ਗ਼ੁਲਾਮੀ, ਨਸਲਕੁਸ਼ੀ ਅਤੇ ਯੁੱਧ ਦਾ ਸਾਮਰਾਜ

ਦੂਜੀ ਵਿਸ਼ਵ ਜੰਗ ਮੁੱਕਣ ਤੋਂ ਲੈ ਕੇ ਅਮਰੀਕੀ ਫ਼ੌਜ, ਖੁਫ਼ੀਆ ਏਜੰਸੀਆਂ ਅਤੇ ਅਮਰੀਕੀ ਸਟੇਟ ਦੀਆਂ ਹੋਰ ਸ਼ਾਖਾਵਾਂ ਦੁਆਰਾ ਮਾਰੇ ਗਏ ਲੋਕਾਂ ਦੀ ਗਿਣਤੀ
-ਪੇਸ਼ਕਸ਼ ਅਤੇ ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਅਮਰੀਕੀ ਸਾਮਰਾਜ ਦੀ ਧੜਵੈਲ ਪ੍ਰਚਾਰ ਮਸ਼ੀਨ ਰਾਹੀਂ ਦੁਨੀਆ ਦੇ ਦਿਮਾਗਾਂ ਵਿਚ ਇਹ ਕੁੱਟ-ਕੁੱਟ ਕੇ ਭਰਿਆ ਜਾਂਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੁਨੀਆ ਦਾ ਸਭ ਤੋਂ ਮਹਾਨ, ਸ਼ਾਂਤੀ ਦਾ ਰੱਖਿਅਕ ਮੁਲਕ ਹੈ। ਸੱਚਾਈ ਇਹ ਹੈ ਕਿ ਇਹ ਅਜਿਹਾ ਮੁਲਕ ਹੈ ਜਿਸਦੀ ਨੀਂਹ ਗ਼ੁਲਾਮੀ, ਕਤਲੇਆਮ ਅਤੇ ਨਸਲਕੁਸ਼ੀ ਉੱਪਰ ਰੱਖੀ ਗਈ ਸੀ,

ਜੋ ਜੇਤੂ ਜੰਗਾਂ ਰਾਹੀਂ ਸਾਮਰਾਜ ਬਣਿਆ, ਅਤੇ ਉਸ ਨੀਂਹ ’ਤੇ ਇਸਦਾ ‘ਨਿਰਮਾਣ’ ਜਾਰੀ ਹੈ। ਅੱਜ ਜਦੋਂ ਅਮਰੀਕੀ ਹਕੂਮਤ ਨੇ ਮੱਧ ਪੂਰਬ ਵਿਚ ਆਪਣੀ ਫ਼ੌਜੀ ਚੌਕੀ ਇਜ਼ਰਾਇਲ ਨਾਲ ਮਿਲ ਕੇ ਗਾਜ਼ਾ ਵਿਚ ਲਗਾਤਾਰ ਨਸਲਕੁਸ਼ੀ ਤੋਂ ਬਾਅਦ ਇਰਾਨ ਉੱਪਰ ਵੀ ਦਹਿਸ਼ਤਗਰਦ ਹਮਲਾ ਕਰ ਦਿੱਤਾ ਹੈ ਤਾਂ ਸ਼ਾਂਤੀ, ਦਹਿਸ਼ਤਵਾਦ ਵਿਰੁੱਧ ਜੰਗ ਵਰਗੇ ਕੂੜ ਓਹਲੇ ਲੁਕੀ ਅਮਰੀਕੀ ਸਟੇਟ ਦੀ ਖ਼ੂੰਖ਼ਾਰ ਦਹਿਸ਼ਤਗਰਦ ਖ਼ਸਲਤ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।
ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ ਅਮਰੀਕੀ ਸਾਮਰਾਜ ਵੱਲੋਂ ਦੂਜੇ ਮੁਲਕਾਂ ’ਤੇ ਕੀਤੇ ਗਏ ਭਿਆਨਕ ਜ਼ੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਉਜਾਗਰ ਕਰਦੇ ਵੇਰਵੇ ਪੇਸ਼ ਕਰਨ ਦਾ ਮਹੱਤਵਪੂਰਨ ਕਾਰਜ ਰੈਵੋਲੂਸ਼ਨਰੀ ਕਮਿਊਨਿਸਟ ਪਾਰਟੀ ਯੂ.ਐੱਸ.ਏ. ਨੇ ਸ਼ੁਰੂ ਕੀਤਾ ਹੈ। ਇਹ ਮੁੱਢਲੇ ਵੇਰਵੇ ਹਨ ਅਤੇ ਹੋਰ ਅਧਿਐਨ ਰਾਹੀਂ ਇਸ ਵਿਚ ਹੋਰ ਵੇਰਵੇ ਜੁੜਦੇ ਜਾਣਗੇ। ਇਹ ਵੇਰਵੇ ਦੱਸਦੇ ਹਨ ਕਿ 1945 ਤੋਂ ਲੈ ਕੇ ਅਮਰੀਕੀ ਸਾਮਰਾਜ ਆਪਣੀਆਂ ਜੰਗਾਂ, ਤਖ਼ਤ ਪਲਟਿਆਂ, ਪਿਛਾਖੜੀ ਤਾਕਤਾਂ ਦੀ ਹਮਾਇਤ ਅਤੇ ਮਾਨਵਤਾ ਵਿਰੋਧੀ ਹੋਰ ਜ਼ੁਰਮਾਂ ਰਾਹੀਂ ਘੱਟੋ-ਘੱਟ 1.4 ਕਰੋੜ ਲੋਕਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹੈ।
• ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਬੰਬਾਰੀ (ਅਗਸਤ 1945), 2 ਲੱਖ 14 ਹਜ਼ਾਰ ਮੌਤਾਂ
ਜਿਉਂ ਹੀ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਰਿਹਾ ਸੀ, ਅਮਰੀਕਾ ਨੇ ਜਪਾਨੀ ਸ਼ਹਿਰਾਂ ’ਤੇ 2 ਪਰਮਾਣੂ ਬੰਬ ਸੁੱਟੇ। ਅੰਦਾਜ਼ਾ ਹੈ ਕਿ ਇਨ੍ਹਾਂ ਪਰਮਾਣੂ ਬੰਬਾਂ ਨਾਲ ਹੀਰੋਸ਼ੀਮਾ ਵਿਚ 1,40,000 ਤੋਂ ਵੱਧ ਲੋਕ ਮਾਰੇ ਗਏ, ਅਤੇ ਨਾਗਾਸਾਕੀ ਵਿਚ 74,000 ਲੋਕ ਮਾਰੇ ਗਏ॥
• ਕੋਰੀਆਈ ਜੰਗ (1950-53), 25 ਲੱਖ ਮੌਤਾਂ
ਅਮਰੀਕਾ ਨੇ 3 ਲੱਖ 40 ਹਜ਼ਾਰ ਫ਼ੌਜੀਆਂ ਨਾਲ ਸੰਯੁਕਤ ਰਾਸ਼ਟਰ ਦੇ ਹਮਲੇ ਦੀ ਯੋਜਨਾ ਬਣਾਈ, ਜਿਨ੍ਹਾਂ ਵਿਚੋਂ 90 ਪ੍ਰਤੀਸ਼ਤ ਅਮਰੀਕੀ ਸਨ। ਅਮਰੀਕੀ ਜਹਾਜ਼ਾਂ ਨੇ ਉੱਤਰੀ ਕੋਰੀਆ ’ਤੇ ਕਾਰਪੈੱਟ ਬੰਬਾਰੀ ਕੀਤੀ ਅਤੇ ਪੂਰੇ ਮੁਲਕ ਵਿਚ ਲਾਸ਼ਾਂ ਵਿਛਾ ਦਿੱਤੀਆਂ। ਹਜ਼ਾਰਾਂ ਟਨ ਨਾਪਾਮ—ਜੈਲੀ ਵਰਗੀ ਗੈਸੋਲੀਨ ਜੋ ਲੋਕਾਂ ਨੂੰ ਜਿੰਦਾ ਸਾੜ ਦਿੰਦੀ ਹੈ—ਵੀ ਸੁੱਟੀ ਗਈ। ਰਾਸ਼ਟਰਪਤੀ ਟਰੂਮੈਨ ਨੇ ਉਸ ਵੇਲੇ ਦੇ ਸਮਾਜਵਾਦੀ ਚੀਨ ਦੇ ਖ਼ਿਲਾਫ਼ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ, ਜੋ ਕੋਰੀਆਈ ਜੰਗ ਦੌਰਾਨ ਕੁਝ ਸਮੇਂ ਲਈ ਅਮਰੀਕੀ ਫ਼ੌਜਾਂ ਨੂੰ ਹਰਾ ਰਿਹਾ ਸੀ। ਅਗਲੇ ਤਿੰਨ ਸਾਲਾਂ ਦੀ ਲੜਾਈ ਅਤੇ ਭਾਰੀ ਬੰਬਾਰੀ ਵਿਚ, ਅਮਰੀਕੀ ਅਤੇ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਨੇ ਘੱਟੋ-ਘੱਟ 25 ਲੱਖ ਉੱਤਰੀ ਕੋਰੀਆਈ, ਦੱਖਣੀ ਕੋਰੀਆਈ ਅਤੇ ਚੀਨੀ ਲੋਕਾਂ ਨੂੰ ਮਾਰ ਦਿੱਤਾ।
• ਵੀਅਤਨਾਮ (1961-1975), 30 ਲੱਖ ਮੌਤਾਂ
ਅਮਰੀਕਾ ਨੇ ਦੱਖਣ-ਪੂਰਬੀ ਏਸ਼ੀਆ ਦੇ ਇਸ ਮੁਲਕ ਵਿਚ 5 ਲੱਖ ਤੋਂ ਵੱਧ ਫ਼ੌਜੀ ਭੇਜੇ ਅਤੇ ਲੱਖਾਂ ਟਨ ਬੰਬ ਸੁੱਟੇ ਤਾਂ ਜੋ ਵੀਅਤਨਾਮੀ ਲੋਕਾਂ ਦੇ ਕੌਮੀ ਮੁਕਤੀ ਸੰਘਰਸ਼ ਨੂੰ ਹਰਾਇਆ ਜਾ ਸਕੇ। ਅਪ੍ਰੈਲ 1975 ਵਿਚ ਅਮਰੀਕਾ ਦੀ ਹਾਰ ਨਾਲ ਜੰਗ ਖ਼ਤਮ ਹੋਣ ਤੱਕ, ਅਮਰੀਕੀ ਫ਼ੌਜ ਨੇ ਤਕਰੀਬਨ 20 ਲੱਖ ਵੀਅਤਨਾਮੀ ਨਾਗਰਿਕਾਂ ਅਤੇ 10 ਲੱਖ ਵੀਅਤਨਾਮੀ ਫ਼ੌਜੀਆਂ ਦਾ ਕਤਲੇਆਮ ਕਰ ਦਿੱਤਾ ਸੀ।
• ਡੋਮੀਨੀਕਨ ਗਣਰਾਜ ’ਤੇ ਹਮਲਾ (1965), 2500 ਮੌਤਾਂ
28 ਅਪ੍ਰੈਲ, 1965 ਨੂੰ, 22 ਹਜ਼ਾਰ ਅਮਰੀਕੀ ਮੈਰੀਨ ਫ਼ੌਜੀਆਂ ਅਤੇ ਹੋਰ ਫ਼ੌਜਾਂ ਨੇ ਮੁਲਕ ਦੇ ਹਮਾਇਤੀ-ਅਮਰੀਕੀ ਜ਼ੁਲਮਾਂ ਦੇ ਖ਼ਿਲਾਫ਼ ਨਿਆਂਪੂਰਨ, ਲੋਕ ਬਗ਼ਾਵਤ ਨੂੰ ਕੁਚਲਣ ਲਈ ਡੋਮੀਨੀਕਨ ਗਣਰਾਜ ’ਤੇ ਹਮਲਾ ਕੀਤਾ। ਫ਼ੌਜਾਂ ਨੇ ਪਿੰਡਾਂ ’ਤੇ ਬੰਬਾਰੀ ਮੁਹਿੰਮਾਂ ਦੀ ਅਗਵਾਈ ਕੀਤੀ, ਜਨਤਕ ਰਾਜਨੀਤਕ ਮੀਟਿੰਗਾਂ ’ਤੇ ਪਾਬੰਦੀ ਲਗਾ ਦਿੱਤੀ, ਅਤੇ ਕਬਜ਼ੇ ਦੌਰਾਨ 2500 ਡੋਮੀਨੀਕਨ ਲੋਕਾਂ ਦੀਆਂ ਮੌਤਾਂ ਦੀ ਨਿਗਰਾਨੀ ਕੀਤੀ।
• ਲਾਓਸ ’ਤੇ ਬੰਬਾਰੀ (1964-1973), 50 ਹਜ਼ਾਰ ਮੌਤਾਂ (ਬਾਅਦ ਵਿਚ, ਨਾ ਵਰਤੇ ਗਏ ਵਿਸਫੋਟਕਾਂ ਤੋਂ 20 ਹਜ਼ਾਰ ਹੋਰ ਮਾਰੇ ਗਏ ਜਾਂ ਅਪਾਹਜ ਹੋਏ)
ਵੀਅਤਨਾਮ ਵਿਚ ਜੰਗ ਦੌਰਾਨ, ਅਮਰੀਕੀ ਜੰਗੀ ਜਹਾਜ਼ਾਂ ਨੇ ਗੁਆਂਢੀ ਮੁਲਕ ਲਾਓਸ ’ਤੇ 20 ਲੱਖ ਟਨ ਬੰਬ ਸੁੱਟੇ, ਜੋ ਦੂਜੇ ਵਿਸ਼ਵ ਯੁੱਧ ਦੌਰਾਨ ਸੁੱਟੇ ਗਏ ਸਾਰੇ ਬੰਬਾਂ ਤੋਂ ਵੱਧ ਸੀ। ਅੰਦਾਜ਼ਾ ਹੈ ਕਿ 8 ਕਰੋੜ ਕਲੱਸਟਰ ਬੰਬ ਨਹੀਂ ਫਟੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅੱਜ ਵੀ ਖੇਤਾਂ ਵਿਚ ਦੱਬੇ ਹੋਏ ਹਨ। ਬੰਬਾਰੀ ਦੌਰਾਨ 50 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ, ਪਰ ਜੰਗ ਖ਼ਤਮ ਹੋਣ ਤੋਂ ਬਾਅਦ ਦੇ ਦਹਾਕਿਆਂ ਵਿਚ ਨਾ ਵਰਤੇ ਗਏ ਵਿਸਫੋਟਕਾਂ—ਜਿਨ੍ਹਾਂ ਵਿਚ ਕਲੱਸਟਰ ਬੰਬ ਸ਼ਾਮਲ ਹਨ—ਨਾਲ 20 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਜਾਂ ਅਪਾਹਜ ਹੋਏ।
• ਕੰਬੋਡੀਆ ’ਤੇ ਬੰਬਾਰੀ (1969-1973), ਡੇਢ ਲੱਖ ਮੌਤਾਂ
ਅਮਰੀਕਾ ਨੇ ਵੀਅਤਨਾਮ ਵਿਚ ਜੰਗ ਦੌਰਾਨ ਕੰਬੋਡੀਆ ’ਤੇ ਵੀ ਕਾਰਪੈੱਟ ਬੰਬਾਰੀ ਕੀਤੀ, ਜਿਸ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਅੰਦਾਜ਼ਨ 50 ਹਜ਼ਾਰ ਤੋਂ ਡੇਢ ਲੱਖ ਲੋਕ ਮਾਰੇ ਗਏ। ਪਰ ਸਾਲ 2000 ਵਿਚ, ਇਹ ਖ਼ੁਲਾਸਾ ਹੋਇਆ ਕਿ ਉਨ੍ਹਾਂ ਸਾਲਾਂ ਦੌਰਾਨ ਕੰਬੋਡੀਆ ’ਤੇ ਸੁੱਟੇ ਗਏ ਬੰਬਾਂ ਦੀ ਟਨਾਂ ਵਿਚ ਮਾਤਰਾ ਪਹਿਲਾਂ ਸਵੀਕਾਰ ਕੀਤੇ ਗਈ ਮਾਤਰਾ ਤੋਂ 5 ਗੁਣਾ ਵੱਧ ਸੀ। ‘ਡੇਟਾਬੇਸ ਦੁਆਰਾ ਦੱਸੀ ਗਈ ਟਨਾਂ ਵਿਚ ਮਾਤਰਾ ਦੇ ਪੰਜ ਗੁਣਾ ਵਾਧੇ ਨੂੰ ਦੇਖਦੇ ਹੋਏ, ਮੌਤਾਂ ਦੀ ਗਿਣਤੀ ਨਿਸ਼ਚਤ ਤੌਰ ’ਤੇ ਵੱਧ ਹੈ।’
• ਉੱਤਰੀ ਵੀਅਤਨਾਮ ’ਤੇ ਕ੍ਰਿਸਮਸ ਬੰਬਾਰੀ (18-29 ਦਸੰਬਰ 1972), 2300 ਮੌਤਾਂ
ਅਮਰੀਕਾ ਨੇ ਜੰਗ ਖ਼ਤਮ ਕਰਨ ਲਈ ਗੱਲਬਾਤ ਵਿਚ ਉੱਤਰੀ ਵੀਅਤਨਾਮ ਵੱਲੋਂ ਰਿਆਇਤਾਂ ਦੇਣ ਲਈ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਹਨੋਈ ਅਤੇ ਹਾਈਫੋਂਗ ’ਤੇ ਭਾਰੀ ਬੰਬਾਰੀ ਕੀਤੀ। ਇਸਨੇ ਦਾਅਵਾ ਕੀਤਾ ਕਿ 1600 ਵੀਅਤਨਾਮੀ ਨਾਗਰਿਕ ਮਾਰੇ ਗਏ, ਪਰ ਵੀਅਤਨਾਮੀ ਸਰੋਤਾਂ ਦਾ ਅੰਦਾਜ਼ਾ ਹੈ ਕਿ 2300 ਨਾਗਰਿਕ ਮੌਤਾਂ ਹੋਈਆਂ—ਇਕੱਲੇ ਹਨੋਈ ਵਿਚ ਲਗਭਗ 1500 ਲੋਕ ਮਾਰੇ ਗਏ।
• ਗ੍ਰੇਨਾਡਾ ’ਤੇ ਹਮਲਾ (1983), 70 ਮੌਤਾਂ, 400 ਜ਼ਖਮੀ
ਅਮਰੀਕਾ ਨੇ ਇਸ ਛੋਟੇ ਜਿਹੇ ਟਾਪੂ ਰਾਸ਼ਟਰ ’ਤੇ ਉਸਦੀ ਖੱਬੇ-ਪੱਖੀ ਸਰਕਾਰ ਨੂੰ ਉਲਟਾਉਣ ਲਈ ਹਮਲਾ ਕੀਤਾ, ਅਜਿਹੀ ਕਾਰਵਾਈ ਜਿਸਨੂੰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਕਾਨੂੰਨ ਦੀ ‘ਘੋਰ’ ਉਲੰਘਣਾ ਕਰਾਰ ਦਿੱਤਾ। ਅਮਰੀਕੀ ਫ਼ੌਜਾਂ ਨੇ 45 ਗ੍ਰੇਨਾਡਾ ਲੋਕਾਂ ਅਤੇ ਗ੍ਰੇਨਾਡਾ ਦੀ ਸਰਕਾਰ ਦੀ ਹਮਾਇਤ ਵਿਚ ਉੱਥੇ ਕੰਮ ਕਰ ਰਹੇ 25 ਕਿਊਬਾਈ ਲੋਕਾਂ ਨੂੰ ਮਾਰ ਦਿੱਤਾ, ਅਤੇ 396 ਗ੍ਰੇਨਾਡਾ ਅਤੇ ਕਿਊਬਾਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
• ਪਨਾਮਾ ’ਤੇ ਹਮਲਾ (1989-1990), ਘੱਟੋ-ਘੱਟ 2 ਤੋਂ 3 ਹਜ਼ਾਰ ਮੌਤਾਂ
20 ਦਸੰਬਰ, 1989 ਨੂੰ, ਅਮਰੀਕੀ ਫ਼ੌਜ ਨੇ 27,684 ਫ਼ੌਜੀਆਂ ਅਤੇ 300 ਜਹਾਜ਼ਾਂ ਨਾਲ ਪਨਾਮਾ ’ਤੇ ਹਮਲਾ ਕੀਤਾ, ਮੈਨੂਅਲ ਨੋਰੀਏਗਾ ਅਤੇ ਉਸਦੀ ਰੱਖਿਆ ਫ਼ੌਜ ਨੂੰ ਸੱਤਾ ਤੋਂ ਹਟਾ ਦਿੱਤਾ। ਪੂਰੇ ਮੁਹੱਲੇ ਤਬਾਹ ਕਰ ਦਿੱਤੇ ਗਏ। ਕੈਥੋਲਿਕ ਅਤੇ ਐਪਿਸਕੋਪਲ ਚਰਚਾਂ ਨੇ ਅੰਦਾਜ਼ਾ ਲਗਾਇਆ ਹੈ ਕਿ 2 ਤੋਂ 3 ਹਜ਼ਾਰ ਲੋਕ ਮਾਰੇ ਗਏ, ਇਹ ਅੰਕੜਾ ਵੀ ਘੱਟ ਮੰਨਿਆ ਜਾਂਦਾ ਹੈ।
• ਖਾੜੀ ਜੰਗ—ਇਰਾਕ ’ਤੇ ਅਮਰੀਕੀ ਹਮਲਾ (1990-1991), 2 ਲੱਖ ਤੋਂ ਵੱਧ ਲੋਕ ਮਾਰੇ ਗਏ
16 ਜਨਵਰੀ ਤੋਂ 27 ਫਰਵਰੀ 1991 ਤੱਕ, ਅਮਰੀਕਾ ਨੇ ਫਾਰਸ ਦੀ ਖਾੜੀ ’ਤੇ ਆਪਣੀ ਪਕੜ ਮਜ਼ਬੂਤ ਕਰਨ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਦੇ ‘ਨਵੇਂ ਵਿਸ਼ਵ ਪ੍ਰਬੰਧ’ ਦਾ ਮਾਹੌਲ ਬਣਾਉਣ ਲਈ ਇਰਾਕ ਦੇ ਖ਼ਿਲਾਫ਼ ਜੰਗ ਛੇੜ ਦਿੱਤੀ, ਜਿਸਨੂੰ ਉਹ ਸਥਾਪਤ ਕਰਨਾ ਚਾਹੁੰਦਾ ਸੀ। ਜੰਗ ਅਤੇ ਉਸ ਤੋਂ ਬਾਅਦ 2 ਲੱਖ ਤੋਂ ਵੱਧ ਇਰਾਕੀ ਫ਼ੌਜੀ ਅਤੇ ਨਾਗਰਿਕ ਮਾਰੇ ਗਏ।
• ਅਫ਼ਗਾਨਿਸਤਾਨ ’ਤੇ ਹਮਲਾ ਅਤੇ ਕਬਜ਼ਾ (2001-2021), 1 ਲੱਖ ਦੇ ਕਰੀਬ ਮੌਤਾਂ (ਅਪ੍ਰਤੱਖ ਮੌਤਾਂ ਇਸ ਵਿਚ ਸ਼ਾਮਲ ਨਹੀਂ)
ਅਕਤੂਬਰ 2001 ’ਚ ਅਮਰੀਕੀ ਫ਼ੌਜਾਂ ਨੇ ਅਫ਼ਗਾਨਿਸਤਾਨ ’ਤੇ ਹਮਲਾ ਕੀਤਾ, ਇਸਲਾਮੀ ਕੱਟੜਪੰਥੀ ਤਾਲਿਬਾਨ ਸ਼ਾਸਨ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ, ਅਤੇ ਇੱਕ ਵਿਆਪਕ ਤੌਰ ’ਤੇ ਨਫ਼ਰਤ ਕੀਤਾ ਜਾਣ ਵਾਲਾ, ਅਮਰੀਕੀ ਹਮਾਇਤ ਵਾਲਾ ‘ਇਸਲਾਮੀ ਗਣਰਾਜ’ ਸਥਾਪਤ ਕੀਤਾ। ਪਰ ਅਮਰੀਕਾ ਤਾਲਿਬਾਨ ਨੂੰ ਹਰਾਉਣ ਜਾਂ ਮੁਲਕ ਨੂੰ ਸਥਿਰ ਕਰਨ ਵਿਚ ਕਦੇ ਸਫ਼ਲ ਨਹੀਂ ਹੋਇਆ। ਲਗਭਗ 1 ਲੱਖ ਅਫ਼ਗਾਨ ਲੜਾਕੂ ਅਤੇ ਨਾਗਰਿਕ ਮਾਰੇ ਗਏ; ਜਦਕਿ ਅਪ੍ਰਤੱਖ ਮੌਤਾਂ ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।
• ਇਰਾਕ ’ਤੇ ਹਮਲਾ (2003), ਫਿਰ ਕਬਜ਼ਾ, ਕਬਜ਼ੇ ਦੇ ਪਹਿਲੇ 4 ਸਾਲਾਂ ਵਿਚ 6 ਲੱਖ 55 ਹਜ਼ਾਰ ਤੋਂ ਲੈ ਕੇ 10 ਲੱਖ ਤੋਂ ਵੱਧ ਮੌਤਾਂ
2003 ਵਿਚ, ਅਮਰੀਕਾ ਨੇ ਇਸ ਝੂਠ ਦੇ ਆਧਾਰ ’ਤੇ ਇਰਾਕ ’ਤੇ ਹਮਲਾ ਕੀਤਾ ਅਤੇ ਸੱਦਾਮ ਹੁਸੈਨ ਦੇ ਸ਼ਾਸਨ ਨੂੰ ਉਲਟਾ ਦਿੱਤਾ ਕਿ ਇਰਾਕ ਕੋਲ ਸਮੂਹਿਕ ਤਬਾਹੀ ਦੇ ਹਥਿਆਰ ਹਨ। ਅਮਰੀਕੀ ਜੰਗ ਅਤੇ ਕਬਜ਼ੇ ਨੇ ਹਥਿਆਰਬੰਦ ਵਿਰੋਧ ਨੂੰ ਜਨਮ ਦਿੱਤਾ ਅਤੇ ਪਿਛਾਖੜੀ ਇਸਲਾਮੀ ਜਿਹਾਦਵਾਦ ਅਤੇ ਨਸਲੀ-ਫਿਰਕਾਪ੍ਰਸਤੀ ਟਕਰਾਅ ਦੇ ਉਭਾਰ ਨੂੰ ਹਵਾ ਦਿੱਤੀ ਗਈ ਜੋ ਅੱਜ ਵੀ ਜਾਰੀ ਹੈ। ਬਰਤਾਨਵੀ ਮੈਡੀਕਲ ਜਰਨਲ ਲੈਂਸੇਟ ਵਿਚ 2006 ਦੇ ਇੱਕ ਅਧਿਐਨ ਨੇ ਅੰਦਾਜ਼ਾ ਲਗਾਇਆ ਕਿ ਅਮਰੀਕੀ ਹਮਲੇ ਅਤੇ ਤਿੰਨ ਸਾਲਾਂ ਦੇ ਕਬਜ਼ੇ ਕਾਰਨ ਇਰਾਕ ਵਿਚ ਲਗਭਗ 6 ਲੱਖ 55 ਹਜ਼ਾਰ ਮੌਤਾਂ ਹੋਈਆਂ, ਜੋ ਸਿੱਧੇ ਰੂਪ ’ਚ ਜੰਗ ਨਾਲ ਅਤੇ ਨਾਲ ਹੀ ਲੋਕਾਂ ਦੀ ਸਿਹਤ ਤੇ ਹੋਰ ਕਾਰਨਾਂ ’ਤੇ ਪ੍ਰਭਾਵਾਂ ਕਾਰਨ ਹੋਈਆਂ। 2008 ਦੇ ਇੱਕ ਹੋਰ ਅਧਿਐਨ ਨੇ ਅਮਰੀਕੀ ਕਬਜ਼ੇ ਦੇ ਚਾਰ ਸਾਲਾਂ ਵਿਚ ਇਰਾਕੀ ਮੌਤਾਂ ਦੀ ਗਿਣਤੀ ਲਗਭਗ 10 ਲੱਖ 30 ਹਜ਼ਾਰ ਦੱਸੀ।
• ਯਮਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸੋਮਾਲੀਆ ਵਿਚ ਅਮਰੀਕੀ ਡਰੋਨ ਹਮਲੇ ਅਤੇ ਹੋਰ ਗੁਪਤ ਕਾਰਵਾਈਆਂ (2004 ਤੋਂ ਹੁਣ ਤੱਕ), 9 ਤੋਂ 17 ਹਜ਼ਾਰ ਦਰਮਿਆਨ ਮੌਤਾਂ
11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ, ਜਾਰਜ ਡਬਲਯੂ. ਬੁਸ਼ ਨੇ ਕਥਿਤ ‘ਦਹਿਸ਼ਤਵਾਦ ਖ਼ਿਲਾਫ਼ ਜੰਗ’ ਸ਼ੁਰੂ ਕੀਤੀ—ਜੋ ਕਥਿਤ ਹਮਲਿਆਂ ਦਾ ਜਵਾਬ ਦੇਣ ਅਤੇ ਅਮਰੀਕੀ ਸਾਮਰਾਜ ਦਾ ਵਿਸਥਾਰ ਅਤੇ ਮਜ਼ਬੂਤੀ ਕਰਨ ਲਈ ਵਿਸ਼ਵਵਿਆਪੀ ਜੰਗ ਸੀ। ਅਮਰੀਕਾ ਦੀ ਡਰੋਨ ਜੰਗ ਮੁੱਖ ਹਿੱਸਾ ਬਣ ਗਈ। ਯਮਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਸੋਮਾਲੀਆ ਦੇ ਖ਼ਿਲਾਫ਼ ਡਰੋਨ ਤਾਇਨਾਤ ਕੀਤੇ ਗਏ। ਓਬਾਮਾ ਪ੍ਰਸ਼ਾਸਨ ਨੇ ਮਨੁੱਖ ਰਹਿਤ ਡਰੋਨ ਹਮਲਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਕੀਤਾ। 2020 ਤੱਕ ਅੰਦਾਜ਼ਨ 8 ਹਜ਼ਾਰ 858 ਤੋਂ ਲੈ ਕੇ 16 ਹਜ਼ਾਰ 901 ਮੌਤਾਂ ਹੋਈਆਂ। ਮਾਰੇ ਗਏ ਨਾਗਰਿਕ: 910-2 ਹਜ਼ਾਰ 200; ਮਾਰੇ ਗਏ ਬੱਚੇ: 283-454।
• ਅਮਰੀਕਾ, ਬਰਤਾਨੀਆ, ਫਰਾਂਸ ਦੀ ਲੀਬੀਆ ਉੱਪਰ ਜੰਗ (2011), ਢਾਈ ਲੱਖ ਮੌਤਾਂ
ਮਾਰਚ 2011 ’ਚ, ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਮੁਅੱਮਰ ਗੱਦਾਫ਼ੀ ਦੇ ਜਾਬਰ, 42-ਸਾਲਾ ਸ਼ਾਸਨ ਦੇ ਖ਼ਿਲਾਫ਼ ਲੋਕ ਵਿਦਰੋਹ ਨੂੰ ਕੈਸ਼ ਕਰਨ ਲਈ ਜੰਗ ਛੇੜ ਦਿੱਤੀ। ਉਨ੍ਹਾਂ ਦਾ ਟੀਚਾ ਗੱਦਾਫ਼ੀ ਦਾ ਤਖ਼ਤ ਉਲਟਾਉਣਾ ਅਤੇ ਲੀਬੀਆ ’ਤੇ ਆਪਣੀ ਪਕੜ ਮਜ਼ਬੂਤ ਕਰਨਾ ਸੀ। ਅਗਲੇ ਸੱਤ ਮਹੀਨਿਆਂ ਤੱਕ, ਅਮਰੀਕੀ ਅਗਵਾਈ ਵਾਲੇ ਗੱਠਜੋੜ ਨੇ ਵਿਆਪਕ ਬੰਬਾਰੀ, ਹੋਰ ਹਮਲੇ ਅਤੇ ਫ਼ੌਜੀ ਕਾਰਵਾਈਆਂ ਕੀਤੀਆਂ। ਪਰ ਲੀਬੀਆ ਵਿਚ ਜੋ ਜੰਗ, ਹਿੰਸਾ ਅਤੇ ਅਰਾਜਕਤਾ ਫੈਲੀ, ਉਹ ਸਾਲਾਂ ਤੱਕ ਜਾਰੀ ਰਹੀ, ਜਿਸ ਵਿਚ ਲਗਭਗ ਢਾਈ ਲੱਖ ਲੀਬੀਆਈ ਮਾਰੇ ਗਏ।
• ਅਮਰੀਕਾ ਇਰਾਨ-ਇਜ਼ਰਾਈਲ ਜੰਗ (13 ਤੋਂ 24 ਜੂਨ 2025) ਵਿਚ ਸ਼ਾਮਲ ਹੋਇਆ—ਬਾਰਾਂ-ਰੋਜ਼ਾ ਜੰਗ, 1200 ਮੌਤਾਂ
ਇਜ਼ਰਾਈਲ ਨੇ 13 ਜੂਨ ਨੂੰ ਇਰਾਨ ਵਿਚ ਫ਼ੌਜੀ ਅਤੇ ਪਰਮਾਣੂ ਸਹੂਲਤਾਂ ’ਤੇ ਬੰਬਾਰੀ ਕੀਤੀ, ਪ੍ਰਮੁੱਖ ਫ਼ੌਜੀ ਆਗੂਆਂ, ਪਰਮਾਣੂ ਵਿਗਿਆਨੀਆਂ, ਸਿਆਸਤਦਾਨਾਂ ਅਤੇ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਹਵਾਈ ਰੱਖਿਆ ਨੂੰ ਨੁਕਸਾਨ ਪਹੁੰਚਾਇਆ ਅਤੇ ਤਬਾਹ ਕਰ ਦਿੱਤਾ, ਜਿਸ ਨਾਲ ਅੰਦਾਜ਼ਨ 1,200 ਲੋਕ ਮਾਰੇ ਗਏ। ਅਮਰੀਕਾ ਨੇ 22 ਜੂਨ ਨੂੰ 3 ਪਰਮਾਣੂ ਸਥਾਨਾਂ ’ਤੇ ਬੰਬਾਰੀ ਕੀਤੀ। 24 ਜੂਨ ਨੂੰ, ਇਜ਼ਰਾਈਲ ਅਤੇ ਇਰਾਨ ਨੇ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਈ।
ਰਾਜ ਪਲਟਿਆਂ ਵਿਚ ਸੀ.ਆਈ.ਏ. ਜਾਂ ਫ਼ੌਜਾਂ ਦਾ ਤਾਲਮੇਲ
• ਚੀਨੀ ਇਨਕਲਾਬ ਵਿਚ ਫ਼ੌਜੀ ਦਖ਼ਲ (1945-1949) 25 ਲੱਖ ਮੌਤਾਂ
ਜਦੋਂ ਚੀਨ ਵਿਚ ਮਾਓ ਜ਼ੇ-ਤੁੰਗ ਦੀ ਅਗਵਾਈ ਵਾਲੀਆਂ ਇਨਕਲਾਬੀ ਤਾਕਤਾਂ ਅਤੇ ਚਿਆਂਗ ਕਾਈ-ਸ਼ੇਕ ਦੀ ਅਗਵਾਈ ਹੇਠਲੀ ਪਿਛਾਖੜੀ ਰਾਸ਼ਟਰਵਾਦੀ ਪਾਰਟੀ (ਕੁਮਿਨਤਾਂਗ/ਕੇਐਮਟੀ) ਦਰਮਿਆਨ ਘਰੇਲੂ ਜੰਗ ਛਿੜ ਗਈ, ਤਾਂ ਅਮਰੀਕਾ ਨੇ ਕੇਐਮਟੀ ਦੀ ਹਮਾਇਤ ਕਰਨ ਲਈ ਅਰਬਾਂ ਡਾਲਰ ਦੀ ਸਹਾਇਤਾ ਅਤੇ ਫ਼ੌਜੀ ਸਾਜ਼ੋ-ਸਮਾਨ ਭੇਜਿਆ। ਅੰਦਾਜ਼ਨ 25 ਲੱਖ ਲੋਕ ਮਾਰੇ ਗਏ।
• ਯੂਨਾਨੀ ਘਰੇਲੂ ਜੰਗ ਵਿਚ ਫ਼ੌਜੀ ਦਖ਼ਲ (1947-1949), 50 ਹਜ਼ਾਰ ਮੌਤਾਂ
1947 ਵਿਚ ਬਰਤਾਨੀਆ ਤੋਂ ਸੱਤਾ ਸੰਭਾਲਦੇ ਹੋਏ, ਅਮਰੀਕਾ ਨੇ ਫਾਸ਼ੀਵਾਦ-ਵਿਰੋਧੀ ਯੂਨਾਨੀ ਗੁਰੀਲਾ ਲੜਾਕਿਆਂ ਦੇ ਖ਼ਿਲਾਫ਼ ਖ਼ੂਨੀ ਵਿਦਰੋਹ ਵਿਚ ਪਿਛਾਖੜੀ ਯੂਨਾਨੀ ਫ਼ੌਜ ਨੂੰ ਹਥਿਆਰਬੰਦ ਸਿਖਲਾਈ ਅਤੇ ਅਗਵਾਈ ਦਿੱਤੀ, ਜੋ ਅਕਤੂਬਰ 1949 ਵਿਚ ਹਥਿਆਰ ਸੁੱਟਣ ਤੋਂ ਪਹਿਲਾਂ ਲਗਭਗ ਤਿੰਨ ਸਾਲਾਂ ਤੱਕ ਡਟੇ ਰਹੇ, ਦਹਿ ਹਜ਼ਾਰਾਂ ਦੀ ਗਿਣਤੀ ਵਿਚ ਨੁਕਸਾਨ ਝੱਲਿਆ। ਯੂਨਾਨੀ ਘਰੇਲੂ ਜੰਗ ਦੇ ਇਸ ‘ਤੀਜੇ ਪੜਾਅ’ ਵਿਚ, ਅੰਦਾਜ਼ਨ 50,000 ਮੌਤਾਂ ਹੋਈਆਂ ਸਨ, ਅਤੇ 10 ਲੱਖ ਲੋਕ ਆਪਣੇ ਘਰਾਂ ਤੋਂ ਉਜਾੜ ਦਿੱਤੇ ਗਏ ਸਨ।
• ਇਰਾਨ ਵਿਚ ਸੀਆਈਏ ਦਾ ਤਖ਼ਤ ਪਲਟ (1953), ਮੌਤਾਂ ਦੀ ਗਿਣਤੀ ਦੀ ਜਾਣਕਾਰੀ ਨਹੀਂ
19 ਅਗਸਤ 1953 ਨੂੰ ਅਮਰੀਕੀ ਕੇਂਦਰੀ ਖ਼ੁਫ਼ੀਆ ਏਜੰਸੀ (ਸੀਆਈਏ) ਨੇ ਬਰਤਾਨਵੀ ਖ਼ੁਫ਼ੀਆ ਤਾਕਤ ਨਾਲ ਮਿਲ ਕੇ ਇਰਾਨ ਦੇ ਪ੍ਰਸਿੱਧ, ਚੁਣੇ ਹੋਏ ਪ੍ਰਧਾਨ ਮੰਤਰੀ ਮੁਹੰਮਦ ਮੋਸਦਗ ਨੂੰ ਉਲਟਾਉਂਦੇ ਹੋਏ ਫ਼ੌਜੀ ਰਾਜ ਪਲਟਾ ਕਰਵਾਇਆ। 1951 ਵਿਚ, ਮੋਸਦਗ ਨੇ ਬਰਤਾਨੀਆ ਦੀ ਐਂਗਲੋ-ਇਰਾਨੀਅਨ ਆਇਲ ਕੰਪਨੀ ਦਾ ਕੌਮੀਕਰਨ ਕਰ ਦਿੱਤਾ ਸੀ। ਸ਼ਾਮ ਤੱਕ, ਲੜਾਈ ਵਿਚ ਲਗਭਗ 300 ਲੋਕ ਮਾਰੇ ਗਏ ਸਨ, ਅਤੇ ਇਰਾਨ ਦੇ ਮੁਹੰਮਦ ਰਜ਼ਾ ਸ਼ਾਹ ਰਾਜਾ ਪਹਿਲਵੀ ਦਾ ਸਿੰਘਾਸਨ ਸੁਰੱਖਿਅਤ ਕੀਤਾ ਗਿਆ।
• ਕਾਂਗੋ ਵਿਚ ਪੈਤਰਿਸ ਲੁਮੂੰਬਾ ਦਾ ਕਤਲ (1961), ਅਤੇ ਮੋਬੁਤੂ ਦਾ ਕਰੂਰ ਰਾਜ, ਮੌਤਾਂ ਦੀ ਗਿਣਤੀ ਸਪਸ਼ਟ ਨਹੀਂ
ਕਾਂਗੋ ਦੇ ਬਸਤੀਵਾਦ ਵਿਰੋਧੀ ਆਗੂ ਪੈਤਰਿਸ ਲੁਮੂੰਬਾ ਨੂੰ ਨਵੇਂ ਸਥਾਪਤ ਕਾਂਗੋ ਗਣਰਾਜ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਇੱਕ ਫਾਇਰਿੰਗ ਸੁਕੈਡ ਵੱਲੋਂ ਮਾਰ ਦਿੱਤਾ ਗਿਆ। ਇਹ ਕਰੂਰ ਕਤਲ ਲੁਮੂੰਬਾ ਦੇ ਕਾਂਗੋਲੀ ਦੁਸ਼ਮਣਾਂ ਦੁਆਰਾ ਕੀਤਾ ਗਿਆ ਸੀ, ਪਰ ਅਮਰੀਕੀ ਰਾਸ਼ਟਰਪਤੀ ਆਈਜ਼ਨਹਾਵਰ ਦੀ ਹਕੂਮਤ ਦੇ ਤਹਿਤ ਸੀਆਈਏ ਨਿਰਦੇਸ਼ਕ ਐਲਨ ਡੱਲਸ ਨੇ ਐਲਾਨ ਕੀਤਾ ਸੀ ਕਿ ‘ਲੁਮੂੰਬਾ ਨੂੰ ਹਟਾਉਣਾ ਜ਼ਰੂਰੀ ਅਤੇ ਪ੍ਰਮੁੱਖ ਉਦੇਸ਼ ਹੋਣਾ ਚਾਹੀਦਾ ਹੈ।’ ਕਾਂਗੋ ਦੇ ਇਕ ਫ਼ੌਜ ਅਧਿਕਾਰੀ ਮੋਬੁਤੂ ਸੇਸੇ ਸੇਕੋ ਨੇ ਲੁਮੂੰਬਾ ਨੂੰ ਮਾਰਨ ਦੀ ‘ਵਿਵਸਥਾ’ ਕੀਤੀ, 1965 ਵਿਚ ਸੱਤਾ ਸੰਭਾਲੀ, ਅਤੇ ਅਮਰੀਕੀ ਸਾਮਰਾਜਵਾਦੀਆਂ ਦੀ ਹਮਾਇਤ ਨਾਲ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਕਰੂਰ, ਖ਼ੂਨੀ ਰਾਜ ਚਲਾਇਆ, ਜੋ ਉਸਨੂੰ ਅਫ਼ਰੀਕਾ ਵਿਚ ਇੱਕ ‘ਸਥਿਰਤਾ’ ਤਾਕਤ ਮੰਨਦੇ ਸਨ।
• ਬੇਅ ਆਫ਼ ਪਿਗਸ ਹਮਲਾ (1961), ਢਾਈ ਹਜ਼ਾਰ ਮੌਤਾਂ
ਅਮਰੀਕਾ ਨੇ ਫਿਦੇਲ ਕਾਸਤਰੋ ਦੀ ਅਗਵਾਈ ਵਾਲੀ ਕਿਊਬਾ ਦੀ ਸਰਕਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਇਸ ਹਮਲੇ ਦਾ ਆਯੋਜਨ ਪਿਛਾਖੜੀ ਕਿਊਬਾਈ ਜਲਾਵਤਨਾਂ ਦੁਆਰਾ ਕੀਤਾ। ਇਹ ਕੋਸ਼ਿਸ਼ ਨਾਕਾਮ ਰਹੀ, ਪਰ ਲੜਾਈ ਦੌਰਾਨ ਢਾਈ ਹਜ਼ਾਰ ਕਿਊਬਾਈ ਫ਼ੌਜੀ, ਮਿਲੀਸ਼ੀਆ ਕਰਮਚਾਰੀ ਅਤੇ ਹੋਰ ਮਾਰੇ ਗਏ, ਕਈ ਜ਼ਖਮੀ ਜਾਂ ਲਾਪਤਾ ਹੋ ਗਏ।
• ਬ੍ਰਾਜ਼ੀਲ ਤਖ਼ਤ ਪਲਟ ਲਈ ਹਮਾਇਤ (1964), ਇਕ ਹਜ਼ਾਰ ਮੌਤਾਂ, 30 ਹਜ਼ਾਰ ਲੋਕਾਂ ਨੂੰ ਤਸੀਹੇ
ਬ੍ਰਾਜ਼ੀਲ ਦੀ ਫ਼ੌਜ ਦੇ ਇੱਕ ਹਿੱਸੇ ਨੇ ਤਖ਼ਤ ਪਲਟ ਕੀਤਾ ਜਿਸਨੇ ਰਾਸ਼ਟਰਪਤੀ ਜੋਆਓ ਗੋਲਰਟ ਨੂੰ ਉਲਟਾ ਦਿੱਤਾ। ਅਮਰੀਕਾ ਨੇ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਤਖ਼ਤ ਪਲਟ ਦੀ ਤਿਆਰੀ ਕੀਤੀ ਸੀ ਅਤੇ ਇਸ ਲਈ ਸਪਲਾਈ ਤੇ ਫੰਡ ਮੁਹੱਈਆ ਕਰਵਾਏ ਸਨ। ਇਸਨੇ ਕਤਲਾਂ, ਲਾਪਤਾ ਹੋਣ ਅਤੇ ਤਸ਼ੱਦਦ ਸਮੇਤ ਦੋ ਦਹਾਕਿਆਂ ਦੇ ਕਾਤਲ ਫ਼ੌਜੀ ਸ਼ਾਸਨ ਨੂੰ ਜਨਮ ਦਿੱਤਾ। 1964-1985 ਦੇ ਦਰਮਿਆਨ ਘੱਟੋ-ਘੱਟ 8 ਹਜ਼ਾਰ 350 ਲੋਕ ਮਾਰੇ ਗਏ।
• ਸੀਆਈਏ ਵੱਲੋਂ ਇੰਡੋਨੇਸ਼ੀਆ ਵਿਚ ਕਰਵਾਇਆ ਕਤਲੇਆਮ (1965-1966), ਪੰਜ ਲੱਖ ਮੌਤਾਂ
1965 ਦੇ ਅੰਤ ਵਿਚ, ਅਮਰੀਕੀ ਹਮਾਇਤ ਪ੍ਰਾਪਤ ਫ਼ੌਜੀ ਜਨਰਲ ਸੁਹਾਰਤੋ ਦੀ ਅਗਵਾਈ ਵਿਚ ਪਿਛਾਖੜੀ ਇੰਡੋਨੇਸ਼ੀਆਈ ਫ਼ੌਜ ਨੇ ਵੱਡੇ ਪੱਧਰ ’ਤੇ ਕਤਲੇਆਮ ਵਿੱਢ ਦਿੱਤਾ ਜਿਸਨੂੰ ਅਮਰੀਕਾ ਨੇ ਹਮਾਇਤ ਦਿੱਤੀ। ਜਿਸਨੇ ਫ਼ੌਜ ਨੂੰ ਫ਼ੌਜੀ ਸਾਜ਼ੋਸਮਾਨ, ਹਥਿਆਰ ਅਤੇ ਅੰਤ ਵਿਚ ਦਹਿ ਅਰਬਾਂ ਡਾਲਰ ਮੁਹੱਈਆ ਕੀਤੇ। ਸੀਆਈਏ ਸਲਾਹਕਾਰਾਂ ਨੇ ਫ਼ੌਜ ਨੂੰ 5,000 ਦੀ ‘ਹਿੱਟ ਲਿਸਟ’ ਦਿੱਤੀ ਸੀ, ਫਿਰ ਉਨ੍ਹਾਂ ਦੇ ਮਾਰੇ ਜਾਣ ’ਤੇ ਉਨ੍ਹਾਂ ਦੇ ਨਾਵਾਂ ਦੀ ਜਾਂਚ ਕੀਤੀ। ਘੱਟੋ-ਘੱਟ 5 ਲੱਖ, ਸ਼ਾਇਦ 10 ਲੱਖ ਤੋਂ ਵੀ ਵੱਧ, ਇੰਡੋਨੇਸ਼ੀਆਈ ਮਾਰੇ ਗਏ, ਜਿਨ੍ਹਾਂ ਵਿਚ ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ, ਟਰੇਡ ਯੂਨੀਅਨਿਸਟ, ਬੁੱਧੀਜੀਵੀ, ਅਧਿਆਪਕ, ਜ਼ਮੀਨੀਂ ਸੁਧਾਰਾਂ ਦੇ ਹਮਾਇਤੀ, ਸਾਧਾਰਨ ਕਿਸਾਨ, ਚੀਨੀ ਨਸਲ ਦੇ ਲੋਕ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਸੈਂਕੜੇ ਹਜ਼ਾਰਾਂ ਹੋਰ ਗ੍ਰਿਫ਼ਤਾਰ ਕੀਤੇ ਗਏ ਅਤੇ ਤਸੀਹਿਆਂ ਦਾ ਸ਼ਿਕਾਰ ਹੋਏ।
• ਚਿੱਲੀ ਵਿਚ ਸੀਆਈਏ-ਸੰਗਠਿਤ ਫ਼ੌਜੀ ਰਾਜ ਪਲਟਾ (1973), 3 ਹਜ਼ਾਰ ਲੋਕ ਮਾਰੇ ਗਏ, ਹਜ਼ਾਰਾਂ ਹੋਰ ਲਾਪਤਾ
11 ਸਤੰਬਰ 1973 ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਤੋਂ, ਚਿੱਲੀ ਦੀ ਫ਼ੌਜ ਨੇ ਅਮਰੀਕਾ ਦੇ ਰਾਜਨੀਤਕ ਮਾਰਗਦਰਸ਼ਨ ਅਤੇ ਗੁਪਤ ਹਮਾਇਤ ਨਾਲ, ਚਿੱਲੀ ਦੇ ਰਾਸ਼ਟਰਪਤੀ ਸਲਵਾਦੋਰ ਅਲੈਂਦੇ ਦੀ ਖੱਬੇ-ਪੱਖੀ ਸਰਕਾਰ ਦੇ ਖ਼ਿਲਾਫ਼ ਤਖ਼ਤ ਪਲਟ ਕੀਤਾ। ਚਿੱਲੀ ਦੇ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ, ਹਜ਼ਾਰਾਂ ਹੋਰ ‘ਗਾਇਬ’ ਕਰ ਦਿੱਤੇ ਗਏ, ਅਤੇ ਦਹਿ ਹਜ਼ਾਰਾਂ ਤਸ਼ੱਦਦ ਦਾ ਸ਼ਿਕਾਰ ਹੋਏ; ਤਖ਼ਤ ਪਲਟ ਦੌਰਾਨ 1 ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।
• ਅਮਰੀਕਾ ਵੱਲੋਂ ਅੰਗੋਲਾ ਵਿਚ ਭੜਕਾਈ ਘਰੇਲੂ ਜੰਗ (1975-1994), 8 ਲੱਖ ਮੌਤਾਂ
ਅਮਰੀਕਾ ਨੇ ਅੰਗੋਲਾ ਵਿਚ ਦੱਖਣੀ ਅਫ਼ਰੀਕਾ ਦੇ ਫ਼ੌਜੀ ਦਖਲ ਦੀ ਵੀ ਹਮਾਇਤ ਕੀਤੀ ਤਾਂ ਜੋ ਐਮਪੀਐਲਏ ਸਰਕਾਰ ਨੂੰ ਕਮਜ਼ੋਰ ਕੀਤਾ ਜਾ ਸਕੇ ਜਾਂ ਉਲਟਾਇਆ ਜਾ ਸਕੇ, ਸੋਵੀਅਤ ਸੰਘ ਜਾਂ ਉਸਦੇ ਸਹਿਯੋਗੀ ਕਿਊਬਾ ਨੂੰ ਦੱਖਣੀ ਅਫ਼ਰੀਕਾ ਵਿਚ ਪੈਰ ਜਮਾਉਣ ਤੋਂ ਰੋਕਿਆ ਜਾ ਸਕੇ, ਅਤੇ ਦੱਖਣੀ ਅਫ਼ਰੀਕਾ ਦੀ ਨਸਲਵਾਦੀ ਰੰਗਭੇਦੀ ਸਰਕਾਰ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕੀਤੀ ਜਾ ਸਕੇ। ਭਿਆਨਕ ਘਰੇਲੂ ਜੰਗ ਛਿੜ ਗਈ ਜੋ 2002 ਤੱਕ ਚੱਲੀ। 8 ਲੱਖ ਲੋਕ ਮਾਰੇ ਗਏ, 40 ਲੱਖ ਤੋਂ ਵੱਧ ਆਪਣੇ ਘਰਾਂ ਤੋਂ ਉਜਾੜ ਦਿੱਤੇ ਗਏ, ਅਤੇ ਸਮਾਜ ਨੂੰ ਤਬਾਹ ਕਰ ਦਿੱਤਾ ਗਿਆ। ਅੰਗੋਲਾ ਦੀ ਘਰੇਲੂ ਜੰਗ ਵਿਚ 1975 ਅੰਗੋਲਾ ਦੇ ਅਤੇ ਕਿਊਬਾ ਦੇ ਫ਼ੌਜੀ ਵੀ ਮਾਰੇ ਗਏ ਸਨ।
• ਮੌਜ਼ਮਬੀਕ ਵਿਚ ਗੁਪਤ ਰੂਪ ’ਚ ਭੜਕਾਈ ਦਹਿਸ਼ਤ (1977-1992), ਇਸ ਦੌਰਾਨ 10 ਲੱਖ ਮੌਤਾਂ
ਅਮਰੀਕਾ ਨੇ ਗੁਪਤ ਰੂਪ ਵਿਚ ਦੱਖਣੀ ਅਫ਼ਰੀਕੀ ਮੁਲਕ ਮੌਜ਼ਮਬੀਕ ਵਿਚ ਪਿਛਾਖੜੀ ਜੰਗ ਅਤੇ ਵੱਡੇ ਪੱਧਰ ਦੀ ਦਹਿਸ਼ਤਵਾਦੀ ਵਹਿਸ਼ੀ ਮੁਹਿੰਮ ਨੂੰ ਹਵਾ ਦਿੱਤੀ। ਰੇਨਾਮੋ ਨੇ ਮੌਜ਼ਮਬੀਕ ਦੀ ਸਰਕਾਰ ਨੂੰ ਅਪਾਹਜ ਬਣਾਉਣ ਅਤੇ ਅਸਥਿਰ ਕਰਨ ਦੀ ਯੁੱਧਨੀਤੀ ਦੇ ਹਿੱਸੇ ਵਜੋਂ ਯੋਜਨਾਬੱਧ ਰੂਪ ਵਿਚ ਮਨੁੱਖਤਾ ਦੇ ਖ਼ਿਲਾਫ਼ ਜੁਰਮ ਕੀਤੇ। ਇਸਨੇ ਕਰੂਰ ਕਤਲੇਆਮ ਕੀਤੇ, ਅਤੇ ਸਿੱਧੇ ਤੌਰ ’ਤੇ ਕੁੱਲ ਮਿਲਾ ਕੇ ਲਗਭਗ ਇਕ ਲੱਖ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਇਸਨੇ ਖੇਤੀਬਾੜੀ ਵੀ ਤਬਾਹ ਕਰ ਦਿੱਤੀ, ਜਿਸ ਨਾਲ ਵੱਡੇ ਪੱਧਰ ’ਤੇ ਭੁੱਖਮਰੀ ਅਤੇ ਕਾਲ ਪੈਦਾ ਹੋਏ, ਨਤੀਜੇ ਵਜੋਂ 10 ਲੱਖ ਲੋਕ ਮਾਰੇ ਗਏ।
• ਪੂਰਬੀ ਤਿਮੋਰ ਵਿਚ ਅਮਰੀਕੀ ਹਮਾਇਤ ਪ੍ਰਾਪਤ ਇੰਡੋਨੇਸ਼ੀਆਈ ਨਸਲਕੁਸ਼ੀ (1975-1999), 2 ਤੋਂ 3 ਲੱਖ ਮੌਤਾਂ
ਪੂਰਬੀ ਤਿਮੋਰ ’ਤੇ ਅਮਰੀਕੀ ਥਾਪੜੇ ਵਾਲੇ ਇੰਡੋਨੇਸ਼ੀਆਈ ਹਮਲੇ ਅਤੇ ਕਬਜ਼ੇ ਦੇ ਨਤੀਜੇ ਵਜੋਂ ਭਾਰੀ ਮਨੁੱਖੀ ਤਬਾਹੀ ਦੇ ਸਮੇਂ ਤੋਂ ਲੈ ਕੇ ਆਬਾਦੀ ਦੇ ਮੁਕਾਬਲੇ ਸਭ ਤੋਂ ਭੈੜਾ ਕਤਲੇਆਮ ਹੋਇਆ। 1975 ਤੋਂ 1999 ਤੱਕ, ਇੰਡੋਨੇਸ਼ੀਆਈ ਫ਼ੌਜ ਨੇ ਪੂਰਬੀ ਤਿਮੋਰ ਦੀ ਆਬਾਦੀ ’ਤੇ ਬੰਬਾਰੀ ਕੀਤੀ, ਕਤਲੇਆਮ ਕੀਤਾ, ਤਸੀਹੇ ਦਿੱਤੇ, ਬਲਾਤਕਾਰ ਕੀਤੇ ਅਤੇ ਉਨ੍ਹਾਂ ਨਾਲ ਬੇਹੱਦ ਦੁਰਵਿਹਾਰ ਕੀਤਾ ਜਦੋਂ ਤੱਕ ਲਗਭਗ 2 ਤੋਂ 3 ਲੱਖ ਲੋਕ ਮਾਰੇ ਨਹੀਂ ਗਏ – ਮੂਲ ਆਬਾਦੀ ਦਾ ਘੱਟੋ-ਘੱਟ ਤੀਜਾ ਹਿੱਸਾ। ਇਸ ਸਮੇਂ ਦੌਰਾਨ, ਅਮਰੀਕਾ ਨੇ ਲਗਾਤਾਰ ਫ਼ੌਜ ਨੂੰ ਆਰਥਕ ਅਤੇ ਕੂਟਨੀਤਕ ਹਮਾਇਤ ਦਿੱਤੀ ਜਿਸਨੇ ਇਸ ਭਿਆਨਕ ਨਸਲਕੁਸ਼ੀ ਨੂੰ ਸੰਭਵ ਬਣਾਇਆ।
• ਅਫ਼ਗਾਨਿਸਤਾਨ ਵਿਚ ਸੋਵੀਅਤ ਸੰਘ ਦੇ ਖ਼ਿਲਾਫ਼ ਅਮਰੀਕੀ ਪ੍ਰੌਕਸੀ ਜੰਗ (1979-1989), 15 ਲੱਖ ਅਫ਼ਗਾਨੀ ਮਾਰੇ ਗਏ
1979 ਵਿਚ ਅਮਰੀਕਾ ਦੇ ਮੁੱਖ ਸਾਮਰਾਜਵਾਦੀ ਵਿਰੋਧੀ ਸੋਵੀਅਤ ਸੰਘ ਦੁਆਰਾ ਅਫ਼ਗਾਨਿਸਤਾਨ ’ਤੇ ਹਮਲਾ ਕਰਨ ਤੋਂ ਬਾਅਦ, ਅਮਰੀਕਾ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਨਾਲ ਮਿਲ ਕੇ, ਪਿਛਾਖੜੀ ਇਸਲਾਮੀ ਕੱਟੜਪੰਥੀ ਮੁਜਾਹਿਦੀਨ (ਜੋ ਬਾਅਦ ਵਿਚ ਅਫ਼ਗਾਨਿਸਤਾਨ ਦੇ ਤਾਲਿਬਾਨ ਅਤੇ ਓਸਾਮਾ ਬਿਨ ਲਾਦੇਨ ਦੇ ਅਲ ਕਾਇਦਾ ਬਣੇ) ਨੂੰ ਸੋਵੀਅਤ ਫ਼ੌਜਾਂ ਅਤੇ ਉਸਦੀ ਹਮਾਇਤੀ ਅਫ਼ਗਾਨ ਹਕੂਮਤ ਦੇ ਖ਼ਿਲਾਫ਼ ਜੰਗ ਛੇੜਨ ਲਈ ਹਥਿਆਰਬੰਦ ਤੇ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਫੰਡਿੰਗ ਕੀਤੀ। ਆਖ਼ਿਰਕਾਰ, 1989 ਵਿਚ ਸੋਵੀਅਤ ਹਮਲਾਵਰ ਅਫ਼ਗਾਨਿਸਤਾਨ ਤੋਂ ਚਲੇ ਗਏ। ਅੰਦਾਜ਼ਾ ਇਹ ਹੈ ਕਿ ਇਸ ਪਿਛਾਖੜੀ ਕਤਲੇਆਮ ਅਤੇ ਉਸ ਤੋਂ ਬਾਅਦ ਹੋਈ ਘਰੇਲੂ ਜੰਗ ਵਿਚ ਲਗਭਗ 15 ਲੱਖ ਅਫ਼ਗਾਨੀ ਮਾਰੇ ਗਏ, ਨਾਲ ਹੀ 15 ਹਜ਼ਾਰ ਸੋਵੀਅਤ ਫ਼ੌਜੀ ਵੀ ਮਾਰੇ ਗਏ। ਉਸ ਸਮੇਂ ਅਫ਼ਗਾਨਿਸਤਾਨ ਦੀ ਇੱਕ ਤਿਹਾਈ ਆਬਾਦੀ, 50 ਲੱਖ ਅਫ਼ਗਾਨ, ਸ਼ਰਨਾਰਥੀਆਂ ਵਜੋਂ ਮੁਲਕ ਤੋਂ ਬਾਹਰ ਖਦੇੜ ਦਿੱਤੀ ਗਈ ਸੀ।
• ਅਮਰੀਕਾ ਵੱਲੋਂ ਅਲ ਸਲਵਾਡੋਰ ਡੈਥ ਸੁਕਐਡ ਨੂੰ ਥਾਪੜਾ (1980-92), 75 ਹਜ਼ਾਰ ਮੌਤਾਂ ਅਤੇ 8 ਹਜ਼ਾਰ ਲਾਪਤਾ
ਆਪਣੇ ਕਰੂਰ ਪਿੱਠੂ ਰਾਜ ਦੇ ਖ਼ਿਲਾਫ਼ ਗੁਰੀਲਾ ਸੰਘਰਸ਼ ਨੂੰ ਕੁਚਲਣ ਲਈ, ਅਮਰੀਕਾ ਨੇ ਡੈਥ ਸਕੁਐਡ ਦੀ ਹਮਾਇਤ ਕੀਤੀ, ਉਨ੍ਹਾਂ ਨੂੰ ਫੰਡਿੰਗ ਕੀਤੀ ਅਤੇ ਹਥਿਆਰਬੰਦ ਕੀਤਾ, ਜਿਨ੍ਹਾਂ ਨੇ ਫਾਂਸੀ ਦੀਆਂ ਗ਼ੈਰਅਦਾਲਤੀ ਸਜ਼ਾਵਾਂ ਅਤੇ ਕਤਲੇਆਮ ਨੂੰ ਅੰਜ਼ਾਮ ਦਿੱਤਾ, ਜਿਸ ਵਿਚ 75 ਹਜ਼ਾਰ ਲੋਕ ਮਾਰੇ ਗਏ।
• ਇਰਾਨ-ਇਰਾਕ ਜੰਗ (1980-1988), 10 ਲੱਖ ਇਰਾਨੀ ਮੌਤਾਂ, ਢਾਈ ਤੋਂ ਪੰਜ ਲੱਖ ਇਰਾਕੀ ਮੌਤਾਂ
ਸਤੰਬਰ 1980 ਵਿਚ, ਇਰਾਕ ਦੇ ਸੱਦਾਮ ਹੁਸੈਨ ਨੇ ਅਮਰੀਕਾ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਰਾਨ ’ਤੇ ਹਮਲਾ ਕੀਤਾ। ਉਨ੍ਹਾਂ ਦਾ ਸਾਂਝਾ ਟੀਚਾ ਉੱਥੋਂ ਦੇ ਨਵੇਂ ਇਸਲਾਮੀ ਗਣਰਾਜ ਨੂੰ ਕਮਜ਼ੋਰ ਕਰਨਾ ਜਾਂ ਉਲਟਾਉਣਾ ਸੀ। ਅਮਰੀਕਾ ਨੇ ਇਰਾਕ ਨੂੰ ਹਥਿਆਰ ਵੇਚੇ (ਜਾਂ ਸਹਿਯੋਗੀਆਂ ਰਾਹੀਂ ਵੇਚੇ), ਜਿਸ ਵਿਚ ਜੈਵਿਕ ਅਤੇ ਰਸਾਇਣਕ ਹਥਿਆਰ (ਜਿਨ੍ਹਾਂ ਦੀ ਵਰਤੋਂ ਇਰਾਨ ਦੇ ਖ਼ਿਲਾਫ਼ ਕੀਤੀ ਗਈ) ਬਣਾਉਣ ਦੀ ਸਮਰੱਥਾ ਸ਼ਾਮਲ ਸੀ, ਅਤੇ ਫ਼ੌਜੀ ਖ਼ੁਫ਼ੀਆ ਜਾਣਕਾਰੀ ਮੁਹੱਈਆ ਕੀਤੀ ਗਈ। ਕੁਝ ਸਮੇਂ ਲਈ, ਅਮਰੀਕਾ ਨੇ ਇਰਾਨ ਨੂੰ ਹਥਿਆਰ ਵੀ ਦਿੱਤੇ। ਅਮਰੀਕੀ ਸਾਜ਼ਿਸ਼ਾਂ ਨੇ ਜੰਗ ਨੂੰ ਲੰਮੀ ਖਿੱਚਿਆ ਅਤੇ ਕਤਲੇਆਮ ਨੂੰ ਹੋਰ ਕਰੂਰ ਬਣਾਇਆ: ਘਟਾ ਕੇ ਲਾਏ ਅੰਦਾਜ਼ਿਆਂ ਅਨੁਸਾਰ 2 ਲੱਖ 62 ਹਜ਼ਾਰ ਤੋਂ ਲੈ ਕੇ 3 ਲੱਖ 67 ਹਜ਼ਾਰ ਇਰਾਨੀ ਅਤੇ 1 ਲੱਖ 5 ਹਜ਼ਾਰ ਇਰਾਕੀ ਮਾਰੇ ਗਏ, ਨਾਲ ਹੀ ਦੋਵਾਂ ਪਾਸਿਆਂ ਦੇ ਅੰਦਾਜ਼ਨ 7 ਲੱਖ ਲੋਕ ਜ਼ਖਮੀ ਹੋਏ।
• ਨਿਕਾਰਾਗੁਆ ਵਿਚ ਅਮਰੀਕੀ ਸਰਪ੍ਰਸਤੀ ਵਾਲੀ ਕੌਂਟਰਾ ਜੰਗ (1981-1988), 65 ਹਜ਼ਾਰ ਮੌਤਾਂ
1978 ਵਿਚ ਸੈਂਡੀਨਿਸਟਾਂ ਦੁਆਰਾ ਅਮਰੀਕੀ ਹਮਾਇਤ ਪ੍ਰਾਪਤ ਸੋਮੋਜ਼ਾ ਤਾਨਾਸ਼ਾਹੀ ਨੂੰ ਉਲਟਾਉਣ ਅਤੇ ਸੋਵੀਅਤ ਸੰਘ ਨਾਲ ਦੋਸਤਾਨਾ ਸਬੰਧ ਸਥਾਪਤ ਕਰਨ ਤੋਂ ਬਾਅਦ, ਅਮਰੀਕਾ ਉਨ੍ਹਾਂ ਨੂੰ ਉਲਟਾਉਣ ਲਈ ਦ੍ਰਿੜ ਸੀ। ਅਮਰੀਕੀ ਪ੍ਰੌਕਸੀ ਫ਼ੌਜ ਕੌਂਟਰਾਜ਼ ਨੇ ਮੁਕੰਮਲ ਜੰਗ ਛੇੜ ਦਿੱਤੀ…ਸਕੂਲ ਅਤੇ ਮੈਡੀਕਲ ਕਲੀਨਿਕ ਸਾੜ ਦਿੱਤੇ, ਬਲਾਤਕਾਰ ਕੀਤੇ, ਤਸ਼ੱਦਦ ਕੀਤਾ, ਬੰਦਰਗਾਹਾਂ ਵਿਚ ਸੁਰੰਗਾਂ ਵਿਛਾਈਆਂ, ਬੰਬਾਰੀ ਅਤੇ ਗੋਲੀਬਾਰੀ ਕੀਤੀ। 65 ਹਜ਼ਾਰ ਲੋਕ ਮਾਰੇ ਗਏ। ਅਮਰੀਕਾ ਨੇ ‘ਆਜ਼ਾਦ ਚੋਣ’ ਲਈ ਮਜਬੂਰ ਕਰਨ ਤੋਂ ਬਾਅਦ ਸੱਤਾ ਹਾਸਲ ਕਰ ਲਈ। ਅੱਜ, ਨਿਕਾਰਾਗੁਆ ਗੋਲਾਰਧ ਦੇ ਸਭ ਤੋਂ ਗ਼ਰੀਬ ਅਤੇ ਸਭ ਤੋਂ ਵੱਧ ਹਿੰਸਾ ਪ੍ਰਭਾਵਿਤ ਮੁਲਕਾਂ ਵਿਚੋਂ ਇੱਕ ਹੈ।
• ਗੁਆਟੇਮਾਲਾ ਵਿਚ ਅਮਰੀਕੀ ਥਾਪੜੇ ਨਾਲ ਨਸਲਕੁਸ਼ੀ (1982-1983), 75 ਹਜ਼ਾਰ ਮੌਤਾਂ
1982 ਵਿਚ, ਅਮਰੀਕਾ ਨੇ ਈਸਾਈ ਕੱਟੜਪੰਥੀ ਜਨਰਲ ਹੋਜ਼ੇ ਏਫ੍ਰੇਨ ਰੀਓਸ ਮੌਂਟ ਦੁਆਰਾ ਅੰਜਾਮ ਦਿੱਤੇ ਫ਼ੌਜੀ ਤਖ਼ਤ ਪਲਟ ਦੀ ਹਮਾਇਤ ਕੀਤੀ, ਜਿਸਨੇ ਫਿਰ ਗੁਆਟੇਮਾਲਾ ਦੀ ਮੂਲਵਾਸੀ ਮਾਇਆਂ ਵਸੋਂ ਉੱਪਰ ਨਸਲਕੁਸ਼ੀ ਵਾਲਾ ਹਮਲਾ ਸ਼ੁਰੂ ਕੀਤਾ। ਅਮਰੀਕੀ ਸਹਾਇਤਾ ਅਤੇ ਹਮਾਇਤ ਨਾਲ, ਗੁਆਟੇਮਾਲਾ ਦੀ ਫ਼ੌਜ ਨੇ ਯੋਜਨਾਬੱਧ ਰੂਪ ਵਿਚ 600 ਤੋਂ ਵੱਧ ਮੂਲਵਾਸੀ ਮਾਇਆਂ ਪਿੰਡਾਂ ਨੂੰ ਤਬਾਹ ਕਰ ਦਿੱਤਾ ਅਤੇ ਲਗਭਗ 75 ਹਜ਼ਾਰ ਲੋਕਾਂ ਦਾ ਕਤਲੇਆਮ ਕਰ ਦਿੱਤਾ। ਗੁਆਟੇਮਾਲਾ ਦੇ ਫ਼ੌਜੀ ਸ਼ਾਸਨ ਦੀ ਖੱਬੇ-ਪੱਖੀ ਵਿਰੋਧੀਆਂ ਅਤੇ ਕਿਸਾਨਾਂ ਦੇ ਖ਼ਿਲਾਫ਼ ਭਿਆਨਕ, ਅਮਰੀਕੀ-ਥਾਪੜੇ ਵਾਲੀ ਜੰਗ (ਜੋ 1960 ਦੇ ਦਹਾਕੇ ਵਿਚ ਸ਼ੁਰੂ ਹੋਈ ਸੀ) 1996 ਤੱਕ ਜਾਰੀ ਰਹੀ। ਉਨ੍ਹਾਂ ਦਹਾਕਿਆਂ ਦੌਰਾਨ ਅੰਦਾਜ਼ਾ ਹੈ ਕਿ ਲਗਭਗ 2 ਲੱਖ ਲੋਕ ਲਾਪਤਾ ਹੋ ਗਏ ਜਾਂ ਮਾਰੇ ਗਏ।
• ਇਰਾਕੀ ਕੁਰਦਾਂ ਦੇ ਕਤਲੇਆਮ ਵਿਚ ਅਮਰੀਕਾ ਦੀ ਸ਼ਮੂਲੀਅਤ (1987-1988), 50 ਹਜ਼ਾਰ ਤੋਂ 1 ਲੱਖ ਮੌਤਾਂ
ਇਰਾਕ ਨੂੰ ਰਸਾਇਣਕ ਹਥਿਆਰ ਵਿਕਸਿਤ ਕਰਨ ਵਿਚ ਸਹਾਇਤਾ ਕਰਨ ਤੋਂ ਬਾਅਦ, ਅਮਰੀਕਾ ਨੇ ਅੱਖਾਂ ਮੀਟ ਲਈਆਂ ਅਤੇ ਉਸਦੀ ਹਮਾਇਤ ਕਰਨੀ ਜਾਰੀ ਰੱਖੀ। ਜਦੋਂ ਉਸਨੇ ਉਨ੍ਹਾਂ ਦੀ ਵਰਤੋਂ ਇਰਾਕ ਦੇ ਦੱਬੇ-ਕੁਚਲੇ ਘੱਟ-ਗਿਣਤੀ ਸਮੂਹ ਕੁਰਦਾਂ ਦੇ ਖ਼ਿਲਾਫ਼ ਕੀਤੀ। 50 ਹਜ਼ਾਰ ਅਤੇ 1 ਲੱਖ ਦਰਮਿਆਨ ਕੁਰਦਾਂ ਦਾ ਕਤਲੇਆਮ ਕੀਤਾ ਗਿਆ। ਇੱਕ ਇਰਾਕ ਵਿਦਵਾਨ ਦੇ ਅਨੁਸਾਰ ਇੱਕ ਗੈਸ ਹਮਲੇ ਵਿਚ ਅੰਦਾਜ਼ਨ 5 ਹਜ਼ਾਰ ਮੌਤਾਂ ਸ਼ਾਮਲ ਹਨ। ਇੱਕ ਰੱਖਿਆ ਖ਼ੁਫ਼ੀਆ ਏਜੰਸੀ ਅਧਿਕਾਰੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਪੈਂਟਾਗਨ ‘ਇਰਾਕ ਦੁਆਰਾ ਗੈਸ ਦੀ ਵਰਤੋਂ ਤੋਂ ਐਨੀ ਭੈਭੀਤ ਨਹੀਂ ਸੀ। ਇਹ ਤਾਂ ਸਿਰਫ਼ ਲੋਕਾਂ ਨੂੰ ਮਾਰਨ ਦਾ ਇੱਕ ਹੋਰ ਤਰੀਕਾ ਸੀ—ਭਾਵੇਂ ਗੋਲੀ ਨਾਲ ਮਾਰਿਆ ਜਾਵੇ ਜਾਂ ਫੌਸਜੀਨ ਨਾਲ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ।’
• ਸਾਬਕਾ ਯੂਗੋਸਲਾਵੀਆ ਵਿਚ ਫ਼ੌਜੀ ਦਖ਼ਲ: ਬੋਸਨੀਆ (1994-95); ਸਰਬੀਆ (1999), ਕੋਸੋਵੋ ਅਤੇ ਸਰਬੀਆ ਵਿਚ ਨਾਟੋ ਬੰਬਾਰੀ ਨਾਲ 495 ਮਾਰੇ ਗਏ; ਜੰਗ ਕਾਰਨ 1 ਲੱਖ ਮੌਤਾਂ ਹੋਈਆਂ
1990 ਦੇ ਦਹਾਕੇ ਵਿਚ, ਬਹੁ-ਕੌਮੀ ਗਣਰਾਜ ਯੂਗੋਸਲਾਵੀਆ ਨੂੰ ਪਿਛਾਖੜੀ ਰਾਸ਼ਟਰਵਾਦ ਦੀਆਂ ਤਾਕਤਾਂ ਦੁਆਰਾ ਤੋੜ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਜਰਮਨੀ, ਰੂਸ, ਅਮਰੀਕਾ ਅਤੇ ਹੋਰ ਸਾਮਰਾਜਵਾਦੀ ਸ਼ਕਤੀਆਂ ਦੁਆਰਾ ਉਕਸਾਇਆ ਗਿਆ, ਹਮਾਇਤ ਦਿੱਤੀ ਗਈ ਅਤੇ ਹੇਰਾਫੇਰੀ ਕੀਤੀ ਗਈ। ਕਰੂਰ ਜੰਗਾਂ ਦਾ ਗੁੰਝਲਦਾਰ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਵਿਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਵੱਖ-ਵੱਖ ਨੁਕਤਿਆਂ ’ਤੇ ਅਮਰੀਕੀ ਕਮਾਨ ਹੇਠ ਨਾਟੋ ਨੇ ਨਤੀਜੇ ਨੂੰ ਅਮਰੀਕੀ ਹਿੱਤਾਂ ਵਿਚ ਢਾਲਣ ਲਈ ਦਖ਼ਲ ਦਿੱਤਾ, ਖ਼ੁਦ ਜੰਗੀ ਜੁਰਮਾਂ ਨੂੰ ਅੰਜਾਮ ਦਿੱਤਾ। ਇਕੱਲੇ ਅਪ੍ਰੈਲ 1999 ਵਿਚ, ਨਾਟੋ ਜਹਾਜ਼ਾਂ ਨੇ ਸੈਂਕੜੇ ਉਡਾਣਾਂ ਭਰੀਆਂ ਜਿਸ ਨਾਲ ਘਰ, ਅਪਾਰਟਮੈਂਟ ਕੰਪਲੈਕਸ ਅਤੇ ਪੁਲ ਤਬਾਹ ਕਰ ਦਿੱਤੇ ਗਏ, ਕੋਸੋਵੋ ਅਤੇ ਸਰਬੀਆ ਵਿਚ 495 ਤੋਂ ਵੱਧ ਨਾਗਰਿਕ ਮਾਰੇ ਗਏ ਅਤੇ 450 ਜ਼ਖਮੀ ਹੋ ਗਏ।
• ਹੌਂਡੂਰਾਸ ਵਿਚ ਫ਼ੌਜੀ ਤਖ਼ਤ ਪਲਟ (2009), ਮੌਤਾਂ ਦੀ ਗਿਣਤੀ ਸਪਸ਼ਟ ਨਹੀਂ
ਹੌਂਡੂਰਾਸ ਦੀ ਫ਼ੌਜ ਨੇ ਚੁਣੇ ਹੋਏ ਰਾਸ਼ਟਰਪਤੀ ਮੈਨੂਅਲ ਜ਼ੇਲਾਯਾ ਦੇ ਖ਼ਿਲਾਫ਼ ਤਖ਼ਤ ਪਲਟ ਕੀਤਾ ਜੋ ਉਦਾਰਵਾਦੀ-ਝੁਕਾਅ ਵਾਲਾ ਮਕਬੂਲ ਹੁਕਮਰਾਨ ਸੀ। ਤਖ਼ਤ ਪਲਟ ਨੂੰ ਬਰਾਕ ਓਬਾਮਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਅਮਰੀਕੀ ਵਿਦੇਸ਼ ਵਿਭਾਗ ਦਾ ਥਾਪੜਾ ਸੀ। ਤਖ਼ਤ ਪਲਟ ਦੇ ਪਿੱਛੇ ਜਨਰਲਾਂ ਅਤੇ ਸਿਆਸਤਦਾਨਾਂ ਨੇ ਖੁੱਲ੍ਹੇ ਤੌਰ ’ਤੇ ਫਾਸ਼ੀਵਾਦੀ ਅਤੇ ਅਮਰੀਕੀ ਹਮਾਇਤ ਵਾਲੀ ਹਕੂਮਤ ਸੱਤਾ ਵਿਚ ਲਿਆਂਦੀ, ਜਿਸਨੇ ਹੌਂਡੂਰਾਸ ਦੇ ਲੋਕਾਂ ਨੂੰ ਅਮਰੀਕੀ ਦਬਦਬੇ, ਰਾਜ ਦੁਆਰਾ ਅੰਜਾਮ ਦਿੱਤੇ ਰਾਜਨੀਤਕ ਕਤਲਾਂ ਅਤੇ ਦਹਿਸ਼ਤਗਰਦੀ, ਅਤੇ ਤੀਬਰ ਹਿੰਸਾ, ਗਰੀਬੀ ਅਤੇ ਜ਼ੁਲਮ ਦੇ ਨਰਕ ਵਿਚ ਹੋਰ ਡੂੰਘਾ ਧੱਕ ਦਿੱਤਾ।
• ਯਮਨ ਵਿਚ ਅਮਰੀਕਾ-ਸਾਊਦੀ ਜੰਗ (2015 ਤੋਂ ਹੁਣ ਤੱਕ), 3 ਲੱਖ 77 ਹਜ਼ਾਰ ਮੌਤਾਂ
ਮਾਰਚ 2015 ਵਿਚ, ਸਾਊਦੀ ਅਰਬ ਨੇ ਅਮਰੀਕੀ ਹਥਿਆਰਾਂ, ਤਕਨੀਕੀ ਸਹਾਇਤਾ ਅਤੇ ਰਾਜਨੀਤਕ ਹਮਾਇਤ ਨਾਲ, ਯਮਨ ਦੇ ਹੂਤੀ ਅੰਦੋਲਨ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੀ, ਜਿਸਨੇ ਸੱਤਾ ਸੰਭਾਲੀ ਸੀ। ਸਾਊਦੀਆਂ ਨੇ ਯਮਨ ਦੇ ਭੋਜਨ, ਪਾਣੀ ਅਤੇ ਡਾਕਟਰੀ ਪ੍ਰਣਾਲੀਆਂ ’ਤੇ ਬੰਬਾਰੀ ਕੀਤੀ, ਜਿਸ ਨਾਲ ਵੱਡੇ ਪੱਧਰ ’ਤੇ ਭੁੱਖਮਰੀ ਅਤੇ ਬਿਮਾਰੀ ਫੈਲੀ। ਅੰਦਾਜ਼ਾ ਹੈ ਕਿ ਹਿੰਸਾ ਨਾਲ 1 ਲੱਖ 50 ਹਜ਼ਾਰ 800 ਮੌਤਾਂ ਅਤੇ ਭੁੱਖ, ਸਿਹਤ ਸੇਵਾਵਾਂ ਦੀ ਘਾਟ ਤੇ ਅਸੁਰੱਖਿਅਤ ਪਾਣੀ ਕਾਰਨ 2 ਲੱਖ 26 ਹਜ਼ਾਰ 200 ਮੌਤਾਂ ਹੋਈਆਂ। ਯਮਨ ਹੁਣ ਧਰਤੀ ’ਤੇ ਸਭ ਤੋਂ ਵੱਡੇ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
• ਰੂਸ ਨਾਲ ਖ਼ਤਰਨਾਕ ਪ੍ਰੌਕਸੀ ਜੰਗ ਵਿਚ ਯੂਕਰੇਨ ਦੀ ਹਮਾਇਤ ਅਤੇ ਹਥਿਆਰਬੰਦੀ
ਫਰਵਰੀ 2022 ਵਰਤਮਾਨ ਰੂਸ ਦੁਆਰਾ ਯੂਕਰੇਨ ’ਤੇ ਹਮਲੇ ਤੋਂ ਬਾਅਦ, ਅਮਰੀਕਾ ਨੇ ਯੂਕਰੇਨੀ ਫ਼ੌਜ ਨੂੰ ਭਾਰੀ ਮਾਤਰਾ ਵਿਚ ਹਥਿਆਰ ਸਪਲਾਈ ਕੀਤੇ ਹਨ (31 ਦਸੰਬਰ, 2025 ਤੱਕ 188 ਅਰਬ ਡਾਲਰ ਦੇ ਹਥਿਆਰ ਅਤੇ 64.6 ਅਰਬ ਡਾਲਰ ਫ਼ੌਜੀ ਸਹਾਇਤਾ) ਅਤੇ ਨਾਲ ਹੀ ਖ਼ੁਫ਼ੀਆ ਜਾਣਕਾਰੀ ਮੁਹੱਈਆ ਕੀਤੀ ਹੈ। ਇਸਦਾ ਉਦੇਸ਼ ਰੂਸ ਅਤੇ ਅਮਰੀਕਾ ਨੂੰ ਚੁਣੌਤੀ ਦੇਣ ਦੀ ਉਸਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ। ਇਸ ਜੰਗ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ। ਸਾਮਰਾਜਵਾਦੀ ਵਿਰੋਧੀਆਂ ਦਰਮਿਆਨ ਇਸ ਪ੍ਰੌਕਸੀ ਜੰਗ ਦੇ ਅਮਰੀਕੀ ਅਤੇ ਰੂਸੀ ਸਾਮਰਾਜਵਾਦੀਆਂ ਦਰਮਿਆਨ ਪ੍ਰਤੱਖ ਜੰਗ, ਜਿਸ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਵੀ ਸ਼ਾਮਲ ਹੈ, ਵਿਚ ਬਦਲਣ ਦਾ ਬਹੁਤ ਹਕੀਕੀ ਖ਼ਤਰਾ ਹੈ।
• ਇਜ਼ਰਾਈਲ ਦੀਆਂ ਜੰਗਾਂ ਲਈ ਅਮਰੀਕੀ ਹਮਾਇਤ, 1948 ਤੋਂ ਵਰਤਮਾਨ ਨਕਬਾ (1947-1949), 15 ਹਜ਼ਾਰ ਮੌਤਾਂ
ਅਮਰੀਕਾ ਨੇ ਇਜ਼ਰਾਈਲ ਦੀ ਸਥਾਪਨਾ ਦੀ ਹਮਾਇਤ ਕੀਤੀ, ਜੋ ਮਿਸਰ, ਜਾਰਡਨ, ਸੀਰੀਆ ਅਤੇ ਇਰਾਕ ਦੀਆਂ ਫ਼ੌਜਾਂ ਨੂੰ ਜੰਗ ਵਿਚ ਹਰਾ ਕੇ ਬਣਾਇਆ ਗਿਆ ਸੀ। 1947 ਅਤੇ 1949 ਦਰਮਿਆਨ, 19 ਲੱਖ ਦੀ ਆਬਾਦੀ ਵਿਚੋਂ ਘੱਟੋ-ਘੱਟ 7 ਲੱਖ 50 ਹਜ਼ਾਰ ਫ਼ਲਸਤੀਨੀਆਂ ਨੂੰ ਉਜਾੜਿਆ ਗਿਆ ਅਤੇ ਸ਼ਰਨਾਰਥੀ ਬਣਾ ਦਿੱਤਾ ਗਿਆ, ਉਨ੍ਹਾਂ ਨੂੰ ਜਬਰਨ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਤੋਂ ਖਦੇੜ ਦਿੱਤਾ ਗਿਆ। ਜ਼ਿਓਨਵਾਦੀ ਤਾਕਤਾਂ ਨੇ ਇਤਿਹਾਸਕ ਫ਼ਲਸਤੀਨ ਦਾ 78 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੜੱਪ ਲਿਆ, ਲਗਭਗ 530 ਪਿੰਡਾਂ ਅਤੇ ਸ਼ਹਿਰਾਂ ਨੂੰ ਨਸਲੀ ਤੌਰ ’ਤੇ ਖ਼ਤਮ ਕਰ ਦਿੱਤਾ ਅਤੇ ਤਬਾਹ ਕਰ ਦਿੱਤਾ, ਅਤੇ ਵੱਡੇ ਪੱਧਰ ’ਤੇ ਜ਼ੁਲਮਾਂ ਦੇ ਸਿਲਸਿਲੇ ਵਿਚ ਲਗਭਗ 15 ਹਜ਼ਾਰ ਫ਼ਲਸਤੀਨੀਆਂ ਨੂੰ ਮਾਰ ਦਿੱਤਾ। ਇਸਨੂੰ ਨਕਬਾ (ਅਰਬੀ ਵਿਚ ਤਬਾਹੀ) ਵਜੋਂ ਜਾਣਿਆ ਜਾਂਦਾ ਹੈ। ਉਦੋਂ ਤੋਂ ਇਜ਼ਰਾਈਲ ਨੇ ਇਸ ਖੇਤਰ ਵਿਚ ਹਮਲਾਵਰ ਜੰਗਾਂ ਦੀ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਸਾਲਾਨਾ ਅਰਬਾਂ ਡਾਲਰਾਂ ਦੀ ਅਮਰੀਕੀ ਸਹਾਇਤਾ ਅਤੇ ਹਮਾਇਤ ਨਾਲ ਇਜ਼ਰਾਈਲ, ਤੇਜ਼ੀ ਨਾਲ ਪ੍ਰਮੁੱਖ ਅਮਰੀਕੀ ਪ੍ਰੌਕਸੀ ਅਤੇ ਹਮਲਾਵਰ ਕੁੱਤੇ ਵਜੋਂ ਕੰਮ ਕਰ ਰਿਹਾ ਹੈ।
• 1967 ਦੀ ਜੰਗ (‘ਛੇ-ਰੋਜ਼ਾ ਜੰਗ’) (5 ਜੂਨ ਤੋਂ 10 ਜੂਨ 1967), 18 ਹਜ਼ਾਰ ਮੌਤਾਂ
1967 ਵਿਚ, ਇਜ਼ਰਾਈਲ ਨੇ ਮਿਸਰ, ਸੀਰੀਆ ਅਤੇ ਜਾਰਡਨ ਦੇ ਖ਼ਿਲਾਫ਼ ਪੂਰਵ-ਅਨੁਮਾਨਿਤ ਜੰਗ ਸ਼ੁਰੂ ਕੀਤੀ, ਉਨ੍ਹਾਂ ਦੀਆਂ ਹਵਾਈ ਫ਼ੌਜਾਂ ਨੂੰ ਅਪਾਹਜ ਬਣਾ ਦਿੱਤਾ। ਇਸ ਤੋਂ ਬਾਅਦ ਇਜ਼ਰਾਈਲ ਨੇ ਸਫ਼ਲ ਜ਼ਮੀਨੀ ਹਮਲਾ ਕੀਤਾ, ਮਿਸਰ ਤੋਂ ਸਿਨਾਈ ਪ੍ਰਾਇਦੀਪ ਅਤੇ ਗਾਜ਼ਾ ਪੱਟੀ ’ਤੇ ਕਬਜ਼ਾ ਕਰ ਲਿਆ; ਜਾਰਡਨ ਤੋਂ ਪੱਛਮੀ ਕੰਢੇ ਅਤੇ ਪੂਰਬੀ ਯਰੂਸ਼ਲਮ; ਅਤੇ ਸੀਰੀਆ ਤੋਂ ਗੋਲਾਨ ਹਾਈਟਸ ਤੱਕ। ਮਿਸਰ ਦੇ ਮਾਰੇ ਗਿਆਂ ਦੀ ਗਿਣਤੀ 11 ਹਜ਼ਾਰ ਤੋਂ ਵੱਧ ਸੀ, ਜਾਰਡਨ ਦੀ 6 ਹਜ਼ਾਰ ਅਤੇ ਸੀਰੀਆ ਦੀ 1 ਹਜ਼ਾਰ, ਜਦੋਂ ਕਿ ਇਜ਼ਰਾਈਲ ਦਾ ਸਿਰਫ਼ 700 ਜਾਨੀ ਨੁਕਸਾਨ ਹੋਇਆ ਸੀ।
• 1973 ਅਰਬ-ਇਜ਼ਰਾਈਲ ਜੰਗ (6 ਤੋਂ 26 ਅਕਤੂਬਰ 1973), 8 ਹਜ਼ਾਰ ਤੋਂ ਸਾਢੇ ਅਠਾਰਾਂ ਹਜ਼ਾਰ ਮੌਤਾਂ
ਮਿਸਰ ਅਤੇ ਸੀਰੀਆ ਦੀ ਅਗਵਾਈ ਵਾਲੇ ਅਰਬ ਰਾਜਾਂ ਦੇ ਗੱਠਜੋੜ ਦੁਆਰਾ 1967 ਦੀ ਜੰਗ ਵਿਚ ਇਜ਼ਰਾਈਲ ਦੁਆਰਾ ਕਬਜ਼ਾ ਕੀਤੀ ਗਈ ਜ਼ਮੀਨ ਨੂੰ ਵਾਪਸ ਪ੍ਰਾਪਤ ਕਰਨ ਲਈ ਜੰਗ ਲੜਨ ਤੋਂ ਬਾਅਦ ਸ਼ੁਰੂ ਹੋਈ। ਮੌਤਾਂ ਦੇ ਘਟਾ ਕੇ ਲਗਾਏ ਅੰਦਾਜ਼ੇ ਅਨੁਸਾਰ ਵੀ ਮਿਸਰ ਅਤੇ ਸੀਰੀਆ ਦੇ ਕ੍ਰਮਵਾਰ 5000 ਅਤੇ 3 ਹਜ਼ਾਰ ਵਿਅਕਤੀ (ਕੁਲ 8 ਹਜ਼ਾਰ) ਮਾਰੇ ਗਏ ਅਤੇ 18 ਹਜ਼ਾਰ ਜ਼ਖਮੀ ਹੋਏ ਸਨ। ਸਭ ਤੋਂ ਉੱਚਾ ਅੰਦਾਜ਼ਾ ਸਾਢੇ ਅਠਾਰਾਂ ਹਜ਼ਾਰ ਹੈ (15 ਹਜ਼ਾਰ ਮਿਸਰੀ ਅਤੇ ਸਾਢੇ ਤਿੰਨ ਹæਜਾਰ ਸੀਰੀਆਈ)।
• 1982 ਦੀ ਲਿਬਨਾਨ ਜੰਗ (ਜੂਨ ਤੋਂ ਸਤੰਬਰ 1982), ਅੰਦਾਜ਼ਨ 22 ਹਜ਼ਾਰ ਮੌਤਾਂ, 20 ਹਜ਼ਾਰ ਜ਼ਖਮੀ
ਇਜ਼ਰਾਈਲ ਡਿਫੈਂਸ ਫ਼ੌਜਾਂ ਨੇ ਫ਼ਲਸਤੀਨ ਮੁਕਤੀ ਸੰਗਠਨ ਨੂੰ ਖਦੇੜਨ, ਲਿਬਨਾਨ ’ਤੇ ਸੀਰੀਆਈ ਪ੍ਰਭਾਵ ਨੂੰ ਹਟਾਉਣ ਅਤੇ ਇਜ਼ਰਾਈਲ ਦੇ ਥਾਪੜੇ ਵਾਲੀ ਈਸਾਈ ਸਰਕਾਰ ਸਥਾਪਤ ਕਰਨ ਦੇ ਟੀਚਿਆਂ ਨਾਲ ਦੱਖਣੀ ਲਿਬਨਾਨ ’ਤੇ ਹਮਲਾ ਕੀਤਾ। ਦੂਜੇ ਹਫ਼ਤੇ ਦੇ ਅੰਤ ਤੱਕ, ਇੰਟਰਨੈਸ਼ਨਲ ਰੈੱਡ ਕਰਾਸ ਅਤੇ ਲਿਬਨਾਨੀ ਪੁਲਿਸ ਦੇ ਅੰਕੜਿਆਂ ਨੇ ਦਾਅਵਾ ਕੀਤਾ ਕਿ 19 ਹਜ਼ਾਰ ਲੋਕ ਮਾਰੇ ਗਏ ਅਤੇ 20 ਹਜ਼ਾਰ ਜ਼ਖਮੀ ਹੋਏ, ਜਿਨ੍ਹਾਂ ਵਿਚ ਜ਼ਿਆਦਾਤਰ ਨਾਗਰਿਕ ਸਨ। ਅਗਸਤ 1982 ਦੇ ਅੰਤ ਤੱਕ, ਬੈਰੂਤ ਦੀ ਘੇਰਾਬੰਦੀ ਨੇ 6 ਹਜ਼ਾਰ 776 ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਇਲਾਵਾ, ਸਬਰਾ ਅਤੇ ਸ਼ਤੀਲਾ ਸ਼ਰਨਾਰਥੀ ਕੈਂਪਾਂ ਵਿਚ 3 ਹਜ਼ਾਰ ਤੋਂ ਵੱਧ ਫ਼ਲਸਤੀਨੀ ਸ਼ਰਨਾਰਥੀਆਂ ਦੀ ਹੱਤਿਆ ਲਿਬਨਾਨੀ ਮਿਲੀਸ਼ੀਆ ਦੁਆਰਾ ਕੀਤੀ ਗਈ, ਜਿਨ੍ਹਾਂ ਨੂੰ ਇਜ਼ਰਾਈਲ ਡਿਫੈਂਸ ਫ਼ੌਜਾਂ ਦੁਆਰਾ ਕੈਂਪਾਂ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅਮਰੀਕਾ ਨੇ ਫ਼ਲਸਤੀਨੀ ਟਾਕਰੇ ਅਤੇ ਖੇਤਰ ਵਿਚ ਹੋਰ ਅਮਰੀਕੀ-ਵਿਰੋਧੀ ਤਾਕਤਾਂ ਨੂੰ ਕੁਚਲਣ ਦੀ ਲੋੜ ਸਮੇਤ ਇਜ਼ਰਾਈਲ ਦੀ ਕੱਟੜ ਹਮਾਇਤ ਕਰਨੀ ਜਾਰੀ ਰੱਖੀ।
• ਗਾਜ਼ਾ ਵਿਚ ਕਤਲੇਆਮ (2008-09), 1400 ਮੌਤਾਂ
ਇਜ਼ਰਾਈਲ ਨੇ ਇਸਲਾਮਵਾਦੀ ਪਾਰਟੀ ਹਮਾਸ ਦੇ ਚੋਣਾਂ ਜਿੱਤਕੇ ਸੱਤਾ ਵਿਚ ਆਉਣ ਤੋਂ ਬਾਅਦ ਗਾਜ਼ਾ ਦੇ ਲੋਕਾਂ ਨੂੰ ਸਮੂਹਿਕ ਸਜ਼ਾ ਦੇਣ ਦੇ ਰੂਪ ’ਚ ਮੌਤ ਅਤੇ ਤਬਾਹੀ ਦੀ ਜੰਗ ਵਿੱਢ ਦਿੱਤੀ (27 ਦਸੰਬਰ 2008 ਤੋਂ 19 ਜਨਵਰੀ 2009 ਤੱਕ)। ਮਾਰੇ ਗਏ ਲੋਕਾਂ ਦੀ ਗਿਣਤੀ 1166 ਅਤੇ 1417 ਦੱਸੀ ਗਈ ਹੈ, ਜਿਨ੍ਹਾਂ ਵਿਚ 844 ਨਿਹੱਥੇ ਨਾਗਰਿਕ ਸ਼ਾਮਲ ਸਨ, ਉਨ੍ਹਾਂ ਵਿਚੋਂ 281 ਬੱਚੇ ਸਨ। 9 ਜਨਵਰੀ ਨੂੰ, ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿਚ ਡੈਮੋਕਰੇਟ ਅਤੇ ਰਿਪਬਲਿਕਨਾਂ ਨੇ ਭਾਰੀ ਵੋਟਾਂ ਨਾਲ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਹਮਾਇਤ ਕਰਦੇ ਹੋਏ ਇਹ ਐਲਾਨ ਕੀਤਾ—ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇੰਟਰਨੈਸ਼ਨਲ ਰੈੱਡ ਕਰਾਸ ਅਤੇ ਹੋਰ ਮਾਨਵਤਾਵਾਦੀ ਸੰਗਠਨਾਂ ਦੇ ਨਤੀਜਿਆਂ ਦੇ ਸਿੱਧੇ ਵਿਰੋਧ ਵਿਚ—ਕਿ ਇਜ਼ਰਾਈਲ ਦੀਆਂ ਹਥਿਆਰਬੰਦ ਫ਼ੌਜਾਂ ਦੀ ਗਾਜ਼ਾ ’ਤੇ ਉਨ੍ਹਾਂ ਦੇ ਹਮਲੇ ਤੋਂ ਵੱਡੀ ਗਿਣਤੀ ਵਿਚ ਨਾਗਰਿਕ ਹੱਤਿਆਵਾਂ ਹੋਣ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ।
• 2014 ਗਾਜ਼ਾ ਜੰਗ (8 ਜੁਲਾਈ ਤੋਂ 26 ਅਗਸਤ 2014), 2 ਹਜ਼ਾਰ 251 ਫ਼ਲਸਤੀਨੀ ਮੌਤਾਂ
ਇਸ ਜੰਗ ਵਿਚ 2 ਹਜ਼ਾਰ 251 ਫ਼ਲਸਤੀਨੀ ਮਾਰੇ ਗਏ, ਜਿਨ੍ਹਾਂ ਵਿਚ 1 ਹਜ਼ਾਰ 462 ਫ਼ਲਸਤੀਨੀ ਨਾਗਰਿਕ ਸ਼ਾਮਲ ਸਨ, ਜਿਨ੍ਹਾਂ ਵਿਚੋਂ 299 ਔਰਤਾਂ ਅਤੇ 551 ਬੱਚੇ ਸਨ; ਅਤੇ 11 ਹਜ਼ਾਰ 231 ਫ਼ਲਸਤੀਨੀ ਜ਼ਖਮੀ ਹੋਏ। ਇਕ ਵਾਰ ਫਿਰ, ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਡੈਮੋਕਰੇਟ ਅਤੇ ਰਿਪਬਲਿਕਨ ਦੋਵਾਂ ਧੜਿਆਂ ਨੇ ਇਜ਼ਰਾਈਲ ਦੇ ਕਤਲੇਆਮ ਦੀ ਹਮਾਇਤ ਕਰਦੇ ਹੋਏ ਸਰਬਸੰਮਤੀ ਨਾਲ ਮਤੇ ਪਾਸ ਕੀਤੇ।
• ਗ੍ਰੇਟ ਮਾਰਚ ਆਫ ਰਿਟਰਨ (2018), 150 ਮੌਤਾਂ, 9 ਹਜ਼ਾਰ ਤੋਂ ਵੱਧ ਜ਼ਖ਼ਮੀ
30 ਮਾਰਚ 2018 ਨੂੰ ਗਾਜ਼ਾ ਦੀ ਇਜ਼ਰਾਈਲ ਨਾਲ ਸਰਹੱਦ ’ਤੇ ਹਫਤਾਵਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਉਨ੍ਹਾਂ ਨੇ ਮੰਗ ਕੀਤੀ ਕਿ ਇਜ਼ਰਾਈਲ ਦੀ ਫ਼ਲਸਤੀਨ ਨੂੰ ਅਪਾਹਜ ਕਰਨ ਵਾਲੀ ਨਾਕਾਬੰਦੀ ਹਟਾਈ ਜਾਵੇ ਅਤੇ ਫ਼ਲਸਤੀਨੀ ਸ਼ਰਨਾਰਥੀਆਂ ਨੂੰ ਨਕਬਾ (‘ਅਰਬੀ ਵਿਚ ਤਬਾਹੀ’) ਦੌਰਾਨ ਇਜ਼ਰਾਈਲ ਦੀ ਸਥਾਪਨਾ ਸਮੇਂ ਉਨ੍ਹਾਂ ਤੋਂ ਖੋਹੀ ਗਈ ਜ਼ਮੀਨ ’ਤੇ ਵਾਪਸ ਜਾਣ ਦਾ ਅਧਿਕਾਰ ਦਿੱਤਾ ਜਾਵੇ, ਜਦੋਂ ਇਜ਼ਰਾਈਲ ਨੇ ਸਦੀਆਂ ਤੋਂ ਇਸ ਧਰਤੀ ’ਤੇ ਰਹਿ ਰਹੇ ਫ਼ਲਸਤੀਨੀਆਂ ਦੇ ਖ਼ਿਲਾਫ਼ ਹਿੰਸਾ ਅਤੇ ਦਹਿਸ਼ਤ ਦੀ ਵੱਡੀ ਲਹਿਰ ਸ਼ੁਰੂ ਕੀਤੀ ਸੀ। ਪ੍ਰਦਰਸ਼ਨਾਂ ਵਿਚ 189 ਫ਼ਲਸਤੀਨੀ ਮਾਰੇ ਗਏ ਸਨ, ਅਤੇ 9 ਹਜ਼ਾਰ ਤੋਂ ਵੱਧ ਹੋਰ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚ ਬੱਚੇ, ਪੈਰਾਮੈਡਿਕਸ ਕਾਮੇ ਅਤੇ ਪੱਤਰਕਾਰ ਸ਼ਾਮਲ ਸਨ। ਜ਼ਖਮੀਆਂ ਵਿਚੋਂ 5 ਹਜ਼ਾਰ 814 ਅਣਚੱਲੇ ਗੋਲਾ-ਬਾਰੂਦ ਨਾਲ ਮਾਰੇ ਗਏ ਸਨ। ਟਰੰਪ/ਪੈਂਸ ਸ਼ਾਸਨ ਨੇ ਹਿੰਸਾ ਲਈ ਉਲਟਾ ਨਿਹੱਥੇ ਫ਼ਲਸਤੀਨੀਆਂ ਨੂੰ ਦੋਸ਼ੀ ਠਹਿਰਾਇਆ।
• ਗਾਜ਼ਾ ਵਿਚ ਅਮਰੀਕੀ-ਇਜ਼ਰਾਈਲੀ ਨਸਲਕੁਸ਼ੀ (2023 ਤੋਂ ਹੁਣ ਤੱਕ), 90 ਹਜ਼ਾਰ ਤੋਂ ਵੱਧ ਮੌਤਾਂ
ਗਾਜ਼ਾ ਪੱਟੀ ’ਤੇ ਇਜ਼ਰਾਈਲ ਦੀ ਨਸਲਕੁਸ਼ੀ ਦੀ ਜੰਗ ਦੀ ਅਸਲ ਮਨੁੱਖੀ ਕੀਮਤ ‘ਅਧਿਕਾਰਤ’ ਅੰਦਾਜ਼ਿਆਂ ਨਾਲੋਂ ਕਿਤੇ ਵੱਧ ਹੈ। ਦੁਨੀਆ ਦੇ ਪ੍ਰਮੁੱਖ ਮੈਡੀਕਲ ਰਸਾਲਿਆਂ ਵਿਚ ਪ੍ਰਕਾਸ਼ਿਤ ਸੁਤੰਤਰ ਖੋਜ 2025 ਦੇ ਸ਼ੁਰੂ ਤੱਕ 75 ਹਜ਼ਾਰ ਤੋਂ ਵੱਧ ‘ਹਿੰਸਾ ਨਾਲ ਮੌਤਾਂ’ ਦੀ ਪੁਸ਼ਟੀ ਕਰਦੀ ਹੈ। ਇਹ ਅੰਕੜਾ ਉਸੇ ਮਿਆਦ ਲਈ ਗਾਜ਼ਾ ਸਿਹਤ ਮੰਤਰਾਲੇ (ਐੱਮਓਐੱਚ) ਦੁਆਰਾ ਰਿਪੋਰਟ ਕੀਤੇ ਗਏ 49 ਹਜ਼ਾਰ 90 ਤੋਂ 34.7 ਪ੍ਰਤੀਸ਼ਤ ਵੱਧ ਹੈ। ਹੁਣ ਐੱਮਓਐੱਚ ਦਾ ਅੰਦਾਜ਼ਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ 16 ਫਰਵਰੀ 2026 ਤੱਕ ਘੱਟੋ-ਘੱਟ 72 ਹਜ਼ਾਰ 63 ਲੋਕ ਮਾਰੇ ਗਏ ਹਨ (10 ਅਕਤੂਬਰ 2025 ਨੂੰ ਗਾਜ਼ਾ ਪੱਟੀ ਵਿਚ ‘ਜੰਗਬੰਦੀ’ ਹੋਣ ਤੋਂ ਬਾਅਦ 603)।