾਂ ਸੰਗ ਰਲ ਕੇ ਇਕੱਠਿਆ ਮਾਣੇ। 1994 ਵਿਚ ਸ਼ੌਂਕੀ ਮੇਲੇ ਤੋਂ ਬਾਅਦ ਅਸੀਂ ਮੇਰੇ ਪਿੰਡ ਨੂੰ ਚਾਲੇ ਪਾਏ ਤਾਂ ਮੀਂਹ ਮਾਹਲ ਪੁਰ ਤੋਂ ਨਿਕਲਦਿਆਂ ਹੀ ਸ਼ੁਰੂ ਹੋ ਗਿਆ। ਨਾ ਤਾਂ ਅਸੀਂ ਇੰਦਰਮੋਹਨ ਸੋਢੀ ਨੂੰ ਬੰਗੇ ਉਤਰਨ ਦਿੱਤਾ ਤੇ ਨਾ ਜਸਵੀਰ ਗੁਣਾਚੌਰ ਨੂੰ, ਜਗਜੀਤ ਚੂਹੜਚੱਕ , ਕੁਲਬੀਰ ਸੈਣੀ ਤੇ ਸੰਧੂ ਨਾਲ ਸਨ ਹੀ, ਅਸੀਂ ਆਉਂਦੇ ਹੋਏ ਕਮਲਜੀਤ ਨੀਲੋਂ ਨੂੰ ਵੀ ਤਲਵੰਡੀ ਫੱਤੂ ਦਾ ਪਤਾ ਲਿਖਾ ਆਏ ਸਾਂ। ਉਹ ਵੀ ਦੂਜੇ ਦਿਨ ਸਵੇਰੇ ਥ੍ਰੀਵ੍ਹੀਲਰ ‘ਤੇ ਪਿੰਡ ਆ ਪਹੁੰਚਿਆ। ਤਿੰਨ ਦਿਨ ਮੀਂਹ ਹਟਿਆ ਨਹੀਂ ਤੇ ਸਾਰਿਆਂ ਰਲ਼ ਕੇ ਉਹ ਰੌਣਕਾਂ ਲਾਈਆਂ ਜੋ ਮਿਥ ਕੇ ਲੱਗ ਹੀ ਨਹੀਂ ਸਕਦੀਆਂ। ਉਦੋਂ ਖਿੱਚੀਆਂ ਤਸਵੀਰਾਂ ਹੁਣ ਵੀ ਸਾਡੇ ਲਈ ਅਜ਼ੀਮ ਸਰਮਾਇਆ ਹਨ। ਪ੍ਰੋ.ਮੋਹਨ ਸਿੰਘ ਮੇਲਾ ਜਿਸ ਸਾਲ ਪੱਖੋਵਾਲ ਵਾਲੀ ਸੜਕ ‘ਤੇ ਲੱਗਾ, ਮੇਲੇ ‘ਚੌਂ ਅਸੀਂ ਜਗਮੋਹਨ ਕੋਰ ਦੇ ਘਰ ਖੁਸ਼ੀ ਸਾਂਝੀ ਕਰਨ ਗਏ, ਜਿਸ ਨੂੰ ਉਸ ਸਾਲ ਦਾ ਸਨਮਾਨ ਮਿਲਿਆ ਸੀ। ਖੁਸ਼ੀ ਦੇ ਦੋ ਦੋ ਪੈੱਗ ਲਾ ਕੇ ਜਦ ਅਸੀਂ ਤੁਰਨਾ ਚਾਹਿਆ ਤਾਂ ਜਗਮੋਹਨ ਕੌਰ ਕਹੇ ਕਿ ਮੇਲਾ ਤਾਂ ਹੁਣ ਮੁਕ ਗਿਆ ਤੁਸੀਂ ਹੋਰ ਠਹਿਰ ਜਾਵੋ। ਮੇਰੇ ਮੂੰਹ ‘ਚੌਂ ਅਚਾਨਕ ਨਿਕਲੇ ਕਿ ਅਸੀਂ ਮੇਲੇ ਪਿੱਛੋਂ ਉੱਡਦੇ ਲਿਫਾਫੇ ਦੇਖਣੇ ਹਨ, ਕਿਸੇ ਨੇ ਗੱਲ ਗੋਲੀ ਕਿ ਨਹੀਂ ਪਰ ਉਸ ਮੇਲੇ ਦੀ ਸੰਧੂ ਵਲੋਂ ਲਿਖੀ ਰਿਪੋਰਟ ਦਾ ਹੈਡਿੰਗ ਸੀ ‘ਮੇਲੇ ਪਿੱਛੋਂ ਜਿਵੇਂ ਖਾਲੀ ਉਡੱਦੇ ਲਿਫਾਫੇ’, ਜਿਸ ਵਿਚ ਮੇਲਾ ਮੁੱਕੇ ਤੋਂ ਬਾਅਦ ਖਤਾਨਾਂ ਵਿਚ ਨੱਚਦੇ ਮੁੰਡਿਆਂ ਦਾ ਜ਼ਿਕਰ ਸੀ।
ਸ਼ਮਸ਼ੇਰ ਤੇ ਸੁਖਵੀਰ ਨੇ ਗੁਣਾਚੌਰ ਦੋਵਾਂ ਬੱਚਿਆਂ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਅਖੰਡਪਾਠ ਰੱਖਿਆ। ਇਸ ਸਮਾਗਮ ਦੇ ਸੱਦਾ ਪੱਤਰ ਕੋਈ ਮੇਰੇ ਵੱਡੇ ਭਰਾ ਮੱਖਣ ਸਿੰਘ ਤੇ ਹੋਰ ਦੋ ਤਿੰਨ ਘਰਾਂ ਵਿਚ ਦੇ ਗਿਆ। ਭਾਜੀ ਹੋਰੀਂ ਜਦ ਮੇਰੇ ਨਾਲ ਜ਼ਿਕਰ ਕੀਤਾ ਤਾਂ ਮੈਂ ਹੈਰਾਨ ਜ਼ਰੂਰ ਹੋਇਆ ਕਿ ਮੇਰਾ ਕਾਰਡ ਕਿਵੇਂ ਰਹਿ ਗਿਆ। ਸਮਾਗਮ ਤੋਂ ਦੋ ਕੁ ਦਿਨ ਪਹਿਲਾਂ ਜਦ ਕਾਰਡ ਚੰਡੀਗੜ੍ਹ ਤੋਂ ਡਾਕ ਰਾਹੀਂ ਭੇਜਿਆ ਮਿਲ ਗਿਆ ਤਾਂ ਗੱਲ ਮੇਰੇ ਖਾਨੇ ਪੈ ਗਈ। ਥੋੜੇ ਦਿਨ ਪਹਿਲਾਂ ਸਹਿਕਾਰੀ ਬੈਂਕ ਨਵਾਂ ਸ਼ਹਿਰ ਦੀ ਚੌਣ ਹੋ ਕੇ ਹਟੀ ਸੀ ‘ਜਿਸ ਵਿਚ ਸੁਖਵੀਰ ਦੇ ਸਕੇ ਮਾਮਾ ਜੀ ਮੋਹਨ ਸਿੰਘ ਲੰਗੇਰੀ ਤੇ ਸਾਡੇ ਬਜ਼ੁਰਗ ਮਿੱਤਰ ਗਿਆਨੀ ਬਲਦੇਵ ਸਿੰਘ ਆਹਮਣੇ-ਸਾਹਮਣੇ ਸਨ। ਮੈਂ ਉਨ੍ਹਾਂ ਦਿਨਾਂ ਵਿਚ ਪਿੰਡ ਦਾ ਸਰਪੰਚ ਸਾਂ ਤੇ ਇਕੋ ਇਕ ਵੋਟ, ਸਹਿਕਾਰੀ ਸਭਾ ਦਾ ਪ੍ਰਧਾਨ ਪਰਮਜੀਤ ਸਿੰਘ ਮੇਰਾ ਮਿੱਤਰ ਵੀ ਸੀ। ਨੰਬਰਦਾਰ ਦਰਸ਼ਨ ਸਿੰਘ ਹੋਰੀਂ ਇਸ ਸਬੰਧ ਵਿਚ ਪਹਿਲਾਂ ਮੈਨੂੰ ਆਪ ਮਿਲੇ, ਫਿਰ ਵੋਟਾਂ ਤੋਂ ਇਕ ਦਿਨ ਪਹਿਲਾਂ ਸ਼ਮਸ਼ੇਰ ਵੀ ਆਇਆ ਪਰ ਸਾਡਾ ਮੇਲ ਨਹੀਂ ਹੋਇਆ। ਵੋਟਾਂ ਵਿਚ ਮੋਹਨ ਸਿੰਘ ਹੋਰੀਂ ਜਿੱਤ ਗਏ, ਪਰ ਡਾਕ ਰਾਹੀਂ ਮਿਲੇ ਕਾਰਡ ਤੋਂ ਮੈਨੂੰ ਲੱਗਾ ਕਿ ਜਿਵੇਂ ਉਹ ਮੈਨੂੰ ਆਪਣੇ ਨਾਲ ਧਿਰ ਬਣਿਆ ਖੜ੍ਹਾ ਦੇਖਣਾ ਚਾਹੁੰਦੇ ਸਨ, ਮੈਂ ਖੜ੍ਹ ਨਹੀਂ ਸਕਿਆ। ਉਸ ਸਮਾਗਮ ਵਿਚ ਮੈਂ ਆਪਣੇ-ਆਪ ਨੂੰ ਸਹਿਜ ਨਹੀਂ ਰੱਖ ਸਕਿਆ ਤੇ ਰਸਮੀ ਜਿਹੀ ਹਾਜ਼ਰੀ ਲਵਾ ਕੇ ਆ ਗਿਆ। ਤਿੰਨ ਕੁ ਮਹੀਨੇ ਪਿਛੋਂ ਅਸੀਂ ਬੰਗੇ ਇਕੱਠੇ ਹੋ ਗਏ, ਮੈਂ ਬਹਿਣ ਦੀ ਸੁਲ੍ਹਾ ਮਾਰੀ ਤੇ ਸੰਧੂ ਝੱਟ ਸਹਿਮਤ ਹੋ ਗਿਆ। ਤੁਰਨ ਵੇਲੇ ਉਨ੍ਹਾਂ ਕਿਹਾ, ਰਾਤ ਗੁਣਾਚੌਰ ਰਹਿ ਪਾ ਤੇ ਅਸੀਂ ਗੁਣਾਚੌਰ ਆ ਗਏ। ਉਥੇ ਆ ਕੇ ਲੱਗਾ ਹੀ ਨਹੀਂ ਕਿ ਕੁਝ ਅਸਹਿਜ ਹੈ।
ਹੁਣ ਜਦ ਸਾਡੀ ਕਬੀਲਦਾਰੀ ਦੀਆਂ ਜਿੰਮੇਵਾਰੀਆਂ ਸ਼ੁਰੂ ਹੋਈਆ ਤਾਂ ਸੰਬੰਧਾਂ ਦੀ ਮਹਿਕ ਬਰਕਰਾਰ ਹੈ। ਪਹਿਲਾਂ ਸਾਡੇ ਬੇਟੇ ਨਵਦੀਪ ਦੇ ਵਿਆਹ ਵਿਚ ਪਰਿਵਾਰ ਸਮੇਤ ਸ਼ਾਮਿਲ ਤਾਂ ਹੋਏ ਹੀ, ਰੌਣਕਾਂ ਲਾਉਣ ਦੀ ਜਿੰਮੇਵਾਰੀ ਵੀ ਆਪੇ ਨਿਭਾਈ ਸੁਰਜੀਤ ਖਾਨ ਤੇ ਸੁਰਿੰਦਰ ਥਾਂਦੀ ਨੂੰ ਸੱਦ ਕੇ। ਮੇਰੇ ਨਾਲ ਰਲ ਕੇ ਆਪ ਗਾ ਕੇ ਵੀ ਰੌਣਕਾਂ ਲਾਈਆਂ। ਸੁਖਮਣੀ ਤੇ ਗਗਨ ਦੇ ਵਿਆਹਾਂ ‘ਚ ਜਿਥੇ ਮੈਂ ਗੁਣਾਚੌਰ ਵਾਲੇ ਪਰਿਵਾਰ ਨਾਲ ਰਲ ਕੇ ਨਾਨਕਿਆਂ ਵਾਲੀਆਂ ਜਿੰਮੇਵਾਰੀਆਂ ਨਿਭਾਈਆਂ, ਉਥੇ ਗੁਰਦਾਸ ਮਾਨ, ਬੱਬੂ ਮਾਨ ਨਾਲ ਭੰਗੜੇ ਵੀ ਪਾਏ। ਮਨਮੀਤ ਦੇ ਵਿਆਹ ਵੇਲੇ ਵੀ ਸ਼ਮਸ਼ੇਰ ਨੇ ਕੋਈ ਕਸਰ ਨੀ ਛੱਡੀ ਰੌਣਕਾਂ ਲਾਉਣ ਦੀ। ਉਸ ਨੇ ਤਾਂ ਮੇਰੇ ਅਮਰੀਕਾ ਆਉਣ ਤੋਂ ਬਾਅਦ ਮੇਰੇ ਭਾਣਜੇ ਦੇ ਵਿਆਹ ਵਿਚ ਸ਼ਾਮਲ ਹੋ ਕੇ ਸਾਡੇ ਭਣੌਈਏ ਦਲਬੀਰ ਸਿੰਘ ਦੀ ਰੀਝ ਵੀ ਪੂਰੀ ਕੀਤੀ।
ਮੇਰੇ ਅਮਰੀਕਾ ਅਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਸਮਾਗਮਾਂ ਵਿਚ ਇਕੱਠੇ ਵਿਚਰਨ ਕਰਕੇ ਮੇਰਾ ਕੁੜਮ ਅਵਤਾਰ ਸਿੰਘ ਤੇ ਸੰਧੂ ਇਕ ਦੂਜੇ ਦੇ ਨੇੜੇ ਹੋ ਗਏ ਸਨ। ਦੋਵੇਂ ਕਬੱਡੀ ਦੇ ਰੱਜ ਕੇ ਸ਼ੌਕੀਨ। ਅਵਤਾਰ ਨੇ ਸੰਧੂ ਨਾਲ ਗੱਲਾਂ ਕਰ ਕਰ ਆਪਣੇ ਕੋਲ ਪਈਆਂ ਕਬੱਡੀ ਦੇ ਪੁਰਾਣੇ ਮੈਚਾਂ ਦੀਆਂ ਸੀ.ਡੀਆਂ ਲਈ ਏਨੀ ਜਗਿਆਸਾ ਬਣਾ ਦਿੱਤੀ ਕਿ ਸ਼ਮਸ਼ੇਰ ਨੂੰ ਜਦ ਪਤਾ ਲੱਗਿਆ ਕਿ ਪਰਵਿੰਦਰ ਪਿੰਡ ਆ ਰਹੀ ਹੈ ਤਾਂ ਉਸ ਮੈਨੂੰ ਇਹ ਸੀ.ਡੀਆਂ ਭੇਜਣ ਦੀ ਤਾਕੀਦ ਕੀਤੀ। ਸੀ.ਡੀਆਂ ਦੀਆਂ ਵਕਤ ਸਿਰ ਕਾਪੀਆ ਨਾ ਹੋ ਸਕੀਆਂ। ਪਿੰਡ ਪਹੁੰਚ ਕੇ ਦੂਜੇ ਦਿਨ ਹੀ ਜਦ ਪਰਵਿੰਦਰ ਨੇ ਦੱਸਿਆ ਕਿ ਸੰਧੂ ਤੇ ਹਰਬੰਸ ਮਿਲਣ ਆਏ ਸਨ ਤੇ ਸੀ.ਡੀਆਂ ਬਾਰੇ ਪੁੱਛਦੇ ਸਨ ਤਾਂ ਮੈਂ ਸਫਾਈ ਦੇਣ ਲਈ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸਾਡਾ ਰਾਬਤਾ ਮੁੜ ਤਾਂ ਹੀ ਜੁੜਿਆ ਜਦ ਤਿੰਨ ਕੁ ਮਹੀਨੇ ਬਾਅਦ ਉਹ ਸੀ.ਡੀਆਂ, ਭੁਪਿੰਦਰ ਸਿੰਘ ਸਰਪੰਚ ਹੋਰਾਂ ਰਾਹੀਂ ਉਸ ਤੱਕ ਪਹੁੰਚਦੀਆਂ ਕਰ ਦਿੱਤੀਆਂ।
ਤਕਰੀਬਨ ਤੇਰਾਂ-ਚੋਦਾਂ ਸਾਲ ਹੋ ਚੱਲੇ ਹਨ ਮੈਨੂੰ ਅਮਰੀਕਾ ਆਇਆਂ। ਦਿਨ ਰਾਤ ਬਿਲਕੁਲ ਇਕ ਦੂਜੇ ਤੋਂ ਉਲਟੇ ਹੋਣ ਕਰਕੇ ਹੁਣ ਜਦ ਅਸੀਂ ਫੋਨ ‘ਤੇ ਮਿਲਦੇ ਹਾਂ ਤਾਂ ਦੋਵਾਂ `ਚੋਂ ਮੈਂ ਅਕਸਰ ਸ਼ਾਮ ਰੰਗੀਨ ਕੀਤੀ ਹੁੰਦੀ ਆ ਤੇ ਉਹ ਚਾਹ ਦੇ ਕੱਪ ਤੇ। ਕਈ ਵਾਰ ਲੱਗਦਾ ਹੁੰਦਾ ਕਿ ਮੈਂ ਉਸ ਨਾਲ ਜ਼ਿਆਦਤੀ ਕਰ ਰਿਹਾਂ। ਫਿਰ ਚੇਤੇ ਵਿਚ ਉਹ ਦਿਨ ਆ ਜਾਂਦੇ ਹਨ, ਜਦ ਵੇਲੇ-ਕੁਵੇਲੇ ਆਇਆ ਸੰਧੂ ਮੇਰੇ ਗੇਟ ਖੋਲ੍ਹਦਿਆ ਗਾਉਣ ਲੱਗ ਪੈਂਦਾ ਸੀ, ‘ਬੂਹਾ ਏਸ ਵੇਲੇ ਕੀਹਨੇ ਖੜ੍ਹਕਾਇਆ, ਦੇਖੀਂ ਕਿਤੇ ਯਾਰ ਨਾ ਹੋਵੇ।’ ਉਸ ਦਾ ਸਾਥੀ ਬਲਬੀਰ ਕੋਲ ਖੜ੍ਹਾ ਹੱਸੀ ਜਾਂਦਾ। ਇਹ ਦਿਨ ਚੇਤੇ ਕਰ ਕੇ ਮੈਂ ਆਪਣੇ ਆਪ ਨੂੰ ਇਹ ਹੱਕ ਦੇ ਲੈਂਦਾ ਹਾਂ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਵੀ ਉਸ ਦਾ ਕੁੰਡਾ ਕਿਸੇ ਵੀ ਸਮੇਂ ਖੜ੍ਹਕਾ ਕੇ ਕਹਿ ਸਕਦਾ ਹਾਂ, ਨੀ ਦੇਖੀ ਕਿਤੇ ਯਾਰ ਨਾ ਹੋਵੇ…।
