ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਢੰਗਸਾਰ ਹੱਲ ਪੇਸ਼ ਕਰਦੀ ਪੁਸਤਕ – ‘ਸਹੁੰ ਪੰਜਾਬ ਦੀ’

ਪ੍ਰੋ. ਪ੍ਰਤਿਭਾ ਗੋਇਲ
ਸਾਬਕਾ ਵਾਈਸ ਚਾਂਸਲਰ
ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ, ਅਯੋਧਿਆ|
ਚਿਰਾਂ ਮਗਰੋਂ ਇੱਕ ਵਧੀਆ ਕਿਤਾਬ ਪੜ੍ਹਨ ਲਈ ਮਿਲੀ| ਸ. ਅਮਰਜੀਤ ਗਰੇਵਾਲ ਜੀ ਦੁਆਰਾ ਰਚਿਤ ‘ਸਹੁੰ ਪੰਜਾਬ ਦੀ’ ਨਾਂ ਦੀ ਇਹ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਤਾਂ ਪੂਰੀ ਪੜੇ ਬਿਨਾਂ ਨਾ ਰਹਿ ਸਕੀ। ਗਰੇਵਾਲ ਨੇ ਬੜੇ ਰੋਚਕ ਤੇ ਸੂਝਵਾਨ ਤਰੀਕੇ ਨਾਲ ਪੰਜਾਬ ਦੇ ਅਮੀਰ ਵਿਰਸੇ ਦੀ ਗੱਲ ਵਿਸਤਾਰ ਸਹਿਤ ਕੀਤੀ ਹੈ। ਇਸ ਦੇ ਨਾਲ-ਨਾਲ ਅਜੋਕੀਆਂ ਸਮੱਸਿਆਵਾਂ ਦਾ ਯਥਾਰਥਵਾਦੀ ਤੇ ਡੂੰਘਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਹੈ| ਲੇਖਕ ਨੇ ਬਾਖੂਬੀ ਦੱਸਿਆ ਹੈ ਕਿ ਇਨ੍ਹਾਂ ਸਮੱਸਿਆਵਾਂ ਵਿਚ ਅਨੇਕਾਂ ਸੰਭਾਵਨਾਵਾਂ ਵੀ ਮੌਜੂਦ ਹਨ। ਕੇਵਲ ਲੋੜ ਹੈ ਉਨ੍ਹਾਂ ਨੂੰ ਪਹਿਚਾਨਣ ਦੀ ਅਤੇ ਸੂਝ-ਬੂਝ ਨਾਲ ਉਨ੍ਹਾਂ ਦਾ ਲਾਭ ਲੈਣ ਦੀ ਦਿਸ਼ਾ ਵੱਲ ਅੱਗੇ ਵਧਣ ਦੀ|

ਆਪਣੀ ਅਗ੍ਹਾਂ-ਵਧੂ ਸੋਚ ਨਾਲ ਪੰਜਾਬੀਆਂ ਨੇ ਹਮੇਸ਼ਾ ਚੈਲੰਜ ਨੂੰ ਸਵੀਕਾਰ ਕੀਤਾ ਹੈ। ਵਿਦੇਸ਼ੀ ਹਮਲਾਵਰਾਂ ਦੇ ਵਿਰੁੱਧ ਢਾਲ ਬਣ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹੈ| ਸੁਤੰਤਰਤਾ ਸੰਗਰਾਮ ਵਿਚ ਵੱਧ ਚੜ ਕੇ ਕੁਰਬਾਨੀਆਂ ਦਿੱਤੀਆਂ| ਆਜ਼ਾਦੀ ਮਗਰੋਂ ਅੰਨ ਦੀ ਘਾਟ ਨੂੰ ਪੂਰਾ ਕਰਨ ਲਈ ਦੱਬ ਕੇ ਵਾਹਿਆ ਤੇ ਦੇਸ਼ ਨੂੰ ਰੱਜ ਕੇ ਖਵਾਇਆ। ਨਵੀਂ ਤਕਨੀਕਾਂ ਤੇ ਸੁਧਰੇ ਬੀਜਾਂ ਨੂੰ ਅਪਣਾ ਕੇ ਹਰੀ ਕ੍ਰਾਂਤੀ ਦਾ ਸੁਫਨਾ ਸਿੱਧ ਕੀਤਾ। ਵਿਦੇਸ਼ਾਂ ਵਿਚ ਜਾ ਕੇ ਮਿਹਨਤਾਂ ਦੇ ਝੰਡੇ ਗੱਡੇ। ਪੰਜਾਬ ਦੇ ਲੋਕ ਨਵੀਂ ਸੋਚ ਨੂੰ ਲੈ ਕੇ ਹਮੇਸ਼ਾ ਅੱਗੇ ਵਧਦੇ ਰਹੇ ਹਨ। ਜਦੋਂ ਵੀ ਕੋਈ ਔਕੜ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਮਿਹਨਤ ਅਤੇ ਸਿਦਕ ਸਦਕਾ ਹੋਰ ਵੀ ਨਿਖਰ ਕੇ, ਸੰਵਰ ਕੇ ਸਾਹਮਣੇ ਆਏ ਹਨ। ਦੁਨੀਆਂ ਵਿਚ ਆਪਣੀ ਖੁਸ਼ਹਾਲੀ, ਸੁਹਿਰਦਤਾ ਤੇ ਭਾਈਚਾਰੇ ਦਾ ਪ੍ਰਚਮ ਲਹਿਰਾਇਆ ਹੈ| ਬਕੌਲ ਲੇਖਕ, ‘ਪੰਜਾਬ ਉਹ ਦਰਿਆ ਹੈ ਜੋ ਵੱਖੋ-ਵੱਖਰੀਆਂ ਧਰਤੀਆਂ ਨੂੰ ਕੇਵਲ ਸਿੰਜਦਾ ਹੀ ਨਹੀਂ ਸਗੋਂ ਉਨ੍ਹਾਂ ਤਮਾਮ ਧਰਤੀਆਂ ਦੀਆਂ ਖੁਸ਼ਬੂਆਂ ਨੂੰ ਵੀ ਆਪਣੇ ਅੰਦਰ ਲੈ ਕੇ ਤੁਰਦਾ ਹੈ। ਪੰਜਾਬ ਕਿਸੇ ਨਿਸ਼ਚਿਤ ਭੂਗੋਲਿਕ ਚੌਖਟੇ ਦਾ ਨਾਮ ਨਹੀਂ, ਸਗੋਂ ਸਮਾਜਕ ਸਭਿਆਚਾਰਕ, ਆਰਥਿਕ, ਰਾਜਨੀਤਿਕ ਤੇ ਭੂਗੋਲਿਕ ਰਿਸ਼ਤਿਆਂ ਦੇ ਅਸਥਿਰ, ਅਸਥਾਈ ਅਨਿਸ਼ਚਿਤ ਤੇ ਗਤੀਸ਼ੀਲ ਨੈਟਵਰਕ ਦਾ ਨਾਮ ਹੈ|’
ਅਜੋਕੇ ਪੰਜਾਬ ਵਿਚ ਖੇਤੀਬਾੜੀ, ਰੋਜ਼ਗਾਰ, ਨਸ਼ੇ, ਘੱਟਦੀ ਪ੍ਰਤੀ ਵਿਅਕਤੀ ਆਮਦਨ ਆਦਿ ਸਬੰਧੀ ਕਈ ਸਮੱਸਿਆਵਾਂ ਹਨ| ਨਵੀਨ ਟੈਕਨੋਲੋਜੀ ਦੇ ਵਧਣ ਨਾਲ ਮਨਾਂ ਵਿਚ ਆਸ਼ੰਕਾ ਪੈਦਾ ਹੁੰਦੀ ਹੈ ਕਿ ਇਸ ਨਾਲ ਰੋਜ਼ਗਾਰ ਘੱਟ ਜਾਵੇਗਾ। ਪੁਸਤਕ ਵਿਚ ਕਈ ਉਦਾਹਰਨਾਂ ਦੇ ਕੇ ਦੱਸਿਆ ਗਿਆ ਹੈ ਕਿ ਰੋਜ਼ਗਾਰ ਦੇ ਮੌਕੇ ਘਟਣਗੇ ਨਹੀਂ, ਸਿਰਫ ਉਨ੍ਹਾਂ ਦਾ ਪ੍ਰਕਾਰ ਹੀ ਬਦਲੇਗਾ। ਪੁਰਾਣੇ ਕਿਸਮ ਦੇ ਕੰਮਾਂ ਦੀ ਥਾਂ ਨਵੇਂ ਤੇ ਬਿਹਤਰ ਤਰੀਕੇ ਦੇ ਕੰਮ ਲੈ ਲੈਣਗੇ| ਲੇਖਕ ਨੇ ਕਿੰਨਾ ਸੋਹਣਾ ਕਿਹਾ ਹੈ, ‘ਸਮੱਸਿਆ ਕਾਢ ਦੀ ਮਾਂ ਹੈ ਤੇ ਕਾਢ ਰੋਜ਼ਗਾਰ ਦੀ ਮਾਂ।’…‘ਮਾਨਵ ਸਮਾਜ ਦੀ ਖੁਸ਼ਹਾਲੀ ਉਸ ਦੀਆਂ ਸਮੱਸਿਆਵਾਂ ਦੇ ਹੱਲ ਨਾਲ ਜੁੜੀ ਹੁੰਦੀ ਹੈ। ਜਿੰਨੀਆਂ ਵੱਡੀਆਂ ਸਮੱਸਿਆਵਾਂ ਹੋਣਗੀਆਂ, ਉਸ ਵਿਚੋਂ ਉਨੇ ਹੀ ਵੱਧ ਰੋਜ਼ਗਾਰ ਦੀਆਂ ਸੰਭਾਵਨਾਵਾਂ ਜਾਗਣਗੀਆਂ। ਜਿੰਨੀ ਦੇਰ ਤੱਕ ਮਾਨਵ ਅਤੇ ਉਸਦੇ ਸਮਾਜਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੋ ਜਾਂਦੀਆਂ, ਉਨੀ ਦੇਰ ਤੱਕ ਰੋਜ਼ਗਾਰ ਦੀਆਂ ਨਵੀਆਂ ਤੋਂ ਨਵੀਆਂ ਸੰਭਾਵਨਾਵਾਂ ਵੀ ਜਨਮ ਲੈਂਦੀਆਂ ਰਹਿਣਗੀਆਂ।’ ਗਰੇਵਾਲ ਨੇ ਕਈ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਸਮਾਜਕ ਅਤੇ ਆਰਥਿਕ ਨਾ ਬਰਾਬਰੀ, ਜਲਵਾਯੂ ਦੀ ਤਬਦੀਲੀ ਤੇ ਬੇਰੋਜ਼ਗਾਰੀ ਵਰਗੀਆਂ ਅਤਿ ਮੁਸ਼ਕਿਲ ਚੁਣੌਤੀਆਂ ਸਮੇਤ ਮਾਨਵਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਕੇਵਲ ਟੈਕਨੋਲੋਜੀ ਦੇ ਸਹੀ ਉਪਯੋਗ ਰਾਹੀਂ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ। ਲੇਖਕ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਿੱਖਿਆ ਪ੍ਰਣਾਲੀ ਤੇ ਪਾਠਕਰਮਾਂ ਦਾ ਗਲੋਬਲ ਜੋਬ ਮਾਰਕੀਟ ਨਾਲ ਤਾਲਮੇਲ ਬਿਠਾਇਆ ਜਾਵੇ| ਜਰੂਰੀ ਹੈ ਕਿ ਵਿਦਿਆਰਥੀਆਂ ਵਿਚ ਲਿਖਣ-ਪੜ੍ਹਨ, ਕੋਡਿੰਗ ਗਣਿਤ ਦੀ ਮਜਬੂਤ ਸਮਝ ਦੇ ਨਾਲ ਨਾਲ ਸਿਰਜਨਾਤਮਕ ਤੇ ਆਲੋਚਨਾਤਮਕ ਸੋਚ ਦਾ ਵਿਕਾਸ ਕੀਤਾ ਜਾਵੇ। ਬੇਰੁਜ਼ਗਾਰੀ ਦੀ ਚਿੰਤਾ ਕਰਨ ਦੀ ਥਾਂ ਬੇਕਾਰੀ ਦੀ ਸਮੱਸਿਆ ਨਾਲ ਨਜਿਠਣ ਦੀ ਲੋੜ ਹੈ। ਨੌਕਰੀ ਲੱਭਣ ਦੀ ਥਾਂ ਐਂਟਰੀਪਰਨਿਓਰਸ਼ਿਪ ਦੀ ਟ੍ਰੇਨਿੰਗ ਜਰੂਰੀ ਹੈ। ‘ਇਸ ਸੰਦਰਭ ਵਿਚ ਵਿਦਿਅਕ ਅਦਾਰਿਆਂ ਦਾ ਰੋਲ ਮਹੱਤਵਪੂਰਨ ਹੋਵੇਗਾ। ਸਿੱਖਿਆ ਹੀ ਸਾਡੇ ਭਵਿੱਖ ਦਾ ਫੈਸਲਾ ਕਰੇਗੀ। ਸੰਕਟ ਹੈ, ਸੰਭਾਵਨਾਵਾਂ ਹਨ, ਪਿੜ ਵੀ ਤਿਆਰ ਹੈ। ਨਵਾਂ ਉਸਾਰੂ ਮੋੜ ਕੱਟਣ ਲਈ ਯੂਥ ਦੇ ਇਨੋਵੇਟਿਵ ਅਤੇ ਕ੍ਰੀਏਟਿਵ ਉਪਰਾਲਿਆਂ ਦਾ ਇੰਤਜ਼ਾਰ ਹੈ। ਆਰਟੀਫਿਸ਼ਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਿਗ ਡਾਟਾ, ਰੋਬੋਟਿਕ ਟੈਕਨੋਲੋਜੀ ਵਿਚ ਟਰੇਨਿੰਗ ਇੱਕ ਨਵੇਂ ਮਾਈਂਡ ਸੈਟ ਦਾ ਵਿਕਾਸ ਕਰੇਗੀ। ਇਨ੍ਹਾਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਪੰਜਾਬ ਹਰ ਸੰਕਟ ਤੋਂ ਬਾਹਰ ਆ ਸਕਦਾ ਹੈ| ਪਹਿਲੀ ਗਰੀਨ ਰੈਵੋਲਿਊਸ਼ਨ ਨੇ ਸ਼ਰੀਰਿਕ ਕਿਰਤ ਦੀ ਮੰਗ ਪੈਦਾ ਕੀਤੀ ਲੇਕਿਨ ਦੂਜੇ ਹਰੇ ਇਨਕਲਾਬ ਦੀ ਸਫਲਤਾ ਲਈ ਨਵੇਂ ਗਿਆਨ ਅਤੇ ਨਵੀਂ ਟੈਕਨੋਲੋਜੀ ਨਾਲ ਲੈਸ ਪੰਜਾਬੀ ਯੂਥ ਦੀ ਵੱਡੇ ਪੱਧਰ ਤੇ ਜਰੂਰਤ ਹੋਵੇਗੀ। ਸਾਫ-ਸੁਥਰਾ ਵਾਤਾਵਰਣ ਸਨਮਾਨਯੋਗ ਕਿਰਤ, ਸਮਾਜਿਕ ਬਰਾਬਰੀ, ਨੈਤਿਕ ਕਦਰਾਂ-ਕੀਮਤਾਂ, ਜੀਵਨ ਮੁੱਲ, ਆਜ਼ਾਦੀ ਨਾਲ ਜੁੜੀ ਆਰਥਿਕਤਾ, ਰਾਜਨੀਤਿਕ ਤੇ ਸੰਸਕ੍ਰਿਤੀ ਦੇ ਪ੍ਰਿੰਸੀਪਲ ਆਧੁਨਿਕ ਤਰੱਕੀ ਦਾ ਆਧਾਰ ਬਣਨਗੇ।’
ਨਵ ਵਿਕਾਸ ਲਈ ਆਤਮ ਨਿਰਭਰ ਘਰ ਪਰਿਵਾਰ ਅਤੇ ਪਿੰਡ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਖੇਤੀਬਾੜੀ ਦੀ ਵੰਨ ਸੁਵੰਨਤਾ, ਵੈਲਿਊ ਐਡੀਸ਼ਨ, ਖੇਤੀ ਧੰਦਿਆਂ ਦੀ ਲੋਕਧਾਰਾ, ਬ੍ਰਾਂਡ ਡਿਵੈਲਪਮੈਂਟ, ਮਾਰਕੀਟ ਇੰਟੈਲੀਜੈਂਸ, ਮਾਰਕੀਟਿੰਗ, ਰਿਟੇਲਿੰਗ, ਸ਼ਿਲਪਕਾਰੀ ਸਿਰਜਨਾਤਮਕ ਸਨਅਤ ਦੇ ਵਿਕਾਸ, ਪੁਰਜ਼ੋਰ ਤਰੀਕੇ ਨਾਲ ਅੱਗੇ ਵਧਣ ਦੇ ਸੁਝਾਓ ਦਿੱਤੇ ਗਏ ਹਨ। ਨੌਜਵਾਨਾਂ ਦੀ ਸ਼ਕਤੀ ਵਿਚ ਗਹਿਰਾ ਵਿਸ਼ਵਾਸ ਰਖਦਿਆਂ ਸ. ਅਮਰਜੀਤ ਗਰੇਵਾਲ ਨੇ ਲਿਖਿਆ ਹੈ ਕਿ ਸਿਰਜਨਾਤਮਕ ਅਰਥਚਾਰਾ ਪੰਜਾਬ ਦੀ ਦੂਜੀ ਆਜ਼ਾਦੀ ਦਾ ਐਲਾਨ ਹੈ| ਬਹੁਤ ਸੁੰਦਰ ਤਰੀਕੇ ਨਾਲ ਕਵਿਤਾ ਦੇ ਮਾਧਿਅਮ ਰਾਹੀਂ ਲੇਖਕ ਨੇ ਕਿਹਾ ਹੈ-
‘ਦੁਨੀਆ ਬਦਲ ਰਹੀ ਹੈ
ਉਹ ਯੁਗ ਬੀਤ ਗਿਆ
ਜਿੱਥੇ ਤਾਕਤ ਮਸ਼ੀਨਾਂ ਦੇ ਸ਼ੋਰ ਵਿਚ ਵੱਸਦੀ ਸੀ
ਹੁਣ ਤਾਕਤ ਤਸਵੀਰਾਂ ਕਥਾਵਾਂ ਸੁਰਾਂ ਰੰਗਾਂ ਵਿਚਾਰਾਂ
ਅਤੇ ਇੱਕ ਨੌਜਵਾਨ ਦੇ ਮੋਬਾਈਲ ਚ ਕੈਦ
ਸਿਰਜਨਾਤਮਕ ਚਮਕ ਵਿਚ ਧੜਕਦੀ ਹੈ|
ਅੱਜ ਲੜਾਈ ਵੱਖਰੀ ਹੈ-
ਇਹ ਮਨ ਦੀਆਂ ਬੇੜੀਆਂ ਤੋੜਨ ਦੀ ਲੜਾਈ ਹੈ
ਜਿੱਥੇ ਨੌਜਵਾਨ ਆਪਣੇ ਆਪ ਨੂੰ ਸਿਰਫ ਨੌਕਰੀ ਦੇ ਉਮੀਦਵਾਰ ਨਹੀਂ
ਰਚਨਾਕਾਰ ਸਾਜਗਾਰ ਇੱਕ ਨਵੇਂ ਅਰਥ ਚਾਰੇ ਦੇ ਸੰਸਥਾਪਕ ਵਜੋਂ ਦੇਖਣਗੇ।’
ਇਹ ਕਿਤਾਬ ਪੰਜਾਬ ਦੇ ਮੌਜੂਦਾ ਸਮਾਜਿਕ, ਆਰਥਿਕ ਅਤੇ ਸਾਂਸਕ੍ਰਿਤਿਕ ਸੰਕਟਾਂ ਦੀ ਗਹਿਰਾਈ ਨਾਲ ਪੜਤਾਲ ਕਰਦੀ ਹੈ। ਲੇਖਕ ਨੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਨਸ਼ੇ ਦੀ ਸਮੱਸਿਆ ਅਤੇ ਯੁਵਾਵਾਂ ਦੇ ਪ੍ਰਵਾਸ ਵਰਗੇ ਗੰਭੀਰ ਮੁੱਦਿਆਂ ਨੂੰ ਤੱਥਾਂ ਅਤੇ ਤਰਕਾਂ ਦੇ ਆਧਾਰ ’ਤੇ ਪੇਸ਼ ਕੀਤਾ ਹੈ।
ਕਿਤਾਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਸਿਰਫ਼ ਸਮੱਸਿਆਵਾਂ ਦੀ ਗਿਣਤੀ ਨਹੀਂ ਕਰਦਾ, ਸਗੋਂ ਉਨ੍ਹਾਂ ਦੇ ਢੰਗਸਾਰ ਹੱਲ ਵੀ ਪੇਸ਼ ਕਰਦਾ ਹੈ। ਉਹ ਤਕਨਾਲੋਜੀ ਦੇ ਸੁਚੱਜੇ ਇਸਤੇਮਾਲ, ਹੁਨਰ ਵਿਕਾਸ ਅਤੇ ਉਦਯਮਿਤਾ ਨੂੰ ਪੰਜਾਬ ਦੇ ਭਵਿੱਖ ਲਈ ਮਜ਼ਬੂਤ ਹੱਲ ਵਜੋਂ ਦਰਸਾਉਂਦਾ ਹੈ। ਲੇਖਕ ਦਾ ਮੰਨਣਾ ਹੈ ਕਿ ਆਧੁਨਿਕ ਤਕਨਾਲੋਜੀ ਰਾਹੀਂ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਜਵਾਨੀ ਦੀ ਯੋਗਤਾ ਨੂੰ ਵਧਾਇਆ ਜਾ ਸਕਦਾ ਹੈ, ਤਾਂ ਜੋ ਉਹ ਖੁਦ ਦਾ ਰੋਜ਼ਗਾਰ ਸ਼ੁਰੂ ਕਰ ਸਕਣ। ਉਦਯਮਿਤਾ ਨੂੰ ਉਤਸ਼ਾਹਿਤ ਕਰਕੇ ਪੰਜਾਬ ਵਿਚ ਆਰਥਿਕ ਗਤੀਸ਼ੀਲਤਾ ਨੂੰ ਵਧਾਇਆ ਜਾ ਸਕਦਾ ਹੈ।
ਭਾਸ਼ਾ ਸਰਲ, ਸਪਸ਼ਟ ਅਤੇ ਤਰਕਸੰਗਤ ਹੈ, ਜਿਸ ਕਰਕੇ ਕਿਤਾਬ ਹਰ ਵਰਗ ਦੇ ਪਾਠਕ ਲਈ ਪੜ੍ਹਨਯੋਗ ਬਣ ਜਾਂਦੀ ਹੈ। ਕਿਤਾਬ ਵਿਚ ਦਿੱਤੇ ਉਦਾਹਰਣ ਅਤੇ ਅੰਕੜੇ ਲੇਖਕ ਦੀ ਗਹਿਰੀ ਸਮਝ ਨੂੰ ਦਰਸਾਉਂਦੇ ਹਨ।
ਕੁੱਲ ਮਿਲਾ ਕੇ, ਇਹ ਕਿਤਾਬ ਪੰਜਾਬ ਦੇ ਭਵਿੱਖ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ ਅਤੇ ਨਵੀਂ ਦਿਸ਼ਾ ਦਿੰਦੀ ਹੈ। ਇਹ ਰਚਨਾ ਵਿਦਿਆਰਥੀਆਂ, ਨੀਤੀ-ਨਿਰਧਾਰਕਾਂ ਅਤੇ ਸਮਾਜਿਕ ਚਿੰਤਕਾਂ ਲਈ ਵਿਸ਼ੇਸ਼ ਤੌਰ ’ਤੇ ਲਾਭਕਾਰੀ ਸਾਬਤ ਹੋ ਸਕਦੀ ਹੈ।