ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੇ ਖੋਲ੍ਹੀਆਂ ਹਕੂਮਤੀ ਭ੍ਰਿਸ਼ਟਾਚਾਰ ਦੀਆਂ ਪਰਤਾਂ

ਨਵਕਿਰਨ ਸਿੰਘ ਪੱਤੀ
(+9198885-44001)
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਆ ਕੇ ਲੰਘੇ ਸ਼ਨਿਚਰਵਾਰ ਅੰਮ੍ਰਿਤਸਰ ਸਾਹਿਬ ਵਿਚ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀਐੱਮ (ਡਿਸਟ੍ਰਿਕਟ ਮੈਨੇਜਰ) ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਖੁਦਕੁਸ਼ੀ ਨੇ ਜਿੱਥੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ,

ਉੱਥੇ ਹੀ ਇਸ ਮਾਮਲੇ ਨੇ ਭਗਵੰਤ ਮਾਨ ਸਰਕਾਰ ਦੀ ‘ਜ਼ੀਰੋ-ਟਾਲਰੇਂਸ’ ਨੀਤੀ ਦੀਆਂ ਪਰਤਾਂ ਉਧੇੜ ਕੇ ਅਸਲ ਹਕੀਕਤ ਜੱਗ ਜ਼ਾਹਰ ਕਰ ਦਿੱਤੀ ਹੈ।
ਗਗਨਦੀਪ ਸਿੰਘ ਰੰਧਾਵਾ ਦੇ ਆਖ਼ਰੀ ਪਲਾਂ ਦੀ ਵਾਇਰਲ ਹੋਈ 12 ਸੈਕਿੰਡ ਦੀ ਵੀਡੀਓ ਨੇ ਇਹ ਸਾਬਤ ਕਰ ਦਿੱਤਾ ਸੀ ਕਿ ‘ਸੱਤਾ’ ਦੇ ਗ਼ਰੂਰ ਵਿਚ ਮੰਤਰੀ ਲਾਲਜੀਤ ਨੇ ਇਕ ਅਫ਼ਸਰ ਨੂੰ ਕਿਸ ਕਦਰ ਤੰਗ ਪ੍ਰੇਸ਼ਾਨ ਕੀਤਾ ਹੈ। ਦਰਅਸਲ, ਕਈ ਅਧਿਕਾਰੀ ਭਾਵੇਂ ਅਜੇ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਧੌਂਸਬਾਜ਼ ਰਵੱਈਏ ਤੋਂ ਬੁਰੀ ਤਰ੍ਹਾਂ ਸਤਾਏ ਹੋਏ ਹਨ। ਗਗਨਦੀਪ ਸਿੰਘ ਦੇ ਮਾਮਲੇ ਵਿਚ ਸਥਿਤੀ ਇਹ ਬਣੀ ਕਿ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਦੇ ਕੁੱਝ ਹੀ ਘੰਟਿਆਂ ਵਿਚ ਸਰਕਾਰ ਦੇ ਪੈਰ ਹਿੱਲਣ ਲੱਗ ਗਏ ਸਨ। ਉਸੇ ਦਿਨ ਸੂਬੇ ਦੀਆਂ ਸਾਰੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਪਰਿਵਾਰ ਦੇ ਪੱਖ ਵਿਚ ਲਏ ਸਟੈਂਡ ਨੇ ਸਰਕਾਰ ਨੂੰ ਪਿਛਾਂਹ ਹਟਣ ਲਈ ਮਜਬੂਰ ਕੀਤਾ।
ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਵਿੰਗ ਹਮੇਸ਼ਾ ਵਾਂਗ ਸਰਕਾਰ ਦੇ ਪੱਖ ਵਿਚ ਝੂਠੇ ਬਿਰਤਾਂਤ ਸਿਰਜਣ ਲੱਗਿਆ ਰਿਹਾ ਪਰ ਲੋਕਾਂ ਦੇ ਰੋਹ ਅੱਗੇ ਉਸ ਦੀ ਇਕ ਨਾ ਚੱਲੀ। ਅਸਲ ਵਿਚ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਇਹ ਤੱਥ ਮਿਲ ਗਿਆ ਸੀ ਕਿ ਲਾਲਜੀਤ ਭੁੱਲਰ ਆਪਣੇ ਬਾਪ ਸੁਖਦੇਵ ਸਿੰਘ ਭੁੱਲਰ ਦੇ ਨਾਮ ਉੱਪਰ ਧੱਕੇ ਨਾਲ ਗੁਦਾਮਾਂ ਦੀ ਉਸਾਰੀ ਦਾ ਟੈਂਡਰ ਲੈਣਾ ਚਾਹੁੰਦਾ ਸੀ ਅਤੇ ਨਾ ਮਿਲਣ ਕਾਰਨ ਉਹ ਗਗਨਦੀਪ ਸਿੰਘ ’ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰ ਰਿਹਾ ਸੀ। ਸਰਕਾਰ ਖ਼ਿਲਾਫ਼ ਲੋਕ ਰੋਹ ਨੂੰ ਭਾਂਪਦਿਆਂ ਸੂਬੇ ਦੀਆਂ ਅਕਾਲੀ ਦਲ, ਕਾਂਗਰਸ, ਭਾਜਪਾ ਵਰਗੀਆਂ ਹਾਕਮ ਜਮਾਤ ਪਾਰਟੀਆਂ ਵੀ ਪਰਿਵਾਰ ਦੇ ਪੱਖ ਵਿਚ ਆ ਖੜ੍ਹੀਆਂ ਹੋਈਆਂ। ਆਖ਼ਿਰ ਸਰਕਾਰ ਨੂੰ ਅੱਧੀ ਰਾਤ ਨੂੰ ਇਸ ਮਾਮਲੇ ਵਿਚ ਐੱਫਆਈਆਰ ਦਰਜ ਕਰਕੇ ਮੁੱਖ ਮੁਲਜ਼ਮ ਵਜੋਂ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਉਸ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀਏ ਦਿਲਬਾਗ ਸਿੰਘ ਨੂੰ ਨਾਮਜ਼ਦ ਕਰਨਾ ਪਿਆ।
ਮ੍ਰਿਤਕ ਗਗਨਦੀਪ ਸਿੰਘ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਇਸ ਐੱਫਆਈਆਰ ਵਿਚ ਦਰਜ ਹੈ ਕਿ ਲਾਲਜੀਤ ਸਿੰਘ ਭੁੱਲਰ ਵੱਲੋਂ ਉਨ੍ਹਾਂ ਦੇ ਪਤੀ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਵਿਭਾਗੀ ਪ੍ਰਕਿਰਿਆ ਨੂੰ ਦਰਕਿਨਾਰ ਕਰਕੇ ਗੋਦਾਮਾਂ ਦੀ ਉਸਾਰੀ ਦਾ ਟੈਂਡਰ ਸੁਖਦੇਵ ਸਿੰਘ ਭੁੱਲਰ ਦੇ ਨਾਮ ਮਨਜ਼ੂਰ ਕੀਤੇ ਜਾਣ।
ਹੁਣ ਭੁੱਲਰ ਦੀ ਗ੍ਰਿਫ਼ਤਾਰੀ ਵੀ
ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਲਿਫ਼ਾਫ਼ੇਬਾਜ਼ ਪਹੁੰਚ ਨਾਲ ‘ਮੰਤਰੀ-ਸੰਤਰੀ’ ਲਈ ਬਰਾਬਰ ਕਾਨੂੰਨ ਦੇ ਦਾਅਵੇ ਕਰ ਰਿਹਾ ਹੈ। ਭਗਵੰਤ ਮਾਨ ਨੇ ਲਿਖਿਆ ਕਿ ‘ਮੇਰੇ ਲਈ ਸਾਰਾ ਪੰਜਾਬ ਹੀ ਇੱਕ ਪਰਿਵਾਰ ਹੈ। ਪੰਜਾਬ ‘ਚ ਕੋਈ ਵੀ ਜੇਕਰ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ, ਭਾਵੇਂ ਉਹ ਕਿਸੇ ਵੀ ਅਹੁਦੇ ਉੱਤੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖ਼ਦਾਰ ਕਿਉਂ ਨਾ ਹੋਵੇ। ਕਿਸੇ ਦੀ ਪੁਸ਼ਤ-ਪਨਾਹੀ ਕਰਨੀ ਸਾਡੀ ਪਾਰਟੀ ਦਾ ਏਜੰਡਾ ਨਹੀਂ ਹੈ। ਕੈਸ਼ ਅਤੇ ਫਰਮਾਇਸ਼ ਦੀ ਸਖ਼ਤ ਮਨਾਹੀ ਹੈ’। ਇਸੇ ਤਰ੍ਹਾਂ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਗ੍ਰਿਫ਼ਤਾਰੀ ਸਮੇਂ ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਕਿਹਾ, ‘ਸੱਚਾਈ ਅਤੇ ਇਨਸਾਫ਼ ‘ਤੇ ਯਕੀਨ ਰੱਖਦਿਆਂ, ਮੈਂ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ ਸਮਰਪਣ ਕਰ ਰਿਹਾ ਹਾਂ।’ ਭੁੱਲਰ ਨੇ ਫੇਸਬੁੱਕ ਪੋਸਟ ਪਾ ਕੇ ਆਤਮ-ਸਮਰਪਣ ਦੀ ਗੱਲ ਤੋਂ ਅੱਗੇ ਲਿਖਿਆ ਕਿ ਮੈਂ ਕਿਤੇ ਵੀ ਨਹੀਂ ਭੱਜਿਆ, ਮੈਂ ਆਪਣੇ ਪੰਜਾਬ ਵਿਚ ਹੀ ਹਾਂ। ਸੱਚਾਈ ਅਤੇ ਇਨਸਾਫ਼ ‘ਤੇ ਯਕੀਨ ਰੱਖਦਿਆਂ, ਮੈਂ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ-ਸਮਰਪਣ ਕਰ ਰਿਹਾ ਹਾਂ।
ਬਦਲਾਅ ਦੇ ਦਾਅਵੇ ਕਰਨ ਵਾਲਾ ਮੁੱਖ ਮੰਤਰੀ ਜਾਂ ਖੁਦ ਭੁੱਲਰ ਜੋ ਮਰਜ਼ੀ ਝੂਠ ਬੋਲਣ ਤੇ ਜਿੰਨੀ ਮਰਜ਼ੀ ਨੈਤਿਕਤਾ ਵਿਖਾਉਣ ਪਰ ਹਕੀਕਤ ਇਹ ਹੈ ਕਿ ਭੁੱਲਰ ਦੀ ਗ੍ਰਿਫ਼ਤਾਰੀ ਪਿੱਛੇ ਵੱਡਾ ਕਾਰਨ ਲੋਕਾਂ ਦਾ ਖ਼ਾਸਕਰ ਮ੍ਰਿਤਕ ਦੇ ਪਰਿਵਾਰ ਦਾ ਦਬਾਅ ਹੈ। ਮ੍ਰਿਤਕ ਦਾ ਪਰਿਵਾਰ ਐੱਫਆਈਆਰ ਵਿਚ ਦਰਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜਿਆ ਰਿਹਾ। ਮ੍ਰਿਤਕ ਦੀ ਪਤਨੀ ਉਪਿੰਦਰ ਕੌਰ ਨੇ ਦੋ ਟੁੱਕ ਕਿਹਾ ਕਿ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ, ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ। ਉਸਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਆਂ ਲਈ ਉਨ੍ਹਾਂ ਦਾ ਸਾਥ ਦੇਣ। ਇਹ ਸਥਿਤੀ ਦੇਖ ਕੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮ੍ਰਿਤਕ ਦੀ ਪਤਨੀ ਵੱਲੋਂ ਜਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜੇ ਪੁਲੀਸ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਨਾਲ ਸੜਕਾਂ ’ਤੇ ਬੈਠ ਜਾਵੇਗੀ ਤਾਂ ਅਰਵਿੰਦ ਕੇਜਰੀਵਾਲ ਲਾਣੇ ਨੂੰ ਭੁੱਲਰ ਦੇ ਜੇਲ੍ਹ ਭੇਜਣ ਤੋਂ ਬਿਨਾਂ ਹੋਰ ਕੋਈ ਹੱਲ ਨਜ਼ਰ ਨਾ ਆਇਆ।
ਉਸੇ ਦਿਨ ਸੰਸਦ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਵੱਲੋਂ ਇਹ ਮਾਮਲਾ ਸੰਸਦ ਵਿਚ ਚੁੱਕਿਆ ਗਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਦੇ ਸਾਰੇ ਸੰਸਦ ਮੈਂਬਰ ਮੈਨੂੰ ਇਹ ਲਿਖ ਕੇ ਦੇਣ ਕਿ ਮਾਮਲਾ ਸੀਬੀਆਈ ਨੂੰ ਟਰਾਂਸਫਰ ਕੀਤਾ ਜਾਵੇ, ਤਾਂ ਮੈਂ ਤੁਰੰਤ ਇਹ ਕਾਰਵਾਈ ਕਰ ਦਿਆਂਗਾ। ਇਸੇ ਤਰ੍ਹਾਂ ਰਾਜ ਸਭਾ ਵਿਚ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਾਮਲਾ ਉਠਾਉਂਦਿਆ ਕਿਹਾ ਕਿ ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਕਿਸੇ ਮੰਤਰੀ ਵੱਲੋਂ ਆਪਣੇ ਪਿਤਾ ਦੇ ਨਾਮ ‘ਤੇ ਟੈਂਡਰ ਲੈਣ ਲਈ ਡੀਐੱਮ ‘ਤੇ ਦਬਾਅ ਬਣਾਇਆ ਗਿਆ ਹੋਵੇ। ਸ਼ਾਇਦ ਸੰਸਦ ਮੈਂਬਰਾਂ ਹਰਮਿਸਰਤ ਕੌਰ ਬਾਦਲ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਧਰਮਵੀਰ ਗਾਂਧੀ ਵੱਲੋਂ ਸੀਬੀਆਈ ਨੂੰ ਜਾਂਚ ਸੌਂਪਣ ਲਈ ਚਿੱਠੀ ਲਿਖਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਹ ਵੀ ਲੱਗਿਆ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਮਾਮਲਾ ਕੇਂਦਰ ਸਰਕਾਰ ਦੇ ਹੱਥ ਵਿਚ ਚਲਿਆ ਜਾਵੇ, ਇਸ ਦੀ ਬਜਾਏ ਕਿਉਂ ਨਾ ਭੁੱਲਰ ਨੂੰ ਪੇਸ਼ ਕਰਕੇ ਇੱਥੇ ਹੀ ਨਿਪਟਾ ਦੇਈਏ। ਮਤਲਬ ਸਾਫ਼ ਹੈ ਕਿ ਭਗਵੰਤ ਮਾਨ, ਕੇਜਰੀਵਾਲ ਤੇ ਭੁੱਲਰ ਤਿੰਨੋਂ ਹੀ ਨੈਤਿਕਤਾ ਦੀ ਫੋਕੀ ਦੁਹਾਈ ਦੇ ਰਹੇ ਹਨ ਜਦਕਿ ਹਕੀਕਤ ਵਿਚ ਇਨ੍ਹਾਂ ਮਾਮਲੇ ਨੂੰ ਰੋਲਣ ਦੀ ਪੂਰੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਖੁਦਕੁਸ਼ੀ ਤੋਂ ਬਾਅਦ ਵੀ ਤੁਰੰਤ ਪਰਚਾ ਦਰਜ ਨਹੀਂ ਕੀਤਾ ਗਿਆ ਅਤੇ ਲਗਭਗ 18 ਘੰਟਿਆਂ ਦੀ ਮੁਸ਼ੱਕਤ ਮਗਰੋਂ ਐੱਫਆਈਆਰ ਦਰਜ ਹੋਈ ਹੈ ਤੇ ਇਸ ਤੋਂ ਕਈ ਘੰਟੇ ਮਗਰੋਂ ਗ੍ਰਿਫ਼ਤਾਰੀ ਕੀਤੀ ਗਈ। ਲਾਲਜੀਤ ਭੁੱਲਰ ਦੇ ਪਿਓ ਸੁਖਦੇਵ ਸਿੰਘ ਭੁੱਲਰ ਦੀ ਤਾਂ ਅਜੇ ਤੱਕ ਗ੍ਰਿਫ਼ਤਾਰੀ ਵੀ ਨਹੀਂ ਕੀਤੀ ਗਈ।
ਜਦ ਮੁੱਢਲੇ ਤੌਰ ‘ਤੇ ਹੀ ਇਹ ਸਾਬਤ ਹੋ ਚੁੱਕਾ ਹੈ ਕਿ ਲਾਲਜੀਤ ਭੁੱਲਰ ਨੇ ਆਪਣੇ ਪਿਤਾ ਦੇ ਹੱਕ ਵਿਚ ਟੈਂਡਰ ਪਾਸ ਕਰਨ ਲਈ ਗਗਨਦੀਪ ਸਿੰਘ ਉੱਪਰ ਦਬਾਅ ਬਣਾਇਆ ਤੇ ਜਦੋਂ ਟੈਂਡਰ ਭੁੱਲਰ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ ਗਿਆ ਤਾਂ ਗਗਨਦੀਪ ਸਿੰਘ ਦੀ ਕੁੱਟਮਾਰ ਅਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ ਤਾਂ ਇਸ ਕੱਟੜ ਇਮਾਨਦਾਰ ਹੋਣ ਦੇ ਦਾਅਵੇ ਕਰਨ ਵਾਲੀ ਪਾਰਟੀ ਨੇ ਲਾਲਜੀਤ ਭੁੱਲਰ ਨੂੰ ਪਾਰਟੀ ਵਿਚੋਂ ਕਿਉਂ ਨਹੀਂ ਕੱਢਿਆ। ਅਸਲ ਵਿਚ ਇਹ ਭੁੱਲਰ ਕੇਜਰੀਵਾਲ ਜੁੰਡਲੀ ਦਾ ਚਹੇਤਾ ਮੰਤਰੀ ਇਸ ਕਰਕੇ ਸੀ ਕਿਉਂਕਿ ਉਹ ਕੇਜਰੀਵਾਲ ਦਾ ਕਮਾਊ ਪੁੱਤ ਸੀ। ਭੁੱਲਰ ਆਪਣੇ ਦਿੱਲੀ ਵਾਲੇ ਆਕਾਵਾਂ ਦਾ ਇਸ ਕਦਰ ਚਹੇਤਾ ਸੀ ਕਿ ਉਹ ਉਨ੍ਹਾਂ ਚੰਦ ਮੰਤਰੀਆਂ ਵਿਚੋਂ ਇਕ ਹੈ ਜੋ ਸ਼ੁਰੂ ਤੋਂ ਹੀ ਕੈਬਨਿਟ ਦਾ ਹਿੱਸਾ ਹਨ ਤੇ ਉਸ ਕੋਲ ਟਰਾਂਸਪੋਰਟ, ਜੇਲ੍ਹ ਵਿਭਾਗ ਤੇ ਪੇਂਡੂ ਵਿਕਾਸ ਵਰਗੇ ਅਹਿਮ ਮਹਿਕਮੇ ਹਨ।
ਹੁਣ ‘ਕੈਸ਼ ਤੇ ਫਰਮਾਇਸ਼’ ਦੀ ਸਖ਼ਤ ਮਨਾਹੀ ਦਾ ਢੰਡੋਰਾ ਪਿੱਟਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਜਦ ਅੱਜ ਸੋਸ਼ਲ ਮੀਡੀਆ ਪੋਸਟਾਂ ਵਿਚ ਲਿਖ ਰਿਹਾ ਹੈ ਕਿ ਸਾਡੀ ਸਰਕਾਰ ਕਿਸੇ ਦੀ ਪੁਸ਼ਤਪਨਾਹੀ ਨਹੀਂ ਕਰਦੀ ਤਾਂ ਉਸ ਨੂੰ ਸਵਾਲ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਸਮੇਂ ਵੀ ਇਸੇ ਤਰ੍ਹਾਂ ਦੀ ਲਫ਼ਾਜ਼ੀ ਵਰਤੀ ਸੀ ਤੇ ਹੁਣ ਉਸੇ ਵਿਜੈ ਸਿੰਗਲਾ ਨਾਲ ਸਟੇਜਾਂ ਸਾਂਝੀਆਂ ਕਰਨ ਵਿਚ ਇਨ੍ਹਾਂ ਨੂੰ ਕੋਈ ਗੁਰੇਜ਼ ਨਹੀਂ ਹੈ। ਇਨ੍ਹਾਂ ਦੇ ਕਈ ਵਿਧਾਇਕਾਂ ਉੱਪਰ ਕੋਠੀਆਂ ਉੱਪਰ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕੀ ਮਜਾਲ ਹੈ ਕਿ ਇਨ੍ਹਾਂ ਨੇ ਕੋਈ ਕਾਰਵਾਈ ਕੀਤੀ ਹੋਵੇ।
ਇਹ ਠੀਕ ਹੈ ਕਿ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਪਰ ਜਦ ‘ਸੱਤਾ’ ਆਪਣੇ ਮੁਫ਼ਾਦਾਂ ਲਈ ਆਮ ਮੁਲਾਜ਼ਮ ਨੂੰ ਮਾਨਸਿਕ ਤੌਰ ‘ਤੇ ਸ਼ਿਕਾਰ ਬਣਾਉਂਦੀ ਹੈ ਤਾਂ ਸ਼ਾਇਦ ਉਸ ਨੂੰ ਹੋਰ ਕੋਈ ਰਾਹ ਨਜ਼ਰ ਨਹੀਂ ਆਇਆ ਹੋਵੇਗਾ। ਗਗਨਦੀਪ ਸਿੰਘ ਪੀ.ਐਚਡੀ ਤੱਕ ਪੜ੍ਹਿਆ ਹੋਇਆ ਹੋਣਹਾਰ ਨੌਜਵਾਨ ਸੀ ਜਿਸਨੂੰ ‘ਸੱਤਾ’ ਦੇ ਨਸ਼ੇ ਵਿਚ ਇਸ ਮੰਤਰੀ ਨੇ ਇਸ ਕਦਰ ਦਰੜਿਆ ਕਿ ਉਸਨੂੰ ਉਸ ਦੀਆਂ ਧੀਆਂ ਤੇ ਪਤਨੀ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਕ ਪਾਸੇ ਮੁੱਖ ਮੰਤਰੀ ਕਹਿੰਦਾ ਸੀ ਕਿ ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਿਆ ਕਰਨਗੇ ਪਰ ਸਥਿਤੀ ਇਹ ਹੈ ਕਿ ਇਸੇ ਮੁੱਖ ਮੰਤਰੀ ਦੇ ਕਾਰਜਕਾਲ ਵਿਚ ਹੀ ਗਗਨਦੀਪ ਸਿੰਘ ਵਰਗੇ ਨੌਜਵਾਨਾਂ ਦਾ ਹਸ਼ਰ ਵੇਖ ਕੇ ਸ਼ਾਇਦ ਇੱਥੇ ਨੌਕਰੀਆਂ ਕਰ ਰਹੇ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਇਸ ਰਾਜਨੀਤਕ ਮਾਫ਼ੀਆ ਤੋਂ ਅਸੁਰੱਖਿਅਤ ਮਹਿਸੂਸ ਕਰਨਗੇ।
ਪੰਜਾਬੀਆਂ ਨੂੰ ਇਸ ਸਰਕਾਰ ਨੇ ‘ਬਦਲਾਅ’ ਦੇ ਨਾਮ ਉੱਪਰ ਇਸ ਕਦਰ ਗੁਮਰਾਹ ਕੀਤਾ ਕਿ ਹੁਣ ਇਕ ਤਰ੍ਹਾਂ ਨਾਲ ਪੂਰਾ ਸੂਬਾ ਹੀ ਪੁਲਿਸ ਰਾਜ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕਿੰਨੇ ਨੌਜਵਾਨਾਂ ਨੂੰ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਮ ਹੇਠ ਕਥਿਤ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ਹੈ। ‘ਸੱਤਾ’ ਦੇ ਜਬਰ ਦਾ ਸ਼ਿਕਾਰ ਬਣਿਆ ਗਗਨਦੀਪ ਸਿੰਘ ਪਹਿਲਾ ਨੌਜਵਾਨ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਦਰਜਨਾਂ ਨੌਜਵਾਨ ਇਸੇ ਤਰ੍ਹਾਂ ਮਾਰੇ ਜਾ ਚੁੱਕੇ ਹਨ।
ਗਗਨਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੀਆਂ ਤਾਕਤਾਂ, ਪਰਿਵਾਰ ਅਤੇ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਭਗਵੰਤ ਮਾਨ-ਕੇਜਰੀਵਾਲ ਜੁੰਡਲੀ ਵਿਜੈ ਸਿੰਗਲਾ ਵਾਂਗ ਇਸ ਕਾਤਲ ਮੰਤਰੀ ਨੂੰ ਜੇਲ੍ਹ ਵਿਚੋਂ ਬਾਹਰ ਲਿਆਉਣ ਵਿਚ ਕਾਮਯਾਬ ਨਾ ਹੋ ਜਾਵੇ। ਪੰਜਾਬ ਦੇ ਲੋਕਾਂ ਨੂੰ ਸੱਤਾ ਉੱਪਰ ਮੁੜ ਕਾਬਜ਼ ਹੋਣ ਲਈ ਰੱਸੇ ਤੁੜਾ ਰਹੀਆਂ ਵਿਰੋਧੀ ਧਿਰ ਦੀਆਂ ਮੌਕਾਪ੍ਰਸਤ ਪਾਰਟੀਆਂ ਦੇ ਰਾਜਨੀਤਕ ਜਾਲ ਵਿਚ ਨਹੀਂ ਫਸਣਾ ਚਾਹੀਦਾ ਜੋ ਇਸ ਘਟਨਾ ਉੱਪਰ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ। ਸਭ ਤੋਂ ਵੱਧ ਇਹ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਜਨਤਕ ਦਬਾਅ ਬਣਾ ਕੇ ਰੱਖਿਆ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।