ਪੰਜਾਬ ਦੇ ਵਿਧਾਇਕ ਤੇ ਵਜ਼ੀਰ ਹੋਏ ਮਾਲੋਮਾਲ

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਬਜਾਏ ਆਪਣੇ ਵਿਧਾਇਕਾਂ ਤੇ ਵਜ਼ੀਰਾਂ ਦੀ ਫਿਕਰ ਜ਼ਿਆਦਾ ਹੈ ਜਿਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੰਘੇ ਢਾਈ ਦਹਾਕੇ ਵਿਚ ਵਿਧਾਇਕਾਂ ਦੀ ਤਨਖਾਹ ਤੇ ਭੱਤਿਆਂ ਵਿਚ 36 ਗੁਣਾ ਵਾਧਾ ਹੋਇਆ ਹੈ ਜਦ ਕਿ ਇਸ ਦੇ ਉਲਟ ਬੁਢਾਪਾ ਪੈਨਸ਼ਨ ਸਿਰਫ਼ ਪੰਜ ਗੁਣਾ ਵਧੀ ਹੈ। ਸਾਲ 1986 ਵਿਚ ਵਿਧਾਇਕਾਂ ਨੂੰ ਤਨਖਾਹ ਤੇ ਭੱਤਿਆਂ ਦੇ ਰੂਪ ਵਿਚ 2600 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ, ਜਦੋਂ ਕਿ ਬਜ਼ੁਰਗਾਂ ਨੂੰ ਸਿਰਫ਼ 100 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਸੀ।
ਤਾਜ਼ਾ ਹਾਲਤ ਦੇਖੀਏ ਤਾਂ ਵਿਧਾਇਕਾਂ ਦੀ ਤਨਖਾਹ ਤੇ ਭੱਤੇ 94,000 ਰੁਪਏ ਪ੍ਰਤੀ ਮਹੀਨਾ ਹੋ ਗਏ ਹਨ ਜਿਸ ਵਿਚ 3481 ਫੀਸਦੀ ਵਾਧਾ ਹੋਇਆ ਪਰ ਬੁਢਾਪਾ ਪੈਨਸ਼ਨ ਵਿਚ 150 ਫੀਸਦੀ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਭੱਤਿਆਂ ਤੋਂ ਇਲਾਵਾ ਹਰ ਵਿਧਾਇਕ ਨੂੰ 23 ਅਪਰੈਲ 2003 ਤੋਂ 4,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵੀ ਫੈਸਲਾ ਕੀਤਾ ਗਿਆ ਸੀ ਜੋ ਹੁਣ ਵਾਧੇ ਮਗਰੋਂ 25,000 ਰੁਪਏ ਹੋ ਜਾਣੀ ਹੈ।
ਹਰ ਵਿਧਾਇਕ ਨੂੰ ਹੁਣ ਤਨਖਾਹ, ਕੰਪਨਸੇਟਰੀ ਅਲਾਊਂਸ, ਹਲਕਾ ਸਕੱਤਰੇਤ ਤੇ ਪੋਸਟਲ ਖਰਚਾ, ਦਫ਼ਤਰੀ ਖਰਚਾ, ਚਾਹ ਪਾਣੀ, ਬਿਜਲੀ ਪਾਣੀ, ਸਕੱਤਰੇਤ ਭੱਤਾ ਤੇ ਟੈਲੀਫੋਨ ਭੱਤੇ ਦੇ ਰੂਪ ਵਿਚ 94,000 ਰੁਪਏ ਮਿਲਣੇ ਸ਼ੁਰੂ ਹੋ ਜਾਣੇ ਹਨ। ਪ੍ਰਾਈਵੇਟ ਸਫ਼ਰ ਭੱਤਾ, ਟੀæਏ, ਪੜਾਅ ਭੱਤਾ ਤੇ ਮੈਡੀਕਲ ਭੱਤਾ ਵੱਖਰਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਦੀ ਸਰਕਾਰੀ ਸੂਚਨਾ ਮੁਤਾਬਕ ਸਾਲ 1986 ਵਿਚ ਹਰ ਵਿਧਾਇਕ ਨੂੰ ਪੜਾਅ ਭੱਤਾ ਪ੍ਰਤੀ ਦਿਨ 100 ਰੁਪਏ ਮਿਲਦਾ ਸੀ, 1992 ਵਿਚ ਇਹ 150 ਰੁਪਏ ਤੇ ਸਾਲ 2003 ਵਿਚ 1,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ। ਹੁਣ ਪੜਾਅ ਭੱਤਾ 1500 ਰੁਪਏ ਪ੍ਰਤੀ ਦਿਨ ਹੋ ਜਾਣਾ ਹੈ। ਟੈਲੀਫੋਨ ਭੱਤਾ 1986 ਵਿਚ ਹਰ ਵਿਧਾਇਕ ਨੂੰ 600 ਰੁਪਏ ਤੇ 1992 ਵਿਚ 1500 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਜੋ ਹੁਣ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।
ਸੂਚਨਾ ਮੁਤਾਬਕ ਸਾਲ 1986 ਵਿਚ ਹਰ ਵਿਧਾਇਕ ਨੂੰ ਸਫ਼ਰੀ ਭੱਤਾ ਦੋ ਰੁਪਏ ਪ੍ਰਤੀ ਕਿਲੋਮੀਟਰ ਮਿਲਦਾ ਸੀ, 1992 ਵਿਚ ਤਿੰਨ ਰੁਪਏ, 31 ਅਕਤੂਬਰ 2009 ਨੂੰ ਟੀæਏæ ਛੇ ਰੁਪਏ ਤੇ 23 ਸਤੰਬਰ 2011 ਨੂੰ 15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ। ਹਲਕਾ ਭੱਤਾ ਤੇ ਪੋਸਟਲ ਖਰਚ ਵਜੋਂ ਵਿਧਾਇਕਾਂ ਨੂੰ ਸਾਲ 1986 ਵਿਚ 1100 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ, ਜੋ ਹੁਣ 25,000 ਰੁਪਏ ਕਰ ਦਿੱਤੇ ਗਏ ਹਨ। ਇਸ ਵਿਚ 22 ਗੁਣਾ ਵਾਧਾ ਹੋਇਆ ਹੈ। ਵਿਧਾਇਕਾਂ ਨੂੰ 23 ਅਪਰੈਲ 2003 ਤੋਂ ਪ੍ਰਤੀ ਮਹੀਨਾ 250 ਰੁਪਏ ਮੈਡੀਕਲ ਭੱਤਾ ਦੇਣਾ ਸ਼ੁਰੂ ਕੀਤਾ। ਹੁਣ ਮੈਡੀਕਲ ਭੱਤਾ ਅਸੀਮਤ ਹੈ। ਵਿਧਾਇਕਾਂ ਨੂੰ ਆਪਣੇ ਪੂਰੇ ਪਰਿਵਾਰ ਦਾ ਸਰਕਾਰੀ ਖਰਚੇ ‘ਤੇ ਇਲਾਜ ਦੇਸ਼ ਜਾਂ ਵਿਦੇਸ਼ ਵਿਚ ਕਰਾਉਣ ਦੀ ਪੂਰੀ ਸਹੂਲਤ ਹੈ ਜਦੋਂਕਿ ਪੰਜਾਬ ਦੇ ਹਜ਼ਾਰਾਂ ਬਜ਼ੁਰਗ ਤਾਂ ਬੁਢਾਪਾ ਪੈਨਸ਼ਨ ਉਡੀਕਦੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ।
ਬਜ਼ੁਰਗਾਂ ਦਾ ਕਹਿਣਾ ਹੈ ਕਿ ਬੁਢਾਪਾ ਪੈਨਸ਼ਨ ਨਾਲ ਤਾਂ ਦੋ ਦਿਨ ਘਰ ਵਿਚ ਰੋਟੀ ਮਸਾਂ ਪੱਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 2007 ਸਮੇਂ ਬੁਢਾਪਾ ਪੈਨਸ਼ਨ 250 ਰੁਪਏ ਤੋਂ 400 ਰੁਪਏ ਕਰਨ ਦਾ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ। ਪੰਜ ਵਰ੍ਹੇ ਸੁੱਕੇ ਲੰਘ ਗਏ। ਵਿਧਾਨ ਸਭਾ ਚੋਣਾਂ 2012 ਵਿਚ ਬੁਢਾਪਾ ਪੈਨਸ਼ਨ 250 ਤੋਂ 500 ਰੁਪਏ ਕਰਨ ਦਾ ਮੈਨੀਫੈਸਟੋ ਵਿਚ ਵਾਅਦਾ ਕੀਤਾ।

Be the first to comment

Leave a Reply

Your email address will not be published.