ਨਵਾਂ ‘ਟਰੰਪ ਕਾਰਡ’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਦਾਅਵਾ ਕਰਕੇ ਕਿ ਜੰਗ ਰੋਕਣ ਲਈ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਤੇ ਪ੍ਰਮੁੱਖ ਮੁੱਦਿਆਂ ‘ਤੇ ਲਗਪਗ ਸਹਿਮਤੀ ਬਣ ਗਈ ਹੈ, ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਕਿਹਾ ਕਿ ਸਮਝੌਤੇ ਦੀ ਸੰਭਾਵਨਾ ਹੈ। ਇਸੇ ਕਾਰਨ ਈਰਾਨ ਦੇ ਊਰਜਾ ਕੇਂਦਰਾਂ ‘ਤੇ ਤਜਵੀਜ਼ਸ਼ੁਦਾ ਹਮਲੇ ਅਗਲੇ ਪੰਜ ਦਿਨਾਂ ਲਈ ਟਾਲ਼ ਦਿੱਤੇ ਗਏ ਹਨ। ਈਰਾਨ ਨੇ ਟਰੰਪ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਚੱਲ ਰਹੀ। ਟਰੰਪ ਦੇ ਐਲਾਨ ਤੋਂ ਬਾਅਦ ਵਿਸ਼ਵ ਵਿੱਤੀ ਬਾਜ਼ਾਰਾਂ ‘ਚ ਵੱਡੀ ਰਾਹਤ ਦਿਸੀ। ਕੱਚੇ ਤੇਲ ਦੀ ਕੀਮਤ 10.5 ਫ਼ੀਸਦੀ ਡਿੱਗ ਕੇ 100.37 ਡਾਲਰ ਪ੍ਰਤੀ ਬੈਰਲ ‘ਤੇ ਆ ਗਈ, ਜਦਕਿ ਇਹ ਲਗਪਗ 120 ਡਾਲਰ ਤੱਕ ਪਹੁੰਚ ਗਈ ਸੀ। ਇਸ ਪੂਰੇ ਮਾਮਲੇ ‘ਤੇ ਨਾ ਤਾਂ ਵ੍ਹਾਈਟ ਹਾਊਸ ਤੇ ਨਾ ਹੀ ਇਜ਼ਰਾਈਲ ਵਲੋਂ ਕੋਈ ਪ੍ਰਤੀਕਿਰਿਆ ਦਿੱਤੀ ਗਈ। ‘ਨਿਊਯਾਰਕ ਟਾਈਮਜ਼’ ਮੁਤਾਬਕ, ਈਰਾਨ ਦੀ ਅਧਿਕਾਰਤ ਫਾਰਸ ਨਿਊਜ਼ ਏਜੰਸੀ ਨੇ ਅਮਰੀਕੀ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਨਾ ਸਿੱਧੀ ਤੇ ਨਾ ਹੀ ਅਸਿੱਧੀ ਕੋਈ ਗੱਲਬਾਤ ਚੱਲ ਰਹੀ ਹੈ। ਸਰਕਾਰੀ ਟੀ.ਵੀ. ਨੇ ਇਸ ਨੂੰ ਈਰਾਨ ਦੀ ਚਿਤਾਵਨੀ ਦੇ ਬਾਅਦ ਅਮਰੀਕੀ ਰੁਖ਼ ‘ਚ ਨਰਮੀ ਦੱਸਿਆ। ਈਰਾਨ ਦੇ ਸੰਸਦ ਸਪੀਕਰ ਰੰਪ ਨੇ ਅਮਰੀਕਾ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਮੁਹੰਮਦ ਬਾਘੇਰ ਕਾਲੀਬਾਫ ਨੇ ਐਕਸ ‘ਤੇ ਲਿਖਿਆ ਕਿ ‘ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ’। ਉਨ੍ਹਾਂ ਦੀ ਪੋਸਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਈਰਾਨ ਸਮਝੌਤਾ ਕਰਨ ਲਈ ਉਤਸੁਕ ਹੈ ਤੇ ਅਮਰੀਕੀ ਰਾਜਦੂਤ ਇਕ ‘ਸਤਿਕਾਰਯੋਗ’ ਈਰਾਨੀ ਨੇਤਾ ਨਾਲ ਗੱਲ ਕਰ ਰਹੇ ਹਨ।
ਓਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਡਿਏਗੋ ਗਾਰਸੀਆ ‘ਤੇ ਹਾਲ ਹੀ ‘ਚ ਹੋਏ ਮਿਜ਼ਾਈਲ ਹਮਲੇ ਦਰਸਾਉਂਦੇ ਹਨ ਕਿ ਈਰਾਨ ਕੋਲ ਯੂਰਪ ਦੇ ਅੰਦਰ ਤੱਕ ਪਹੁੰਚਣ ਦੀ ਸਮਰੱਥਾ ਹੈ ਅਤੇ ਉਹ ਪੂਰੀ ਦੁਨੀਆ ਲਈ ਖ਼ਤਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤੇ ਅਮਰੀਕਾ ਪੂਰੀ ਦੁਨੀਆ ਲਈ ਲੜ ਰਹੇ ਹਨ।
ਖਬਰ ਇਹ ਵੀ ਹੈ ਕਿ ਈਰਾਨ ਨੇ ਜੰਗ ਨੂੰ ਖਤਮ ਕਰਨ ਲਈ ਛੇ ਸ਼ਰਤਾਂ ਰੱਖੀਆਂ ਹਨ। ਇਹ ਸ਼ਰਤਾਂ ਹਨ-ਹੋਰਮੁਜ਼ ਜਲਡਮਰੂ ਲਈ ਇਕ ਨਵਾਂ ਕਾਨੂੰਨੀ ਢਾਂਚਾ ਸਥਾਪਤ ਕਰਨਾ, ਜੰਗ ਦੇ ਮੁੜ ਵਾਪਰਨ ਨੂੰ ਰੋਕਣ ਦੀ ਗਾਰੰਟੀ ਦੇਣਾ, ਇਸ ਖੇਤਰ ‘ਚ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਬੰਦ ਕਰਨਾ, ਇਸਲਾਮੀ ਗਣਰਾਜ (ਈਰਾਨ) ਨੂੰ ਮੁਆਵਜ਼ੇ ਦੀ ਅਦਾਇਗੀ, ਸਾਰੇ ਖੇਤਰੀ ਮੋਰਚਿਆਂ ‘ਤੇ ਜੰਗਾਂ ਨੂੰ ਸਮਾਪਤ ਕਰਨਾ ਅਤੇ ਉਨ੍ਹਾਂ ਮੀਡੀਆ ਹਸਤੀਆਂ ‘ਤੇ ਮੁਕੱਦਮਾ ਚਲਾਉਣਾ’ ਅਤੇ ਉਨ੍ਹਾਂ ਦੀ ਹਵਾਲਗੀ ਕਰਨਾ, ਜਿਨ੍ਹਾਂ ਨੂੰ ਈਰਾਨ ਵਿਰੋਧੀ ਮੰਨਿਆ ਜਾਂਦਾ ਹੈ। ਹਾਲਾਂਕਿ ਯੁੱਧ ਦੇ ਸ਼ੁਰੂ ਹੁੰਦਿਆਂ ਹੀ ਈਰਾਨ ਦੇ ਪ੍ਰਮੁੱਖ ਆਗੂਆਂ ਅਤੇ ਜਰਨੈਲਾਂ ਸਮੇਤ ਬਹੁਤ ਸਾਰੇ ਅਹੁਦੇਦਾਰਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਫੇਰ ਵੀ ਇਹ ਲੜਾਈ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਈਰਾਨ ਵਲੋਂ ਖਾੜੀ ਦੇਸ਼ਾਂ ਦੇ ਤੇਲ ਭੰਡਾਰਾਂ ਤੇ ਗੈਸ ਭੰਡਾਰਾਂ ਉੱਤੇ ਕੀਤੇ ਮਿਜ਼ਾਈਲ ਹਮਲਿਆਂ ਕਾਰਨ ਉੱਥੋਂ ਬਹੁਤੇ ਦੇਸ਼ਾਂ ਨੇ ਤੇਲ ਤੇ ਗੈਸ ਕੱਢਣਾ ਰੋਕ ਦਿੱਤਾ ਹੈ। ਇਸ ਨਾਲ ਤੇਲ ਤੇ ਗੈਸ ਦੀਆਂ ਕੌਮਾਂਤਰੀ ਕੀਮਤਾਂ ‘ਚ ਹੁਣ 60 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਈਰਾਨ ਦੇ ਤੇਲ ਤੇ ਗੈਸ ਨਾਲ ਭਰਪੂਰ ਇਲਾਕੇ ਸਾਊਥ ਪਾਰਸ ‘ਤੇ ਹਮਲਾ ਕੀਤਾ ਸੀ, ਜਿਸ ਦੇ ਪ੍ਰਤੀਕਰਮ ਵਜੋਂ ਈਰਾਨ ਨੇ ਖਾੜੀ ਦੇਸ਼ਾਂ ਦੇ ਇਨ੍ਹਾਂ ਸਰੋਤਾਂ ‘ਤੇ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਸਨ। ਕਤਰ ਉੱਤੇ ਇਸ ਜੰਗ ਦੇ ਪਏ ਅਸਰ ਨਾਲ ਵੱਡੀ ਚਿੰਤਾ ਪੈਦਾ ਹੋਈ ਹੈ। ਕਤਰ ‘ਚੋਂ ਗੈਸ ਦੀ ਵੱਡੀ ਸਪਲਾਈ ਇਟਲੀ, ਬੈਲਜੀਅਮ, ਦੱਖਣੀ ਕੋਰੀਆ ਤੇ ਚੀਨ ਨੂੰ ਜਾਂਦੀ ਸੀ।
ਇਸ ਸੰਕਟ ਨੂੰ ਦੇਖਦਿਆਂ ਹਰ ਦੇਸ਼ ਨੇ ਆਪੋ-ਆਪਣੀ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਧਮਕੀ ਦਿੱਤੀ ਹੈ ਕਿ ਉਸ ਦੇ ਦੇਸ਼ ਦਾ ਨਿਸ਼ਾਨਾ ਈਰਾਨ ਦੇ ਮਿਜ਼ਾਈਲ ਸਟੇਸ਼ਨਾਂ ਨੂੰ ਤਬਾਹ ਕਰਨ ਦੇ ਨਾਲ-ਨਾਲ ਉਸ ਦੀ ਸਮੁੰਦਰੀ ਫ਼ੌਜ ਦਾ ਨੁਕਸਾਨ ਕਰਨਾ ਤੇ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣਾ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਈਰਾਨ ਵਿਚ 7 ਹਜ਼ਾਰ ਨਿਸ਼ਾਨੇ ਸਾਧੇ ਗਏ ਹਨ। ਉਸ ਦੇ 40 ਜਹਾਜ਼ ਤੇ 11 ਪਣਡੁਬੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਹਨ। ਅਜੇਹੇ ਵਿਚ ਭਾਰਤ ਸਰਕਾਰ ਦੀ ਚਿੰਤਾ ਵੀ ਵਧੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਦੱਸਿਆ ਕਿ ਪੱਛਮੀ ਏਸ਼ੀਆ ਵਿਚ ਪੈਦਾ ਹੋਈ ਸਥਿਤੀ ਦੇ ਸਾਡੇ ‘ਤੇ ਕਈ ਪਹਿਲੂਆਂ ਤੋਂ ਪ੍ਰਭਾਵ ਪੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਯੁੱਧ ਕਾਰਨ ਪੈਦਾ ਹੋਏ ਸੰਕਟ ਨਾਲ ਨਿਪਟਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਸਾਨੂੰ ਕੋਰੋਨਾ ਦੇ ਸਮੇਂ ਵਾਂਗ ਆਪਸੀ ਏਕਤਾ ਨਾਲ ਇਸ ਸੰਕਟ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਟਰੰਪ ਦੇ ਦਾਅਵਿਆਂ, ਨੇਤਨਯਾਹੂ ਦੀਆਂ ਧਮਕੀਆਂ ਅਤੇ ਈਰਾਨ ਦੇ ਹੌਸਲੇ ਨੂੰ ਵੇਖਦਿਆਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਜੰਗ ਕਿੰਨਾ ਚਿਰ ਚੱਲੇਗੀ, ਅਤੇ ਇਹ ਸਮਝਣਾ ਵੀ ਬਹੁਤ ਮੁਸ਼ਕਿਲ ਹੈ ਕਿ ਟਰੰਪ ਦੇ ਦਾਅਵਿਆਂ ਦਾ ਸੱਚ ਕੀ ਹੈ?