ਗੁਲਜ਼ਾਰ ਸਿੰਘ ਸੰਧੂ
ਭਾਰਤ ਕਈ ਸਦੀਆਂ ਤੋਂ ਵਿਦੇਸ਼ੀ ਤਾਕਤਾਂ ਦੇ ਅਧੀਨ ਰਿਹਾ, ਜੋ ਇਸ ਦੇਸ਼ ਨੂੰ ਲੁੱਟਣ ਆਉਂਦੇ ਅਤੇ ਰਾਜੇ ਬਣ ਕੇ ਬੈਠ ਜਾਂਦੇ| ਇਹ ਹੁਕਮਰਾਨ ਅਤੇ ਇਨ੍ਹਾਂ ਦੀ ਸਹਿਯੋਗੀ ਜੁੰਡਲੀ ਭਾਰਤ ਵਾਸੀਆਂ ਉੱਤੇ ਇੰਨਾ ਜ਼ੁਲਮ ਕਰਦੀ ਕਿ ਕਿਸੇ ਦੀ ਵੀ ਇੱਜ਼ਤ-ਪੱਤ ਅਤੇ ਜਾਨ-ਮਾਲ ਸੁਰੱਖਿਅਤ ਨਹੀਂ ਸੀ|
ਵਿਦੇਸ਼ੀ ਹਮਲਾਵਰ ਤਾਂ ਜੋ ਜ਼ੁਲਮ ਕਰਦੇ ਸਨ, ਸੋ ਕਰਦੇ ਸਨ, ਪਰ ਜੋ ਪਾਪ ਭਾਰਤਵਰਸ਼ ਵਿਚ ਜੜ੍ਹਾਂ ਜਮਾ ਚੁੱਕਾ ਸੀ, ਉਹ ਵੀ ਕਹਿਣੀ-ਕਥਨੀ ਤੋਂ ਬਾਹਰ ਸੀ| ਇੱਥੋਂ ਦੇ ਰਾਜੇ ਅਤੇ ਅਖੌਤੀ ਉੱਚ ਜਾਤਾਂ ਵਾਲੇ ਆਪਣੇ ਹੀ ਲੋਕਾਂ ਉੱਤੇ ਜ਼ੁਲਮ ਦੀਆਂ ਹੱਦਾਂ ਟੱਪ ਚੁੱਕੇ ਸਨ| ਭਾਰਤ ਦੇ ਲੋਕ ਵੱਖ-ਵੱਖ ਜਾਤਾਂ, ਜਿਵੇਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਚੰਡਾਲ ਆਦਿ ਵਿਚ ਵੰਡੇ ਹੋਏ ਸਨ| ਸ਼ੂਦਰਾਂ ਅਤੇ ਚੰਡਾਲਾਂ ਉੱਪਰ ਬੜਾ ਜ਼ੁਲਮ ਹੁੰਦਾ ਸੀ| ਇਨ੍ਹਾਂ ਵਿਚ ਆਪਸੀ ਏਕਤਾ ਵੀ ਕੋਈ ਨਹੀਂ ਸੀ| ਇਨ੍ਹਾਂ ਹਾਲਾਤਾਂ ਦਾ ਵਿਦੇਸ਼ੀ ਧਾੜਵੀ ਖੂਬ ਫਾਇਦਾ ਉਠਾਉਂਦੇ ਰਹੇ ਅਤੇ ਇਸ ਦੇਸ਼, ਇਸ ਦੇ ਸਰਮਾਏ ਅਤੇ ਲੋਕਾਂ ਨੂੰ ਲੁੱਟਦੇ ਰਹੇ| ਵਿਦੇਸ਼ੀ ਧਾੜਵੀਆਂ ਵਿਚ ਤਾਂ ਇਹ ਕਹਾਵਤ ਵੀ ਮਸ਼ਹੂਰ ਹੋ ਗਈ ਸੀ ਕਿ ਇਹ ਬੇਗੈਰਤ ਲੋਕਾਂ ਦੀ ਧਰਤੀ ਹੈ, ਇਸ ਨੂੰ ਜਿਵੇਂ ਮਰਜ਼ੀ ਲੁੱਟੋ-ਕੁੱਟੋ, ਜੋ ਮਰਜ਼ੀ ਕਰੋ, ਇਹ ਲੋਕ ਕੁਝ ਵੀ ਮੂੰਹੋਂ ਨਹੀਂ ਬੋਲਦੇ, ਸੀਂ ਤੱਕ ਨਹੀਂ ਕਰਦੇ|
ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀ ਨੂੰ ਨਨਕਾਣਾ ਸਾਹਿਬ ਦੀ ਧਰਤੀ `ਤੇ ਹੋਇਆ, ਇੱਕ ਐਸਾ ਪ੍ਰਕਾਸ਼ ਜਿਸ ਦੇ ਹਨੇਰਾ ਹੁਣ ਤਾਈਂ ਵੀ ਕਰੀਬ ਨਹੀਂ ਜਾ ਸਕਿਆ| ਬਾਬਾ ਅਕਾਲ ਪਾਤਸ਼ਾਹ ਨੇ ਹੱਕ-ਸੱਚ ਦਾ ਨਾਅਰਾ ਬੁਲੰਦ ਕੀਤਾ… ਨਾ ਅਨੇਕ… ਸਭ ਇੱਕ ਹੀ ਹਨ।
ਜਾਤ-ਪਾਤ ਦੇ ਕੋਹੜ ਅਤੇ ਨਾ-ਬਰਾਬਰੀ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਸ਼ਬਦ ਰੂਪ ਜੁਗਤ ਧਿਆਨ-ਗਿਆਨ ਦਿੱਤਾ| ਗਿਆਨ ਵੀ ਐਸਾ ਕਿ ਸ਼ਬਦ ਦਾ ਪ੍ਰਕਾਸ਼ ਲੋਕਾਂ ਦੇ ਹਨੇਰੇ ਮਨਾਂ ਨੂੰ ਰੌਸ਼ਨ ਕਰਨ ਲੱਗਾ|
ਹਿੰਦੂ ਪਹਾੜੀਆਂ ਨੂੰ ਇਹ ਸਭ ਗੱਲਾਂ ਚੰਗੀਆਂ ਨਾ ਲੱਗੀਆਂ| ਉਨ੍ਹਾਂ ਅਨੇਕਾਂ ਵਾਰ ਪਾਤਸ਼ਾਹ ਉੱਤੇ ਚੜ੍ਹਾਈ ਵੀ ਕੀਤੀ, ਪਰ ਮੂੰਹ ਦੀ ਖਾ ਕੇ ਸ਼ਰਮਸ਼ਾਰ ਹੋਏ| ਜਦ ਕੋਈ ਵੱਸ ਨਾ ਚੱਲਿਆ ਤਾਂ ਬਾਈਧਾਰ ਦੇ ਰਾਜੇ ਮੁਗ਼ਲ ਦਰਬਾਰ ਵਿਚ ਝੂਠੀਆਂ ਬਾਤਾਂ ਲੈ ਕੇ ਪਹੁੰਚ ਗਏ| ਅੱਗੋਂ ਝੂਠਿਆਂ ਨੇ ਵੀ ਝੂਠੀਆਂ ਉੱਤੇ ਝੱਟ ਯਕੀਨ ਕਰ ਲਿਆ| ਔਰੰਗਜ਼ੇਬ ਦੇ ਹੁਕਮ ਨਾਲ ਸੂਬਾ ਸਰਹੱਦ, ਲਾਹੌਰ, ਕਸ਼ਮੀਰ ਅਤੇ ਬਾਈਧਾਰ ਦੇ ਰਾਜਿਆਂ ਨੇ ਰਲ ਕੇ ਅਨੰਦਾਂ ਦੀ ਪੁਰੀ ਨੂੰ ਘੇਰਾ ਪਾ ਲਿਆ| ਪਰ ਛੇ-ਸੱਤ ਮਹੀਨੇ ਜਦ ਜਿੱਤ ਨਸੀਬ ਨਾ ਹੋਈ ਤਾਂ ਬਾਈਧਾਰ ਦੇ ਹਿੰਦੂ ਰਾਜਿਆਂ ਅਤੇ ਮੁਗ਼ਲਾਂ ਨੇ ਗੁਰੂ ਜੀ ਅੱਗੇ ਗਊਆਂ ਅਤੇ ਕੁਰਾਨ ਦੀਆਂ ਕਸਮਾਂ ਖਾਧੀਆਂ, ਕਿ ਆਪ ਇਹ ਕਿਲ੍ਹਾ ਖਾਲੀ ਕਰ ਦਿਓ, ਆਪ ਜੀ ਨੂੰ ਕੋਈ ਨਹੀਂ ਰੋਕੇਗਾ ਰਾਹ ਵਿਚ| ਪਰ ਹੋਇਆ ਇਸ ਦੇ ਉਲਟ| ਔਰੰਗਜ਼ੇਬ ਅਤੇ ਬਾਈਧਾਰ ਦੇ ਹਿੰਦੂ ਰਾਜੇ ਅਤੇ ਰੰਘੜਾਂ ਨੇ ਸਤਿਗੁਰੂ ਜੀ ਦੇ ਕਾਫਲੇ ਉੱਤੇ ਸਿਰਸਾ ਦੇ ਕੰਢੇ ਹੱਲਾ ਬੋਲ ਦਿੱਤਾ| ਸਿਰਸਾ ਦਾ ਕੰਢਾ, ਕੋਟਲਾ ਨਿਹੰਗ, ਚਮਕੌਰ ਦੀ ਗੜੀ, ਸਰਹੰਦ ਦੀ ਕੰਧ, ਖਿਦਰਾਣੇ ਦੀ ਢਾਬ, ਮਾਛੀਵਾੜੇ ਦਾ ਜੰਗਲ ਅੱਜ ਵੀ ਧਰਮ ਯੁੱਧ ਦੀ ਗਵਾਹੀ ਭਰਦੇ ਹਨ| ਜੋ ਕਲੰਕ ਬਾਈਧਾਰ ਦੇ ਹਿੰਦੂ ਰਾਜਿਆਂ ਅਤੇ ਮੁਗ਼ਲ ਬਾਦਸ਼ਾਹ ਨੇ ਖੱਟਿਆ, ਉਹ ਅੱਜ ਵੀ ਜਿਉਂ ਦਾ ਤਿਉਂ ਹੈ| ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ‘ਇੱਕ’ ਦਾ ਉਪਦੇਸ਼ ਸੀ, ਉਹ ਦਸਵੇਂ ਜਾਮੇ ਤੱਕ ਆ ਕੇ ਪੂਰਾ ਪ੍ਰਵਾਨ ਚੜ੍ਹ ਗਿਆ| ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅੱਜ ਵੀ ਪਿਆਰ ਅਤੇ ਇਨਸਾਨੀਅਤ ਸਿਖਾ ਰਹੇ ਹਨ, ਵੈਰੀਆਂ ਤੋਂ ਕਿੰਝ ਮੁਕਤ ਹੋਣਾ ਹੈ ਸਭ ਦੱਸ ਰਹੇ ਹਨ| 234 ਪੰਨਿਆਂ ਦੀ ਲੋਕਗੀਤ ਪ੍ਰਕਾਸ਼ਨ ਮੁਹਾਲੀ ਦੁਆਰਾ ਛਪੀ ‘ਜ਼ਫਰਨਾਮਾ ਜਿੱਤ ਦੀ ਚਿੱਠੀ’ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਇੱਕ ਸ਼ਾਹਕਾਰ ਲਿਖਤ ਹੈ| ਇਹ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਹੈ| ਬਹੁਤੇ ਵਿਦਵਾਨ ਕਹਿੰਦੇ ਹਨ ਕਿ 111 ਸ਼ੇਅਰ ਹੀ ਜਿੱਤ ਦੀ ਚਿੱਠੀ ਦੇ ਹਨ| ਪਰ ਜੇ ਗੌਰ ਨਾਲ ਵੇਖੀਏ ਅਤੇ ਪੜ੍ਹੀਏ, ਜੋ ਨਾਲ 11 ਹਿਕਾਇਤਾਂ ਹਨ, ਉਹ ਬੰਦੇ ਨੂੰ ਸ਼ੀਸ਼ਾ ਦਿਖਾਉਣ ਦੀ ਕਾਬਲੀਅਤ ਰੱਖਦੀਆਂ ਹਨ| ਵੈਸੇ ਵੀ ਬੰਦਾ ਦੂਜਿਆਂ ਦੇ ਔਗੁਣ ਛੇਤੀ ਦੇਖਦਾ ਹੈ| ਇਹੀ ਕਾਰਨ ਹੈ ਕਿ ਗੁਰੂ ਜੀ ਨੇ ਇਹ ਜੋ ਕਹਾਣੀਆਂ ਲਿਖੀਆਂ ਹਨ, ਉਹ ਝੱਟ ਔਰੰਗਜ਼ੇਬ ਦੇ ਮਨ ਨੂੰ ਲੱਗੀਆਂ ਹੋਣਗੀਆਂ| ਪਰ ਹਰੇਕ ਕਹਾਣੀ ਵਿਚ ਗੁਰੂ ਜੀ ਨੇ ਇਸ਼ਾਰਾ ਔਰੰਗਜ਼ੇਬ ਨੂੰ ਖ਼ੁਦ ਦੇ ਕਰਮ ਦੇਖਣ ਵੱਲ ਕੀਤਾ ਹੈ|
ਨਸਲ ਸ਼ਬਦ ਇੰਝ ਹੈ:
ਨ ਈਮਾ ਪ੍ਰਸਤੀ ਨ ਔਜਾਇ ਦੀ॥
ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਂ॥ 46॥
ਹਰ ਆਂ ਕਸ ਕਿ ਈਮਾ ਪ੍ਰਸਤੀ ਕੁਨਦ॥
ਨ ਪੈਮਾ ਖ਼ੁਦਸ਼ ਪੇਸ਼ੋ ਪਸਤੀ ਕੁਨਦ॥ 47॥
ਕਿ ਈਂ ਮਰਦ ਰਾ ਜ਼ੱਰਹ ਏਤਬਾਰ ਨੇਸਤ॥
ਚਿ ਕਸਮੇ ਕੁਰਾਨਸਤੁ ਯਜ਼ਦਾ ਯਕੇਸਤ॥ 48॥
ਚੁ ਕਸਮੇ ਕੁਰਾ ਸਦ ਕੁਨਦ ਇਖ਼ਤਿਯਾਰ॥
ਮਰਾ ਕਤਰਹ ਨਾਯਦ ਅਜ਼ੋ ਏਤਬਾਰ॥ 49॥
ਅਗਰਚਿ ਤੁਰਾ ਏਤਬਾਰ ਆਮਦੇ॥
ਕਮਰ ਬਸਤ ਏ ਪੇਸ਼ਵਾ ਆਮਦੇ॥ 50॥
ਨਾ ਤੂੰ ਕਰਦਾ ਧਰਮ ਪਾਲਣਾ, ਨਾ ਕੋਈ ਤੈਨੂੰ ਈਮਾਨ ਰਾਸ ਹੈ|
ਨਾ ਤੈਨੂੰ ਸਾਹਿਬ ਦੀ ਪਛਾਣ, ਨਾ ਤੇਰਾ ਮੁਹੰਮਦ ਤੇ ਵਿਸ਼ਵਾਸ ਹੈ॥ 46॥
ਹਾਂ, ਜੇ ਕੋਈ ਮਰਦ ਕਰਦਾ ਹੈ ਆਪਣੇ ਧਰਮ ਦੀ ਪ੍ਰੋੜਤਾ|
ਫਿਰ ਉਹ ਅੱਗੇ-ਪਿੱਛੇ ਕਦੈ, ਆਪਣਾ ਵਚਨ ਨਹੀਂ ਤੋੜਦਾ॥ 47॥
ਕਿ ਜ਼ਰਾ ਜਿੰਨਾ ਵੀ ਨਹੀਂ, ਤੇਰੇ ਜਿਹੇ ਬੰਦੇ ਦਾ ਇਤਬਾਰ|
ਮੁੱਕਰਿਆ ਕਸਮ ਕੁਰਾਨ ਤੋਂ, ਰੱਬ ਇੱਕ ਉਂਝ ਕਹੇਂ ਵਾਰ-ਵਾਰ॥ 48॥
ਚਾਹੇ ਹੁਣ ਤੂੰ ਸੌ-ਸੌ ਕਸਮਾਂ ਕੁਰਾਨ ਦੀਆਂ ਖਾ ਵਾਰ-ਵਾਰ|
ਹੁਣ ਤੇਰੇ ਉੱਤੇ ਮੈਨੂੰ ਬੂੰਦ ਜਿਹਾ ਵੀ ਨਹੀਂ ਹੈ ਇਤਬਾਰ॥ 49॥
ਜੇਕਰ ਤੂੰ ਰੱਤੀ ਭਰ ਵੀਂ ਮੇਰੇ ਪ੍ਰਤੀ ਇਤਬਾਰ ਦਿਖਾਉਂਦਾ|
ਤਾਂ ਤੂੰ ਕਮਰਕੱਸਾ ਕਰਕੇ, ਮੇਰੇ ਸਾਹਮਣੇ ਆ ਦਿਖਾਉਂਦਾ॥ 50॥
ਅੰਤਿਕਾ
ਪਾਤਸ਼ਾਹੀ 10ਵੀਂ॥
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਆਪਨੀ ਜੀਤ ਕਰੋਂ॥
