ਸਾਂਝੇ ਪੰਜਾਬੀ ਵਿਰਸੇ ਦੀਆਂ ਜੜ੍ਹਾਂ ਦੀ ਤਲਾਸ਼

(ਪੰਜ ਦਰਿਆਵਾਂ ਦੀ ਧਰਤੀ ਸਰਾਪੀ ਕਿਵੇਂ ਗਈ?)
ਅਮਰਜੀਤ ਗਰੇਵਾਲ
ਅਮਰਜੀਤ ਸਿੰਘ ਗਰੇਵਾਲ ਪੰਜਾਬ ਦੇ ਚੰਦ ਉਨ੍ਹਾਂ ਗੰਭੀਰ ਚਿੰਤਕਾਂ ਵਿਚੋਂ ਇਕ ਹਨ, ਜੋ ਪਿਛਲੀ ਲਗਪਗ ਅੱਧੀ ਸਦੀ ਤੋਂ ਪੰਜਾਬੀ/ਸਿੱਖ ਭਾਈਚਾਰੇ, ਸਾਹਿਤ-ਸੱਭਿਆਚਾਰ ਅਤੇ ਗੁਰਬਾਣੀ ਚਿੰਤਨ ਦੀ ਸਾਡੇ ਸਮਿਆਂ ਲਈ ਸਾਰਥਿਕਤਾ ਦੇ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਲਿਖਦੇ ਆ ਰਹੇ ਹਨ।

‘ਪੰਜਾਬ ਟਾਈਮਜ਼’ ਦੇ ਸ਼ੁਰੂਆਤੀ ਦਿਨਾਂ ਤੋਂ ਉਨ੍ਹਾਂ ਦੇ ਲੇਖ ਇਸ ਅੰਦਰ ਛਪਦੇ ਰਹੇ ਹਨ ਅਤੇ ਚਰਚਾ ਦਾ ਵਿਸ਼ਾ ਵੀ ਬਣਦੇ ਰਹੇ ਹਨ। ‘ਸਹੁੰ ਪੰਜਾਬ ਦੀ’ ਸਿਰਲੇਖ ਹੇਠਲੀ ਆਪਣੀ ਪੁਸਤਕ ਵਿਚ ਉਨ੍ਹਾਂ ਨੇ ਪੰਜਾਬ ਦੀ ਰਸਾਤਲਤਾ ਦੇ ਕਾਰਨਾਂ ਨੂੰ ਖਗੋਲਦਿਆਂ ਨਤੀਜਾ ਕੱਢਿਆ ਹੈ ਕਿ ਪੰਜਾਬ ਦੀ ਤਬਾਹੀ ਦੇ ਕਾਰਨ ‘ਨੈਤਿਕਤਾ, ਰਾਜਨੀਤੀ ਅਤੇ ਸੰਸਥਾਵਾਂ ਦੀ ਢਹਿੰਦੀ ਕਲਾ’ ਵਿਚ ਪਏ ਹਨ। ਗੰਧਲੀ ਅਤੇ ਸਵਾਰਥੀ ਰਾਜਨੀਤੀ ਨੇ ਅਣਖੀ, ਕਿਰਤੀ, ਵੰਡ ਛਕਣ, ਸਰਬੱਤ ਦਾ ਭਲਾ ਚਾਹੁਣ ਵਾਲੇ ਪੰਜਾਬ ਨੂੰ ਮੁਫ਼ਤ ਸਕੀਮਾਂ ਦੇ ਲਾਰਿਆਂ ਨਾਲ ਮੰਗਤਾ ਬਣਾ ਧਰਿਆ। ਪੰਜਾਬ ਨੂੰ ਰਸਾਤਲਤਾ ਦੇ ਟੋਏ ਵਿਚੋਂ ਕੱਢਣ ਦਾ ਰਸਤਾ ਇਸ ਨੂੰ ਆਧੁਨਿਕ ਗਿਆਨ ਦੇ ਖੇਤਰ ਵਿਚ ਹਾਣੀ ਬਣਾਉਣ ਵਿਚ ਹੈ। ਪੰਜਾਬ ਪਹਿਲਾਂ ਵੀ ਘੋਰ ਸੰਕਟਾਂ ਵਿਚੋਂ ਆਪਣੀ ਹਿੰਮਤ ਨਾਲ ਪੂਰਾ ਤਬਾਹ ਹੋ ਕੇ ਵੀ ਪੁਨਰ-ਸੁਰਜੀਤ ਹੁੰਦਾ ਆਇਆ ਹੈ ਉਵੇਂ ਹੀ ਜਿਵੇਂ ਕੁਕੂਨੂਸ ਆਪਣੀ ਹੀ ਅੱਗ ਵਿਚ ਸੜ ਕੇ ਆਪਣੀ ਰਾਖ ਵਿਚੋਂ ਪੁਨਰ-ਸੁਰਜੀਤ ਹੁੰਦਾ ਹੈ। ਇਹ ਪੁਸਤਕ ਗੁਰਮਤਿ ਦੇ ਹਵਾਲੇ ਨਾਲ ਵਰਤਮਾਨ ਨੂੰ ਗਲੋਬਲ ਪੰਜਾਬ ਵਾਂਗ ਸਮਝਣ ਦਾ ਯਤਨ ਹੈ। ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸਾਂਝੀ ਸਮਝ ਉਸਾਰਨ ਲਈ ਪ੍ਰੇਰਦੀ ਹੈ। -ਸੰਪਾਦਕ

ਪੰਜਾਬ, ਅੰਨਦਾਤੇ ਤੋਂ ਭਿਖਾਰੀ ਕਿਵੇਂ ਬਣ ਗਿਆ? ਹਰੇ ਇਨਕਲਾਬ ਤੋਂ ਬਾਅਦ, ਪਿਛਲੇ ਵੀਹ-ਬਾਈ ਸਾਲਾਂ ਤੋਂ, ਪੰਜਾਬ ਦੀਆਂ ਸਰਕਾਰਾਂ ਨੇ, ਟਿਕਾਊ ਅਤੇ ਸਮਿਲਤ ਵਿਕਾਸ ਦਾ ਰਸਤਾ ਤਿਆਗ ਕੇ, ਮੁਫਤਖੋਰੀ ਦੀਆਂ ਸਕੀਮਾਂ ਨਾਲ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਅਰਥਚਾਰੇ ਅਤੇ ਸਿਆਸਤ ਨੂੰ ਕੋਈ ਨਵੀਂ ਸੇਧ ਨਾ ਮਿਲ ਸਕੀ। ਖੇਤੀਬਾੜੀ ਆਮਦਨ ਦੀ ਥਾਂ ਕਰਜ਼ੇ ਦਾ ਸਾਧਨ ਬਣ ਗਈ। ਸਨਅਤ ਅੱਗੇ ਨਾ ਵਧ ਸਕੀ। ਸੇਵਾ ਸੈਕਟਰ ਦੀਆਂ ਨੌਕਰੀਆਂ ਨੂੰ ਨਵੀਂ ਤਕਨਾਲੋਜੀ ਖਾ ਗਈ। ਸਕੂਲੀ ਅਤੇ ਉਚ ਸਿਖਿਆ ਬਰਬਾਦ ਹੋ ਗਈਆਂ। ਤਕਨੀਕੀ ਸਿਖਿਆ ਆਧੁਨਿਕ ਵਿਕਾਸ ਦਾ ਆਧਾਰ ਨਾ ਬਣ ਸਕੀ। ਆਧਾਰ ਢਾਂਚੇ ਬਾਰੇ ਸੋਚ ਸੜਕ ਨਿਰਮਾਣ ਤੋਂ ਅੱਗੇ ਨਾ ਵਧੀ। ਜਮਹੂਰੀ ਸੰਸਥਾਵਾਂ ਨੂੰ ਅਫਸਰਸ਼ਾਹੀ ਦੇ ਹਵਾਲੇ ਕਰਕੇ ਭ੍ਰਿਸ਼ਟਾਚਾਰ ਦੇ ਅੱਡਿਆਂ ਵਿਚ ਤਬਦੀਲ ਕਰ ਦਿਤਾ ਗਿਆ। ਸਿਆਸਤ ਮਾਫੀਏ ਦਾ ਰੂਪ ਧਾਰਨ ਲੱਗ ਪਈ। ਬੇਰੁਜ਼ਗਾਰ ਯੂਥ ਨੂੰ ਨਸ਼ਿਆਂ ਅਤੇ ਜੁਰਮ ਦੇ ਹਵਾਲੇ ਕਰ ਦਿੱਤਾ ਗਿਆ। ਡਰੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਉਚ ਸਿਖਿਆ ਲਈ ਵਿਦੇਸ਼ ਭੇਜਣ ਲੱਗੇ। ਪੰਜਾਬ ਅਕਲੋਂ ਖਾਲੀ ਹੋਣ ਲੱਗ ਪਿਆ। ਯੂਪੀ ਬਿਹਾਰ ਤੋਂ ਆਉਣ ਵਾਲੀ ਲੇਬਰ ਨੇ ਪੰਜਾਬ ਦਾ ਝੋਨਾ ਅਤੇ ਡੰਗਰ ਪਸ਼ੂ ਤਾਂ ਬਚਾ ਲਏ; ਫੈਕਟਰੀਆਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲੇ ਧੂੰਏਂ ਨੂੰ ਵੀ ਕਿਸੇ ਹੱਦ ਤਕ ਬੰਦ ਹੋਣੋਂ ਰੋਕ ਲਿਆ; ਪਰ ਪੰਜਾਬ ਦੀ ਬਰਬਾਦੀ ਨੂੰ ਨਾ ਰੋਕ ਸਕੀ। ਜਿਸਨੇ ਰੋਕਣਾ ਸੀ, ਪੰਜਾਬ ਦੀ ਉਹ ਯੂਥ ਤਾਂ ਕਦੋਂ ਦੀ ਪਰਵਾਸ ਕਰਕੇ ਏਥੋਂ ਜਾ ਚੁਕੀ ਹੈ। ਜੋ ਨਹੀਂ ਜਾ ਸਕੀ, ਉਹ ਜਾਣ ਲਈ ਤਿਆਰ ਬੈਠੀ ਹੈ।
ਵਿਦੇਸ਼ਾਂ ਨੂੰ ਜਾਣ ਵਾਲੀ ਯੂਥ, ਉਥੇ ਸੈਟਲ ਹੋਣ ਲਈ ਅਕਲ ਦੇ ਨਾਲ ਨਾਲ ਪੈਸਾ ਵੀ ਲਿਜਾਣ ਲੱਗ ਪਈ। ਪੰਜਾਬੀਆਂ ਨੇ ਪੰਜਾਬ ਤੋਂ ਵੀ ਵੱਧ ਕਨੇਡਾ ਨਾਲ ਆਈਡੈਂਟੀਫਾਈ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦਾ ਬਿਜ਼ਨਸ ਜ਼ਮੀਨਾਂ ਦੀ ਵੇਚ ਵੱਟ ਤੋਂ ਅੱਗੇ ਨਾ ਵਧ ਸਕਿਆ। ਸਨਅਤੀਕਰਣ ਅਤੇ ਆਧੁਨੀਕੀਕਰਣ ਦੇ ਰੁਕ ਜਾਣ ਕਰਕੇ ਨਵਾਂ ਰੁਜ਼ਗਾਰ ਵੀ ਪੈਦਾ ਨਾ ਹੋ ਸਕਿਆ। ਪੰਜਾਬ ਦੇ ਨਿਘਾਰ ਦੀ ਕਹਾਣੀ ਮੁਕਣ ਵਾਲੀ ਨਹੀਂ। ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਨੂੰ ਇਸ ਮੰਦਹਾਲੀ `ਚੋਂ ਬਾਹਰ ਕੱਢ ਕੇ ਮੁੜ ਖੁਸ਼ਹਾਲੀ ਦੇ ਰਾਹ `ਤੇ ਕਿਵੇਂ ਤੋਰਿਆ ਜਾਵੇ।
ਪੰਜਾਬ ਵਿਚ ਖੇਤੀਬਾੜੀ ਦੀ ਵਿਕਾਸ ਦਰ ਜੋ 1971-72 ਤੋਂ 1985-86 ਤੱਕ 5.7 ਪ੍ਰਤੀਸ਼ਤ ਸੀ, 2005-06 ਤੋਂ 2014-15 ਵਿਚ ਘਟ ਕੇ 1.61 ਪ੍ਰਤੀਸ਼ਤ ਰਹਿ ਗਈ। ਹਰੇ ਇਨਕਲਾਬ ਦੇ ਢੰਗ ਤਰੀਕਿਆਂ ਨਾਲ ਜੋ ਪ੍ਰਾਪਤ ਕੀਤਾ ਜਾ ਸਕਦਾ ਸੀ, ਪੰਜਾਬ ਨੇ ਉਹ 1985-86 ਤੱਕ ਪ੍ਰਾਪਤ ਕਰ ਲਿਆ ਸੀ। ਪੰਜਾਬ ਨੂੰ ਅੱਗੇ ਵਧਣ ਲਈ ਨਵੀਂ ਦਿਸ਼ਾ ਚਾਹੀਦੀ ਸੀ। ਪਰ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਲਕੀਰ ਦੀਆਂ ਫਕੀਰ ਬਣੀਆਂ ਰਹੀਆਂ। ਖੇਤੀ ਮਾਹਿਰ ਵਿਅਕਤੀਗਤ ਪੱਧਰ `ਤੇ ਤਾਂ ਬਹੁਤ ਰੌਲਾ ਪਾਉਂਦੇ ਰਹੇ। ਪਰ ਕਿਸੇ ਦੇ ਕੰਨ `ਤੇ ਜੂੰ ਵੀ ਨਾ ਸਰਕੀ। ਸਭ ਮੰਨਦੇ ਹਨ ਕਿ ਪੰਜਾਬ ਨੂੰ ਆਪਣੀ ਹੋਂਦ ਦੀ ਬਹਾਲੀ ਲਈ, ਆਪਣੇ ਆਪ, ਆਪਣੀ ਆਰਥਕਤਾ, ਆਪਣੀ ਖੇਤੀਬਾੜੀ, ਆਪਣੀਆਂ ਸਮਾਜਕ ਕਦਰਾਂ-ਕੀਮਤਾਂ ਅਤੇ ਖਾਸ ਕਰਕੇ ਆਪਣੀ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਵਿਓਂਤਣਾ ਹੋਵੇਗਾ। ਆਪਣੇ ਆਪ ਨੂੰ ਪੁਨਰ-ਕਲਪਿਤ ਕਰਕੇ, ਨਵੇਂ ਰਾਹਾਂ `ਤੇ ਤੁਰਨ ਦੀ ਲੋੜ ਹੈ। ਪਰ ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਅਜਿਹਾ ਕਰਨ ਲਈ ਲੋੜੀਂਦੀ ਸੂਝ-ਬੂਝ ਅਤੇ ਸਿਆਸੀ ਇਛਾ ਸ਼ਕਤੀ ਮੌਜੂਦ ਹੈ।
ਪਿਛਲੇ ਵੀਹ-ਪੱਚੀ ਸਾਲਾਂ ਦੇ ਤਜਰਬੇ ਨੇ ਸਾਨੂੰ ਸਮਝਾ ਦਿਤਾ ਹੈ ਕਿ ਮੁਫਤ ਬਿਜਲੀ ਪਾਣੀ ਵਰਗੀਆਂ ਸਕੀਮਾਂ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਨਹੀਂ ਬਚਾਇਆ ਜਾ ਸਕਦਾ। ਕੇਵਲ ਅਸੀਂ ਹੀ ਨਹੀਂ, ਦੁਨੀਆਂ ਦਾ ਕੋਈ ਵੀ ਵਿਕਾਸਸ਼ੀਲ ਦੇਸ਼, ਵਿਸ਼ਵ ਬੈਂਕ ਅਤੇ ਆਈ ਐਮ ਐਫ ਵਰਗੀਆਂ ਮਲਟੀ ਲੇਟਰਲ ਏਜੰਸੀਆਂ ਵੱਲੋਂ ਦਿਤੀ ਜਾਣ ਵਾਲੀ ਬਾਹਰੀ ਸਹਾਇਤਾ ਨਾਲ ਗਰੀਬੀ ਦੇ ਚੱਕਰਵਿਊ ਤੋਂ ਬਾਹਰ ਨਹੀਂ ਆਇਆ। ਗਰੀਬ ਲੋਕਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾ ਕੇ ਉਨ੍ਹਾਂ ਨੂੰ ਗਰੀਬੀ ਰੇਖਾ ਤੋਂ ਉਪਰ ਨਹੀਂ ਉਠਾਇਆ ਜਾ ਸਕਦਾ। ਆਰਟੀਫੀਸ਼ਲ ਇੰਟੈਲੀਜੈਂਸ ਦੀ ਆਮਦ ਨਾਲ ਪੈਦਾ ਹੋਣ ਵਾਲੀ ਬੇਕਾਰੀ/ ਬੇਰੁਜ਼ਗਾਰੀ ਦਾ ਟਾਕਰਾ ਕਰਨ ਲਈ, ਕਿਰਤ ਅਤੇ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨ ਦੀ ਥਾਂ ਯੂਨੀਵਰਸਲ ਬੇਸਿਕ ਇਨਕਮ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਦੇ ਹੱਥਾਂ ਵਿਚ ਠੂਠੇ ਫੜਾਏ ਜਾ ਰਹੇ ਹਨ। ਸੁਆਲ ਹੈ ਕਿ ਜੇ ਆਰਥਕ ਸਹਾਇਤਾ ਲੋਕਾਂ ਦੀ ਗਰੀਬੀ ਦੂਰ ਨਹੀਂ ਕਰ ਸਕਦੀ, ਤਾਂ ਫੇਰ ਜਾਨਣਾ ਹੋਵੇਗਾ ਕਿ ਜਿਹੜੇ ਲੋਕ/ਮੁਲਕ ਗਰੀਬੀ `ਚੋਂ ਨਿਕਲ ਕੇ ਖੁਸ਼ਹਾਲੀ ਦੇ ਰਸਤੇ ਪਏ ਹਨ, ਉਨ੍ਹਾਂ ਨੇ ਕਿਹੜਾ ਰਸਤਾ ਅਪਣਾਇਆ ਸੀ।
ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਦੱਖਣੀ ਕੋਰੀਆ ਬਹੁਤ ਗਰੀਬ ਮੁਲਕ ਸੀ। ਸਿਖਿਆ ਅਤੇ ਸਿਹਤ ਸੰਭਾਲ ਤਰਸਯੋਗ ਹਾਲਤ ਵਿਚ ਸਨ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਾਫੀਏ ਦਾ ਬੋਲਬਾਲਾ ਸੀ। ਪਰ ਅੱਜ ਉਹ ਦੁਨੀਆਂ ਦੇ ਸਭ ਤੋਂ ਅਮੀਰ ਮੁਲਕਾਂ ਵਿਚੋਂ ਇਕ ਹੈ। ਕੇਵਲ ਆਰਥਕ ਪੱਖੋਂ ਹੀ ਨਹੀਂ, ਹਰ ਪੱਖੋਂ ਸਫਲ ਆਖਿਆ ਜਾ ਸਕਦਾ ਹੈ। ਸੁਆਲ ਹੈ ਕਿ ਇਹ ਕੌਤਕ ਦੱਖਣੀ ਕੋਰੀਆ ਵਰਗੇ ਦੂਜੇ ਮੁਲਕਾਂ ਜਿਵੇਂ ਕਿ ਬੁਰੂੰਦੀ, ਹਾਇਤੀ, ਨਿਗਰ, ਗਉਟੇਮਾਲਾ, ਆਦਿ ਵਿਚ ਕਿਉਂ ਨਹੀਂ ਵਾਪਰਿਆ। ਇਹ ਮੁਲਕ ਅੱਜ ਵੀ ਓਨੇ ਹੀ ਗਰੀਬ ਹਨ ਜਿੰਨੇ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਸਨ। ਦੱਖਣੀ ਕੋਰੀਆ ਹੀ ਸਫ਼ਲ ਕਿਉਂ ਹੋਇਆ। ਦੱਖਣੀ ਕੋਰੀਆ ਨੇ ਪੰਜਾਬ ਦੀਆਂ ਸਰਕਾਰਾਂ ਵਾਂਗ ਆਪਣੇ ਲੋਕਾਂ ਨੂੰ ਖੈਰਾਤ ਨਹੀਂ ਵੰਡੀ। ਉਨ੍ਹਾਂ ਲਈ ਕੰਮ-ਧੰਦਾ ਅਤੇ ਰੁਜ਼ਗਾਰ ਪੈਦਾ ਕਰਨ ਲਈ ਸਿਖਿਆ ਪ੍ਰਬੰਧ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਂਦੇ। ਸੰਚਾਰ ਅਤੇ ਊਰਜਾ ਦੇ ਨਵੇਂ ਨੈਟਵਰਕ ਰਾਹੀਂ ਮੁਲਕ ਦੇ ਟਿਕਾਊ ਵਿਕਾਸ ਵਿਚ ਹਰ ਕਿਸੇ ਦੀ ਸ਼ਮੂਲੀਅਤ ਅਤੇ ਸਮਾਜ-ਆਰਥਕ ਗਤੀਸ਼ੀਲਤਾ ਦੇ ਫੈਲਾਅ ਨੂੰ ਯਕੀਨੀ ਬਣਾਇਆ।
ਦੋ ਹੀ ਰਸਤੇ ਹਨ। ਇਕ ਰਸਤਾ ਉਹ ਹੈ ਜੋ ਪਿਛਲੇ ਵੀਹ-ਬਾਈ ਸਾਲਾਂ ਤੋਂ, ਪੰਜਾਬ ਦੀਆਂ ਸਰਕਾਰਾਂ ਨੇ ਅਪਣਾਇਆ ਹੋਇਆ ਹੈ। ਮੁਫਤ ਬਿਜਲੀ ਪਾਣੀ, ਆਟਾ ਦਾਲ ਅਤੇ ਬੱਸ ਯਾਤਰਾ ਵਰਗੀਆਂ ਸਕੀਮਾਂ ਰਾਹੀਂ ਕਿਰਤ ਦੀ ਪੂਜਾ ਕਰਨ ਵਾਲੇ ਪੰਜਾਬੀਆਂ ਨੂੰ ਭਿਖਾਰੀ ਬਣਾਉਣ ਦਾ ਰਸਤਾ। ਦੂਜਾ ਰਸਤਾ ਉਹ ਹੈ ਜਿਸ ਨੂੰ ਅਪਣਾ ਕੇ ਦੱਖਣੀ ਕੋਰੀਆ ਵਰਗੇ ਭਿਖਾਰੀ ਅਤੇ ਗਰੀਬ ਮੁਲਕ ਦਾਤੇ ਬਣ ਗਏ। ਇਹ ਹੈ ਰੁਜ਼ਗਾਰ ਉਤਪਾਦਨ ਅਤੇ ਸਮਾਜ-ਆਰਥਕ ਗਤੀਸ਼ੀਲਤਾ ਦੇ ਫੈਲਾਅ ਲਈ ਟਿਕਾਊ ਅਤੇ ਸਮਿਲਤ ਵਿਕਾਸ ਦਾ ਰਸਤਾ।
ਜੇਕਰ ਅਸੀਂ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਇਸ ਨੂੰ ਭਿਖਾਰੀ ਤੋਂ ਦਾਤਾ ਬਣ ਰਿਹਾ ਦੇਖਣ ਦੇ ਚਾਹਵਾਨ ਹਾਂ ਤਾਂ, ਸਾਨੂੰ ਆਪਣਾ ਰਸਤਾ ਬਦਲਣਾ ਹੋਵੇਗਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਅਫਸਰਸ਼ਾਹੀ ਤਾਂ ਆਪਣੇ ਪਿਛਲੇ ਏਜੰਡੇ `ਤੇ ਹੀ ਚੱਲਣਾ ਪਸੰਦ ਕਰਨਗੀਆਂ। ਪਰ ਲੋਕਾਂ ਦੀ ਇਛਾ ਤਾਂ ਨਿਸ਼ਚੇ ਹੀ ਇਸ ਏਜੰਡੇ ਨੂੰ ਬਦਲਣ ਦੀ ਹੋਵੇਗੀ।
ਇਕ ਕਹਾਣੀ ਯਾਦ ਆ ਰਹੀ ਹੈ। ਰਾਤ ਦਾ ਵੇਲਾ ਸੀ। ਕੁਝ ਲੋਕ ਦਰਿਆ ਪਾਰ ਕਰਕੇ ਦੂਸਰੇ ਕੰਢੇ `ਤੇ ਪਹੁੰਚਣ ਲਈ ਕਿਸ਼ਤੀ ਵਿਚ ਸਵਾਰ ਹੁੰਦੇ ਹਨ। ਪੂਰੀ ਸ਼ਕਤੀ ਨਾਲ ਸਾਰੀ ਰਾਤ ਚੱਪੂ ਚਲਾਉਂਦੇ ਹਨ। ਸੁਬ੍ਹਾ ਹੋਈ ਤਾਂ ਦੇਖਦੇ ਹਨ, ਕਿ ਕਿਸ਼ਤੀ ਤਾਂ ਉਥੇ ਹੀ ਖੜ੍ਹੀ ਸੀ। ਉਹ ਕਿਸ਼ਤੀ ਦੇ ਕਿਨਾਰੇ ਨਾਲ ਬੰਨ੍ਹੇ ਸੰਗਲ ਖੋਲ੍ਹਣਾ ਭੁਲ ਗਏ ਸਨ। ਪੰਜਾਬ ਨਾਲ ਤਾਂ ਇਸ ਤੋਂ ਵੀ ਭੈੜੀ ਹੋਈ। ਅਸੀਂ ਪੰਜਾਬ ਦੀ ਕਿਸ਼ਤੀ ਨੂੰ ਅੱਗੇ ਵਧਾਉਣ ਲਈ ਜਿੰਨੀ ਸ਼ਕਤੀ ਲਾਉਂਦੇ ਰਹੇ, ਪੰਜਾਬ ਓਨਾ ਹੀ ਸੰਕਟ ਗ੍ਰਸਤ ਹੁੰਦਾ ਚਲਿਆ ਗਿਆ। ਕੋਈ ਗੱਲ ਨਹੀਂ, ਪੰਜਾਬ ਨੂੰ ਇਸ ਡੂੰਘੇ ਸੰਕਟ ਵਿਚੋਂ ਬਾਹਰ ਕੱਢਣ ਲਈ ਸਾਡੇ ਕੋਲ ਕੁਕਨੂਸ ਦੀ ਕਹਾਣੀ ਵੀ ਮੌਜੂਦ ਹੈ। ਕੁਕਨੂਸ ਲੰਮੀਆਂ ਉਡਾਰੀਆਂ ਭਰਨ ਵਾਲਾ ਸੁੰਦਰ ਪੰਛੀ ਹੈ। ਲੰਮੀ ਉਮਰ ਭੋਗਣ ਉਪਰੰਤ, ਜਦੋਂ ਕੁਕਨੂਸ ਉਡਾਰੀ ਭਰਨ ਦੇ ਕਾਬਲ ਨਹੀਂ ਰਹਿੰਦਾ, ਤਾਂ ਉਹ ਆਪਣੇ ਇਰਦ-ਗਿਰਦ ਲੱਕੜੀਆਂ ਦਾ ਆਲ੍ਹਣਾ ਬਣਾ ਕੇ ਉਸ ਵਿਚ ਬੈਠ ਜਾਂਦਾ ਹੈ। ਆਲ੍ਹਣੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਕੁਕਨੂਸ ਉਸ ਵਿਚ ਜਲ ਕੇ ਰਾਖ ਹੋ ਜਾਂਦਾ ਹੈ। ਉਸ ਰਾਖ ਵਿਚੋਂ ਨਵੀਆਂ ਉਡਾਰੀਆਂ ਭਰਨ ਵਾਲਾ ਨਵਾਂ ਕੁਕਨੂਸ ਜਨਮ ਲੈਂਦਾ ਹੈ। ਪੰਜਾਬ ਦਾ ਸੰਕਟ ਭਾਵੇਂ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ, ਇਸ ਸੰਕਟ/ਰਾਖ ਵਿਚੋਂ ਸੰਭਾਵਨਾਵਾਂ ਦੀਆਂ ਨਵੀਆਂ ਉਡਾਰੀਆਂ ਭਰਨ ਵਾਲਾ ਨਵਾਂ ਪੰਜਾਬ ਵੀ ਆਵੱਸ਼ ਹੀ ਜਨਮ ਲਵੇਗਾ। ਅਸੀਂ ਉਸੇ ਪਿੰਡ ਪੰਜਾਬ ਦਾ ਸੁਪਨਾ ਦੇਖ ਰਹੇ ਹਾਂ। ਪੰਜਾਬ ਦੇ ਨਵ-ਨਿਰਮਾਣ ਨੂੰ ਸਮਝਣ ਤੋਂ ਪਹਿਲਾਂ ਪੰਜਾਬ ਕੀ ਹੈ, ਇਸੇ ਗੱਲ ਨੂੰ ਸਮਝ ਲਈਏ।
ਪੰਜਾਬ
ਪੰਜਾਬ ਕੋਈ ਇਕ ਸਾਰ, ਰੂਪ, ਸਥਾਈ ਅਤੇ ਸੁਨਿਸ਼ਚਿਤ ਧਰਾਤਲ ਨਹੀਂ। ਸੰਵਾਦ ਵਿਚ ਬੱਝੇ ਵਿਵਿਧ ਪਰਵਚਨਾਂ ਦਾ ਗਤੀਸ਼ੀਲ ਪ੍ਰਵਾਹ ਹੈ।
ਪੰਜਾਬ ਨੂੰ ਕਦਾਚਿਤ ਵੀ ਪਹਿਲੀ ਨਵੰਬਰ 1966 ਨੂੰ ਹੋਂਦ ਵਿਚ ਆਉਣ ਵਾਲੇ 50,362 ਵਰਗ ਕਿਲੋਮੀਟਰ ਵਿਚ ਫੈਲੇ ਭਾਰਤੀ ਪੰਜਾਬ ਪ੍ਰਾਂਤ ਦੇ 12,342 ਪਿੰਡਾਂ ਅਤੇ 134 ਸ਼ਹਿਰਾਂ/ ਕਸਬਿਆਂ ਤੱਕ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਹ ਤਾਂ ਭਾਰਤ, ਪਾਕਿਸਤਾਨ ਅਤੇ ਹੋਰ ਅਨੇਕ ਮੁਲਕਾਂ ਵਿਚ ਫੈਲੇ ਪੰਜਾਬੀ ਪਿਆਰਿਆਂ ਦਾ ਪਾਰ-ਰਾਸ਼ਟਰੀ ਨੈਟਵਰਕ ਹੈ।
ਪੰਜਾਬੀ ਪਿਆਰਿਆਂ ਵਿਚ ਕੇਵਲ ਪੰਜਾਬੀ ਜ਼ੁਬਾਨ ਅਤੇ ਇਸਦੀਆਂ ਭੈਣ ਭਾਸ਼ਾਵਾਂ ਬੋਲਣ ਵਾਲੇ ਲੋਕ ਹੀ ਨਹੀਂ, ਇਨ੍ਹਾਂ ਦੇ ਵਿਦੇਸ਼ਾਂ ਵਿਚ ਜੰਮੇ-ਪਲੇ ਧੀਆਂ-ਪੁਤਰ ਅਤੇ ਮਿਤਰ-ਪਿਆਰੇ ਜੋ ਪੰਜਾਬੀ ਜ਼ੁਬਾਨ ਸਿਖਣ ਦੀ ਕੋਸ਼ਿਸ਼ ਕਰਦੇ ਹਨ, ਵੀ ਸ਼ਾਮਲ ਹਨ। ਅੰਨਾ ਪੰਜਾਬਣ ਵਰਗੇ ਪੰਜਾਬੀ ਜ਼ੁਬਾਨ ਦੇ ਗੈਰ-ਪੰਜਾਬੀ ਵਿਦਵਾਨ, ਜੋ ਆਪਣੀ ਸੰਸਕ੍ਰਿਤੀ ਦੇ ਨਾਲ-ਨਾਲ ਪੰਜਾਬੀ ਜ਼ੁਬਾਨ ਅਤੇ ਇਸਦੀ ਸੰਸਕ੍ਰਿਤੀ ਨੂੰ ਸਮਝਣ ਸਮਝਾਉਣ ਦੇ ਕਾਰਜ ਨਾਲ ਜੁੜੇ ਹੋਏ ਹਨ, ਵੀ ਪੰਜਾਬੀ ਨੈਟਵਰਕ ਦਾ ਹਿੱਸਾ ਹਨ। ਇਸੇ ਤਰ੍ਹਾਂ ਪੰਜਾਬਾਂ ਵਿਚ ਵਸਦੇ ਪਰਵਾਸੀ ਮਜ਼ਦੂਰਾਂ/ਅਫਸਰਾਂ ਦੇ ਪਰਿਵਾਰ ਵੀ ਇਸ ਭਾਈਚਾਰਕ ਨੈਟਵਰਕ ਦੇ ਬਰਾਬਰ ਭਾਈਵਾਲ ਹਨ। ਭਾਵੇਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਾਂਗ ਇਹ ਵੀ ਆਪਣੀ ਦੋਹਰੀ ਪਹਿਚਾਣ ਰੱਖਦੇ ਹਨ। ਪਰਵਾਸ ਨੂੰ ਸੰਕਟ ਦੇ ਰੂਪ ਵਿਚ ਨਹੀਂ, ਸੰਭਾਵਨਾ ਦੇ ਰੂਪ ਵਿਚ ਸਮਝਣ ਦੀ ਲੋੜ ਹੈ। ਮਨੁਖ ਘੁਮੱਕੜ ਕਿਸਮ ਦਾ ਜੀਵ ਹੈ, ਜੋ ਅਫਰੀਕਾ ਦੀ ਇਕ ਬਹੁਤ ਹੀ ਛੋਟੀ ਜਿਹੀ ਜਗ੍ਹਾ ਤੋਂ ਉਠ ਕੇ ਸਾਰੀ ਧਰਤੀ ਉਪਰ ਛਾਅ ਗਿਆ। ਉਹ ਅਜਿਹਾ ਇਸ ਲਈ ਕਰ ਸਕਿਆ ਕਿਉਂਕਿ ਉਸ ਵਿਚ ਸਿਖਣ ਦੀ ਤੀਬਰ ਯੋਗਤਾ ਹੈ। ਅਤੇ ਸਿਖਣ ਦਾ ਪਰਵਾਸ ਨਾਲੋਂ ਹੋਰ ਕੋਈ ਵਧੀਆ ਤਰੀਕਾ ਹੈ ਨਹੀਂ।
ਪੰਜਾਬ, ਪੰਜਾਬੀ ਜ਼ੁਬਾਨ, ਪੰਜਾਬੀ ਭਾਈਚਾਰੇ ਅਤੇ ਪੰਜਾਬੀ ਸਭਿਆਚਾਰ ਨੂੰ ਕਿਸੇ ਭੂਗੋਲਿਕ, ਇਤਿਹਾਸਕ, ਭਾਸ਼ਾਈ, ਰਾਜਨੀਤਕ, ਆਰਥਕ, ਸੰਸਕ੍ਰਿਤਕ, ਵਿਚਾਰਧਾਰਕ ਅਤੇ ਧਾਰਮਿਕ ਹੱਦਬੰਦੀਆਂ ਵਿਚ ਬੰਨ੍ਹ ਕੇ ਨਹੀਂ ਦੇਖਿਆ ਜਾ ਸਕਦਾ। ਪੰਜਾਬੀ ਮੂਲ ਦੇ ਵਿਅਕਤੀ ਜਦੋਂ ਕਨੇਡਾ, ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਵਿਚ ਜਾ ਕੇ ਮੰਤਰੀ ਜਾਂ ਮੁਖ ਮੰਤਰੀ ਬਣ ਜਾਂਦੇ ਹਨ, ਤਾਂ ਉਹ ਪੰਜਾਬੀ ਭਾਈਚਾਰੇ ਨਾਲੋਂ ਆਪਣਾ ਨਾਤਾ ਨਹੀਂ ਤੋੜ ਲੈਂਦੇ। ਬਰਾਬਰ ਦੇ ਪੰਜਾਬੀ ਵੀ ਬਣੇ ਰਹਿੰਦੇ ਹਨ। ਇਕ ਤੋਂ ਵਧੇਰੇ ਕੌਮੀ ਪਛਾਣਾਂ, ਸਰਬੱਤ ਦੇ ਭਲੇ ਦੀ ਦਿਸ਼ਾ ਵਿਚ, ਭਾਈਚਾਰਿਆਂ ਨੂੰ ਜੋੜਨ ਦਾ ਉਹ ਕੰਮ ਕਰਦੀਆਂ ਹਨ, ਜਿਸਨੂੰ ਬਹੁਵਾਦੀ ਵਿਸ਼ਵੀਕਰਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਜਿਵੇਂ ਕਨੇਡਾ, ਅਮਰੀਕਾ ਆਦਿ ਮੁਲਕਾਂ ਵਿਚ ਪਹੁੰਚਣ ਵਾਲੇ ਪੰਜਾਬੀ ਉਥੇ ਆਪਣੀ ਛਾਪ ਛੱਡ ਰਹੇ ਹਨ, ਬਿਲਕੁਲ ਉਸੇ ਤਰ੍ਹਾਂ ਯੂਪੀ ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਵੀ ਪੰਜਾਬੀ ਸਭਿਆਚਾਰ ਵਿਚ ਨਵੇਂ ਰੰਗ ਭਰ ਰਹੇ ਹਨ। ਪੰਜਾਬ ਅਫਸਰਸ਼ਾਹੀ ਦੀਆਂ ਉਪਰਲੀਆਂ ਪੁਜ਼ੀਸ਼ਨਾਂ ਵਿਚ ਪੰਜਾਬੀਆਂ ਦੀ ਘੱਟ ਅਤੇ ਦੂਸਰੇ ਰਾਜਾਂ ਵਿਚੋਂ ਆਉਣ ਵਾਲੇ ਆਈ ਏ ਐਸ ਅਫਸਰਾਂ ਦੀ ਗਿਣਤੀ ਵੱਧ ਹੈ।
ਵੱਖੋ-ਵੱਖਰੇ ਦੇਸਾਂ ਪਰਦੇਸਾਂ ਵਿਚ ਵੱਖੋ-ਵੱਖਰੇ ਤਜਰਬੇ ਗ੍ਰਹਿਣ ਕਰਦਾ ਅਤੇ ਵੱਖੋ ਵੱਖਰੀਆਂ ਜ਼ੁਬਾਨਾਂ, ਪਰੰਪਰਾਵਾਂ, ਅਰਥਚਾਰਿਆਂ, ਵਿਉਪਾਰਕ ਅਦਾਰਿਆਂ, ਵਿਦਿਅਕ/ਖੋਜ ਸੰਸਥਾਵਾਂ, ਸਮਾਜ-ਪ੍ਰਬੰਧਾਂ, ਸੰਸਕ੍ਰਿਤੀਆਂ ਅਤੇ ਰਾਜਨੀਤਕ ਸੰਗਠਨਕਾਰੀਆਂ ਨਾਲ ਸੰਵਾਦ ਰਚਾਉਂਦਾ ਪੰਜਾਬ ਆਪਣੇ ਅੰਦਰ ਵਧ ਰਹੀ ਵਿਵਿਧਤਾ, ਵਿਰੋਧਤਾਵਾਂ, ਟਕਰਾਵਾਂ, ਸੰਵਾਦ ਅਤੇ ਗਤੀਸ਼ੀਲਤਾ ਕਾਰਨ ਲਗਾਤਾਰ ਵਿਗਸ ਰਿਹਾ ਹੈ। ਇਹ ਇਕ ਵਿਸ਼ਾਲ ਦਰਿਆ ਹੈ ਜੋ ਵੱਖੋ-ਵੱਖਰੀਆਂ ਧਰਤੀਆਂ ਨੂੰ ਕੇਵਲ ਸਿੰਜਦਾ ਹੀ ਨਹੀਂ, ਸਗੋਂ ਉਨ੍ਹਾਂ ਤਮਾਮ ਧਰਤੀਆਂ ਦੀਆਂ ਖੁਸ਼ਬੋਆਂ ਨੂੰ ਵੀ ਆਪਣੇ ਅੰਦਰ ਲੈ ਤੁਰਦਾ ਹੈ। ਇਸੇ ਕਰਕੇ ਪੰਜਾਬੀ ਸਭਿਆਚਾਰ, ਇਸਦੀ ਭਾਸ਼ਾ, ਜੀਵਨ ਜਾਚ, ਅਰਥਚਾਰੇ ਅਤੇ ਰਾਜਨੀਤਕ ਪਰਵਚਨਾਂ ਵਿਚ ਵੰਨ-ਸੁਵੰਨਤਾ ਅਤੇ ਗਤੀਸ਼ੀਲਤਾ ਵਧ ਰਹੀ ਹੈ। ਇਹ ਦਰਿਆ ਕੇਵਲ ਧਰਤੀ ਉਪਰ ਹੀ ਨਹੀਂ, ਇਤਿਹਾਸ ਵਿਚ ਵੀ ਵਗਦਾ ਹੈ। ਭਵਿਖ ਦੇ ਸੁਪਨੇ ਪਾਲਦਾ ਹੈ। ਮਿਹਰਗੜ੍ਹ ਅਤੇ ਸਿੰਧ ਘਾਟੀ ਦੀਆਂ ਪਰੰਪਰਾਵਾਂ ਤੋਂ ਲੈ ਕੇ ਹਰੇ ਇਨਕਲਾਬ, ਉਸ ਤੋਂ ਬਾਅਦ ਵਾਲੇ ‘ਉਡਤਾ ਪੰਜਾਬ’ ਅਤੇ ਨਵੇਂ ਸੁਪਨਿਆਂ ਤੱਕ ਦੀਆਂ ਤਮਾਮ ਤਬਦੀਲੀਆਂ ਇਸ ਵਿਚ ਬਰਾਬਰ ਸ਼ਾਮਲ ਹਨ। ਕਿਉਂਕਿ ਪੰਜਾਬ ਕੋਈ ਆਈਸੋਲੇਟਿਡ ਸਿਸਟਮ ਨਹੀਂ, ਇਸ ਲਈ ਇਸਦਾ ਆਪਣੇ ਇਤਿਹਾਸਕ, ਭੂਗੋਲਿਕ, ਆਰਥਕ-ਰਾਜਨੀਤਕ, ਸਮਾਜ-ਸਭਿਆਚਾਰਕ, ਬਾਇਓਫਿਜ਼ੀਕਲ ਅਤੇ ਟੈਕਨੋਕਮਰਸ਼ੀਅਲ ਵਾਤਾਵਰਣ ਨਾਲ ਸੰਵਾਦ ਵੀ ਇਸਦੀ ਦਸ਼ਾ ਅਤੇ ਦਿਸ਼ਾ ਨੂੰ ਨਿਰਧਾਰਿਤ ਕਰਨ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ।
ਜਾਤਾਂ, ਜਮਾਤਾਂ, ਧਰਮਾਂ, ਬੋਲੀਆਂ, ਅਰਥਚਾਰਿਆਂ, ਤਕਨੀਕੀ/ ਕੁਦਰਤੀ ਵਾਤਾਵਰਣਾਂ, ਸਿਆਸੀ ਪ੍ਰਬੰਧਾਂ, ਕਦਰਾਂ ਕੀਮਤਾਂ ਅਤੇ ਇਲਾਕਿਆਂ, ਆਦਿ ਅਨੇਕ ਅੰਤਰਾਂ ਉਪਰ ਟਿਕੇ ਪੰਜਾਬ ਨੂੰ ਕਿਸੇ ਸਾਂਝੇ ਇਤਿਹਾਸ ਦੀ ਥਾਂ ਸ਼ਕਤੀ, ਅਰਥਾਂ ਅਤੇ ਮੁਲ ਉਤਪਾਦਨ ਦੀਆਂ ਅੰਤਰ-ਸਬੰਧਤ ਤਾਰੀਖਾਂ ਦੇ ਰੂਪ ਵਿਚ ਦੇਖਣਾ ਉਚਿਤ ਹੋਵੇਗਾ। ਕਿਉਂਕਿ ਪੰਜਾਬ ਨੂੰ ਹੁਣ ਭਾਰਤੀ ਅਤੇ ਪਾਕਿਸਤਾਨੀ ਪੰਜਾਬਾਂ ਤੋਂ ਪਾਰ ਜਾ ਕੇ ਦੇਖਣਾ ਜ਼ਰੂਰੀ ਹੋ ਗਿਆ ਹੈ, ਇਸ ਲਈ ਇਹ ਦੁਨੀਆ ਦੇ ਕਿਸੇ ਵੀ ਪਿੰਡ, ਸ਼ਹਿਰ ਅਤੇ ਮੁਲਕ ਦੇ ਪੰਜਾਬੀ ਪਰਿਵਾਰ, ਭਾਈਚਾਰੇ, ਗੁਰਦੁਆਰੇ, ਮੰਦਿਰ, ਮਸਜਿਦ, ਗਿਰਜੇ, ਕਲੱਬ, ਪਾਰਕ, ਚੌਕ, ਮਿਲਣੀ, ਨਾਵਲ, ਕਹਾਣੀ, ਕਵਿਤਾ, ਫਿਲਮ, ਮੁਲਾਕਾਤ ਅਤੇ ਡਿਜੀਟਲ ਪ੍ਰੋਗਰਾਮ ਜਾਂ ਸੋਸ਼ਲ ਮੀਡੀਆ ਆਦਿ ਵਿਚ ਕਿਤੇ ਵੀ ਹੋ ਸਕਦਾ ਹੈ। ਇਸਦੀ ਪਛਾਣ ਅਤੇ ਸ਼ਕਤੀ ਨੂੰ ਨਿਰਧਾਰਿਤ ਕਰਨਾ ਜਟਿਲ ਮਸਲਾ ਬਣ ਗਿਆ ਹੈ। ਕਿਸੇ ਪੂਰਵ-ਨਿਸ਼ਚਿਤ ਪਰੰਪਰਾ, ਧਰਤੀ, ਜਾਂ ਸੰਗਠਿਤ ਇਤਿਹਾਸ ਦਾ ਨਾਮ ਨਾ ਰਹਿ ਕੇ, ਜੀਵੰਤ ਅਤੇ ਗਤੀਸ਼ੀਲ ਰਿਸ਼ਤਿਆਂ ਦੁਆਰਾ ਸਿਰਜੀ ਜਾ ਰਹੀ ਸਮਾਜ-ਸਭਿਆਚਾਰਕ ਟੈਕਸਟ ਬਣ ਗਿਆ ਹੈ। ਵੰਨ-ਸੁਵੰਨੇ ਭੂਗੋਲਾਂ ਅਤੇ ਤਾਰੀਖਾਂ ਦੇ ਸੰਵਾਦ/ਸੰਘਰਸ਼ ਵਿਚੋਂ ਵਿਗਸ ਰਿਹਾ ਗਤੀਸ਼ੀਲ ਪਰਵਚਨ।
ਸੁਰਜੀਤ ਪਾਤਰ ਦੇ ਕਹਿਣ ਮੁਤਾਬਕ ਪੰਜ ਦਰਿਆ ਨਹੀਂ, ਪੰਜ ਚਿਹਨਕ ਸੰਸਾਰ ਪੰਜਾਬ ਦੀ ਸਿਰਜਣਾ ਕਰਦੇ ਹਨ। ਪਹਿਲਾ ਹੈ, ਭਾਰਤੀ ਪੰਜਾਬ ਦਾ ਚਿਹਨ ਸੰਸਾਰ। ਦੂਸਰਾ ਪਾਕਿਸਤਾਨੀ ਪੰਜਾਬ ਦਾ ਚਿਹਨ ਸੰਸਾਰ। ਤੀਸਰਾ ਉਨ੍ਹਾਂ ਲੋਕਾਂ ਦਾ ਚਿਹਨ ਸੰਸਾਰ ਹੈ ਜੋ ਰਿਜ਼ਕ ਦੇ ਪਿਛੇ-ਪਿਛੇ ਦੂਸਰੇ ਸੂਬਿਆਂ ਤੋਂ ਪਰਵਾਸ ਕਰਕੇ ਪੰਜਾਬ ਵਿਚ ਆ ਵਸੇ ਹਨ। ਚੌਥੇ ਚਿਹਨ ਸੰਸਾਰ ਵਿਚ ਉਨ੍ਹਾਂ ਲੋਕਾਂ ਦੇ ਪਰਵਚਨ ਸ਼ਾਮਲ ਹਨ ਜੋ ਪੰਜਾਬ ਵਿਚੋਂ ਪਰਵਾਸ ਕਰਕੇ ਦੂਸਰੇ ਮੁਲਕਾਂ ਵਿਚ ਜਾ ਵਸੇ ਹਨ। ਤੇ ਪੰਜਵਾਂ ਹੈ ਵਰਚੂਅਲ ਪੰਜਾਬ।
ਭੂਗੋਲਿਕ ਅਨਿਸ਼ਚਤਤਾ
ਡਾ. ਜਗਤਾਰ ਸਿੰਘ ਗਰੇਵਾਲ ਦੇ ਮੱਤ ਅਨੁਸਾਰ ਪੰਜਾਬ ਪੰਜ ਦਰਿਆਵਾਂ ਦੀ ਨਹੀਂ, ਪੰਜ ਦੋਆਬਿਆਂ ਦੀ ਧਰਤੀ ਹੈ। ਇਹ ਦੋਆਬੇ ਹਨ: ਸਿੰਧ ਸਾਗਰ ਦੋਆਬ, ਛੱਜ ਦੁਆਬ, ਰਚਨਾ ਦੋਆਬ, ਬਾਰੀ ਦੋਆਬ ਅਤੇ ਬਿਸਤ ਦੋਆਬ। ਪਰ ਇਸ ਪਰਿਭਾਸ਼ਾ ਦੇ ਮੰਨਣ ਨਾਲ ਸਿੰਧ ਅਤੇ ਸਤਲੁਜ ਦੇ ਬਾਹਰਲੇ ਇਲਾਕੇ ਪੰਜਾਬੋਂ ਬਾਹਰ ਰਹਿ ਜਾਂਦੇ ਹਨ; ਕਿਉਂਕਿ ਭੂਗੋਲਿਕ ਦ੍ਰਿਸ਼ਟੀ ਤੋਂ ਪੂਰਬ ਵਿਚ ਗੰਗਾ ਜਮੁਨਾ ਦੋਆਬ, ਉਤਰ ਵਿਚ ਹਿਮਾਲਿਆ ਪਰਬਤ, ਪੱਛਮ ਵਿਚ ਸਿੰਧ ਅਤੇ ਦੱਖਣ ਵਿਚ ਰਾਜਪੂਤਾਨੇ ਦੇ ਰੇਗਿਸਤਾਨ ਨਾਲ ਘਿਰਿਆ ਇਲਾਕਾ ਪੰਜਾਬ ਹੈ, ਜਿਸਦੀ ਆਪਣੀ ਨਿਵੇਕਲੀ ਪਹਿਚਾਣ ਹੈ।
ਪੰਜਾਬ, ਜਾਂ ਕਿਸੇ ਵੀ ਇਲਾਕੇ ਨੂੰ ਕੁਦਰਤੀ ਸਰਹੱਦਾਂ ਰਾਹੀਂ ਹੋਂਦ ਵਿਚ ਆਉਣ ਵਾਲੇ ਭੂਗੋਲਿਕ ਖਿੱਤੇ ਦੇ ਰੂਪ ਵਿਚ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਕਿਸੇ ਇਲਾਕੇ ਨੂੰ ਪਰਿਭਾਸ਼ਿਤ ਕਰਨ ਲਈ ਜਿਥੇ ਭੂਗੋਲਿਕ ਤੱਤ ਆਪਣਾ ਮਹੱਤਵ ਰੱਖਦੇ ਹਨ, ਉਥੇ ਸਭਿਆਚਾਰਕ (ਸਮਾਜਕ, ਆਰਥਕ, ਰਾਜਨੀਤਕ ਅਤੇ ਇਤਿਹਾਸਕ) ਤੱਤਾਂ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ।
ਕਿਸੇ ਸਭਿਆਚਾਰ ਦੇ ਨਿਰਮਾਣ ਵਿਚ ਜਿਥੇ ਉਸ ਇਲਾਕੇ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਮਹੱਤਵ ਹੁੰਦਾ ਹੈ, ਓਥੇ ਇਸਦੇ ਉਲਟ ਉਸ ਇਲਾਕੇ ਦਾ ਸਭਿਆਚਾਰ ਵੀ ਉਥੋਂ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਨੂੰ ਨਿਰਧਾਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਦਾਹਰਣ ਦੇ ਤੌਰ `ਤੇ ਉਨੀਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਅੱਧ ਤੱਕ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛ ਗਿਆ। ਇਸ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਵੀ ਉਪਰ ਆ ਗਿਆ। ਨਤੀਜੇ ਵਜੋਂ 1990 ਤੱਕ ਰਾਜ ਵਿਚ ਟਿਊਬਵੈਲਾਂ ਦੀ ਗਿਣਤੀ ਨੌਂ ਲੱਖ ਤੱਕ ਪਹੁੰਚ ਗਈ। ਗੱਲ ਕੀ, ਇਸ ਸਭਿਆਚਾਰਕ ਉਪਰਾਲੇ ਨੇ ਪੰਜਾਬ ਦੀਆਂ ਮਾਰੂ ਜ਼ਮੀਨਾਂ ਨੂੰ ਦੇਸ਼ ਦੇ ਸਭ ਤੋਂ ਉਪਜਾਊ ਇਲਾਕੇ ਵਿਚ ਤਬਦੀਲ ਕਰ ਦਿੱਤਾ। ਰੇਤਲੇ ਟਿੱਬੇ ਪੱਧਰੇ ਹੋ ਕੇ ਝੋਨੇ ਦੇ ਖੇਤਾਂ ਵਿਚ ਤਬਦੀਲ ਹੋ ਗਏ। ਇਸ ਸਭਿਆਚਾਰਕ ਪ੍ਰਾਜੈਕਟ ਨੇ ਪੰਜਾਬ ਦੇ ਭੂਮੀ ਉਪਯੋਗ ਅਤੇ ਭੂਗੋਲ ਨੂੰ ਪੂਰੀ ਤਰ੍ਹਾਂ ਤਬਦੀਲ ਕਰਕੇ ਰੱਖ ਦਿੱਤਾ।
ਜਿਉਂ ਜਿਉਂ ਕਿਸੇ ਇਲਾਕੇ ਦਾ ਸਭਿਆਚਾਰ ਵਿਕਸਤ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਉਸ ਇਲਾਕੇ ਵਿਚ ਭੂਗੋਲ ਦਾ ਮਹੱਤਵ ਘਟਦਾ ਜਾਂਦਾ ਹੈ। ਸਮਾਜ-ਸਭਿਆਚਾਰਕ ਅਤੇ ਆਰਥਕ-ਰਾਜਨੀਤਕ ਪ੍ਰਕਿਰਿਆਵਾਂ ਦਾ ਰੋਲ ਵਧਦਾ ਜਾਂਦਾ ਹੈ। ਇਸ ਲਈ ਇਹੋ ਕਹਿਣਾ ਵਧੇਰੇ ਉਚਿਤ ਹੋਵੇਗਾ ਕਿ ਪੰਜਾਬ ਕਿਸੇ ਨਿਸ਼ਚਿਤ ਭੂਗੋਲਿਕ ਚੌਖਟੇ ਦਾ ਨਾਮ ਨਹੀਂ, ਸਗੋਂ ਸਮਾਜਕ, ਸਭਿਆਚਾਰਕ, ਆਰਥਕ, ਰਾਜਨੀਤਕ ਅਤੇ ਭੂਗੋਲਿਕ ਰਿਸ਼ਤਿਆਂ ਦੇ ਅਸਥਿਰ, ਅਸਥਾਈ, ਅਨਿਸ਼ਚਿਤ ਅਤੇ ਗਤੀਸ਼ੀਲ ਨੈਟਵਰਕ ਦਾ ਨਾਮ ਹੈ।
ਵਿਸਤਾਰ: ਪੰਜਾਬ ਦੀ ਕਹਾਣੀ ਮਨੁਖੀ ਸਭਿਅਤਾ ਦੀਆਂ ਸਭ ਤੋਂ ਪੁਰਾਣੀਆਂ ਕਹਾਣੀਆਂ ਵਿਚੋਂ ਇਕ ਹੈ। ਇਹ ਕਹਾਣੀ ਅੱਜ ਤੋਂ 8500 ਸਾਲ ਪਹਿਲਾਂ ਸਿੰਧ ਦਰਿਆ ਦੇ ਪੱਛਮ ਵੱਲ ਮਿਹਰਗੜ੍ਹ ਨਾਮ ਦੇ ਪਿੰਡ ਤੋਂ ਸ਼ੁਰੂ ਹੁੰਦੀ ਹੈ। ਮਿਹਰਗੜ੍ਹ ਉਨ੍ਹਾਂ ਚਾਰ-ਪੰਜ ਸਥਾਨਾਂ ਵਿਚੋਂ ਇਕ ਹੈ ਜਿਥੋਂ ਉਤਰ-ਪੱਥਰ ਕਾਲ ਦੀ ਸਭਿਅਤਾ ਦਾ ਆਰੰਭ ਹੁੰਦਾ ਹੈ। ਮਨੁਖ ਖੇਤੀ ਕਰਨੀ, ਪਸ਼ੂ ਪਾਲਣੇ ਅਤੇ ਮਿੱਟੀ ਦੇ ਬਰਤਨ ਬਣਾਉਣੇ ਸਿਖਦਾ ਹੈ।
ਇਕ ਅਰਸੇ ਬਾਅਦ, ਪ੍ਰਾਚੀਨ ਕਾਲ ਵਿਚ ਹੀ ਇਹ ਸਭਿਅਤਾ ਪੱਛਮ ਅਤੇ ਦੱਖਣ ਵੱਲ ਸਿੰਧ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿਚ ਫੈਲ ਗਈ। ਰਿਗ ਵੇਦ ਦੇ ਜ਼ਮਾਨੇ ਵਿਚ ਇਸਨੂੰ ਸਪਤ ਸਿੰਧੂ ਭਾਵ ਸਿੰਧ ਦੇ ਸੱਤ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸਿੰਧ, ਜੇਹਲਮ, ਝਨਾਂ, ਰਾਵੀ, ਸਤਲੁਜ, ਬਿਆਸ ਅਤੇ ਸਰਸਵਤੀ ਦਰਿਆਵਾਂ ਦੁਆਰਾ ਸਿੰਜੇ ਜਾਣ ਵਾਲੇ ਇਲਾਕੇ ਇਸ ਵਿਚ ਸ਼ਾਮਲ ਸਨ। ਏਥੇ ਹੀ ਸਿੰਧ ਘਾਟੀ ਦੀ ਸਭਿਅਤਾ ਦਾ ਪਹੁਫੁਟਾਲਾ ਹੋਇਆ। ਏਥੇ ਹੀ ਰਿਗ ਵੇਦ ਦੀ ਰਚਨਾ ਹੋਈ। ਮਹਾਂਭਾਰਤ ਦੇ ਜ਼ਮਾਨੇ ਵਿਚ ਸਤਦਰੂ (ਸਤਲੁਜ), ਵਿਪਾਸਾ (ਬਿਆਸ), ਅਇਰਾਵਤੀ (ਰਾਵੀ), ਚੰਦਰ ਭਾਗ (ਝਨਾਂ) ਅਤੇ ਵਿਤਸਤਾ (ਜਿਹਲਮ) ਦੁਆਰਾ ਸਿੰਧੂ (ਸਿੰਧ) ਸਮੇਤ ਸਿੰਜੀ ਜਾਣ ਵਾਲੀ ਧਰਤੀ ਨੂੰ ‘ਪੰਚ-ਨਦ’ ਦਾ ਨਾਮ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਉਸ ਸਮੇਂ ਤੱਕ ਸਰਸਵਤੀ ਸੁੱਕ ਚੁੱਕੀ ਸੀ। ਸਤਲੁਜ-ਬਿਆਸ ਦੇ ਮਿਲਾਪ ਤੋਂ ਬਾਅਦ ਵਾਲਾ ਇਲਾਕਾ ਸ਼ਾਮਲ ਹੋਣ ਕਾਰਨ ਇਸ ਨੂੰ ਪੰਚ-ਨਦ ਆਖਿਆ ਗਿਆ। ਇਸ ਤਰ੍ਹਾਂ ਪੰਚ-ਨਦ ਵਿਚ ਸਿੰਧ ਸਾਗਰ ਦੋਆਬ, ਛੱਜ ਦੋਆਬ, ਬਾਰੀ ਦੋਆਬ ਅਤੇ ਮਾਲਵਾ ਭਾਵ ਪੰਜ ਦੋਆਬੇ ਸ਼ਾਮਲ ਸਨ। ਇਸੇ ਕਰਕੇ ਕਈ ਲੋਕ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਆਖਦੇ ਹਨ ਅਤੇ ਕਈ ਹੋਰ ਪੰਜ ਦੋਆਬਿਆਂ ਦੀ।
ਈਸਾ ਪੂਰਵ ਚੌਥੀ ਸਦੀ ਵਿਚ ਪੰਜਾਬ ਦੇ ਮਹਾਂ ਵਿਦਵਾਨ ਪਾਣਿਨੀ ਦੇ ਗ੍ਰੰਥ ਵਿਚ ਪੰਜਾਬ ਨੂੰ ਵਾਹੀਕ ਕਿਹਾ ਗਿਆ ਹੈ। ਸੱਤਵੀਂ ਸਦੀ ਵਿਚ ਹਿਊਂਨਸਾਂਗ ਨੇ ਸਿੰਧ ਦਰਿਆ ਤੋਂ ਲੈ ਕੇ ਬਿਆਸ ਦਰਿਆ ਤੱਕ ਅਤੇ ਪਹਾੜਾਂ ਦੇ ਪੈਰਾਂ ਤੋਂ ਲੈ ਕੇ ਮੁਲਤਾਨ ਦੇ ਹੇਠਾਂ ਪੰਜਾਂ ਦਰਿਆਵਾਂ ਦੇ ਸੰਗਮ ਤੱਕ ਦੇ ਸਾਰੇ ਇਲਾਕੇ ਨੂੰ ਟੱਕ ਆਖਿਆ ਹੈ।
ਪਰਾਚੀਨ ਕਾਲ ਤੋਂ ਲੈ ਕੇ ਅਠਾਰਵੀਂ ਸਦੀ ਤੱਕ ਇਨ੍ਹਾਂ ਦਰਿਆਵਾਂ ਦਾ ਜੁਗਰਾਫੀਆ ਲਗਾਤਾਰ ਤਬਦੀਲ ਹੁੰਦਾ ਰਿਹਾ ਹੈ। ਦਰਿਆਵਾਂ ਦੇ ਵਹਿਣ ਵਿਚ ਤਬਦੀਲੀ ਕਾਰਨ ਸ਼ਹਿਰ ਵੀ ਉਜੜਦੇ ਅਤੇ ਵਸਦੇ ਰਹੇ।
ਮੁਗ਼ਲ ਕਾਲ ਵਿਚ ਪੰਜਾਬ ਨੂੰ ਇਸਦੀ ਰਾਜਧਾਨੀ ਲਹੌਰ ਦੇ ਨਾਮ `ਤੇ ‘ਸੂਬਾ ਲਹੌਰ’ ਵਜੋਂ ਹੀ ਜਾਣਿਆ ਜਾਂਦਾ ਸੀ। ਮੁਗ਼ਲ ਕਾਲ ਦੌਰਾਨ ਹੀ ਇਸ ਨੂੰ ਪੰਜਾਬ ਵੀ ਕਿਹਾ ਜਾਣ ਲੱਗ ਪਿਆ ਸੀ। ਅਕਬਰਨਾਮਾ ਵਿਚ ਪੰਜਾਬ ਦਾ ਕਈ ਵਾਰ ਜ਼ਿਕਰ ਆਉਂਦਾ ਹੈ। ਪਰ ਤੁਰਕ-ਇ-ਬਾਬਰੀ ਵਿਚ ਪੰਜਾਬ ਦਾ ਨਾਮ ਕਿਧਰੇ ਵੀ ਨਹੀਂ ਆਉਂਦਾ। ਇਸ ਲਈ ਹੋ ਸਕਦਾ ਹੈ ਕਿ ਪੰਜਾਬ ਨਾਮ ਅਕਬਰ ਦੇ ਜ਼ਮਾਨੇ ਵਿਚ ਹੀ ਪ੍ਰਚੱਲਤ ਹੋਇਆ ਹੋਵੇ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਕ ਪਾਸੇ ਤਾਂ ਲਹੌਲ ਸਪਿਤੀ, ਕਸ਼ਮੀਰ ਅਤੇ ਪਿਸ਼ਾਵਰ ਪੰਜਾਬ ਵਿਚ ਸ਼ਾਮਲ ਸਨ, ਪਰ ਦੂਸਰੇ ਪਾਸੇ ਪੂਰਬ ਵਿਚ ਇਸਦੀ ਸਰਹੱਦ ਸਤਲੁਜ ਦਰਿਆ ਤੱਕ ਹੀ ਸੀਮਤ ਸੀ। ਸਿੱਖ ਰਾਜ ਦੇ ਅੰਤ ਨਾਲ 1849 ਵਿਚ ਪੰਜਾਬ ਅੰਗਰੇਜ਼ੀ ਰਾਜ ਦਾ ਇਕ ਸੂਬਾ ਬਣ ਗਿਆ। ਕਸ਼ਮੀਰ ਨੂੰ ਇਸ ਤੋਂ ਅਲਹਿਦਾ ਕਰ ਦਿੱਤਾ ਗਿਆ। ਫੇਰ 1857 ਦੇ ਗਦਰ ਉਪ੍ਰੰਤ ਦਿੱਲੀ ਅਤੇ ਇਸਦੇ ਲਾਗਲੇ ਇਲਾਕੇ ਪੰਜਾਬ ਵਿਚ ਸ਼ਾਮਲ ਕਰ ਦਿੱਤੇ ਗਏ। ਉਸ ਸਮੇਂ ਪੰਜਾਬ 12 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਸੀ। ਅੱਜ ਨਾਲੋਂ 24 ਗੁਣਾ ਵੱਡਾ।
ਤਕਸੀਮ: 1901 ਵਿਚ ਪਿਸ਼ਾਵਰ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਨੂੰ ਉਤਰ-ਪੱਛਮੀ ਫਰੰਟੀਅਰ ਪਰੋਵਿੰਸ ਵਿਚ ਸੰਗਠਿਤ ਕਰਕੇ ਪਿਸ਼ਾਵਰ ਨੂੰ ਇਸਦੀ ਰਾਜਧਾਨੀ ਬਣਾ ਦਿੱਤਾ ਗਿਆ। ਦਿੱਲੀ ਅਤੇ ਇਸਦੇ ਲਾਗਲੇ ਇਲਾਕਿਆਂ ਨੂੰ 1911 ਵਿਚ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ। ਅੰਗਰੇਜ਼ੀ ਰਾਜ ਦੇ ਖਾਤਮੇ ਤੇ 1947 ਵਿਚ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਅਣਵੰਡੇ ਪੰਜਾਬ ਦੇ 29 ਜ਼ਿਲਿ੍ਹਆਂ ਵਿਚੋਂ 16 ਪਾਕਿਸਤਾਨ ਵਿਚ ਚਲੇ ਗਏ ਅਤੇ 13 ਭਾਰਤ ਵਿਚ ਰਹਿ ਗਏ। ਪੰਜਾਬ ਦਾ 66 ਪ੍ਰਤੀਸ਼ਤ ਰਕਬਾ ਪੱਛਮੀ ਪੰਜਾਬ ਭਾਵ ਪਾਕਿਸਤਾਨ ਵਿਚ ਚਲਾ ਗਿਆ। ਪਟਿਆਲਾ, ਨਾਭਾ, ਕਪੂਰਥਲਾ, ਜੀਂਦ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਦੀਆਂ ਰਿਆਸਤਾਂ ਨੂੰ ਮਿਲਾ ਕੇ 1948 ਵਿਚ ਪੈਪਸੂ ਬਣਾ ਦਿੱਤਾ ਗਿਆ। ਨਵੰਬਰ 1956 ਵਿਚ ਪੈਪਸੂ ਭਾਰਤੀ ਪੰਜਾਬ ਵਿਚ ਸ਼ਾਮਲ ਹੋ ਗਿਆ। ਪਹਿਲੀ ਨਵੰਬਰ 1966 ਨੂੰ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਕਰਕੇ ਅਤੇ ਦੱਖਣੀ ਜ਼ਿਲਿ੍ਹਆਂ ਦਾ ਇਕ ਵੱਖਰਾ ਰਾਜ ਹਰਿਆਣਾ ਸਥਾਪਤ ਕਰਕੇ ਪੰਜਾਬ ਨੂੰ ਪੰਜਾਬੀ ਬੋਲੀ ਵਾਲਾ ਇਕ ਭਾਸ਼ੀ ਸੂਬਾ ਬਣਾ ਦਿੱਤਾ ਗਿਆ। ਇਸ ਤਰ੍ਹਾਂ ਭਾਰਤੀ ਪੰਜਾਬ 12 ਲੱਖ ਵਰਗ ਕਿਲੋਮੀਟਰ ਤੋਂ ਸੁੰਗੜ ਕੇ 50,362 ਵਰਗ ਕਿਲੋਮੀਟਰ ਰਹਿ ਗਿਆ।
ਪੰਜਾਬ ਦੇ 1947 ਦੇ ਬਟਵਾਰੇ/ਪਰਵਾਸ ਨੂੰ ਸਮਝਣ ਲਈ ਪੂਰਬੀ ਪੰਜਾਬ ਦੇ 1966 ਦੇ ਬਟਵਾਰੇ ਅਤੇ ’84 ਦੇ ਘੱਲੂਘਾਰੇ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿਉਂਕਿ ਇਨ੍ਹਾਂ ਤਿੰਨਾ ਅੰਦਰ ਇੱਕ ਸਾਂਝਾ ਡਿਜ਼ਾਈਨ ਕੰਮ ਕਰ ਰਿਹਾ ਹੈ। ਇਹ ਡਿਜ਼ਾਈਨ ਸਾਨੂੰ ਇਸ ਸੁਆਲ ਦੇ ਸਨਮੁਖ ਲਿਆ ਖੜ੍ਹਾ ਕਰਦਾ ਹੈ ਕਿ 1947 ਵਿਚ ਪੰਜਾਬ ਦਾ ਬਟਵਾਰਾ/ਪਰਵਾਸ ਕਿਉਂ ਅਤੇ ਕਿਵੇਂ ਹੋਇਆ? ਸਾਡੀ ਇਹੋ ਸੋਚ ਬਣੀ ਹੋਈ ਹੈ ਕਿ ਆਲ ਇੰਡੀਆ ਮੁਸਲਿਮ ਲੀਗ ਆਪਣੀ ਪਾਕਿਸਤਾਨ ਦੀ ਮੰਗ `ਤੇ ਅੜੀ ਹੋਈ ਸੀ, ਇਸ ਲਈ ਪੰਜਾਬ ਦਾ ਬਟਵਾਰਾ ਹੋ ਗਿਆ। ਡਾ. ਫੌਜਾ ਸਿੰਘ ਦੇ ਕਥਨ ਮੁਤਾਬਕ ਇਹ ਹਿੰਦੁਸਤਾਨ ਦੀ ਤਕਸੀਮ ਦਾ ਤਰਕ ਤਾਂ ਹੋ ਸਕਦਾ ਹੈ, ਪਰ ਪੰਜਾਬ ਦੀ ਤਕਸੀਮ ਦਾ ਬਿਲਕੁਲ ਨਹੀਂ। ਉਹ ਆਰੀਆ ਸਮਾਜ ਅਤੇ ਸਿੰਘ ਸਭਾ ਵਰਗੀਆਂ ਫਿਰਕੂ ਲਹਿਰਾਂ ਦੁਆਰਾ ਪੈਦਾ ਕੀਤੇ ਗਏ, ਪੰਜਾਬ ਦੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੇ ਰਾਜਸੀ ਟਕਰਾਅ ਨੂੰ ਹੀ ਪੰਜਾਬ ਦੀ ਤਕਸੀਮ ਦਾ ਮੂਲ ਆਧਾਰ ਮੰਨਦੇ ਹਨ। ਪਰ ਇਹ ਰਾਜਸੀ ਹਿੱਤ ਜਾਗੇ ਕਿਵੇਂ?
ਪੰਜਾਬ ਦੀ ਸਿਆਸੀ ਨਿਰਮਾਣਕਾਰੀ ਦੇ ਬਿਰਤਾਂਤ ਨੂੰ ਸਮਝਣ ਲਈ ਜਿਨ੍ਹਾਂ ਦੋ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਉਹ ਹਨ ਉਨੀਵੀਂ ਸਦੀ ਦੇ ਅੰਤਲੇ ਅਤੇ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਉਠੀਆਂ ਆਰੀਆ ਸਮਾਜ ਅਤੇ ਸਿੰਘ ਸਭਾ ਵਰਗੀਆਂ ਪੁਨਰ-ਜਾਗ੍ਰਿਤੀ ਦੀਆਂ ਫਿਰਕੂ ਲਹਿਰਾਂ ਅਤੇ ਜਮਹੂਰੀ ਚੇਤਨਾ ਦਾ ਉਦਭਵ। ਇਸ ਤੋਂ ਵੀ ਵੱਧ ਜ਼ਰੂਰੀ ਹੈ, ਇਨ੍ਹਾਂ ਦੇ ਆਪਸੀ ਰਿਸ਼ਤੇ ਨੂੰ ਇਨਵੈਸਟੀਗੇਟ ਕਰਨਾ।
ਸਲਾੲਵੇਕ ਜ਼ੀਜ਼ੇਕ ਸੱਚ ਆਖਦੇ ਹਨ ਕਿ ਫਿਰਕੂ ਚੇਤਨਾ ਅਤੇ ਜਮਹੂਰੀ ਚੇਤਨਾ ਨੂੰ ਅਲੱਗ-ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਵਿਚਾਰਧਾਰਕ ਯੁੱਧ ਅੰਦਰ ਵਿਰੋਧੀ ਸ਼ਕਤੀਆਂ ਦੇ ਰੂਪ ਵਿਚ ਦਿਖਾਈ ਦੇਣ ਵਾਲੀਆਂ ਇਹ ਧਿਰਾਂ ਹਕੀਕਤ ਵਿਚ ਇੱਕੋ ਆਧੁਨਿਕਤਾਵਾਦੀ ਜਮਹੂਰੀ ਲਹਿਰ ਦਾ ਭਾਗ ਸਨ। ਜ਼ੀਜ਼ੇਕ ਦੇ ਸ਼ਬਦਾਂ ਵਿਚ ਕੌਮੀ ਨਿਰਮਾਣ ਜਮਹੂਰੀਅਤ ਦੀ ਪਹਿਲੀ ਸ਼ਰਤ ਹੈ ਤੇ ਕੌਮਾਂ ਨੂੰ ਹੁਣ, ਐਂਡਰਸਨ (1983) ਦੀ ਧਾਰਨਾ ਮੁਤਾਬਕ, ਕਲਪਿਤ ਭਾਈਚਾਰੇ (ਇਮੈਜਿਨਡ ਕਮਿਊਨਟੀ) ਦੇ ਰੂਪ ਵਿਚ ਹੀ ਦੇਖਿਆ ਜਾਂਦਾ ਹੈ।
ਇਸ ਤਰ੍ਹਾਂ, ਜ਼ੀਜ਼ੇਕ ਨੂੰ ਪੜ੍ਹਦਿਆਂ, ਇਹ ਗੱਲ ਸੌਖਿਆਂ ਹੀ ਸਮਝ ਆ ਜਾਂਦੀ ਹੈ ਕਿ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਆਪਣੇ ਆਪ ਨੂੰ ਤਿੰਨ ਕੌਮਾਂ ਦੇ ਰੂਪ ਵਿਚ ਕਲਪਿਤ ਕਰਕੇ, ਆਪਣੇ ਲਈ ਸਾਵਰਨ ਸਟੇਟ (ਨੇਸ਼ਨ ਸਟੇਟ) ਦੀ ਸਥਾਪਨਾ ਹਿਤ ਕਿਵੇਂ ਸੰਘਰਸ਼ ਕੀਤਾ ਹੋਵੇਗਾ। ਦੋ ਕੌਮਾਂ ਦੇ ਸਿਧਾਂਤ `ਤੇ ਮੁਸਲਮਾਨਾਂ ਅਤੇ ਹਿੰਦੂਆਂ-ਸਿੱਖਾਂ ਲਈ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਰੂਪ ਵਿਚ ਦੋ ਕੌਮੀ ਰਾਜਾਂ ਦੀ ਸਥਾਪਨਾ ਇਸੇ ਸੰਘਰਸ਼ ਦਾ ਨਤੀਜਾ ਸੀ। ਹਿੰਦੂ ਬਹੁ-ਗਿਣਤੀ ਵਾਲੇ ਭਾਰਤ ਵਿਚ ਹਿੰਦੂਆਂ ਨੂੰ ਵੱਖਰੀ ਸਟੇਟ ਮੰਗਣ ਦੀ ਲੋੜ ਨਹੀਂ ਸੀ, ਇਸ ਲਈ ਵੱਖਰੀ ਸਟੇਟ ਦੀ ਮੰਗ ਮੁਸਲਮਾਨਾਂ ਵੱਲੋਂ ਆਈ।
ਜਦੋਂ ਸਿੱਖਾਂ ਨੂੰ ਸਮਝ ਪਈ ਕਿ ਉਹ ਤਾਂ ਕਿਧਰੇ ਵੀ ਬਹੁ-ਗਿਣਤੀ ਵਿਚ ਨਹੀਂ ਹਨ, ਤਾਂ ਉਨ੍ਹਾਂ ਨੇ ਪੰਜਾਬ ਦੇ ਬਟਵਾਰੇ ਅਤੇ ਜਨਸੰਖਿਆ ਦੇ ਤਬਾਦਲੇ ਰਾਹੀਂ ਪੂਰਬੀ ਪੰਜਾਬ ਵਿਚ ਸਿੱਖ ਬਹੁਗਿਣਤੀ ਵਾਲੇ ਇੱਕ ਅਜਿਹੇ ਖਿੱਤੇ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ, ਜਿਥੇ ਉਹ ਆਪਣੇ ਲਈ ਇੱਕ ਸਾਵਰਨ ਸਟੇਟ ਦਾ ਨਿਰਮਾਣ ਕਰ ਸਕਦੇ ਸਨ। ਸਿੱਖ ਭਾਈਚਾਰੇ ਦੀ ਇਸ ਕਲਪਨਾ ਵਿਚੋਂ ਕੇਵਲ ’47 ਦਾ ਬਟਵਾਰਾ/ਪਰਵਾਸ ਹੀ ਨਹੀਂ ਹੋਇਆ। ਸੰਨ 1966 ਵਿਚ ਹਰਿਆਣੇ ਅਤੇ ਹਿਮਾਚਲ ਨੂੰ ਪੰਜਾਬ ਤੋਂ ਅਲੱਗ ਕਰਨ ਪਿੱਛੇ ਵੀ ਇਹੋ ਭਾਵਨਾ ਕੰਮ ਕਰ ਰਹੀ ਸੀ। ’84 ਦੀਆਂ ਘਟਨਾਵਾਂ ਨੂੰ ਵੀ ਇਸੇ ਪਰਿਪੇਖ ਵਿਚ ਰੱਖ ਕੇ ਸਮਝਣ ਦੀ ਲੋੜ ਹੈ।
ਜਿਵੇਂ ਪੰਜਾਬ ਵਿਚੋਂ ਦੂਸਰੇ ਸੂਬਿਆਂ ਜਾਂ ਮੁਲਕਾਂ ਵਿਚ ਪਰਵਾਸ ਕਰਕੇ ਗਏ ਪੰਜਾਬੀਆਂ ਨੇ ਉਨ੍ਹਾਂ ਸੂਬਿਆਂ/ਮੁਲਕਾਂ ਦੇ ਭਾਈਚਾਰਿਆਂ ਨੂੰ ਬਹੁ-ਸਭਿਆਚਾਰਕ ਭਾਈਚਾਰਿਆਂ ਵਿਚ ਰੂਪਾਂਤ੍ਰਿਤ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਉਵੇਂ ਪੰਜਾਬ ਦੇ ਭਾਈਚਾਰੇ ਵੀ ਹੁਣ ਸ਼ੁਧ ਜਾਂ ਨਿਰੋਲ ਪੰਜਾਬੀ ਭਾਈਚਾਰੇ ਨਹੀਂ ਰਹੇ। ਯੂਪੀ, ਰਾਜਸਥਾਨ, ਬਿਹਾਰ, ਆਦਿ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ/ਕਾਮਿਆਂ/ਵਿਉਪਾਰੀਆਂ/ਅਫਸਰਾਂ ਨੇ ਪੰਜਾਬੀ ਭਾਈਚਾਰੇ ਨੂੰ ਬਹੁ-ਸਭਿਆਚਾਰਕ ਭਾਈਚਾਰੇ ਵਿਚ ਰੂਪਾਂਤ੍ਰਿਤ ਕਰ ਦਿੱਤਾ ਹੈ।