ਰਿਸ਼ਤੇ ਕਦੀ ਮਰਦੇ ਨਹੀਂ

ਨਿਰੰਜਨ ਢੇਸੀ ਨੂੰ ਯਾਦ ਕਰਦਿਆਂ
ਕੁਲਵਿੰਦਰ ਖਹਿਰਾ
‘ਨਿਰੰਜਨ ਢੇਸੀ’…ਮੈਨੂੰ ਇਹ ਤੇ ਯਾਦ ਨਹੀਂ ਕਿ ਮੈਂ ਇਹ ਨਾਂ ਪਹਿਲੀ ਵਾਰ ਕਦੋਂ ਸੁਣਿਆ ਸੀ, ਪਰ ਏਨਾ ਜ਼ਰੂਰ ਪਤਾ ਹੈ ਕਿ ਇਹ ਨਾਂ ਮੇਰੀਆਂ ਮੁਢਲੀਆਂ ਯਾਦਾਂ ਦਾ ਹਿੱਸਾ ਹੈ ਕਿਉਂਕਿ ਸੁਰਤ ਸੰਭਾਲਦਿਆਂ ਹੀ ਇਹ ਨਾਂ ਮੈਂ ਅਕਸਰ ਹੀ ਆਪਣੇ ਪਰਿਵਾਰ, ਖ਼ਾਸ ਕਰਕੇ ਬਾਬੇ ਦੇ ਮੂੰਹੋਂ ਸੁਣਿਆ ਕਰਦਾ ਸੀ। ਫਿਰ ਪਤਾ ਲੱਗਾ ਕਿ ਨਿਰੰਜਨ ਢੇਸੀ ਮੇਦੇ ਪਿੰਡ ਦਾ ‘ਮੁੰਡਾ’ ਹੈ ਜੋ ਮੇਰੇ ਚਾਚੇ ਕਰਨੈਲ ਦਾ ਹਾਈ ਸਕੂਲ ਦਾ ਯਾਰ ਹੈ ਤੇ ਉਸਦੇ ਨਾਲ਼ ਹੀ ਕਾਲਜ ਤੱਕ ਪੜ੍ਹਿਆ ਹੈ।

ਨਿਰੰਜਨ ਢੇਸੀ ਅਤੇ ਕਰਨੈਲ ਚਾਚਾ ਜੀ, ਜੋ ਬਾਅਦ ਵਿਚ ਜਾ ਕੇ ਨਰਜੀਤ ਖਹਿਰਾ ਬਣ ਗਏ, ਸ਼ਾਹਕੋਟ ਲਾਗੇ ਪੈਂਦੇ ਪਿੰਡ ਨੰਗਲ਼ ਅੰਬੀਆਂ ਦੇ ਹਾਈ ਸਕੂਲ ਵਿਚ ਪੜ੍ਹਦੇ ਏਨੇ ਗੂੜ੍ਹੇ ਦੋਸਤ ਬਣ ਗਏ, ਕਿ ਇੱਕ ਦੂਸਰੇ ਦੇ ਪਰਿਵਾਰਕ ਮੈਂਬਰ ਹੀ ਸਮਝੇ ਜਾਂਦੇ ਸਨ। ਦੋਹਾਂ ਨੇ ਖ਼ਾਲਸਾ ਕਾਲਜ ਜਲੰਧਰ ਤੋਂ ਈਵਨਿੰਗ ਕਲਾਸ ਵਿਚ ਐਮ.ਏ. ਕੀਤੀ ਅਤੇ ਨਰਜੀਤ ਚਾਚਾ ਜੀ ਅਸਿਸਟੈਂਟ ਪ੍ਰੋਫੈਸਰ ਬਣ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚਲੇ ਗਏ ਅਤੇ ਢੇਸੀ ਅੰਕਲ ਖ਼ਾਲਸਾ ਕਾਲਜ ਜਲੰਧਰ ਵਿਚ ਹੀ ਲੈਕਚਰਰ ਲੱਗ ਗਏ। ਕੁਝ ਚਿਰ ਬਾਅਦ ਚਾਚਾ ਜੀ ਵੀ ਖ਼ਾਲਸਾ ਕਾਲਜ ਜਲੰਧਰ ਆ ਗਏ ਤੇ ਇਹ ਜੋੜੀ ਫਿਰ ਇਕੱਠੀ ਹੋ ਗਈ।
ਢੇਸੀ ਅੰਕਲ ਦੀ ਜ਼ਿੰਦਗੀ ਵਿਚ ਅਜਿਹਾ ਹਾਦਸਾ ਵਾਪਰਿਆ ਕਿ ਉਸਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।
ਢੇਸੀ ਅੰਕਲ ਦਾ ਵਿਆਹ ਸੀ। ਸਭ ਦੋਸਤ ਬੜੇ ਚਾਵਾਂ ਨਾਲ਼ ਬਰਾਤ ਗਏ। ਬਰਾਤ ਸਹੁਰੇ ਪਿੰਡ ਪਹੁੰਚਣ ਹੀ ਵਾਲ਼ੀ ਸੀ ਕਿ ਅੱਗੋਂ ਪਿੰਡ ਦੇ ਕੁਝ ਬੰਦੇ ਮਿਲ਼ੇ। ਇੱਕ ਭਿਆਨਕ ਹਾਦਸਾ ਵਾਪਰ ਚੁੱਕਾ ਸੀ। ਇੱਕ ਪਾਸੇ ਬਰਾਤ ਦੀ ਉਡੀਕ ਹੋ ਰਹੀ ਸੀ ਤੇ ਦੂਸਰੇ ਪਾਸੇ ਕਿਸੇ ਕੰਮ ਲਈ ਬਾਹਰ ਗਿਆ ਦੁਲਹਨ ਦਾ ਜਵਾਨ ਭਰਾ ਮੋਟਰਸਾਈਕਲ ਦੇ ਭਿਆਨਕ ਹਾਦਸੇ ਵਿਚ ਥਾਂ `ਤੇ ਹੀ ਪੂਰਾ ਹੋ ਗਿਆ ਸੀ। ਖੁਸ਼ੀਆਂ ਲੱਦੇ ਘਰ `ਚ ਮਾਤਮ ਛਾ ਗਿਆ ਸੀ। ਵਿਆਹ ਦੇ ਸੁਹਾਗ ਗੀਤਾਂ ਦੀ ਥਾਂ ਡੂੰਘੇ ਵੈਣਾਂ ਨੇ ਲੈ ਲਈ ਸੀ…।
ਫ਼ੈਸਲਾ ਹੋਇਆ ਕਿ ਸਾਰੀ ਬਰਾਤ ਵਾਪਸ ਜਾਵੇਗੀ ਪਰ ਕੁਝ ਪਤਵੰਤੇ ਜਾ ਕੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹੋਣਗੇ ਤੇ ਸਸਕਾਰ ਕਰਨ ਲਈ ਨਾਲ਼ ਜਾਣਗੇ। ਢੇਸੀ ਅੰਕਲ ਨਾਲ਼ ਨਰਜੀਤ ਚਾਚਾ ਜੀ ਅਤੇ ਕੁਝ ਹੋਰ ਦੋਸਤ ਗਏ। ਦੂਸਰੇ ਪਾਸੇ ਢੇਸੀ ਅੰਕਲ ਦੀ ਹੋਣ ਵਾਲ਼ੀ ਸੱਸ ਨੇ ਆਪਣੇ ਜਵਾਨ ਪੁੱਤ ਦੀ ਵਿਹੜੇ `ਚ ਪਈ ਲਾਸ਼ ਕੋਲ਼ ਬੈਠ ਕੇ ਫ਼ੈਸਲਾ ਕੀਤਾ ਕਿ ਜੋ ਹੋ ਗਿਆ, ਸੋ ਹੋ ਗਿਆ, ਵਿਆਹ ਅੱਗੇ ਨਹੀਂ ਪਾਇਆ ਜਾਵੇਗਾ। ਮੁੰਡੇ ਦੇ ਸਸਕਾਰ ਤੋਂ ਬਾਅਦ ਧੀ ਦੇ ਫੇਰੇ ਹੋਣਗੇ।
ਇੱਕ ਮਾਂ ਤਾਂ ਆਪਣੇ ਦਿਲ `ਤੇ ਪੱਥਰ ਧਰ ਕੇ ਮਾਂ ਹੋਣ ਦਾ ਫ਼ਰਜ਼ ਨਿਭਾ ਗਈ ਪਰ ਇੱਕ ਭੈਣ, ਜਿਸਦੀ ਡੋਲ਼ੀ ਨੂੰ ਭਰਾ ਨੇ ਕੁਝ ਚਿਰ ਬਾਅਦ ਵਿਦਾ ਕਰਨਾ ਸੀ, ਆਪਣੇ ਜਵਾਨ ਭਰਾ ਦੀ ਅਰਥੀ ਉੱਠਦੀ ਨਾ ਸਹਾਰ ਸਕੀ, ਤੇ ਉਮਰ ਭਰ ਲਈ ਉਸ ਸਦਮੇ ਨੂੰ ਆਪਣੇ ਦਿਮਾਗ਼ `ਤੇ ਲਾ ਗਈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥਣ ਮਾਨਸਿਕ ਤੌਰ `ਤੇ ਪੂਰੀ ਤਰ੍ਹਾਂ ਨਾ ਸੰਭਲ਼ ਸਕੇ ਪਰ ਢੇਸੀ ਅੰਕਲ ਨੇ ਹਰ ਹਾਲ `ਚ ਉਨ੍ਹਾਂ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਕੋਸ਼ਿਸ਼ ਕੀਤੀ।
ਫਿਰ ਇੱਕ ਦਿਨ ਇਹ ਵੀ ਆਇਆ ਕਿ ਦਰਬਾਰਾ ਸਿੰਘ ਸੇਰੋਂਵਾਲ਼ੀਆ ਦੇ ਸਪੀਕਰ ਬਣਨ ਸਮੇਂ ਸਹੁੰ-ਚੁੱਕ ਸਮਾਗਮ `ਤੇ ਜਾਂਦਿਆਂ ਨਰਜੀਤ ਚਾਚਾ ਜੀ (ਜੋ ਉਸ ਸਮੇਂ ‘ਕਰਨੈਲ’ ਸਨ ਤੇ ਇਸ ਹਾਦਸੇ ਤੋਂ ਬਾਅਦ ਹੀ ਆਪਣਾ ‘ਪੁਨਰ-ਜਨਮ’ ਐਲਾਨ ਕੇ ‘ਨਰਜੀਤ ਖਹਿਰਾ’ ਬਣ ਗਏ) ਵਾਲ਼ੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਚਾਚਾ ਜੀ ਬੁਰੀ ਤਰ੍ਹਾਂ ਫਿੱਸ ਗਏ। ਬਚਣ ਦੀ ਕੋਈ ਆਸ ਨਹੀਂ ਸੀ। ਖ਼ੂਨ ਬੁਰੀ ਤਰ੍ਹਾਂ ਵਗ ਗਿਆ ਸੀ। ਖ਼ੂਨ ਦੀ ਤੁਰੰਤ ਲੋੜ ਸੀ। ਢੇਸੀ ਅੰਕਲ ਦਾ ਖ਼ੂਨ ਮਿਲ਼ ਗਿਆ। ਹੁਣ ਦੋਸਤਾਂ ਦਾ ਖ਼ੂਨ ਵੀ ਸਾਂਝਾ ਹੋ ਗਿਆ ਸੀ। ਚਾਚਾ ਜੀ ਦੀ ਜਾਨ ਬਚਾ ਲਈ ਗਈ।
ਢੇਸੀ ਅੰਕਲ ਅਤੇ ਚਾਚਾ ਜੀ ਹਾਈ ਸਕੂਲ ਦੇ ਦੋਸਤ ਹੀ ਨਹੀਂ ਸਗੋਂ ਪੜ੍ਹਾਈ ਪੱਖੋਂ ਵੀ ਇੱਕੋ ਜਿਹੇ ਹੀ ਸਨ। ਦੱਸਿਆ ਜਾਂਦਾ ਹੈ ਕਿ ਦੋਵੇਂ ਹੀ ਸਿਖਰ ਦੇ ਪ੍ਰੋਫੈਸਰ ਅਤੇ ਬੁਲਾਰੇ ਸਨ। ਦੋਵੇਂ ਹੀ ਨੈਕਸਲਾਈਟ ਲਹਿਰ ਤੋਂ ਪ੍ਰਭਾਵਤ ਸਨ, ਬੇਸ਼ੱਕ ਢੇਸੀ ਅੰਕਲ ਦੀ ਦੇਣ ਬਹੁਤ ਵੱਧ ਸੀ।
ਵਕਤ ਪੈਣ ਨਾਲ਼ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਕਿ ਇਸ ਖਹਿਰਾ-ਢੇਸੀ ਜੋੜੀ ਦੀ ਨੇੜਤਾ ਨੂੰ ਨਜ਼ਰ ਲੱਗ ਗਈ। ਗੱਲ ਵਧਦੀ ਵਧਦੀ ਏਨੀ ਵਧ ਗਈ ਕਿ ਕੁਝ ਦੋਸਤ ਇਨ੍ਹਾਂ `ਤੇ ਚੁਟਕਲੇ ਬਣਾਉਣ ਲੱਗੇ, ਕੁਝ ਬਿਲਕੁਲ ਚੁੱਪ ਹੋ ਗਏ ਜਦਕਿ ਅੰਕਲ ਫ਼ਤਿਹਜੀਤ ਵਰਗੇ ਸੰਵੇਦਨਸ਼ੀਲ ਸ਼ਾਇਰ ਨੇ ਕੁਝ ਇਸ ਤਰ੍ਹਾਂ ਹਉਕਾ ਭਰਿਆ:
ਗਰਜ਼ਾਂ ਨਾਲ਼ ਜੁੜਨ ਤੋਂ ਪਹਿਲਾਂ ਆਪਣਾ ਆਪਾ ਤੱਕ ਲੈਣਾ ਸੀ,
ਦੋਸਤ ਬਣ ਕੇ ਦੁਸ਼ਮਣ ਬਣਨਾ, ਦੋਹਾਂ ਨੂੰ ਬਦਨਾਮ ਕਰੇਗਾ!
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਸਟਾਫ਼ ਕਲੋਨੀ `ਚ ਦੋਵੇਂ ਸਾਥੀ 13 ਅਤੇ 14 ਨੰਬਰ ਜੁੜਵੀਆਂ ਕੋਠੀਆਂ `ਚ ਰਹਿੰਦੇ ਹੋਏ ਵੀ ਇੱਕ ਦੂਸਰੇ ਤੋਂ ਕੋਹਾਂ ਦੂਰ ਸਨ।
ਜਿੱਥੇ ਚਾਚਾ ਜੀ ਅਤੇ ਢੇਸੀ ਅੰਕਲ ਦੇ ਆਪਸੀ ਰਿਸ਼ਤਿਆਂ ਵਿਚ ਪੈ ਗਈ ਤਰੇੜ ਪੈ ਗਈ, ਓਥੇ ਇਨ੍ਹਾਂ ਦੋਹਾਂ ਦੇ ਸੁਭਾਵਾਂ ਦੇ ਇੱਕ ਹੋਰ ਬਹੁਤ ਵੱਡੇ ਫ਼ਰਕ ਦਾ ਜ਼ਿਕਰ ਕਰਨਾ ਬਣਦਾ ਹੈ। ਇੱਕ ਛੋਟੇ ਜਿਹੇ ਪਿੰਡ ਦੇ ਬਹੁਤ ਹੀ ਸਧਾਰਨ ਪਰਿਵਾਰ `ਚੋਂ ਜਾ ਕੇ ਜਿੱਥੇ ਨਰਜੀਤ ਚਾਚਾ ਜੀ ਹੱਦ ਦਰਜੇ ਦੇ ਸ਼ੁਕੀਨ ਅਤੇ ਬਣ-ਠਣ ਕੇ ਰਹਿਣ ਵਾਲ਼ੇ ਸਨ, ਓਥੇ ਢੇਸੀ ਅੰਕਲ ਬਿਲਕੁਲ ਸਾਦੀ ਅਤੇ ਪੇਂਡੂ ਜ਼ਿੰਦਗੀ ਨਾਲ਼ ਜੁੜੇ ਹੋਏ ਇਨਸਾਨ ਸਨ। ਉਨ੍ਹਾਂ ਦੀ ਜਟਕੀ ਪੱਗ ਬਾਰੇ ਤਾਂ ਉਨ੍ਹਾਂ ਦੇ ਵਿਦਿਆਰਥੀਆਂ ਨੇ ਵੀ ਚੁਟਕਲੇ ਬਣਾ ਰੱਖੇ ਸਨ। ਪਰ ਇਨ੍ਹਾਂ ਦੋਹਾਂ `ਚ ਇਨ੍ਹਾਂ ਦੇ ਆਪਣੇ ਧਰਾਤਲ ਨਾਲ਼ ਜੁੜੇ ਰਹਿਣ ਦੀ ਇੱਕ ਸਾਂਝੀ ਮਿਸਾਲ ਪੈਦਾ ਕਰਦੀ ਗੱਲ ਇਹ ਸੀ ਕਿ ਢੇਸੀ ਅੰਕਲ ਨੇ ਮੱਝ ਅਤੇ ਨਰਜੀਤ ਚਾਚਾ ਜੀ ਨੇ ਇੱਕ ਗਾਂ ਰੱਖੀ ਹੋਈ ਸੀ।
ਬੇਸ਼ੱਕ ਚਾਚਾ ਜੀ ਅਤੇ ਢੇਸੀ ਅੰਕਲ ਦੇ ਰਿਸ਼ਤੇ ਵਿਚ ਤਰੇੜਾਂ ਪੈ ਚੁੱਕੀਆਂ ਸਨ ਪਰ ਪਰਿਵਾਰਕ ਤੌਰ `ਤੇ ਢੇਸੀ ਅੰਕਲ ਦਾ ਜ਼ਿਕਰ ਅਕਸਰ ਹੀ ਸਾਡੇ ਪਰਿਵਾਰ ਵਿਚ ਹੁੰਦਾ ਰਹਿੰਦਾ। ਫਿਰ ਇੱਕ ਦਿਨ ਮੇਰਾ ਬਾਪ (ਜਿਨ੍ਹਾਂ ਨੂੰ ਮੈਂ ‘ਡੈਡੀ ਕਹਿੰਦਾ ਸੀ) ਡਿਕਸੀ ਰੋਡ ਗੁਰਦਵਾਰਾ ਸਾਹਿਬ (ਕੈਨੇਡਾ) ਗਏ ਤਾਂ ਢੇਸੀ ਅੰਕਲ ਲੈਕਚਰ ਕਰ ਰਹੇ ਸਨ। ਲੈਕਚਰ ਖ਼ਤਮ ਹੋਣ `ਤੇ ਜਦੋਂ ਢੇਸੀ ਅੰਕਲ ਬਾਹਰ ਨਿਕਲ਼ੇ ਤਾਂ ਡੈਡੀ ਨੇ ਪਿੱਛੋਂ ਜਾ ਕੇ ਅੰਕਲ ਦਾ ਮੋਢਾ ਫੜ ਲਿਆ। ਅੰਕਲ਼ ਪਿਛਾਂਹ ਨੂੰ ਘੁੰਮੇਂ, ਡੈਡੀ ਨੇ ਕਿਹਾ, ‘ਕਿੱਤਰਾਂ, ਪਛਾਣਿਆਂ?’ ਅੰਕਲ ਡੈਡੀ ਦੇ ਗਲ਼ ਨੂੰ ਚਿੰਬੜਦੇ ਬੋਲੇ, ‘ਭਾਊ, ਤੂੰ?’…ਦਹਾਕਿਆਂ ਬਾਅਦ ਭਰਾਵਾਂ ਵਾਲ਼ਾ ਪਿਆਰ ਫਿਰ ਜਾਗ ਪਿਆ ਸੀ।
‘ਕਿੱਤਰਾਂ, ਘਰ ਨਈਂ ਆਉਣਾ?’ ਡੈਡੀ ਨੇ ਫਿਰ ਅਪਣੱਤ ਜਗਾਈ ਤਾਂ, ਡੈਡੀ ਦੇ ਦੱਸਣ ਅਨੁਸਾਰ, ਅੰਕਲ ਦਾ ਜਵਾਬ ਸੀ, ‘ਭਾਊ ਘਰ ਵੀ ਆਊਂ ਤੇ ਆਪਣੇ ਭਤੀਜੇ ਕੁਲਵਿੰਦਰ ਨੂੰ ਵੀ ਮਿਲ਼ੂੰ।’ ਸਪਸ਼ਟ ਸੀ ਕਿ ਉਹ ਮੇਰੇ ਛਪਦੇ ਲੇਖ ਵਗੈਰਾ ਪੜ੍ਹ ਕੇ ਹੀ ਮੈਨੂੰ ਜਾਨਣ ਲੱਗੇ ਸਨ ਵਰਨਾ ਉਹ ਮੇਰਾ ਛੋਟਾ ਨਾਂ ਲੈ ਕੇ ਬੁਲਾਉਂਦੇ। (ਇਹ ਗੱਲ ਜਦੋਂ ਮੈਂ ਕਾਫੀ ਦੇਰ ਬਾਅਦ ਉਨ੍ਹਾਂ ਨੂੰ ਪੁੱਛੀ ਕਿ ਅੰਕਲ ਤੁਹਾਨੂੰ ਮੇਰਾ ਪਤਾ ਕਿਵੇਂ ਲੱਗਾ ਕਿ ਮੈਂ ਨਰਜੀਤ ਚਾਚਾ ਜੀ ਦਾ ਭਤੀਜਾ ਹਾਂ ਤਾਂ ਉਨ੍ਹਾਂ ਦਾ ਜਵਾਬ ਸੀ, ‘ਆਪਣਿਆਂ ਦਾ ਪਤਾ ਲੱਗਣੋਂ ਵੀ ਰਹਿੰਦਾ ਭਲਾ?’
ਢੇਸੀ ਅੰਕਲ ਜਦੋਂ ਵੀ ਮੇਰੇ ਨਾਲ਼ ਗੱਲ ਕਰਦੇ, ਆਖਰ ਗੱਲ ਏਥੇ ਹੀ ਆ ਕੇ ਮੁੱਕਦੀ, ‘ਨਰਜੀਤ ਬੰਦਾ ਬਹੁਤ ਚੰਗਾ ਸੀ, …ਫਿਰ ਕੁਝ ਚਿਰ ਬਾਅਦ ਡੂੰਘਾ ਸਾਹ ਭਰਦੇ ਕਹਿੰਦੇ, ‘ਜੋ ਹੋਇਆ, ਹੋਣਾ ਨਹੀਂ ਸੀ ਚਾਹੀਦਾ…‘ਅੰਕਲ ਦੀ ਆਵਾਜ਼ ਸਿੱਲ੍ਹੀ ਹੋ ਜਾਂਦੀ…।
ਅਫ਼ਸੋਸ ਕਿ ਜਿੱਥੇ ਇਨ੍ਹਾਂ ਦੋਹਾਂ ਹਸਤੀਆਂ ਦੀ ਜਵਾਨੀ ਦੀ ਦੋਸਤੀ ਲਾਮਿਸਾਲ ਸੀ ਓਥੇ ਕੁੜੱਤਣ ਭਰੇ ਜ਼ਿੰਦਗੀ ਦੇ ਮੱਧਕਾਲ ਤੋਂ ਬਾਅਦ ਦੋਹਾਂ ਦਾ ਆਖਰੀ ਸਮਾਂ ਵੀ ਤਕਰੀਬਨ ਇੱਕੋ ਜਿਹੀ ਤਕਲੀਫ਼ `ਚੋਂ ਹੀ ਲੰਘਿਆ। ਨਰਜੀਤ ਚਾਚਾ ਜੀ ਐਲਜ਼ਾਈਮਰ ਦਾ ਸ਼ਿਕਾਰ ਹੋ ਗਏ ਤੇ ਸਾਲਾਂ ਤੱਕ ਬਿਮਾਰੀ ਕਾਰਨ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਦੇ ਇੱਕ ਪਿੰਜਰ ਬਣ ਕੇ ਇਸ ਸੰਸਾਰ ਤੋਂ ਵਿਦਾ ਹੋਏ। ਦੂਸਰੇ ਪਾਸੇ ਢੇਸੀ ਅੰਕਲ ਨੂੰ ਪਹਿਲਾਂ ਆਂਟੀ ਜੀ ਦਾ ਅਚਾਨਕ ਵਿਛੋੜਾ ਸਹਾਰਨਾ ਪਿਆ ਫਿਰ ਜਵਾਨ ਜਵਾਈ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਦਿਨਾਂ ਵਿਚ ਹੀ ਨਿਗਲ਼ ਲਿਆ ਤੇ ਢੇਸੀ ਅੰਕਲ ਅਮਰੀਕਾ ਵੱਸਦੀ ਆਪਣੀ ਧੀ ਦਾ ਆਸਰਾ ਬਣ ਕੇ ਬਹੁੜ ਪਏ। ਸ਼ਾਇਦ ਇਹ ਉਮਰ ਭਰ ਦੇ ਸਦਮਿਆਂ ਦਾ ਹੀ ਅਸਰ ਸੀ ਕਿ ਅਚਾਨਕ ਪਤਾ ਲੱਗਾ ਕਿ ਢੇਸੀ ਅੰਕਲ ਨੂੰ ਬੋਲਣ ਦੀ ਮੁਸ਼ਕਲ ਆਉਣ ਲੱਗ ਪਈ ਹੈ। ਫਿਰ ਹੌਲ਼ੀ-ਹੌਲ਼ੀ ਗੱਲ ਲਿਖ ਕੇ ਸਮਝਾਉਣ ਤੱਕ ਪਹੁੰਚ ਗਈ ਤੇ ਫਿਰ ਪਤਾ ਲੱਗਾ ਕਿ ਢੇਸੀ ਅੰਕਲ ਹਸਪਤਾਲ਼ ਦਾਖ਼ਲ ਨੇ। ਉਨ੍ਹਾਂ ਦੀ ਬੇਟੀ ਜੋਤੀ ਨਾਲ਼ ਗੱਲ ਹੋਈ। ਅੰਕਲ ਨੂੰ ਡਬਲ ਨਮੋਨੀਆ ਹੋ ਚੁੱਕਾ ਸੀ…ਫਿਰ ਸਟਰੋਕ…ਦਿਮਾਗ਼ ਨੂੰ ਆਕਸੀਜਨ ਨਾ ਗਈ…ਅੰਕਲ ਕੌਮਾ ਵਿਚ ਚਲੇ ਗਏ ਤੇ ਫਿਰ…1 ਮਾਰਚ ਦੀ ਸਵੇਰ ਦੇ ਤਕਰੀਬਨ 9 ਕੁ ਵਜੇ ਢੇਸੀ ਅੰਕਲ ਦੇ ਭਾਣਜੇ ਦਾ ਫੋਨ ਆਇਆ। ਨੰਬਰ ਵੇਖਦਿਆਂ ਹੀ ਦਿਲ ਧੜਕਿਆ। ਮੈਂ ਡਰੀ ਜਿਹੀ ਆਵਾਜ਼ ਵਿਚ ਬੋਲਿਆ, ‘ਹੈਲੋ?’
ਦੂਸਰੇ ਪਾਸਿਉਂ ਅਵਾਜ਼ ਆਈ, ‘ਢੇਸੀ ਸਾਹਿਬ ਦਾ ਪਤਾ ਲੱਗ ਗਿਆ?….‘
ਬਸ ਕੁਝ ਕਹਿਣ ਦੀ ਲੋੜ ਨਹੀਂ ਸੀ…ਉਹ ਕੁਝ ਵਾਪਰ ਗਿਆ ਸੀ ਜਿਸ ਦਾ ਕਈ ਦਿਨਾਂ ਤੋਂ ਡਰ ਸੀ…ਢੇਸੀ ਅੰਕਲ ਆਪਣੇ ਰੁੱਸੇ ਹੋਏ ਯਾਰ ਕੋਲ਼ ਜਾ ਚੁੱਕੇ ਸਨ। ਦੋ ਦੋਸਤ, ਜਿਨ੍ਹਾਂ ਦੀ ਜਵਾਨੀ ਦੇ ਰਾਜ਼ ਇੱਕ ਸਨ, ਜਿਨ੍ਹਾਂ ਦਾ ਵਿੱਦਿਅਕ ਮਿਆਰ ਇੱਕ ਸੀ, ਜਿਨ੍ਹਾਂ ਦਾ ਕਸਬ ਇੱਕ ਸੀ ਉਨ੍ਹਾਂ ਦਾ ਅੰਤ ਵੀ ਇੱਕੋ ਜਿੰਨਾ ਹੀ ਦੁਖਾਂਤ ਭਰਿਆ ਹੋਵੇਗਾ, ਇਹ ਕੋਈ ਨਹੀਂ ਸੀ ਜਾਣਦਾ।