‘ਸਹੁੰ ਪੰਜਾਬ ਦੀ’; ਇਕ ਰਾਜਨੀਤਕ ਦਸਤਾਵੇਜ਼, ਮੇਰਾ ਬੌਧਿਕ ਧਰਮ!

ਅਮਰਜੀਤ ਗਰੇਵਾਲ
ਅਮਰਜੀਤ ਸਿੰਘ ਗਰੇਵਾਲ ਪੰਜਾਬ ਦੇ ਚੰਦ ਉਨ੍ਹਾਂ ਗੰਭੀਰ ਚਿੰਤਕਾਂ ਵਿਚੋਂ ਇਕ ਹਨ, ਜੋ ਪਿਛਲੀ ਲਗਪਗ ਅੱਧੀ ਸਦੀ ਤੋਂ ਪੰਜਾਬੀ/ਸਿੱਖ ਭਾਈਚਾਰੇ, ਸਾਹਿਤ-ਸੱਭਿਆਚਾਰ ਅਤੇ ਗੁਰਬਾਣੀ ਚਿੰਤਨ ਦੀ ਸਾਡੇ ਸਮਿਆਂ ਲਈ ਸਾਰਥਿਕਤਾ ਦੇ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਲਿਖਦੇ ਆ ਰਹੇ ਹਨ।

‘ਪੰਜਾਬ ਟਾਈਮਜ਼’ ਦੇ ਸ਼ੁਰੂਆਤੀ ਦਿਨਾਂ ਤੋਂ ਉਨ੍ਹਾਂ ਦੇ ਲੇਖ ਇਸ ਅੰਦਰ ਛਪਦੇ ਰਹੇ ਹਨ ਅਤੇ ਚਰਚਾ ਦਾ ਵਿਸ਼ਾ ਵੀ ਬਣਦੇ ਰਹੇ ਹਨ। ‘ਸਹੁੰ ਪੰਜਾਬ ਦੀ’ ਸਿਰਲੇਖ ਹੇਠਲੀ ਆਪਣੀ ਪੁਸਤਕ ਵਿਚ ਉਨ੍ਹਾਂ ਨੇ ਪੰਜਾਬ ਦੀ ਰਸਾਤਲਤਾ ਦੇ ਕਾਰਨਾਂ ਨੂੰ ਖਗੋਲਦਿਆਂ ਨਤੀਜਾ ਕੱਢਿਆ ਹੈ ਕਿ ਪੰਜਾਬ ਦੀ ਤਬਾਹੀ ਦੇ ਕਾਰਨ ‘ਨੈਤਿਕਤਾ, ਰਾਜਨੀਤੀ ਅਤੇ ਸੰਸਥਾਵਾਂ ਦੀ ਢਹਿੰਦੀ ਕਲਾ’ ਵਿਚ ਪਏ ਹਨ। ਗੰਧਲੀ ਅਤੇ ਸਵਾਰਥੀ ਰਾਜਨੀਤੀ ਨੇ ਅਣਖੀ, ਕਿਰਤੀ, ਵੰਡ ਛਕਣ, ਸਰਬੱਤ ਦਾ ਭਲਾ ਚਾਹੁਣ ਵਾਲੇ ਪੰਜਾਬ ਨੂੰ ਮੁਫ਼ਤ ਸਕੀਮਾਂ ਦੇ ਲਾਰਿਆਂ ਨਾਲ ਮੰਗਤਾ ਬਣਾ ਧਰਿਆ। ਪੰਜਾਬ ਨੂੰ ਰਸਾਤਲਤਾ ਦੇ ਟੋਏ ਵਿਚੋਂ ਕੱਢਣ ਦਾ ਰਸਤਾ ਇਸ ਨੂੰ ਆਧੁਨਿਕ ਗਿਆਨ ਦੇ ਖੇਤਰ ਵਿਚ ਹਾਣੀ ਬਣਾਉਣ ਵਿਚ ਹੈ। ਪੰਜਾਬ ਪਹਿਲਾਂ ਵੀ ਘੋਰ ਸੰਕਟਾਂ ਵਿਚੋਂ ਆਪਣੀ ਹਿੰਮਤ ਨਾਲ ਪੂਰਾ ਤਬਾਹ ਹੋ ਕੇ ਵੀ ਪੁਨਰ-ਸੁਰਜੀਤ ਹੁੰਦਾ ਆਇਆ ਹੈ ਉਵੇਂ ਹੀ ਜਿਵੇਂ ਕੁਕੂਨੂਸ ਆਪਣੀ ਹੀ ਅੱਗ ਵਿਚ ਸੜ ਕੇ ਆਪਣੀ ਰਾਖ ਵਿਚੋਂ ਪੁਨਰ-ਸੁਰਜੀਤ ਹੁੰਦਾ ਹੈ। ਇਹ ਪੁਸਤਕ ਗੁਰਮਤਿ ਦੇ ਹਵਾਲੇ ਨਾਲ ਵਰਤਮਾਨ ਨੂੰ ਗਲੋਬਲ ਪੰਜਾਬ ਵਾਂਗ ਸਮਝਣ ਦਾ ਯਤਨ ਹੈ। ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸਾਂਝੀ ਸਮਝ ਉਸਾਰਨ ਲਈ ਪ੍ਰੇਰਦੀ ਹੈ। ਪੁਸਤਕ ਦੀ ਲੇਖਕ ਵੱਲੋਂ ਲਿਖੀ ਭੂਮਿਕਾ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਪ੍ਰਸਤੁਤ ਹੈ। -ਸੰਪਾਦਕ
ਭੂਮਿਕਾ: ਸਹੁੰ ਪੰਜਾਬ ਦੀ
ਇਹ ਪੁਸਤਕ ਇਕ ਅਕਾਦਮਿਕ ਅਧਿਐਨ ਵੀ ਹੈ, ਇਕ ਰਾਜਨੀਤਿਕ ਦਸਤਾਵੇਜ਼ ਵੀ, ਅਤੇ ਆਤਮਿਕ ਸਹੁੰ ਵੀ। ਪਰ ਸਭ ਤੋਂ ਪਹਿਲਾਂ—ਇਹ ਮੇਰਾ ਪੰਜਾਬ ਪ੍ਰਤੀ ਬੌਧਿਕ ਧਰਮ ਹੈ।
ਇਹ ਪੁਸਤਕ ਉਸ ਵੇਲੇ ਜਨਮੀ, ਜਦੋਂ ਮੈਂ ਇਹ ਕਬੂਲਿਆ ਕਿ ਪੰਜਾਬ ਦਾ ਸੰਕਟ ਕੇਵਲ ਅੰਕੜਿਆਂ, ਨੀਤੀਆਂ ਜਾਂ ਵੋਟ-ਬੈਂਕਾਂ ਦਾ ਸੰਕਟ ਨਹੀਂ; ਇਹ ਚੇਤਨਾ ਦਾ ਸੰਕਟ ਹੈ। ਭੂਗੋਲ ਦਾ ਨਹੀਂ, ਭਵਿੱਖ ਦੀ ਕਲਪਨਾ ਦਾ ਸੰਕਟ।
ਸਾਲਾਂ ਤੱਕ ਮੈਂ ਸੁਣਦਾ ਰਿਹਾ—
ਪੰਜਾਬ ਬਰਬਾਦ ਹੋ ਰਿਹਾ ਹੈ, ਪੰਜਾਬ ਖਤਮ ਹੋ ਗਿਆ, ਪੰਜਾਬ ਹੱਥੋਂ ਨਿਕਲ ਗਿਆ।
ਪਰ ਜਿਵੇਂ ਜਿਵੇਂ ਮੈਂ ਇਸ ਧਰਤੀ ਦੀ ਧੜਕਣ ਨੂੰ ਸੁਣਿਆ, ਮਿਹਰਗੜ੍ਹ ਤੋਂ ਲੈ ਕੇ ਆਧੁਨਿਕ ਡਾਇਸਪੋਰਾ ਤੱਕ ਦੀਆਂ ਕਹਾਣੀਆਂ ਨੂੰ ਪੜ੍ਹਿਆ, ਅਤੇ ਖੇਤਾਂ ਤੋਂ ਲੈ ਕੇ ਵਿਦੇਸ਼ੀ ਲੈਬਾਂ ਤੱਕ ਪੰਜਾਬੀ ਮਨੁੱਖ ਦੀ ਜੱਦੋ-ਜਹਿਦ ਨੂੰ ਦੇਖਿਆ—
ਮੇਰੇ ਅੰਦਰ ਇਕ ਹੋਰ ਸੱਚ ਜਾਗਿਆ: ਪੰਜਾਬ ਖਤਮ ਨਹੀਂ ਹੋਇਆ—ਪੰਜਾਬ ਆਪਣੀ ਨਵੀਂ ਰਚਨਾ ਲਈ ਤਿਆਰ ਹੋ ਰਿਹਾ ਹੈ। ਇਹ ਪੁਸਤਕ ਉਸੀ ਰਚਨਾ ਦਾ ਨਕਸ਼ਾ ਹੈ।
1. ਮੈਂ ਇਹ ਪੁਸਤਕ ਕਿਉਂ ਲਿਖੀ?
ਕਿਉਂਕਿ ਮੈਂ ਵੇਖਿਆ ਕਿ ਪੰਜਾਬ ਦੀ ਤਬਾਹੀ ਦੀਆਂ ਜੜ੍ਹਾਂ ਮਿੱਟੀ ਵਿਚ ਨਹੀਂ; ਨੈਤਿਕਤਾ, ਰਾਜਨੀਤੀ ਅਤੇ ਸੰਸਥਾਵਾਂ ਦੀ ਢਹਿੰਦੀ ਕਲਾ ਵਿਚ ਹਨ। ਕਿਉਂਕਿ ਮੈਂ ਵੇਖਿਆ ਕਿ ਸਾਡੀਆਂ ਸਰਕਾਰਾਂ ਇਕੋ ਜੇਹੇ ਰਾਗ ਨੂੰ ਦੁਹਰਾਉਂਦੀਆਂ ਰਹੀਆਂ—
ਲੋਕਾਂ ਨੂੰ ਮੁਫ਼ਤ ਸਕੀਮਾਂ ਨਾਲ ਭਰਮਾਉਣਾ ਅਤੇ ਆਦੀ ਬਣਾਉਣਾ, ਖੇਤੀ ਨੂੰ ਕਰਜ਼ੇ ਦੀ ਕਬਰ ਵਿਚ ਸੁੱਟਣਾ, ਅਰਥਚਾਰੇ ਨੂੰ ਜ਼ਮੀਨ-ਵਿਕਰੀ ਤੱਕ ਘਟਾ ਦੇਣਾ, ਮਜ਼ਬੂਤ ਰਾਜਨੀਤੀ ਨੂੰ ਮਾਫੀਆ ਦੇ ਹਵਾਲੇ ਕਰ ਦੇਣਾ।
ਕਿਉਂਕਿ ਮੈਂ ਜਾਣਦਾ ਹਾਂ: ਜੇ ਅਸੀਂ ਆਪਣਾ ਵਿਕਾਸ-ਮਾਡਲ ਨਹੀਂ ਬਦਲਦੇ, ਤਾਂ ਅਸੀਂ ਭਵਿੱਖ ਵੀ ਨਹੀਂ ਬਦਲ ਸਕਾਂਗੇ।
ਅਤੇ ਕਿਉਂਕਿ ਮੈਂ ਇਹ ਵੀ ਜਾਣਦਾ ਹਾਂ— ਸਾਨੂੰ ਕੋਈ ਬਾਹਰੋਂ ਆ ਕੇ ਨਹੀਂ ਬਚਾਏਗਾ। ਪੰਜਾਬ ਨੂੰ ਪੰਜਾਬੀ ਹੀ ਬਚਾਉਣਗੇ।
2. ਇਹ ਪੁਸਤਕ ਕੀ ਹੈ?
ਇਹ ਪੁਸਤਕ ਕਿਸੇ ਰੋਮਾਂਟਿਕ ਪੰਜਾਬ ਦੀ ਯਾਦਗਾਰ ਨਹੀਂ, ਨਾ ਇਹ ਕਿਸੇ ਦੱਖਣੀ ਕੋਰੀਆ, ਸਿੰਗਾਪੁਰ ਜਾਂ ਕਨੇਡਾ ਦੀ ਨਕਲ ਕਰਨ ਦੀ ਦਾਅਵਤ ਹੈ। ਇਹ ਨਵੇਂ ਪੰਜਾਬ ਬਾਰ ਸੋਚਣ ਦੀ ਪ੍ਰਕਿਰਿਆ ਹੈ।
ਇਹ ਪੁਸਤਕ ਤਿੰਨ ਗੱਲਾਂ ਨੂੰ ਜੋੜ ਕੇ ਖੜ੍ਹੀ ਕੀਤੀ ਗਈ ਹੈ:
ੳ) ਸੰਕਟ
ਪੰਜਾਬ ਕਿਵੇਂ ਅੰਨਦਾਤੇ ਤੋਂ ‘ਮੁਸਲਸਲ ਕਰਜ਼ੇਦਾਰ’ ਬਣ ਗਿਆ? ਖੇਤੀ ਕਿਵੇਂ ਆਮਦਨ ਦੀ ਥਾਂ ਕਫ਼ਨ ਬਣ ਗਈ? ਪੜ੍ਹਾਈ ਕਿਵੇਂ ਰਾਹ ਨਹੀਂ, ਪਰਵਾਸ ਦਾ ਟਿਕਟ ਬਣ ਗਈ?
ਅ) ਨਵੀਂ ਵਿਸ਼ਵ-ਸਮਝ
ਏ ਆਈ, ਬਿਗ ਡਾਟਾ, ਇਮਰਸਿਵ ਰੀਐਲਟੀ, ਗਲੋਬਲ ਸਿਖਿਆ ਬਾਜ਼ਾਰ, ਨੌਲਿਜ ਵਰਕਰ—ਇਹ ਸਭ ਆਧੁਨਿਕ ਸੰਸਾਰ ਦੇ ਦਰਿਆ ਹਨ। ਜੇ ਪੰਜਾਬ ਇਸ ਵਿਚ ਤੈਰਨਾ ਨਹੀਂ ਸਿਖਦਾ, ਤਾਂ ਉਹ ਗੁਆਂਢੀਆਂ ਦੇ ਪਿੱਛੇ ਸਿਰਫ਼ ਭਟਕਦਾ ਰਹੇਗਾ।
ੲ) ਉਤਰ-ਪੂੰਜੀਵਾਦੀ ਏਜੰਡਾ
ਇਹ ਪੁਸਤਕ ਕਹਿੰਦੀ ਹੈ—ਸਿਰਫ਼ ਪੂੰਜੀ ਨਹੀਂ, ਚੇਤਨਾ, ਰਚਨਾ ਅਤੇ ਸਹਿ-ਵਿਕਾਸ ਹੀ ਪੰਜਾਬ ਨੂੰ ਬਚਾਉਣਗੇ।
3. ਪੰਜਾਬ ਕੀ ਹੈ?
ਮੇਰੇ ਲਈ ਪੰਜਾਬ ਕੋਈ ਪ੍ਰਾਂਤ ਨਹੀਂ। ਪੰਜਾਬ ਉਹ ਰਿਸ਼ਤਿਆਂ, ਯਾਦਾਂ, ਕਹਾਣੀਆਂ, ਪਾਰ-ਰਾਸ਼ਟਰੀ ਨੈੱਟਵਰਕਾਂ, ਮਜ਼ਦੂਰੀ, ਡਾਇਸਪੋਰਾ, ਅਤੇ ਵਰਚੂਅਲ ਕੌਮਾਂ ਦਾ ਗਤੀਸ਼ੀਲ ਵਿਸ਼ਵ ਹੈ ਜਿਸਦਾ ਕੇਂਦਰ ਇਕ ਜਗ੍ਹਾ ਨਹੀਂ—ਇਕ ਜੀਵਨ-ਦ੍ਰਿਸ਼ਟੀ ਹੈ।
ਮੈਂ ਇਸ ਪੁਸਤਕ ਵਿਚ ਕਿਹਾ ਹੈ:
ਪੰਜਾਬ ਪੰਜ ਦਰਿਆ ਨਹੀਂ, ਪੰਜ ਸੰਸਾਰ ਹਨ—ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਪਰਵਾਸੀ ਮਜ਼ਦੂਰਾਂ ਦਾ ਪੰਜਾਬ, ਡਾਇਸਪੋਰਾ ਦਾ ਪੰਜਾਬ ਅਤੇ ਵਰਚੂਅਲ ਪੰਜਾਬ। ਇਨ੍ਹਾਂ ਸਾਰਿਆਂ ਨੂੰ ਜੋੜਦੀ ਇਕ ਇਕੋ ਤਾਕਤ ਹੈ—ਪੰਜਾਬੀ ਜੀਵਨ-ਦਰਸ਼ਨ: ਕਿਰਤ, ਸਾਂਝ, ਨੈਤਿਕਤਾ, ਭਾਈਵਾਲੀ ਅਤੇ ਆਤਮ ਸ਼ਕਤੀ।
4. ਪੰਜਾਬ ‘ਫਾਲਨ ਸਿਸਟਮ’ ਨਹੀਂ, ‘ਫੀਨਿਕਸ ਸਿਸਟਮ’ ਹੈ
ਜਿਵੇਂ ਪੁਸਤਕ ਦੇ ਅੰਦਰ ਮੈਂ ਲਿਖਿਆ ਹੈ: ਪੰਜਾਬ ਦਾ ਸੰਕਟ ਰਾਖ ਵਰਗਾ ਹੈ—ਦਿਸਦਾ ਕਾਲਾ, ਪਰ ਅੰਦਰ ਨਵੀਆਂ ਉਡਾਰੀਆਂ ਦੇ ਬੀਜ ਦਬੇ ਪਏ ਹਨ। ਕੁਕਨੂਸ (ਫੀਨਿਕਸ) ਦੀ ਤਰ੍ਹਾਂ। ਇਹ ਸੰਕਟ ਸਾਨੂੰ ਸਾੜੇਗਾ ਵੀ, ਰੋਕੇਗਾ ਵੀ, ਪਰ ਤਬਦੀਲ ਵੀ ਕਰੇਗਾ। ਇਹ ਪੁਸਤਕ ਇਸ ਤਬਦੀਲੀ ਦੀ ਰੂਪ-ਰੇਖਾ ਹੈ।
5. ਇਹ ਪੁਸਤਕ ਕਿਨ੍ਹਾਂ ਲਈ ਹੈ?
– ਉਹ ਸਿਆਸਤਦਾਨ ਜੋ ‘ਮੁਫ਼ਤਖੋਰੀ’ ਨੂੰ ਵਿਕਾਸ ਸਮਝਣ ਦੀ ਭੁੱਲ ਕਰਦੇ ਹਨ
– ਉਹ ਅਧਿਆਪਕ ਅਤੇ ਯੂਨੀਵਰਸਿਟੀਆਂ ਜੋ ‘ਭਵਿੱਖ ਦੀ ਵਰਕਫੋਰਸ’ ਤਿਆਰ ਕਰਨ ਦੀ ਬਜਾਏ ‘ਪ੍ਰਵਾਸੀ ਦਸਤਾਵੇਜ਼’ ਬਣਾਉਣ ਵਿਚ ਫਸੇ ਹਨ
– ਉਹ ਕਿਸਾਨ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਦੱਸਿਆ ਕਿ 2025 ਦੀ ਖੇਤੀ 1970 ਦੀ ਖੇਤੀ ਨਹੀਂ ਹੈ।
– ਉਹ ਯੂਥ ਜੋ ਸੋਚਦੀ ਹੈ ਕਿ ਉਸਦਾ ਭਵਿੱਖ ਸਿਰਫ਼ ਇਕ ਵਿਸ਼ੇ ਜਾਂ ਫਾਈਲ ਵਿਚ ਬੰਦ ਹੈ
– ਅਤੇ ਉਹ ਹਰ ਪੰਜਾਬੀ ਜੋ ਚਾਹੁੰਦਾ ਹੈ ਕਿ ਪੰਜਾਬ ਮੁੜ ਆਪਣੇ ਪੈਰਾਂ ‘ਤੇ ਖੜ੍ਹੇ
6. ਮੇਰੀ ਸਹੁੰ — ਜਿਸ ਕਾਰਨ ਇਹ ਪੁਸਤਕ ਲਿਖੀ ਗਈ
ਮੇਰੀ ਸਹੁੰ ਇਹ ਨਹੀਂ ਕਿ ਮੈਂ ਪੰਜਾਬ ਦੀ ਪ੍ਰਸ਼ੰਸਾ ਕਰਾਂ। ਮੇਰੀ ਸਹੁੰ ਇਹ ਹੈ ਕਿ ਮੈਂ ਪੰਜਾਬ ਨੂੰ ਸੱਚ ਦੱਸਾਂ—ਭਾਵੇਂ ਉਹ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਮੇਰੀ ਸਹੁੰ ਇਹ ਹੈ ਕਿ ਮੈਂ ਪੰਜਾਬ ਨੂੰ ਬਚਾਉਣ ਲਈ ਭੂਤ ਦਾ ਤਰਸ ਨਹੀਂ, ਭਵਿੱਖ ਦੀ ਯੋਜਨਾ ਬਣਾਵਾਂ।
ਮੇਰੀ ਸਹੁੰ ਇਹ ਹੈ ਕਿ ਮੈਂ ਪੰਜਾਬ ਨੂੰ ਸਮਝਾਂ ਅਤੇ ਪੰਜਾਬ ਨੂੰ ‘ਭਿਖਾਰੀ’ ਤੋਂ ‘ਦਾਤਾ’ ਬਣਾਉਣ ਦੀ ਇਕ ਰੂਪ-ਰੇਖਾ ਤਿਆਰ ਕਰਾਂ। ਇਹ ਪੁਸਤਕ ਇਸੇ ਸਹੁੰ ਦਾ ਨਤੀਜਾ ਹੈ।
7. ਨਵਾਂ ਪੰਜਾਬ ਜਨਮ ਲੈ ਰਿਹਾ ਹੈ
ਮੈਂ ਇਸ ਪੁਸਤਕ ਨੂੰ ਕਿਸੇ ਅਧਿਆਪਕ ਜਾਂ ਵਿਦਵਾਨ ਵਜੋਂ ਨਹੀਂ ਲਿਖਿਆ—ਮੈਂ ਇਸਨੂੰ ਇਕ ਪੰਜਾਬੀ ਮਨੁੱਖ ਵਜੋਂ ਲਿਖਿਆ; ਜਿਸਦਾ ਵਿਸ਼ਵਾਸ ਹੈ ਕਿ ਪੰਜਾਬ ਦੀ ਗਿਰਾਵਟ ਅੰਤ ਨਹੀਂ—ਇਹ ਉਸ ਮਹਾਨ ਭਵਿੱਖ ਦੀ ਸ਼ੁਰੂਆਤ ਹੈ ਜਿੱਥੇ ਪੰਜਾਬ ਦੁਬਾਰਾ ਰਚੇਗਾ—ਆਪਣੇ ਆਪ ਨੂੰ, ਆਪਣੀਆਂ ਕਦਰਾਂ-ਕੀਮਤਾਂ ਨੂੰ, ਆਪਣੇ ਬੱਚਿਆਂ ਨੂੰ, ਅਤੇ ਆਪਣੇ ਭਵਿੱਖ ਨੂੰ।
ਇਹ ਪੁਸਤਕ ਉਹ ਨਕਸ਼ਾ ਹੈ—ਉਸ ਨਵੇਂ ਪੰਜਾਬ ਦਾ ਨਕਸ਼ਾ।
8. ਸੰਕਟ ਦੇ ਦਿਲ ਵਿਚੋਂ ਉਭਰਦਾ ਇਕ ਨਵਾਂ ਸੰਸਾਰ
ਇਹ ਪੁਸਤਕ ਪੰਜਾਬ ਦੀ ਕੇਵਲ ਆਰਥਿਕ ਜਾਂ ਰਾਜਨੀਤਿਕ ਕਹਾਣੀ ਨਹੀਂ—
ਇਹ ਮਨੁੱਖੀ ਚੇਤਨਾ, ਸਮਾਜਕ ਸੰਰਚਨਾ, ਖੇਤੀਬਾੜੀ ਦੇ ਜੀਵਤ ਗਿਆਨ, ਡਾਇਸਪੋਰਾ ਦੀ ਬਹੁ-ਸਥਾਨੀ ਸਿਆਸਤ, ਤਕਨਾਲੌਜੀ ਦੇ ਪਰਿਵਰਤਨ ਅਤੇ ਗਲੋਬਲ ਨਵੀਨਤਮ ਮੌਡਰਨਿਟੀ ਦੀਆਂ ਜਟਿਲ ਪਰਤਾਂ ਵਿਚੋਂ ਗੁਜ਼ਰਦੀ ਇਕ ਸਭਿਆਚਾਰਕ-ਇਤਿਹਾਸਕ ਕਥਾ ਹੈ।
ਪੰਜਾਬ ਬਾਰੇ ਲਿਖਣਾ ਅਸਲ ਵਿਚ ‘ਇਕ ਸਥਾਨ’ ਬਾਰੇ ਲਿਖਣਾ ਨਹੀਂ —ਇਹ ਇਕ ਵਾਹਅ ਬਾਰੇ ਲਿਖਣਾ ਹੈ:
ਭੂਗੋਲ ਤੋਂ ਪਰੇ, ਭਾਸ਼ਾ ਤੋਂ ਪਰੇ, ਸੂਬਾਈ ਸੀਮਾਵਾਂ ਤੋਂ ਪਰੇ, ਉਹ ਬੇਅੰਤ ਨੈੱਟਵਰਕ ਜੋ ਪੰਜਾਬੀ ਜੀਵਨ, ਮਜ਼ਦੂਰੀ, ਕਾਵਿ-ਸੰਵੇਦਨਾ, ਪਰਵਾਸੀ ਅਨੁਭਵ ਅਤੇ ਆਤਮਿਕ ਮੁੱਲਾਂ ਨਾਲ ਬਣਦਾ ਹੈ।
ਇਹ ਪੁਸਤਕ ਪੰਜਾਬ ਦੀ ਉਸ ਕਹਾਣੀ ਤੋਂ ਤੁਰਦੀ ਹੈ ਜੋ ਉਥੇ ਸ਼ੁਰੂ ਹੁੰਦੀ ਹੈ ਜਿੱਥੇ ਸੰਕਟ ਆਪਣਾ ਸਭ ਤੋਂ ਹਨੇਰਾ ਰੂਪ ਧਾਰ ਲੈਂਦਾ ਹੈ, ਪਰ ਖਤਮ ਉਥੇ ਹੁੰਦੀ ਹੈ ਜਿੱਥੇ ਸੰਭਾਵਨਾ ਆਪਣੇ ਸਭ ਤੋਂ ਰੌਸ਼ਨ ਪਰਾਂ ਵੱਲ ਮੁੜਦੀ ਹੈ।
ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ:
‘ਪੰਜਾਬ ਦੀ ਕਿਸ਼ਤੀ ਕਿਨਾਰੇ ਨਾਲ ਬੰਨ੍ਹੀ ਰਹੀ; ਅਸੀਂ ਸਾਰੀ ਰਾਤ ਚੱਪੂ ਚਲਾਉਂਦੇ ਰਹੇ… ਪਰ ਸਵੇਰੇ ਦੇਖਿਆ — ਕਿਸ਼ਤੀ ਓਥੇ ਹੀ ਸੀ। ‘ਪੰਜਾਬ ਦਾ ਸੰਕਟ ਮਿਹਨਤ ਦੀ ਕਮੀ ਨਹੀਂ, ਦਿਸ਼ਾ ਦੀ ਕਮੀ ਹੈ; ਸਾਧਨਾਂ ਦੀ ਘਾਟ ਨਹੀਂ, ਪ੍ਰਾਇਰਟੀਜ਼ ਦੀ ਭਟਕਣਾ ਹੈ; ਖਪਤ ਦੀ ਸਮਾਜ-ਨੀਤੀ ਹੈ ਪਰ ਭਵਿੱਖ-ਰਚਨਾ ਦੀ ਨੀਤੀ ਨਹੀਂ।
9. ਪੁਸਤਕ ਦਾ ਬੌਧਿਕ ਫ੍ਰੇਮਵਰਕ: ਉਤਰ-ਪੂੰਜੀਵਾਦੀ ਵਿਸ਼ਲੇਸ਼ਣ
ਪੰਜਾਬ ਦੀ ਮੰਦਹਾਲੀ ਦਾ ਕਾਰਨ ਕਿਸੇ ਇਕ ਖੇਤਰ ਵਿਚ ਨਾਕਾਮੀ ਨਹੀਂ, ਸਗੋਂ ਪੂਰੇ ਵਿਕਾਸ-ਮਾਡਲ ਦੇ ਢਹਿ-ਢੇਰੀ ਹੋਣ ਦੀ ਕਹਾਣੀ ਹੈ। ਧਿਆਨ-ਯੋਗ ਹੈ ਕਿ ਪੂੰਜੀਵਾਦ ਕੇਵਲ ਆਰਥਿਕ ਪ੍ਰਣਾਲੀ ਨਹੀਂ, ਸਗੋਂ ਇਕ ਸੰਸਕ੍ਰਿਤਕ ਕੋਡ ਹੈ ਜਿਸ ਨੇ ਪੰਜਾਬ ਦੇ ਕੌਮੀ ਜੀਵਨ ਤੋਂ ਲੈ ਕੇ ਸਿਆਸਤ ਤੱਕ ਸਭ ਨੂੰ ਜਕੜਿਆ ਹੋਇਆ ਹੈ:
– ਮੁਫ਼ਤ ਸਕੀਮਾਂ = ਰਾਜਨੀਤਿਕ ਨਸ਼ਾ
– ਖਪਤਵਾਦ = ਆਪਣੇ ਆਪ ਤੋਂ ਵਿਛੋੜਾ
– ਰਾਜਸੱਤਾ ਅਤੇ ਮਾਫੀਆਗਰਦੀ = ਸਮੂਹਕ ਚੇਤਨਾ ਦੀ ਗਿਰਾਵਟ
– ਤਕਨਾਲੌਜੀ ਦਾ ਆਗਮਨ = ਬੇਰੁਜ਼ਗਾਰੀ ਦਾ ਸੰਕਟ
– ਡਾਇਸਪੋਰਾ = ਦੋਹਰੀ ਪਹਿਚਾਣਾਂ ਦਾ ਉਤਪਾਦਨ
– ਵਿਸ਼ਵ-ਬਾਜ਼ਾਰ = ਨਵੀਂ ਨੌਲਿਜ-ਇਕੌਨਮੀ ਦੇ ਗੇਟਵੇ
ਲੜਾਈ ਪੂੰਜੀਵਾਦ ਵਿਰੁੱਧ ਨਹੀਂ, ਸਗੋਂ ਪੂੰਜੀਵਾਦੀ ਮੋਡ ਆਫ ਬੀਇੰਗ ਵਿਰੁੱਧ ਹੈ। ਇਸ ਪੁਸਤਕ ਵਿਚ ਉਤਰ-ਪੂੰਜੀਵਾਦੀ ਏਜੰਡੇ ਦਾ ਅਰਥ ਹੈ:
– ਸਥਿਰ ਵਿਕਾਸ ਤੋਂ ਅੱਗੇ ਸਹਿ-ਵਿਕਾਸ
– ਉਤਪਾਦਨ ਤੋਂ ਅੱਗੇ ਸਿਰਜਣਾ
– ਸਰਹੱਦਾਂ ਤੋਂ ਅੱਗੇ ਨੈੱਟਵਰਕਸ
– ਰੁਜ਼ਗਾਰ ਤੋਂ ਅੱਗੇ ਸਮਰੱਥਾ-ਨਿਰਮਾਣ
– ਰਾਜਸੱਤਾ ਤੋਂ ਅੱਗੇ ਸਮਾਜਕ-ਉੱਦਮ
– ਮਾਫੀਆ-ਰਾਜ ਤੋਂ ਅੱਗੇ ਨੈਤਿਕ-ਰਾਜਨੀਤੀ
ਸਾਨੂੰ ਸਮਝਣਾ ਪਵੇਗਾ ਕਿ ‘ਪੰਜਾਬ ਸੰਕਟ ਨਹੀਂ — ਇਕ ਅਧੂਰੀ ਸੰਭਾਵਨਾ’ ਹੈ। ਪੰਜਾਬ ਦਾ ਸੰਕਟ ਕਿਸੇ ਬਾਹਰੀ ਹਮਲੇ ਤੋਂ ਨਹੀਂ ਆਇਆ, ਇਹ ਅੰਦਰੂਨੀ ਸੰਰਚਨਾ ਦੀ ਕਮਜ਼ੋਰੀ ਨਾਲ ਉਤਪੰਨ ਹੋਇਆ ਹੈ।
ਓ) ਪੰਜਾਬ ਨੇ ਗਲਤ ਸਮੇਂ ਗਲਤ ਮਾਡਲ ਚੁਣੇ: ਹਰਾ ਇਨਕਲਾਬ 1970–85 ਵਿਚ ਆਪਣੀ ਸਮਰੱਥਾ ਪੂਰੀ ਕਰ ਚੁੱਕਾ ਸੀ,
ਪਰ ਪੰਜਾਬ ਅਗਲੀ ਪੁਲਾਂਘ ਲਈ ਤਿਆਰ ਨਾ ਹੋਇਆ।
ਅ) ਰਾਜਨੀਤਕ ਨੈਤਿਕਤਾ ਦੀ ਬਰਬਾਦੀ ਪ੍ਰਮੁਖ ਕਾਰਨ ਬਣਿਆ: ਮਾਫੀਆ, ਮੁਫ਼ਤਖੋਰੀ, ਭ੍ਰਿਸ਼ਟਾਚਾਰ ਅਤੇ ਪਾਪੂਲਿਜ਼ਮ
ਪੰਜਾਬ ਦੀਆਂ ਰਗਾਂ ਵਿਚ ‘ਰੁਜ਼ਗਾਰ-ਵਿਰੋਧੀ’ ਤੱਤ ਬਣ ਕੇ ਵੜ ਗਏ।
ੲ) ਗਿਆਨ-ਅਧਾਰਿਤ ਅਰਥਚਾਰੇ ਦੀ ਗੈਰਹਾਜ਼ਰੀ ਸਭ ਤੋਂ ਵੱਡਾ ਸੰਕਟ ਹੈ: ‘ਨੌਲਿਜ ਇੰਡਸਟਰੀ ਉਥੇ ਜਾਂਦੀ ਹੈ ਜਿਥੇ ਨੌਲਿਜ ਵਰਕਰ ਹੁੰਦੇ ਹਨ…ਪਹਿਲਾਂ ਨੌਲਿਜ ਵਰਕਰ ਪੈਦਾ ਕਰੋ। ਸਿੱਖਿਆ ਪ੍ਰਣਾਲੀ ਸੁਧਾਰੋ’
ਸ) ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ ਵਧੋ: ਰੁਜ਼ਗਾਰ ਅਤੇ ਦੌਲਤ ਦੀ ਪੈਦਾਵਾਰ ਲਈ ਇਹ ਰਸਤਾ ਪੰਜਾਬ ਲਈ ਸਭ ਤੋਂ ਵੱਡੀ ਸੰਭਾਵਨਾ ਹੈ।
ਪੰਜਾਬ ਨੇ ਫੋਰਥ ਇੰਡਸਟਰੀਅਲ ਰੈਵੋਲੂਸ਼ਨ ਅਤੇ ਸਿਰਜਣਾਤਮਕ ਅਰਥਚਾਰੇ ਦੇ ਦਰਵਾਜ਼ੇ ਖੁਲ੍ਹੇ ਹੋਣ ਦੇ ਬਾਵਜੂਦ ਉਨ੍ਹਾਂ ਵਿਚ ਦਾਖ਼ਿਲ ਹੋਣ ਦੀ ਸੰਸਥਾਈ ਸਮਰੱਥਾ ਵਿਕਸਤ ਨਹੀਂ ਕੀਤੀ।
10. ਡਾਇਸਪੋਰਾ, ਵਰਚੂਅਲ ਪੰਜਾਬ ਅਤੇ ਬਹੁ-ਸਭਿਆਚਾਰਕਤਾ
ਪੰਜਾਬ ਭੂਗੋਲ ਨਹੀਂ, ਨੈੱਟਵਰਕ ਹੈ।
– ਭਾਰਤੀ ਪੰਜਾਬ
– ਪਾਕਿਸਤਾਨੀ ਪੰਜਾਬ
– ਪਰਵਾਸੀ ਮਜ਼ਦੂਰਾਂ ਦਾ ਪੰਜਾਬ
– ਡਾਇਸਪੋਰਾ ਦਾ ਪੰਜਾਬ
ਅਤੇ ਵਰਚੂਅਲ ਪੰਜਾਬ
ਇਹ ਸਭ ਮਿਲ ਕੇ ਇਕ ‘ਚਿਹਨ-ਸੰਸਾਰ’ ਬਣਾਉਂਦੇ ਹਨ। ਇਸ ਫ੍ਰੇਮਵਰਕ ਵਿਚ ਪੰਜਾਬੀ ਪਹਿਚਾਣ ਦਾ ਅਰਥ ਹੈ—
ਐਲਗੋਰਿਦਮ, ਇਮੀਗਰੇਸ਼ਨ ਨੀਤੀਆਂ, ਮੂਕਸ, ਸਮਾਰਟਫੋਨ, ਗੁਰਦੁਆਰੇ, ਕਾਲਜ, ਯੂਨੀਵਰਸਿਟੀਆਂ, ਹਵਾਈ ਅੱਡੇ, ਅਤੇ ਸਮਾਜਕ ਮੀਡੀਆ ਦੇ ਵਿਚਕਾਰ ਬਣਦੀ ਇਕ ਬਹੁ-ਸਥਾਨੀ ਚੇਤਨਾ।
ਪੰਜਾਬ ਬਾਊਂਡਰੀ-ਫਿਕਸਡ’ ਜੁਗਰਾਫੀਆ ਨਹੀਂ, ਰਿਲੇਸ਼ਨ-ਡ੍ਰਿਵਨ’ ਸਭਿਆਚਾਰ ਹੈ।
11. ਤਕਨਾਲੋਜੀ ਅਤੇ ਨਵੇਂ ਪੰਜਾਬ ਦੀ ਸੰਰਚਨਾ:
ਤਕਨਾਲੋਜੀ ਖਤਰਾ ਨਹੀਂ, ਨਵੀਂ ਸਿਰਜਣਾ ਦਾ ਸਭ ਤੋਂ ਵੱਡਾ ਹਥਿਆਰ ਹੈ। ਫੋਰਥ ਇੰਡਸਟਰੀਅਲ ਰੈਵੋਲੂਸ਼ਨ—ਆਈ, ਬਿਗ ਡਾਟਾ, ਬਲੌਕਚੇਨ, ਇਮਰਸਿਵ ਰਿਐਲਿਟੀ, ਹਾਈਪਰ-ਨੈਟਵਰਕ। ਇਹ ਸਭ ਮਿਲ ਕੇ ਪੰਜਾਬ ਲਈ ਉਸੇ ਤਰ੍ਹਾਂ ਇਕ ਨਵਾਂ ਦਰਵਾਜ਼ਾ ਖੋਲ੍ਹ ਸਕਦੇ ਹਨ ਜਿਵੇਂ ‘ਟੈਕ-ਰੇਵੋਲੂਸ਼ਨ’ ਨੇ ਕਈਆਂ ਨੂੰ ਦੁਨੀਆਂ ਦੀ ਅਗਲੀ ਤਾਕਤ ਬਣਾ ਦਿੱਤਾ ਹੈ। ਪਰ ਇਸਦਾ ਆਧਾਰ ਵਰਕਫੋਰਸ ਦਾ ਗਿਆਨ-ਨਿਰਮਾਣ ਹੀ ਹੈ।
12. ਪੁਸਤਕ ਦਾ ਕੇਂਦਰੀ ਕਾਲ-ਟੂ-ਐਕਸ਼ਨ
‘ਭਿਖਾਰੀ ਨਹੀਂ — ਰਚਨਾਕਾਰ ਬਣੋ’
1) ਮੁਫ਼ਤਖੋਰੀ ਦਾ ਮਾਡਲ! ਭਿਖਾਰੀਰਾਜ
(ਜੋ ਇਸ ਸਮੇਂ ਚੱਲ ਰਿਹਾ ਹੈ)
2) ਟਿਕਾਊ, ਸਮਿਲਤ ਅਤੇ ਨੌਲਿਜ-ਅਧਾਰਿਤ ਵਿਕਾਸ! ਦਾਤਾਰਾਜ
‘ਪੰਜਾਬ ਦਾ ਨਵਾਂ ਕੁਕਨੂਸ ਇਸ ਰਾਖ ਵਿਚੋਂ ਹੀ ਜਨਮੇਗਾ। ‘
ਇਹ ਮੈਟਾਫਰ ਕੇਵਲ ਸੁੰਦਰ ਨਹੀਂ—
ਇਹ ਪੂਰੀ ਪੁਸਤਕ ਦਾ ਦਾਰਸ਼ਨਿਕ ਕੇਂਦਰ ਹੈ:
ਸੰਕਟ ਹੀ ਸਿਰਜਣਾ ਦਾ ਮੂਲ ਹੈ।
ਪੰਜਾਬ ਕੇਵਲ ਵਾਅਦਾ ਨਹੀਂ — ਪ੍ਰੋਜੈਕਟ ਹੈ। ਪੰਜਾਬ ਨੂੰ ਬਚਾਉਣਾ ਕਿਸੇ ਦਇਆ, ਕਿਸੇ ਰਾਹਤ ਸਕੀਮ ਜਾਂ ਕਿਸੇ ਐਲਾਨ ਦਾ ਕੰਮ ਨਹੀਂ—ਇਹ ਸਮਾਜਕ ਚੇਤਨਾ, ਨੈਤਿਕ ਹਿੰਮਤ, ਅਤੇ ਸਭਿਆਚਾਰਕ ਨਵੀਨਤਾ ਦਾ ਪ੍ਰੋਜੈਕਟ ਹੈ। ਇਹ ਕਿਤਾਬ ਕਦਾਚਿਤ ਨਹੀਂ ਕਹਿੰਦੀ ਕਿ ‘ਪੰਜਾਬ ਸੰਕਟ ਵਿਚ ਹੈ’—ਇਹ ਕਿਤਾਬ ਕਹਿੰਦੀ ਹੈ: ‘ਪੰਜਾਬ ਆਪਣੇ ਸਭ ਤੋਂ ਮਹਾਨ ਰੂਪ ਦੀ ਗਰਭਾਵਸਥਾ ਵਿਚ ਹੈ।‘