ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਪ੍ਰਿੰਸੀਪਲ ਸਰਵਣ ਸਿੰਘ

ਗੁਰਜੀਤ ਸਿੰਘ
ਪੀਐੱਚ.ਡੀ. ਖੋਜਾਰਥੀ
ਫੋਨ: 75268-99013
ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਸਾਹਿਤ ਖੇਡ ਸਾਹਿਤ ਦਾ ਬਾਬਾ ਬੋਹੜ ਹੈ। ਉਹ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਬਤੌਰ ਖਿਡਾਰੀ ਯੂਨੀਵਰਸਿਟੀ ਦਾ ਸੈਕੰਡ ਬੈਸਟ ਐਥਲੀਟ, ਕਾਲਜ ਹਾਕੀ ਟੀਮ ਦਾ ਕਪਤਾਨ, ਕਾਲਜਾਂ ਦਾ ਪ੍ਰੋਫ਼ੈਸਰ ਤੇ ਪ੍ਰਿੰਸੀਪਲ, ਖੇਡ ਲੇਖਕ, ਖੇਡ ਪ੍ਰਬੰਧਕ, ਖੇਡ ਪ੍ਰੋਮਟਰ, ਕਬੱਡੀ ਦਾ ਕੌਮਾਂਤਰੀ ਕੁਮੈਂਟੇਟਰ ਆਦਿ ਉਸਦੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਹਨ। ਬਤੌਰ ਲੇਖਕ ਉਹ ਉੱਘਾ ਵਾਰਤਾਕਾਰ, ਕਹਾਣੀਕਾਰ, ਸੰਪਾਦਕ, ਅਤੇ ਅਨੁਵਾਦਕ ਵੀ ਹੈ।

ਉਸਨੇ ਆਪਣੇ ਕਲਮ ਦੀ ਤਾਕਤ ਨਾਲ ਪੰਜਾਬੀ ਖੇਡ ਸਾਹਿਤ ਨੂੰ ਬੁਲੰਦੀਆਂ ਉੱਤੇ ਹੀ ਨਹੀਂ ਪਹੁੰਚਾਇਆ ਬਲਕਿ ਖੇਡਾਂ ਤੇ ਖਿਡਾਰੀਆਂ ਬਾਰੇ ਬਿਆਨ ਕਰਨ ਵਾਲੀਆਂ ਹੋਰ ਵੀ ਅਨੇਕਾਂ ਕਲਮਾਂ ਪੈਦਾ ਕਰ ਦਿੱਤੀਆਂ। ਉਨ੍ਹਾਂ ਕਲਮਾਂ ਦੀ ਬਦੌਲਤ ਖੇਡ ਸਾਹਿਤ ਦੀਆਂ ਅਲਮਾਰੀਆਂ ਭਰੀਆਂ ਜਾ ਰਹੀਆਂ ਹਨ। ਉਸ ਦੁਆਰਾ 1966 ਵਿਚ ਲਿਖੇ ਰੇਖਾ-ਚਿੱਤਰ ‘ਮੁੜਕੇ ਦਾ ਮੋਤੀ’ ਤੋਂ ਲੈ ਕੇ ‘ਮੇਰੀ ਕਲਮ ਦੀ ਮੈਰਾਥਨ ਤੱਕ’ ਉਸਦੀ ਖੇਡ ਸਾਹਿਤ ਸਿਰਜਣਾ ਦਾ ਸਮਾਂ ਅੱਧੀ ਸਦੀ ਤੋਂ ਵੀ ਦਸ ਸਾਲ ਉੱਤੇ ਟੱਪ ਗਿਆ ਹੈ। ਇਸ ਸਾਲ ਦੀ 8 ਜੁਲਾਈ ਨੂੰ ਉਹ ਛਿਆਸੀ ਵਰਿ੍ਹਆਂ ਦਾ ਹੋ ਜਾਵੇਗਾ। ਬਤੌਰ ਖੇਡ ਲੇਖਕ ਉਸਦੀ ਕਲਮ ਦੀ ਖੇਡ ਲੇਖਣੀ ਦੀ ਮੈਰਾਥਨ ਅਜੇ ਜਾਰੀ ਹੈ। ਬੇਸ਼ੱਕ ਪ੍ਰਿੰਸੀਪਲ ਸਰਵਣ ਸਿੰਘ ਨੇ ਹੋਰ ਸਾਹਿਤਕ ਵੰਨਗੀਆਂ ਤੇ ਵੱਖ-ਵੱਖ ਵਿਸ਼ਿਆਂ ਜਿਵੇਂ ਜੀਵਨੀ, ਸਵੈ-ਜੀਵਨੀ, ਸਫ਼ਰਨਾਮਾ, ਅਨੁਵਾਦ, ਸੰਪਾਦਨ, ਸਭਿਆਚਾਰ, ਲੇਖਕਾਂ, ਰਾਜਨੀਤਕਾਂ, ਕਲਾਕਾਰਾਂ, ਕਿਸਾਨ ਅੰਦੋਲਨਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਸੰਬੰਧਿਤ ਮਸਲਿਆਂ ਬਾਰੇ ਵੀ ਸਾਹਿਤਕ ਰਚਨਾ ਕੀਤੀ ਹੈ। ਪਰ ਖੇਡ ਸਾਹਿਤ ਸਿਰਜਣਾ ਦੇ ਖੇਤਰ ਵਿਚ ਉਸਦਾ ਕਾਰਜ ਤੇ ਯੋਗਦਾਨ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਉਸਦੀ ਖੇਡ ਸ਼ੈਲੀ ਕਮਾਲ ਦੀ ਹੈ। ਨਾਵਲਕਾਰ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਵਾਂਗ ਉਸਦੇ ਪਾਠਕਾਂ ਦੀ ਗਿਣਤੀ ਅਤੇ ਘੇਰਾ ਬਹੁਤ ਵਿਸ਼ਾਲ ਹੈ। ਖੇਡਾਂ ਬਾਰੇ ਲਿਖ ਕੇ ਉਸਨੇ ਲੱਖਾਂ ਪਾਠਕਾਂ ਨੂੰ ਪੁਸਤਕਾਂ ਨਾਲ ਅਤੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜੀ ਰੱਖਿਆ। ਉਸਨੇ ਪੰਜਾਬ ਦੇ ਪਿੰਡਾਂ ਦੇ ਟੂਰਨਾਮੈਂਟਾਂ ਤੋਂ ਲੈ ਕੇ ਉਲੰਪਿਕ ਤੱਕ ਦੇ ਖੇਡਾਂ ਦੇ ਇਤਿਹਾਸ, ਪੰਜਾਬ ਦੇ ਖਿਡਾਰੀਆਂ ਤੋਂ ਲੈ ਕੇ ਅੰਤਰਰਾਸ਼ਟਰੀ ਖਿਡਾਰੀਆਂ ਤੱਕ ਦੇ ਰੇਖਾ-ਚਿੱਤਰ, ਪੰਜਾਬ ਦੇ ਖੇਡ-ਮੇਲਿਆਂ ਤੋਂ ਲੈ ਕੇ ਕੌਮਾਂਤਰੀ ਖੇਡ ਮੇਲਿਆਂ ਦੇ ਦ੍ਰਿਸ਼ ਆਪਣੀ ਕਲਮ ਰਾਹੀਂ ਸਾਕਾਰ ਕੀਤੇ। ਖੇਡ ਖੇਤਰ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੋ ਉਨ੍ਹਾਂ ਤੋਂ ਗੁੱਝਾ ਰਿਹਾ ਹੋਵੇ। ਏਸ਼ੀਆ ਤੋਂ ਉਲੰਪਿਕ ਖੇਡਾਂ ਤੱਕ ਦੇ ਸਰਵੇਖਣ, ਪੰਜਾਬੀ ਵਿਚ ਰਚੇ ਜਾ ਰਹੇ ਖੇਡ ਸਾਹਿਤ ਦੇ ਖੋਜ-ਕਾਰਜ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਖੇਡਾਂ ਨਾਲ ਸੰਬੰਧਿਤ ਕਰਵਾਏ ਜਾਂਦੇ ਪ੍ਰੋਗਰਾਮ ਸਭ ਉਨ੍ਹਾਂ ਦੇ ਧਿਆਨ ਵਿਚ ਹੁੰਦੇ ਹਨ। ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖ ਰਹੇ ਲੇਖਕਾਂ ਅਤੇ ਮੈਗਜ਼ੀਨ/ਰਸਾਲੇ ਆਦਿ ਸਭ ਉਸਦੀ ਜਾਣਕਾਰੀ ਵਿਚ ਹੁੰਦੇ ਹਨ। ਗੱਲ ਕੀ, ਉਹ ਖੇਡ ਖੇਤਰ ਦਾ ਇਨਸਾਈਕਲੋਪੀਡੀਆ ਹੈ।
ਉਸਨੇ ਆਪਣੀ ਸਾਹਿਤ ਸਿਰਜਣਾ ਦੇ ਸੱਠ ਸਾਲਾਂ ਦੀ ਯਾਤਰਾ ਤੈਅ ਕਰਦਿਆਂ ਪੰਜਾਹ ਤੋਂ ਉੱਪਰ ਪੁਸਤਕਾਂ ਦੀ ਸਿਰਜਣਾ ਕੀਤੀ। ਜਿਨ੍ਹਾਂ ਵਿਚੋਂ ਪੱਚੀ ਪੁਸਤਕਾਂ ਖੇਡ ਸਾਹਿਤ ਬਾਰੇ ਹੀ ਹਨ। ਉਸ ਦੀਆਂ ਖੇਡ ਪੁਸਤਕਾਂ ਹਨ- ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਪੰਜਾਬੀ ਖਿਡਾਰੀ, ਓਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਓਲੰਪਿਕ ਖੇਡਾਂ ਦੀ ਸਦੀ, ਖੇਡ ਮੇਲੇ ਵੇਖਦਿਆਂ, ਪੰਜਾਬ ਦੇ ਚੋਣਵੇਂ ਖਿਡਾਰੀ, ਕਬੱਡੀ ਕਬੱਡੀ ਕਬੱਡੀ, ਖੇਡਾਂ ਦੀ ਦੁਨੀਆਂ, ਮੇਲੇ ਕਬੱਡੀ ਦੇ, ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਏਥਨਜ਼ ਤੋਂ ਲੰਡਨ (ਓਲੰਪਿਕ ਖੇਡਾਂ ਦਾ ਇਤਿਹਾਸ), ਖੇਡ ਅਤੇ ਸੇਹਤ ਵਾਰਤਾ, ਕਿੱਸਾ ਕਬੱਡੀ ਦਾ, ਗੋਲਡਨ ਗੋਲ (ਬਲਬੀਰ ਸਿੰਘ ਦੀ ਜੀਵਨੀ), ਭਾਰਤ ਵਿਚ ਹਾਕੀ (ਅਨੁਵਾਦ) ਪੰਜਾਬੀ ਖਿਡਾਰੀ (ਅੰਗਰੇਜ਼ੀ ਅਨੁਵਾਦ), ਉੱਡਣਾ ਸਿੱਖ ਮਿਲਖਾ ਸਿੰਘ (ਜੀਵਨੀ), ਖੇਡ ਖਿਡਾਰੀ, ਮੇਰੀ ਕਲਮ ਦੀ ਮੈਰਾਥਨ ਤੇ ਪੰਜਾਬੀਆਂ ਦਾ ਖੇਡ ਸਭਿਆਚਾਰ ਆਦਿ। ਕਰੋਨਾ ਕਾਲ ਦੌਰਾਨ ਉਸਨੇ ਪੰਜਾਬੀ ਖੇਡ ਸਾਹਿਤ ਦਾ ਇਤਿਹਾਸ, ਸ਼ਬਦਾਂ ਦੇ ਖਿਡਾਰੀ, ਖੇਡ ਸਾਹਿਤ ਦੀਆਂ ਬਾਤਾਂ, ਖੇਡ ਸਾਹਿਤ ਦੇ ਮੋਤੀ ਤੇ ਖੇਡ ਸਾਹਿਤ ਦੇ ਹੀਰੇ ਲਿਖ ਕੇ ਚਾਰ ਭਾਗਾਂ ਵਿਚ ਛਪਵਾਇਆ ਹੈ।
ਪੰਜਾਬੀ ਵਿਚ ਖੇਡ ਪੱਤਰਕਾਰੀ ਸ਼ੁਰੂ ਕਰਨ ਦਾ ਸਿਹਰਾ ਵੀ ਪ੍ਰਿੰਸੀਪਲ ਸਰਵਣ ਸਿੰਘ ਨੂੰ ਹੀ ਜਾਂਦਾ ਹੈ। ਉਸ ਦੁਆਰਾ 1966 ਵਿਚ ਪ੍ਰਸਿੱਧ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’ ਬਾਰੇ ਲਿਖਿਆ ਰੇਖਾ-ਚਿੱਤਰ ‘ਮੁੜ੍ਹਕੇ ਦਾ ਮੋਤੀ’ ਉਸ ਸਮੇਂ ਦੇ ਪ੍ਰਸਿੱਧ ਰਸਾਲੇ ‘ਆਰਸੀ’ ਵਿਚ ਛਪਿਆ। ਇਸ ਤੋਂ ਇਲਾਵਾ ਪ੍ਰਵੀਨ, ਸਰਦਾਰਾ, ਮਹਿੰਦਰ ਸਿੰਘ, ਅਜਮੇਰ ਸਿੰਘ, ਜੋਗਿੰਦਰ ਸਿੰਘ, ਜਰਨੈਲ ਸਿੰਘ ਆਦਿ ਖਿਡਾਰੀਆਂ ਬਾਰੇ ਲਿਖੇ ਰੇਖਾ-ਚਿੱਤਰ ਵੀ ‘ਆਰਸੀ’ ਵਿਚ ਛਪਦੇ ਰਹੇ। ਉਸਨੇ 1975 ਵਿਚ ਪ੍ਰਸਿੱਧ ਰਸਾਲੇ ‘ਸਚਿੱਤਰ ਕੌਮੀ ਏਕਤਾ’ ਵਿਚ ਖੇਡਾਂ ਨਾਲ ਸੰਬੰਧਿਤ ਇਕ ਕਾਲਮ ‘ਖੇਡ ਮੈਦਾਨ ‘ਚੋਂ’ ਸ਼ੁਰੂ ਕੀਤਾ ਜੋ ਦਸ-ਬਾਰ੍ਹਾਂ ਸਾਲ ਚੱਲਿਆ। ਉਸਨੇ 1978 ਵਿਚ ਪੰਜਾਬੀ ‘ਟ੍ਰਿਬਿਊਨ ਅਖ਼ਬਾਰ’ ਲਈ ਬੰਬਈ ਦੇ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਅਤੇ ਦਿੱਲੀ ਦੀਆਂ ਏਸ਼ਿਆਈ ਖੇਡਾਂ ਬਾਰੇ ਰਿਪੋਰਟਾਂ ਲਿਖੀਆਂ। ‘ਅਜੀਤ’ ਅਖ਼ਬਾਰ ਲਈ ਸਿਓਲ ਦੀਆਂ ਏਸ਼ਿਆਈ ਖੇਡਾਂ ਬਾਰੇ ਲਿਖਿਆ।
ਉਸਨੇ 1984 ਤੋਂ ‘ਪਿੰਡ ਦੀ ਸੱਥ ‘ਚੋਂ’ ਕਾਲਮ ‘ਪਹਿਰੇਦਾਰ’ ਨਾਂ ਹੇਠ ‘ਸਚਿੱਤਰ ਕੌਮੀ ਏਕਤਾ’ ਵਿਚ ਲਿਖਣਾ ਸ਼ੁਰੂ ਕੀਤਾ। ਵੈਨਕੂਵਰ ਦੇ ਰਸਾਲੇ ‘ਇੰਡੋ-ਕਨੇਡੀਅਨ ਟਾਈਮਜ਼’ ਵਿਚ ਇੱਕ ਕਾਲਮ ‘ਬਾਤਾਂ ਵਤਨ ਦੀਆਂ’ ਚਿੱਠੀਆਂ ਦੇ ਰੂਪ ਵਿਚ ਛਾਪਣਾ ਸ਼ੁਰੂ ਕੀਤਾ।
ਇਸ ਤੋਂ ਇਲਾਵਾ ਪਿੱਛੇ ਜਿਹੇ ਉਹ ‘ਪੰਜਾਬੀ ਟ੍ਰਿਬਿਊਨ’ ਦੇ ਇੰਟਰਨੈੱਟ ਐਡੀਸ਼ਨ ‘ਤਬਸਰਾ’ ਵਿਚ ਵੱਖ-ਵੱਖ ਸਾਹਿਤਕਾਰਾਂ, ਖੇਡ ਲੇਖਕਾਂ, ਆਦਿ ਦੁਆਰਾ ਖੇਡਾਂ ਬਾਰੇ ਰਚੀਆਂ ਰਚਨਾਵਾਂ ਨੂੰ ਪੇਸ਼ ਕਰਦੇ ਰਹੇ ਹਨ। ਅੱਜ-ਕੱਲ੍ਹ ‘ਪੰਜਾਬੀ ਟ੍ਰਿਬਿਊਨ’ ਦੇ ਇੰਟਰਨੈੱਟ ਐਡੀਸ਼ਨ ‘ਸਤਰੰਗ’ ਵਿਚ ‘ਵਿਸ਼ਵ ਦੇ ਮਹਾਨ ਖਿਡਾਰੀ’ ਕਾਲਮ ਹਰ ਸ਼ਨਿਚਰਵਾਰ ਨੂੰ ਛਪ ਰਿਹਾ ਹੈ ਜੋ ਸੌ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਹੈ। ਉਨ੍ਹਾਂ ਦੀ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਵਿਚੋਂ ਕੁਝ ਕੁ ਦਾ ਵੇਰਵਾ ਇਸ ਪ੍ਰਕਾਰ ਹੈ: ਵਰਿਆਮ ਸਿੰਘ ਸੰਧੂ ਦਾ ਗਰਾਈਂ ਕਰਤਾਰ ਸਿੰਘ ਭਲਵਾਨ, ਪਹਿਲਵਾਨ ਦਾਰਾ ਸਿੰਘ ਦੀ ਆਤਮ ਕਥਾ, ਡਾ. ਹਰਿਭਜਨ ਸਿੰਘ ਦੀ ਖੇਡ ਵਾਰਤਾ, ਮੇਰਾ ਖੇਡ ਸਾਹਿਤ ਦਾ ਸਫ਼ਰ, ਬਲਬੀਰ ਸਿੰਘ ਕੰਵਲ ਦੀ ਬੱਲੇ-ਬੱਲੇ, ਸੂਬਾ ਸਿੰਘ ਦੇ ਮੱਲ ਤੇ ਅਖਾੜੇ, ਨਵਦੀਪ ਗਿੱਲ ਦੀ ਖੇਡ ਪੱਤਰਕਾਰੀ, ਗੁਰਪ੍ਰੀਤ ਸਹਿਜੀ ਦਾ ਖੇਡ ਗਲਪ, ਕੁਲਵੰਤ ਬੁਢਲਾਡਾ ਦੀ ਕੁਮੈਂਟਰੀ ਤੇ ਕਲਮਕਾਰੀ ਆਦਿ। ਇਨ੍ਹਾਂ ਤਬਸਰਿਆਂ ਰਾਹੀਂ ਜਿਥੇ ਉਪਰੋਕਤ ਲੇਖਕਾਂ, ਖੇਡ ਕੁਮੈਂਟੇਟਰਾਂ, ਖੇਡ ਪ੍ਰੇਮੀਆਂ ਅਤੇ ਪੰਜਾਬੀ ਸਾਹਿਤ ਦੀਆਂ ਡਾ. ਹਰਿਭਜਨ ਸਿੰਘ ਵਰਗੀਆਂ ਹਸਤੀਆਂ ਦੇ ਖੇਡਾਂ ਪ੍ਰਤੀ ਨਜ਼ਰੀਏ ਨੂੰ ਪੇਸ਼ ਕੀਤਾ ਹੈ ਉੱਥੇ ਹੀ ਖਿੰਡਰੇ-ਪੁੰਡਰੇ ਰੂਪ ਵਿਚ ਪਈਆਂ ਅਣਗੌਲੇਪਣ ਦੀ ਬਿਰਤੀ ਦੀਆਂ ਸ਼ਿਕਾਰ ਹੋਈਆਂ ਇਨ੍ਹਾਂ ਰਚਨਾਵਾਂ ਨੂੰ ਇਕੱਤਰ ਕਰਕੇ ਸੰਭਾਲਣ ਦਾ ਯਤਨ ਵੀ ਕੀਤਾ ਗਿਆ ਹੈ। ਇਸ ਨਾਲ ਉਹ ਖੋਜਕਾਰ ਦੇ ਰੂਪ ਵਿਚ ਵੀ ਸਾਡੇ ਸਾਹਮਣੇ ਪੇਸ਼ ਹੁੰਦਾ ਹੈ।
ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਰਚਿਤ ਖੇਡ ਸਾਹਿਤ ਨਵੀਂ ਪੀੜ੍ਹੀ ਦੇ ਲੇਖਕਾਂ ਤੇ ਖਿਡਾਰੀਆਂ ਲਈ ਪਥ-ਪ੍ਰਦਰਸ਼ਕ ਦੇ ਤੌਰ ‘ਤੇ ਭੂਮਿਕਾ ਨਿਭਾ ਰਿਹਾ ਹੈ। ਜਿਸ ਤੋਂ ਸੇਧ ਲੈ ਕੇ ਅਨੇਕਾਂ ਖਿਡਾਰੀ ਆਪਣੀ ਖੇਡ ਵਿਚ ਸੁਧਾਰ ਕਰਕੇ ਨਿਖਾਰ ਲਿਆਉਂਦੇ ਹਨ। ਅਨੇਕਾਂ ਖਿਡਾਰੀ ਖੇਡ ਸਾਹਿਤ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਦੇ ਅਗਲੇਰੇ ਪੈਂਡਿਆਂ ਵੱਲ ਉਤਸ਼ਾਹ ਨਾਲ ਕਦਮ ਪੁੱਟਦੇ ਹਨ। ਖੇਡਾਂ ਦੇ ਅਧਿਕਾਰੀ, ਕਲੱਬਾਂ ਵਾਲੇ, ਫੈਡਰੇਸ਼ਨਾਂ ਵਾਲੇ ਤੇ ਖੇਡ ਪ੍ਰਮੋਟਰ ਖੇਡਾਂ ਦੇ ਹੋਰ ਵਿਕਾਸ ਲਈ ਅਗਵਾਈ ਲੈਂਦੇ ਹਨ। ਇਨ੍ਹਾਂ ਦੇ ਖੇਡ ਸਾਹਿਤ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਖੇਡ ਲੇਖਕ ਪੈਦਾ ਹੋਏ ਤੇ ਉਨ੍ਹਾਂ ਵਿਚ ਸਰਵਣ ਸਿੰਘ ਵਾਂਗ ਖੇਡ ਰਚਨਾ ਕਰਨ ਦੀ ਤਾਂਘ ਪੈਦਾ ਹੋਈ, ਜਿਸ ਨਾਲ ਅਨੇਕਾਂ ਖੇਡ ਪੁਸਤਕਾਂ ਹੋਂਦ ਵਿਚ ਆਈਆਂ। ਖੇਡ ਪੁਸਤਕਾਂ ਹੋਂਦ ਵਿਚ ਆਉਣ ਨਾਲ ਖਿਡਾਰੀਆਂ/ਖੇਡਾਂ ਬਾਰੇ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਹੋਈ। ਖਿਡਾਰੀਆਂ ਦੇ ਜੀਵਨ ਦਾ ਇਤਿਹਾਸ ਸੰਭਾਲਿਆ ਗਿਆ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਖਿਡਾਰੀ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨਗੇ। ਪ੍ਰਿੰਸੀਪਲ ਸਾਹਿਬ ਨਵੀਂ ਪੀੜ੍ਹੀ ਦੇ ਖੇਡ ਲੇਖਕਾਂ ਨੂੰ ਜਿੱਥੇ ਲਿਖਣ ਦੇ ਦਾਅ-ਪੇਚ ਦੱਸਦੇ ਹਨ, ਉੱਥੇ ਉਨ੍ਹਾਂ ਦੁਆਰਾ ਲਿਖੀਆਂ ਪੁਸਤਕਾਂ ਦੇ ਮੁੱਖ-ਬੰਧ ਵੀ ਲਿਖਦੇ ਆ ਰਹੇ ਹਨ। ਜਿਸ ਤੋਂ ਪ੍ਰੇਰਿਤ ਹੋ ਕੇ ਖੇਡ ਲੇਖਕ ਹੋਰ ਸ਼ਿੱਦਤ ਨਾਲ ਲੇਖਨ ਕਲਾ ਨੂੰ ਚਮਕਾਉਂਦੇ ਹਨ। ਪ੍ਰਿੰਸੀਪਲ ਸਰਵਣ ਸਿੰਘ ਨੇ ‘ਪੰਜਾਬ ਦੀਆਂ ਦੇਸੀ ਖੇਡਾਂ’ ਪੁਸਤਕ ਵਿਚ 87 ਲੋਕ-ਖੇਡਾਂ ਦਾ ਵਰਣਨ ਕੀਤਾ ਹੈ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਵਿਸ਼ੇਸ਼ ਤੌਰ ’ਤੇ ਛਾਪੀ। ਉਨ੍ਹਾਂ ਦੀ ਲਿਖੀ ਪੁਸਤਕ ‘ਪੰਜਾਬੀ ਖਿਡਾਰੀ’ ਵੀ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ। ਅਜਿਹੀਆਂ ਪੁਸਤਕਾਂ ਲਿਖ ਕੇ ਉਸ ਨੇ ਇਤਿਹਾਸਕ ਕਾਰਜ ਕੀਤਾ ਹੈ। ਖੇਡਾਂ ਦੇ ਇਤਿਹਾਸ ਵੀ ਲਿਖੇ ਹਨ, ਜੋ ਬਹੁਤ ਮੁੱਲਵਾਨ ਕਾਰਜ ਹੈ।
ਆਪਣੀਆਂ ਰਚਨਾਵਾਂ ਵਿਚ ਖਿਡਾਰੀਆਂ ਦੇ ਤੁਲਨਾਤਮਿਕ ਅਧਿਐਨ ਰਾਹੀਂ ਇੱਕੋ ਹੀ ਖੇਡ ਦੇ ਇੱਕੋ ਜਿਹੇ ਨਾਵਾਂ ਵਾਲੇ ਖਿਡਾਰੀਆਂ ਦੇ ਨਾਵਾਂ ਦੇ ਮੇਲ ਖਾ ਜਾਣ ਕਾਰਨ ਉਨ੍ਹਾਂ ਸੰਬੰਧੀ ਪੈਦਾ ਹੋਈ ਅਸਪਸ਼ਟਤਾ, ਦਵੰਦ ਅਤੇ ਭੰਬਲਭੂਸੇ ਵਾਲੀ ਸਥਿਤੀ ਨੂੰ ਸਪਸ਼ਟ ਕਰਨ ਲਈ ਉਸਨੇ ਯਤਨ ਕੀਤੇ। ਅਣਗੌਲੇ ਨਾਇਕਾਂ ਨੂੰ ਪਛਾਣਿਆ ਗਿਆ, ਤੱਥਾਂ/ਘਟਨਾਵਾਂ ਨੂੰ ਵੀ ਖਲਤ-ਮਲਤ ਹੋਣ ਤੋਂ ਬਚਾਇਆ ਹੈ। ਕੁਸ਼ਤੀ ਦੇ ਭਲਵਾਨਾਂ ਦਾਰਾ ਸਿੰਘ ਦੁਲਚੀਪੁਰੀਆ ਤੇ ਦਾਰਾ ਸਿੰਘ ਧਰਮੂਚੱਕੀਆ ਬਾਰੇ ਤੁਲਨਾਤਮਿਕ ਕਾਰਜ ਕੀਤਾ। ਹਾਕੀ ਖੇਡਣ ਵਾਲੇ ਓਲੰਪੀਅਨ ਬਲਬੀਰ ਸਿੰਘ ਚਾਰ ਸਨ। ਤਿੰਨ ਬਲਬੀਰ ਸਿੰਘ ਇਕੋ ਭਾਰਤੀ ਟੀਮ ਵਿਚ ਖੇਡੇ ਸਨ। ਉਨ੍ਹਾਂ ਦੀ ਖੇਡ ਵੀ ਇੱਕੋ ਹੋਣ ਕਾਰਨ ਉਨ੍ਹਾਂ ਤੋਂ ਅਗਲੇਰੀ ਪੀੜ੍ਹੀ ਦੇ ਪਾਠਕਾਂ ਨੂੰ ਤੇ ਖਿਡਾਰੀਆਂ ਨੂੰ ਤਿੰਨੋਂ ਬਲਬੀਰਾਂ ਦੇ ਨਾਵਾਂ ਸੰਬੰਧੀ ਪੈਂਦੇ ਭੁਲੇਖਿਆਂ ਤੋਂ ਬਚਾਉਣ ਲਈ ਵੀ ਉਸਨੇ ਸਲਾਹੁਣਯੋਗ ਕਾਰਜ ਕੀਤਾ ਹੈ। ਪੰਜਾਬੀ ਵਿਚ ਖੇਡ ਗਲਪ ਦੀ ਪਹਿਲੀ ਮੌਲਿਕ ਪੁਸਤਕ ਨਾਵਲ ‘ਗੁੰਮਨਾਮ ਚੈਂਪੀਅਨ’ ਦੀ ਕਥਾ ਦਾ ਤਾਂ ਆਧਾਰ ਹੀ ਦੋਵਾਂ ਦਾਰਿਆਂ ਬਾਰੇ ਕੀਤੇ ਨਿਖੇੜੇ ਦਾ ਅਣਗੌਲਿਆ ਭਲਵਾਨ ਦਾਰਾ ਦੁਲਚੀਪੁਰੀਆ ਬਣਦਾ ਹੈ। ਇਸ ਨਾਵਲ ਦਾ ਰਚਣਹਾਰਾ ਵੀ ਪ੍ਰਿੰਸੀਪਲ ਸਰਵਣ ਸਿੰਘ ਦਾ ਭਤੀਜਾ ‘ਬਲਵੰਤ ਸਿੰਘ ਸੰਧੂ’ ਹੈ।
ਇਸ ਤੋਂ ਇਲਾਵਾ ਖੇਡਾਂ ਵਿਚ ਸਿਆਸਤ, ਭ੍ਰਿਸ਼ਟਾਚਾਰ, ਵਪਾਰ, ਮੈਚ ਫਿਕਸਿੰਗ, ਡੋਪਿੰਗ, ਫੈਡਰੇਸ਼ਨਾਂ ਦੇ ਧੱਕੇ, ਖਿਡਾਰੀਆਂ ਦੇ ਵਿਤਕਰੇ, ਖੇਡਾਂ ਵਿਚ ਆਏ ਨੈਤਿਕ ਨਿਘਾਰ, ਖੇਡਾਂ ਤੇ ਖਿਡਾਰੀਆਂ ਦੀ ਚੜ੍ਹਤ, ਖੇਡਾਂ ਵਿਚ ਤਰੱਕੀ ਲਈ ਸੇਧਾਂ ਤੇ ਅਗਵਾਈ, ਦੁਨੀਆ ਭਰ ਵਿਚ ਹੋਣ ਵਾਲੇ ਖੇਡ-ਮੇਲਿਆਂ ਦਾ ਜ਼ਿਕਰ ਆਦਿ ਕਿੰਨਾ ਹੀ ਕੁਝ ਪ੍ਰਿੰਸੀਪਲ ਸਰਵਣ ਸਿੰਘ ਦੀ ਕਲਮ ਪਾਠਕਾਂ ਤੇ ਲੋਕਾਂ ਦੇ ਰੂ-ਬ-ਰੂ ਕਰਦੀ ਹੈ।
ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਲਿਖੀਆਂ ਕਈ ਪੁਸਤਕਾਂ ਤੇ ਰਚਨਾਵਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਇਆ। ‘ਅਖਾੜੇ ਦਾ ਸ਼ਹੀਦ’ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਵਿਚ, ‘ਪਿੰਡ ਦੀ ਸੱਥ ‘ਚੋਂ’ ਪੁਸਤਕ ਗਿਆਨੀ ਦੇ ਸਿਲੇਬਸ ਵਿਚ ਲੱਗੀ ਰਹੀ ਹੈ। ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿਚ ਇਕ ਜਮਾਤ ਦੇ ਪਾਠਕ੍ਰਮ ਵਿਚ ਸ਼ਾਮਲ ਕਰੀ ਰੱਖਿਆ। ‘ਉੱਡਣਾ ਸਿੱਖ ਮਿਲਖਾ ਸਿੰਘ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਲੱਗਿਆ ਹੋਇਆ ਹੈ। ‘ਸਨਾਈਪਸ’ ਨਾਂ ਦੀ ਖੇਡ ਸੁਸਾਇਟੀ ਗਵਾਲੀਅਰ ਜੋ ਕਿ ਭਾਰਤੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਸਰੀਰਕ ਸਿੱਖਿਆ ਅਤੇ ਖੇਡਾਂ ਦੀਆਂ ਪੁਸਤਕਾਂ ਨੂੰ ਪੁਰਸਕਾਰ ਪ੍ਰਦਾਨ ਕਰਦੀ ਹੈ, ਉਸਨੇ ‘ਖੇਡ ਜਗਤ ਵਿਚ ਭਾਰਤ’ ਪੁਸਤਕ ਨੂੰ ਇਨਾਮ ਲਈ ਚੁਣਿਆ ਅਤੇ ਪ੍ਰਿੰਸੀਪਲ ਸਰਵਣ ਸਿੰਘ ਨੂੰ ‘ਨੈਸ਼ਨਲ ਐਵਾਰਡ’ ਦਿੱਤਾ। ਭਾਸ਼ਾ ਵਿਭਾਗ ਪੰਜਾਬ ਨੇ ‘ਸ਼੍ਰੋਮਣੀ ਪੰਜਾਬੀ ਲੇਖਕ’ ਪੁਰਸਕਾਰ ਨਾਲ ਸਨਮਾਨਿਆ। ‘ਕਰਤਾਰ ਸਿੰਘ ਧਾਲੀਵਾਲ’ ਐਵਾਰਡ, ‘ਸੱਯਦ ਵਾਰਿਸ ਸ਼ਾਹ’ ਐਵਾਰਡ, ‘ਪਰਵਾਸੀ ਲੇਖਕ’ ਐਵਾਰਡ ਆਦਿ ਅਨੇਕਾਂ ਹੋਰ ਸਨਮਾਨ ਉਸ ਦੀ ਝੋਲੀ ਪਏ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੰਡੀਕੇਟ ਤੇ ਸੈਨੇਟ ਮੈਂਬਰ ਵਜੋਂ ਵੀ ਨਾਮਜ਼ਦ ਰਿਹਾ।
ਪ੍ਰਿੰਸੀਪਲ ਸਰਵਣ ਸਿੰਘ ਦੁਆਰਾ ਪੰਜਾਬੀ ਖੇਡ ਸਾਹਿਤ ਦੇ ਖੇਤਰ ਵਿਚ ਕੀਤੀ ਮਿਹਨਤ ਮੁਸ਼ੱਕਤ ਅਤਿ ਸ਼ਲਾਘਾਯੋਗ ਹੈ। ਇਹ ਉਸਦੀ ਅੱਧੀ ਸਦੀ ਤੋਂ ਵੱਧ ਦੀ ਕੀਤੀ ਸੁਹਿਰਦ ਸਾਹਿਤਕ ਸਾਧਨਾ ਦਾ ਫਲ਼ ਹੈ। ਪੰਜਾਬੀ ਖੇਡ ਸਾਹਿਤ ਦੇ ਖੇਤਰ ਵਿਚ ਹਾਲੇ ਤੱਕ ਉਸਦਾ ਕੋਈ ਸਾਨੀ ਨਹੀਂ। ਉਸ ਨੇ ਆਪਣੀ ਸਾਹਿਤਕ ਸਾਧਨਾ ਤੇ ਮਾਂ-ਬੋਲੀ ਦੀ ਕਲਾਤਮਿਕਤਾ ਦੇ ਵਰਣਨ ਜ਼ਰੀਏ ਦੇਸ਼ਾਂ/ਵਿਦੇਸ਼ਾਂ ਵਿਚ ਵਸੇ ਪੰਜਾਬੀਆਂ/ਪਾਠਕਾਂ, ਖਿਡਾਰੀਆਂ, ਖੇਡ ਪ੍ਰਮੋਟਰਾਂ, ਖੇਡ ਪ੍ਰਸੰLਸਕਾਂ ਦਾ ਦਿਲ ਜਿੱਤ ਲਿਆ ਹੈ।
2023 ਵਿਚ ਹਕੀਮਪੁਰ ਦੇ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲੇ ’ਚ ਪੁਰੇਵਾਲ ਭਰਾਵਾਂ ਤੇ ਦੇਸ਼-ਵਿਦੇਸ਼ ਦੇ ਖੇਡ ਪ੍ਰਮੋਟਰਾਂ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਨ੍ਹਾਂ ਦੀਆਂ ਉਮਰ ਭਰ ਦੀਆਂ ਖੇਡ ਸੇਵਾਵਾਂ ਲਈ ‘ਖੇਡ ਰਤਨ’ ਪੁਰਸਕਾਰ ਨਾਲ ਨਿਵਾਜਿਆ ਗਿਆ। ਉਸ ਪੁਰਸਕਾਰ ਵਿਚ ਸਵਾ ਦੋ ਤੋਲੇ ਦਾ ਗੋਲਡ ਮੈਡਲ, ਸਨਮਾਨ ਪਲੇਕ, ਕੰਬਲੀ, ਦਸਤਾਰ ਅਤੇ ਪੰਜ ਲੱਖ ਰੁਪਏ ਦੀ ਰਾਸ਼ੀ ਸ਼ਾਮਲ ਸੀ। ਧੰਨਵਾਦ ਕਰਦਿਆਂ ਉਨ੍ਹਾਂ ਨੇ ਪੰਜ ਲੱਖ ਦੀ ਰਾਸ਼ੀ ਇਹ ਕਹਿ ਕੇ ਮੋੜ ਦਿੱਤੀ ਕਿ ਇਸ ਨੂੰ ਪੰਜਾਬੀ ਖੇਡ ਸਾਹਿਤ ਦੀ ਪ੍ਰਮੋਸ਼ਨ ਲਈ ਕਿਤੇ ਹੋਰ ਵਰਤ ਲੈਣਾ। ਇੰਝ ਮਹਿਸੂਸ ਹੋਇਆ ਜਿਵੇਂ ਪ੍ਰਿੰਸੀਪਲ ਸਰਵਣ ਸਿੰਘ ਜ਼ਰੀਏ ਇਹ ਸਨਮਾਨ ਪੰਜਾਬੀ ਖੇਡ ਸਾਹਿਤ ਦਾ ਸਨਮਾਨ ਕੀਤਾ ਗਿਆ ਹੋਵੇ। ਪ੍ਰਿੰਸੀਪਲ ਸਰਵਣ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਅਸੀਂ ਦੁਆ ਕਰਦੇ ਹਾਂ ਕਿ 86 ਸਾਲ ਦੀ ਉਮਰੇ ਵੀ ਉਹ ਆਪਣੀ ਖੇਡ ਲੇਖਣੀ ਦੀ ਮੈਰਾਥਨ ਦੌੜ ਇੰਜ ਹੀ ਦੌੜਦੇ ਰਹਿਣ ਤੇ ਅਸੀਂ ਵੀ ਉਨ੍ਹਾਂ ਦੀਆਂ ਪਾਈਆਂ ਪੈੜਾਂ ’ਤੇ ਦੌੜਦੇ ਰਹੀਏ।