ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ ਤਾਜ਼ਾ ਅੰਕ ਵਿਚ ‘ਅਕਾਲ ਤਖ਼ਤ ਦੀ ਸਰਵਉੱਚਤਾ’ ਦੇ ਸੰਬੰਧ ਵਿਚ ਬਲਰਾਜ ਦਿਉਲ ਦੇ ਛਪੇ ਲੇਖ ਬਾਰੇ ਦੋ ਲਫਜ਼ ਸਾਂਝੇ ਕਰ ਰਿਹਾ ਹਾਂ। ਇਸ ਵਿਸ਼ੇ `ਤੇ ਪਿਛਲੇ ਕੁਝ ਵਰਿ੍ਹਆਂ ਦੌਰਾਨ ‘ਪੰਜਾਬ ਟਾਈਮਜ਼’ ਵਿਚ ਪੋ੍ਰ. ਬਲਕਾਰ ਸਿੰਘ, ਅਮਰਜੀਤ ਗਰੇਵਾਲ, ਸ. ਕਰਮਜੀਤ ਸਿੰਘ, ਸਰਦਾਰਾ ਸਿੰਘ ਜੌਹਲ ਅਤੇ ਹਜ਼ਾਰਾ ਸਿੰਘ ਮਿਸੀਸਾਗਾ ਵਰਗੇ ਸੱਜਣਾਂ ਦੇ ਅਫਲਾਤੂਨੀ ਲੇਖ ਪੜ੍ਹਨ ਨੂੰ ਮਿਲਦੇ ਰਹੇ ਹਨ।
ਮੈਂ ਵੇਖਿਆ ਹੈ ਕਿ ਪਾਠਕ ਇਨ੍ਹਾਂ ਵਿਦਵਾਨ ਲੇਖਕਾਂ ਦੀ ਲੱਛੇਦਾਰ ਭਾਸ਼ਾ ਅਤੇ ਗੂੜ੍ਹ ਗਿਆਨ ਤੋਂ ਅਕਸਰ ਭਬੰਤਰਿਆ ਜਿਹਾ ਰਹਿ ਜਾਂਦਾ ਹੈ। ਪਰ ਧਿਆਨ ਨਾਲ ਪੜ੍ਹਨ ਅਤੇ ਸਿੱਖਾਂ ਦੇ ਅਜੋਕੇ ਰਾਜਸੀ ਅਮਲ ਨਾਲ ਜੋੜ ਕੇ ਵੇਖਣ `ਤੇ ਜਲਦੀ ਹੀ ਪਤਾ ਲਗ ਜਾਂਦਾ ਹੈ ਕਿ ਇਹ ਸਾਰੇ ਸੱਜਣ ਪਾਣੀ ਵਿਚ ਮਦਾਣੀ ਤਾਂ ਆਪਣੀ ਧੁਨ ਵਿਚ ਬਥੇਰੀ ਫੇਰੀ ਜਾਂਦੇ ਹਨ, ਪਰ ਵਿਚੋਂ ਸਿੱਟਾ ਕਦੀ ਕੋਈ ਨਿਕਲਦਾ ਨਹੀਂ ਰਿਹਾ। ਇੱਥੇ ਨਾਲ ਹੀ ਮੈਂ ਸਪੱਸ਼ਟ ਕਰ ਦੇਵਾਂ ਇਹ ਸਾਰੇ ਹੀ ਵਿਦਵਾਨ ਮੇਰੇ ਲਈ ਸਤਿਕਾਰਯੋਗ ਹਨ, ਅਤੇ ਇਨ੍ਹਾਂ ਦੀਆਂ ਸ਼ੁਭ ਭਾਵਨਾਵਾਂ ਬਾਰੇ ਵੀ ਮੈਨੂੰ ਕੋਈ ਸ਼ੰਕਾ ਨਹੀਂ ਹੈ। ਪਰ, ਸਵਾਲ ਤਾਂ ਇਹ ਹੈ ਕਿ…।
ਦੇਖਿਆ ਗਿਆ ਹੈ ਕਿ ਪਿਛਲੇ 60-70 ਵਰਿ੍ਹਆਂ ਦੌਰਾਨ ਸਿੱਖਾਂ ਦੀ ਇਸ ਸਰਵਉੱਚ ਸੰਸਥਾ ਦੇ ਸਰਵਉੱਚ ਅਹੁਦੇ ‘ਤੇ ਬੈਠੇ ਜਾਂ ਕਹਿ ਲਉ ਬਿਠਾਏ ਗਏ ਜਥੇਦਾਰ ਹਮੇਸ਼ਾ ਵਿਵਾਦਾਂ ਦੇ ਘੇਰੇ ਵਿਚ ਰਹੇ ਹਨ। ਹੋਰਨਾਂ ਧਰਮਾਂ ਵਿਚ ਵੀ ਉਨ੍ਹਾਂ ਧਰਮਾਂ ਦੇ ਸੁਪਰੀਮੋ ਥਾਪੇ ਜਾਂਦੇ ਹਨ, ਪਰ ਸਾਡੇ ਧਰਮ ਵਰਗਾ ਵਿਵਾਦ ਖਿਲਾਰਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਕਾਰਨ ਸ਼ਾਇਦ ਇਹ ਹੋਵੇ ਕਿ ਅਸੀਂ ਧਰਮ, ਰਾਜਨੀਤੀ ਅਤੇ ਸਮਾਜਕ ਜੀਵਨ ਦਾ ਜੋ ਮਿਲਗੋਭਾ ਸਿਰਜ ਲੈਂਦੇ ਹਾਂ ਉਸ ਵਿਚ ਉਲਝ ਕੇ ਰਹਿ ਜਾਂਦੇ ਹਾਂ। ਦਰਅਸਲ ਗੱਲ ਇਵੇਂ ਹੈ ਕਿ ਦੁਨੀਆ ਹਰ ਪਲ ਬਦਲ ਰਹੀ ਹੈ ਤੇ ਸਾਡੀ ਜੀਵਨ-ਜਾਚ, ਰਾਜਨੀਤਕ ਸਰੋਕਾਰ ਅਤੇ ਸੰਵਿਧਾਨਕ ਕਾਨੂੰਨਾਂ ਦਾ ਦਇਰਾ ਵੀ ਇਸੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ, ਪਰ ਅਫਸੋਸ ਹੁੰਦਾ ਹੈ ਕਿ ਸਾਡੇ ਦਸ ਦੇ ਦਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਐਨ ਉਲਟ ਸਾਡੀ ਤੰਗਨਜ਼ਰ ਸੋਚਣੀ ਅਤੇ ਧਾਰਮਕ ਕੱਟੜਤਾ ਸਾਨੂੰ ਸਦੀਆਂ ਪੁਰਾਣੇ ਦਾਇਰੇ ਵਿਚੋਂ ਇੱਕ ਇੰਚ ਵੀ ਇੱਧਰ-ਉੱਧਰ ਹਿੱਲਣ ਦੀ ਇਜਾਜ਼ਤ ਨਹੀਂ ਦਿੰਦੀ। ਅੱਜ ਹਰ ਦੇਸ਼ ਦੇ ਆਪੋ-ਆਪਣੇ ਨਿਯਮ ਕਾਨੂੰਨ ਹਨ ਅਤੇ ਜਿਨ੍ਹਾਂ ਦੇਸ਼ਾਂ ਦੇ ਲੋਕ ਆਪਣੇ ਦੇਸ਼ ਦੇ ਕਾਨੂੰਨਾਂ ਦਾ ਸਤਿਕਾਰ ਕਰਦੇ ਹੋਏ ਇਮਾਨਦਾਰੀ ਨਾਲ ਪਾਲਣ ਕਰਦੇ ਹਨ ਉਹ ਦੇਸ਼ ਰਹਿਣਯੋਗ ਬਣ ਗਏ ਹਨ ਅਤੇ ਜਿਨ੍ਹਾਂ ਦੇਸ਼ਾਂ ਦੇ ਲੋਕ ਰਵਾਇਤਾਂ ਦੇ ਮੱਕੜਜਾਲ ਵਿਚੋਂ ਨਿਕਲਣ ਵਿਚ ਅਸਮਰੱਥ ਰਹੇ ਹਨ, ਉਨ੍ਹਾਂ ਦੇ ਲੋਕ ਸਫਲ ਦੇਸ਼ਾਂ ਵੱਲ ਉਡਾਰੀਆਂ ਮਾਰਨ ਲਈ ਤਰਲੋਮੱਛੀ ਹੁੰਦੇ ਦੇਖੇ ਜਾ ਸਕਦੇ ਹਨ।
ਹੁਣ ਆਉਂਦੇ ਹਾਂ ਬਲਰਾਜ ਦਿਉਲ ਵਲੋਂ ਉਠਾਏ ਕੁਝ ਕੇਂਦਰੀ ਮੁੱਦੇ ਵਲ। ਸਭ ਤੋਂ ਪਹਿਲਾਂ ਤਾਂ ਬਲਰਾਜ ਦਿਉਲ ਵਧਾਈ ਦਾ ਹੱਕਦਾਰ ਹੈ ਕਿ ਆਪਣੇ ਇਸ ਲੇਖ ਵਿਚ ਉਸਨੇ ਉਕਤ ਸੱਜਣਾਂ ਵਾਲਾ ਕੰਮ ਬਿਲਕੁਲ ਨਹੀਂ ਕੀਤਾ ਅਤੇ ਆਪਣੀ ਵਿਦਵਤਾ ਦੇ ਬਲਬੂਤੇ ਪਹਿਲਾਂ ਹੀ ਭੰਬਤਰੇ ਹੋਏ ਸਿੱਖ ਭਰਾਵਾਂ ਨੂੰ ਹੋਰ ਉਲਝਾਉਣ ਦੀ ਬਜਾਏ ਪਿਛਲੇ ਚੰਦ ਜਥੇਦਾਰਾਂ ਦੀਆਂ ਕੌਤਕੀ ਕਾਰਵਾਈਆਂ ਨੂੰ ਲੈ ਕੇ ਬੜੇ ਸਾਧਾ ਲਫਜ਼ਾਂ ਵਿਚ ਸਪਸ਼ਟ ਗੱਲ ਕੀਤੀ ਹੈ। ਉਸਨੇ ਦਰਸ਼ਨ ਸਿੰਘ ਤੇ ਜਥੇਦਾਰ ਰਣਜੀਤ ਸਿੰਘ ਦੀਆਂ ਸੇਵਾਵਾਂ ਨੂੰ ਖੰਘਾਲਿਆ ਹੈ ਪਰੰਤੂ ਆਪਣੇ ਵਾਂਗੂੰ ਇਸ ਲੇਖ ਵਿਚ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੂੰ ਹੀ ਰਖਿਆ ਹੈ। ਦੇਸ਼ਾਂ-ਪਰਦੇਸਾਂ ਵਿਚ ਸਾਰੇ ਸਿੱਖ ਜਗਤ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਜਥੇਦਾਰ ਨੇ ਚੰਦ ਮਨਚਲੇ ਬੁੱਧੀਜੀਵੀਆਂ, ਰਾਜਨੀਤਕਾਂ ਅਤੇ ਪੱਤਰਕਾਰਾਂ ਦੇ ਧੱਕੇ-ਧਕਾਏ ਮੱਧਕਾਲੀ ਸਿੱਖ ਇਤਿਹਾਸ ਦੇ ਨਾਇਕ ਅਕਾਲੀ ਫੂਲਾ ਸਿੰਘ ਵਾਲਾ ਕੌਤਕ ਦੁਹਰਾਉਣ ਦੇ ਜੋਸ਼ ਵਿਚ ਕਿਸ ਕਿਸਮ ਦਾ ਖਿਲਾਰਾ ਪਾਈ ਰਖਿਆ ਸੀ। ਬਲਰਾਜ ਦਿਉਲ ਨੇ ਆਪਣੇ ਤਾਜ਼ਾ ਲੇਖ ਵਿਚ ਇਸ ਵਿਦਵਾਨ ਜਥੇਦਾਰ ਦੀ ਆਪਣੀ ਜਥੇਦਾਰੀ ਦੌਰਾਨ ਮੌਲਾਨੇ ਨਾਲ ਹੋਈ ਵਿਚਾਰ ਗੋਸ਼ਟੀ ਦੀ ਪੁਣ-ਛਾਣ ਕੀਤੀ ਹੈ। ਬਲਰਾਜ ਨੇ ਚੰਦ ਖਰਵੇ ਪਰੰਤੂ ਬੜੇ ਢੁਕਵੇਂ ਸਵਾਲ ਉਠਾਏ ਹਨ।
ਦਿਉਲ ਦੇ ਦੱਸਣ ਅਨੁਸਾਰ ਮੁਲਾਣੇ ਨਾਲ ਮੁਲਾਕਾਤ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਉਸਦੀਆਂ ਦਲੀਲਾਂ ਤੋਂ ਇੰਨਾ ਪ੍ਰਭਾਵਤ ਹੁੰਦਾ ਹੈ ਕਿ ਚੰਦ ਪਲਾਂ ਵਿਚ ਹੀ ਆਪਣੇ ਆਸਨ ਤੋਂ ਉਠ ਕੇ ਉਸਦੇ ਚਰਨਾਂ ਵਿਚ ਜਾ ਬਹਿੰਦਾ ਹੈ।
ਜਥੇਦਾਰ ਉਨ੍ਹਾਂ ਨੂੰ ਦੱਸਦਾ ਹੈ ਕਿ ਸਾਡੇ ਬਾਬਾ ਨਾਨਕ ਵੀ ਮੱਕੇ ਗਏ ਸਨ। ਕੀ ਬਾਬਾ ਨਾਨਕ ਮੱਕਾ ਤੀਰਥ ਕਰਨ ਗਏ ਸੀ ਜਾਂ ਤੀਰਥਾਂ ‘ਤੇ ਹੁੰਦੇ ਅੰਧ-ਵਿਸ਼ਵਾਸਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਇਸ ਹਿਸਾਬ ਨਾਲ ਤਾਂ ਹਰਿਦੁਆਰ/ਕਾਸ਼ੀ ਵੀ ਬਾਬਾ ਨਾਨਕ ਤੀਰਥ ਕਰਨ ਗਏ ਸੀ ਤੇ ਹਰਿਦੁਆਰ? ਕਾਸ਼ੀ ਰਿਟਰਨ ਸੰਤਾਂ ਦਾ ਵੀ ਉਨਾ ਹੀ ਆਦਰ-ਮਾਣ ਹੋਣਾ ਚਾਹੀਦੈ। ਜਥੇਦਾਰ ਦੀ ਬੌਧਿਕ ਕੰਗਾਲੀ ਦੇਖ ਅਫਸੋਸ ਹੀ ਕੀਤਾ ਜਾ ਸਕਦੈ ਹੋਰ ਕੁਝ ਨਹੀਂ। ਇਸਲਾਮ ਦੇ ਕਸੀਦੇ ਪੜ੍ਹਨ ਵਾਲੇ ਜਥੇਦਾਰ ਨੇ ਸ਼ਾਇਦ ਇਸ ਵਿਚਲੀਆਂ ਖਾਮੀਆਂ ਬਾਰੇ ਕੁਝ ਜਾਨਣ ਦਾ ਯਤਨ ਹੀ ਨਹੀਂ ਕੀਤਾ ਹੋਣਾ। ਇਸਲਾਮੀ ਗ੍ਰੰਥਾਂ ਬਾਰੇ ਪੜਚੋਲਵੇਂ ਜਾਵੀਏ ਤੋਂ ਲਿਖਣ ਵਾਲੇ ਜਨਾਬ ਇਬਨੇ ਵਰਕ, ( Ibn warraq) ਸਲਮਾਨ ਰਸ਼ਦੀ, ਇਬਨੇ ਸੀਨਾ, ਤਸਲੀਮਾ ਨਸਰੀਨ ਵਰਗੇ ਵਿਦਵਾਨਾਂ ਨੂੰ ਆਪਣੀਆਂ ਜਾਨਾਂ ਦੇ ਲਾਲੇ ਪਏ ਰਹੇ ਹਨ। ਬੰਗਲਾਦੇਸ਼ੀ ਲੇਖਿਕਾ ਦੇਸ਼ ਛੱਡ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਧ ਮਾਨਵੀ ਅਧਿਕਾਰਾਂ ਦੇ ਰਾਖੇ ਦੇਸ਼ ਸਵੀਡਨ ਨੇ ਸਨਮਾਨਤ ਕੀਤਾ ਹੈ। ਸਵੀਡਨ ਦੇ ਇੱਕ ਹੇਡੇਨਿਯੂਸ ਨਾਮੀ ਦਰਸ਼ਨ ਸ਼ਾਸਤਰ ਦੇ ਪ੍ਰੋਫੈਸਰ ਨੇ ਕ੍ਰਿਸ਼ਚੀਅਨ ਧਰਮ ਵਿਚ ਮੌਜੂਦ ਅੰਧਵਿਸ਼ਵਾਸਾਂ ਦਾ ਵਿਰੋਧ ਕਰਦਿਆਂ ਜੋ ਸੰਘਰਸ਼ ਕੀਤਾ ਸੀ, ਉਸੇ ਦੇ ਨਾਂਅ ਇਹ ਸਨਮਾਨ ਇਸ ਦੇਸ਼ ਨੇ ਰੱਖਿਆ ਹੈ। ਸਾਡੇ ਦੇਸ਼ ਵਿਚ ਧਰਮ ਵਿਚ ਵਿਆਪਤ ਕੁਰੀਤੀਆਂ ਦਾ ਵਿਰੋਧ ਕਰਨ ਵਾਲਿਆਂ ਦਾ ਕਤਲ ਕਰ ਸੋਧਾ ਲਾਇਆ ਜਾਂਦਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦੇ ਸਤਿਕਾਰਤ ਧਰਮ ਇਸਲਾਮ ਵਿਚ ਵੀ ਐਸੇ ਵਿਅਕਤੀਆਂ ਦਾ ਸਿਰ ਕਲਮ ਕਰ ਸਨਮਾਨ ਕੀਤਾ ਜਾਂਦਾ ਹੈ।
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਾਂ ਦੇ ਮੋਢੀ ਗੋਰੇ ਇਤਿਹਾਸਕਾਰ ਕਨਿੰਘਮ ਦਾ ਇਹ ਕਥਨ ਕਿਤੇ ਢੁਕਵਾਂ ਹੀ ਤਾਂ ਨ੍ਹੀਂ ਸੀ ‘ਸ਼ੇਰਾਂ ਦੀ ਕੌਮ ਗਧਿਆਂ ਦੇ ਵੱਸ ਪਈ ਹੋਈ ਹੈ’ (ਸਿਖਸ ਇਜ਼ ਏ ਰੇਸ ਆਫ ਲਾਇਨਜ਼ ਲੈਡ ਬਾਈ ਐਸਿਜ਼) ਇਸੇ ਤਰ੍ਹਾਂ ਸ. ਕਪੂਰ ਸਿੰਘ ਨੇ ਗਿਆਨੀ ਗਿਆਨ ਸਿੰਘ ਦੇ ਹਵਾਲੇ ਨਾਲ ਕੀ ਇਹ ਸੱਚ ਹੀ ਨਹੀਂ ਕਿਹਾ ਸੀ-
ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਬੈਰੀ
ਧੰਨ ਗੁਰੂ ਸਮਰੱਥ ਵਸ ਜਿੰਨ ਕੀਹਨੇ ਜਹਿਰੀ
ਧੰਨ ਗੁਰੂ ਕੇ ਸਿੱਖ ਬੁਧਿ ਕੇ ਨਿਕਟ ਨਾ ਆਏ ਹੈਂ
ਧੰਨ ਗੁਰੂ ਸਮਰੱਥ ਬੈਠ ਇਨਹੂੰ ਸਮਝਾਏ ਹੈਂ।
ਦਿਉਲ ਤੋਂ ਪਹਿਲਾਂ ਪੋ੍ਰ. ਬਲਕਾਰ ਸਿੰਘ ਦਾ ‘ਸਰਬੱਤ ਖਾਲਸਾ ਦਾ ਸਿੱਖ ਪ੍ਰਸੰਗ’ ਅਤੇ ਅਮਰਜੀਤ ਗਰੇਵਾਲ ਦਾ ‘ਸਰਬੱਤ ਖਾਲਸਾ, ਸਿੱਖ ਭਾਈਚਾਰਾ ਅਤੇ ਬ੍ਰਹਿਮਡੀ ਚੇਤਨਾ’ ਪੂਰੇ ਗਹੁ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਵੱਡੇ ਵਿਦਵਾਨਾਂ ਨੇ ਬੜੀਆਂ ਗੂੜ੍ਹ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਪਰ ਅਕਾਲ ਤਖਤ ਦੇ ਸਮੇਂ-ਸਮੇਂ `ਤੇ ਗੱਦੀਨਸ਼ੀਨ ਹੁੰਦੇ ਰਹੇ ਜਥੇਦਾਰਾਂ ਅਤੇ ਉਨ੍ਹਾਂ ਨੂੰ ਇਨ੍ਹਾਂ ਅਹੁਦਿਆਂ `ਤੇ ਸੁਸ਼ੋਭਿਤ ਕਰਾਉਣ ਵਾਲੇ ਸਿੱਖ ਪੰਥ ਦੇ ਚੌਧਰੀਆਂ ਦੇ ਮਨਸੂਬਿਆਂ ਦਾ ਕੀ ਉਨ੍ਹਾਂ ਨੂੰ ਪਤਾ ਨਹੀਂ ਹੈ? ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਪਤਾ ਤਾਂ ਹੈ ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਉਸ ਪਾਸੇ ਵਲ ਅੱਖਾਂ ਮੀਟੀਆਂ ਹੋਈਆਂ ਹਨ। ਹੁਣ ਅਮਰਜੀਤ ਗਰੇਵਾਲ ਦੇ ਲੇਖ ਵਿਚੋਂ ਚੰਦ ਟੂਕਾਂ ਉਸਦੇ ਆਪਣੇ ਸ਼ਬਦਾਂ ਵਿਚ ਜ਼ਰਾ ਪੜ੍ਹ ਕੇ ਦੇਖੋ:
‘ਸਰਬੱਤ ਖਾਲਸਾ ਅਤੀਤ ਦੀ ਯਾਦਗਾਰ ਨਹੀਂ ਸਗੋਂ ਭਵਿਖ ਦੀ ਲੋੜ ਹੈ। ਇਹ ਅਕਾਲ ਪੁਰਖ ਦੀ ਫੌਜ ਦਾ ਉਹ ਰੂਪ ਹੈ, ਜੋ ਹਿੰਸਾ ਉਪਰ ਟਿਕੇ ਮੌਜੂਦਾ ਸੰਸਾਰ ਨੂੰ ‘ਨਿਰਭਉ’ ਅਤੇ ‘ਨਿਰਵੈਰ’ ਹੋਣ ਦੀ ਸੋਝੀ ਪ੍ਰਦਾਨ ਕਰੇਗਾ। ਪੰਥ ਦੀ ਜ਼ਿੰਮੇਵਾਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਆਪਣੀਆਂ ਸੰਸਥਾਵਾਂ ਨੂੰ ਮੁੜ ਸੁਰਜੀਤ ਕਰੇ ਤਾਂ ਜੋ ਉਹ ਸਮੁੱਚੀ ਮਾਨਵਤਾ ਤੇ ਕੁਦਰਤ ਦੇ ਸੁਮੇਲ ਵਾਲੇ ਭਵਿਖ ਦਾ ਰਾਹ ਰੁਸ਼ਨਾ ਸਕੇ…’
ਇਸ ਬਾਰੇ ਮੈਂ ਇੰਨਾ ਹੀ ਕਹਿਣਾ ਹੈ ਕਿ ਇਹ ਤਾਂ ਧਰਤੀ ‘ਤੇ ਸਵਰਗ ਉਤਾਰਨ ਵਾਲਾ ਪੁਰਾਣਾ ਸੁਪਨਾ ਹੀ ਹੈ। ਕਿਹੜਾ ਨਹੀਂ ਚਾਹੇਗਾ ਕਿ ਕਿਸੇ ਨਾ ਕਿਸੇ ਦਿਨ ਧਰਤੀ `ਤੇ ਸਵਰਗ ਦਾ ਰਾਜ ਕਾਇਮ ਹੋ ਜਾਏ। ਮਹਾਤਮਾ ਗਾਂਧੀ ਵੀ ਆਜ਼ਾਦ ਭਾਰਤ ਵਿਚ ਰਾਮਰਾਜ ਲਿਆਉਣ ਦੀ ਗੱਲ ਕਰਦਾ ਰਿਹਾ ਸੀ। ਭਾਰਤ ਵਿਚ ਅੱਜ ਜਿਸ ਕਿਸਮ ਦਾ ਰਾਮਰਾਜ ਆਇਆ ਹੈ, ਉਹ ਸਭ ਦੇ ਸਾਹਮਣੇ ਹੈ।
ਇਹ ਵਿਦਵਾਨ ਛਾਤੀ `ਤੇ ਹੱਥ ਰਖ ਕੇ ਕਹਿ ਸਕਦੇ ਹਨ ਕਿ ਨਿਕਟ ਭਵਿੱਖ ਵਿਚ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਨੂੰ ਵਿੰਹਦਿਆਂ ਕੀ ਅਮਰਜੀਤ ਗਰੇਵਾਲ ਦੇ ਸੁਪਨਿਆਂ ਨੂੰ ਬੂਰ ਪੈ ਜਾਵੇਗਾ।
-ਹਰਜੀਤ ਦਿਉਲ
ਫੋਨ: 905-676-9242
