ਸਿੱਖਾਂ ਦੀ ‘ਸਰਬਉਚ ਅਦਾਲਤ’ ਦੀ ਮਾਣ-ਮਰਿਯਾਦਾ ਦਾ ਮਾਮਲਾ!

ਜਦ ਅਕਾਲ ਤਖ਼ਤ ਦਾ ਜਥੇਦਾਰ ਮੱਕਾ-ਮਦੀਨਾ ਹੋ ਆਏ ਮੌਲਵੀ ਸਾਹਮਣੇ ਕੁਰਸੀ ਤੋਂ ਉਠ ਕੇ ਜ਼ਮੀਨ `ਤੇ ਬੈਠ ਗਿਆ!!
ਅਦਬ ਨਾਲ ਗੋਡਿਆਂ ਭਾਰ ਹੋ ਕੇ ਕੁਰਾਨ ਦਾ ਗੁਰਮੁਖੀ ਤਰਜਮਾ ਮੌਲਵੀ ਨੂੰ ਭੇਟ ਕੀਤਾ
ਬਲਰਾਜ ਦਿਉਲ
ਪਿਛਲੀ ਲਗਪਗ ਅੱਧੀ ਸਦੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੰਸਥਾ ਨਾਲ ਜੁੜੀਆਂ ਵਿਵਾਦਤ ਘਟਨਾਵਾਂ ਸਬੰਧੀ ਕੈਨੇਡਾ ਰਹਿੰਦੇ ਰਾਜਨੀਤਕ ਵਿਸ਼ਲੇਸ਼ਕ ਅਤੇ ਪੱਤਰਕਾਰ ਬਲਰਾਜ ਦਿਉਲ ਨੇ ਆਪਣਾ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ।

ਇਸ ਲੇਖ ਵਿਚ ਜਿੱਥੇ ਉਨ੍ਹਾਂ ਨੇ ਬਾਕੀ ਜਥੇਦਾਰਾਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਹੈ, ਉਥੇ ਹੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਿਉਬੰਦੀ ਮੌਲਵੀ ਮੌਲਾਨਾ ਸਜਾਦ ਨੋਮਾਨੀ ਦੀ ਮੁਲਾਕਾਤ `ਤੇ ਖਾਸ ਚਰਚਾ ਕੀਤੀ ਹੈ। ਇਸ ਲੇਖ ਵਿਚ ਪ੍ਰਗਟਾਏ ਗਏ ਵਿਚਾਰਾਂ ਨਾਲ ਅਦਾਰੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਇਸ ਸਬੰਧੀ ਆਉਣ ਵਾਲੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ। -ਸੰਪਾਦਕ
ਦੇਸ਼ ਵਿਦੇਸ਼ ਵਿਚ ਵੱਸਦੇ ਸਿੱਖਾਂ ਵਿਚ ਇਹ ਗੱਲ ਬਹੁਤ ਦਾਅਵੇ ਨਾਲ ਕਹੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉੱਚ ਅਦਾਲਤ ਹੈ ਜੋ ਕਿਸੇ ਵੀ ਦੁਨਿਆਵੀ (ਖਾਸਕਰ ਭਾਰਤੀ) ਅਦਾਲਤ ਤੋਂ ਉੱਚਾ ਰੁਤਬਾ ਰੱਖਦੀ ਹੈ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਿੱਖਾਂ ਦਾ ਸਿਖਰ ਦਾ ਧਾਰਮਿਕ ਆਗੂ ਹੈ। ਕੋਈ ਆਖਦਾ ਹੈ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਕੈਥੋਲਿਕ ਈਸਾਈਆਂ ਦੇ ਪੋਪ ਦੇ ਬਰਾਬਰ ਦਾ ਰੁਤਬਾ ਰੱਖਦਾ ਹੈ ਅਤੇ ਕੋਈ ਜਥੇਦਾਰ ਨੂੰ ਸਿੱਖਾਂ ਵਿਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਾਂਗ ਦੱਸਦਾ ਹੈ। ਮੁਕਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਸਿੱਖਾਂ ਦਾ ਬੇਤਾਜ਼ ਬਾਦਸ਼ਾਹ ਹੈ। ਭਾਵੇਂ ਇਸ ਬਾਰੇ ਅਨੇਕਾਂ ਇਤਿਹਾਸਕ ਪਿਛੋਕੜ ਦੇ ਨੁਕਤੇ ਅਤੇ ਮੌਜੂਦਾ ਅਸਲੀਅਤ ਬਾਰੇ ਕਈ ਸਵਾਲ ਅਜੇਹੇ ਹਨ ਜਿਨ੍ਹਾਂ ਦਾ ਕਿਸੇ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ। ਇਸ ਸਰਬਉੱਚ ਅਦਾਲਤ ਦਾ ਜਥੇਦਾਰ ਲਗਾਉਣ ਅਤੇ ਹਟਾਉਣ ਦਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਜਿਸ ਨੂੰ ਲੰਬੇ ਸਮੇਂ ਤੋਂ ਕੋਈ ਨਾ ਕੋਈ ਪ੍ਰਭਾਵੀ ਅਕਾਲੀ ਦਲ ਕੰਟਰੋਲ ਕਰਦਾ ਆਇਆ ਹੈ। ਜਥੇਦਾਰ ਹਟਾਉਣ ਅਤੇ ਲਗਾਉਣ ਦਾ ਕੰਮ ਪ੍ਰਭਾਵੀ ਅਕਾਲੀ ਦਲ ਅਕਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੱਲਬ ਦਾ ਸਵਿਚ ਆਨ ਜਾਂ ਆਫ ਕਰਨ ਵਾਂਗ ਕਰਵਾਉਂਦਾ ਆਇਆ ਹੈ। ਅਜੋਕੇ ਸਮੇਂ ਵਿਚ ਬਾਦਲ ਦਲ ਹੀ ਕਾਫੀ ਸਮੇਂ ਤੋਂ ਪ੍ਰਭਾਵੀ ਅਕਾਲੀ ਦਲ ਹੈ।
ਆਮ ਸਿੱਖ ਇਸ ਕਿਸਮ ਦੀ ਸਿਆਸਤ ਤੋਂ ਅਣਭਿਜ ਰਹਿੰਦਾ ਹੈ ਪਰ 1984 ਤੋਂ ਪਿੱਛੋਂ ਸਿੱਖਾਂ ਅੰਦਰ ਇਕ ਐਸਾ ਤਬਕਾ ਪੈਦਾ ਹੋ ਗਿਆ ਹੈ ਜਿਸ ਨੂੰ ਖੁਸ਼ ਰੱਖਣ ਤੋਂ ਬਿਨਾਂ ਕਿਸੇ ਵੀ ਜਥੇਦਾਰ ਦੇ ਪੈਰ ਜ਼ਮੀਨ `ਤੇ ਨਹੀਂ ਲਗਦੇ। ਇੱਕ ਪਾਸੇ ਆਪਣੇ ਮਾਸਟਰ ਭਾਵ ਸ਼੍ਰੋਮਣੀ ਕਮੇਟੀ ਅਤੇ ਪ੍ਰਭਾਵੀ ਅਕਾਲੀ ਦਲ ਨੂੰ ਖੁਸ਼ ਰੱਖਣਾ ਪੈਂਦਾ ਹੈ ਤੇ ਦੂਜੇ ਪਾਸੇ ਇਸ ਕੱਟੜਪੰਥੀ ਤਬਕੇ ਨੂੰ, ਜੋ ਸਨਾਤਨ (ਹਿੰਦੂਆਂ) ਨਾਲੋਂ ਨਾੜੂਆ ਪੂਰੀ ਤਰ੍ਹਾਂ ਕੱਟਣ ਲਈ ਪੱਬਾਂ ਭਾਰ ਰਹਿੰਦਾ ਹੈ। ਇਸ ਮਕਸਦ ਲਈ ਹਰ ਜਥੇਦਾਰ ਕੱਟੜ ਤੋਂ ਕੱਟੜ ਸਟੈਂਡ ਲੈਂਦਾ ਹੈ। ਪ੍ਰਭਾਵੀ ਅਕਾਲੀ ਦਲ ਆਪਣਾ ਸਿਆਸੀ ਮਕਸਦ ਪੂਰਾ ਕਰਨ ਤੋਂ ਬਿਨਾਂ ਜਥੇਦਾਰਾਂ ਨੂੰ ਹੋਰ ਮਨਆਈਆਂ ਕਰਨ ਦੀ ਪੂਰੀ ਖੁੱਲ੍ਹ ਦਿੰਦਾ ਹੈ। ਪ੍ਰਭਾਵੀ ਅਕਾਲੀ ਦਲ ਦੇ ਹਿੱਤ ਹੀ ਜਥੇਦਾਰਾਂ ਲਈ ਲਕਸ਼ਮਣ ਰੇਖਾ (ਰੈੱਡ ਲਾਈਨ) ਹੁੰਦੀ ਹੈ। ਏਧਰਲੀ ਕਾਣ ਪੂਰੀ ਕਰਨ ਲਈ ਜਥੇਦਾਰ ਹੋਦਰ ਦਬਕੇ ਮਾਰ-ਮਾਰ ਆਪਣਾ ਰੁਤਬਾ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਨਾਤਨ, ਸਨਾਤਨੀ ਤਿਉਹਾਰ, ਸਨਾਤਨੀ ਵਿਸ਼ਵਾਸ, ਹਿੰਦੂ, ਐਰ.ਐਸ.ਐਸ., ਕੇਂਦਰ ਵਿਚ ਕਥਿਤ ਹਿੰਦੂ ਸਰਕਾਰ ਆਦਿ ਜਥੇਦਾਰਾਂ ਦੇ ਨਿਸ਼ਾਨੇ `ਤੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਜਦ ਦਰਬਾਰ ਸਾਹਿਬ ਆਈ ਇੱਕ ਹਿੰਦੂ ਲੜਕੀ ਯੋਗ ਆਸਣ ਕਰ ਬੈਠੀ ਸੀ ਤਾਂ ਝੱਟ ਉਸ `ਤੇ ਐਫ.ਆਈ.ਆਰ. ਦਰਜ ਕਰ ਦਿੱਤੀ ਗਈ ਸੀ।
ਬੀਤੇ ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਕੁਝ ਗੁਰਦੁਆਰਿਆਂ ਵਿਚ ਕਥਿਤ ਸ਼ੱਕੀ ਬੇਅਦਬੀਕਾਰਾਂ ਨੂੰ ‘ਗੁਰੂ ਦੇ ਸਤਿਕਾਰ’ ਦੇ ਨਾਮ `ਤੇ ਪਲਝੱਟ ਵਿਚ ਕਤਲ ਕਰ ਦਿੱਤਾ ਗਿਆ। ਪਰ ਕੋਈ ਜਥੇਦਾਰ ਨਹੀਂ ਬੋਲਿਆ ਅਗਰ ਬੋਲਿਆ ਤਾਂ ਕੱਟੜਤਾ ਦੇ ਹੱਕ ਵਿਚ ਬੋਲਿਆ। ਸਰਕਾਰਾਂ, ਪੁਲਿਸ ਅਤੇ ਵੱਡੇ ਸਿੱਖ ਸਿਆਸੀ ਆਗੂ ਅਕਸਰ ਪੂਰੀ ਤਰ੍ਹਾਂ ਖ਼ਾਮੋਸ਼ ਰਹੇ।
ਹੁਣ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹੋਲੀ ਬਾਰੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜੋ ਇੱਕ ਪੁਰਾਤਨ ਸਨਾਤਨੀ ਤਿਉਹਾਰ ਹੈ ਅਤੇ ਸਿੱਖ ਹੁਣ ਇਸ ਦਿਨ ‘ਹੋਲਾ ਮਹੱਲਾ’ ਮਨਾਉਂਦੇ ਹਨ। ਕੁਝ ਦਿਨ ਪਹਿਲਾਂ ਜਥੇਦਾਰ ਗੜਗੱਜ ਨੇ ਤਲਖ ਬਿਆਨ ਦਿੰਦਿਆਂ ਆਖਿਆ ਕਿ ਹਿੰਦੂ ਜੀ ਸਦਕੇ ਹੋਲੀ ਮਨਾਉਣ, ਪਰ ਕਿਸੇ ਸਿੱਖ `ਤੇ ਹੋਲੀ ਦੇ ਰੰਗ ਦਾ ਇੱਕ ਤੁਬਕਾ ਵੀ ਨਹੀਂ ਪੈਣਾ ਚਾਹੀਦਾ। ਜਦਕਿ ਗੜਗੱਜ ਵੀ ਜਾਣਦਾ ਹੈ ਕਿ ਨਿਹੰਗਾਂ ਸਮੇਤ ਸਿੱਖ ਵੀ ਹੋਲੀ ਮਨਾਉਂਦੇ ਰਹੇ ਹਨ। ਇਹ ਗੱਲ ਕਹਿਣੀ ਤਾਂ ਜਾਇਜ਼ ਹੈ ਕਿ ਹੋਲੀ ਖੇਡਣ ਵਾਲੇ ਇੱਕ ਦੂਜੇ `ਤੇ ਹੀ ਰੰਗ ਸੁਟਣ ਅਤੇ ਰਾਹ ਜਾਂਦਿਆਂ ਨੂੰ ਪ੍ਰੇਸ਼ਾਨ ਨਾ ਕਰਨ ਪਰ ਕਿਸੇ ਸਿੱਖ `ਤੇ ਰੰਗ ਦਾ ਤੁਬਕਾ ਨਾ ਡਿੱਗੇ ਧਮਕੀ ਦੇਣ ਦੇ ਤੁੱਲ ਹੈ। ਸੜਕਾਂ ਕਿਨਾਰੇ ਲੰਗਰ ਅਤੇ ਛਬੀਲਾਂ ਮੌਕੇ ਟਰੈਫਿਕ ਨੂੰ ਝੰਜਟ ਪਾ ਦਿੱਤਾ ਜਾਂਦਾ ਹੈ। ਪਰ ਕਦੇ ਕੋਈ ਜਥੇਦਾਰ ਨਹੀਂ ਆਖਦਾ ਕਿ ਜਿਸ ਰਾਹਗੀਰ ਨੂੰ ਲੰਗਰ-ਪਾਣੀ ਦੀ ਚਾਹਤ ਹੋਵੇ ਉਸ ਨੂੰ ਹੀ ਛਕਾਇਆ ਜਾਵੇ ਤੇ ਸੜਕੀ ਆਵਾਜਾਈ ਵਿਚ ਕੋਈ ਵਿਘਨ ਨਾ ਪਾਇਆ ਜਾਵੇ। ਕਹਿੰਦੇ ਹਨ ਕਿ ਲਾਹੌਰ ਦੀ ਬਸੰਤ ਪੰਚਮੀ ਬਹੁਤ ਮਸ਼ਹੂਰ ਹੁੰਦੀ ਸੀ ਅਤੇ ਮਹਾਰਾਜਾ ਰਣਜੀਤ ਦੇ ਰਾਜਕਾਲ ਵਿਚ ਹੋਰ ਵੀ ਧੂਮਧਾਮ ਨਾਲ ਮਨਾਈ ਜਾਂਦੀ ਸੀ। ਇਸ ਦਿਨ ਲਾਹੌਰ ਦੇ ਹਰ ਗਲੀ ਮੁਹੱਲੇ ਵਿਚ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਸਨ ਪਰ ਇਸਲਾਮਿਕ ਕੱਟੜਪੰਥੀਆਂ ਨੇ ਇਸ ਨੂੰ ਹਿੰਦੂਆਂ ਦਾ ਤਿਉਹਾਰ ਗਰਦਾਨ ਕੇ 20 ਕੁ ਸਾਲ ਪਹਿਲਾਂ ਗੈਰ-ਕਾਨੂੰਨੀ ਕਰਵਾ ਦਿੱਤਾ ਪਰ ਲਾਹੌਰੀਏ ਰਾਤ ਨੂੰ ਚੋਰੀ ਪਤੰਗਬਾਜ਼ੀ ਕਰਦੇ ਰਹੇ ਕਿਉਂਕਿ ਇਹ ਉਨ੍ਹਾਂ ਦੇ ਡੀਐਨਏ ਦਾ ਹਿੱਸਾ ਸੀ। ਬੈਨ ਕਰਨ ਨਾਲ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਇਆ ਜਿਸ ਬਾਰੇ ਹੁਣ ਕਈ ਰਿਪੋਰਟਾਂ ਉਪਲਬਧ ਹਨ। ਇਸ ਸਾਲ ਸਰਕਾਰ ਨੇ ਲਾਹੌਰ ਵਿਚ ਬਸੰਤ ਪੰਚਮੀ ਅਤੇ ਪਤੰਗਬਾਜ਼ੀ ਤੋਂ ਪਾਬੰਦੀ ਹਟਾ ਦਿੱਤੀ ਹੈ। ਕੀ ਸਾਡੇ ਜਥੇਦਾਰ ਪਾਕਿਸਤਾਨ ਮੁਲਾਣਿਆਂ ਨਾਲੋਂ ਵੀ ਵਧ ਕੇ ਸਨਾਤਨ ਦਾ ਵਿਰੋਧ ਕਰਨ ਨਹੀਂ ਤੁਰ ਪਏ ਹਨ?
ਪਿੱਛੇ ਜਿਹੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਇੱਕ ਅਪਰਾਧੀ ਵਾਂਗ ਫਰਸ਼ `ਤੇ ਬਿਠਾ ਕੇ ਸਜ਼ਾ ਮੰਗਵਾਈ ਸੀ ਅਤੇ ਦੋਸ਼ ਇਹ ਲਗਾਇਆ ਗਿਆ ਸੀ ਕਿ ਕਰਮਜੀਤ ਸਿੰਘ ਨੇ ਇੱਕ ਸਮਾਗਮ ਵਿਚ ਆਰ.ਐਸ.ਐਸ. ਦੇ ਚੀਫ ਮੋਹਨ ਭਾਗਵਤ ਸਾਹਮਣੇ ਇਹ ਆਖ ਦਿੱਤਾ ਸੀ ਕਿ ਵੈਦਿਕ ਫਿਲਾਸਫੀ ਵਿਚ ‘ਸਰਬੇ ਭਵਾਂਤੂ ਸੁਖੀਨਾ (ਹਰ ਥਾਂ ਸੁੱਖ ਹੋਵੇ)’ ਆਖਿਆ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਸਿਰਫ਼ ਏਨਾ ਅਖਣ ਨਾਲ ਸਿੱਖ ਪੰਥ ਦੀ ਬਹੁਤ ਹੇਠੀ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਨੂੰ ਤਲਬ ਕਰ ਲਿਆ ਸੀ। ਜਥੇਦਾਰ ਦੇ ਹੁਕਮ ਤੋਂ ਡਰਦਿਆਂ ਕਰਮਜੀਤ ਸਿੰਘ ਨੇ ਹੱਥ ਜੋੜ ਕੇ ਖਿਮਾਂ ਜਾਚਨਾ ਦੀ ਬੇਨਤੀ ਕਰ ਦਿੱਤੀ ਸੀ। ਅਤੇ ਜਥੇਦਾਰ ਗੜਗੱਜ ਨੇ ਉਸ ਨੂੰ ਭਾਂਡੇ ਮਾਂਜਣ, ਜੋੜੇ ਸਾਫ ਕਰਨ, ਕਾਨ੍ਹ ਸਿੰਘ ਨਾਭਾ ਦੀ ਲਿਖਤ ਕਿਤਾਬ ‘ਹਮ ਹਿੰਦੂ ਨਹੀਂ’ ਮੁਫਤ ਵੰਡਣ ਅਤੇ ਫਿਰ ਪ੍ਰਸ਼ਾਦ ਕਰਵਾਉਣ ਦੀ ਤਨਖਾਹ ਲਗਾਈ ਸੀ। ਆਪਣਾ ਫੈਸਲਾ ਸੁਣਾਉਣ ਪਿੱਛੋਂ ਜਥੇਦਾਰ ਨੇ ਚਾਂਸਲਰ ਕਰਮਜੀਤ ਸਿੰਘ ਨੂੰ ਹੁਕਮ ਕਰਦਿਆਂ ਇੰਝ ਕਿਹਾ, ‘ਚਲ ਨਮਸਕਾਰ ਕਰ ਕੇ ਬੈਠ ਜਾਹ।’ ਕੀ ਜਥੇਦਾਰ ਗੜਗੱਜ ਸਾਹਿਬ ਭੁੱਲ ਗਏ ਹਨ ਕਿ ‘ਨਮਸਕਾਰ’ ਸ਼ਬਦ ਅਸਲ ਵਿਚ ਵੈਦਿਕ ਫਿਲਾਸਫੀ ਦਾ ਹੀ ਹਿੱਸਾ ਹੈ?
ਇਸ ਸਫਲਤਾ ਤੋਂ ਉਤਸ਼ਾਹਿਤ ਹੋਏ ਜਥੇਦਾਰ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਮਨ ਕਰ ਲਿਆ ਸੀ ਅਤੇ ਸਿਆਸੀ ਚਾਲ ਚਲਦਿਆਂ ਮਾਨ ਨੇ ਪੇਸ਼ ਹੋਣਾ ਮੰਨ ਲਿਆ ਸੀ। ਪਰ ਦਾਹੜੀ-ਕੇਸ ਕੁਤਰੇ ਹੋਣ ਕਾਰਨ ਗੜਗੱਜ ਨੇ ਉਸ ਨੂੰ ਸ੍ਰੀ ਅਕਾਲ ਤਖ਼ਤ ਦੀ ਥਾਂ ਆਪਣੇ ਦਫਤਰ ਵਿਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ ਅਤੇ ਸੀ.ਐਮ. ਮਾਨ ਬੀਬਾ ਪੁੱਤ ਬਣ ਕੇ ਜਥੇਦਾਰ ਸਾਹਮਣੇ ਹੱਥ ਜੋਣ ਕੇ ਫਰਸ਼ `ਤੇ ਬੈਠ ਗਿਆ ਸੀ। ਇਸ ਨਾਲ ਸੁਨੇਹਾ ਇਹ ਗਿਆ ਕਿ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਵੀ ਸਿੱਖਾਂ ਦੇ ਕਥਿਤ ਜਥੇਦਾਰ ਤੋਂ ਰੁਤਬੇ ਵਿਚ ਛੋਟਾ ਹੈ।
ਇਸ ਤੋਂ ਕੁਝ ਸਮਾਂ ਪਹਿਲਾਂ ਜਥੇਦਾਰ ਰਿਹਾ ਰਣਜੀਤ ਸਿੰਘ ਘਟੌੜਾ ਤਾਂ ਵਿਰੋਧੀਆਂ ਨੂੰ ਝੱਟ ਗਾਲੀ ਗਲੋਚ ਕਰਨ ਲੱਗ ਜਾਂਦਾ ਸੀ ਅਤੇ ਇੱਕ ਸਿੱਖ ਬੁਧੀਜੀਵੀ ਦੀ ਘਟੌੜਾ ਨੇ ਬਾਂਹ ਵੀ ਮਰੋੜ ਦਿੱਤੀ ਸੀ। ਭਾਈ ਰਣਜੀਤ ਸਿੰਘ ਸਮਝਦਾ ਸੀ ਕਿ ਸਿੱਖਾਂ ਦੀ ਸਰਬਉਚ ਅਦਾਲਤ ਦੇ ਚੀਫ ਜੱਜ ਹੋਣ ਕਾਰਨ ਅਜੇਹਾ ਕਰਨਾ ਉਸ ਦਾ ਹੱਕ ਬਣਦਾ ਹੈ। ਉਸ ਨੂੰ ਤਾਂ ਜਥੇਦਾਰ ਬਣਾਇਆ ਹੀ ਇਸ ਲਈ ਗਿਆ ਸੀ ਕਿਉਂਕਿ ਉਸਨੇ ਨਿਰੰਕਾਰੀ ਮੁਖੀ ਦਾ ਸੋਧਾ ਲਗਾ ਕੇ ਸਿੱਖ ਪੰਥ ਦੀ ਬਹੁਤ ‘ਸੇਵਾ’ ਕੀਤੀ ਸੀ। ਮੌਕੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ ਅਤੇ ਕੁਝ ਹੋਰ ਸਿੱਖ ਆਗੂਆਂ ਨੇ ਕੇਂਦਰ ਸਰਕਾਰ `ਤੇ ਦਬਾਅ ਪਾ ਕੇ ਇਸ ਕੈਦ ਭੁਗਤ ਰਹੇ ਕਾਤਲ ਨੂੰ ਅਗਾਊਂ ਪੈਰੋਲ (ਰਿਹਾਈ) ਵੀ ਦੁਆ ਲਈ ਸੀ।
ਭਾਈ ਰਣਜੀਤ ਸਿੰਘ ਤੋਂ ਪਹਿਲਾਂ ਐਕਟਿੰਗ ਜਥੇਦਾਰ ਪ੍ਰੋ. ਦਰਸ਼ਨ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਸੀ ਅਤੇ ਦਾਅਵਾ ਕਰਦਾ ਹੁੰਦਾ ਸੀ ਕਿ ਸਿੱਖ ਪਾਣੀ ਦੀ ਮੁਆਫਕ ਹੈ। ਇਸ ਦੇ ਹੇਠ ਅੱਗ ਬਾਲੋ ਤਾਂ ਇਹ ਉਬਲਦੇ ਪਾਣੀ ਵਾਂਗ ਉਤਾਂਹ ਜਾਂਦਾ ਹੈ। ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿਚੋਂ ਖਾੜਕੂ ਨੌਜਵਾਨਾਂ ਨੂੰ ਫੜਨ ਲਈ ਪੁਲਿਸ ਭੇਜਣ ਦੇ ਦੋਸ਼ ਵਿਚ ਤਲਬ ਕਰ ਲਿਆ ਸੀ ਅਤੇ ਬਰਨਾਲਾ ਜਦ ਨਿਮਾਣੇ ਸਿੱਖ ਵਜੋਂ ਪੇਸ਼ ਹੋ ਗਿਆ ਤਾਂ ਦਰਸ਼ਨ ਸਿੰਘ ਨੇ ਬਰਨਾਲਾ ਨੂੰ ਸਾਫਾ (ਅਰਦਾਸੀਆ) ਪਾ ਕੇ ਥਮਲੇ ਨਾਲ ਬੰਨ੍ਹ ਲਿਆ ਸੀ। ‘ਪਾਣੀ ਮੁਆਫਕ ਉਤਾਂਹ ਜਾਂਦੇ ਸਿੱਖ ਨੌਜਵਾਨਾਂ’ ਦਾ ਇੱਕ ਜਥਾ ਜਦ ਜ਼ਿਆਦਾ ਉਬਾਲੇ ਮਾਰਨ ਲੱਗ ਪਿਆ ਤਾਂ ਦਰਸ਼ਨ ਸਿੰਘ ਉਨ੍ਹਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦੇ ਬੈਠਾ ਸੀ। ਫਿਰ ਕੀ ਸੀ, ਜਦ ਉਨ੍ਹਾਂ ਬੁੱਕਲਾਂ ਵਿਚ ਛੁਪਾਏ ਸ਼ਸਤਰ ਦਿਖਾਏ ਤਾਂ ਜਥੇਦਾਰ ਦਰਸ਼ਨ ਸਿੰਘ ਅਕਾਲ ਤਖ਼ਤ ਤੋਂ ਭੱਜ ਕੇ ਜ਼ੀਰਕਪੁਰ ਜਾ ਬੈਠਾ ਸੀ। ਉਸਨੇ ਫਿਰ ਕਦੇ ਅਕਾਲ ਤਖ਼ਤ ਵੱਲ ਮੂੰਹ ਨਹੀਂ ਸੀ ਕੀਤਾ ਅਤੇ ਦੁਬਾਰਾ ਕੀਰਤਨ ਸੁLਰੂ ਕਰ ਲਿਆ ਸੀ। ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਨਵੇਂ ਆਏ ਜਥੇਦਾਰ ਨੇ ਪ੍ਰੋ. ਦਰਸ਼ਨ ਸਿੰਘ ਨੂੰ ਉਸੇ ਕੌੜੀ ਦਵਾਈ ਦੀ ਇੱਕ ਮੋਟੀ ਖੁਰਾਕ ਦੇ ਦਿੱਤੀ ਸੀ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੀ ਆਇਆ। ਅਗਲਿਆਂ ਨੇ ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਸਿੱਖੀ ਵਿਚੋਂ ਖਾਰਜ ਕਰ ਦਿੱਤਾ ਸੀ ਅਤੇ ਦੇਸ਼ ਵਿਦੇਸ਼ ਦੇ ਕਈ ਗੁਰਦੁਆਰਿਆਂ ਵਿਚ ਉਸ ਦਾ ਕੀਰਤਨ ਵੀ ਬੰਦ ਕਰ ਦਿੱਤਾ ਸੀ, ਜੋ ਅਜੇ ਤੱਕ ਬੰਦ ਹੈ।
ਹੁਣ ਗੱਲ ਕਰਦੇ ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿਉਬੰਦੀ ਮੌਲਵੀ ਮੌਲਾਨਾ ਸਜਾਦ ਨੋਮਾਨੀ ਦੀ ਆਉ-ਭਗਤ ਕਰਨ ਦੇ ਤੌਰ ਤਰੀਕੇ ਦੀ। ਇਸ ਵਕਤ ਸੰਸਾਰ ਵਿਚ 2 ਬਿਲੀਅਨ ਦੇ ਕਰੀਬ ਮੁਸਲਮਾਨ ਹਨ ਅਤੇ ਇਹ ਤੇਜ਼ੀ ਨਾਲ ਵਧ ਰਿਹਾ ਦੀਨ ਹੈ। ਇਨ੍ਹਾਂ ਵਿਚ 85 ਤੋਂ 90 ਫੀਸਦ ਸੁੰਨੀ ਫਿਰਕੇ ਦੇ ਮੁਸਲਮਾਨ ਹਨ ਜੋ ਕੱਟੜ ਮੰਨੇ ਜਾਂਦੇ ਹਨ। ਸੁੰਨੀਆਂ ਵਿਚ ਸਭ ਤੋਂ ਕੱਟੜ ਦੇਉਬੰਦੀ ਮੁਸਲਮਾਨ ਹਨ ਜਿਨ੍ਹਾਂ ਦੀ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਿਚ ਤੂਤੀ ਬੋਲਦੀ ਹੈ। ਲਖਨਊ (ਯੂਪੀ) ਤੋਂ ਇਹ ਪ੍ਰਸਿਧ ਦੇਉਬੰਦੀ ਮੌਲਵੀ ਸਜਾਦ ਨੋਮਾਨੀ ਉਸ ਵਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮਹਿਮਾਨ ਬਣਦਾ ਹੈ, ਜਦ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਦਾ ਕਾਇਮ ਮੁਕਾਮ ਜਥੇਦਾਰ ਸੀ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਸਜ਼ਾਵਾਂ ਸੁਣਾਉਣ ਦਾ ਦਮ ਰੱਖਦਾ ਸੀ। ਪਿੱਛੋਂ ਇਹ ਦਿਉਬੰਦੀ ਮੌਲਵੀ ਮੁਸਲਮਾਨਾਂ ਦੇ ਇੱਕ ਵੱਡੇ ਜਲਸੇ ਵਿਚ ਜਥੇਦਾਰ ਅਕਾਲ ਤਖ਼ਤ ਵਲੋਂ ਉਸਦੀ ਕੀਤੀ ਗਈ ਆਉ ਭਗਤ ਦਾ ਜ਼ਿਕਰ ਆਪਣੇ ਭਾਸ਼ਣ ਵਿਚ ਕਰਦਾ ਹੈ। ਜਿਸ ਦੌਰਾਨ ਕਈ ਵਾਰ ਤਾੜੀਆਂ ਵੱਜਦੀਆਂ ਹਨ। ਇਸ ਮੌਲਵੀ ਦੇ ਉਰਦੂ ਵਿਚ ਦਿੱਤੇ ਭਾਸ਼ਣ ਦਾ ਸਰਲ ਪੰਜਾਬੀ ਵਿਚ ਤਰਜਮਾ ਚਾਰ ਕੁ ਪਹਿਰਿਆਂ ਵਿਚ ਹੇਠਾਂ ਦਿੱਤਾ ਗਿਆ ਹੈ, ਜਿਸ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ।
ਮੌਲਵੀ ਇੰਝ ਗੱਲ ਸ਼ੁਰੂ ਕਰਦਾ ਹੈ, ‘ਅਸੀਂ ਆਪਣੇ ਦੇਸ਼ ਦੀ ਜ਼ਮੀਨੀ ਅਸਲੀਅਤ ਨੂੰ ਨਹੀਂ ਜਾਣਦੇ ਅਸੀਂ ਮੀਡੀਆ ਰਾਹੀਂ ਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਮੀਨੀ ਪੱਧਰ `ਤੇ ਤੁਹਾਡੇ ਵਿਚੋਂ ਸ਼ਾਇਦ ਹੀ ਕੋਈ ਏਨਾ ਜਾਣਦਾ ਹੋਵੇਗਾ ਜਿੰਨਾ ਮੈਂ ਕਈ ਬੀਮਾਰੀਆਂ ਦੇ ਬਾਵਜੂਦ ਲਗਾਤਾਰ ਸਫਰ (ਯਾਤਰਾ) ਕਰ ਰਿਹਾ ਹਾਂ ਅਤੇ ਮੈਂ ਹੁਣੇ ਪੰਜਾਬ ਦੀ ਯਾਤਰਾ ਕਰਕੇ ਆਇਆ ਹਾਂ। ਦੋ-ਤਿੰਨ ਸਾਲ ਪਹਿਲਾਂ ਵੀ ਪੰਜਾਬ ਗਿਆ ਸਾਂ। ਇਸ ਵਾਰ ਮੈਂ ਸਿੱਖ ਲੀਡਰਾਂ ਦੀ ਦਾਅਵਤ `ਤੇ ਪੰਜਾਬ ਗਿਆ ਸੀ। ਆਪ ਨੂੰ ਹੈਰਾਨੀ ਹੋਵੇਗੀ ਕਿ ਮੀਡੀਆ ਕਿਸ ਹੱਦ ਤੱਕ ਖ਼ਬਰਾਂ ਨੂੰ ਛੁਪਾਉਣ ਦਾ ਮੁਜਰਮ ਹੈ। ਜੋ ਸਿੱਖਾਂ ਦੇ ਸਾਰੀ ਦੁਨੀਆਂ ਵਿਚ ਸਭ ਵੱਡੇ ਰੂਹਾਨੀ ਆਗੂ ਹਨ/ਆਗੂ ਸਨ, ਜਥੇਦਾਰ ਸਨ, ਦਰਬਾਰ ਸਾਹਿਬ ਦੇ ਗੋਲਡਨ ਟੈਂਪਲ ਦੇ। ਯਾਨੀ ਪੂਰੀ ਦੁਨੀਆਂ ਦੇ ਸਿੱਖਾਂ ਦੇ ਸਭ ਤੋਂ ਵੱਡੇ ਧਰਮੀ ਆਗੂ ਗਿਆਨੀ ਹਰਪ੍ਰੀਤ ਸਿੰਘ। ਮੈਂ ਉਨ੍ਹਾਂ ਨਾਲ ਫੋਨ `ਤੇ ਗੱਲ ਕੀਤੀ ਕਿ ਮੈਂ ਦਰਬਾਰ ਸਾਹਿਬ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਪਿਛਲੇ ਸਫਰ ਵਿਚ। ਉਨ੍ਹਾਂ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਜ਼ਰੂਰ ਜਾਉ ਪਰ ਮੇਰੇ ਨਾਲ ਮੁਲਾਕਾਤ ਮੈਂ ਚਾਹੁੰਦਾ ਹਾਂ ਮੇਰੇ ਘਰ ਵਿਚ ਹੋਵੇ। ਕਿਉਂਕਿ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਬਹੁਤ ਵਿਸਥਾਰ ਨਾਲ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਪਰ ਦਰਬਾਰ ਸਾਹਿਬ ਵਿਚ ਮੈਂ ਏਨਾ ਬਿਜ਼ੀ ਰਹਾਂਗਾ ਕਿ ਵਿਸਤਰਤ ਗੱਲਬਾਤ ਨਹੀਂ ਹੋ ਪਾਏਗੀ। ਇਸ ਲਈ ਮੈਂ 100 ਕਿਲੋਮੀਦਰ ਦਾ ਸਫਰ ਕਰਕੇ ਉਨ੍ਹਾਂ ਦੇ ਘਰ ਉਨ੍ਹਾਂ ਦੇ ਪਿੰਡ ਗਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਵੇਗੀ ਅਤੇ ਖੁਸ਼ੀ ਵੀ ਹੋਵੇਗੀ ਕਿ ਉਹ ਥੋੜ੍ਹੀ ਦੇਰ ਬਾਅਦ ਉੁਠ ਕੇ ਆਪਣੇ ਘਰ ਕਮਰੇ ਦੇ ਅੰਦਰ ਗਏ ਅਤੇ ਇਕ ਕਿਤਾਬ ਬਹੁਤ ਸੁੰਦਰ ਕਵਰ ਵਿਚ ਲਿਪਟੀ ਹੋਈ ਲਿਆਏ ਔਰ ਬਹੁਤ ਅਦਬ ਨਾਲ ਗੋਡਿਆਂ ਭਾਰ ਹੋ ਕੇ ਮੈਨੂੰ ਪੇਸ਼ ਕੀਤੀ। ਮੈਂ ਪੁੱਛਿਆ ਇਹ ਕੀ ਹੈ? ਤਾਂ ਉਨ੍ਹਾਂ ਕਿਹਾ ਕਿ ਕਾਦੀਏ ਕੁਰਾਨ ਦਾ ਗੁਰਮੁਖੀ ਵਿਚ ਤਰਜਮਾ ਜੋ ਮੈਂ ਆਪ ਕੀਤਾ ਹੈ।’ ਇਹ ਸੁਣ ਕੇ ਮਜਲਸ ਵਿਚ ਤਾੜੀਆਂ ਵੱਜਦੀਆਂ ਹਨ। ਮੌਲਾਣਾ ਅੱਗੇ ਬੋਲਦਾ ਹੈ, ‘ਸੋਚੀਏ, ਕੀ ਅਸੀਂ ਸੋਚ ਸਕਦੇ ਹਾਂ ਕਿ ਪੂਰੀ ਦੁਨੀਆਂ ਦੇ ਸਿੱਖ ਮਜ਼ਹਬ ਨੂੰ ਮੰਨਣ ਵਾਲਿਆਂ ਦਾ ਰੂਹਾਨੀ ਆਗੂ ਕੁਰਾਨ ਦਾ ਤਰਜਮਾ ਕਰ ਚੁੱਕਾ ਹੈ ਔਰ ਸਾਨੂੰ ਖ਼ਬਰ ਵੀ ਨਹੀਂ ਹੈ। ਦਿੱਲੀ ਵਿਚ ਹੀ ਇਹ ਛਪਿਆ ਅਤੇ ਇਸ ਤੋਂ ਬਆਦ ਉਨ੍ਹਾਂ ਇੱਕ ਹੋਰ ਚੀਜ਼ ਮੈਨੂੰ ਤੋਅਫੇ ਵਿਚ ਦਿੱਤੀ। ਮੈਂ ਪੁੱਛਿਆ ਇਹ ਕੀ ਹੈ? ਤਾਂ ਉਨ੍ਹਾਂ ਕਿਹਾ ਕਿ ਇਹ ਮੇਰਾ ਪੀਐੱਚਡੀ ਦਾ ਥੀਸਸ ਹੈ ਇਸ `ਤੇ ਮੈਂ ਪਟਿਆਲਾ ਯੂਨੀਵਰਸਟੀ ਤੋਂ ਪੀਐੱਚਡੀ ਦੀ ਡਿਗਰੀ ਕੀਤੀ ਹੈ। ਮੈਂ ਪੁੱਛਿਆ ਕੀ ਸਬਜੈਕਟ ਹੈ ਇਸ ਦਾ? ਆਪ ਦੀਆਂ ਅੱਖਾਂ ਵਿਚ ਹੰਝੂ ਆ ਜਾਣਗੇ ਇਹ ਸੁਣ ਕੇ ਕਿ ਉਨ੍ਹਾਂ ਨੇ ਖੋਜ ਕਰ ਕੇ ਇਹ ਸਾਬਤ ਕੀਤਾ ਹੈ ਕਿ ਅੱਲਾਹ ਦੇ ਜੋ 99 ਨਾਮ ਗੁਰਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਦੱਸੇ ਹਨ ਇਹ ਉਹੀ ਖੁਦਾ ਦੇ 99 ਨਾਮ ਹਨ ਜੋ ਪੈਗੰਬਰ ਸਾਹਿਬ ਕੁਰਾਨ ਵਿਚ ਦੱਸਦੇ ਹਨ ਅਤੇ ਇਹ ਉਨ੍ਹਾਂ ਦਾ ਸਿੱਧਾ-ਸਿੱਧਾ ਗੁਰਮੁਖੀ ਜ਼ਬਾਨ ਵਿਚ ਤਰਜ਼ਮਾ ਹੈ।’ ਇਹ ਸੁਣ ਕੇ ਮਜਲਸ ਵਿਚ ਫਿਰ ਤਾੜੀਆਂ ਵੱਜਦੀਆਂ ਹਨ।
ਮੌਲਾਨਾ ਭਾਸ਼ਣ ਜਾਰੀ ਰੱਖਦਾ ਹੋਇਆ ਅੱਗੇ ਕਹਿੰਦਾ ਹੈ, ‘ਮੈਂ ਜਦ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਨ੍ਹਾਂ ਮੈਨੂੰ ਪੁੱਛਿਆ ਕਿ ਤੁਸੀਂ ਵਿਦਿਆ ਕਿੱਥੇ ਪ੍ਰਾਪਤ ਕੀਤੀ ਹੈ? ਮੈਂ ਪਹਿਲਾਂ ਤਾਂ ਮੁਸਕਰਾ ਕੇ ਪੁੱਛਿਆ ਕਿ ਤੁਸੀਂ ਇਹ ਸਵਾਲ ਮੈਨੂੰ ਕਿਉਂ ਕਰ ਰਹੇ ਹੋ? ਗੱਲ ਤਾਂ ਕਿਸੇ ਹੋਰ ਮੁੱਦੇ `ਤੇ ਚਲ ਰਹੀ ਸੀ। ਉਨ੍ਹਾਂ ਕਿਹਾ ਕਿ ਤੁਸੀਂ ਉਰਦੂ ਬੋਲ ਰਹੇ ਹੋ, ਹਿੰਦੀ ਬੋਲ ਰਹੇ ਹੋ, ਅੰਗਰੇਜ਼ੀ ਬੋਲ ਰਹੇ ਹੋ, ਤੁਸੀਂ ਫਾਰਸੀ ਸੁਣਾ ਰਹੇ ਹੋ ਅਤੇ ਸੰਸਕ੍ਰਿਤ ਦੇ ਮੰਤਰ ਪੜ੍ਹ ਰਹੇ ਹੋ ਆਪ ਅੰਗਰੇਜ਼ੀ ਬੋਲ ਰਹੇ ਹੋ ਅਤੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਕਿੱਥੇ ਪੜ੍ਹੇ ਹੋ? ਤਾਂ ਮੈਂ ਕਿਹਾ ਮੈਂ ਆਪਣੇ ਸ਼ਹਿਰ ਲਖਨਊ ਵਿਚ ਪੜ੍ਹਿਆ ਫਿਰ ਦਿਉਬੰਦ ਵਿਚ ਪੜ੍ਹਿਆ, ਅਲੀਗੜ੍ਹ ਵਿਚ ਕੁਝ ਵਕਤ ਗੁਜ਼ਾਰਿਆ ਅਤੇ ਫਿਰ ਮੈਂ ਇਸਲਾਮਿਕ ਯੂਨੀਵਰਸਟੀ ਮਦੀਨਾ (ਸਾਊਦੀ ਅਰਬ) ਵਿਚ ਪੜ੍ਹਿਆ ਅਤੇ ਉਥੋਂ ਮੈਂ ਖੋਜ ਮੁਕੰਮਲ ਕੀਤੀ। ਔਰ ਜਦ ਮਦੀਨੇ ਦਾ ਨਾਮ ਆਇਆ, ਇਹ ਸੁਣਾਉਣਾ ਚਾਹੁੰਦਾ ਹਾਂ ਕਿ ਮਦੀਨੇ ਦਾ ਨਾਮ ਆਇਆ ਤਾਂ ਉਹ ਗਾਲਬਿਨ ਸੋਫੇ ਤੋਂ ਉਤਰ ਕੇ ਹੇਠਾਂ ਬੈਠ ਗਏ ਮੈਂ ਕੁਰਸੀ `ਤੇ ਬੈਠਾ ਰਿਹਾ ਔਰ ਉਹ ਨੀਚੇ ਬੈਠ ਗਏ ਔਰ ਮੈਂ ਸਮਝਿਆ ਵੀ ਨਹੀਂ ਕਿ ਕਿਉਂ? ਉਹ ਆਖਣ ਲੱਗੇ ਤੁਸੀਂ ਮਦੀਨੇ ਤੋਂ ਆਏ ਹੋ ਅਤੇ ਮੈਂ ਆਪ ਦੇ ਪਾਸ (ਬਰਾਬਰ) ਨਹੀਂ ਬੈਠ ਸਕਦਾ ਤੁਸੀਂ ਕਿੰਨੇ ਭਾਗਸ਼ਾਲੀ ਕਿੰਨੇ ਲੱਕੀ ਹੋ? ਫਿਰ ਮੈਨੂੰ ਪੁੱਛਣ ਲੱਗੇ ਕਿ ਮੱਕਾ ਸ਼ਰੀਫ ਤੁਸੀਂ ਕਿੰਨੀ ਵਾਰ ਗਏ ਹੋ? ਮੈਂ ਕਿਹਾ ਕਿ ਮੈਂ ਸਾਢੇ ਅੱਠ ਪੌਣੇ ਨੌਂ ਸਾਲ ਉੱਥੇ ਗੁਜ਼ਾਰੇ ਹਨ ਔਰ ਹਰ ਮਹੀਨੇ ਡੇਢ ਮਹੀਨੇ ਬਾਅਦ ਅਸੀਂ ਉਮਰਾ (ਹੱਜ) ਕਰਨ ਜਾਂਦੇ ਸਾਂ ਮੈਂ ਨੌਜਵਾਨ ਸੀ ਉਸ ਵਕਤ ਸੋ ਹਰ ਮਹੀਨੇ ਜਾਂਦੇ ਸਾਂ ਇਸ ਲਈ ਗਿਣਤੀ ਕਰਨਾ ਹੀ ਮੁਸ਼ਕਲ ਹੈ ਕਿ ਕਿਤਨੀ ਵਾਰ ਮੱਕਾ ਗਏ ਹਾਂ? ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਗ ਪਏ ਔਰ ਕਹਿਣ ਲੱਗੇ ਕਿ ਤੁਸੀਂ ਕਿੰਨੇ ਖੁਸ਼ਨਸੀਬ ਹੋ ਕਿ ਆਪ ਨੇ ਮੱਕੇ ਦੇ ਏਨੇ ਦਰਸ਼ਨ ਕੀਤੇ ਹਨ ਮੇਰਾ ਕਿੰਨਾ ਦਿਲ ਕਰਦਾ ਹੈ ਕਿ ਮੈਂ ਮੱਕਾ ਜਾਵਾਂ, ਮਦੀਨਾ ਜਾਵਾਂ, ਮੈਂ ਪੜ੍ਹਦਾ ਹਾਂ ਕਿ ਗੁਰੂ ਨਾਨਕ ਮੱਕਾ ਗਏ ਸਨ, ਮੈਂ ਇਸ ਦੀਆਂ ਕਹਾਣੀਆਂ ਪੜ੍ਹਦਾ ਹਾਂ ਕਿ ਉਹ ਬਗ਼ਦਾਦ ਗਏ ਸਨ, ਉਹ ਬਾਬਾ ਫਰੀਦ ਸ਼ਕਰਗੰਜ ਦੇ ਮੁਰੀਦ (ਚੇਲੇ) ਸਨ। ਮੈਂ ਇਹ ਸਭ ਕੁਝ ਪੜ੍ਹਦਾ ਹਾਂ ਅਤੇ ਮੇਰੇ ਅੰਦਰ ਬਹੁਤ ਜਜ਼ਬਾਤ ਹਨ। ਫਿਰ ਅੱਗੇ ਚੱਲ ਕੇ ਉਨ੍ਹਾਂ ਨਾਲ ਕੀ ਗੱਲਾਂ ਹੋਈਆਂ ਉਹ ਬਹੁਤ ਲੰਬੀ ਕਹਾਣੀ ਹੈ।’
ਮੌਲਾਣਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਾਣ ਬਾਰੇ ਪੱਕੀ ਮੋਹਰ ਲਗਾਉਂਦਾ ਹੋਇਆ ਅੱਗੇ ਇੰਜ ਆਖਦਾ ਹੈ, ‘ਉਨ੍ਹਾਂ ਦੀ ਇੱਕ ਛੋਟੀ ਬੱਚੀ, ਦਰਅਸਲ ਮੈਂ ਜਾਣਦਾ ਵੀ ਨਹੀਂ ਸੀ ਕਿ ਇਹ ਉਨ੍ਹਾਂ ਦੀ ਬੱਚੀ ਹੈ, ਉਹ ਕਮਰੇ ਦੇ ਦਰਵਾਜ਼ੇ `ਤੇ ਆ ਕੇ ਖੜ੍ਹੀ ਹੋ ਜਾਂਦੀ ਸੀ ਅਤੇ ਦੂਰ ਤੋਂ ਸਾਨੂੰ ਦੋਵਾਂ ਨੂੰ ਵੇਖਦੀ ਰਹਿੰਦੀ ਸੀ। ਜਦ ਇੱਕ ਦੋ ਵਾਰ ਇਸ ਤਰ੍ਹਾਂ ਹੋਇਆ ਤਾਂ ਮੈਂ ਉਨ੍ਹਾਂ ਨੂੰ (ਜਥੇਦਾਰ ਨੂੰ) ਕਿਹਾ ਕਿ ਬੱਚੀ ਆਪ ਨੂੰ ਕੁਝ ਕਹਿਣਾ ਚਾਹੁੰਦੀ ਹੈ, ਸ਼ਾਇਦ ਮੇਰੇ ਕਾਰਨ ਅੰਦਰ ਨਹੀਂ ਆ ਰਹੀ ਔਰ ਆਪ ਬੱਚੀ ਦੀ ਗੱਲ ਸੁਣ ਲਉ। ਤਾਂ ਉਨ੍ਹਾਂ ਕਿਹਾ ਨਹੀਂ ਉਹ ਕਹਿਣਾ ਕੁਝ ਨਹੀਂ ਚਾਹੁੰਦੀ ਕਿਉਂਕਿ ਮੈਂ ਘਰ ਵਿਚ ਦੱਸਿਆ ਸੀ ਆਪਣੀ ਘਰਵਾਲੀ ਨੂੰ ਕਿ ਇੱਕ ਸਾਹਿਬ ਆਏ ਹੋਏ ਹਨ ਮੱਕਾ-ਮਦੀਨਾ ਵਾਲੇ ਔਰ ਮਾਂ ਆਪਣੀ ਬੇਟੀ ਨੂੰ ਵਾਰ-ਵਾਰ ਭੇਜ ਰਹੀ ਹੈ ਕਿ ਬੇਟਾ ਘਰ ਮੇਂ (ਅੰਦਰ) ਮਤ ਰਹੋ ਇਹ ਬਹੁਤ ਸ਼ੁਭ ਘੜੀ ਹੈ, ਬੱਸ ਦੂਰ ਤੋਂ ਦਰਸ਼ਨ ਕਰਦੀ ਰਹੋ ਕੋਈ ਸਾਹਿਬ ਆਏ ਹਨ ਮੱਕਾ-ਮਦੀਨਾ ਵਾਲੇ।’ ਜਲਸੇ ਵਿਚ ਫਿਰ ਖੂਬ ਤਾੜੀਆਂ ਵੱਜਦੀਆਂ ਹਨ ਅਤੇ ਇਸ ਮੁਲਾਕਾਤ ਬਾਰੇ ਭਾਸ਼ਣ ਏਥੇ ਖ਼ਤਮ ਹੋ ਜਾਂਦਾ ਹੈ।
ਕਾਸ਼ ਕੁਰਾਨ ਦਾ ਤਰਜਮਾ ਪੰਜਾਬੀ ਵਿਚ ਕਰਨ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਰਾਨ ਨੂੰ ਅਸਲ ਵਿਚ ਪੜ੍ਹਿਆ ਹੁੰਦਾ। ਕਾਸ਼ ਇਸਲਾਮ `ਤੇ ਪੀ.ਐੱਚਡੀ ਕਰਨ ਵਾਲੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਸਲਾਮਿਕ ਹਦੀਸਾਂ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ। ਕਾਸ਼ ਹਰਪ੍ਰੀਤ ਸਿੰਘ ਨੇ ਹਜ਼ਰਤ ਮੁਹੰਮਦ ਵਲੋਂ ਮਦੀਨਾ ਦੇ ਇਲਾਕੇ ਵਿਚ ਵੱਸਦੇ ਤਿੰਨ ਜਹੂਦੀ ਕਬੀਲਿਆਂ ਦੇ ਸਮੂਹਕ ਕਤਲੇਆਮ ਬਾਰੇ ਪੜ੍ਹਿਆ ਹੁੰਦਾ ਜਿਸ ਵਿਚ 10 ਕੁ ਸਾਲ ਦੇ ਮੁੰਡੇ ਤੋਂ ਬਜ਼ੁਰਗ ਤੱਕ ਹਰ ਯਹੂਦੀ ਮਰਦ ਕਤਲ ਕਰ ਦਿੱਤਾ ਗਿਆ ਅਤੇ ਹਰ ਔਰਤ ਰਖੇਲ ਬਣਾ ਲਈ ਗਈ। ਮੱਕੇ ਵਿਚ ਦਾਲ ਨਾ ਗਲਦੀ ਵੇਖ ਕੇ ਮੁਹੰਮਦ ਆਪਣੇ 5-6 ਦਰਜਨ ਚੇਲਿਆਂ ਸਮੇਤ ਮੱਕੇ ਤੋਂ ਮਦੀਨੇ ਇੱਕ ਰੂਹਾਨੀ ਸੰਤ ਵਜੋਂ ਅੱਲ੍ਹਾ ਦਾ ਸੁਨੇਹਾ ਲੈ ਕੇ ਮਹਿਮਾਨ ਵਜੋਂ ਗਿਆ ਸੀ। ਕਤਲੇਆਮ ਪਿੱਛੋਂ ਮਦੀਨੇ ਦਾ ਮਾਲਕ ਬਣ ਬੈਠਾ ਅਤੇ ਫਿਰ ਮੱਕਾ ਸਮੇਤ ਹੋਰ ਇਲਾਕਿਆਂ `ਤੇ ਹਮਲੇ, ਕਤਲੇਆਮ ਅਤੇ ਕਬਜ਼ੇ ਕਰਦਾ ਗਿਆ। ਇਹ ਸਾਰੀਆਂ ਗੱਲਾਂ ਇਸਲਾਮ ਵਿਰੋਧੀਆਂ ਦੀਆਂ ਨਹੀਂ ਹਨ, ਸਗੋਂ ਪਵਿਤਰ ਹਦੀਸਾਂ ਵਿਚ ਦਰਜ ਹਨ। ਜਥੇਦਾਰ ਨੇ ਤੁਲਨਾਤਮਿਕ ਅਧਿਐਨ ਦੇ ਖੇਤਰ ‘ਚ ਡਾਕਟਰੇਟ ਕੀਤੀ ਹੋਈ ਹੈ। ਕਾਸ਼ ਉਸਨੇ ਪੰਜਾਬ ਯੂਨੀਵਰਸਿਟੀ ਵਿਚੋਂ ਸਰ ਵਿਲੀਅਮ ਮੈਮੂਰ ਜਾਂ ਕਿਸੇ ਹੋਰ ਚੱਜ ਦੇ ਵਿਦਵਾਨ ਦੀ ਮੁਹੰਮਦ ਸਾਹਿਬ ਦੀ ਜੀਵਨੀ ਪੜ੍ਹੀ ਹੁੰਦੀ। ਸੰਸਾਰ ਪ੍ਰਸਿਧ ਸੁਮਾਲੀਅਨ ਬੁੱਧੀਜੀਵੀ ਔਰਤ ਈਅਨ ਹੀਰਸੀ ਅਲੀ ਦੀ ਕੋਈ ਕਿਤਾਬ ਪੜ੍ਹੀ ਹੁੰਦੀ ਜਾਂ ਕੋਈ ਲੈਕਚਰ ਸੁਣਿਆ ਹੁੰਦਾ ਜੋ ਇੱਕ ਕੱਟੜ ਇਸਲਾਮਿਕ ਪਰਿਵਾਰ ਵਿਚ ਪੈਦਾ ਹੋਈ ਸੀ ਅਤੇ ਫਿਰ ਸਵੀਡਨ ਪਲਾਇਨ ਕਰ ਗਈ ਤੇ ਸੰਸਦ ਮੈਂਬਰ ਵੀ ਰਹੀ। ਸਵੀਡਨ ਛੱਡ ਕੇ ਹੁਣ ਉਹ ਅਮਰੀਕਾ ਜਾ ਵਸੀ ਹੈ ਅਤੇ ਇਸਲਾਮ ਦੀ ਮਾਹਿਰ ਮੰਨੀ ਜਾਂਦੀ ਹੈ। ਮੇਰੀ ਹਰਪ੍ਰੀਤ ਸਿੰਘ ਨੂੰ ਸਲਾਹ ਹੈ ਕਿ ਪਾਕਿਸਤਾਨੀ ਮੂਲ ਦੇ ਵਿਦਵਾਨ ਇਵਨ ਬਰਗ ਦੀ ਕਿਤਾਬ ‘ਵਾਈ ਆਈ ਐਮ ਨੌਟ ਮੁਸਲਿਮ’ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਉਸਨੂੰ ਇਸਲਾਮ ਬਾਰੇ ਚਾਨਣ ਹੋ ਜਾਵੇਗਾ। ਕਾਸ਼ ਹਰਪ੍ਰੀਤ ਸਿੰਘ ਨੇ ਇਰਾਨ ਦੇ ਜੰਮਪਲ ਮੁਸਲਮਾਨ ਅਲੀ ਸੀਨਾ ਦੀ ਕਿਤਾਬ ‘ਅੰਡਰਸਟੈਂਡਿੰਗ ਮੁਹੰਮਦ’ ਪੜ੍ਹੀ ਹੁੰਦੀ ਜੋ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਹੋਰ ਭਾਸ਼ਾਵਾਂ ਵਿਚ ਨੈੱਟ `ਤੇ ਮੁਫਤ ਉਪਲੱਬਧ ਹੈ। ਕਾਸ਼ ਹਰਪ੍ਰੀਤ ਸਿੰਘ ਨੇ ਚੋਟੀ ਦੇ ਸਾਬਕਾ ਮੁਸਲਮਾਨਾਂ ਵਿਚੋਂ ਕਿਸੇ ਨੂੰ ਯੂਟਿਊਬ `ਤੇ ਸੁਣਿਆ ਹੁੰਦਾ, ਜਿਨ੍ਹਾਂ ਵਿਚ ਸਲੀਮ ਵਾਸਟਿਕ, ਅਵੇਸ ਇਕਬਾਲ, ਕੁਰਾਨਵਾਲਾ, ਸਾਹਿਲ, ਐਡਮ ਸੀਕਰ, ਹੈਰਿਸ ਸੁਲਤਾਨ ਵਰਗੇ ਦਰਜਨਾਂ ਮਾਹਿਰ ਸ਼ਾਮਲ ਹਨ। ਕਾਸ਼ ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਇਤਿਹਾਸ ਅਤੇ ਇਸਲਾਮਿਕ ਕਹਿਰ ਦਾ ਇਤਿਹਾਸ ਹੀ ਪੜ੍ਹਿਆ ਹੁੰਦਾ।
ਜਥੇਦਾਰ ਜਿਸ ਮੌਲਾਨਾ ਸਜਾਦ ਨੋਮਾਨੀ ਦੇ ਮੁਰੀਦ ਬਣ ਕੇ ਜ਼ਮੀਨ `ਤੇ ਬੈਠ ਗਏ ਸਨ। ਉਹ ਮੌਲਾਨਾ ਅਫ਼ਗਾਨਿਸਤਾਨ ਵਿਚ ਤਾਲਿਬਾਨ ਹਕੂਮਤ ਦਾ ਸਮਰਥਕ ਹੈ ਅਤੇ ਲੜਕੀਆਂ ਦੀ ਵਿਦਿਆ ਦੇ ਬਿਲਕੁਲ ਖ਼ਿਲਾਫ਼ ਹੈ। ਏਥੋਂ ਤੱਕ ਕਿ ਉਹ ਲੜਕੀਆਂ ਨੂੰ ਬੁਰਕਾ ਪਾ ਕੇ ਸਕੂਲ ਭੇਜਣ ਦੇ ਵੀ ਖ਼ਿਲਾਫ਼ ਹੈ। ਜਥੇਦਾਰ ਹਰਪ੍ਰੀਤ ਸਿੰਘ ਇਸ ਮੌਲਾਣਾ ਦਾ ਮੁਰੀਦ ਬਣ ਕੇ ਜ਼ਮੀਨ `ਤੇ ਬੈਠ ਜਾਂਦਾ ਹੈ। ਇਸਲਾਮ ਵਿਚ ਜੇ ਕਿਸੇ ਔਰਤ ਦਾ ਬਲਾਤਕਾਰ ਹੋ ਜਾਵੇ ਤਾਂ ਔਰਤ ਨੂੰ ਬਲਾਤਕਾਰ ਦਾ ਦੋਸ਼ ਲਗਾਉਣ ਲਈ ਚਾਰ ਮਰਦ ਗਵਾਹ ਚਾਹੀਦੇ ਹਨ ਨਹੀਂ ਤਾਂ ਉਲਟਾ ਔਰਤ ਨੂੰ ਚਰਿੱਤਰਹੀਣ ਦੇ ਦੋਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤ ਦੀ ਗਵਾਹੀ ਮਰਦ ਨਾਲੋਂ ਅੱਧੀ ਗਿਣੀ ਜਾਂਦੀ ਹੈ ਭਾਵ ਕਿਸੇ ਕੇਸ ਵਿਚ ਇੱਕ ਮਰਦ ਗਵਾਹ ਦੇ ਬਰਾਬਰ ਦੋ ਔਰਤ ਗਵਾਹ ਹੋਣ ਦੇ ਬਰਾਬਰ ਹੁੰਦਾ ਹੈ। ਮਰਦ ਚਾਰ ਔਰਤਾਂ ਨਾਲ ਵਿਆਹ ਕਰ ਸਕਦਾ ਅਤੇ ਦੀਨ ਮੁਤਾਬਿਕ ਘਰਵਾਲੀਆਂ ਦੀ ਕੁੱਟਮਾਰ ਵੀ ਕਰ ਸਕਦਾ ਹੈ ਪਰ ਸ਼ਰਤ ਏਨੀ ਹੈ ਕਿ ਕੁੱਟ ਦੇ ਨਿਸ਼ਾਨ (ਨੀਲ) ਨਾ ਪੈਣ। ਪਰ ਇਸਲਾਮ `ਤੇ ਪੀ.ਐੱਚਡੀ ਕਰਨ ਵਾਲਾ ਹਰਪ੍ਰੀਤ ਸਿੰਘ ਸਿੱਖੀ ਅਤੇ ਇਸਲਾਮ ਵਿਚ ਵਿਸ਼ਵਾਸ ਦੀ ਵੱਡੀ ਸਾਂਝ ਦੱਸਦਾ ਹੈ।
ਜੋ ਸ਼ਰਧਾਲੂ ਸ੍ਰੀ ਅਕਾਲ ਤਖ਼ਤ ਨੂੰ ਸਰਬਉੱਚ, ਸਿੱਖੀ ਦੀ ਸ਼ਾਨ ਅਤੇ ਜਥੇਦਾਰ ਨੂੰ ਸਿੱਖਾਂ ਦੀ ਇਸ ਸਰਬਉਚ ਅਦਾਲਤ ਦਾ ਗਾਰਡੀਅਨ ਸਮਝਦੇ ਹਨ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਮੱਕਾ-ਮਦੀਨਾ ਹੋ ਆਏ ਕੱਟੜਪੰਥੀ ਦਿਉਬੰਦੀ ਮੌਲਵੀ ਸਾਹਮਣੇ ਕੁਰਸੀ ਤੋਂ ਉਠ ਕੇ ਫਰਸ਼ `ਤੇ ਬੈਠ ਜਾਣ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਚਾਹੀਦਾ ਹੈ। ਇਹ ਕੰਮ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵਕਤ ਕੀਤਾ ਸੀ ਜਦ ਉਹ ਸ੍ਰੀ ਅਕਾਲ ਤਖ਼ਤ ਦਾ ਕਾਇਮ ਮੁਕਾਮ ਜਥੇਦਾਰ ਸੀ ਅਤੇ ਉਸ ਨੇ ਮੌਲਵੀ ਨੂੰ ਅਦਬ ਨਾਲ ਗੋਡਿਆਂ ਭਾਰ ਹੋ ਕੇ ਕੁਰਾਨ ਦੇ ਗੁਰਮੁਖੀ ਉਲੱਥੇ ਵਾਲੀ ਆਪਣੀ ਕਿਤਾਬ ਵੀ ਭੇਟ ਕੀਤੀ ਸੀ। ਮੌਲਵੀ ਮੁਤਾਬਿਕ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ ਬਾਬਾ ਨਾਨਕ ਸ਼ੇਖ ਫਰੀਦ ਦੇ ਮੁਰੀਦ ਸਨ। ਅੱਜ ਅਗਰ ਰਵੀਦਾਸੀਏ ਆਪਣੇ ਇਸ਼ਟ ਗੁਰੂ ਰਵੀਦਾਸ ਨੂੰ ‘ਗੁਰੂ’ ਆਖਣ ਤਾਂ ਜਥੇਦਾਰਾਂ ਨੂੰ ਸਖਤ ਇਤਰਾਜ਼ ਹੁੰਦਾ ਹੈ ਅਤੇ ਨਸੀਹਤ ਕਰਦੇ ਹਨ ਕਿ ਰਵੀਦਾਸ ਨੂੰ ਸੰਤ ਆਖੋ। ਪਰ ਜਥੇਦਾਰ ਤਾਂ ਬਾਬਾ ਨਾਨਕ ਨੂੰ ਬਾਬਾ ਫਰੀਦ ਦਾ ਮੁਰੀਦ (ਚੇਲਾ) ਸਮਝਦਾ ਹੈ।
ਮੌਲਵੀ ਦੇ ਇਸ ਭਾਸ਼ਣ ਦੀ ਵੀਡੀਓ ਪਹਿਲਾਂ ਹੀ ਜਨਤਕ ਹੈ ਅਤੇ ਭਾਰਤੀ ਮਹਾਂਦੀਪ ਦੇ ਮੁਸਲਮਾਨਾਂ ਵਿਚ ਵਾਇਰਲ ਹੋ ਗਈ ਹੈ, ਪਰ ਕੀ ਸਿੱਖ ਸ਼ਰਧਾਲੂ ਅਜੇ ਸੁੱਤੇ ਹੋਏ ਹਨ। ਉਨ੍ਹਾਂ ਦਾ ਇਸ ਇਤਰਾਜ਼ਯੋਗ ਵੀਡੀਓ ਵੱਲ ਧਿਆਨ ਕਿਉਂ ਨਹੀਂ ਗਿਆ?