ਪਿਆਰ ਅਤੇ ਪਰਵਾਸ ਮਿਨਹਾਸ ਤਰਲੋਕ ਫਰਿਜ਼ਨੋ ਦੀ ਕਹਾਣੀ ‘ਪਿਆਰ ਵਿਹੂਣਾ ਮਨੁੱਖ’ ਦੀ ਮੁੱਖ ਚੂਲ ਹੈ। ਇਸ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਔਰਤ-ਮਰਦ ਦੀਆਂ ਨਜ਼ਦੀਕੀਆਂ ਦੀ ਬਾਤ ਬਹੁਤ ਸਹਿਜੇ ਜਿਹੇ ਸੁਣਾ ਦਿੱਤੀ ਗਈ ਹੈ। ਬੇਗਾਨੇ ਮੁਲਕ ਵਿਚ ਆਪਣੇ ਪੁੱਤ ਅਤੇ ਨੂੰਹ ਦੇ ਵਿਹਾਰ ਤੋਂ ਅੱਕਿਆ ਕਹਾਣੀ ਦਾ ਮੁੱਖ ਪਾਤਰ ਕੈਪਟਨ ਜਿਹੜਾ ਚੰਦ ਰੋਜ਼ ਪਹਿਲਾਂ ਇੰਡੀਆ ਜਾਣ ਦੀਆਂ ਸਕੀਮਾਂ ਬਣਾਉਂਦਾ ਸੀ, ਇਕ ਔਰਤ ਦੀ ਨਿੱਕੀ ਜਿਹੀ ਮਿਲਣੀ ਨਾਲ ਜੀਣ-ਜੋਗਾ ਹੋ ਜਾਂਦਾ ਹੈ। ਇਹ ਕਹਾਣੀ ਪਿਆਰ ਦੀ ਤਾਕਤ ਨੂੰ ਬੜੇ ਸਿਦਕ ਨਾਲ ਰੂਪਮਾਨ ਕਰਦੀ ਹੈ। -ਸੰਪਾਦਕ
ਮਿਨਹਾਸ ਤਰਲੋਕ ਫਰਿਜ਼ਨੋ
ਫੋਨ: 559-790-8863
ਪੱਟੀ ਦੇ ਨੇੜੇ ਛੋਟਾ ਜਿਹਾ ਪਿੰਡ। ਪਿੰਡ ਵਿਚ ਦਸ ਕੁ ਵੱਡੇ ਘਰ ਤੇ ਉਨ੍ਹਾਂ ਵੱਡੇ ਘਰਾਂ ਵਿਚੋਂ ਇਕ ਘਰ ਸੀ ਕੈਪਟਨ ਰਤਨ ਸਿੰਘ ਬਰਾੜ ਦਾ।
ਛੇ ਫੁੱਟ ਕੱਦ। ਕਾਲੇ ਰੰਗ ਨਾਲ ਬੰਨ੍ਹੀ ਪੁੱਠੀ ਕਰ ਕੇ ਕਲਫ਼ੀ ਦਾੜ੍ਹੀ। ਪੈਂਹਠ ਸਾਲਾਂ ਦੀ ਉਮਰ ਪਹੁੰਚਿਆ ਉਹ ਜਵਾਨਾਂ ਤੋਂ ਵੀ ਕਿਤੇ ਵੱਧ ਪੈਂਠ ਵਾਲਾ ਸੀ। ਸੂਬੇਦਾਰੀ ਤੋਂ ਰਿਟਾਇਰ ਹੋਇਆ ਤੇ ਕੈਪਟਨ ਦੀ ਆਨਰੇਰੀ ਉਪਾਧੀ ਲੈ ਕੇ ਪਿੰਡ ਵਿਚ ਪਹਿਲਾ ਕੈਪਟਨ ਸੀ ਜਿਸ ਨੂੰ ਪਿੰਡ ਵਾਲੇ ਫ਼ੌਜੀ ਕਹਿੰਦੇ। ਹਰ ਸਾਲ 26 ਜਨਵਰੀ ‘ਤੇ ਪਿੰਡ ਦੇ ਸਕੂਲ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਵੀ ਪੂਰੀ ਫੌਜੀ ਵਰਦੀ ਵਿਚ ਫੱਬੇ ਕੈਪਟਨ ਹੱਥੋਂ ਹੀ ਹੁੰਦੀ।
ਫ਼ੌਜ ਤੋਂ ਰਿਟਾਇਰ ਹੋ ਕੇ ਉਸ ਨੇ ਦੱਬ ਕੇ ਖੇਤੀ ਕੀਤੀ ਅਤੇ ਪੰਦਰਾਂ ਏਕੜਾਂ ‘ਚ ਵੀਹ ਹੋਰ ਜੋੜ ਕੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਸਫ਼ਲ ਕੀਤਾ। ਪੁਰਾਣੀ ਹਵੇਲੀ ਨੂੰ ਨਵੀਂ ਦਿੱਖ ਦੇ ਕੇ ਬਾਹਰ ਗੇਟ ‘ਤੇ ਕੈਪਟਨ ਰਤਨ ਸਿੰਘ ਬਰਾੜ ਦੀ ਨੇਮ ਪਲੇਟ ਵਾਲਾ ਪਿੰਡ ਵਿਚ ਪਹਿਲਾ ਮਹਿਲਨੁਮਾ ਘਰ ਉਸੇ ਦਾ ਸੀ।
ਹਰ ਮਹੀਨੇ ਮਿਲਟਰੀ ਕੰਟੀਨ ਜਾਂਦਾ। ਰੰਮ ਦੀ ਬੋਤਲ ਵਿਚਕਾਰ ਰੱਖ ਮਿੱਤਰਾਂ ਦੀ ਮਹਿਫ਼ਲ ਜੋੜਦਾ। ਚੀਨ ਤੇ ਪਾਕਿਸਤਾਨ ਨਾਲ ਲੜਾਈਆਂ ਵਿਚ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਂਦਾ, ਮਹਿਫ਼ਲ ਦੀ ਜਾਨ ਬਣਿਆ ਰਹਿੰਦਾ।
ਬਥੇਰਾ ਕੰਮ ਕੀਤਾ ਸੀ ਸਾਰੀ ਉਮਰ। ਪੁਰਾਣੇ ਦੀ ਥਾਂ ਨਵਾਂ ਫ਼ੋਰਡ ਟਰੈਕਟਰ ਅਤੇ ਦੋ ਕਾਮੇ ਰੱਖ ਕੰਮ ਦੀ ਪੰਜਾਲੀ ਉਹ ਹੁਣ ਆਪਣੇ ਪੁੱਤਰ ਕਿਨਰਦੀਪ ‘ਤੇ ਪਾਉਣਾ ਚਾਹੁੰਦਾ ਸੀ। ਬਾਪ ਦੀ ਗ਼ੈਰ-ਹਾਜ਼ਰੀ ਅਤੇ ਮਾਂ ਦੇ ਲਾਡ ਵਿਚ ਪਲਿਆ ਇਕਲੌਤਾ ਪੁੱਤਰ ਉਚਾ ਲੰਬਾ ਤਾਂ ਪਿਉ ਵਾਂਗ ਹੀ ਨਿਕਲਿਆ ਪਰ ਜਿੰਨਾ ਪੜ੍ਹਾਈ ਵਿਚ ਨਾਲਾਇਕ, ਉਨਾ ਹੀ ਕੰਮ-ਚੋਰ ਤੇ ਆਪ-ਹੁਦਰਾ। ਪੜ੍ਹਨੋਂ ਵੀ ਹਟਿਆ ਅਤੇ ਖੇਤ ਵੀ ਨਾ ਜਾਂਦਾ। ਉਧਰ ਰਤਨ ਸਿੰਘ ਦੀ ਘਰਵਾਲੀ ਦੀ ਸਿਹਤ ਵੀ ਬਹੁਤੀ ਠੀਕ ਨਾ ਰਹਿੰਦੀ। ਸੋ, ਹੋਰ ਕੋਈ ਚਾਰਾ ਨਾ ਚਲਦਾ ਵੇਖ ਉਸ ਨੇ ਕਿਰਨਦੀਪ ਦਾ ਵਿਆਹ ਆਪਣੀ ਰਿਸ਼ਤੇਦਾਰੀ ਵਿਚ ਕੈਨੇਡਾ ਰਹਿੰਦੀ ਕੁੜੀ ਨਾਲ ਕਰ ਦਿੱਤਾ ਅਤੇ ਕੁੱਝ ਮਹੀਨਿਆਂ ਵਿਚ ਹੀ ਕਿਰਨਦੀਪ ਕੈਨੇਡਾ ਪਹੁੰਚ ਗਿਆ।
ਪੈਲੀ ਠੇਕੇ ਉਤੇ ਚੜ੍ਹਾ ਵਿਹਲਾ ਹੋਇਆ ਰਤਨ ਸਿੰਘ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ। ਸਕੂਲ ਨੂੰ ਮਿਡਲ ਤੋਂ ਮੈਟ੍ਰਿਕ ਬਣਵਾ ਅਤੇ ਪਿੰਡ ਦੀ ਫਿਰਨੀ ਪੱਕੀ ਕਰਵਾ ਕੇ ਪਿੰਡ ਦੀ ਨੁਹਾਰ ਬਦਲਣ ਵਾਲਾ ਧੜੱਲੇਦਾਰ ਸਰਪੰਚ ਵੀ ਰਤਨ ਸਿੰਘ ਹੀ ਬਣਿਆ।
ਮੱਝਾਂ ਦੀ ਸਾਂਭ-ਸੰਭਾਈ ਭਈਆ ਕਰਦਾ ਅਤੇ ਲੱਸੀ ਸਾਰੇ ਮੁਹੱਲੇ ਵਿਚ ਜਾਂਦੀ। ਨੇਪਾਲੀ ਰਸੋਈ ਦਾ ਕੰਮ ਕਰਦਾ ਅਤੇ ਸਫ਼ਾਈ ਪਿੰਡ ਦੀ ਕੁੜੀ ਕਰ ਜਾਂਦੀ। ਰਤਨ ਸਿੰਘ ਦੀ ਸਰਪੰਚੀ ਪਿੰਡ ਦੇ ਕੰਮ ਸੰਵਾਰਦੀ। ਇਉਂ ਖੁਸ਼ੀਆਂ ਲੱਦੀ ਜ਼ਿੰਦਗੀ ਤੁਰ ਰਹੀ ਸੀ ਪਰ ਜੋ ਕੁਦਰਤ ਨੂੰ ਮਨਜ਼ੂਰ! ਘਰਵਾਲੀ ਦੀ ਸਿਹਤ ਵਿਗੜਦੀ ਗਈ ਅਤੇ ਇਕ ਦਿਨ ਦਿਲ ਫੇਲ੍ਹ ਹੋ ਜਾਣ ਨਾਲ ਰਤਨ ਸਿੰਘ ਨੂੰ ਉਹ ਇਕੱਲਿਆਂ ਛੱਡ ਗਈ।
ਏਡੀ ਵੱਡੀ ਕੋਠੀ। ਇਕੱਲਾ ਕਪਤਾਨ। ਕੋਠੀ ਵੱਢ ਖਾਣ ਨੂੰ ਪੈਂਦੀ। ਪਹਿਲਾਂ ਵਾਲੀਆਂ ਗੱਲਾਂ ਮੁੱਕ ਗਈਆਂ। ਦਾੜ੍ਹੀ ਰੰਗਣੀ ਬੰਦ ਹੋ ਗਈ। ਮਹਿਫ਼ਲਾਂ ਹਟ ਗਈਆਂ। ਇਕੱਲ ਉਦਾਸ ਕਰਨ ਲੱਗੀ। ਕਿਰਨਦੀਪ ਦੇ ਜ਼ੋਰ ਪਾਉਣ ‘ਤੇ ਨਾ ਚਾਹੁੰਦੇ ਹੋਏ ਵੀ, ਕਿਸੇ ਰਿਸ਼ਤੇਦਾਰ ਨੂੰ ਕੋਠੀ ਵਿਚ ਬਿਠਾ ਉਹ ਆਪਣੇ ਪੁੱਤਰ ਕੋਲ ਕੈਨੇਡਾ ਚਲਾ ਗਿਆ।
ਸਫ਼ਾਈ ਤੇ ਕਾਨੂੰਨ ਪੱਖੋਂ ਤਾਂ ਦੇਸ਼ ਬਹੁਤ ਪਸੰਦ ਆਇਆ ਪਰ ਦਿਨ ਰਾਤ ਭੱਜ ਦੌੜ। ਨਾ ਅਮਨ, ਨਾ ਚੈਨ। ਸਿਰਫ਼ ਪੈਸੇ ਇਕੱਠੇ ਕਰਨ ਦੀ ਲਾਲਸਾ ਕਾਰਨ ਰਿਸ਼ਤਿਆਂ ਦੀ ਟੁੱਟ-ਭੱਜ ਦੇਖ ਉਸ ਨੂੰ ਆਪਣਾ ਪੰਜਾਬ ਯਾਦ ਆਉਣ ਲੱਗਾ।
ਨੂੰਹ-ਪੁੱਤ ਦੀ ਬਿਜ਼ੀ ਲਾਈਫ਼। ਪੁੱਤ ਦਿਨੇ ਕੰਮ ਕਰਦਾ ਅਤੇ ਨੂੰਹ ਰਾਤ ਨੂੰ। ਉਹ ਕਈ-ਕਈ ਦਿਨ ਇਕ-ਦੂਜੇ ਨੂੰ ਵੇਖ ਨਾ ਸਕਦੇ। ਨੂੰਹ ਜਦੋਂ ਵੀ ਘਰ ਹੁੰਦੀ, ਉਹ ਘਰ ਦੇ ਖ਼ਰਚਿਆਂ ਦੀਆਂ, ਬਿੱਲਾਂ ਦੀਆਂ, ਘਰ ਦੀ ਪੇਮੈਂਟ ਦੀਆਂ ਅਤੇ ਗੁਜ਼ਾਰੇ ਲਈ ਸਭ ਜੀਆਂ ਦੇ ਕੰਮ ਕਰਨ ਦੀਆਂ ਹੀ ਗੱਲਾਂ ਕਰਦੀ।
“ਬਾਪੂ ਜੀ, ਵਿਹਲੇ ਬੈਠਿਆਂ ਦਿਨ ਕੱਢਣਾ ਕਿਹੜਾ ਸੌਖਾ ਹੋਣੈ?” ਨੂੰਹ ਨੇ ਇਕ ਦਿਨ ਹਮਦਰਦੀ ਜਤਾਈ।
“ਪੁੱਤ ਟੀæਵੀæ ਵੇਖ ਲੈਨਾਂ। ਸੈਰ ਕਰ ਆਉਨਾਂ। ਬੱਸ, ਇਸੇ ਤਰ੍ਹਾਂ ਹੀ ਦਿਨ ਲੰਘ ਜਾਂਦੈ। ਹੋਰ ਹੁਣ ਇਸ ਉਮਰ ਵਿਚ ਕਰਨਾ ਵੀ ਕੀ ਹੁੰਦੈ!”
ਕੁੱਝ ਦਿਨ ਹੋਰ ਲੰਘੇ। ਉਸ ਦਿਨ ਦੀ ਹਮਦਰਦੀ ਵਿਚ ਛੁਪੀ ਗੱਲ ਸਾਹਮਣੇ ਆ ਗਈ ਜਦੋਂ ਨੂੰਹ ਨੇ ਸਿੱਧਾ ਫਰਮਾਨ ਹੀ ਜਾਰੀ ਕਰ ਦਿੱਤਾ, “ਬਾਪੂ ਜੀ, ਮੇਰਾ ਤਾਇਆ ਖੇਤਾਂ ਵਿਚ ਬੇਰੀ ਤੋੜਨ ਜਾਂਦਾ। ਉਹ ਤੁਹਾਨੂੰ ਸਵੇਰੇ ਚੁੱਕ ਲਿਆ ਕਰੂਗਾ। ਨਾਲੇ ਤਾਂ ਤੁਹਾਡਾ ਸਮਾਂ ਵਧੀਆ ਲੰਘੂਗਾ ਤੇ ਨਾਲ ਦੋ ਪੈਸੇ ਵੀ ਘਰ ਆਉਣਗੇ।”
ਰਤਨ ਸਿੰਘ ਬਹੁਤਾ ਘਬਰਾਇਆ ਨਹੀਂ। ਉਹਨੂੰ ਉਮੀਦ ਸੀ ਕਿ ਉਹਦੇ ਪੁੱਤ ਨੇ ਇਹ ਬਿਲਕੁਲ ਵੀ ਪਸੰਦ ਨਹੀਂ ਕਰਨਾ। ਮੌਕਾ ਪਾ ਕੇ ਉਸ ਨੇ ਕਿਰਨਦੀਪ ਨਾਲ ਗੱਲ ਤੋਰੀ।
“ਠੀਕ ਈ ਲਗਦੈ ਬਾਪੂ ਜੀ। ਕੰਮ ਕਰਨ ਵਿਚ ਕੀ ਹਰਜ਼ ਐ। ਇਥੇ ਤਾਂ ਸਭ ਬੁੱਢੇ ਕੰਮ ਕਰਦੇ ਨੇ”, ਪੁੱਤਰ ਦਾ ਉਤਰ ਸੀ।
ਤੇ ਫਿਰ ਇਕ ਦਿਨ ਕਪਤਾਨ ਸਾਹਿਬ ਨੂੰ ਸਵੇਰੇ ਖੇਤਾਂ ਨੂੰ ਜਾਂਦੀ ਬੱਸ ਵਿਚ ਚੜ੍ਹਾ ਦਿੱਤਾ ਗਿਆ। ਇੰਡੀਆ ਵਿਚ ਅਫ਼ਸਰੀ ਕਰਦੇ ਡੀæਈæਓ, ਐਸ਼ਡੀæਓ ਅਤੇ ਥਾਣੇਦਾਰਾਂ ਦੀ ਢਾਣੀ ਵਿਚ ਉਹ ਵੀ ਜਾ ਰਲਿਆ ਬੇਰੀ ਤੋੜਨ। ਕੰਮ ਔਖਾ ਸੀ। ਉਪਰੋਂ ਉਮਰ ਦਾ ਤਕਾਜ਼ਾ। ਉਹ ਨਵੀਂ ਰਾਹੇ ਪਈ ਜ਼ਿੰਦਗੀ ਬਾਰੇ ਸੋਚਣ ਲੱਗਾ।
“ਫ਼ੌਜੀਆ! ਖਿੱਚ ਕੰਮ ਨੂੰ। ਹੰਭਲਾ ਮਾਰ। ਆਏਂ ਪਿੱਛੇ ਰਹੇ ਨਹੀਂ ਸਰਨਾ।” ਪਿੱਛੋਂ ਕਿਸੇ ਦੀ ਖਰਵੀਂ ਆਵਾਜ਼ ਨੇ ਸੋਚ ਨੂੰ ਰੋਕਿਆ।
“ਉਏ ਘੁੱਦਿਆ ਤੂੰ!” ਆਪਣੇ ਪਿੰਡ ਉਹਦੇ ਘਰ ਕੰਮ ਕਰਦੇ ਕੰਮੀ ਬੁੜ੍ਹੇ ਦੇ ਮੁੰਡੇ ਨੂੰ ਸਿਆਣਦੇ ਅਤੇ ਹੈਰਾਨ ਹੋਏ ਰਤਨ ਸਿੰਘ ਨੇ ਪੁੱਛਿਆ।
“ਮੈਂ ਇਥੇ ਘੁੱਦਾ ਨਹੀਂ, ਤੇਰਾ ਸੁਪਰਵਾਈਜ਼ਰ ਹਾਂ। ਹੈਰੀ।” ਘੁੱਦੇ ਤੋਂ ਹਰਨੇਕ ਅਤੇ ਹਰਨੇਕ ਤੋਂ ਬਣੇ ਹੈਰੀ ਦੀ ਆਵਾਜ਼ ਵਿਚ ਕਿਸੇ ਵੇਲੇ ਦੀ ਬਦਲੇ ਦੀ ਭਾਵਨਾ ਸਾਫ਼ ਉਜਾਗਰ ਹੋ ਰਹੀ ਸੀ।
ਬਹੁਤ ਮੁਸ਼ਕਿਲ ਨਾਲ ਦਿਨ ਮੁੱਕਿਆ। ਰਾਤੀਂ ਪਏ ਨੂੰ ਘੁੱਦੇ ਦੀ ਡਾਂਟ ਕੰਨਾਂ ਵਿਚ ਗੂੰਜਦੀ ਰਹੀ। ਆਖਿਰ ਸਵੈਮਾਣ ਜਾਗਿਆ ਤੇ ਅਗਲੀ ਸਵੇਰ ਉਹ ਕੰਮ ਜਾਣ ਤੋਂ ਇਨਕਾਰੀ ਹੋ ਗਿਆ।
ਕੁਝ ਦਿਨ ਘਰ ਵਿਚ ਚੁੱਪ-ਚਾਨ ਰਹੀ ਪਰ ਉਹੀ ਗੱਲ ਫੇਰ। ਨੂੰਹ ਦੇ ਸ਼ਬਦ ਹੌਲੀ-ਹੌਲੀ ਨਰਮ ਤੋਂ ਸਖ਼ਤ ਅਤੇ ਫਿਰ ਮਿਹਣਿਆਂ ਦਾ ਰੂਪ ਧਾਰ ਗਏ। ਦੂਜੇ ਬਜ਼ੁਰਗਾਂ ਦੀਆਂ ਉਦਾਹਰਣਾਂ ਦੇ ਕੇ ਉਸ ਜਿਉਣਾ ਦੁੱਭਰ ਕਰ ਦਿੱਤਾ। ਕੰਮ ‘ਤੇ ਜਾਂਦੀ ਨੂੰਹ, ਰਤਨ ਸਿੰਘ ਦਾ ਖਾਣਾ ਵੀ ਪਾ ਕੇ ਨਾ ਜਾਂਦੀ। ਮੁੰਡਾ ਨਾ ਤਾਂ ਉਹਨੂੰ ਵਾਪਸ ਇੰਡੀਆ ਹੀ ਜਾਣ ਦਿੰਦਾ ਤੇ ਨਾ ਹੀ ਉਹ ਇਸ ਜੋਗਾ ਸੀ ਕਿ ਆਪਣੀ ਪਤਨੀ ਦੀ ਆਵਾਜ਼ ਬੰਦ ਕਰ ਸਕੇ। ਭੁੱਖਾ ਤਿਹਾਇਆ ਰਹਿ ਕੇ ਉਸ ਨੂੰ ਜੰਗ ਲੜਨ ਵਾਲੇ ਦਿਨਾਂ ਤੋਂ ਵੀ ਵੱਧ ਔਖ ਮਹਿਸੂਸ ਹੋਣ ਲੱਗੀ। ਬਾਰਡਰ ‘ਤੇ ਬਹਾਦਰ ਕਪਤਾਨ, ਆਖ਼ਿਰ ਪੁੱਤ-ਨੂੰਹ ਅੱਗੇ ਹਥਿਆਰ ਸੁੱਟ ਗਿਆ। ਇਕ ਦਿਨ ਨੂੰਹ-ਪੁੱਤ ਨੇ ਗੁਆਂਢੀ ਕਰਮ ਸਿੰਘ ਨਾਲ ਉਸ ਦੀ ਕਾਰ ਵਾਸ਼ ‘ਤੇ ਭੇਜ ਦਿੱਤਾ, ਇਹ ਕਹਿ ਕੇ ਕਿ ਇਹ ਕੰਮ ਖੇਤਾਂ ਦੇ ਕੰਮ ਤੋਂ ਕਿਤੇ ਸੌਖਾ ਹੈ।
ਕਾਰ ਵਾਸ਼ ‘ਤੇ ਪਹੁੰੰਚ ‘ਗੋਲਡਨ ਕਾਰ ਵਾਸ਼’ ਲਿਖੇ ਅੱਖਰਾਂ ਵਾਲਾ ਝੱਗਾ ਪਾ ਅਤੇ ਰਬੜ ਦੇ ਬੂਟ ਪਹਿਨ ਕੇ ਉਹ ਕਾਰ ਵਾਸ਼ ਦਾ ਕਾਰਿੰਦਾ ਬਣ ਗਿਆ। ਪਹਿਲੀ ਆਈ ਕਾਰ ਨੂੰ ਕਰਮ ਨੇ ਉਸ ਨਾਲ ਲੱਗ ਕੇ ਕਾਰ ਧੋਣ ਦੀਆਂ ਬਰੀਕੀਆਂ ਸਮਝਾ ਦਿੱਤੀਆਂ।
ਕਪਤਾਨੀ, ਸਫ਼ਲ ਕਿਸਾਨੀ ਅਤੇ ਫਿਰ ਸਰਪੰਚੀ ਦੇ ਕਈ ਰੰਗ ਹੰਢਾ ਚੁੱਕਿਆ ਰਤਨ ਸਿੰਘ ਬੁਢਾਪੇ ਵਿਚ ਇਸ ਰੰਗ ਤੋਂ ਘਬਰਾ ਗਿਆ। ਮੱਥੇ ਉਤੇ ਦੋਵੇਂ ਹੱਥ ਟਿਕਾ ਉਹ ਸੋਚੀਂ ਪੈ ਗਿਆ ਤੇ ਆਖਰ ਪੱਕਾ ਮਨ ਬਣਾ ਲਿਆ ਕਿ ਕੱਲ੍ਹ ਨੂੰ ਉਹ ਇਥੇ ਨਹੀਂ ਆਵੇਗਾ ਅਤੇ ਹਰ ਹਾਲਤ ਵਿਚ ਇੰਡੀਆ ਵਾਪਸ ਚਲਾ ਜਾਵੇਗਾ।
“ਅੰਕਲ, ਕਸਟਮਰ ਤੋਂ ਕਾਰ ਦੀ ਚਾਬੀ ਫੜ ਕੇ ਕਾਰ ਵਾਸ਼ ਕਰਨੀ ਸ਼ੁਰੂ ਕਰ ਦਿਉ।” ਕਰਮ ਦੀ ਆਵਾਜ਼ ਸੀ।
ਇਕ ਦਮ ਸੋਚਾਂ ਵਿਚੋਂ ਨਿਕਲ, ਚਾਬੀ ਲੈਣ ਲਈ ਉਤਾਂਹ ਮੂੰਹ ਚੁੱਕਿਆ ਤਾਂ ਸਾਹਮਣੇ ਪਰੀਆਂ ਵਰਗੀ ਲੰਬੀ-ਲੰਝੀ, ਸੋਹਣੀ-ਸੁਨੱਖੀ ਗੋਰੀ ਕੁੜੀ ਖੜ੍ਹੀ ਵੇਖ ਕੇ ਇਕ ਦਮ ਦੁਬਕ ਗਿਆ। ਉਹਨੇ ਮੋਨਾਲਿਜ਼ਾ ਬਾਰੇ ਸੁਣਿਆ ਸੀ, ਉਸ ਦੀ ਪੇਂਟਿੰਗ ਵੀ ਵੇਖੀ ਸੀ ਪਰ ਇਹ ਉਸ ਤੋਂ ਵੀ ਕਿਤੇ ਵੱਧ ਦਿਸੀ। ਘਬਰਾਹਟ ਵਿਚ ਚਾਬੀ ਫੜਦੇ ਸਮੇਂ ਉਂਗਲਾਂ ਦੀ ਸਪਰਸ਼ ਨੇ ਤਾਂ ਉਹਦੇ ਸਰੀਰ ਵਿਚ ਝਰਨਾਹਟ ਹੀ ਛੇੜ ਦਿੱਤੀ। ਉਹ ਕਾਰ ਧੋਣ ਲੱਗਾ। ਕਾਰ ਧੋਂਦੇ ਸਮੇਂ ਉਹਦੀ ਨਿਗ੍ਹਾ ਕਈ ਵਾਰ ਉਸ ਵੱਲ ਗਈ। ਬਾਹਰੋਂ ਕੰਮ ਮੁਕਾ, ਅੰਦਰ ਡਰਾਈਵਰ ਵਾਲੀ ਸੀਟ ‘ਤੇ ਬੈਠ ਸਟੇਅਰਿੰਗ ਸਾਫ਼ ਕਰਦੇ ਸਮੇਂ ਉਹ ਉਸੇ ਤਰ੍ਹਾਂ ਦਾ ਸਪਰਸ਼ ਅਤੇ ਅਨੰਦ ਅਨੁਭਵ ਕਰਨ ਲੱਗਾ ਜਿਹੜਾ ਸਕੂਲ ਪੜ੍ਹਦੇ ਸਮੇਂ ਲੰਬੜਾਂ ਦੀ ਦੀਪੋ ਦੇ ਸਾਈਕਲ ਨੂੰ ਪੈਂਚਰ ਲੁਆ, ਵਾਪਸੀ ‘ਤੇ ਚਲਾਉਣ ਵੇਲੇ ਕਾਠੀ ਉਤੇ ਬੈਠ ਅਤੇ ਹੈਂਡਲ ਦੇ ਮੁੱਠਿਆਂ ਨੂੰ ਫੜ ਕੇ ਹੋਇਆ ਸੀ।
“ਹੋ ਗਿਆ ਅੰਕਲ?” ਗੁਆਚਿਆ ਹੀ ਰਹਿੰਦਾ ਜੇ ਕਰਮੇ ਦੀ ਆਵਾਜ਼ ਨੇ ਉਸ ਨੂੰ ਇਸ ਅਨੰਦਮਈ ਅਵਸਥਾ ਵਿਚੋਂ ਨਾ ਕੱਢਿਆ ਹੁੰਦਾ।
ਇਕ ਦਮ ਉਪਰ ਵੇਖਿਆ। ਕਰਮ ਅਤੇ ਕੁੜੀ ਆਪਸ ਵਿਚ ਗੱਲਾਂ ਕਰ ਰਹੇ ਸਨ। ਗੋਰੀ ਰਤਨ ਸਿੰਘ ਵੱਲ ਵੇਖ ਕੇ ਮੁਸਕਰਾਈ। ਉਹ ਕੱਚਾ ਹੋਇਆ ਮਹਿਸੂਸ ਕਰ ਰਿਹਾ ਸੀ; ਜਿਵੇਂ ਸੰਨ੍ਹ ਵਿਚੋਂ ਫੜਿਆ ਗਿਆ ਹੋਵੇ। ‘ਪਤਾ ਨਹੀਂ ਕੀ ਕਿਹਾ ਹੋਣਾ ਕਰਮੇ ਨੂੰ ਗੋਰੀ ਨੇ’, ਇਹ ਸੋਚਦਾ ਉਹ ਕਾਰ ਦੀ ਬਾਰੀ ਖੋਲ੍ਹ ਕੇ ਬਾਹਰ ਨਿਕਲਿਆ। ਗੋਰੀ ਨੂੰ ਚਾਬੀ ਫੜਾਉਣ ਗਿਆ। ਉਸ ਚਾਬੀ ਫੜ ਲਈ ਅਤੇ ਫ਼ੌਜੀ ਵਾਂਗ ਸਲੂਟ ਮਾਰਦੀ ਹੋਈ ਅੰਗਰੇਜ਼ੀ ‘ਚ ਬੋਲੀ, “ਤੁਸੀਂ ਆਪਣੀ ਜੌਬ ਬਹੁਤ ਵਧੀਆ ਕੀਤੀ ਹੈ, ਮੈਂ ਰੀਅਲੀ ਐਪਰੀਸ਼ੀਏਟ ਕਰਦੀ ਹਾਂ। ਥੈਂਕ ਯੂ।” ਰਤਨ ਸਿੰਘ ਥੋੜ੍ਹਾ ਸ਼ਰਮਾ ਗਿਆ।
“ਬਾਈ ਦੀ ਵੇਅ ਮੇਰਾ ਨਾਂ ਬਰਿਆਨਾ ਹੈ। ਤੁਹਾਡਾ ਨਾਂ ਰਤਨ ਸਿੰਘ ਹੈæææਮੈਨੂੰ ਪਤਾ ਹੈ, ਕਰਮ ਨੇ ਮੈਨੂੰ ਸਭ ਦੱਸ ਦਿੱਤਾ ਹੈ ਪਰ ਮੈਂ ਤੁਹਾਨੂੰ ਕੈਪਟਨ ਕਹਿ ਕੇ ਹੀ ਬੁਲਾਇਆ ਕਰਾਂਗੀ”, ਕਹਿੰਦੀ ਨੇ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ।
“ਮੈਨੂੰ ਵੀ ਬਹੁਤ ਖ਼ੁਸ਼ੀ ਹੋਈ ਮਿਲ ਕੇ”, ਕੈਪਟਨ ਦੇ ਭਾਰੇ ਹੱਥ ਨਾਲ ਮਲੂਕੜੇ ਜਿਹੇ ਹੱਥ ਨੂੰ ਘੁੱਟਦਿਆਂ ਕਿਹਾ।
“ਤੁਸੀਂ ਬਹੁਤ ਕਿਊਟ ਅਤੇ ਸਮਾਰਟ ਹੋ।” ਉਹਨੇ ਦੇਣ ਲਈ ਪਰਸ ਵਿਚੋਂ ਦਸ ਡਾਲਰ ਦਾ ਨੋਟ ਕੱਢਿਆ।
“ਨਹੀਂ, ਮੈਂ ਟਿੱਪ ਨਹੀਂ ਲੈਣੀ।” ਟਿੱਪ ਲੈਣੀ ਰਤਨ ਸਿੰਘ ਨੂੰ ਹੋਰ ਹੀ ਤਰ੍ਹਾਂ ਲੱਗ ਰਹੀ ਸੀ।
“ਇਹ ਟਿੱਪ ਨਹੀਂ ਇਨਾਮ ਹੈ, ਤੁਹਾਡੇ ਵਧੀਆ ਕੰਮ ਦਾ।” ਰਤਨ ਸਿੰਘ ਦੇ ਪਿੱਛੋਂ ਦੀ ਆਪਣੀ ਬਾਂਹ ਵਲ ਕੇ ਆਪਣੇ ਨਾਲ ਥੋੜ੍ਹਾ ਘੁੱਟਦੀ ਨੇ ਕਿਹਾ।
“ਥੈਂਕ ਯੂ ਅਗੇਨ।”
æææ ਤੇ ਹੁਣ ਰਤਨ ਸਿੰਘ ਨਾਂਹ ਨਾ ਕਰ ਸਕਿਆ।
“ਮੇਰਾ ਪੰਜਾਬੀਆਂ ਨਾਲ ਬਹੁਤ ਮੋਹ ਹੈ। ਉਨ੍ਹਾਂ ਬਾਰੇ ਮੈਂ ਬਹੁਤ ਜਾਣਦੀ ਹਾਂ। ਇਕ ਪੰਜਾਬੀ ਦੀ ਪੱਕਾ ਹੋਣਾ ਵਿਚ ਮਦਦ ਕੀਤੀ ਸੀ ਇਸ ਲਈ। ਫ਼ੌਜੀ ਕੈਂਟ ਵਿਚ ਫ਼ਰੂਟ ਡਿਸਟਰੀਬਿਊਟ ਕਰਨ ਦੀ ਮੇਰੀ ਜੌਬ ਹੈ। ਸੋ, ਫ਼ੌਜੀਆਂ ਨਾਲ ਮੇਰਾ ਖਾਸ ਲਗਾਉ ਹੈ। ਤੁਸੀਂ ਪੰਜਾਬੀ ਵੀ ਹੋ, ਫ਼ੌਜੀ ਵੀ ਅਤੇ ਤੀਜਾ ਸਵੀਟ ਵੀ। ਥਰੀ-ਇਨ-ਵੰਨ ਹੋ। ਤੁਹਾਨੂੰ ਮਿਲਦੀ ਰਿਹਾ ਕਰਾਂਗੀ। ਓ ਕੇæææ ਸੀ ਯੂ ਅਗੇਨ।” ਕਹਿੰਦੀ ਹੋਈ ਉਹ ਚਲੀ ਗਈ।
ਅਗਲੀ ਸਵੇਰ ਦਾੜ੍ਹੀ ਨੂੰ ਕਲਫ਼ ਲਾ, ਪੁੱਠੀ ਕਰ ਕੇ ਚੰਗੀ ਤਰ੍ਹਾਂ ਬੰਨ੍ਹ ਪੂਰੀ ਫਬਤ ਵਿਚ ਹੋ ਕੇ ਰਤਨ ਸਿੰਘ ਕਾਰ ਵਾਸ਼ ‘ਤੇ ਜਾਣ ਲਈ ਸਮੇਂ ਤੋਂ ਪਹਿਲਾਂ ਹੀ ਘਰ ਦੇ ਬਾਹਰ ਖੜ੍ਹਾ ਕਰਮ ਸਿੰਘ ਨੂੰ ਉਡੀਕਣ ਲੱਗਾ। ਡਰਦਾ ਸੀ ਕਿਤੇ ਕੰਮ ‘ਤੇ ਪਹੁੰਚਣ ਲਈ ਉਹ ਲੇਟ ਨਾ ਹੋ ਜਾਵੇ।
Leave a Reply