ਜੰਗ ਵੀ, ਬੰਬ ਵੀ ਅਤੇ ਰੰਗ ਵੀ…

ਕੁਲਦੀਪ ਸਿੰਘ ਦੀਪ (ਡਾ.)
9876820600
ਜਦੋਂ ਰੰਗਾਂ ਦੀਆਂ ਤਤੀਰੀਆਂ ਬਾਹਰੋਂ ਛੁਟਦੀਆਂ ਹਨ ਤਾਂ ਚਾਅ ਹੁੰਦੇ ਹਨ, ਜਸ਼ਨ ਹੁੰਦੇ ਨੇ…ਕੂਕਾਂ ਹੁੰਦੀਆਂ ਹਨ… ਪਰ ਜਦ ਰੰਗਾਂ ਦੀਆਂ ਤਤੀਰੀਆਂ ਅੰਦਰੋਂ ਛੁਟਦੀਆਂ ਹਨ ਤਾਂ ਮਾਤਮ ਹੁੰਦਾ ਹੈ, ਵੈਣ ਹੁੰਦੇ ਹਨ ਤੇ ਚੀਕਾਂ ਹੁੰਦੀਆਂ ਹਨ…

ਅੱਜ ਦਾ ਦਿਨ ਵੀ ਕਮਾਲ ਦਾ ਦਿਨ ਸੀ। ਇਸ ਦਿਨ ਇੱਕੋ ਵੇਲੇ ਦੁਨੀਆਂ ਵਿਚ ਦੋਵੇਂ ਚੀਜ਼ਾਂ ਵਾਪਰ ਰਹੀਆਂ ਸਨ। ਇਕ ਪਾਸੇ ਭਾਰਤੀ ਉਪ ਮਹਾਦੀਪ ਵਿਚ ਹੋਲੀ ਦੇ ਰੰਗ ਸਨ ਅਤੇ ਦੂਜੇ ਪਾਸੇ ਮਿਡਲ ਈਸਟ ਵਿਚ ਖੂਨ ਦੇ ਰੰਗ। ਇਹ ਵੀ ਸਥਿਤੀਆਂ ਦਾ ਕੈਸਾ ਵਿਅੰਗ ਹੈ ਕਿ ਆਵਾਮ ਜਦ ਵੀ ਖੇਡਦਾ ਹੈ ਤਾਂ ਰੰਗਾਂ ਦੀ ਹੋਲੀ ਖੇਡਦਾ ਹੈ ਪਰ ਹੁਕਮਰਾਨ ਜਦ ਵੀ ਖੇਡਦਾ ਹੈ, ਖੂਨ ਦੀ ਹੋਲੀ ਖੇਡਦਾ ਹੈ। ਪਿਛਲੇ ਦਿਨੀਂ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਰਾਨ ਖਿਲਾਫ਼ ਵਿੱਢੇ ਯੁੱਧ ਦੇ ਪਹਿਲੇ-ਦੂਜੇ ਦਿਨ ਹੀ ਅਮਰੀਕਾ ਨੇ ਇਕ ਸਕੂਲ ਉੱਪਰ ਬੰਬ ਸੁੱਟ ਕੇ 180 ਮਾਸੂਮ ਕੁੜੀਆਂ ਦੀ ਜਾਨ ਲੈ ਲਈ। ਇਨ੍ਹਾਂ ਦੀਆਂ ਚਿੱਟੇ ਕਫ਼ਨਾਂ ਵਿਚ ਲਿਪਟੀਆਂ ਲਾਸ਼ਾਂ ਅਤੇ ਇਨ੍ਹਾਂ ਲਈ ਪੁੱਟੀਆਂ ਜਾਂਦੀਆਂ ਕਬਰਾਂ ਦੇਖ ਕੇ ਧਾਹ ਨਿਕਲਦੀ ਹੈ ਪਰ ਸੱਤਾ ਕਿੰਨਾ ਨਿਰਦਈ ਹੁੰਦੀ ਹੈ ਕਿ ਕੁਝ ਵੀ ਕਰ ਸਕਦੀ ਹੈ।
ਇਸ ਵਰਤਮਾਨ ਟਕਰਾਅ ਵਿਚ ਬਿਨਾ ਸ਼ੱਕ ਅਮਰੀਕਾ ਅਤੇ ਇਜ਼ਰਾਈਲ ਆਪਣੇ ਅਮਾਨਵੀ ਕਿਰਦਾਰ ਕਾਰਨ ਗਲੋਬਲ ਖਲਨਾਇਕ ਦੇ ਰੂਪ ਵਿਚ ਉੱਭਰੇ ਹਨ। ਭਾਵੇਂ ਕੁਝ ਦਿਨ ਪਹਿਲਾਂ ਫਲਸਤੀਨ ਉੱਪਰ ਕੀਤੇ ਹਮਲਿਆਂ ਦਾ ਮਸਲਾ ਹੋਵੇ ਜਾਂ ਹੁਣ ਇਰਾਨ ਉੱਪਰ ਕੀਤੇ ਅਟੈਕ ਦਾ। ਖਾਮਨੇਈ, ਜਿਸ ਨੂੰ ਪਿਛਲੇ ਦਿਨੀਂ ਵਿਸ਼ਵ ਦੇ ਸਭ ਤੋਂ ਵੱਡੇ ਗੈਂਗਸਟਰ ਹੁਕਮਰਾਨ ਟਰੰਪ ਤੇ ਨੇਤਨਯਾਹੂ ਨੇ ਪਤਨੀ ਅਤੇ ਪੋਤੀਆਂ ਸਮੇਤ ਮਾਰ ਦਿੱਤਾ ਹੈ, ਖ਼ੁਦ ਵੀ ਭਲਾਮਾਣਸ ਨਹੀਂ ਸੀ।
1905 ਤੋਂ 1953 ਤਕ ਇਰਾਨ ਵਿਚ ਸੰਵਿਧਾਨਿਕ ਕਰਾਂਤੀ ਦਾ ਸਮਾਂ ਸੀ ਜਿਸ ਦੌਰਾਨ 1936 ਵਿਚ ਹਿਜ਼ਾਬ `ਤੇ ਪਾਬੰਦੀ ਲੱਗੀ ਅਤੇ ਔਰਤਾਂ ਨੂੰ ਪੜ੍ਹਾਈ ਕਰਨ ਤੇ ਵੋਟ ਪਾਉਣ ਸਮੇਤ ਬਹੁਤ ਸਾਰੇ ਮਨੁੱਖੀ ਅਧਿਕਾਰ ਮਿਲੇ। ਜਦ ਇਰਾਨ ਨੇ ਤੇਲ ਦੇ ਸਰੋਤਾਂ ਦਾ ਕੌਮੀਕਰਨ ਕੀਤਾ ਤਾਂ ਪਹਿਲੀ ਵਾਰ ਅਮਰੀਕਾ ਅਤੇ ਇੰਗਲੈਂਡ ਨਾਲ ਉਸ ਦੇ ਸਬੰਧ ਤਣਾਅਪੂਰਨ ਬਣੇ ਅਤੇ ਉਨ੍ਹਾਂ ਦੀ ਸ਼ਹਿ ‘ਤੇ 1953 ਵਿਚ ਰਾਜ ਪਲਟਾ ਹੋਇਆ। ਫਿਰ ਵੀ 1963 ਤਕ ਮੁਲਕ ਦਾ ਆਮ ਸੁਭਾਅ ਜਮਹੂਰੀਅਤ ਪਸੰਦ ਰਿਹਾ। 1979 ਵਿਚ ਜਦ ਤੋਂ ਮੁਲਕ ਵਿਚ ਇਰਾਨੀ ਇਨਕਲਾਬ ਤੋਂ ਬਾਅਦ ਇਸਲਾਮੀ ਕਾਨੂੰਨ ਲਾਗੂ ਹੋਏ, ਉਦੋਂ ਤੋਂ ਔਰਤਾਂ ਲਈ ਹਿਜ਼ਾਬ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ, ਔਰਤਾਂ ਦੀ ਆਜ਼ਾਦੀ, ਨੌਕਰੀ, ਸਿੱਖਿਆ ਅਤੇ ਜਨਤਕ ਜੀਵਨ ਵਿਚ ਕਈ ਪਾਬੰਦੀਆਂ ਲੱਗ ਗਈਆਂ, ਉਦੋਂ ਤੋਂ ਸੱਤਾ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਇਖਲਾਕੀ ਪੁਲਿਸ Morality Police) ਨੇ ਇਹ ਸਾਰੇ ਕਾਨੂੰਨਾਂ ਨੂੰ ਜ਼ਬਰੀ ਲਾਗੂ ਕਰਾਉਣ ਦਾ ਠੇਕਾ ਲੈ ਲਿਆ।
ਇਸ ਦੌਰ ਵਿਚ ਔਰਤਾਂ ਨੇ ਕਾਨੂੰਨੀ ਸੁਧਾਰਾਂ ਲਈ ਮੁਹਿੰਮਾਂ ਚਲਾਈਆਂ। 2006 ਵਿਚ One Million Signatures Campaign ਸ਼ੁਰੂ ਹੋਈ। ਸ਼ਿਰੀਨ ਇਬਾਦੀ ਇੱਕ ਮਸ਼ਹੂਰ ਮਨੁੱਖੀ ਅਧਿਕਾਰ ਵਕੀਲ ਹੈ ਜਿਸ ਨੇ ਔਰਤਾਂ, ਬੱਚਿਆਂ ਅਤੇ ਰਾਜਨੀਤਕ ਕੈਦੀਆਂ ਦੇ ਹੱਕਾਂ ਲਈ ਲੜਾਈ ਲੜੀ। ਉਹ 2003 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਇਰਾਨੀ ਔਰਤ ਬਣੀ। ਸਰਕਾਰ ਦੇ ਦਬਾਅ ਕਾਰਨ ਉਹ ਬਾਅਦ ਵਿਚ ਦੇਸ਼ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਗਈ। ਇਸ ਤੋਂ ਬਾਅਦ ਮਸੀਹ ਅਲੀਨੇਜਾਦ (Masih Alinejad) ਨਾਂ ਦੀ ਪੱਤਰਕਾਰ ਸੋਸ਼ਲ ਮੀਡੀਆ ਮੁਹਿੰਮ‘My Stealthy Freedom’ ਸ਼ੁਰੂ ਕੀਤੀ ਜਿਸ ਤਹਿਤ ਔਰਤਾਂ ਨੇ ਬਿਨਾਂ ਹਿਜ਼ਾਬ ਦੀਆਂ ਤਸਵੀਰਾਂ ਪੋਸਟ ਕਰਕੇ ਵਿਰੋਧ ਕੀਤਾ, ਉਹ ਵੀ ਹੁਣ ਵਿਦੇਸ਼ ਵਿਚ ਰਹਿ ਕੇ ਅੰਦੋਲਨ ਚਲਾ ਰਹੀ ਹੈ।
ਹੋਰ ਅੱਗੇ ਤੁਰੀਏ ਤਾਂ ਨਰਗਿਸ ਮੋਹੰਮਦੀ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਹੈ। ਉਸ ਨੂੰ 2023 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ। ਉਹ ਮਹਿਲਾਵਾਂ ਦੇ ਅਧਿਕਾਰ ਅਤੇ ਮੌਤ ਦੀ ਸਜ਼ਾ ਖਤਮ ਕਰਨ ਲਈ ਅੰਦੋਲਨ ਕਰਦੀ ਹੈ। ਉਸ ਨੂੰ ਵੀ ਕਈ ਵਾਰ ਕੈਦ ਦਾ ਸਾਹਮਣਾ ਕਰਨਾ ਪਿਆ।
ਮਹਸਾ ਅਮੀਨੀ ਨੌਜਵਾਨ ਇਰਾਨੀ-ਕੁਰਦੀ ਔਰਤ ਸੀ, ਜਿਸ ਦੀ ਮੌਤ ਨੇ 2022 ਵਿਚ ਇਰਾਨ ਵਿਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਹੋਇਆ ਇਹ ਕਿ ਸਤੰਬਰ 2022 ਵਿਚ ਮਹਸਾ ਅਮੀਨੀ ਆਪਣੇ ਪਰਿਵਾਰ ਨਾਲ ਤੇਹਰਾਨ ਗਈ ਹੋਈ ਸੀ। ਉਸ ਨੂੰ ‘ਮੋਰਾਲਿਟੀ ਪੁਲਿਸ’ ਨੇ ਗ੍ਰਿਫ਼ਤਾਰ ਕਰ ਲਿਆ। ਕਿਹਾ ਗਿਆ ਕਿ ਉਸ ਨੇ ਹਿਜ਼ਾਬ ਠੀਕ ਤਰੀਕੇ ਨਾਲ ਨਹੀਂ ਪਹਿਨਿਆ। ਗ੍ਰਿਫ਼ਤਾਰੀ ਤੋਂ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਕਈ ਗਵਾਹਾਂ ਨੇ ਦਾਅਵਾ ਕੀਤਾ ਕਿ ਉਸ ਨਾਲ ਹਿਰਾਸਤ ਵਿਚ ਹਿੰਸਾ ਹੋਈ।
ਇਸ ਤੋਂ ਬਾਅਦ ਕੀ ਹੋਇਆ?
ਉਸ ਦੀ ਮੌਤ ਤੋਂ ਬਾਅਦ ਇਰਾਨ ਦੇ ਕਈ ਸ਼ਹਿਰਾਂ ਵਿਚ ਵੱਡੇ ਪ੍ਰਦਰਸ਼ਨ ਸ਼ੁਰੂ ਹੋਏ। ਪ੍ਰਦਰਸ਼ਨਾਂ ਦਾ ਨਾਅਰਾ ਬਣਿਆ:‘Women, Life, Freedom’।. ਔਰਤਾਂ ਨੇ ਵਿਰੋਧ ਦੇ ਤੌਰ ’ਤੇ ਹਿਜ਼ਾਬ ਸਾੜੇ, ਵਾਲ ਕੱਟੇ ਅਤੇ ਸੜਕਾਂ ’ਤੇ ਮਾਰਚ ਕੀਤੇ। ਇਸ ਨਾਲ ਦੁਨੀਆ ਦਾ ਇਹ ਪ੍ਰਸਿੱਧ ਅੰਦੋਲਨ ਦੁਨੀਆ ਭਰ ਵਿਚ ਫੈਲ ਗਿਆ ਅਤੇ ਮਹਸਾ ਅਮੀਨੀ ਔਰਤਾਂ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਪ੍ਰਤੀਕ ਬਣ ਗਈ।
ਇਸ ਤਰ੍ਹਾਂ ਬੇਸ਼ਕ ਧਾਰਮਿਕ ਰੂਪ ਵਿਚ ਖਾਮਨੇਈ ਮਸੀਹੇ ਦੇ ਰੂਪ ਵਿਚ ਵੀ ਸਥਾਪਤ ਰਿਹਾ ਪਰ ਜਮਹੂਰੀ ਸੁਭਾਅ ਵਾਲੇ ਬੰਦਿਆਂ ਲਈ ਇਹੀ ਖਾਮਨੇਈ ਖਲਨਾਇਕ ਵੀ ਸੀ। ਹੁਣ ਜਦ ਇਕ ਪਾਸੇ ਐਪਸਟੀਨ ਫਾਈਲਾਂ ਦਾ ਰੌਲਾ ਪੈ ਰਿਹਾ ਸੀ ਤੇ ਉਸ ਵਿਚ ਟਰੰਪ ਦਾ ਨਾਂ ਵਾਰ ਵਾਰ ਆ ਰਿਹਾ ਸੀ ਤਦ ਅਮਰੀਕਾ ਤੇ ਇਜ਼ਰਾਈਲ ਨੇ ਸਿੱਧਾ ਹੀ ਗੁੰਡਾਗਰਦੀ `ਤੇ ਉਤਰਦਿਆਂ ‘ਅਪ੍ਰੇਸ਼ਨ ਐਪਿਕ ਫਿਉਰੀ’ (ਖ਼ਤਰਨਾਕ ਗੁੱਸਾ) ਨਾਂ ਹੇਠ ਇਰਾਨ ‘ਤੇ ਹਮਲਾ ਕੀਤਾ ਅਤੇ ਖਾਮਨੇਈ ਨੂੰ ਰਾਤੋ-ਰਾਤ ਮਾਰ ਸੁੱਟਿਆ, ਇਸ ਨਾਲ ਇਕ ਖਲਨਾਇਕ, ਨਾਇਕ ਵਿਚ ਰੂਪਾਂਤਰਨ ਹੋ ਗਿਆ। ਹੁਣ ਸੁਆਲ ਉਸ ਦੀਆਂ ਆਪਣੀਆਂ ਖਾਮੀਆਂ ਦਾ ਨਹੀਂ ਰਿਹਾ ਬਲਕਿ ਵਿਸ਼ਵ ਦੇ ਥਾਣੇਦਾਰ ਦੀ ਨਾਬਰੀ ਮੂਹਰੇ ਅੜਨ ਤੇ ਖੜ੍ਹਨ ਦਾ ਬਣ ਗਿਆ…।
ਕਣਸੋਆਂ ਤਾਂ ਇਹ ਵੀ ਆ ਰਹੀਆਂ ਨੇ ਕਿ ਜਿਸ ਪਰਮਾਣੂ ਪ੍ਰੋਗਰਾਮ ਦੀ ਬੁਨਿਆਦ `ਤੇ ਉਸ ਮੁਲਕ ਉੱਪਰ ਹਮਲਾ ਹੋਇਆ ਹੈ, ਉਸ ਬਾਰੇ ਪੈਂਟਾਗਨ ਨਾਲ ਪਿਛਲੀ ਬੈਠਕ ਵਿਚ ਖਾਮਨੇਈ ਨੇ ਸਹਿਮਤੀ ਦੇ ਦਿੱਤੀ ਸੀ ਕਿ ਉਹ ਆਪਣੇ ਪਰਮਾਣੂ ਪ੍ਰਾਜੈਕਟ ਨੂੰ ਰੋਕ ਦੇਵੇਗਾ, ਪਰ ਟਰੰਪ ਨੂੰ ਇਰਾਨ `ਤੇ ਹਮਲਾ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ। ਟਰੰਪ ਤੋਂ ਵੀ ਵੱਧ ਇਜ਼ਾਰਾਈਲ ਨੂੰ ਇਹ ਗੱਲ ਕਿਸੇ ਰੂਪ ਵਿਚ ਵੀ ਸਵੀਕਾਰ ਨਹੀਂ ਸੀ ਕਿ ਇਰਾਨ ਨਾਲ ਕੋਈ ਸਮਝੌਤਾ ਕੀਤਾ ਜਾਵੇ ਤੇ ਉਸ ਨੇ ਆਪਣੇ ਜੋਟੀਦਾਰ ਟਰੰਪ ਨੂੰ ਤੁਰੰਤ ਸਾਂਝਾ ਹਮਲਾ ਕਰਨ ਲਈ ਪਰਵੋਕ ਕੀਤਾ ਅਤੇ ਸਿੱਟਾ ਇਹ ਨਿਕਲਿਆ ਕਿ ਅੱਜ ਸਿੱਧੇ ਤੌਰ ‘ਤੇ ਮਿਡਲ ਈਸਟ ਦੇ ਲਗਭਗ 15 ਮੁਲਕ ਇਸ ਯੁੱਧ ਦਾ ਸ਼ਿਕਾਰ ਹਨ ਅਤੇ ਅਗਲੇ ਦਿਨਾਂ ਵਿਚ ਅਸਿੱਧੇ ਤੌਰ `ਤੇ ਅੱਧਾ ਵਿਸ਼ਵ (ਤੇਲ ਦੀ ਸਪਲਾਈ ਤੇ ਮਹਿੰਗਾਈ ਕਾਰਨ) ਇਸ ਯੁੱਧ ਦਾ ਸ਼ਿਕਾਰ ਹੋਵੇਗਾ।
ਕਿਸੇ ਬੰਦੇ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਉਹ ਪੂਰੇ ਵਿਸ਼ਵ ਨੂੰ ਇਕ ਅਜਿਹੇ ਸੰਕਟ ਵਿਚ ਧੱਕ ਦੇਵੇ, ਜਿਸ ਵਿਚ ਉਨ੍ਹਾਂ ਦਾ ਕੋਈ ਕਸੂਰ ਜਾਂ ਸ਼ਮੂਲੀਅਤ ਹੀ ਨਹੀਂ ਹੈ? ਉਹ ਚਾਹੇ ਕਿਸੇ ਵੱਡੇ ਦੇਸ਼ ਦਾ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ।
ਸੁਆਲ ਇਹ ਹੈ ਕਿ:
• ਅਮਰੀਕਾ ਕਿਸ ਹੈਸੀਅਤ ਵਿਚ ਸਾਰੀ ਦੁਨੀਆ ਦਾ ਥਾਣੇਦਾਰ ਬਣਿਆ ਹੋਇਆ ਹੈ?
• ਉਸ ਨੂੰ ਸਾਰੀ ਦੁਨੀਆ ਵਿਚ ‘ਸੋ ਕਾਲਡ ਸ਼ਾਂਤੀ’ ਕਾਇਮ ਕਰਨ ਦਾ ਹੱਕ ਕਿਸ ਨੇ ਦਿੱਤਾ ਹੋਇਆ ਹੈ?
• ਇਹ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਜੇਕਰ ਅਮਰੀਕਾ ਕਿਸੇ ਮੁਲਕ ‘ਤੇ ਕੋਈ ਇਲਜ਼ਾਮ ਲਾ ਕੇ ਹਮਲਾ ਕਰਦਾ ਹੈ ਤਾਂ ਉਹ ਇਲਜ਼ਾਮ ਠੀਕ ਹੀ ਹੈ?
ਅਸਲ ਵਿਚ ਮਸਲਾ ਗ਼ਲਤ ਜਾਂ ਠੀਕ ਦਾ ਹੈ ਹੀ ਨਹੀਂ, ਮਸਲਾ ਚੌਧਰ, ਸਰਮਾਏ ਅਤੇ ਕਬਜ਼ੇ ਦੀ ਅੰਨ੍ਹੀ ਦੌੜ ਦਾ ਹੈ। ਅਮਰੀਕਾ ਇਹ ਕਦੇ ਨਹੀਂ ਚਾਹੁੰਦਾ ਕਿ ਵਿਸ਼ਵ ਵਿਚ ਕੋਈ ਵੀ ਲੀਡਰ ਜਾਂ ਦੇਸ਼ ਕਿਸੇ ਵੀ ਮਾਇਨੇ ਵਿਚ ਉਸ ਦੇ ਬਰਾਬਰ ਸਿਰ ਚੁੱਕ ਕੇ ਖੜ੍ਹਾ ਹੋਵੇ। ਸਮਾਜਵਾਦੀ ਬਲਾਕ ਦੇ ਢਹਿ-ਢੇਰੀ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕਿਆ ਹੈ। ਕਿਸੇ ਨੂੰ ਗਰਾਂਟਾਂ ਦਾ ਲਾਲਚ ਦੇ ਕੇ, ਕਿਸੇ ‘ਤੇ ਮਨਮਰਜ਼ੀ ਦਾ ਟੈਰਿਫ਼ ਲਗਾ ਕੇ, ਕਿਸੇ ਨੂੰ ਟਕਨਾਲੌਜੀ ਦਾ ਗੁਲਾਮ ਬਣਾ ਕੇ, ਕਿਸੇ ਨੂੰ ਹਥਿਆਰਾਂ ਦਾ ਲਾਲਚ ਦੇ ਕੇ, ਕਿਸੇ ਨੂੰ ਡਰਾ-ਧਮਕਾ ਕੇ ਜਾਂ ਫੌਜੀ ਹਮਲਾ ਕਰਕੇ ਉਹ ਆਪਣਾ ਪਿਛਲੱਗ ਬਣਾਉਣਾ ਚਾਹੁੰਦਾ ਹੈ।
ਉਹ ਏਨਾ ਕੁ ਸ਼ਾਤਿਰ ਹੈ ਕਿ ਜੀਓਪੋਲਟਿਕਸ ਦੇ ਤਹਿਤ ਉਹ ਇਹ ਦੇਖਦਾ ਹੈ ਕਿ ਕਿਹੜਾ ਮੁਲਕ ਕਿਸ ਦੇ ਗੁਆਂਢ ਵਿਚ ਹੈ ਤੇ ਉਹ ਕਿਸ ਲਈ ਖਤਰਾ ਹੈ? ਆਪਣੇ ਤੋਂ ਵਿਰੋਧੀ ਸੋਚ ਵਾਲੇ ਮੁਲਕਾਂ ਨੂੰ ਖਤਮ ਕਰਨ ਲਈ ਉਸ ਦੇ ਕਿਹੜੇ ਗੁਆਂਢੀ ਮੁਲਕ ਨੂੰ ਫੌਜੀ ਅੱਡੇ ਜਾਂ ਮਿਲਟਰੀ ਬੇਸ ਵਜੋਂ ਵਰਤਿਆ ਜਾ ਸਕਦਾ ਹੈ? ਇਸ ਖੇਡ ਵਿਚ ਉਹ ਬਹੁਤ ਮਾਹਿਰ ਹੈ। ਬਿਲਕੁਲ ਇਸੇ ਤਰ੍ਹਾਂ ਇਜ਼ਰਾਈਲ ਵੀ ਇਨ੍ਹਾਂ ਹੀ ਲੀਹਾਂ ਉੱਤੇ ਤੁਰਿਆ ਹੈ। ਇਜ਼ਰਾਈਲ ਫਲਸਤੀਨ ਨੂੰ ਤਬਾਹ ਕਰਕੇ ਉਸ `ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ, ਇਸ ਰਾਹ ਵਿਚ ਲੇਬਨਾਨ ਦੀ ਹਿਜ਼ਬੁੱਲਾ ਜਥੇਬੰਦੀ ਅਤੇ ਇਰਾਨ ਸਭ ਤੋਂ ਵੱਡੀ ਰੁਕਾਵਟ ਹਨ। ਇਸ ਲਈ ਉਹ ਇਨ੍ਹਾਂ ਦੋਹਾਂ ਨੂੰ ਹਰ ਹਾਲਤ ਵਿਚ ਬਰਬਾਦ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਵਿਸ਼ਵ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ ਦੇ ਮਾਲਕ ਦੇ ਰੂਪ ਵਿਚ ਇਰਾਨ ਹਮੇਸ਼ਾ ਅਮਰੀਕਾ ਦੀਆਂ ਅੱਖਾਂ ਵਿਚ ਰੜਕਦਾ ਹੈ। ਕਦੇ ਇਸੇ ਤਰ੍ਹਾਂ ਵੀਅਤਨਾਮ ਉਸ ਦੀਆਂ ਅੱਖਾਂ ਵਿਚ ਰੜਕਿਆ ਸੀ ਅਤੇ ਫਿਰ ਕਿਉਬਾ ਵੀ ਇੰਝ ਹੀ ਰੜਕਿਆ ਸੀ। ਪਿਛਲੇ ਦਿਨੀਂ ਜਿਵੇਂ ਉਸ ਨੇ ਜੀਓਪੋਲਟਿਕਸ ਦੇ ਤਹਿਤ ਵੈਨਜੁLਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਰਾਤੋ ਰਾਤ ਗ੍ਰਿਫ਼ਤਾਰ ਕਰਕੇ ਉੱਥੇ ਸਮਾਜਵਾਦੀ ਸ਼ਾਸਨ ਦਾ ਭੋਗ ਪਾਇਆ ਉਹ ਉਸ ਦੇ ਵਿਸ਼ਵ ਡਿਕਟੇਟਰ ਹੋਣ ਦਾ ਤਾਜਾ ਅਤੇ ਪਰਤੱਖ ਗਵਾਹ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਨੇ ਆਪਣੇ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਪਰਮਾਣੂ ਬੰਬ ਬਣਾ ਲਏ ਸਨ, ਪਰ ਜੇਕਰ ਵਿਸ਼ਵ ਦਾ ਕੋਈ ਮੁਲਕ ਹੁਣ ਵੀ ਪਰਮਾਣੂ ਬੰਬ ਬਣਾਉਣ ਦੇ ਰਾਹ ਤੁਰਦਾ ਹੈ ਤਾਂ ਅਮਰੀਕਾ ਦੀਆਂ ਧਮਕੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਰਤ ਵਿਚ ਜਦ ਪਰਮਾਣੂ ਪ੍ਰੀਖਣ ਹੋਇਆ ਸੀ ਤਾਂ ਉਹ ਵੀ ਬਹੁਤ ਸੀਕਰੇਟ ਮਿਸ਼ਨ ਦੇ ਤੌਰ ‘ਤੇ ਹੋਇਆ ਸੀ। ਜੇਕਰ ਉਸ ਨੂੰ ਪਤਾ ਲੱਗ ਜਾਂਦਾ ਤਾਂ ਉਸ ਨੇ ਕਿਸੇ ਵੀ ਹਾਲਤ ਵਿਚ ‘ਬੁੱਧ ਨੂੰ ਮੁਸਕਰਾਉਣ’ ਨਹੀਂ ਸੀ ਦੇਣਾ। ਇਹੋ ਬਹਾਨਾ ਬਣਾ ਕੇ ਉਸ ਨੇ ਈਰਾਕ ‘ਤੇ ਹਮਲਾ ਕੀਤਾ ਅਤੇ ਸਦਾਮ ਹੁਸੈਨ ਦਾ ਕਤਲ ਕੀਤਾ। ਇਹ ਕਿੰਨਾ ਹਾਸੋ-ਹੀਣਾ ਤਰਕ ਹੈ ਕਿ ਮੈਂ ਜਿੰਨੇ ਮਰਜ਼ੀ ਐਟਮੀ ਹਥਿਆਰ ਬਣਾਵਾਂ ਪਰ ਹੋਰ ਕੋਈ ਵੀ ਮੁਲਕ ਜੇਕਰ ਬਣਾਵੇ ਤਾਂ ਅਸੀਂ ਉਸ ਨੂੰ ਬਰਬਾਦ ਕਰ ਦਿਆਂਗੇ।
ਜਦੋਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੂਜਾ ਵਿਸ਼ਵ ਯੁੱਧ ਹੋਇਆ ਤਾਂ ਵਿਸ਼ਵ ਪੱਧਰ `ਤੇ ਅਮਨ ਲਹਿਰ ਚੱਲੀ ਅਤੇ ਇਸ ਦੇ ਨਾਲ ਨਾਲ ਯੂ.ਐਨ.ਓ. ਵਰਗੀ ਸੰਸਥਾ ਹੋਂਦ ਵਿਚ ਆਈ ਸੀ ਜਿਸ ਨੇ ਵਿਸ਼ਵ ਪੱਧਰ `ਤੇ ਅਮਨ ਸ਼ਾਂਤੀ ਕਾਇਮ ਕਰਨ ਲਈ ਕਾਫੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਬੇਸ਼ਕ ਉਸ ਦੀ ਬਣਤਰ ਵਿਚ ਮੁੱਢ ਤੋਂ ਹੀ ‘ਤਕੜੇ ਦਾ ਸੱਤੀਂ ਵੀਹੀਂ ਸੌ’ ਸੀ। ਵਿਸ਼ਵ ਦੇ ਵੱਡੇ ਧੁਰੰਧਰ ਸਮਝੇ ਜਾਂਦੇ ਪੰਜ ਮੁਲਕਾਂ ਨੇ ਪਹਿਲਾਂ ਹੀ ਆਪਣੇ ਕੋਲ ਵੀਟੋ ਦਾ ਅਧਿਕਾਰ ਰੱਖ ਲਿਆ ਜੋ ਸਿੱਧੇ ਤੌਰ `ਤੇ ਮੁਲਕਾਂ ਦੀ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੈ। ਯੂ.ਐਨ.ਓ.ਦਾ ਜਿਹੜਾ ਫੈਸਲਾ ਇਨ੍ਹਾਂ ਪੰਜ ਮੁਲਕਾਂ ਵਿਚੋਂ ਕਿਸੇ ਇਕ ਨੂੰ ਰਾਸ ਨਹੀਂ ਆਉਂਦਾ, ਉਹ ਇਕੱਲਾ ਹੀ ਉਸ ਨੂੰ ਵੀਟੋ ਕਰ ਦਿੰਦਾ ਹੈ ਅਤੇ ਯੂ.ਐਨ.ਓ. ਦੀ ਤਾਕਤ ਦੀ ਫੂਕ ਕੱਢ ਦਿੰਦਾ ਹੈ। ਕਦੇ ਚੀਨ ਨੂੰ ਕੁਝ ਮੁਆਫ਼ਕ ਨਹੀਂ ਆਉਂਦਾ, ਕਦੇ ਅਮਰੀਕਾ ਨੂੰ ਤੇ ਕਦੇ ਰੂਸ ਨੂੰ।
ਅਮਰੀਕਾ ਨੇ ਤਾਂ ਜਮ੍ਹਾਂ ਹੀ ਹੱਦ ਕਰ ਦਿੱਤੀ। ਉਸ ਨੇ ਤਾਂ ਯੂ.ਐਨ.ਓ. ਨੂੰ ਦਿੱਤੀ ਜਾਣ ਵਾਲੀ ਗਰਾਂਟ ਹੀ ਬੰਦ ਕਰ ਦਿੱਤੀ ਅਤੇ ਯੂ.ਐਨ.ਓ. ਦੇ ਫ਼ੈਸਲਿਆਂ ਦੀ ਪਰਵਾਹ ਕਰਨੀ ਹੀ ਛੱਡ ਦਿੱਤੀ ਅਤੇ ਉਸ ਨੂੰ ਨਾਮਨਿਹਾਦ ਸੰਸਥਾ ਬਣਾ ਕੇ ਬੇਅਸਰ ਕਰ ਦਿੱਤਾ ਅਤੇ ਆਪ ਵਿਸ਼ਵ ਚੌਧਰੀ ਬਣ ਬੈਠਾ।
ਹੋਣਾ ਤਾਂ ਇਹ ਚਾਹੀਦਾ ਹੈ ਕਿ ਯੂ.ਐਨ.ਓ. ਨੂੰ ਹੋਰ ਮਜ਼ਬੂਤ ਕੀਤਾ ਜਾਂਦਾ। ਉਸ ਦੀ ਸੁਰੱਖਿਆ ਪ੍ਰੀਸ਼ਦ ਵਿਚ ਨਵੇਂ ਸਥਾਈ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇ। ਵੀਟੋ ਪਾਵਰ ਖਤਮ ਕਰਕੇ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਜਾਂਦੇ। ਉਸ ਨੂੰ ਏਨਾ ਕੁ ਖ਼ੁਦਮੁਖਤਿਆਰ ਤੇ ਸ਼ਕਤੀਸ਼ਾਲੀ ਬਣਾਇਆ ਜਾਂਦਾ ਕਿ ਉਹ ਅਮਾਨਵੀ ਕਾਰਜ ਕਰਨ ਵਾਲੇ ਕਿਸੇ ਵੀ ਦੇਸ ਨੂੰ ਕਾਨੂੰਨੀ, ਆਰਥਿਕ ਅਤੇ ਫੌਜੀ ਫਰੰਟ ਤੋਂ ਮਜਬੂਰ ਕਰ ਸਕਦੀ ਕਿ ਉਹ ਆਪਣੇ ਦਾਇਰੇ ਵਿਚ ਰਹਿ ਕੇ ਕਾਰਜ ਕਰੇ।
ਜੇਕਰ ਯੂ.ਐਨ.ਓ. ਮਜ਼ਬੂਤ ਅਤੇ ਖ਼ੁਦਮੁਖਤਿਆਰ ਹੁੰਦੀ ਤਾਂ ਨਾ ਖਾਮਨੇਈ ਆਪਣੇ ਦੇਸ਼ ਵਿਚ ਮਨੁੱਖੀ ਹੱਕਾਂ (ਵਿਸ਼ੇਸ਼ ਤੌਰ `ਤੇ ਇਸਤਰੀ ਆਜ਼ਾਦੀ) ਦਾ ਘਾਣ ਕਰ ਸਕਦਾ, ਤੇ ਨਾ ਹੀ ਅਮਰੀਕਾ ਤੇ ਇਜ਼ਰਾਈਲ ਇੰਝ ਇਰਾਨ `ਤੇ ਹਮਲਾ ਕਰ ਸਕਦੇ। ਟਰੰਪ ਇਸ ਵੇਲੇ ਏਨਾ ਕੁ ਸੁਆਰਥੀ, ਗ਼ੈਰ-ਜ਼ਿੰਮੇਵਾਰ, ਨਿੱਜਪ੍ਰਸਤ ਅਤੇ ਤਾਨਾਸ਼ਾਹ ਹੋ ਚੁੱਕਿਆ ਹੈ ਕਿ ਉਹ ਅਮਰੀਕਾ ਦੇ ਖ਼ਿਲਾਫ਼ ਥੋੜ੍ਹਾ ਜਿਹਾ ਬੋਲਣ ਵਾਲੇ ਮੁਲਕ ਨੂੰ ਸਿੱਧਾ ਧਮਕੀਆਂ `ਤੇ ਉਤਰ ਆਉਂਦਾ ਹੈ। ਕਿਸੇ ਦੌਰ ਵਿਚ ਜੋ ਕਾਰਜ ਬ੍ਰਿਟਿਸ਼ ਨੇ ਦੁਨੀਆ ਨੂੰ ਆਪਣੀ ਬਸਤੀ ਬਣਾ ਕੇ ਕੀਤਾ ਸੀ, ਉਸੇ ਪੈਟਰਨ ਤੇ ਹੁਣ ਅਮਰੀਕਾ ਪੂਰੀ ਦੁਨੀਆ ਨੂੰ ਆਪਣੀ ਬਸਤੀ ਬਣਾਉਣਾ ਚਾਹੁੰਦਾ ਹੈ। ਬਸ ਸਮੇਂ ਅਨੁਸਾਰ ਢੰਗ ਤਰੀਕੇ ਬਦਲੇ ਹਨ।
ਇਨਸਾਫ਼ ਦਾ ਇਹ ਕੈਸਾ ਤਕਾਜ਼ਾ ਹੈ ਅਤੇ ਮੁਨਸਿਫ਼ ਤੇ ਮੁਜ਼ਰਿਮ ਵਿਚ ਫਰਕ ਮਿਟਦਾ ਜਾ ਰਿਹਾ ਹੈ। ਅਮਰੀਕਾ ਜਿਹੜਾ ਖਾਮਨੇਈ ਨੂੰ ਕਿੰਨੇ ਹੀ ਇਰਾਨੀਆਂ ਦੇ ਕਾਤਲ ਦਸਦਾ ਹੋਇਆ ਉਸ ਨੂੰ ‘ਮਜ਼ਾ ਚਖਾਉਣ’ ਦਾ ਡਰਾਮਾ ਕਰਦਾ ਆ ਰਿਹਾ ਹੈ, ਉਸ ਦੇ ਆਪਣੇ ਹੱਥ ਕਿੰਨੇ ਕਤਲਾਂ ਨਾਲ ਰੰਗ ਹੋਏ ਹਨ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੱਜ ਦੂਜੇ ਨੂੰ ਪਰਮਾਣੂ ਹਥਿਆਰ ਨਾ ਰੱਖਣ ਦਾ ਸਬਕ ਦੇਣ ਵਾਲੇ ਅਮਰੀਕਾ ਨੇ 1945 ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਬੰਬ ਸੁੱਟ ਕੇ ਕਿਹੜਾ ‘ਪੁੰਨ’ ਦਾ ਕਾਰਜ ਕੀਤਾ ਸੀ। ਵਿਅਤਨਾਮ ਵਿਚ ਲੱਖਾਂ ਵੀਅਤਨਾਮੀਆਂ ਦੀ ਨਸਲਕੁਸ਼ੀ ਕਿਸ ਕਾਨੂੰਨ ਦੇ ਆਧਾਰ ‘ਤੇ ਕੀਤੀ ਸੀ। ਕਿਉਬਾ ਤੇ ਅਫ਼ਗਾਨਿਸਤਾਨ ਸਮੇਤ ਹੋਰ ਕਿੰਨੇ ਹੀ ਮੁਲਕਾਂ ਵਿਚ ਆਪਣੀ ਸਲਤਨਤ ਕਾਇਮ ਕਰਦੇ ਹੋਏ ਕਿਸ ਤਰ੍ਹਾਂ ਮਨੁੱਖੀ ਹੱਕਾਂ ਦਾ ਘਾਣ ਕੀਤਾ? ਹੁਣੇ-ਹੁਣੇ ਵੈਨਜ਼ੁਏਲਾ ਵਿਚ ਸ਼ਰ੍ਹੇਆਮ ਇਕ ਮੁਲਕ ਦੇ ਸਦਰ ਨੂੰ ਕਿਡਨੈਪ ਕਰਕੇ ਪਰਚਾ ਦਰਜ ਕਰ ਲਿਆ।
ਕੀ 21ਵੀਂ ਸਦੀ ਵਿਚ ਵੀ ‘ਜਿਸ ਦੀ ਲਾਠੀ, ਉਸ ਦੀ ਮੱਝ’ ਵਰਗਾ ਜੰਗਲ-ਰਾਜ ਚਲਦਾ ਰਹੇਗਾ? ਜਿਸ ਹੁਕਮਰਾਨ ਦਾ ਜੀ ਕਰੇ, ਉਹ ਆਪਣੀ ਪਰਜਾ ਦੇ ਸਾਰੇ ਅਧਿਕਾਰ ਖੋਹ ਕੇ ਉਨ੍ਹਾਂ ਉੱਪਰ ਦਹਾਕਿਆਂ ਬੱਧੀ ਜ਼ੁਲਮ ਕਰ ਸਕਦਾ ਹੈ ਜਾਂ ਜਿਸ ਹੁਮਕਰਾਨ ਦਾ ਜੀ ਕਰੇ ਉਹ ਦੂਜੇ ਮੁਲਕ `ਤੇ ਆਪਣੀ ਫੌਜੀ ਤਾਕਤ ਦੀ ਬਦੌਲਤ ਹਮਲਾ ਕਰ ਦੇਵੇ? ਕੀ ਅਸੀਂ ਯੂ.ਐਨ.ਓ. ਵਰਗੀਆਂ ਸੰਸਥਾਵਾਂ ਨੂੰ ਏਨਾ ਮਜ਼ਬੂਤ ਨਹੀਂ ਕਰ ਸਕਦੇ, ਕਿ ਉਹ ਬਿਨਾ ਕਿਸੇ ਦਾ ਖੂਨ ਬਹਾਏ ਹੋਰ ਤਰ੍ਹਾਂ ਦੇ ਦਬਾਵਾਂ ਨਾਲ ਹਰ ਮੁਲਕ ਨੂੰ ਦਾਇਰੇ ਵਿਚ ਰਹਿਣਾ ਸਿਖਾ ਦੇਵੇ ਅਤੇ ਇਹ ਧਰਤੀ ਸਚਮੁਚ ਰਹਿਣਯੋਗ, ਜਿਉਣਯੋਗ ਅਤੇ ਮਾਣਨਯੋਗ ਬਣ ਜਾਵੇ…ਆਮੀਨ !!!