ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਸੋਚਵਾਨ ਬੰਦਾ ਅਕਸਰ ਹੀ ਸੋਚਦਾ ਕਿ ਮੈਂ ਇੰਝ ਕਿਉਂ ਹਾਂ? ਮੈਂ ਇੰਝ ਕਿਉਂ ਕੀਤਾ? ਮੈਨੂੰ ਇੰਝ ਕਰਨਾ ਚਾਹੀਦਾ ਸੀ। ਮੈਂ ਇਹ ਕਿਉਂ ਬੋਲਿਆ? ਇੰਝ ਕਿਉਂ ਸੋਚਿਆ? ਕੀ ਕਾਰਨ ਸਨ ਕਿ ਮੈਂ ਖੁਦ ‘ਤੇ ਕਾਬੂ ਨਾ ਪਾ ਸਕਿਆ? ਮੈਂ ਜਲਦਬਾਜ਼ੀ ਕਿਉਂ ਕੀਤੀ?
ਬੰਦੇ ਦਾ ਮਨ ਖ਼ਾਬਾਂ, ਖ਼ਿਆਲਾਂ, ਖ਼ਬਤਾਂ, ਖ਼ਲਬਲੀ, ਖਿਚੋਤਾਣ, ਅਤੇ ਖ਼ੁਦਗਰਜ਼ੀ ਨਾਲ ਭਰਿਆ। ਪਤਾ ਨਹੀਂ ਕਿਹੜੇ ਵਕਤ ਕੀ ਸੋਚਦਾ, ਕੀ ਕਿਆਸਦਾ ਅਤੇ ਕੀ ਕਰ ਬੈਠਦਾ? ਕਈ ਵਾਰ ਤਾਂ ਕੋਝੀਆਂ ਹਰਕਤਾਂ ਕਰਨ ਤੋਂ ਬਾਅਦ ਸੋਚਦਾ ਕਿ ਮੈਂ ਇਹ ਕਿਉਂ ਕੀਤਾ?
ਬੰਦਾ ਅਕਸਰ ਕਮੀਨਗੀਆਂ, ਕਮੀਆਂ, ਕੂੜ ਅਤੇ ਕੁਲਹਿਣੇ ਵਕਤਾਂ ਦਾ ਗੁਲਾਮ। ਉਸਨੂੰ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਸਰੀਰਕ ਗੁਲਾਮੀ ਨਾਲੋਂ ਮਾਨਸਿਕ ਗੁਲਾਮੀ ਬਹੁਤ ਖ਼ਤਰਨਾਕ। ਅਸੀਂ ਸਾਰੇ ਇਸ ਮਾਨਸਿਕ ਗੁਲਾਮੀ ਦਾ ਘੱਟ ਜਾਂ ਵੱਧ ਸ਼ਿਕਾਰ ਕਿਉਂ ਹਾਂ? ਜਦ ਬੰਦਾ ਖ਼ੁਦ ਸੋਚਣ ਦੀ ਬਜਾਏ ਕਿਸੇ ਦੀ ਸੋਚ ਅਨੁਸਾਰ ਖ਼ੁਦ ਦੀਆਂ ਤਰਜੀਹਾਂ ਨਿਰਧਾਰਤ ਕਰਨ ਲੱਗ ਪਵੇ ਤਾਂ ਫਿਰ ਉਸਨੂੰ ਆਪਣੇ ਰਾਹ ਖੁLਦ ਸਿਰਜਣ ਦਾ ਵਲ ਕਿੰਝ ਆਵੇ?
ਕਈ ਵਾਰ ਬੰਦਾ ਇਹ ਸੋਚਦਾ ਕਿ ਫਲਾਣਾ ਵਿਅਕਤੀ ਬੜੀ ਜਲਦੀ ਅਮੀਰ ਹੋ ਗਿਆ। ਮੈਂ ਕਿਉਂ ਨਹੀਂ ਉਸ ਵਾਂਗ ਅਮੀਰ ਹੁੰਦਾ? ਪਰ ਇਹ ਸਮਝਣ ਤੋਂ ਆਕੀ ਕਿ ਉਸ ਵਿਅਕਤੀ ਨੇ ਕਿਹੜੀਆਂ ਜਾਇਜ਼ ਜਾਂ ਨਾਜਾਇਜ਼ ਤਰਕੀਬਾਂ ਵਰਤੀਆਂ? ਕੀ ਉਹ ਵੀ ਅਜੇਹੀ ਵਰਤਾਰੇ ਵਿਚੋਂ ਅਮੀਰੀ ਭਾਲਦਾ ਹੈ? ਬੰਦਿਆ! ਕਦੇ ਸੋਚੀਂ ਕਿ ਤੂੰ ਜਿਹੜੀਆਂ ਲਾਸ਼ਾਂ ਨੂੰ ਨੀਂਹਾਂ ਹੇਠ ਦੱਬ ਕੇ ਮਹਿਲ-ਮੁਨਾਰੇ ਖੜ੍ਹੇ ਕੀਤੇ ਨੇ ਜਦ ਇਹ ਲਾਸ਼ਾਂ ਬੋਲ ਪਈਆਂ ਤਾਂ ਇਨ੍ਹਾਂ ਨੇ ਮਹਿਲਾਂ ਨੂੰ ਤਹਿਸ-ਨਹਿਸ ਕਰਨ ਲੱਗਿਆਂ ਪਲ ਵੀ ਨਹੀਂ ਲਾਉਣਾ?
ਕਈ ਵਾਰ ਬੰਦੇ ਦਾ ਅਫ਼ਲਾਤੂਨੀ ਮਨ ਸੋਚਦਾ ਕਿ ਮੈਂ ਫਲਾਣੇ ਲੇਖਕ, ਕਲਾਕਾਰ ਵਾਂਗ ਮਹਾਨ ਹਸਤੀ ਬਣਾਂ, ਮਸ਼ਹੂਰ ਹੋਵਾਂ ਪਰ ਉਸਨੂੰ ਇਹ ਸਮਝ ਕੌਣ ਦੇਵੇ ਕਿ ਕੋਈ ਵੀ ਸ਼ੁਹਰਤ ਇਕ ਦਿਨ ਵਿਚ ਨਹੀਂ ਕਮਾਈ ਜਾਂਦੀ। ਉਮਰਾਂ ਲੱਗ ਜਾਂਦੀਆਂ ਕਿਸੇ ਮੁਕਾਮ ‘ਤੇ ਪਹੁੰਚਣ ਲਈ। ਵੈਸੇ ਇਹ ਵੀ ਕੇਹਾ ਹਾਸੋ-ਹੀਣਾ ਵਰਤਾਰਾ ਕਿ ਕਈ ਵਾਰ ਬੰਦਾ ਕਿਸੇ ਨੂੰ ਵੱਕਾਰੀ ਇਨਾਮ ਮਿਲਣ ‘ਤੇ ਤਿਲਮਿਲਾਂਦਾ। ਆਖਰ ਨੂੰ ਉਸਦਾ ਇਨਾਮ ਝਪਟਣ ਤੀਕ ਵੀ ਨੀਵਾਂ ਗਿਰਨ ਲੱਗਿਆਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। ਬੰਦੇ ਦੀ ਫਿਤਰਤ ਜੁ ਹੋਈ ਸਭ ਕੁਝ ਹੜੱਪ ਕਰ ਲੈਣ ਦੀ।
ਬੰਦਾ ਸੋਚਦਾ ਕਿ ਮੈਂ ਸਟੇਜ ‘ਤੇ ਹੋਵਾਂ। ਹਰ ਸਰੋਤਾ ਬੜੇ ਧਿਆਨ ਨਾਲ ਮੈਨੂੰ ਸੁਣੇ, ਤਾੜੀਆਂ ਵੱਜਣ ਅਤੇ ਮੇਰੀ ਬੱਲੇ-ਬੱਲੇ ਹੋਵੇ, ਪਰ ਇਸ ਲਈ ਕੀ ਜ਼ਰੂਰੀ ਹੈ, ਇਸ ਬਾਰੇ ਤਾਂ ਕਦੇ ਸੋਚਦਾ ਹੀ ਨਹੀਂ ਕਿ ਲੋਕਾਂ ਨੂੰ ਸੰਬੋਧਨ ਕਿੰਝ ਕਰਨਾ? ਕੀ ਉਸਦੇ ਬੋਲਾਂ ਵਿਚ ਸਹਿਜਤਾ ਤੇ ਸਿਆਣਪ ਹੈ? ਕੀ ਉਸਦੇ ਮੁਖ਼ਾਰਬਿੰਦ ਤੋਂ ਫੁੱਲ ਕਿਰਦੇ? ਕੀ ਉਸਦੇ ਬੋਲਾਂ ਵਿਚ ਮਿਠਾਸ ਹੈ? ਕੀ ਉਸਨੂੰ ਬੋਲਣ ਦੀ ਤਮੀਜ਼ ਵੀ ਹੈ ਕਿ ਕਿਥੇ ਕੀ ਬੋਲਣਾ, ਕਿੰਝ ਬੋਲਣਾ, ਕਿੰਨਾ ਬੋਲਣਾ ਅਤੇ ਕਿਹੜੇ ਪਾਠਕ ਵਰਗ ਨੂੰ ਮੁਖ਼ਾਤਬ ਹੋ ਰਹੇ ਹੋ ਜਾਂ ਸਰੋਤੇ ਤੁਹਾਥੋਂ ਕੀ ਸੁਣਨਾ ਪਾਸੰਦ ਕਰਦੇ?
ਕਈ ਵਾਰ ਤਾਂ ਇੰਝ ਵੀ ਹੁੰਦਾ ਕਿ ਘਸੀਆਂ-ਪਿਟੀਆਂ ਗੱਲਾਂ ਨੂੰ ਦੁਹਰਾਉਣ ਵਾਲਾ ਵਿਅਕਤੀ ਤਿਲਮਿਲਾ ਕੇ ਰਹਿ ਜਾਂਦਾ ਕਿ ਮੇਰੇ ਬੋਲ ਅਸਰ-ਅੰਦਾਜ਼ ਕਿਉਂ ਨਹੀਂ। ਸ਼ਾਇਦ ਉਸਨੂੰ ਇਹ ਗਿਆਨ ਹੀ ਨਹੀਂ ਕਿ ਲੋਕ ਕੁਝ ਨਵਾਂ, ਨਿਵੇਕਲਾ, ਲੀਕ ਤੋਂ ਹਟ ਕੇ, ਨਵੇਂ ਸਰੋਕਾਰਾਂ ਤੇ ਸੰਵੇਦਨਾਵਾਂ ਬਾਰੇ ਸੁਣਨ ਦੇ ਇੱਛੁਕ ਹੁੰਦੇ। ਪੁਰਾਣੀਆਂ ਦਲੀਲਾਂ, ਤਰਕ ਅਤੇ ਉਦਾਹਰਣਾਂ ਵਿਚੋਂ ਨਵੇਂ ਅਰਥ ਨਹੀਂ ਸਿਰਜ ਸਕਦੇ। ਕੁਝ ਤਾਂ ਖ਼ੁਦ ਨੂੰ ਵੀ ਸਿਰਜਣਾ ਪੈਣਾ।
ਬੰਦਾ ਇਹ ਵੀ ਅਕਸਰ ਸੋਚਦਾ ਕਿ ਮੈਂ ਫ਼ਸਲ ਬੀਜੀ ਪਰ ਮੇਰੇ ਖੇਤ ਵਿਚ ਫ਼ਸਲ ਉਂਝ ਨਹੀਂ ਲਹਿਰਾਉਂਦੀ ਜਿਵੇਂ ਗਵਾਂਢੀ ਦੀ ਹਰੀ-ਭਰੀ ਹੈ। ਪਰ ਉਹ ਇਹ ਸਮਝਣ ਤੋਂ ਅਸਮਰੱਥ ਕਿ ਪੁੱਤਾਂ ਵਾਂਗ ਫ਼ਸਲਾਂ ਨੂੰ ਪਾਲਣ ਵਾਲਿਆਂ ਦੇ ਖੇਤਾਂ ਵਿਚ ਬੋਹਲ ਉਗਦੇ ਜਦ ਕਿ ਫ਼ਸਲਾਂ ਨੂੰ ਬਿਗਾਨਿਆਂ ਵਾਂਗ ਓਪਰੀ ਨਜ਼ਰ ਨਾਲ ਦੇਖਭਾਲ ਕਰਨ ਵਾਲਿਆਂ ਦੇ ਖੇਤਾਂ ਵਿਚ ਸਿਰਫ਼ ਮਾਯੂਸੀ ਹੀ ਪੈਦਾ ਹੋ ਸਕਦੀ।
ਕੁਝ ਬੰਦੇ ਤਾਂ ਸੋਚਣ ਵਿਚ ਹੀ ਆਪਣੀ ਉਮਰ ਗਵਾ ਲੈਂਦੇ ਕਿਉਂਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਸੋਚਣ ਨਾਲੋਂ ਕੁਝ ਕਰਨਾ, ਮੱਤਾਂ ‘ਤੇ ਅਮਲ ਕਰਨਾ ਅਤੇ ਉਸਾਰੂ ਬਿਰਤੀਆਂ ਨੂੰ ਆਪਣੀ ਕਰਮ-ਸ਼ੈਲੀ ਵਿਚ ਲਿਆਉਣਾ ਹੀ ਦਰਅਸਲ ਸ਼ੁੱਭ-ਕਰਮਨ ਲਈ ਸ਼ੁੱਭ ਆਰੰਭ ਹੁੰਦਾ। ਵਰਨਾ ਤਾਂ ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ ਵਰਗੀ ਸਥਿਤੀ ਬੰਦੇ ਦੀ ਬਣੀ ਰਹਿੰਦੀ ਤਾਅ-ਉਮਰ।
ਬੰਦਾ ਸੋਚਦਾ ਮੈਂ ਰਾਜਾ ਹੋਵਾਂ ਤਾਂ ਤਖ਼ਤ ‘ਤੇ ਬਹਿ ਕੇ ਹੁਕਮ ਚਲਾਵਾਂ। ਮਨਮਰਜ਼ੀ ਦਾ ਰਾਜ ਚਲਾਵਾਂ। ਜੋ ਚਾਹਵੇ ਸੋ ਪਾਵਾਂ। ਨਾ ਕੋਈ ਮੈਨੂੰ ਪੁੱਛਣ ਵਾਲਾ, ਨਾ ਕੋਈ ਜ਼ਿੰਮੇਵਾਰੀ। ਖਲਕਤ ਮੇਰੇ ਸਾਹਵੇਂ ਕਰੇ ਤਾਬਿਆਦਾਰੀ। ਕੋਈ ਨਾ ਮੈਨੂੰ ਹਟਕੇ। ਮੈਂ ਹੀ ਮੈਂ ਦਾ ਰਾਗ ਸੁਣਾਂ ਤੇ ਮੈਂ ਹੀ ਮੈਂ ਅਲਾਪਾਂ। ਮੈਂ ਹੀ ਮੈਂ ਨਾਲ ਖੁLਦ ਨੂੰ ਪੂਜਾਂ ਤੇ ਖੁLਦ ਦਾ ਰੂਪ ਹੀ ਜਾਪਾਂ। ਪਰ ਬੰਦਾ ਭੁੱਲ ਹੀ ਜਾਂਦਾ ਕਿ ਸੋਚਣ ਨਾਲੋਂ ਕਰਨਾ ਚੰਗਾ ਅਤੇ ਬਹਿਣ ਦੇ ਨਾਲੋਂ ਤੁਰਨਾ। ਦੇਖਣ ਦੇ ਨਾਲ ਕੁਝ ਨਹੀਂ ਹੁੰਦਾ। ਪੈਂਦਾ ਏ ਹਰ ਪਲ ਕੁਝ ਨਾ ਕੁਝ ਭੁਰਨਾ।
ਕਈ ਵਾਰ ਮਾਵਾਂ ਸੋਚਦੀਆਂ ਕਿ ਮੇਰਾ ਪੁੱਤ ਤਾਂ ਮੁਲਕਾਂ ਦਾ ਰਾਜਾ ਬਣੇਗਾ। ਪਰ ਉਸਦੀ ਪਰਵਰਿਸ਼ ਵੱਲ ਧਿਆਨ ਦੇਣ ਦੀ ਬਜਾਏ, ਉਸਦੀ ਸੋਚ ਵਿਚ ਕੁਝ ਚੰਗੇਰਾ ਬਣਨ ਦੀ ਤਮੰਨਾ ਪੈਦਾ ਕਰਨ ਜਾਂ ਉਸਨੂੰ ਸੁਪਨਾ ਦੇਣ ਦੀ ਜ਼ਹਿਮਤ ਹੀ ਨਹੀਂ ਕਰਦੀਆਂ। ਤਦ ਵੱਡਾ ਹੋ ਕੇ ਪੁੱਤ ਨੇ ਰਾਜਾ ਨਹੀਂ ਸਗੋਂ ਨੌਕਰ ਹੀ ਬਣਨਾ। ਅਮੀਰ ਨਹੀਂ ਸਗੋਂ ਕੰਗਾਲ। ਭੋਲੀਆਂ ਮਾਵਾਂ ਦੇ ਦਾਈਏ ਦੀ ਪੂਰਨਤਾ ਤਾਂ ਪੁੱਤ ਦੇ ਸੁਪਨੇ, ਉਦਮ, ਹਿੰਮਤ, ਹੌਂਸਲੇ, ਸਿਰੜ ਅਤੇ ਸਾਧਨਾ ਨੇ ਕਰਨੀ ਜਿਸਦੀ ਗੁੜ੍ਹਤੀ ਮਾਵਾਂ ਨੇ ਦਿੱਤੀ ਹੀ ਨਹੀਂ ਹੁੰਦੀ। ਬੰਦਾ ਜੋ ਮਰਜ਼ੀ ਖ਼ਿਆਲੀ ਖ਼ਾਬ ਲੈਂਦਾ ਰਹੇ ਪਰ ਬਣਨਾ ਉਸ ਨੇ ਉਹੀ ਜਿਸਦੇ ਉਹ ਯੋਗ ਹੁੰਦਾ। ਮਿਲਣੀ ਉਹੀ ਸ਼ੁਹਰਤ ਜਾਂ ਬਦਨਾਮੀ ਜੋ ਉਸਦੀ ਕਾਰਜ-ਸ਼ੈਲੀ ਜਾਂ ਆਦਤਾਂ ‘ਤੇ ਨਿਰਭਰ।
ਬੰਦਾ ਸੁਪਨੇ ਬਹੁਤ ਲੈਂਦਾ। ਪਰ ਸੁਪਨਿਆਂ ਦੇ ਸੱਚ ਲਈ ਬੰਦੇ ਨੂੰ ਹੀ ਜੱਦੋ-ਜਹਿਦ ਕਰਨੀ ਪੈਣੀ। ਆਪਣੇ ਮਨ ਵਿਚ ਤਰਕੀਬਾਂ ਪੈਦਾ ਕਰਨੀਆਂ ਪੈਣੀਆਂ, ਤਰਜੀਹਾਂ ਸਿਰਜਣੀਆਂ ਅਤੇ ਫਿਰ ਇਨ੍ਹਾਂ ‘ਤੇ ਪਹਿਰਾ ਦਿੰਦਿਆਂ ਖੁLਦ ਨੂੰ ਮਿਹਨਤ ਦੀ ਭੱਠੀ ਵਿਚ ਝੋਕ ਕੇ ਕੁਝ ਅਜ਼ੀਮ ਪ੍ਰਾਪਤੀਆਂ ਦਾ ਫ਼ਲ ਮਿਲਦਾ। ਕੁਝ ਨਹੀਂ ਮਿਹਨਤ ਬਿਨਾਂ ਮਿਲਦਾ। ਤੁਰਦਿਆਂ ਹੀ ਸਫ਼ਰ ਮੁੱਕਦਾ। ਮੰਜ਼ਲਾਂ ਦਾ ਸਿਰਨਾਵਾਂ ਮੱਥਿਆਂ ਵਿਚ ਹੋਵੇ ਤਾਂ ਮੰਜ਼ਲ ਪ੍ਰਾਪਤੀ ਬਹੁਤ ਸਹਿਜੇ ਮਿਲ ਜਾਂਦੀ।
ਵੱਡੀਆਂ ਪ੍ਰਾਪਤੀਆਂ ਲਈ ਉਚੇਰੇ ਸੁਪਨੇ ਲੈਣੇ ਜ਼ਰੂਰੀ। ਇਹ ਸੁਪਨੇ ਹਰ ਪਲ ਮਨ ਵਿਚ ਖ਼ਲਬਲੀ ਪੈਦਾ ਕਰਦੇ ਰਹਿਣ ਅਤੇ ਬੰਦੇ ਦਾ ਟੀਚਾ ਸਪੱਸ਼ਟ ਹੋਵੇ। ਉਸਦੀ ਨੀਅਤ ਸਾਫ਼ ਹੋਵੇ। ਉਸ ਨੂੰ ਮਿਹਨਤ ਕਰਨ ਦਾ ਵਲ ਹੋਵੇ ਤਾਂ ਸਾਰੀਆਂ ਨਿਆਮਤਾਂ ਝੋਲੀ ਪੈਂਦੀਆਂ।
ਬੰਦਾ ਸੋਚਦਾ ਮੇਰੀਆਂ ਰਾਹਾਂ ਨੂੰ ਮੰਜ਼ਲ ਮਿਲੇ। ਮੇਰੀਆਂ ਤਮੰਨਾਵਾਂ ਦੀ ਤ੍ਰਿਪਤੀ ਹੋਵੇ। ਮੇਰੀਆਂ ਉਮੀਦਾਂ ਨੂੰ ਆਸ ਮਿਲੇ। ਮੇਰੀਆਂ ਭਾਵਨਾਵਾਂ ਨੂੰ ਹਾਸਲਤਾ ਮਿਲੇ। ਮੇਰੀ ਭਟਕਣ ਨੂੰ ਸਹਿਜ ਮਿਲੇ। ਮੇਰੀ ਦੌੜ ਨੂੰ ਵਿਰਾਮ ਮਿਲੇ। ਮੇਰੀਆਂ ਤਰਜੀਹਾਂ ਨੂੰ ਸਮਰਪਣ ਮਿਲੇ। ਮੇਰੇ ਅੱਖਰਾਂ ਨੂੰ ਸ਼ਬਦ ਮਿਲਣ। ਮੇਰੇ ਸ਼ਬਦਾਂ ਵਿਚ ਅਰਥਾਂ ਦੇ ਚਿਰਾਗ ਜਗਣ। ਮੇਰੀਆਂ ਲਿਖਤਾਂ ਵਿਚੋਂ ਸੱਚ ਉਦੈ ਹੋਵੇ। ਮੇਰੀ ਕਲਮ ਨੂੰ ਹਰਫ਼ਾਂ ਦਾ ਵਰਦਾਨ ਮਿਲੇ। ਪਰ ਇਹ ਸਭ ਕੁਝ ਆਪਣੇ ਆਪ ਨਹੀਂ ਹੋਣਾ। ਇਸ ਲਈ ਖ਼ੁਦ ਵੀ ਹੰਭਲਾ ਤਾਂ ਮਾਰਨਾ ਹੀ ਪੈਣਾ। ਕੁਝ ਉਦਮ ਤਾਂ ਕਰਨਾ ਹੀ ਪੈਣਾ। ਕਲਮ ਤਾਂ ਚੁੱਕਣੀ ਪੈਣੀ। ਬੰਦ ਕਿਤਾਬ ਵਿਚਲੇ ਹਰਫ਼ਾਂ ਨੂੰ ਜਗਾਉਣਾ ਪੈਣਾ। ਦਿਲ-ਦਿਮਾਗ ਨੂੰ ਚੰਗੇ ਆਹਰੇ ਲਾਉਣਾ ਪੈਣਾ ਅਤੇ ਖ਼ੁਦ ਨੂੰ ਅਮਲਾਂ ਦੇ ਰਾਹ ਪਾਉਣਾ ਪੈਣਾ ਤਾਂ ਹੀ ਬੰਦਾ ਮਨਚਾਹੀ ਪ੍ਰਾਪਤੀ ਦੀ ਆਸ ਰੱਖ ਸਕਦਾ।
ਕਈ ਵਾਰ ਤਾਂ ਆਸ ਵੀ ਨਿਰਾਸ਼ ਕਰਦੀ ਪਰ ਨਿਰਾਸ਼ਾ ਵਿਚੋਂ ਆਸ ਨੂੰ ਦੇਖਣਾ। ਅਸਫ਼ਲਤਾ ਵਿਚੋਂ ਸਫ਼ਲਕਾਰੀ ਨੂੰ ਕਿਆਸਣਾ। ਟੋਇਆਂ ਅਤੇ ਟਿਬਿਆਂ ਵਿਚੋਂ ਆਪਣੀਆਂ ਪੈੜਾਂ ਦੇ ਨਿਸ਼ਾਨ ਸਿਰਜਣ ਵਾਲੇ ਹੀ ਨਵੇਂ ਰਾਹਾਂ ਦੇ ਪਾਂਧੀ ਹੁੰਦੇ। ਬੰਦਿਆ! ਸੋਚ ਜ਼ਰੂਰ ਪਰ ਸੋਚਦਾ ਹੀ ਨਾ ਰਹੀਂ। ਉਠ, ਆਲਸ ਦੀ ਲੋਈ ਲਾਹ, ਕਦਮਾਂ ਵਿਚ ਪੈਂਡਾ ਉਗਾ, ਤੇਰੀ ਮੰਜ਼ਲ਼ ਤੈਨੂੰ ਉਡੀਕੇ। ਤੇਰਾ ਰਾਹ ਤੱਕਦੀ ਹੈ, ਉਸਨੂੰ ਨਿਰਾਸ਼ ਨਾ ਕਰੀਂ। ‘ਕੇਰਾਂ ਉਹ ਹਤਾਸ਼ ਹੋ ਗਈ ਤਾਂ ਖਾਲੀ ਹੱਥਾਂ ਵਿਚ ਉਕਰੀ ਤੇਰੀ ਨਿਮੋਝੂਣਤਾ ਨੇ ਤੈਨੂੰ ਹੀ ਹਜ਼ਮ ਜਾਣਾ।
ਕਈ ਵਾਰ ਬੰਦਾ ਸੋਚਦਾ ਜੇ ਇੰਜ ਹੋ ਜਾਂਦਾ ਤਾਂ ਮੇਰੇ ਲਈ ਸਭ ਕੁਝ ਆਸਾਨ ਹੋ ਜਾਂਦਾ। ਪਰ ਇਹ ‘ਜੇ’ ਹੀ ਹੁੰਦੀ ਜਿਸਦੀਆਂ ਮੁਹਾਰਾਂ ਮੋੜਨ ਅਤੇ ਇਸਨੂੰ ਆਪਣੇ ਹਿੱਤ ਵਿਚ ਭੁਗਤਾਉਣ ਵਾਲੇ ਹੀ ਦਰਅਸਲ ਕੁਝ ਪ੍ਰਾਪਤੀ ਦਾ ਮਾਣ ਹੁੰਦੇ। ‘ਜੇ’ ਵਿਚ ਝੂਰਦੇ ਰਹਿਣ ਵਾਲੇ ਸਿਰਫ਼ ‘ਜੇ’ ਵਿਚੋਂ ਜ਼ਿਲਤ, ਜਹੰਨਮ, ਜ਼ਹਾਲਤ ਅਤੇ ਜ਼ਰਜ਼ਰੀ ਜਹੀ ਜ਼ਿੰਦਗੀ ਦੇ ਖੋਖ਼ਲੇ ਅਹਿਸਾਸ ਦਾ ਭਰਮ ਹੀ ਪਾਲਦੇ।
ਕਈ ਵਾਰ ਤਾਂ ਬੰਦਾ ਇਹ ਵੀ ਸੋਚਦਾ ਕਿ ਜੇ ਸਮੇਂ ਸਿਰ ਮੈਂ ਸਹੀ ਫੈਸਲਾ ਕਰ ਲੈਂਦਾ ਤਾਂ ਗਲਤ ਰਾਹਾਂ ‘ਤੇ ਜਾਣ ਤੋਂ ਬਚ ਜਾਂਦਾ। ਪਰ ਇਹੀ ਤਾਂ ਬੰਦੇ ਦੇ ਮਨ ਦੀ ਤਰਾਸਦੀ ਕਿ ਜੀਵਨ-ਰਾਹ ਦੇ ਚੌਰਾਹੇ ਵਿਚ ਕੀਤੀ ਹੋਈ ਕੁਤਾਹੀ ਤੁਹਾਡੀ ਸਮੁੱਚੀ ਜ਼ਿੰਦਗੀ ਨੂੰ ਗਲਤ ਮੋੜ ਦੇ ਸਕਦੀ ਹੈ। ਪਰ ਫਿਰ ਵੀ ਜੇਕਰ ਆਪਣੀ ਗਲਤੀ ਨੂੰ ਮੰਨ ਕੇ ਸਹੀ ਮੋੜ ਕੱਟ ਲਈਏ ਤਾਂ ਗਲਤੀ ਦਾ ਸੁਧਾਰ ਹੋ ਜਾਂਦਾ ਅਤੇ ਬੰਦਾ ਦੇਰ-ਅਵੇਰ ਮੰਜਲ਼ ‘ਤੇ ਪਹੁੰਚ ਹੀ ਜਾਂਦਾ। ਪਰ ਜੇ ਬੰਦਾ ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦਾ। ਉਸਦੇ ਮਨ ਵਿਚ ਭੋਰਾ ਵੀ ਪਛਤਾਵਾ ਨਹੀਂ ਤਾਂ ਫਿਰ ਪੱਲੇ ਨਿਰਾਸ਼ਾ ਹੀ ਪੈਣੀ। ਭਾਵੇਂ ਬੰਦਾ ਕਿੰਨੇ ਵੀ ਵੱਡੇ ਦਾਈਏ ਕਰੇ, ਅਸਲੀਅਤ ਨੇ ਜੱਗ-ਜ਼ਾਹਰ ਹੋ ਹੀ ਜਾਣਾ ਹੁੰਦਾ।
ਬੰਦਾ ਸੋਚਦਾ ਜੇ ਮੇਰੀਆਂ ਰਾਹਾਂ ਵਿਚ ਕੰਡੇ ਨਾ ਹੁੰਦੇ। ਮੇਰੇ ਮਨ ਵਿਚ ਲੋੜਾਂ ਤੇ ਥੋੜ੍ਹਾਂ ਦਾ ਬੋਝ ਨਾ ਹੁੰਦਾ। ਮੈਨੂੰ ਪਰਿਵਾਰਕ ਤੰਗੀਆਂ-ਤੁਰਸ਼ੀਆਂ ਨਾਲ ਯੁੱਧ ਨਾ ਕਰਨਾ ਪੈਂਦਾ। ਦੀਵੇ ਵਿਚ ਮੁੱਕ ਰਹੇ ਤੇਲ ਦੀ ਚਿੰਤਾ ਨਾ ਹੁੰਦੀ। ਮੈਨੂੰ ਬਾਪ ਨਾਲ ਖੇਤੀ ਦੇ ਕੰਮ ਨਾ ਕਰਵਾਉਣੇ ਪੈਂਦੇ ਜਾਂ ਦਿਨ ਭਰ ਖੇਤਾਂ ਵਿਚ ਬਾਪ ਨਾਲ ਹੱਥ ਨਾ ਵਟਾਉਣਾ ਹੁੰਦਾ ਤਾਂ ਸ਼ਾਇਦ ਮੇਰੀਆਂ ਪ੍ਰਾਪਤੀਆਂ ਹੋਰ ਵੱਡੀਆਂ ਹੁੰਦੀਆਂ। ਪਰ ਬੰਦਾ ਇਹ ਭੁੱਲ ਹੀ ਜਾਂਦਾ ਕਿ ਜਿਸ ਨੇ ਔਕੜਾਂ ਨਾਲ ਮੱਥਾ ਲਾ ਕੇ ਆਪਣੇ ਪੈਰਾਂ ਹੇਠਲੀ ਧਰਤੀ ਲੱਭ ਲਈ, ਆਪਣੇ ਸਿਰ ਉਪਰਲੇ ਅੰਬਰ ਦੀ ਨਿਸ਼ਾਨਦੇਹੀ ਕਰ ਲਈ, ਜਿਸਨੇ ਜ਼ਿੰਦਗੀ ਨਾਲ ਖਹਿ ਕੇ ਇਸਦੇ ਸੱਚ ਨੂੰ ਨਿੱਠ ਕੇ ਦੇਖਿਆ ਅਤੇ ਹੰਢਾਇਆ ਹੈ, ਉਸਨੇ ਹੀ ਜੀਵਨ ਨੂੰ ਹੀਰਾ ਬਣਾਇਆ ਹੈ। ਜੀਵਨ ਦੇ ਸੱਚ ਤੋਂ ਅਣਗੌਲੇ ਲੋਕ, ਦਰਅਸਲ ਭਰਮ-ਭੁਲੇਖਿਆਂ ਵਿਚ ਹੀ ਜ਼ਿੰਦਗੀ ਗਵਾ ਦਿੰਦੇ। ਜਦ ਉਸਦਾ ਸਾਹਮਣਾ ਜੀਵਨੀ ਤਲਖੀਆਂ ਅਤੇ ਕੁੜੱਤਣਾਂ ਨਾਲ ਹੁੰਦਾ ਤਾਂ ਉਹ ਬੜੀ ਜਲਦੀ ਥਿੜਕ ਜਾਂਦਾ ਅਤੇ ਖਿਸਕ ਜਾਂਦੀ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਂ। ਸਾਬਤ ਕਦਮੀ ਆਪਣੀਆਂ ਰਾਹਾਂ ਸਿਰਜਣ ਵਾਲੇ ਅਤੇ ਹਰ ਮੁਸ਼ਕਲ ਵਿਚੋਂ ਸਾਬਤ ਨਿਕਲਣ ਵਾਲੇ ਹੀ ਜੀਵਨ ਰਾਹਾਂ ਦੇ ਮਾਰਗ-ਦਰਸ਼ਕ ਹੁੰਦੇ। ਉਹ ਤਵਾਰੀਖ਼ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੰਦੇ। ਦਰਅਸਲ ਬੰਦੇ ਨੇ ਡਾ. ਅਬਦੁਲ ਕਲਾਮ, ਅਬਰਾਹਮ ਲਿੰਕਨ, ਨੈਲਸਨ ਮੰਡੇਲਾ ਵਰਗੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਦਾ ਤੱਥ ਸਾਰ ਤਾਂ ਜਾਣਿਆ ਹੀ ਨਹੀਂ ਹੁੰਦਾ। ਸੋਨੇ ਦਾ ਚਮਚਾ ਮੂੰਹ ਵਿਚ ਰੱਖਣ ਵਾਲੇ ਲੋਕ ਕਿੰਝ ਸਮਝ ਸਕਦੇ ਕਿ ਬੇਹਾ ਟੁੱਕਰ ਖਾਣ ਵਾਲੇ ਕਿੰਝ ਆਪਣੇ ਮੱਥਿਆਂ ‘ਤੇ ਮੰਜ਼ਲਾਂ ਦਾ ਸਿਰਨਾਵਾਂ ਉਕਰਾਉਂਦੇ।
ਬੰਦਾ ਬਹੁਤੀ ਵਾਰ ਅਣਭੋਲ ਹੋ ਜਾਂਦਾ। ਉਹ ਸੋਚਦਾ ਹੈ ਕਿ ਜਿਵੇਂ ਮੈਂ ਸੋਚਦਾਂ, ਸ਼ਾਇਦ ਇੰਜ ਹੀ ਹੋਵੇ। ਜਿਵੇਂ ਮੈਂ ਚਾਹੁੰਦਾ ਇੰਝ ਹੀ ਹੋਵੇ। ਜਿਵੇਂ ਮੇਰਾ ਮਸਕਦ ਹੈ ਇਹ ਹੀ ਪੂਰਾ ਹੋਵੇ। ਪਰ ਉਹ ਇਹ ਸਮਝਣ ਤੋਂ ਅਸਮਰੱਥ ਕਿ ਸੋਚਣ ਅਤੇ ਹੋਣ ਵਿਚ ਬਹੁਤ ਵੱਡਾ ਫ਼ਾਸਲਾ। ਇਸ ਦੂਰੀ ਨੂੰ ਤੈਅ ਕਰਨ ਲਈ, ਇਸ ਫ਼ਾਸਲੇ ਨੂੰ ਮਿਟਾਉਣ ਦਾ ਹਾਣੀ ਹੋਣ ਦੀ ਲੋੜ। ਸੋਚਣ, ਕਰਨ ਤੇ ਹੋਣ ਆਦਿ ਪੜਾਵਾਂ ਨੂੰ ਪਾਰ ਕਰਕੇ ਹੀ ਬੰਦਾ ਕੁਝ ਪ੍ਰਾਪਤੀ ਦਾ ਹਾਣੀ ਬਣ ਸਕਦਾ।
ਐ ਬੰਦੇ! ਯਾਦ ਰੱਖ ਕਿ ਸਿਰਫ਼ ਸੋਚਣ ਨਾਲ ਕੁਝ ਨਹੀਂ ਹੋਣਾ। ਕੁਝ ਪ੍ਰਾਪਤ ਨਹੀਂ ਹੋਣਾ। ਕੁਝ ਵੀ ਹਾਸਲ ਨਹੀਂ ਹੋਣਾ ਅਤੇ ਨਾ ਹੀ ਕੁਝ ਤੇਰੇ ਹੱਥ ਲੱਗਣਾ। ਖ਼ਾਬੀ ਖ਼ਿਆਲਾਂ ਤੋਂ ਬਾਹਰ ਆ। ਸੱਚ ਦਾ ਸਾਹਮਣਾ ਕਰ। ਕੁਝ ਕਰਨ ਦੀ ਹਿੰਮਤ ਜੁਟਾ। ਆਪਣੇ ਹੌਂਸਲੇ ਅਤੇ ਸਿਰੜ ਨੂੰ ਸਾਥੀ ਬਣਾ। ਔਝੜ ਰਾਹਾਂ ‘ਤੇ ਆਪਣੇ ਪੈਰਾਂ ਦੀ ਨਿਸ਼ਾਨਦੇਹੀ ਕਰ। ਇਨ੍ਹਾਂ ਰਾਹਾਂ ਨੂੰ ਪ੍ਰਾਪਤੀਆਂ ਦਾ ਮਾਰਗ ਬਣਾ, ਤੇਰੇ ਸੁਪਨਿਆਂ ਦਾ ਸੱਚ ਤੂੰ ਹੋਵੇਂਗਾ। ਤੇਰਾ ਚੌਗਿਰਦਾ ਦੇਖੇਗਾ ਕਿ ਤੂੰ ਹੀ ਸਾਰੀਆਂ ਪ੍ਰਾਪਤੀਆਂ ਦਾ ਸੱਚ ਤੇ ਸਿਰਨਾਵਾਂ ਏਂ।
