ਵਾਸ਼ਿੰਗਟਨ:ਰਾਸ਼ਟਰਪਤੀ ਡੋਨਾਲ ਟਰੰਪ ਨੇ ਕਿਹਾ ਕਿ ਲੋੜ ਪੈਣ ‘ਤੇ ਅਮਰੀਕੀ ਫ਼ੌਜ ਈਰਾਨ ‘ਤੇ ਚਾਰ ਤੋਂ ਪੰਜ ਹਫ਼ਤਿਆਂ ਤੱਕ ਹੋਰ ਤੇਜ਼ ਹਮਲਾ ਜਾਰੀ ਰੱਖੇਗੀ। ਨਾਲ ਹੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਤੇ ਅਮਰੀਕਾ ਲਈ ਲੜਾਈ ਦੀ ਤੀਬਰਤਾ ਬਣਾ ਕੇ ਰੱਖਣਾ ਮੁਸ਼ਕਲ ਨਹੀਂ ਹੋਵੇਗਾ। ਹਾਲਾਂਕਿ,
ਟਰੰਪ ਨੇ ਇਕ ਸੰਖੇਪ ਇੰਟਰਵਿਊ ਦੌਰਾਨ ਈਰਾਨ ‘ਚ ਨਵੀਂ ਸ਼ਾਸਨ ਵਿਵਸਥਾ ਨੂੰ ਲੈ ਕੇ ਕਈ ਆਪਾਵਿਰੋਧੀ ਦ੍ਰਿਸ਼ਟੀਕੋਣ ਪੇਸ਼ ਕੀਤੇ। ਸੱਤਾ ਟਰਾਂਸਫਰ ਦੀਆਂ ਆਪਣੀਆਂ ਯੋਜਨਾਵਾਂ ਦੇ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਦੇ ਖਾਸ ਫ਼ੌਜੀ ਦਸਤੇ, ਜਿਨ੍ਹਾਂ ‘ਚ ਰੈਵੋਲਿਊਸ਼ਨਰੀ ਗਾਰਡ ਦੇ ਅਧਿਕਾਰੀ ਵੀ ਸ਼ਾਮਲ ਹਨ, ਈਰਾਨੀ ਜਨਤਾ ਨੂੰ ਆਪਣੇ ਹਥਿਆਰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਬਾਰੇ ਸੋਚੋ ਤਾਂ ਉਹ ਸਚਮੁੱਚ ਜਨਤਾ ਦੇ ਸਾਹਮਣੇ ਆਤਮ ਸਮਰਪਨ ਕਰ ਦੇਣਗੇ। ਫਿਰ ਉਨ੍ਹਾਂ ਈਰਾਨ ‘ਚ ਸੱਤਾ ਪਰਿਵਰਤਨ ਦਾ ਇਕ ਬਿਲਕੁਲ ਵੱਖਰਾ ਮਾਡਲ ਪੇਸ਼ ਕੀਤਾ, ਜਿਸ ‘ਚ ਉਨ੍ਹਾਂ ਨੇ ਵੈਨੇਜ਼ੁਏਲਾ ‘ਚ ਆਪਣੇ ਤਜਰਬੇ ਦਾ ਵਾਰ- ਵਾਰ ਜ਼ਿਕਰ ਕੀਤਾ, ਜਦੋਂ ਉਨ੍ਹਾਂ ਨੇ ਡੈਲਟਾ ਫੋਰਸ ਦੀ ਇਕ ਟੀਮ ਨੂੰ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਸੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਵੈਨੇਜ਼ੁਏਲਾ ‘ਚ ਜੋ ਕੀਤਾ, ਉਹ ਇਕ ਆਦਰਸ਼, ਇਕਦਮ ਸਹੀ ਸਥਿਤੀ ਸੀ। ਉਨ੍ਹਾਂ ਦੇ ਜਵਾਬ ਤੋਂ ਸੰਕੇਤ ਮਿਲਦਾ ਹੈ ਕਿ ਵੈਨੇਜ਼ੁਏਲਾ ‘ਚ ਜਿਹੜੀ ਰਣਨੀਤੀ ਕਾਰਗਰ ਸਾਬਿਤ ਹੋਈ, ਉਹ ਈਰਾਨ ‘ਚ ਵੀ ਕਾਰਗਰ ਹੋਵੇਗੀ। ਖਾਮਨੇਈ ਦੀ ਮੌਤ ਦੇ ਬਾਅਦ ਈਰਾਨ ‘ਚ ਸਰਬ ਉੱਚ ਸੱਤਾਧਾਰੀ ਅਹੁਦੇ ‘ਤੇ ਕੌਣ ਹੋਣਾ ਚਾਹੀਦਾ ਹੈ। ਇੱਥੋਂ ਤੱਕ ਕਿ ਇਸ ਬਾਰੇ ਫ਼ੈਸਲਾ ਕੌਣ ਲਵੇਗਾ?, ਇਸ ਸਵਾਲ ‘ਤੇ ਉਨ੍ਹਾਂ ਦਾ ਜਵਾਬ ਅਸਪੱਸ਼ਟ ਸੀ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਈਰਾਨ ਦੀ ਅਗਵਾਈ ਕਰਨ ਲਈ ਕਿਸ ਨੂੰ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਤਿੰਨ ਬਹੁਤ ਚੰਗੇ ਬਦਲ ਹਨ।ਮੈਂ ਹਾਲੇ ਉਹ ਉਜਾਗਰ ਨਹੀਂ ਕਰਾਂਗਾ।ਪਹਿਲਾਂ ਕੰਮ ਪੂਰਾ ਕਰ ਲੈਂਦੇ ਹਾਂ।ਪਰ ਫਿਰ ਉਨ੍ਹਾਂ ਇਕ ਅਜਿਹੀ ਸਥਿਤੀ ਦਾ ਵਰਣਨ ਕੀਤਾ, ਜਿਸ ਵਿਚ ਈਰਾਨੀ ਜਨਤਾ ਮੌਜੂਦਾ ਸਰਕਾਰ ਨੂੰ ਉਖਾੜ ਸੁੱਟੇਗੀ। ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ‘ਤੇ ਨਿਰਭਰ ਕਰੇਗਾ ਕਿ ਉਹ ਅਜਿਹਾ ਕਰਦੇ ਹਨ ਜਾਂ ਨਹੀਂ। ਉਹ ਸਾਲਾਂ ਤੋਂ ਇਸ ਬਾਰੇ ਗੱਲ ਕਰ ਰਹੇ ਹਨ, ਇਸ ਲਈ ਹੁਣ ਜਾਹਿਰ ਤੌਰ ‘ਤੇ ਉਨ੍ਹਾਂ ਨੂੰ ਮੌਕਾ ਮਿਲੇਗਾ। ਇਹ ਨਿਸ਼ਚਿਤ ਤੌਰ ਤੇ ਵੈਨੇਜ਼ੁਏਲਾ ਮਾਡਲ ਦੇ ਬਿਲਕੁਲ ਉਲਟ ਹੋਵੇਗਾ, ਜਿਸਨੂੰ ਉਨ੍ਹਾਂ ਨੇ ਕੁਝ ਮਿੰਟ ਪਹਿਲਾਂ ਦੋਹਰਾਉਣ ਦੀ ਇੱਛਾ ਪ੍ਰਗਟਾਈ ਸੀ। ਹਾਲਾਂਕਿ ਟਰੰਪ ਵੱਲੋਂ ਈਰਾਨ ਦੇ ਬਦਲਵੇਂ ਪ੍ਰਸ਼ਾਸਨ ਬਾਰੇ ਦਿੱਤੇ ਗਏ ਗੁੰਝਲਦਾਰ ਬਿਆਨ ਦੇ ਕੌਮਾਂਤਰੀ ਮਸਲਿਆਂ ਦੇ ਮਾਹਰ ਕਈ ਅਰਥ ਕੱਢ ਰਹੇ ਹਨ।
