ਗੁਰਬਚਨ ਸਿੰਘ ਭੁੱਲਰ
ਫੋਨ:+91 8076363058
ਪੰਜਾਬੀ ਸਾਹਿਤ ਨੂੰ ਕਣਦਾਰ ਤੇ ਯਾਦਗਾਰੀ ਕਹਾਣੀਆਂ ਅਤੇ ਇਕ ਨਿੱਗਰ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਦੇਣ ਵਾਲੇ ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ।
ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਇਸ ਨਾਵਲ (ਜੋ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਹੈ) ਨਾਲ ਉਨ੍ਹਾਂ ਸਾਹਿਤਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਇਸ 18 ਮਾਰਚ ਨੂੰ ਉਹ 90 ਸਾਲ ਦੇ ਹੋ ਗਏ ਹਨ, ਉਨ੍ਹਾਂ ਦਾ ਜਨਮ ਦਿਨ ਮਨਾਉਂਦਿਆਂ ਅਸੀਂ ਇਹ ਨਾਵਲ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਨਾਵਲ ਦੀ ਪਹਿਲੀ ਕਿਸ਼ਤ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਹਾਜ਼ਰ ਹੈ। -ਸੰਪਾਦਕ
ਬੰਗਲਾ ਸਾਹਿਬ ਦੇ ਅਗਲੇ ਚੌਂਤਰੇ ਦੀਆਂ ਪੌੜੀਆਂ ਉੱਤਰਦਿਆਂ ਗੁਰਸੇਵ ਸਿੰਘ ਦਰਵੇਸ਼ ਨੇ ਦੇਖਿਆ, ਸਾਹਮਣਿਉਂ ਤੀਰਥ ਸਿੰਘ ਤੁਰਿਆ ਆ ਰਿਹਾ ਸੀ। ਸੱਚੇ ਦਰ ਅਰਦਾਸ ਕਰਦਿਆਂ ਵੀ ਉਨਹਾਂ ਨੇ ਅੱਜ ਹੀ ਮੇਲ ਹੋ ਜਾਣ ਬਾਰੇ ਤਾਂ ਸੋਚਿਆ ਤੱਕ ਨਹੀਂ ਸੀ। ਗਦਗਦ ਹੋ ਕੇ ਮਨ ਹੀ ਮਨ ਆਖਿਆ, ‘ਵਾਹ! ਮੇਰੇ ਬਾਲਾ ਪ੍ਰੀਤਮ, ਇਸ ਨਿਮਾਣੇ ਦੀ ਅਰਦਾਸ ਏਨੀ ਛੇਤੀ ਸੁਣ ਲਈ! ਤਦੇ ਤਾਂ ਦੁਨੀਆ ਕਹਿੰਦੀ ਏ, ਤੁਧ ਡਿਠਿਆਂ ਸਭ ਦੁਖ ਜਾਇ!’ ਦੋਵੇਂ ਚਿਰਾਂ-ਵਿਛੁੰਨੇ ਧਾਹ ਕੇ ਮਿਲੇ। ਜੱਫੀ ਵਿਚ ਘੁੱਟਿਆਂ ਦੇ ਬੋਲ ਮੂੰਹ ਦੀ ਥਾਂ ਆਪਮੁਹਾਰੇ ਅੱਖਾਂ ਵਿਚੋਂ ਵਗ ਤੁਰੇ। ਇਕ ਦੂਜੇ ਦੀਆਂ ਬਾਂਹਾਂ ਵਿਚ ਵਲੇ-ਵਲਾਏ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਘਾਹ ਉੱਤੇ ਆ ਬੈਠੇ।
ਪਾਕਿਸਤਾਨ ਤੋਂ ਉੱਜੜ ਕੇ ਆਏ ਪਰਿਵਾਰ ਹਨੇਰੀ ਨਾਲ ਡਾਲ ਤੋਂ ਟੁੱਟੇ ਪੱਤਿਆਂ ਵਾਂਗ ਕੌਣ ਜਾਣੇ ਕਿਸ ਹਾਲਤ ਵਿਚ ਕਿਥੇ-ਕਿਥੇ ਜਾ ਡਿੱਗੇ ਸਨ। ਪਤਾ ਨਹੀਂ ਕੌਣ ਖ਼ੁਸ਼ਕਿਸਮਤ ਆਪਣੇ ਪਰਿਵਾਰ ਸਮੇਤ ਸਹੀ-ਸਲਾਮਤ ਇਧਰ ਪਹੁੰਚ ਕੇ ਕਿਥੇ ਟਿਕ ਗਿਆ ਸੀ ਅਤੇ ਪਤਾ ਨਹੀਂ ਹੋਣੀ ਨੇ ਕਿਸ ਬਦਕਿਸਮਤ ਨੂੰ ਉਹਦਾ ਕੌਣ-ਕੌਣ ਖੋਹ ਕੇ ਇਸ ਓਪਰੀ ਧਰਤੀ ਉੱਤੇ ਕਿਥੇ ਲਿਆ ਪਟਕਿਆ ਸੀ। ਇਕ ਦੂਜੇ ਦਾ ਪਤਾ ਲੱਗਣਾ ਰੱਬ ਆਸਰੇ ਸੀ। ਨੇੜਲਿਆਂ ਤੋਂ ਵਿੱਛੜੇ ਲੋਕ ਗੁਆਚਿਆਂ ਨੂੰ ਮਿਲਾਉਣ ਵਾਸਤੇ ਖੁੱਲ੍ਹੇ ਦਫ਼ਤਰਾਂ ਦੇ ਚੱਕਰ ਕਟਦੇ ਰਹਿੰਦੇ ਸਨ ਜਾਂ ਬੇਸਹਾਰਿਆਂ ਦਾ ਸਹਾਰਾ ਬਣੇ ਹੋਏ ਕੈਂਪਾਂ ਨੂੰ ਇਕ ਵਾਰ ਫੇਰ ਫਰੋਲ ਆਉਂਦੇ ਸਨ। ਗੁਰਦੁਆਰੇ ਤੇ ਮੰਦਰ ਇਕ ਹੋਰ ਟਿਕਾਣਾ ਸਨ ਜਿਥੇ ਅਚਾਨਕ ਮੇਲ ਹੋ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਸੀ। ਕੋਈ ਰੱਬ ਦਾ ਸ਼ੁਕਰ ਕਰਨ ਆਉਂਦਾ, ਤੇਰੀ ਕਿਰਪਾ ਨਾਲ ਜਾਨਾਂ ਬਚ ਗਈਆਂ, ਬਾਕੀ ਸਭ ਵੀ ਤੂੰ ਹੀ ਦੇਣਾ ਹੈ। ਕੋਈ ਉਲਾਂਭਾ ਦੇਣ ਆਉਂਦਾ, ‘ਰੱਬਾ, ਤੂੰ ਕੇਹਾ ਰੱਬ ਹੈਂ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ?’ ਤੇ ਅੱਗੇ ਤੋਂ ਆਪਣਾ ਬਿਰਦ ਪਛਾਣ ਕੇ ਹਰ ਔਖੀ ਘੜੀ ਤੋਂ ਬਚਾਈ ਰੱਖਣ ਦੀ ਜੋਦੜੀ ਕਰਦਾ, ‘ਅਉਖੀ ਘੜੀ ਨਾ ਦੇਖਣ ਦੇਈ, ਅਪਨਾ ਬਿਰਦੁ ਸਮਾਲੇ। ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ।’
ਆਪਣੇ ਢਾਹੇ ਕਹਿਰ ਦੀ ਖ਼ੂਨੀ ਤਸਵੀਰ ਤੋਂ ਪਰੇਸ਼ਾਨ ਹੋ ਕੇ ਕਿਤੇ ਮੂੰਹ ਛੁਪਾਈਂ ਬੈਠਾ ਰੱਬ ਪਤਾ ਨਹੀਂ ਕਿਸ ਦੀ ਗੱਲ ਸੁਣ ਲੈਂਦਾ ਸੀ ਅਤੇ ਕਿਸ ਦੀ ਅਨਸੁਣੀ ਕਰ ਦਿੰਦਾ ਸੀ। ਪਰ ਅੱਜ ਉਹਨੇ ਦਰਵੇਸ਼ ਜੀ ਤੇ ਤੀਰਥ ਸਿੰਘ ਦੀਆਂ ਅਰਦਾਸਾਂ ਤਾਂ ਸੁਣ ਹੀ ਲਈਆਂ ਸਨ। ਇਕ ਦੂਜੇ ਦਾ ਦਿੱਲੀ ਆ ਪਹੁੰਚਣਾ ਜਾਣ ਕੇ ਦੋਵਾਂ ਦਾ ਖ਼ੁਸ਼ ਹੋਣਾ ਸੁਭਾਵਿਕ ਸੀ। ਆਪਸੀ ਖ਼ੈਰ-ਖ਼ੈਰੀਅਤ ਜਾਣ ਕੇ ਨੀਰ ਤਾਂ ਥੰਮਿ੍ਹਆ ਹੀ, ਦਿਲਾਂ ਵਿਚ ਠੰਢ ਵੀ ਪੈ ਗਈ। ਸੁਖ ਦਾ ਸਾਹ ਲੈ ਕੇ ਉਨਹਾਂ ਨੇ ਇਕ ਦੂਜੇ ਦੇ ਹੱਥ ਘੁੱਟ ਕੇ ਫੜ ਲਏ ਜਿਵੇਂ ਕਹਿ ਰਹੇ ਹੋਣ, ਹੁਣ ਨਹੀਂ ਇਹ ਛੱਡਣੇ! ਪਰ ਅਸਲ ਗੱਲ ਦੋਵਾਂ ਵਿਚੋਂ ਕਿਸੇ ਨੇ ਵੀ ਸਾਂਝੀ ਨਾ ਕੀਤੀ। ਸ਼ਾਇਦ ਪਹਿਲੀ ਮਿਲਣੀ ਵਿਚ ਹੀ ਇਹ ਸੰਭਵ ਵੀ ਨਹੀਂ ਸੀ ਤੇ ਵਾਜਬ ਵੀ ਨਹੀਂ। ਦਰਵੇਸ਼ ਜੀ ਵਾਸਤੇ ਜਗਦੀਪ ਦੀ ਸਲਾਹ ਪੁੱਛਣੀ ਜ਼ਰੂਰੀ ਸੀ। ਤੀਰਥ ਸਿੰਘ ਵੀ ਸਮਝਦਾ ਸੀ, ਪਹਿਲਾਂ ਸਤਿਨਾਮ ਕੌਰ ਤੇ ਗੁਰਮੁਖ ਨਾਲ ਗੱਲ ਕਰਨੀ ਬਣਦੀ ਹੈ। ਭਾਵੇਂ ਉਹ ਜਾਣਦਾ ਸੀ, ਉਨਹਾਂ ਨੇ ਤਾਂ ਸੁਣਦਿਆਂ ਹੀ ਨਾਤਾ ਜੋੜਨ ਲਈ ਕਾਹਲੇ ਪੈ ਜਾਣਾ ਸੀ।
ਜਵਾਨ ਧੀਆਂ ਵਾਲੇ ਪਰਿਵਾਰ, ਡੋਲਦੇ ਪੈਰ ਧਰਤੀ ਉੱਤੇ ਟਿਕਦਿਆਂ ਹੀ ਉਨਹਾਂ ਦੇ ਹੱਥ ਪੀਲ਼ੇ ਕਰਨ ਲਈ ਉਤਾਵਲੇ ਹੋ ਗਏ ਸਨ। ਇਕ ਫ਼ਿਕਰ ਤਾਂ ਮੁੱਕੇ! ਇਕ ਭਾਰ ਤਾਂ ਘਟੇ! ਧੀ ਆਪਣੇ ਘਰ ਜਾਵੇ, ਸੁਖੀ ਵਸੇ ਤੇ ਅਸੀਂ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਪਟੜੀ ਉੱਤੇ ਪਾਉਣ ਦਾ ਜਤਨ ਕਰਨ ਲੱਗੀਏ। ਜਗਦੀਪ ਨੂੰ ਵਿਆਹੁਣ ਦੀ ਦਰਵੇਸ਼ ਜੀ ਦੀ ਕਾਹਲ ਦਾ ਇਹ ਕਾਰਨ ਤਾਂ ਸੀ ਹੀ, ਇਕ ਕਾਰਨ ਹੋਰ ਵੀ ਸੀ। ਉਸ ਦੀ ਮਾਤਾ ਛੋਟੀ ਜਿਹੀ ਨੂੰ ਉਨਹਾਂ ਦੀ ਝੋਲੀ ਪਾ ਕੇ ਅਗਲੇ ਜਹਾਨ ਦੇ ਰਾਹ ਤੁਰ ਗਈ ਸੀ। ਉਹ ਪਿਤਾ ਵੀ ਸਨ ਤੇ ਮਾਤਾ ਵੀ। ਉਸ ਦਾ ਹਰ ਫ਼ਿਕਰ ਉਨਹਾਂ ਨੇ ਹੀ ਕਰਨਾ ਸੀ। ਇਸ ਘੱਲੂਘਾਰੇ ਤੋਂ ਪਹਿਲਾਂ ਉਨਹਾਂ ਨੂੰ ਕਦੀ ਅਜਿਹਾ ਮਹਿਸੂਸ ਨਹੀਂ ਸੀ ਹੋਇਆ, ਪਰ ਹੁਣ ਅਚਾਨਕ ਇਉਂ ਲੱਗਣ ਲੱਗਿਆ ਜਿਵੇਂ ਝੋਲੀ ਏਨੀ ਭਾਰੀ ਹੋ ਗਈ ਹੈ ਕਿ ਹੋਰ ਸਮੇਂ ਲਈ ਚੁੱਕੀਂ ਰੱਖਣੀ ਮੁਸ਼ਕਿਲ ਹੋ ਰਹੀ ਹੈ।
ਜਵਾਨ ਪੁੱਤਰਾਂ ਵਾਲੇ ਪਰਿਵਾਰ ਵੀ ਨਵੇਂ ਰਿਸ਼ਤੇ ਜੋੜਨ ਦੇ ਚਾਹਵਾਨ ਸਨ। ਤੀਰਥ ਸਿੰਘ ਤੇ ਸਤਿਨਾਮ ਕੌਰ ਦੀ ਰੀਝ ਸੀ, ਨਵਾਂ ਜੀਅ ਘਰ ਵਿਚ ਖ਼ੁਸ਼ੀ ਬਣ ਕੇ ਆਵੇ ਅਤੇ ਉਦਾਸੀ ਦੀ ਧੁੰਦ ਕੁਛ ਪਤਲੀ ਪਵੇ। ਕੀ ਪਤਾ ਉਹ ਜੀਅ ਕਿੰਨਾ ਭਾਗਾਂਵਾਲਾ ਹੋਵੇ ਤੇ ਉਸੇ ਦੇ ਕਰਮਾਂ ਨੂੰ ਸਾਰੇ ਦੁੱਖ-ਦਰਦ ਹੋਏ-ਬੀਤੇ ਦੀ ਗੱਲ ਬਣ ਕੇ ਰਹਿ ਜਾਣ!
ਇਧਰਲੇ ਲੋਕਾਂ ਨਾਲ ਤਾਂ ਨਵੀਆਂ ਰਿਸ਼ਤੇਦਾਰੀਆਂ ਪਾਉਣ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ। ਨਾ ਕੋਈ ਜਾਣ, ਨਾ ਪਛਾਣ। ਨਾ ਕੋਈ ਸਮਾਜਕ ਸਾਂਝ, ਨਾ ਰਹਿਤਲ ਦੀ ਸਮਾਨਤਾ। ਸਰਕਾਰ ਨੇ ਹੀ ਉਨਹਾਂ ਦਾ ਨਾਂ ਸ਼ਰਨਾਰਥੀ ਰੱਖ ਛੱਡਿਆ ਸੀ ਤਾਂ ਇਧਰਲੇ ਲੋਕਾਂ ਨੇ ਤਾਂ ਤਰਸ-ਭਾਵਨਾ ਨਾਲ ਦੇਖਣਾ ਹੀ ਹੋਇਆ। ਸ਼ਰਨ ਪਏ ਸ਼ਰਨ ਦੇਣ ਵਾਲਿਆਂ ਨੂੰ ਧੀਆਂ ਦੇਣ ਜਾਂ ਉਨਹਾਂ ਦੀਆਂ ਧੀਆਂ ਲੈਣ ਦਾ ਖ਼ਿਆਲ ਤੱਕ ਵੀ ਮਨ ਵਿਚ ਕਿਵੇਂ ਲਿਆ ਸਕਦੇ ਸਨ। ਕੁਦਰਤੀ ਸੀ, ਅਜਿਹੇ ਵੇਲੇ ਉਨਹਾਂ ਦੀ ਨਜ਼ਰ ਆਪਣੇ ਉਧਰਲੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਵੱਲ ਹੀ ਜਾਂਦੀ।
ਦਰਵੇਸ਼ ਜੀ ਦੇ ਚੇਤੇ ਵਿਚ ਕਈ ਮੁੰਡੇ ਉਭਰਦੇ ਜਿਹੜੇ ਜਗਦੀਪ ਵਾਸਤੇ ਠੀਕ ਰਹਿ ਸਕਦੇ ਸਨ। ਉਨਹਾਂ ਕਈਆਂ ਵਿਚੋਂ ਗੁਰਮੁਖ ਸਿੰਘ ਸੀ ਜੋ ਵਾਰ-ਵਾਰ ਸਾਹਮਣੇ ਆਉਂਦਾ। ਪਰ ਕੀ ਪਤਾ, ਗੁਰਮੁਖ ਕਿਥੇ ਸੀ! ਕਿਥੇ ਸੀ ਤੇ ਕਿਸ ਹਾਲ ਵਿਚ ਸੀ ਤੀਰਥ ਸਿੰਘ ਦਾ ਪਰਿਵਾਰ! ਵਾਹਿਗੁਰੂ ਕਰੇ, ਉਹ ਸਹੀ-ਸਲਾਮਤ ਇਧਰ ਆ ਗਏ ਹੋਣ! ਇਸੇ ਕਰਕੇ ਉਹ ਗੱਲ ਨੂੰ ਆਪਣੇ ਤੱਕ ਹੀ ਰਖਦੇ, ਜਗਦੀਪ ਨਾਲ ਸਾਂਝੀ ਨਹੀਂ ਸਨ ਕਰਦੇ।
ਤੀਰਥ ਸਿੰਘ ਦੀ ਨਜ਼ਰ ਵੀ ਉਧਰਲੇ ਪਰਿਵਾਰਾਂ ਉੱਤੇ ਘੁੰਮਦੀ ਹੋਈ ਆਖ਼ਰ ਜਗਦੀਪ ਉੱਤੇ ਟਿਕ ਜਾਂਦੀ। ਸੱਚ ਤਾਂ ਇਹ ਸੀ ਕਿ ਜਗਦੀਪ ਤੋਂ ਬਿਨਾਂ ਕੋਈ ਹੋਰ ਚਿਹਰਾ ਮਨ ਦੀਆਂ ਅੱਖਾਂ ਸਾਹਮਣੇ ਉਭਰਦਾ ਹੀ ਨਹੀਂ ਸੀ। ਪਰ ਕੌਣ ਜਾਣੇ, ਕਿਥੇ ਤੇ ਕਿਵੇਂ ਸਨ ਦਰਵੇਸ਼ ਜੀ ਤੇ ਉਨਹਾਂ ਦੀ ਰਾਣੀ ਧੀ ਜਗਦੀਪ! ਉਹ ਅਰਦਾਸ ਕਰਦੇ, ਵਾਹਿਗੁਰੂ, ਉਹ ਦੋਵੇਂ ਰਾਜ਼ੀ-ਖ਼ੁਸ਼ੀ ਇਧਰ ਪਹੁੰਚ ਗਏ ਹੋਣ! ਇਸ ਹਾਲਤ ਵਿਚ ਆਪਣਾ ਸੁਪਨਾ ਪਰਿਵਾਰ ਨਾਲ ਸਾਂਝਾ ਕਰਨਾ ਉਨਹਾਂ ਨੂੰ ਵੀ ਠੀਕ ਨਾ ਲਗਦਾ।
ਰਿਸ਼ਤੇਦਾਰੀ ਕੁਛ ਦੁਰੇਡੀ ਤਾਂ ਜ਼ਰੂਰ ਸੀ, ਪਰ ਏਨੀ ਦੁਰੇਡੀ ਵੀ ਨਹੀਂ ਕਿ ਵਿਆਹ-ਸਾਹਿਆਂ ਤੇ ਖ਼ੁਸ਼ੀਆਂ-ਗ਼ਮੀਆਂ ਮੌਕੇ ਦੋਵਾਂ ਪਰਿਵਾਰਾਂ ਦਾ ਮੇਲ-ਮਿਲਾਪ ਸਮੇਂ-ਸਮੇਂ ਨਾ ਹੁੰਦਾ ਰਹਿੰਦਾ। ਇਕ ਦੂਜੇ ਦੀ ਭਾਈਚਾਰਕ ਹੈਸੀਅਤ ਵੀ ਉਹ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਸੂਰਤ-ਸੀਰਤ ਵੀ। ਤੀਰਥ ਸਿੰਘ ਦੇ ਪਰਿਵਾਰ ਨੇ ਜਿਵੇਂ ਬਾਲੜੀ ਜਗਦੀਪ ਨੂੰ ਪੋਟਾ-ਪੋਟਾ ਵਧ ਕੇ ਮੁਟਿਆਰ ਹੁੰਦੀ ਦੇਖਿਆ ਸੀ, ਗੁਰਮੁਖ ਵੀ ਉਸੇ ਤਰ੍ਹਾਂ ਦਰਵੇਸ਼ ਜੀ ਦੇ ਦੇਖਦਿਆਂ ਜਵਾਨ ਹੋਇਆ ਸੀ।
ਗੱਲਾਂ-ਗੱਲਾਂ ਵਿਚ ਗੁਰਮੁਖ ਦਾ ਅਣਵਿਆਹਿਆ ਹੋਣਾ ਜਾਣ ਕੇ ਦਰਵੇਸ਼ ਜੀ ਨੂੰ ਡਾਢਾ ਸਕੂਨ ਮਿਲਿਆ। ਉਹ ਸੋਹਣਾ ਸੀ, ਗੋਰਾ-ਚਿੱਟਾ, ਲੰਮਾ-ਲੰਝਾ, ਪੜ੍ਹਿਆ-ਲਿਖਿਆ, ਸੁਭਾਅ ਦਾ ਸਾਊ ਤੇ ਮਿੱਠਬੋਲੜਾ। ਗੱਲ ਜਗਦੀਪ ਦੇ ਕੰਨੋਂ ਕੱਢ ਕੇ ਜਿੰਨੀ ਛੇਤੀ ਹੋ ਸਕੇ, ਗੁਰਮੁਖ ਦੀ ਮੇਰ ਕਰ ਲੈਣੀ ਚਾਹੀਦੀ ਹੈ। ਕੁਛ ਅਜਿਹੀ ਹੀ ਉਤਾਵਲਤਾ ਤੀਰਥ ਸਿੰਘ ਦੀ ਸੀ। ਜੇ ਗੁਰਮੁਖ ਨਾਲ ਜਗਦੀਪ ਦਾ ਨਾਤਾ ਜੁੜ ਜਾਵੇ, ਪਰਿਵਾਰ ਦੀ ਉਦਾਸੀ ਵਿਚ ਨਵੇਂ ਜੀਵਨ ਦਾ ਖੇੜਾ ਆਵੇ। ਘਰੇ ਗੱਲ ਸਾਂਝੀ ਕਰ ਕੇ ਜਿੰਨੀ ਛੇਤੀ ਹੋ ਸਕੇ, ਦਰਵੇਸ਼ ਜੀ ਤੋਂ ਜਗਦੀਪ ਦਾ ਹੱਥ ਮੰਗ ਲੈਣਾ ਚਾਹੀਦਾ ਹੈ।
ਤੀਰਥ ਸਿੰਘ ਦੇ ਮਨ ਵਿਚ ਜਗਦੀਪ ਦੀ ਉਹ ਤਸਵੀਰ ਉਜਾਗਰ ਹੋ ਗਈ, ਜਿਸ ਸਦਕਾ ਉਹ ਸਕੇ-ਸੰਬੰਧੀਆਂ ਅਤੇ ਜਾਣਕਾਰਾਂ ਦੀਆਂ ਕਿੰਨੀਆਂ ਹੀ ਬੱਚੀਆਂ ਵਿਚੋਂ ਵੱਖਰੀ ਬਣ ਗਈ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਵਸ ਮਨਾਇਆ ਜਾ ਰਿਹਾ ਸੀ। ਸਟੇਜ ਤੋਂ ਇਲਾਕੇ ਦੇ ਕਈ ਮਸ਼ਹੂਰ ਕਵੀਆਂ ਨੇ ਕਵਿਤਾਵਾਂ ਬੋਲੀਆਂ ਸਨ। ਫੇਰ ਸਟੇਜ ਸਕੱਤਰ ਨੇ ਆਖਿਆ, ‘ਹੁਣ ਇਕ ਅਜਿਹੀ ਬੱਚੀ ਬਾਬਾ ਜੀ ਦੇ ਚਰਨਾਂ ਵਿਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੇਗੀ, ਜਿਸ ਦੀ ਕਲਮ ਬੜੀ ਛੋਟੀ ਉਮਰ ਵਿਚ ਹੀ ਚੰਗੇ ਕਵੀਆਂ ਵਰਗੇ ਜੌਹਰ ਦਿਖਾਉਣ ਲੱਗੀ ਹੈ।’ ਸਾਰੀ ਸੰਗਤ ਦੀ ਉਤਸੁਕਤਾ ਜਾਗ ਪਈ, ਕੌਣ ਹੋਈ ਇਹ ਬੱਚੀ! ਤਦੇ ਉਹਨੇ ਕਿਹਾ, ‘ਬਾਬਾ ਜੀ ਦੀ ਬਖ਼ਸ਼ਿਸ਼ ਵਾਲੀ ਇਹ ਬੱਚੀ ਹੈ ਆਪਣੇ ਦਰਵੇਸ਼ ਜੀ ਦੀ ਪੁੱਤਰੀ, ਬੀਬੀ ਜਗਦੀਪ ਕੌਰ!’
ਜਗਦੀਪ ਕੌਰ ਕੁਛ ਸੰਗਦੀ-ਸ਼ਰਮਾਉਂਦੀ ਜਿਹੀ ਸਟੇਜ ਉੱਤੇ ਆਈ ਅਤੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਬੁਲਾ ਕੇ ਕਵਿਤਾ ਪੜ੍ਹਨ ਲੱਗੀ। ਬਾਰਾਂ ਕੁ ਸਾਲ ਦੀ ਮਸਾਂ ਹੋਵੇਗੀ, ਗੁਲਾਬੀ ਗੋਰਾ ਰੰਗ, ਲੰਮੀ ਗੁੱਤ ਵਿਚ ਗੁਲਾਬੀ ਹੀ ਰਿਬਨ ਦਾ ਫੁੱਲ ਬਣਾਇਆ ਹੋਇਆ, ਰਬੜ ਦੀ ਗੁੱਡੀ ਜਿਹੀ, ਪਹਿਲੀ ਨਜ਼ਰੇ ਹੀ ਸਭ ਦਾ ਮਨ ਮੋਹ ਲੈਣ ਵਾਲੀ। ਝਿਜਕ ਤਾਂ ਪਹਿਲੀ ਸਤਰ ਬੋਲਦਿਆਂ ਹੀ ਲੱਥ ਗਈ। ਹੁਣ ਉਹ ਇਉਂ ਬੋਲ ਰਹੀ ਸੀ, ਜਿਵੇਂ ਸਟੇਜਾਂ ਤੋਂ ਆਮ ਹੀ ਬੋਲਦੇ ਰਹਿਣ ਵਾਲੇ ਕਵੀ ਬੋਲਿਆ ਕਰਦੇ ਹਨ। ਉਹਨੇ ਅਨੁਭਵੀ ਕਵੀਆਂ ਵਾਂਗ ਤੁਕਾਂ ਦੁਹਰਾ-ਦੁਹਰਾ ਕੇ ਕਵਿਤਾ ਕੀ ਬੋਲੀ, ਲੋਕ ਸਾਹ ਲੈਣਾ ਹੀ ਭੁੱਲ ਗਏ। ਜਿਉਂ ਹੀ ਕਵਿਤਾ ਸਮਾਪਤ ਕਰ ਕੇ ਉਸ ਨੇ ਫ਼ਤਿਹ ਬੁਲਾਈ, ਮੰਤਰ-ਮੁਗਧ ਹੋਈ ਸੰਗਤ ਨੇ ਆਪਣੀ ਪ੍ਰਸੰLਸਾ ‘ਜੋ ਬੋਲੇ ਸੋ ਨਿਹਾਲ…’ ਦੇ ਗੂੰਜਵੇਂ ਜੈਕਾਰੇ ਦੇ ਰੂਪ ਵਿਚ ਪਰਗਟ ਕੀਤੀ। ਆਖ਼ਰੀ ਦੋ ਬੰਦ ਤਾਂ ਲੋਕਾਂ ਨੇ ਦੋ ਵਾਰ ਸੁਣੇ, ਜਿਸ ਕਰਕੇ ਉਹ ਤੀਰਥ ਸਿੰਘ ਨੂੰ ਅੱਜ ਵੀ ਚੇਤੇ ਸਨ:
ਕਿਥੇ ਜਾ ਕੇ ਬਾਬਾ ਜੀ ਬੈਠ ਗਏ ਹੋ,
ਜੱਗ ਤੁਸਾਂ ਦਾ ਹੋਰ ਦਾ ਹੋਰ ਹੋਇਆ।
ਤੁਸਾਂ ਕੀਤਾ ਸੀ ਧੁੰਦ ਨੂੰ ਮੇਟ ਚਾਨਣ,
ਦੇਖੋ ਫੇਰ ਹਨੇਰਾ ਹੈ ਘੋਰ ਹੋਇਆ।
ਇਥੇ ਚੋਰ ਨੂੰ ਤਾਂ ਕੋਈ ਕੀ ਆਖੇ,
ਹੁਣ ਤਾਂ ਸਾਧ ਵੀ ਜਾਪਦਾ ਚੋਰ ਹੋਇਆ।
ਰਬਾਬ ਰਹੀ ਮਰਦਾਨੇ ਦੀ ਠੰਢ ਪਾਉਂਦੀ,
ਅੱਜ ਕੂੜ ਦਾ ਮੱਚਿਆ ਸ਼ੋਰ ਹੋਇਆ।
ਕਿਹੜੀ ਘੜੀ ਨੂੰ ਤੁਸੀਂ ਉਡੀਕਦੇ ਹੋ,
ਇਕ ਪਲ ਨਾ ਹੋਰ ਲੰਘਾਓ ਬਾਬਾ।
ਫੇਰ ਧੁੰਦ ਮਿਟਾ ਕੇ ਕਰੋ ਚਾਨਣ,
ਪਹਿਰਾ ਸੱਚ ਦਾ ਫੇਰ ਲਿਆਓ ਬਾਬਾ।
ਲੈ ਕੇ ਆਪਣੇ ਸਖੇ ਨੂੰ ਨਾਲ ਆਉ,
ਤੁਸਾਂ ਦੋਵਾਂ ਦੀ ਡਾਢੀ ਹੈ ਲੋੜ ਸਾਨੂੰ।
ਬਾਣੀ ਤੁਸਾਂ ਦੀ ਨੂੰ ਓਵੇਂ ਤਰਸਦੇ ਹਾਂ,
ਜਿਵੇਂ ਜਾਪੇ ਰਬਾਬ ਦੀ ਥੋੜ ਸਾਨੂੰ।
ਉਚਰੋ ਸ਼ਬਦ ਕੋਈ ਸੀਤਲ ਫ਼ੁਹਾਰ ਜੇਹਾ,
ਸੁਖ-ਸ਼ਾਂਤੀ ਨਾਲ ਦਿਓ ਜੋੜ ਸਾਨੂੰ।
ਪੋਟੇ ਭਾਈ ਮਰਦਾਨੇ ਦੇ ਸੁਰ ਛੇੜਨ,
ਦੇਣ ਕਸ਼ਟ-ਕਲੇਸ਼ ਤੋਂ ਤੋੜ ਸਾਨੂੰ।
ਕੰਨ ਤਾਂਘਦੇ ਸੁਰ ਤੇ ਸ਼ਬਦ ਤਾਂਈਂ,
ਦਰਸ਼ਨ ਦਿਉ, ਨਾ ਨੈਣ ਤਰਸਾਓ ਬਾਬਾ।
ਸਾਡੀ ਇਕੋ ਫ਼ਰਿਆਦ ਨਿਮਾਣਿਆਂ ਦੀ,
ਬਹੁੜੋ ਆਓ ਬਾਬਾ, ਬਹੁੜੋ ਆਓ ਬਾਬਾ!
ਦਰਵੇਸ਼ ਜੀ ਦੀ ਵਿਦਵਤਾ ਅਤੇ ਨੇਕੀ ਨੂੰ ਸਾਰਾ ਇਲਾਕਾ ਮੰਨਦਾ ਸੀ। ਉਹ ਕਵੀ ਵੀ ਚੰਗੇ ਸਨ। ਸਿਰਫ਼ ਧਾਰਮਿਕ ਅਤੇ ਸਮਾਜ-ਸੁਧਾਰਕ ਕਵਿਤਾਵਾਂ ਹੀ ਲਿਖਦੇ। ਕੁਛ ਸ਼ੰਕੇਬਾਜ਼ ਆਖਦੇ, ਬੱਚੀ ਦਾ ਚਾਅ ਪੂਰਾ ਕਰਨ ਲਈ ਕਵਿਤਾ ਉਨਹਾਂ ਨੇ ਲਿਖ ਕੇ ਦਿੱਤੀ ਹੋਵੇਗੀ। ਪਰ ਉਨਹਾਂ ਦੇ ਸੁਭਾਅ ਨੂੰ ਜਾਣਨ ਵਾਲੇ ਕਹਿੰਦੇ, ਆਪ ਲਿਖ ਕੇ ਦੇਣੀ ਤਾਂ ਦੂਰ, ਉਹ ਬੱਚੀ ਨੂੰ ਅਜਿਹੀ ਆਗਿਆ ਤੱਕ ਨਹੀਂ ਦੇਣਗੇ ਕਿ ਉਹ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕਿਸੇ ਹੋਰ ਦੀ ਕਵਿਤਾ ਨੂੰ ਆਪਣੀ ਦੱਸ ਕੇ ਬੋਲਣ ਦਾ ਪਾਪ ਕਮਾਵੇ।
ਗੁਰਦੁਆਰੇ ਵਿਚ ਸਜਦੇ ਦੀਵਾਨਾਂ ਵਿਚ ਤਾਂ ਜਗਦੀਪ ਕੌਰ ਅਕਸਰ ਬੋਲਦੀ ਹੀ, ਚਾਰ ਕੁ ਸਾਲ ਲੰਘੇ ਹੋਣਗੇ, ਜਦੋਂ ਉਸ ਨੇ ਸ਼ਹਿਰ ਦੇ ਚੌਕ ਵਿਚ ਹੋਏ ਕਵੀ-ਦਰਬਾਰ ਵਿਚ ਕਵਿਤਾ ਬੋਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਮਾਸੂਮ ਜਿਹੀ ਕਵਿਤਾ ਸੀ ਜਿਸ ਵਿਚ ਸੱਚ ਦੀ ਥਾਂ ਸੁਪਨੇ ਬੁਣੇ ਹੋਏ ਸਨ। ਸੀਮਤ ਧਾਰਮਿਕ ਸਟੇਜ ਤੋਂ ਉਸ ਨੇ ਸਾਹਿਤ ਦੇ ਖੁੱਲ੍ਹੇ ਸੰਸਾਰ ਵਿਚ ਪੈਰ ਰੱਖ ਕੇ ਸਭ ਦੇ ਸ਼ੰਕੇ ਦੂਰ ਕਰ ਦਿੱਤੇ ਸਨ। ਜ਼ਾਹਿਰ ਸੀ, ਅਜਿਹੀ ਕਵਿਤਾ ਦਰਵੇਸ਼ ਜੀ ਤਾਂ ਉਸ ਵਾਸਤੇ ਲਿਖ ਨਹੀਂ ਸਨ ਸਕਦੇ। ਹਾਂ, ਉਹਦੇ ਇਸ ਵਿਕਾਸ ਵਿਚ ਦਰਵੇਸ਼ ਜੀ ਦੀ ਸਹਿਮਤੀ ਅਤੇ ਹਲਾਸ਼ੇਰੀ ਜ਼ਰੂਰ ਰਹੀ ਹੋਵੇਗੀ। ਕਵਿਤਾ ਸਫਲ ਰਹੀ। ਖ਼ੂਬ ਵਾਹ-ਵਾਹ ਹੋਈ। ਸਰੋਤਿਆਂ ਦਾ ਹੁੰਗਾਰਾ ਦੇਖ ਕੇ ਕਵੀ-ਦਰਬਾਰ ਦੇ ਪ੍ਰਬੰਧਕਾਂ ਨੇ ਵੀ ਸਭ ਤੋਂ ਚੰਗੇ ਕਵੀਆਂ ਨੂੰ ਦਿੱਤੇ ਜਾਂਦੇ ਤਿੰਨ ਇਨਾਮਾਂ ਤੋਂ ਵੱਖਰਾ ਇਕ ਵਿਸ਼ੇਸ਼ ਇਨਾਮ ਉਹਨੂੰ ਭੇਟ ਕੀਤਾ। ਉਹਦੀ ਕਵਿਤਾ ਸੀ:
ਕਿਧਰ ਗਏ ਹੁਣ ਦਿਨ ਉਹ ਭੋਲੇ,
ਕਿਥੇ ਗੁੱਡੀਆਂ, ਕਿਥੇ ਪਟੋਲੇ।
ਬਿਨ ਸਖੀਆਂ ਨਾ ਚੈਨ ਸੀ ਆਉਂਦਾ,
ਹੱਸਣ-ਖੇਡਣ ਸੀ ਬੱਸ ਭਾਉਂਦਾ।
ਸੰਸੇ-ਫ਼ਿਕਰ ਨਾ ਨੇੜੇ ਆਉਂਦੇ,
ਹਾਸੇ-ਖੇੜੇ ਹੀ ਮਨ ਭਾਉਂਦੇ।
ਰਾਹ ਵਿਚ ਕੇਹਾ ਮੋੜ ਇਹ ਆਇਆ,
ਸਭ ਕੁਛ ਹੋ ਗਿਆ ਜਿਵੇਂ ਪਰਾਇਆ।
ਹੋਰ ਹੀ ਗੁੱਡੀਆਂ, ਹੋਰ ਪਟੋਲੇ,
ਉਹ ਜੀਵਨ ਤਾਂ ਹੋ ਗਿਆ ਓਹਲੇ।
ਮੈਨੂੰ ਹੀ ਕੋਈ ਅਹੁਰ ਹੈ ਲੱਗੀ,
ਜਾਂ ਦੁਨੀਆ ’ਤੇ ਵਾ ਕੋਈ ਵੱਗੀ।
ਕੁਛ ਵੀ ਨਾ ਹੁਣ ਰੂਹ ਨੂੰ ਭਾਵੇ,
ਜਿੰਦ ਨੂੰ ਕੁਛ-ਕੁਛ ਹੁੰਦਾ ਜਾਵੇ।
ਦਿਲ ਦੀ ਹਾਲਤ ਸਮਝ ਨਾ ਆਵੇ,
ਕਿਸ ਕਾਰਨ ਇਹ ਭਟਕਿਆ ਜਾਵੇ।
ਕਿਸ ਦੀਆਂ ਇਹ ਉਡੀਕਾਂ ਕਰਦਾ,
ਔਂਸੀਆਂ ਪਾ-ਪਾ ਵਿਹੜਾ ਭਰਦਾ।
ਸੁਪਨਿਆਂ ਵਿਚ ਜੋ ਮੁੜ-ਮੁੜ ਆਇਆ,
ਉਹ ਚਿਹਰਾ ਤਾਂ ਮਨ ਦੀ ਮਾਇਆ।
ਇਸ ਦੁਨੀਆ ਦਾ ਨਾ ਉਹ ਵਾਸੀ,
ਮੇਰੇ ਵਿਹੜੇ ਕਿੰਜ ਆ ਜਾਸੀ।
ਜਿੰਦ ਨੂੰ ਕੋਈ ਕੀ ਸਮਝਾਵੇ,
ਕਿਉਂ ਛਲੀਏ ਦੀਆਂ ਆਸਾਂ ਲਾਵੇ।
ਕਿਉਂ ਇਹ ਗੀਤ ਉਦਾਸੇ ਗਾਉਂਦੀ,
ਕਿਉਂ ਇਹ ਰੋਗ ਅਵੱਲੇ ਲਾਉਂਦੀ।
ਕੋਈ ਮੋੜ ਲਿਆਵੇ ਹਾਸੇ,
ਗਾਉਣੇ ਚਾਹਾਂ ਗੀਤ ਹੁਲਾਸੇ।
ਗੁੱਡੀਆਂ ਸੰਗ ਚਾਹਾਂ ਦਿਲ ਲਾਉਣਾ,
ਸਖੀਆਂ ਦੇ ਸੰਗ ਹੱਸਣਾ-ਗਾਉਣਾ।
ਕੋਈ ਉਹ ਦਿਨ ਝੋਲੀ ਪਾਵੇ,
ਖ਼ੁਸ਼ੀਆਂ ਦੇ ਕੇ ਪੁੰਨ ਕਮਾਵੇ!
ਦੇਖਦਿਆਂ-ਦੇਖਦਿਆਂ ਦਰਵੇਸ਼ ਜੀ ਦੀ ਗੁੱਡੀ ਜਿਹੀ ਪੁੱਤਰੀ ਪ੍ਰਸਿੱਧ ਅਤੇ ਹਰਮਨਪਿਆਰੀ ਕਵਿੱਤਰੀ ਬਣਨ ਦੇ ਰਾਹ ਪੈ ਗਈ ਸੀ।
