ਮੀਡੀਆ ਦੀ ਯੁੱਧ-ਨੀਤੀ

ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਵਲੋਂ ਸ਼ੁਰੂ ਕੀਤੇ ਗਏ ਯੁੱਧ ਦੀਆਂ ਖ਼ਬਰਾਂ ਨੂੰ ਗਹੁ ਨਾਲ ਵੇਖੀਏ ਤਾਂ ਸਾਫ਼ ਪਤਾ ਲਗਦਾ ਹੈ ਕਿ ਵਿਸ਼ਵ ਪੱਧਰ ‘ਤੇ ਸਾਰਾ ਮੀਡੀਆ ਪੂਰੀ ਤਰ੍ਹਾਂ ਨਾਲ ਅਮਰੀਕਾ ਪੱਖੀ ਹੋਇਆ ਪਿਆ ਹੈ। ਭਾਰਤੀ ਮੀਡੀਆ ਦੀ ਸਥਿਤੀ ਵੀ ਅਜੇਹੀ ਹੀ ਹੈ। ਜ਼ਿਆਦਾਤਰ ਟੀਵੀ ‘ਤੇ ਰੱਖਿਆ ਮਾਹਿਰਾਂ ਵਜੋਂ ਬੋਲਣ ਵਾਲੇ ਸੇਵਾਮੁਕਤ ਫ਼ੌਜੀ ਅਧਿਕਾਰੀ

ਵੀ ਇਕੋ ਬੋਲੀ ਬੋਲਦੇ ਦਿਸਦੇ ਹਨ। ਮੀਡੀਆ ਤੋਂ ਸਿਰਫ਼ ਇਹੀ ਆਵਾਜ਼ ਸੁਣਾਈ ਦਿੰਦੀ ਹੈ ਕਿ ਅਮਰੀਕਾ ਜਿੱਤ ਰਿਹਾ ਹੈ। ਬਿਨਾਂ ਸ਼ੱਕ ਅਮਰੀਕਾ ਬਹੁਤ ਸ਼ਕਤੀਸ਼ਾਲੀ ਦੇਸ਼ ਹੈ,ਪਰ ਇਹ ਵੀ ਸੱਚ ਹੈ ਕਿ ਵੀਅਤਨਾਮ, ਅਫਗਾਨਿਸਤਾਨ ਅਤੇ ਇਰਾਕ ਦਾ ਇਤਿਹਾਸ ਕੁਝ ਹੋਰ ਕਹਿੰਦਾ ਹੈ।
ਲੱਗਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਣ ਵਾਲਾ ਹੈ ਤੇ ਅਮਰੀਕਾ ਹੁਣ ਇਰਾਨ ਯੁੱਧ ਵਿਚ ਡੂੰਘਾ ਫਸਣ ਵਾਲਾ ਹੈ। ਅਮਰੀਕਾ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਯੁੱਧ ‘ਚ ਫਸਾਇਆ ਹੈ ਅਤੇ ਟਰੰਪ ਆਪਣੀਆਂ ਸਮੱਸਿਆਵਾਂ ਦੇ ਚੱਲਦਿਆਂ ਯੁੱਧ ਤੋਂ ਬਚਣ ਦੀ ਬਜਾਏ ਜਾਣਬੁੱਝ ਕੇ ਨੇਤਨਯਾਹੂ ਦੇ ਜਾਲ ਵਿਚ ਫਸਣ ਤੋਂ ਨਹੀਂ ਝਿਜਕਿਆ। ਲੱਗਦਾ ਹੈ ਕਿ ਕੁਝ ਅਜਿਹੀਆਂ ਆਵਾਜ਼ਾਂ ਵੀ ਹਨ ਜੋ ਮੀਡੀਆ ਦੁਆਰਾ ਪ੍ਰਚਾਰੇ ਜਾ ਰਹੇ ਯੁੱਧ ਦੇ ਇਕਪਾਸੜ ਪੱਖ ਦੇ ਬਾਵਜੂਦ ਤੱਥਾਂ ਦੇ ਆਧਾਰ ‘ਤੇ ਇਸ ਯੁੱਧ ਦੇ ਦੂਸਰੇ ਪੱਖ ਨੂੰ ਵੀ ਪੇਸ਼ ਕਰ ਰਹੀਆਂ ਹਨ। ਉਨ੍ਹਾਂ ‘ਚੋਂ ਇਕ ਕਰਨਲ ਡੱਗ ਮੈਕਗ੍ਰੇਗਰ ਹਨ ਜੋ ਅਮਰੀਕੀ ਰੱਖਿਆ ਸਕੱਤਰ ਦੇ ਸਾਬਕਾ ਸਲਾਹਕਾਰ ਹਨ। ਉਸ ਨੇ ਇਕ ਇੰਟਰਵਿਊ ‘ਚ ਦੱਸਿਆ ਹੈ ਕਿ ਇਰਾਨ ਨੇ ਰਣਨੀਤਕ ਰਣਨੀਤੀ ਨੂੰ ਯੋਜਨਾਬੱਧ ਢੰਗ ਨਾਲ ਸਮਝਿਆ ਹੈ, ਇਸੇ ਕਰਕੇ ਅਮਰੀਕਾ ਅਥਾਹ ਤਾਕਤ ਹੋਣ ਦੇ ਬਾਵਜੂਦ ਇਸ ਯੁੱਧ ਵਿਚ ਇਰਾਨ ‘ਤੇ ਭਾਰੀ ਨਹੀਂ ਪੈ ਸਕਿਆ। ਉੱਘੇ ਭਾਰਤੀ ਪੱਤਰਕਾਰ ਅਭੈ ਦੂਬੇ ਨੇ ਆਪਣੇ ਇਕ ਲੇਖ ਵਿਚ ਲਿਖਿਆ ਹੈ ਕਿ ਆਪਣੀ ਗੱਲ ਬੇਬਾਕੀ ਨਾਲ ਕਹਿਣ ਵਾਲੇ ਮਸ਼ਹੂਰ ਰੱਖਿਆ ਮਾਹਿਰ ਮੇਜਰ ਜਨਰਲ ਜੀ.ਡੀ. ਬਖਸ਼ੀ ਇਸ ਜੰਗ ਬਾਰੇ ਯੋਜਨਾਬੱਧ ਢੰਗ ਨਾਲ ਇਰਾਨ ਦੀ ਰਣਨੀਤੀ ਬਾਰੇ ਦੱਸਦੇ ਹਨ ਕਿ ਜੇਕਰ ਇਸ ਜੰਗ ਦੇ ਅੰਤ ਵਿਚ ਕਿਸੇ ਨੂੰ ਪਛਤਾਉਣਾ ਪਵੇਗਾ, ਤਾਂ ਉਹ ਟਰੰਪ ਹੋਵੇਗਾ।
ਕਰਨਲ ਮੈਕਗਰ ਅਨੁਸਾਰ ‘ਇਸ ਯੁੱਧ ਵਿਚ ਅਮਰੀਕਾ ਦੀ ਸਥਿਤੀ ਬਹੁਤ ਮਾੜੀ ਹੈ ਕਿਉਂਕਿ ਇਰਾਨ ਨੇ ਆਪਣੇ ਮਿਜ਼ਾਈਲ ਹਮਲਿਆਂ ਦੌਰਾਨ ਖਾੜੀ ਖੇਤਰ ‘ਚ 27 ਅਮਰੀਕੀ ਫ਼ੌਜੀ ਠਿਕਾਣਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਰਾਨ ਨੇ ਅਮਰੀਕੀ ਡੌਕ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਜਾਂ ਤਾਂ ਤਬਾਹ ਕਰ ਦਿੱਤੇ ਹਨ ਜਾਂ ਵਰਤੋਂ ਯੋਗ ਨਹੀਂ ਰਹਿਣ ਦਿੱਤੇ। ਅਮਰੀਕੀ ਜਲ ਸੈਨਾ ਹੁਣ ਭਾਰਤੀ ਬੰਦਰਗਾਹਾਂ ‘ਤੇ ਨਿਰਭਰ ਹੈ, ਜਿਸ ਨੂੰ ਅਮਰੀਕਾ ਲਈ ਆਦਰਸ਼ ਜਾਂ ਸੁਵਿਧਾਜਨਕ ਸਥਿਤੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਅਨੁਸਾਰ ਇਰਾਨ ਦੀਆਂ ਜਵਾਬੀ-ਕਾਰਵਾਈਆਂ ਪ੍ਰਭਾਵਸ਼ਾਲੀ ਸਾਬਤ ਹੋਈਆਂ ਹਨ, ਕਿਉਂਕਿ ਚੀਨ ਤੇ ਰੂਸ ਦੋਵੇਂ ਇਰਾਨ ਨੂੰ ਸੈਟੇਲਾਈਟ- ਖੁLਫੀਆ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਜਿਸ ਕਰਕੇ ਇਰਾਨ ਦੇ ਮਿਜ਼ਾਈਲ ਤੇ ਡਰੋਨ ਹਮਲੇ ਵਧੇਰੇ ਪ੍ਰਭਾਵੀ ਹੋ ਰਹੇ ਹਨ। ਇਰਾਨ ਨੇ ਇਜ਼ਰਾਇਲੀ ਤੇ ਅਮਰੀਕੀ ਠਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਹੈ।’
ਦੁਨੀਆ ਵਿਚ ਅਮਰੀਕਾ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ; ਇਹ ਯੁੱਧ ਅਮਰੀਕਾ ਦੀ ਸਥਿਤੀ ਨੂੰ ਹੋਰ ਖ਼ਤਰੇ ਵਿਚ ਪਾ ਸਕਦਾ ਹੈ। ਮੈਕਗ੍ਰੇਗਰ ਇਸ ਯੁੱਧ ਨੂੰ ਇਜ਼ਰਾਈਲ ਦੇ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਟਰੰਪ ਦੁਆਰਾ ਕੀਤੀ ਵੱਡੀ ਗਲਤੀ ਮੰਨਦਾ ਹੈ ਅਤੇ ਇਰਾਨ ਦੇ ਦ੍ਰਿੜ੍ਹ ਇਰਾਦੇ ਤੇ ਜਵਾਬੀ ਕਾਰਵਾਈ ਦੀ ਪ੍ਰਸੰLਸਾ ਕਰਦਾ ਹੈ। ਅਮਰੀਕਾ-ਇਜ਼ਰਾਇਲੀ ਹਮਲਿਆਂ ਦੌਰਾਨ ਅਯਾਤੁੱਲਾ ਖਾਮੇਨੇਈ ਤੇ ਇਰਾਨ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਬਾਰੇ ਮੇਜਰ ਜਨਰਲ ਬਖਸ਼ੀ ਦਾ ਕਹਿਣਾ ਹੈ ਕਿ ਇਰਾਨੀ ਸ਼ਾਸਨ ਕੇਂਦਰੀਕ੍ਰਿਤ ਨਹੀਂ ਹੈ ਸਗੋਂ ਵਿਕੇਂਦਰੀਕ੍ਰਿਤ ਹੈ। ਇਸ ਲਈ ਲੀਡਰਸ਼ਿਪ ਦੀ ਮੌਤ ਹੋਣ ਨਾਲ ਇਸ ਦਾ ਖਾਤਮਾ ਨਹੀਂ ਹੁੰਦਾ। ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਸੁਤੰਤਰ ਤੌਰ ‘ਤੇ ਕੰਮ ਕਰ ਰਿਹਾ ਹੈ, ਜੋ ਹੋਰ ਵੀ ਖ਼ਤਰਨਾਕ ਹੈ। ਜਨਰਲ ਬਖਸ਼ੀ ਅਨੁਸਾਰ ‘ਆਈ.ਆਰ.ਜੀ.ਸੀ. ਕੋਲ ਇਜ਼ਰਾਈਲ ਨੂੰ ਤਬਾਹ ਕਰਨ ਦੀ ਸਮਰੱਥਾ ਹੈ, ਜੋ ਪੂਰੀ ਤਾਕਤ ਨਾਲ ਵਰਤੀ ਜਾ ਰਹੀ ਹੈ।’ ਮੇਜਰ ਜਨਰਲ ਵਿਸ਼ੰਬਰ ਦਿਆਲ ਅਨੁਸਾਰ ‘ਇਜ਼ਰਾਈਲ ਨੇ ਇਰਾਨ ਨਾਲ ਯੁੱਧ ਸ਼ੁਰੂ ਕੀਤਾ ਹੈ ਅਤੇ ਇਰਾਨ ‘ਚ ਅਮਰੀਕਾ ਤੇ ਇਜ਼ਰਾਈਲ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ। ਭਾਰਤ ਵੀ ਇਸ ਯੁੱਧ ਵਿਚ ‘ਫਸ ਗਿਆ’ ਹੈ ਅਤੇ ਸਭ ਤੋਂ ਵੱਧ ਨੁਕਸਾਨ ਝੱਲਣ ਵਾਲਾ ਹੈ। ਖਾਸ ਕਰਕੇ ਚਾਬਹਾਰ ਬੰਦਰਗਾਹ ਭਾਰਤ ਲਈ ਮਹੱਤਵਪੂਰਨ ਹੈ। ਇਸ ਖੇਤਰ ਵਿਚ ਜੰਗ ਸ਼ੁਰੂ ਹੋਣ ਕਰਕੇ ਭਾਰਤ ਦੀਆਂ ਰਣਨੀਤਕ ਤਰਜੀਹਾਂ ਪ੍ਰਭਾਵਿਤ ਹੋਣਗੀਆਂ।’
ਭਾਰਤ ਨੂੰ ਨਿਰਪੱਖ ਤੇ ਸੰਤੁਲਿਤ ਰੁਖ਼ ਅਪਣਾਉਣ ਦੀ ਜ਼ਰੂਰਤ ਹੈ। ਰਾਜਨੀਤਕਾਂ ਨੂੰ ਇਹ ਗੱਲ ਪੱਕੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਗਤੀ ਲਈ ਸ਼ਾਂਤੀ ਜ਼ਰੂਰੀ ਹੈ। ਪਰ ਮੀਡੀਆ ਨੂੰ ਵੀ ਆਪਣੀ ਸਾਰੀ ਸ਼ਕਤੀ ਰਾਜਨੀਤਕਾਂ ਨੂੰ ਸ਼ੀਸ਼ਾ ਦਿਖਾਉਣ ਉੱਤੇ ਕੇਂਦਰਿਤ ਕਰਨੀ ਚਾਹੀਦੀ ਹੈ ਨਾ ਕਿ ਪੱਖਪਾਤੀ ਹੋ ਕੇ ਵਿਨਾਸ਼ਕਾਰੀ ਸ਼ਕਤੀਆਂ ਨੂੰ ਚਮਕਾਉਣ ਲਈ ਵਰਤਣੀ ਚਾਹੀਦੀ ਹੈ। ਆਪਣੀ ਮਾਨਵੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਨੂੰ ਸਮਝਣ ਵਾਲਾ ਮੀਡੀਆ ਹੀ ਪ੍ਰਮਾਣਿਕ ਮੀਡੀਆ ਕਿਹਾ ਜਾ ਸਕੇਗਾ।