ਲਹਿਰੀਏਦਾਰ ਟੁਣਕਾਰ ਮੁਬਾਰਕ ਬੇਗ਼ਮ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
‘ਕਭੀ ਤਨਹਾਈਓਂ ਮੇਂ ਯੂੰ, ਹਮਾਰੀ ਯਾਦ ਆਏਗੀæææ ‘। ਪੰਡਤ ਕਿਦਾਰ ਸ਼ਰਮਾ ਦੀ 1961 ਵਿਚ ਰਿਲੀਜ਼ ਹੋਈ ਫਿਲਮ ‘ਹਮਾਰੀ ਯਾਦ ਆਏਗੀ’ ਦਾ ਇਹ ਸਿਗਨੇਚਰ ਗੀਤ ਉਸ ਗਾਇਕਾ ਦੀ ਵੀ ਅਸਲ ਪਛਾਣ ਹੈ ਜਿਸ ਨੇ ਮੰਗੇਸ਼ਕਰ ਭੈਣਾਂ ਦੇ ਯੁੱਗ ਵਿਚ ਆਪਣੇ ਲਈ ਵੱਖਰਾ ਮੁਕਾਮ ਬਣਾਇਆ। ਇਹ ਗਾਇਕਾ ਸੀ ਮੁਬਾਰਕ ਬੇਗ਼ਮ ਜਿਸ ਦੇ ਗਲੇ ਦੀ ਲਹਿਰੀਏਦਾਰ ਟੁਣਕਾਰ ਹੁਣ ਵੀ ਫਿਲਮ ਸੰਗੀਤ ਦੇ ਸੰਜੀਦਾ ਸ਼ੈਦਾਈਆਂ ਦੇ ਮਨਾਂ ਨੂੰ ਭਾਵ-ਵਿਭੋਰ ਕਰ ਜਾਂਦੀ ਹੈ। ਹਿੰਦੀ ਫਿਲਮ ਸੰਗੀਤ ਦੇ ਸੁਨਹਿਰੀ ਯੁੱਗ (1950-70) ਦੀ ਇਹ ਖੁਸ਼ਕਿਸਮਤੀ ਸੀ ਕਿ ਉਸ ਦੌਰਾਨ ਦੋ ਅਜਿਹੀਆਂ ‘ਬੇਗ਼ਮਾਂ’ ਨੂੰ ਵੀ ਉਭਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਆਵਾਜ਼ ਬਾਕੀ ਸਾਰੀਆਂ ਗਾਇਕਾਵਾਂ ਨਾਲੋਂ ਨਿਖਰਵੇਂ ਰੂਪ ਵਿਚ ਨਿਵੇਕਲੀ ਸੀ। ਸ਼ਮਸ਼ਾਦ ਬੇਗ਼ਮ ਦੀ ਚੁਲਬੁਲੀ ਤੇ ਖਣਕਵੀਂ ਆਵਾਜ਼ ਜਿੱਥੇ 1948 ਤੋਂ 1964 ਤੱਕ ਆਪਣੀ ਨਿਵੇਕਲੀ ਹੋਂਦ ਜਤਾਉਂਦੀ ਰਹੀ, ਉੱਥੇ ਮੁਬਾਰਕ ਬੇਗ਼ਮ ਨੇ ਵੀ ਆਪਣੇ ਪੁਰਸੋਜ਼ ਗਲੇ ਅੰਦਰਲੀ ਜ਼ਹੀਨ ਛੋਹ ਸਦਕਾ ਆਪਣੇ ਗੀਤਾਂ ਨੂੰ ਵੱਖਰੀ ਸ਼ਨਾਖ਼ਤ ਦਿੱਤੀ।
5 ਜਨਵਰੀ 1936 ਨੂੰ ਝੁਨਝਨੂ (ਰਾਜਸਥਾਨ) ਵਿਚ ਜਨਮੀ ਮੁਬਾਰਕ ਬਾਨੋ ਦਾ ਬਚਪਨ ਗੁਜਰਾਤ ਵਿਚ ਗੁਜ਼ਰਿਆ। ਉਸ ਦਾ ਪਰਿਵਾਰ ਪੇਸ਼ੇਵਰ ਗਵੱਈਆਂ ਦਾ ਪਰਿਵਾਰ ਸੀ। ਇਸੇ ਲਈ ਉਸ ਨੂੰ ਵੀ ਬਚਪਨ ਵਿਚ ਹੀ ਸ਼ਾਸਤਰੀ ਸੰਗੀਤ ਸਿੱਖਣ ਲਾ ਦਿੱਤਾ ਗਿਆ। ਸ਼ਾਸਤਰੀ ਸੰਗੀਤ ਦੀ ਪੁੱਠ ਨੇ ਉਸ ਨੂੰ ਆਕਾਸ਼ਵਾਣੀ (ਜੈਪੁਰ) ‘ਤੇ ਸੁਗਮ ਸੰਗੀਤ ਦੀ ਪੇਸ਼ਕਾਰੀ ਦਾ ਮੌਕਾ ਦਿਵਾ ਦਿੱਤਾ। ਇਥੋਂ ਹੀ ਉਸ ਦੇ ਮੁੰਬਈ (ਉਦੋਂ ਬੰਬਈ) ਜਾਣ ਦਾ ਸਬੱਬ ਬਣਿਆ ਜਿੱਥੇ 1949 ਵਿਚ ਉਸ ਨੂੰ ਫਿਲਮ ‘ਆਈਏ’ ਵਿਚ ਗਾਉਣ ਦਾ ਮੌਕਾ ਮਿਲ ਗਿਆ। ਉਦੋਂ ਉਸ ਦੀ ਉਮਰ ਮਹਿਜ਼ 13 ਸਾਲ ਸੀ। ‘ਆਈਏ’ ਛੋਟੇ ਪੈਮਾਨੇ ਦੀ ਫਿਲਮ ਸੀ। ਲਿਹਾਜ਼ਾ, ਇਸ ਤੋਂ ਬਾਅਦ ਹੋਰ ਗੀਤ ਹਾਸਲ ਕਰਨ ਲਈ ਮੁਬਾਰਕ ਬਾਨੋ ਨੂੰ ਸੱਚਮੁੱਚ ਜੱਦੋ-ਜਹਿਦ ਕਰਨੀ ਪਈ। ਗੀਤ ਮਿਲੇ ਜ਼ਰੂਰ, ਪਰ ਨਾ ਤਾਂ ਫਿਲਮਾਂ ਵੱਡੇ ਪੈਮਾਨੇ ਦੀਆਂ ਸਨ ਅਤੇ ਨਾ ਹੀ ਉਨ੍ਹਾਂ ਦੀਆਂ ਧੁਨਾਂ ਵਿਚ ‘ਹਿੱਟ’ ਗੀਤ ਬਣਨ ਵਾਲਾ ਦਮ ਸੀ। 1953 ਵਿਚ ਫਿਲਮਸਾਜ਼ ਕਮਾਲ ਅਮਰੋਹੀ ਦੀ ਫਿਲਮ ‘ਦਾਇਰਾ’ ਰਾਹੀਂ ਮੁਬਾਰਕ ਬਾਨੋ ਨੂੰ ਸੱਚਮੁੱਚ ਹੀ ਵੱਡਾ ਬ੍ਰੇਕ ਮਿਲਿਆ। ਇਸ ਵਿਚ ਉਸ ਨੇ ਚਾਰ ਗੀਤ ਗਾਏ ਪਰ ਫਿਲਮ ਟਿਕਟ ਖਿੜਕੀ ‘ਤੇ ਪਿਟ ਗਈ ਅਤੇ ਇਸ ਦੇ ਨਾਲ ਹੀ ਮੁਬਾਰਕ ਦੀ ਪੇਸ਼ਕਦਮੀ ਵੀ ਰੁਕ ਗਈ। ਖੁਸ਼ਕਿਸਮਤੀਵੱਸ 1955 ਵਿਚ ਬਣੀ ‘ਦੇਵਦਾਸ’ ਵਿਚ ‘ਵੋ ਨਾ ਆਏਂਗੇ ਪਲਟਕਰ, ਉਨਹੇਂ ਲਾਖ ਹਮ ਬੁਲਾਏਂæææ’ ਗੀਤ ਲਈ ਸੰਗੀਤਕਾਰ ਸਚਿਨ ਦੇਵ ਬਰਮਨ ਨੇ ਗੀਤਾ ਦੱਤ ਦੀ ਥਾਂ ਮੁਬਾਰਕ ਬੇਗ਼ਮ ਦੀ ਆਵਾਜ਼ ਨੂੰ ਅਜ਼ਮਾਉਣਾ ਵਾਜਬ ਸਮਝਿਆ। ਇਹ ਗ਼ਜ਼ਲਨੁਮਾ ਗੀਤ ਮਹਾਂ ਹਿੱਟ ਸਾਬਤ ਹੋਇਆ। ਬਦਕਿਸਮਤੀਵੱਸ ਇਹ ਮੁਜਰਾ ਗੀਤ ਸੀ ਅਤੇ ਇਸ ਦੀ ਕਾਮਯਾਬੀ ਨੇ ਮੁਬਾਰਕ (ਜੋ ਉਸ ਸਮੇਂ ਤੱਕ ਬਾਨੋ ਤੋਂ ਬੇਗ਼ਮ ਬਣ ਚੁੱਕੀ ਸੀ) ਨੂੰ ਮੁਜਰਾ ਗੀਤਾਂ ਦੀ ਮਲਿਕਾ ਵਜੋਂ ਟਾਈਪਕਾਸਟ ਕਰ ਦਿੱਤਾ। ਇਹ ਵੱਖਰੀ ਗੱਲ ਸੀ ਕਿ ਮੁਬਾਰਕ ਨੂੰ ਕਾਮਯਾਬੀ ਦੇ ਰਾਹ ਪਾਉਣ ਵਾਲੇ ਸਚਿਨ-ਦਾ ਨੇ ਇਸ ਤੋਂ ਬਾਅਦ ਨੌਂ ਸਾਲਾਂ ਤੱਕ ਇਸ ਗਾਇਕਾ ਨੂੰ ਯਾਦ ਕਰਨਾ ਵਾਜਬ ਨਹੀਂ ਸਮਝਿਆ। ਉਨ੍ਹਾਂ ਨੇ ਬਿਮਲ ਰਾਏ ਦੀ 1964 ਵਿਚ ਰਿਲੀਜ਼ ਹੋਈ ਮੁਸਲਿਮ ਸੋਸ਼ਲ ‘ਬੇਨਜ਼ੀਰ’ ਲਈ ਮੁਬਾਰਕ ਬੇਗ਼ਮ ਨੂੰ ਮੁੜ ਯਾਦ ਕੀਤਾ। ਉਸ ਨੇ ਇਸ ਫਿਲਮ ਵਿਚ ਲਤਾ ਮੰਗੇਸ਼ਕਰ ਤੇ ਆਸ਼ਾ ਭੌਸਲੇ ਨਾਲ ਮਿਲ ਕੇ ਸ਼ਕੀਲ ਬਦਾਯੂੰਨੀ ਵੱਲੋਂ ਰਚੀ ਕੱਵਾਲੀ ‘ਹਮ ਉਨ ਕੋ ਦੇਖਤੇ ਹੈਂ’ ਗਾਈ। ਉਂਝ, ਬਰਮਨ ਦੇ ਤਜਰਬੇ ਤੋਂ ਹੀ ਪ੍ਰੇਰਿਤ ਹੋ ਕੇ ਸੰਗੀਤਕਾਰ ਸਲਿਲ ਚੌਧਰੀ ਨੇ ‘ਮਧੂਮਤੀ’ (1958) ਦੇ ਮੁਜਰਾ ਗੀਤ ‘ਹਮ ਹਾਲ-ਏ-ਦਿਲ ਸੁਨਾਏਂਗੇ, ਸੁਨੀਏ ਕਿ ਨਾ ਸੁਨੀਏæææ’ (ਗੀਤਕਾਰ ਸ਼ੈਲੇਂਦਰ) ਲਈ ਮੁਬਾਰਕ ਬੇਗ਼ਮ ਨੂੰ ਸੱਦਾ ਦਿੱਤਾ ਅਤੇ ਇਹ ਗੀਤ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਸਦੀਵੀ ਛਾਪ ਛੱਡ ਗਿਆ।
ਬਿਮਲ ਰਾਏ ਦੀ ‘ਦੇਵਦਾਸ’ ਨੂੰ ਭਾਰਤੀ ਸਿਨਮਾ ਦੇ ਇਤਿਹਾਸ ਵਿਚ ਕਲਾਸਿਕ ਮੰਨਿਆ ਜਾਂਦਾ ਹੈ, ਪਰ ਆਪਣੇ ਸਮੇਂ ਦੀ ਇਹ ਫਲੌਪ ਫਿਲਮ ਸੀ। ਇਸ ਦੇ ਬਹੁਤੇ ਗੀਤ ਭਾਵੇਂ ਖੂਬ ਮਕਬੂਲ ਹੋਏ, ਫਿਰ ਵੀ ਨਾਕਾਮਯਾਬੀ ਦਾ ਅਸਰ ਕੁਝ ਗੀਤਾਂ ‘ਤੇ ਜ਼ਰੂਰ ਪਿਆ। ਲਿਹਾਜ਼ਾ, ਇਸੇ ਫਿਲਮ ਵਿਚ ਮੁਬਾਰਕ ਵੱਲੋਂ ਗਾਇਆ ਇਕ ਹੋਰ ਸੋਲੋ ‘ਸੁਨੋ ਮੇਰੇ ਨੈਨਾæææ’ ਹੁਣ ਫਿਲਮ ਦੀਆਂ ਸੀæਡੀ’ਜ਼ ਵਿਚ ਸ਼ੁਮਾਰ ਨਹੀਂ। ਕੁਝ ਅਜਿਹਾ ਹੀ ਹਸ਼ਰ ਫਿਲਮ ‘ਡਾਕ-ਬਾਬੂ’ (1954) ਵਿਚ ਤਲਤ ਮਹਿਮਦੂ ਤੇ ਮੁਬਾਰਕ ਬੇਗ਼ਮ ਦੇ ਡੂਏਟ ‘ਘਿਰ ਘਿਰ ਆਏ ਬਦਰਵਾ ਕਾਰੇæææ’ (ਸੰਗੀਤਕਾਰ ਧਨੀ ਰਾਮ, ਗੀਤਕਾਰ ਪ੍ਰੇਮ ਧਵਨ) ਦਾ ਹੋਇਆ। ਇਹ ਨਿਹਾਇਤ ਖੂਬਸੂਰਤ ਗੀਤ ਵੀ ਗੁੰਮਨਾਮੀ ਦੀ ਗ਼ਰਤ ਵਿਚ ਗੁਆਚ ਪਿਆ। ‘ਹਮਾਰੀ ਯਾਦ ਆਏਗੀ’ ਅਤੇ ‘ਹਮਰਾਹੀ’ (1964) ਦੇ  ਟਾਈਟਲ ਗੀਤ ‘ਮੁਝ ਕੋ ਅਪਨੇ ਗਲੇ ਲਗਾ ਲੋ ਐ ਮੇਰੇ ਹਮਰਾਹੀ’ ਦੀ ਕਾਮਯਾਬੀ ਸਦਕਾ ਮੁਬਾਰਕ ਬੇਗ਼ਮ ਨੂੰ ਕਈ ਯਾਦਗਾਰੀ ਗੀਤ ਗਾਉਣ ਨੂੰ ਮਿਲੇ। ਮੁਬਾਰਕ ਬੇਗ਼ਮ ਨੇ ਜਿਸ ਅੰਦਾਜ਼ ਨਾਲ ਇਹ ਗੀਤ ਗਾਇਆ, ਉਸ ਨਾਲ ਇਹ ਗੀਤ ਯਾਦਗਾਰੀ ਬਣ ਗਿਆ।
ਇਸੇ ਸਾਲ ਮੁਬਾਰਕ ਦਾ ਇਕ ਹੋਰ ਗੀਤ ‘ਨਿਗਾਹੋਂ ਸੇ ਦਿਲ ਮੇਂ ਚਲੇ ਆਈਏਗਾæææ’  ਵੀ ਬਹੁਤ ਮਕਬੂਲ ਹੋਇਆ। ਪਹਿਲਾਂ 1961 ਵਿਚ ਫਿਲਮ ‘ਜ਼ਿੰਦਗੀ ਔਰ ਖ੍ਵਾਬ’ ਦੇ ਗੀਤ ‘ਫੂਲ ਬਗੀਆ ਮੇਂ ਭੰਵਰੇ ਆਏæææ’ (ਗੀਤਕਾਰ ਪ੍ਰਦੀਪ, ਸੰਗੀਤਕਾਰ ਦੱਤਾਰਾਮ) ਵਿਚ ਮੁਬਾਰਕ ਬੇਗ਼ਮ ਨੇ ਅਜਿਹੀ ਹੀ ਜਾਨ ਪਾਈ ਸੀ ਅਤੇ ਇਹ ਗੀਤ ਅੱਜ ਵੀ ਵਿਵਿਧ ਭਾਰਤੀ ‘ਤੇ ਸੁਣਨ ਨੂੰ ਮਿਲ ਜਾਂਦਾ ਹੈ। ਸੰਗੀਤਕਾਰ ਖੱਯਾਮ ਨੂੰ ਫਿਲਮ ‘ਮੇਰਾ ਭਾਈ ਮੇਰਾ ਦੁਸ਼ਮਣ’ (1967) ਦੇ ਮੁਜਰਾ ਗੀਤ ‘ਹਮ ਤੋਂ ਦਿਲ ਬੇਚਤੇ ਹੈਂ ਖਰੀਦਦਾਰ ਚਾਹੀਏæææ’ ਲਈ ਮੁਬਾਰਕ ਬੇਗ਼ਮ ਤੋਂ ਬਿਨਾਂ ਹੋਰ ਕੋਈ ਗਾਇਕਾ ਢੁੱਕਵੀਂ ਨਹੀਂ ਜਾਪੀ ਹਾਲਾਂਕਿ ਪਹਿਲਾਂ ਉਨ੍ਹਾਂ ਨੇ ਇਹ ਗੀਤ ਆਸ਼ਾ ਭੌਸਲੇ ਤੋਂ ਗਵਾਉਣ ਬਾਰੇ ਸੋਚਿਆ ਸੀ। ਖੱਯਾਮ ਪਹਿਲਾਂ ‘ਸ਼ਗੁਨ’ (1964) ਵਿਚ ਮੁਬਾਰਕ ਬੇਗ਼ਮ ਨੂੰ ਅਜ਼ਮਾ ਚੁੱਕੇ ਸਨ। ਉਸ ਫਿਲਮ ਵਿਚ ਤਲਤ ਮਹਿਮੂਦ ਨਾਲ ਉਸ ਦਾ ਡੂਏਟ ‘ਕੁਝ ਅਜਨਬੀ ਸੇ ਆਪ ਹੈਂ, ਕੁਝ ਅਜਨਬੀ ਸੇ ਹਮæææ’ (ਸਾਹਿਰ ਲੁਧਿਆਣਵੀ) ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਅਮਿੱਟ ਹੈ। ਸੰਗੀਤਕਾਰ ਜੋੜੀ ਕਲਿਆਣ ਜੀ ਆਨੰਦ ਜੀ ਨੇ ਫਿਲਮ ‘ਸਰਸਵਤੀ ਚੰਦਰ’ (1968) ਦੇ ਮੁਜਰਾ ਗੀਤ ‘ਵਾਅਦਾ ਹਮਸੇ ਕੀਆ ਦਿਲ ਕਿਸੀ ਕੋ ਦੀਆ’ ਲਈ ਮੁਬਾਰਕ ਬੇਗ਼ਮ ਨੂੰ ਤਲਬ ਕੀਤਾ ਅਤੇ ਉਸ ਨੇ ਆਪਣੀ ਆਵਾਜ਼ ਦੇ ਜਾਦੂ ਦੇ ਜ਼ਰੀਏ ਇੰਦੀਵਰ ਦੇ ਇਸ ਗੀਤ ਨੂੰ ਯਾਦਗਾਰੀ ਬਣਾ ਦਿੱਤਾ।
ਮੁਬਾਰਕ ਬੇਗ਼ਮ ਨੇ 237 ਫਿਲਮੀ ਗੀਤ ਗਾਏ। ਉਸ ਨੇ ਗ਼ਜ਼ਲਾਂ ਦੀ ਐਲਬਮ ਵੀ ਰਿਕਾਰਡ ਕਰਵਾਈ। ਫਿਲਮੀ ਗੀਤਾਂ ਵਿਚ 113 ਸੋਲੋ ਸਨ। ਉਸ ਨੇ ਤਿੰਨ-ਚਾਰ ਪੰਜਾਬੀ ਫਿਲਮੀ ਗੀਤ ਵੀ ਗਾਏ ਜਿਨ੍ਹਾਂ ਵਿਚੋਂ ਫਿਲਮ ‘ਹੀਰ ਸਿਆਲ’ ਦਾ ‘ਤੁਰ ਗਈਆਂ ਬੇੜੀਆæææ’ (ਸੰਗੀਤਕਾਰ ਸਰਦੂਲ ਕਵਾਤੜਾ) ਹੁਣ ਵੀ ਯੂ-ਟਿਊਬ ‘ਤੇ ਸੁਣਿਆ-ਦੇਖਿਆ ਜਾ ਸਕਦਾ ਹੈ।

Be the first to comment

Leave a Reply

Your email address will not be published.