ਪ੍ਰਿੰ. ਸਰਵਣ ਸਿੰਘ
ਫੋਨ: 647-785-1661
‘ਉਡਣ ਪਰੀ’ ਕਹੀ ਜਾਂਦੀ ਦੌੜਾਕ ਪੀਟੀ ਊਸ਼ਾ ਦਾ ਪੂਰਾ ਨਾਂ ਪਿਲਾਵੁਕੰਦੀ ਟੇਕੇਪਰੰਬਿਲ ਊਸ਼ਾ ਹੈ। ਉਸ ਨੇ ਏਸ਼ਿਆਈ ਖੇਡਾਂ `ਚੋਂ 4 ਗੋਲਡ ਤੇ 7 ਸਿਲਵਰ ਮੈਡਲ ਜਿੱਤੇ ਹਨ। ਏਸ਼ੀਅਨ ਟ੍ਰੈਕ ਐਂਡ ਫੀਲਡ ਪੱਧਰ ਦੇ ਦੋ ਦਰਜਨ ਤੋਂ ਵੱਧ ਤਗ਼ਮੇ ਜਿੱਤ ਕੇ ਆਪਣੇ ਪ੍ਰਾਂਤ ਕੇਰਲਾ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਉਹ ਦੋ ਦਹਾਕੇ ਭਾਰਤ ਦੀ ਸਰਬੋਤਮ ਮਹਿਲਾ ਅਥਲੀਟ ਮੰਨੀ ਜਾਂਦੀ ਰਹੀ। ਉਸ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਅਥਲੈਟਿਕਸ ਮੀਟਾਂ ਵਿਚੋਂ 100 ਤੋਂ ਵੱਧ ਮੈਡਲ ਜਿੱਤੇ ਹਨ। ਉਸ ਨੂੰ ਇੰਡੀਅਨ ਟ੍ਰੈਕ ਐਂਡ ਫੀਲਡ ਦੀ ਰਾਣੀ ਕਿਹਾ ਜਾਂਦਾ ਹੈ। ਹੁਣ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਤੇ ਰਾਜ ਸਭਾ ਦੀ ਮਾਣਯੋਗ ਮੈਂਬਰ ਹੈ।
1984 ਵਿਚ ਉਸ ਨੇ 400 ਮੀਟਰ ਹਰਡਲਜ਼ ਦੌੜ 55.42 ਸੈਕੰਡ ‘ਚ ਦੌੜੀ ਸੀ ਜੋ ਅਜੇ ਤਕ ਭਾਰਤ ਦਾ ਨੈਸ਼ਨਲ ਰਿਕਾਰਡ ਹੈ। 1985 ਦੀ ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿਚੋਂ 5 ਗੋਲਡ ਤੇ 1 ਬ੍ਰੌਂਜ਼ ਮੈਡਲ ਜਿੱਤਣ ਦਾ ਰਿਕਾਰਡ ਵੀ ਉਹਦੇ ਨਾਂ ਤੁਰਿਆ ਆਉਂਦਾ ਹੈ। ਸਿਓਲ-1986 ਦੀਆਂ ਏਸ਼ਿਆਈ ਖੇਡਾਂ ‘ਚੋਂ ਉਸ ਨੇ 200, 400, 400 ਮੀਟਰ ਹਰਡਲਜ਼ ਤੇ 4+400 ਮੀਟਰ ਰਿਲੇਅ ਦੌੜਾਂ ਦੇ 4 ਸੋਨ ਤਗ਼ਮੇ ਜਿੱਤੇ ਸਨ। ਸਿਓਲ-1988 ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੂੰ ਅੱਡੀ ਦੀ ਚੋਟ ਲੈ ਬੈਠੀ ਸੀ। 1989 ‘ਚ ਉਹ ਠੀਕ ਹੋਈ ਤਾਂ ਦਿੱਲੀ ਦੀ ਏਸ਼ੀਅਨ ਟ੍ਰੈਕ ਐਂਡ ਫੀਲਡ ਮੀਟ ਵਿਚ ਫਿਰ 4 ਗੋਲਡ ਤੇ 2 ਸਿਲਵਰ ਮੈਡਲ ਜਿੱਤੀ। ਬੀਜਿੰਗ-1990 ਦੀਆਂ ਏਸ਼ਿਆਈ ਖੇਡਾਂ ‘ਚ ਨਾ ਚਾਹੁੰਦਿਆਂ ਵੀ ਉਸ ਨੇ ਭਾਗ ਲਿਆ ਤੇ 3 ਸਿਲਵਰ ਮੈਡਲ ਜਿੱਤੇ। 1991 ਵਿਚ ਉਸ ਦਾ ਵਿਆਹ ਹੋ ਗਿਆ। ਮਾਂ ਬਣ ਕੇ 34 ਸਾਲਾਂ ਦੀ ਉਮਰੇ ਉਸ ਨੇ ਫਿਰ ਏਸ਼ੀਅਨ ਟ੍ਰੈਕ ਐਂਡ ਫੀਲਡ ਮੀਟ ‘ਚ ਭਾਗ ਲਿਆ ਅਤੇ 200 ਤੇ 400 ਮੀਟਰ ਦੌੜਾਂ ‘ਚੋਂ ਕਾਂਸੀ ਦੇ ਤਗ਼ਮੇ ਜਿੱਤਦਿਆਂ 200 ਮੀਟਰ ਦੌੜ ਦਾ ਕੌਮੀ ਰਿਕਾਰਡ ਨਵਿਆ ਦਿੱਤਾ। ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਉਸ ਨੂੰ ਵੀਹਵੀਂ ਸਦੀ ਦੀ ਅਥਲੀਟ ਵਜੋਂ ਵਡਿਆਇਆ।
ਉਸ ਦਾ ਜਨਮ ਕੇਰਲਾ ਦੇ ਜ਼ਿਲ੍ਹੇ ਕੋਜ਼ੀਕੋਡੇ ਵਿਚ ਪਰਾਂਬਰਾ ਨੇੜੇ ਕੁਠਾਲੀ ਵਿਖੇ ਪਿਤਾ ਈ.ਪੀ.ਐੱਮ. ਪੈਥਲ ਦੇ ਘਰ ਮਾਤਾ ਟੀ.ਵੀ.ਲਖਸ਼ਮੀ ਦੀ ਕੁੱਖੋਂ 27 ਜੂਨ 1964 ਨੂੰ ਹੋਇਆ। ਉਹ ਨੇੜਲੇ ਕਸਬੇ ਪਿਯੋਲੀ ਵਿਚ ਪਲਦਿਆਂ ਵੱਡੀ ਹੋਈ। ਬਚਪਨ ਵਿਚ ਉਹ ਦੁਬਲੀ-ਪਤਲੀ ਲੜਕੀ ਸੀ ਜੋ ਅਕਸਰ ਬਿਮਾਰ ਹੋ ਜਾਂਦੀ ਪਰ ਖੇਡਾਂ ‘ਚ ਭਾਗ ਲੈਣੋਂ ਨਾ ਟਲਦੀ। ਪ੍ਰਾਇਮਰੀ ਸਕੂਲ ‘ਚ ਪੜ੍ਹਦਿਆਂ ਹੀ ਉਹ ਖੇਡ ਮੁਕਾਬਲਿਆਂ ਵਿਚ ਸ਼ਾਮਲ ਹੋਣ ਲੱਗ ਪਈ ਸੀ। ਉਦੋਂ ਕੇਰਲਾ ਦਾ ਕੌਮੀ ਖੇਡ ਮੁਕਾਬਲਿਆਂ ‘ਚ ਹੁਣ ਵਰਗਾ ਸਥਾਨ ਨਹੀਂ ਸੀ। ਖੇਡ ਖੇਤਰ ਵਿਚ ਉਹ ਭਾਰਤ ਦੇ ਬਹੁਤੇ ਸੂਬਿਆਂ ਤੋਂ ਪਿੱਛੇ ਸੀ।
ਊਸ਼ਾ ਦੇ ਜਨਮ ਸਮੇਂ ਉਹਦੇ ਮਾਪੇ ਗਰੀਬ ਗੁਜ਼ਾਰਾ ਕਰਦੇ ਸਨ ਜੋ ਆਪਣੀ ਧੀ ਨੂੰ ਬਚਪਨ ਦੀਆਂ ਮੁਢਲੀਆਂ ਖੇਡ ਸਹੂਲਤਾਂ ਦੇਣ ਜੋਗੇ ਵੀ ਨਹੀਂ ਸਨ। ਪਰ ਪੀਟੀ ਊਸ਼ਾ ਦੇ ਚੰਗੇ ਭਾਗ ਕਿ ਸਕੂਲਾਂ ਦੇ ਖਿਡਾਰੀਆਂ ਨੂੰ ਕੋਜ਼ੀਕੋਡੇ ਵਿਖੇ ਸਪੋਰਟਸ ਸਕੂਲ ਵਿਚ ਖੇਡਾਂ ਦੀ ਕੋਚਿੰਗ ਮਿਲਣੀ ਸ਼ੁਰੂ ਹੋ ਗਈ। ਊਸ਼ਾ ਨੇ ਜੂਨੀਅਰ ਕਲਾਸਾਂ ‘ਚ ਪੜ੍ਹਦਿਆਂ ਹੀ ਚੰਗੀ ਹੋਣਹਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ ਤੇ ਅਥਲੈਟਿਕਸ ਕੋਚ ਓ.ਪੀ. ਨੰਬਿਆਰ ਦੀ ਨਜ਼ਰੇ ਚੜ੍ਹ ਗਈ। 1979 ‘ਚ ਉਸ ਨੇ ਪਹਿਲੀ ਵਾਰ ਸਕੂਲਾਂ ਦੀਆਂ ਨੈਸ਼ਨਲ ਖੇਡਾਂ ‘ਚ ਭਾਗ ਲਿਆ ਤੇ ਪਹਿਲੀ ਪੁਜ਼ੀਸ਼ਨ ਹਾਸਲ ਕਰ ਗਈ। ਫਿਰ ਉਹ ਆਪਣੀ ਮਿਹਨਤ ਤੇ ਕੋਚਾਂ ਦੀ ਕੋਚਿੰਗ ਸਦਕਾ ਦੋ ਦਹਾਕੇ ਨੈਸ਼ਨਲ ਤੇ ਇੰਟਰਨੈਸ਼ਨਲ ਅਥਲੈਟਿਕਸ ਮੀਟਾਂ ਵਿਚ ਛਾਈ ਰਹੀ।
ਜਦੋਂ ਪੀਟੀ ਊਸ਼ਾ ਦਾ ਜਨਮ ਹੋਇਆ ਉਸ ਤੋਂ ਛੇ ਕੁ ਮਹੀਨੇ ਪਹਿਲਾਂ ਮੈਨੂੰ ਕੇਰਲਾ ਜਾਣ ਦਾ ਮੌਕਾ ਮਿਲਿਆ ਸੀ। ਉਹ ਮੇਰੀ ਪਹਿਲੀ ਕੇਰਲਾ ਫੇਰੀ ਸੀ ਤੇ ਮੈਂ ਪਹਿਲੀ ਵਾਰ ਕੰਨਿਆ ਕੁਮਾਰੀ ਵਿਖੇ ਸਮੁੰਦਰ ‘ਚੋਂ ਚੜ੍ਹਦੇ ਸੂਰਜ ਦਾ ਜਲਵਾ ਵੇਖਿਆ ਸੀ। ਗੇੜ ਅਜਿਹਾ ਬਣਿਆ ਸੀ ਕਿ 1963 ਦੇ ਆਖ਼ਰੀ ਹਫ਼ਤੇ ਟ੍ਰੀਵੈਂਡਰਮ ਵਿਖੇ ਆਲ ਇੰਡੀਆ ਇੰਟਰਵਰਸਿਟੀ ਅਥਲੈਟਿਕਸ ਮੀਟ ਹੋਈ ਸੀ। ਮੈਂ ਦਿੱਲੀ ਯੂਨੀਵਰਸਿਟੀ ਵੱਲੋਂ ਉਥੇ ਗੋਲਾ ਸੁੱਟਣ ਦੇ ਈਵੈਂਟ ‘ਚ ਭਾਗ ਲੈਣ ਗਿਆ ਸਾਂ। ਮਦਰਾਸ ਤੋਂ ਟ੍ਰੀਵੈਂਡਰਮ ਤਕ ਰੇਲ ਗੱਡੀ ‘ਚ ਸਫ਼ਰ ਕਰਦਿਆਂ ਉਦੋਂ ਪਹਿਲੀ ਵਾਰ ਉਥੋਂ ਦੇ ਖੇਤ, ਨਾਰੀਅਲ ਦੇ ਉੱਚੇ ਰੁੱਖ ਤੇ ਵਿਰਲੇ-ਵਿਰਲੇ ਘਰ ਵੇਖੇ ਸਨ। ਟ੍ਰੀਵੈਂਡਰਮ ਜਾਣ ਦੇ ਬਹਾਨੇ ਦੱਖਣੀ ਭਾਰਤ ਦਾ ਕਾਫੀ ਸਾਰਾ ਇਲਾਕਾ ਵੇਖਿਆ ਗਿਆ ਸੀ। ਉਦੋਂ ਸ਼ਹਿਰਾਂ ਦੇ ਨਾਂ ਹੋਰ ਸਨ। ਪਿੱਛੋਂ ਕਲਕੱਤਾ, ਬੰਗਲੌਰ, ਬੰਬਈ, ਮਦਰਾਸ ਤੇ ਟ੍ਰੀਵੈਂਡਰਮ ਆਦਿ ਕਈ ਸ਼ਹਿਰਾਂ ਦੇ ਨਾਂ ਹੀ ਬਦਲ ਗਏ ਹਨ!
1976 ਵਿਚ ਜਦੋਂ ਪੀਟੀ ਊਸ਼ਾ ਬਾਰਾਂ ਕੁ ਸਾਲਾਂ ਦੀ ਸੀ ਤਾਂ ਕੇਰਲਾ ਸਰਕਾਰ ਨੇ ਕੋਚ ਓ.ਐੱਮ. ਨੰਬਿਆਰ ਦੀ ਦੇਖ-ਰੇਖ ਹੇਠ ਕਨੂਰ ਵਿਖੇ 40 ਲੜਕੀਆਂ ਲਈ ਸਪੋਰਟਸ ਅਕੈਡਮੀ ਚਾਲੂ ਕੀਤੀ ਸੀ। ਉਥੇ ਉਸ ਨੂੰ ਆਰੰਭ ਵਿਚ ਹੀ ਵਧੀਆ ਕੋਚਿੰਗ ਮਿਲਣ ਲੱਗ ਪਈ। ਉਸ ਦਾ ਕੱਦ ਵੀ ਆਪਣੇ ਹਾਣ ਦੀਆਂ ਲੜਕੀਆਂ ਨਾਲੋਂ ਲੰਮੇਰਾ ਸੀ ਜੋ ਬਾਅਦ ਵਿਚ 5 ਫੁੱਟ 7 ਇੰਚ ਲੰਮਾ ਹੋ ਗਿਆ। ਜੁੱਸਾ ਭਾਵੇਂ ਪਤਲਾ ਸੀ ਪਰ ਸੀ ਗੁੰਦਵੇਂ ਪੱਠਿਆਂ ਵਾਲਾ। ਬੁੱਲ੍ਹ ਰਤਾ ਮੋਟੇ, ਚਿਹਰਾ ਸੂਤਵਾਂ, ਰੰਗ ਸਾਂਵਲਾ ਤੇ ਦੰਦ ਮੋਤੀਆਂ ਵਰਗੇ। ਤੁਰਦੀ ਤਾਂ ਉਹਦੇ ਕਦਮ ਆਪਣੀਆਂ ਹਾਨਣਾਂ ਨਾਲੋਂ ਲੰਮੇ ਪੈਂਦੇ। ਦੌੜਦੀ ਤਾਂ ਕਦਮ ਹੋਰ ਲੰਮੇਰੇ ਹੋ ਜਾਂਦੇ। 1979 ਵਿਚ 15ਵੇਂ ਸਾਲ ਦੀ ਉਮਰੇ ਉਸ ਨੇ ਆਲ ਇੰਡੀਆ ਨੈਸ਼ਨਲ ਸਕੂਲ ਗੇਮਜ਼ ਵਿਚ ਭਾਗ ਲਿਆ ਤੇ ਆਪਣੇ ਈਵੈਂਟ ਵਿਚ ਪ੍ਰਥਮ ਆ ਗਈ। ਉਸ ਜਿੱਤ ਨਾਲ ਉਹਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ।
1980 ਵਿਚ ਉਸ ਨੂੰ ਪਾਕਿਸਤਾਨ ਦੀ ਓਪਨ ਨੈਸ਼ਨਲ ਮੀਟ ਕਰਾਚੀ ਵਿਖੇ ਭਾਗ ਲੈਣ ਦਾ ਮੌਕਾ ਮਿਲਿਆ। ਉਥੇ ਉਸ ਨੇ 4 ਗੋਲਡ ਮੈਡਲ ਜਿੱਤੇ। 1981 ਵਿਚ ਬੰਗਲੌਰ ਵਿਖੇ ਅੰਤਰਰਾਸ਼ਟਰੀ ਅਥਲੈਟਿਕਸ ਮੀਟ ਹੋਈ ਜਿਸ ਵਿਚ ਉਹਨੇ 100 ਮੀਟਰ ਦੌੜ 11.6 ਸੈਕੰਡ ਤੇ 200 ਮੀਟਰ 24.8 ਸੈਕੰਡ ਵਿਚ ਲਾ ਕੇ ਨਵੇਂ ਨੈਸ਼ਨਲ ਰਿਕਾਰਡ ਸਥਾਪਿਤ ਕੀਤੇ। ਫਿਰ ਉਹ ਸਿਓਲ ਦੀ ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 1982 ਵਿਚ ਭਾਗ ਲੈਣ ਲਈ ਚੁਣੀ ਗਈ। ਉਥੇ ਉਹ 200 ਮੀਟਰ ਦੌੜ ‘ਚ ਗੋਲਡ ਮੈਡਲ ਤੇ 100 ਮੀਟਰ ਦੌੜ ‘ਚ ਬ੍ਰੌਂਜ਼ ਮੈਡਲ ਜਿੱਤੀ।
ਉਸੇ ਸਾਲ ਨਵੀਂ ਦਿੱਲੀ-1982 ਦੀਆਂ ਏਸ਼ਿਆਈ ਖੇਡਾਂ ਆ ਗਈਆਂ। ਉਨ੍ਹਾਂ ਖੇਡਾਂ ‘ਚ ਉਸ ਨੇ 100 ਮੀਟਰ ਦੌੜ 11.95 ਸੈਕੰਡ ਅਤੇ 200 ਮੀਟਰ 25.32 ਸੈਕੰਡ ਵਿਚ ਲਾ ਕੇ ਚਾਂਦੀ ਦੇ 2 ਤਗ਼ਮੇ ਜਿੱਤੇ। 1983 ਵਿਚ ਜਮਸ਼ੇਦਪੁਰ ਵਿਖੇ ਹੋਈ ਓਪਨ ਨੈਸ਼ਨਲ ਚੈਂਪੀਅਨਸ਼ਿਪ ‘ਚ ਉਸ ਨੇ 200 ਮੀਟਰ ਦੌੜ 23.9 ਸੈਕੰਡ ਅਤੇ 400 ਮੀਟਰ 53.6 ਸੈਕੰਡ ‘ਚ ਲਾ ਕੇ ਨੈਸ਼ਨਲ ਰਿਕਾਰਡ ਨਵਿਆਏ। ਉਸੇ ਸਾਲ ਕੁਵੈਤ ਸਿਟੀ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਸ ਨੇ 400 ਮੀਟਰ ਦੌੜ ‘ਚੋਂ ਗੋਲਡ ਮੈਡਲ ਜਿੱਤਿਆ। ਉਦੋਂ ਤੋਂ ਹੀ ਉਸ ਨੂੰ ‘ਉਡਣ ਪਰੀ’ ਕਿਹਾ ਜਾਣ ਲੱਗ ਪਿਆ।
1984 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਉਹ ਏਸ਼ਿਆਈ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪਾਂ ਵਿਚੋਂ ਮੈਡਲ ‘ਤੇ ਮੈਡਲ ਜਿੱਤਣ ਲੱਗ ਪਈ ਸੀ। ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਪੂਰੀ ਤਿਆਰੀ ਵਿਚ ਸੀ। ਉਹਦੀ ਖੁਸ਼ਕਿਸਮਤੀ ਨੂੰ ਸੋਵੀਅਤ ਰੂਸ ਬਲਾਕ ਨੇ ਅਮਰੀਕਾ ਦੀਆਂ ਲਾਸ ਏਂਜਲਸ ਖੇਡਾਂ ਦਾ ਬਾਈਕਾਟ ਕਰ ਦਿੱਤਾ ਸੀ ਕਿਉਂਕਿ ਮਾਸਕੋ-1980 ਦੀਆਂ ਓਲੰਪਿਕ ਖੇਡਾਂ ਦਾ ਅਮਰੀਕਾ ਗੁੱਟ ਦੇ ਦੇਸ਼ਾਂ ਨੇ ਬਾਈਕਾਟ ਕੀਤਾ ਸੀ। ਇੰਜ ਚੋਟੀ ਦੇ ਕਈ ਖਿਡਾਰੀ ਉਨ੍ਹਾਂ ਖੇਡਾਂ ‘ਚ ਭਾਗ ਨਹੀਂ ਸਨ ਲੈ ਰਹੇ। ਉਸ ਹਾਲਤ ‘ਚ ਪੀਟੀ ਊਸ਼ਾ ਦੇ ਮੈਡਲ ਜਿੱਤਣ ਦਾ ਮੌਕਾ ਬਿਹਤਰ ਸੀ।
ਉਸ ਤੋਂ ਪਹਿਲਾਂ ਭਾਰਤ ਦੇ ਕੇਵਲ ਦੋ ਅਥਲੀਟ ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਹੀ ਓਲੰਪਿਕ ਮੈਡਲ ਜਿੱਤਣ ਦੇ ਨੇੜੇ ਪੁੱਜੇ ਸਨ। ਮਿਲਖਾ ਸਿੰਘ ਨੇ 400 ਮੀਟਰ ਦੌੜ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ ਤੇ ਗੁਰਬਚਨ ਸਿੰਘ ਰੰਧਾਵਾ ਨੇ 110 ਮੀਟਰ ਹਰਡਲਜ਼ ਦੌੜ ਵਿਚ ਪੰਜਵਾਂ। ਓਲੰਪਿਕ ਖੇਡਾਂ ਦੀ ਫਾਈਨਲ ਦੌੜ ਵਿਚ ਦੋਹਾਂ ਨੇ ਹੀ ਆਪਣੇ ਕੈਰੀਅਰ ਦਾ ਬਿਹਤਰੀਨ ਸਮਾਂ ਕੱਢਿਆ ਸੀ। ਉਹ ਰਿਕਾਰਡ ਸਾਲਾਂ-ਬੱਧੀ ਭਾਰਤ ਦੇ ਨੈਸ਼ਨਲ ਰਿਕਾਰਡ ਬਣੇ ਰਹੇ। ਊਸ਼ਾ ਲਈ ਸੁਨਹਿਰੀ ਮੌਕਾ ਸੀ ਓਲੰਪਿਕ ਮੈਡਲ ਜਿੱਤਣ ਦਾ। ਤਦ ਤਕ ਉਹਦੀ ਪ੍ਰਫਾਰਮੈਂਸ ਵੀ ਸਿਖਰ ‘ਤੇ ਸੀ। ਉਸ ਨੇ ਨਵੀਂ ਦਿੱਲੀ ਦੀ ਅੰਤਰਰਾਜੀ ਮੀਟ ਅਤੇ ਮੁੰਬਈ ਦੀ ਓਪਨ ਨੈਸ਼ਨਲ ਚੈਂਪੀਅਨਸ਼ਿਪ ‘ਚ ਚੰਗੀ ਕਾਰਗੁਜ਼ਾਰੀ ਵਿਖਾਈ ਸੀ। ਪਰ ਮਾਸਕੋ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਉਹ 100 ਮੀਟਰ ਤੇ 200 ਮੀਟਰ ਦੌੜਾਂ ‘ਚ ਪਛੜ ਗਈ ਸੀ। ਇਸ ਲਈ ਉਸ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ‘ਚ 400 ਮੀਟਰ ਹਰਡਲਜ਼ ਦੌੜ ਦੌੜਨ ਦਾ ਮਨ ਬਣਾ ਲਿਆ ਸੀ। ਓਲੰਪਿਕ ਖੇਡਾਂ ਲਈ ਜਦੋਂ ਨਵੀਂ ਦਿੱਲੀ ‘ਚ ਟਰਾਇਲ ਹੋਏ ਤਾਂ ਉਸ ਨੇ 400 ਮੀਟਰ ਹਰਡਲਜ਼ ਦੌੜ ਵਿਚ ਏਸ਼ੀਆ ਦੀ ਤੱਤਕਾਲੀ ਚੈਂਪੀਅਨ ਐੱਮ.ਡੀ. ਵਾਲਸੰਮਾ ਨੂੰ ਹਰਾ ਕੇ ਆਪਣੀ ਥਾਂ ਪੱਕੀ ਕਰ ਲਈ। ਪ੍ਰੀ ਓਲੰਪਿਕ ਟਰਾਇਲਾਂ ਵਿਚ ਉਸ ਨੇ 55.7 ਸੈਕੰਡ ਦੇ ਸਮੇਂ ਨਾਲ ਅਮਰੀਕਾ ਦੀ ਜੂਡੀ ਬਰਾਊਨ ਨੂੰ ਹਰਾ ਦਿੱਤਾ।
ਓਲੰਪਿਕ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਉਹ 400 ਮੀਟਰ ਹਰਡਲਜ਼ ਦੌੜ ਦੀਆਂ ਹੀਟਾਂ 56.81 ਸੈਕੰਡ ‘ਚ ਲਾ ਕੇ ਸੈਮੀ ਫਾਈਨਲ ਵਿਚ ਪੁੱਜ ਗਈ। ਸੈਮੀ ਫਾਈਨਲ ਦੌੜ ਵਿਚ ਉਸ ਨੇ 55.94 ਸੈਕੰਡ ਸਮਾਂ ਲਿਆ ਤੇ ਫਾਈਨਲ ‘ਚ ਪੁੱਜ ਗਈ। 55.94 ਸੈਕੰਡ ਸਮੇਂ ਨਾਲ ਕਾਮਨਵੈਲਥ ਖੇਡਾਂ ਦਾ ਰਿਕਾਰਡ ਵੀ ਨਵਿਆਇਆ ਗਿਆ। ਭਾਰਤੀਆਂ ਨੂੰ ਪੱਕੀ ਆਸ ਬੱਝ ਗਈ ਕਿ ਊਸ਼ਾ ਓਲੰਪਿਕ ਖੇਡਾਂ ਦਾ ਮੈਡਲ ਜ਼ਰੂਰ ਜਿੱਤ ਜਾਵੇਗੀ। ਉਦੋਂ ਉਹਦੀ ਉਮਰ ਮਹਿਜ਼ 20 ਸਾਲਾਂ ਦੀ ਸੀ।
400 ਮੀਟਰ ਹਰਡਲਜ਼ ਦੀ ਫਾਈਨਲ ਦੌੜ ਸ਼ੁਰੂ ਕਰਨ ਦਾ ਸਟਾਰਟਿੰਗ ਫਾਇਰ ਹੋਇਆ ਤਾਂ ਕਿਸੇ ਹੋਰ ਮੁਲਕ ਦੀ ਦੌੜਾਕ ਦਾ ਫਾਊਲ ਹੋ ਗਿਆ। ਪੀਟੀ ਊਸ਼ਾ ਸਹੀ ਸਟਾਰਟ ਨਾਲ ਲੀਡ ਲੈ ਚੁੱਕੀ ਸੀ। ਉਸ ਨੂੰ ਮਜਬੂਰੀ ਵੱਸ ਦੁਬਾਰਾ ਸਟਾਰਟਿੰਗ ਲਾਈਨ ‘ਤੇ ਆਉਣਾ ਪਿਆ। ਦੌੜ ਦੁਬਾਰਾ ਸ਼ੁਰੂ ਹੋਈ ਤਾਂ ਮਾੜੀ ਕਿਸਮਤ ਨੂੰ ਉਹਦਾ ਸਟਾਰਟ ਪਹਿਲੇ ਸਟਾਰਟ ਨਾਲੋਂ ਰਤਾ ਮੱਠਾ ਰਿਹਾ। ਪਹਿਲੀ ਹਰਡਲ ਟੱਪਦਿਆਂ ਉਹ ਸੱਤਵੇਂ ਥਾਂ ਸੀ। ਅਗਲੀਆਂ ਹਰਡਲਾਂ ‘ਚ ਉਹ ਅੱਗੇ ਵਧਣ ਲੱਗੀ। ਆਖ਼ਰੀ ਹਰਡਲ ਟੱਪਦਿਆਂ ਉਹ ਚੌਥੇ ਥਾਂ ਪੁੱਜ ਗਈ ਤੇ ਦੌੜ ਦਾ ਅੰਤ ਕਰਦਿਆਂ ਇੰਜ ਲੱਗਾ ਜਿਵੇਂ ਤੀਜੇ ਸਥਾਨ ‘ਤੇ ਆ ਗਈ ਹੋਵੇ ਤੇ ਬ੍ਰੌਂਜ਼ ਮੈਡਲ ਜਿੱਤ ਗਈ ਹੋਵੇ। ਪਰ ਫੋਟੋ ਫਨਿਸ਼ ਦੀ ਘੋਖ ਮਗਰੋਂ ਜੋ ਨਤੀਜਾ ਐਲਾਨਿਆ ਗਿਆ ਊਸ਼ਾ ਚੌਥੇ ਸਥਾਨ ‘ਤੇ ਆਈ। ਫੋਟੋ ਫਨਿਸ਼ ਦਾ ਨਿਰੀਖਣ ਹੋਇਆ ਤਾਂ ਤੀਜਾ ਸਥਾਨ ਲੈਣ ਵਾਲੀ ਦੌੜਾਕ ਉਹਤੋਂ ਨੌਂਹ ਕੁ ਭਰ ਅੱਗੇ ਨਿਕਲੀ। ਦੋਹਾਂ ਦੇ ਟਾਈਮ ਵਿਚ ਕੇਵਲ ਸਕਿੰਟ ਦੇ ਸੌਵੇਂ ਭਾਗ ਦਾ ਘਾਟਾ ਵਾਧਾ ਸੀ। ਇੰਜ ਹੀ ਮਿਲਖਾ ਸਿੰਘ ਨਾਲ ਹੋਇਆ ਸੀ। ਉਹ ਵੀ 400 ਮੀਟਰ ਦੌੜ ‘ਚ ਚੌਥੇ ਸਥਾਨ ‘ਤੇ ਰਿਹਾ ਸੀ। ਉਹਦਾ ਸਮਾਂ 45.6 ਸੈਕੰਡ ਸੀ ਜਦ ਕਿ ਬ੍ਰੌਂਜ਼ ਮੈਡਲ ਜਿੱਤਣ ਵਾਲੇ ਦਾ 45.5 ਸੈਕੰਡ। ਇਹ ਵਰਣਨਯੋਗ ਹੈ ਜਿਵੇਂ ਮਿਲਖਾ ਸਿੰਘ ਦਾ ਨੈਸ਼ਨਲ ਰਿਕਾਰਡ ਚਾਰ ਦਹਾਕੇ ਉਹਦੇ ਨਾਂ ਖੜ੍ਹਾ ਰਿਹਾ ਉਵੇਂ ਪੀਟੀ ਊਸ਼ਾ ਦਾ ਕੌਮੀ ਰਿਕਾਰਡ ਵੀ ਉਹਦੇ ਨਾਂ ਖੜ੍ਹਾ ਹੈ।
1951 ਤੋਂ ਸ਼ੁਰੂ ਹੋਈਆਂ ਏਸ਼ਿਆਈ ਖੇਡਾਂ ‘ਚੋਂ ਕਦੇ ਵੀ ਕਿਸੇ ਔਰਤ ਅਥਲੀਟ ਨੇ ਓਨੀਆਂ ਜਿੱਤਾਂ ਨਹੀਂ ਸਨ ਜਿੱਤੀਆਂ ਜਿੰਨੀਆਂ ਪੀਟੀ ਊਸ਼ਾ ਨੇ ਜਿੱਤੀਆਂ। ਸਿਓਲ-1986 ਦੀਆਂ ਏਸ਼ਿਆਈ ਖੇਡਾਂ ‘ਚੋਂ ਉਸ ਨੇ 1 ਸਿਲਵਰ ਮੈਡਲ ਤੇ 4 ਗੋਲਡ ਮੈਡਲ ਜਿੱਤੇ ਜੋ ਅਜੇ ਤਕ ਆਪਣੀ ਤਰ੍ਹਾਂ ਦਾ ਰਿਕਾਰਡ ਹੈ। ਉਸ ਦੀ ਵਡਿਆਈ ਓਲੰਪਿਕ ਖੇਡਾਂ ‘ਚ ਤਿੰਨ ਵਾਰ ਭਾਗ ਲੈਣ ਵਿਚ ਵੀ ਹੈ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ਸਮੇਂ ਬੇਸ਼ਕ ਉਹ 16 ਸਾਲਾਂ ਦੀ ਸੀ ਫਿਰ ਵੀ ਉਸ ਨੇ ਕਾਫੀ ਚੰਗੀ ਕਾਰਗੁਜ਼ਾਰੀ ਵਿਖਾਈ। ਸਿੱਟੇ ਵਜੋਂ ਉਹ ਓਲੰਪਿਕ ਖੇਡਾਂ ਦਾ ਲੋੜੀਂਦਾ ਤਜਰਬਾ ਹਾਸਲ ਕਰ ਕੇ ਅਗਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਵਿਚ ਜੁੱਟ ਗਈ।
ਏਸ਼ਿਆਈ ਖੇਡਾਂ ਵਿਚ ਉਸ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ 1983 ਵਿਚ ਭਾਰਤ ਸਰਕਾਰ ਵੱਲੋਂ ਉਸ ਨੂੰ ਅਰਜਨਾ ਅਵਾਰਡ ਦਿੱਤਾ ਗਿਆ ਤੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਪਿੱਛੋਂ 1985 ‘ਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪ੍ਰਾਪਤੀਆਂ ਤੋਂ ਇਲਾਵਾ 1984, 1985, 1986, 1987 ਤੇ 1989 ਵਿਚ ਉਸ ਨੂੰ ਏਸ਼ੀਆ ਮਹਾਂਦੀਪ ਦੀ ਸਰਬੋਤਮ ਅਥਲੀਟ ਚੁਣੀ ਜਾਣ ਦਾ ਮਾਣ ਵੀ ਮਿਲਿਆ। 1985-86 ‘ਚ ਪੀਟੀ ਊਸ਼ਾ ਨੂੰ ਵਰਡਲ ਟ੍ਰਾਫੀ ਨਾਲ ਸਨਮਾਨਿਆ ਗਿਆ। ਡਾਇਰੈਕਟਰ ਚਿਰਾਗ ਪਟੇਲ ਦੇ ਯਤਨਾਂ ਸਦਕਾ 2012 ਵਿਚ ਤਿਆਰ ਕੀਤੀ ਗਈ ਸਪੀਡ ਸਟਾਰ ਦੀ ਧਾਰਨਾ ਅਨੁਸਾਰ ਪੀਟੀ ਊਸ਼ਾ ਹੁਣ ਉਸ ਦੀ ਬ੍ਰਾਂਡ ਅੰਬੈਸਡਰ ਹੈ। ਉਸ ਨੂੰ ਭਾਰਤੀ ਟ੍ਰੈਕ ਐਂਡ ਫੀਲਡ ਦੀ ਮਹਾਰਾਣੀ ਦਾ ਖ਼ਿਤਾਬ ਵੀ ਮਿਲ ਚੁੱਕਾ ਹੈ। 1979 ਤੋਂ ਹੀ ਉਹ ਕਿਸੇ ਨਾ ਕਿਸੇ ਰੂਪ ਵਿਚ ਭਾਰਤ ਦੀਆਂ ਅਥਲੈਟਿਕਸ ਮੀਟਾਂ ਨਾਲ ਜੁੜੀ ਆ ਰਹੀ ਹੈ।
ਜੁਲਾਈ 2022 ‘ਚ ਉਸ ਨੂੰ ਰਾਜ ਸਭਾ ਦੀ ਮੈਂਬਰ ਨਾਮਜ਼ਦ ਕੀਤਾ ਗਿਆ ਤੇ ਦਸੰਬਰ 2022 ਵਿਚ ਸਰਬ ਸੰਮਤੀ ਨਾਲ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣਿਆ ਗਿਆ। ਉਹ ਬੇਸ਼ਕ 2003 ‘ਚ ਸਰਗਰਮ ਦੌੜਾਂ ਤੋਂ ਰਿਟਾਇਰ ਹੋ ਗਈ ਪਰ ਖੇਡਾਂ ਦੀ ਪ੍ਰਮੋਸ਼ਨ ਲਈ ਅਜੇ ਵੀ ਜੂਝ ਰਹੀ ਹੈ। ਉਸ ਦਾ ਵਿਆਹ 1991 ਵਿਚ ਵੀ. ਸ੍ਰੀਨਿਵਾਸਨ ਨਾਲ ਹੋਇਆ ਜੋ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ ਵਿਚ ਇੰਸਪੈਕਟਰ ਸਨ। ਉਹ ਕਾਫੀ ਪੜ੍ਹੇ ਲਿਖੇ ਹਨ। ਊਸ਼ਾ ਨੇ ਆਪਣੀ ਉਚੇਰੀ ਪੜ੍ਹਾਈ ਪ੍ਰਾਵੀਡੈਂਟ ਵੋਮੈੱਨ ਕਾਲਜ ਕੋਜ਼ੀਕੋਡੇ ਤੋਂ ਕੀਤੀ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਵਿਗਨੇਸ਼ ਉੱਜਵਲ ਤੇ ਉੱਜਵਲ ਸ੍ਰੀਨਿਵਾਸਨ।
ਪੀਟੀ ਊਸ਼ਾ ਨੇ ਆਪਣੀ ਸਵੈ-ਜੀਵਨੀ ਪ੍ਰਕਾਸ਼ਿਤ ਕਰਵਾਈ ਹੈ ਜਿਸ ਦਾ ਨਾਂ ‘ਗੋਲਡਨ ਗਰਲ: ਦੀ ਆਟੋਗ੍ਰਾਫੀ ਆਫ਼ ਪੀ.ਟੀ. ਊਸ਼ਾ’ ਹੈ। ਇਹ ਪੁਸਤਕ ਉਹਦਾ ਜੀਵਨ ਦਰਪਨ ਹੈ ਜਿਸ ਤੋਂ ਨਵੀਂ ਪੀੜ੍ਹੀ ਦੇ ਖਿਡਾਰੀ ਬਹੁਤ ਕੁਝ ਸਿੱਖ ਸਕਦੇ ਹਨ। ਉਸ ਨੂੰ ਕਨੂਰ ਯੂਨੀਵਰਸਿਟੀ ਵੱਲੋਂ ਆਨਰੇਰੀ ਡੀ. ਲਿੱਟ, ਆਈਆਈਟੀ ਕਾਨਪੁਰ ਵੱਲੋਂ ਆਨਰੇਰੀ ਡੀ. ਸਾਇੰਸ, ਯੂਨੀਵਰਸਿਟੀ ਆਫ਼ ਕਾਲੀਕਟ ਵੱਲੋਂ ਆਨਰੇਰੀ ਡੀ. ਲਿੱਟ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਕੇਰਲਾ ਵੱਲੋਂ ਡਾਕਟਰ ਆਫ਼ ਲਿੱਟਰੇਚਰ ਦੀਆਂ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਗਿਆ ਹੈ। ‘ਪਿਓਲੀ ਐਕਸਪ੍ਰੈੱਸ’ ਕਹੀ ਜਾਂਦੀ ਪੀਟੀ ਊਸ਼ਾ ਭਾਰਤ ਦੀ ‘ਸਪੋਰਟਸ ਲੀਜੈਂਡ’ ਹੈ ਜਿਸ ਦੀਆਂ ਬਾਤਾਂ ਲੰਮੇ ਸਮੇਂ ਤੱਕ ਪੈਂਦੀਆਂ ਰਹਿਣਗੀਆਂ।
