ਧੌਂਸ, ਧਮਕੀ ਅਤੇ ਤਬਾਹੀ…

ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ ‘ਤੇ ਕੀਤੇ ਗਏ ਹਮਲੇ ਨਾਲ ਸੰਸਾਰ ਭਰ ਵਿਚ ਤਣਾਅ ਭਰਪੂਰ ਹਾਲਾਤ ਪੈਦਾ ਹੋ ਗਏ ਹਨ। ਇਰਾਨ ਦੇ ਸੁਪਰੀਮੋ ਆਇਤੁੱਲਾ ਖਾਮੇਨੇਈ, ਰੱਖਿਆ ਮੰਤਰੀ ਅਜ਼ੀਜ਼ ਨਾਸਿਰਜ਼ਾਦੇਹ ਅਤੇ ਸੈਨਾ ਪ੍ਰਮੁੱਖ ਜਨਰਲ ਅਬਦੁਲ ਰਹੀਮ

ਮੁਸਾਬੀ ਸਮੇਤ ਫ਼ੌਜ ਦੇ ਹੋਰ ਵੱਡੇ ਅਧਿਕਾਰੀ ਮਾਰੇ ਜਾ ਚੁੱਕੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਲੋਕਾਂ ਨੂੰ ਇਕ ਵਾਰ ਫਿਰ ਇਹ ਸੱਦਾ ਦਿੱਤਾ ਹੈ ਕਿ ਉਹ ਆਪਣੀ ਸਰਕਾਰ ਦੇ ਖ਼ਿਲਾਫ਼ ਬਗ਼ਾਵਤ ਕਰਦੇ ਹੋਏ ਦੇਸ਼ ਦਾ ਕੰਟਰੋਲ ਆਪਣੇ ਹੱਥ ਲੈ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਇਕ ਹਫ਼ਤੇ ਤੱਕ ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ ‘ਤੇ ਲਗਾਤਾਰ ਹਮਲੇ ਕੀਤੇ ਜਾਂਦੇ ਰਹਿਣਗੇ। ਦੂਜੇ ਪਾਸੇ ਇਰਾਨ ਦੇ ਹੁਕਮਰਾਨਾਂ ਨੇ ਜਿੱਥੇ ਆਪਣੇ ਸੁਪਰੀਮੋ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ 40 ਦਿਨ ਦੇ ਸ਼ੋਕ ਦਾ ਐਲਾਨ ਕੀਤਾ ਹੋਇਆ ਹੈ, ਉਥੇ ਆਪਣੀ ਇਹ ਦ੍ਰਿੜ੍ਹਤਾ ਫਿਰ ਦੁਹਰਾਈ ਹੈ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨਗੇ ਅਤੇ ਕਰ ਵੀ ਰਹੇ ਹਨ। ਇਸੇ ਦੌਰਾਨ ਆਇਤੁੱਲਾ ਅਲੀਰੇਜ਼ਾ ਅਰਾਫੀ ਨੇ ਅੰਤਰਿਮ ਤੌਰ ‘ਤੇ ਇਰਾਨ ਦੀ ਅਗਵਾਈ ਸੰਭਾਲ ਲਈ ਹੈ।
ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ‘ਤੇ ਕੀਤੇ ਗਏ ਇਸ ਤਾਜ਼ਾ ਹਮਲੇ ਬਾਰੇ ਨਿਰਪੱਖ ਰਾਜਨੀਤਕ ਵਿਸ਼ਲੇਸ਼ਕਾਂ ਦਾ ਮਤ ਹੈ ਕਿ ਓਮਾਨ ਦੀ ਵਿਚੋਲਗੀ ਰਾਹੀਂ ਜੇਨੇਵਾ ਵਿਚ ਇਰਾਨ, ਅਮਰੀਕਾ ਤੇ ਇਜ਼ਰਾਈਲ ਦੇ ਪ੍ਰਤੀਨਿਧੀਆਂ ਵਿਚਕਾਰ ਗੱਲਬਾਤ ਦੇ ਤਿੰਨ ਦੌਰ ਹੋਏ ਸਨ ਅਤੇ ਇਰਾਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਅਤੇ ਪ੍ਰਮਾਣੂ ਊਰਜਾ ਦੀ ਵਰਤੋਂ ਸਿਰਫ਼ ਨਾਗਰਿਕ ਵਿਕਾਸ ਦੇ ਮੰਤਵਾਂ ਲਈ ਕਰਨ ਵਾਸਤੇ ਸਹਿਮਤ ਹੋ ਗਿਆ ਸੀ ਅਤੇ ਇਸੇ ਕਰਕੇ ਓਮਾਨ ਨੇ ਇਹ ਆਸ ਪ੍ਰਗਟ ਕੀਤੀ ਸੀ ਕਿ ਸੰਬੰਧਿਤ ਧਿਰਾਂ ਦਰਮਿਆਨ ਗੱਲਬਾਤ ਵਿਚ ਕਾਫ਼ੀ ਪ੍ਰਗਤੀ ਹੋਈ ਹੈ ਅਤੇ ਕੋਈ ਮੁਨਾਸਿਬ ਸਮਝੌਤਾ ਹੋ ਸਕਦਾ ਹੈ। ਨਿਰਪੱਖ ਰਾਜਨੀਤਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਅਮਰੀਕਾ ਅਤੇ ਇਜ਼ਰਾਈਲ ਨੇ ਆਪਣੀ ਧੌਂਸ, ਧਮਕੀ ਅਤੇ ਤਬਾਹੀ ਵਾਲੀ ਨੀਤੀ ਨੂੰ ਅਗੇ ਵਧਾਉਂਦਿਆਂ ਇਰਾਨ ‘ਤੇ ਹਮਲਾ ਕਰਨ ਦਾ ਰਸਤਾ ਅਪਣਾਇਆ, ਕਿਉਂਕਿ ਉਹ ਮੱਧ ਪੂਰਬ ਦੇ ਖਾੜੀ ਦੇਸ਼ਾਂ ਵਿਚ ਇਰਾਨ ਦੇ ਪ੍ਰਭਾਵ ਨੂੰ ਬਿਲਕੁਲ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਇਰਾਨ ਦੇ ਪ੍ਰਮਾਣੂ ਹਥਿਆਰਾਂ ਅਤੇ ਖ਼ਾਸ ਕਰਕੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰਨ ਲਈ ਬਜ਼ਿੱਦ ਹਨ। ਉਹ ਖਾੜੀ ਵਿਚ ਤੇਲ ਦੇ ਸਾਰੇ ਸਰੋਤਾਂ ‘ਤੇ ਵੀ ਆਪਣਾ ਕਬਜ਼ਾ ਚਾਹੁੰਦੇ ਹਨ। ਰਾਜਨੀਤਕ ਹਲਕੇ ਇਰਾਨ ‘ਤੇ ਕੀਤੇ ਗਏ ਤਾਜ਼ਾ ਹਮਲੇ ਨੂੰ ਅਮਰੀਕਾ ਵਲੋਂ ਪਿਛਲੇ ਸਾਲ ਜੂਨ ਵਿਚ ਉਸ ਦੇ ਕੀਤੇ ਗਏ ਹਮਲੇ ਦੀ ਕੜੀ ਵਜੋਂ ਹੀ ਦੇਖ ਰਹੇ ਹਨ।
ਇਰਾਨ ਪ੍ਰਤੀ ਅਮਰੀਕਾ ਦੀ ਨੀਤੀ ਆਰਥਿਕ ਰੋਕਾਂ, ਕੂਟਨੀਤਕ ਦਬਾਅ ਤੇ ਫੌਜੀ ਦਾਬੇ ਵਾਲੀ ਰਹੀ ਹੈ। ਇਰਾਕ, ਸੀਰੀਆ, ਲੀਬੀਆ, ਯਮਨ ਤੇ ਲਿਬਨਾਨ ਸਮੇਤ ਪੂਰਾ ਅਰਬ ਸੰਸਾਰ ਬੌਕਸੀ ਜੰਗਾਂ-ਟਕਰਾਵਾਂ ਰਾਹੀਂ ਮੁਕਾਬਲੇਬਾਜ਼ ਪੂੰਜੀਵਾਦੀ ਤੇ ਸਾਮਰਾਜਵਾਦੀ ਹਿੱਤਾਂ ਦੀ ਭੇਟ ਚੜ੍ਹਦਾ ਆ ਰਿਹਾ ਹੈ। ਸ਼ੀਤ ਯੁੱਧ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਮੱਧ ਪੂਰਬ ‘ਚ ਮੁੱਖ ਬਾਹਰੀ ਸ਼ਕਤੀ ਵਜੋਂ ਉੱਭਰੇ ਹਨ। ਇਸ ਵਕਤ ਇਰਾਨ ਅਮਰੀਕਾ-ਇਜ਼ਰਾਈਲ ਨਾਲ ਸਿੱਧੀ ਜੰਗੀ ਟੱਕਰ ‘ਚ ਇਕ ਕਮਜ਼ੋਰ ਤਾਕਤ ਜ਼ਰੂਰ ਹੈ ਪਰ ਉਹ ਇਸ ਜੰਗ ‘ਚ ਅਮਰੀਕਾ-ਇਜ਼ਰਾਈਲ ਗੁੱਟ ਸਮੇਤ ਅਮਰੀਕੀ ਭਾਈਵਾਲ ਖਾੜੀ ਮੁਲਕਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਰਿਹਾ ਹੈ। ਇਰਾਨ ਅਰਬ ਮੁਲਕਾਂ ਵਿਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਕੇ ਅਤੇ ਹਾਰਮੂਜ਼ ਜਲਡਮਰੂ ਨੂੰ ਬੰਦ ਕਰਕੇ ਕੌਮਾਂਤਰੀ ਵਪਾਰਕ ਗਤੀਵਿਧੀਆਂ ਨੂੰ ਬੁਰੇ ਰੁਖ਼ ਪ੍ਰਭਾਵਿਤ ਕਰ ਕੇ ਕਰਜ਼ ਸੰਕਟ ‘ਚ ਘਿਰੇ ਅਮਰੀਕਾ ਨੂੰ ਚੁਣੌਤੀ ਪੇਸ਼ ਕਰ ਰਿਹਾ ਹੈ। ਮੱਧ ਪੂਰਬ, ਯੂਰਪ ਤੇ ਏਸ਼ੀਆ ਨੂੰ ਇਸ ਦਾ ਅਸਰ ਖੇਤਰੀ ਅਸ਼ਾਂਤੀ, ਤੇਲ ਕੀਮਤਾਂ ‘ਚ ਵਾਧੇ ਤੇ ਮਹਿੰਗਾਈ ਦੇ ਰੂਪ ‘ਚ ਹੰਢਾਉਣਾ ਪਵੇਗਾ। ਇਰਾਨ ਦੇ ਸਰਵਉੱਚ ਨੇਤਾ ਖਾਮਨੇਈ ਦੀ ਮੌਤ ਤੋਂ ਬਾਅਦ ‘ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ’ ਅਤੇ ਸਿਖਲਾਈ ਯਾਫ਼ਤਾ ਪ੍ਰੌਕਸੀ ਗਰੁੱਪਾਂ ਜਿਵੇਂ ਕਿ ਲਿਬਨਾਨ ‘ਚ ਹਿਜਬੁੱਲਾ, ਯਮਨ ਦੇ ਹੂਤੀ, ਇਰਾਕ, ਸੀਰੀਆ ‘ਚ ਇਰਾਨ ਗੱਠਜੋੜ ਵਾਲੇ ਸ਼ੀਆ ਮਿਲੀਸ਼ੀਆ ਵੀ ਅਮਰੀਕੀ ਫੌਜੀ ਟਿਕਾਣਿਆਂ, ਸਮੁੰਦਰੀ ਵਪਾਰਕ ਲਾਂਘਿਆਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਦੇ ਰੌਂਅ ‘ਚ ਹਨ। ਚੀਨ ਤੇ ਰੂਸ ਵੀ ਹਥਿਆਰ, ਹਵਾਈ ਰੱਖਿਆ ਪ੍ਰਣਾਲੀ ਅਤੇ ਸਮੁੰਦਰੀ ਮਿਜ਼ਾਈਲ ਤਕਨਾਲੌਜੀ ਰਾਹੀਂ ਇਰਾਨ ਦੀ ਸਿੱਧੀ-ਅਸਿੱਧੀ ਮਦਦ ਕਰ ਕੇ ਅਮਰੀਕੀ ਸਾਮਰਾਜ ਦੇ ਰਾਹ ‘ਚ ਔਕੜਾਂ ਪੈਦਾ ਕਰ ਰਹੇ ਹਨ। ਖਾਮਨੇਈ ਦੀ ਮੌਤ ਤੋਂ ਬਾਅਦ ਇਰਾਨ ਹਮਲੇ ਨੂੰ ਹੋਰ ਵੱਧ ਤਿੱਖਾ ਕਰ ਕੇ ਜੰਗ ਨੂੰ ਲੰਬੀ ਖਿੱਚ ਸਕਦਾ ਹੈ, ਦੂਜੇ ਪਾਸੇ ਟਰੰਪ ਇਸ ਨੂੰ ਇਕੋ ਝਟਕੇ ਵੱਡੇ ਹਮਲੇ ਰਾਹੀਂ ਛੇਤੀ ਖ਼ਤਮ ਕਰਨ ਦੀ ਤਾਕ ਵਿਚ ਹੈ। ਇਰਾਨੀ ਲੋਕਾਂ ਨੂੰ ਆਪਣੀ ਖ਼ੁਦਮੁਖਤਿਆਰੀ ਵਾਲਾ ਰਾਜ-ਸਮਾਜ ਸਿਰਜਣ ਦਾ ਹੱਕ ਹੋਣਾ ਚਾਹੀਦਾ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਅਮਰੀਕਾ-ਇਜ਼ਰਾਈਲ ਸ਼ਾਂਤੀ ਤੇ ਸੁਰੱਖਿਆ ਲਈ ਨਹੀਂ ਲੜ ਰਹੇ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਹੀ ਡੋਨਲਡ ਟਰੰਪ ਨੇ ਇਜ਼ਰਾਈਲ ਦੇ ਸਹਿਯੋਗ ਨਾਲ ਇਰਾਨ ‘ਤੇ ਮੁੜ ਹਮਲਾ ਕਰਨ ਦਾ ਰਾਹ ਚੁਣਿਆ ਹੈ। ਇਸ ਸਮੇਂ ਕੌਮਾਂਤਰੀ ਸੰਸਥਾਵਾਂ, ਖ਼ਾਸ ਕਰਕੇ ਸੰਯੁਕਤ ਰਾਸ਼ਟਰ ਸੰਘ ਇਸ ਭਿਆਨਕ ਜੰਗ ਨੂੰ ਰੋਕਣ ਵਿਚ ਆਪਣੀ ਪ੍ਰਭਾਵੀ ਭੂਮਿਕਾ ਨਿਭਾਉਣ ਦੇ ਸਮਰੱਥ ਨਹੀਂ ਹੋ ਰਿਹਾ। ਪਿਛਲੇ ਦਿਨੀਂ ਫਰਾਂਸ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਕੌਂਸਲ ਦੀ ਮੀਟਿੰਗ ਜ਼ਰੂਰ ਹੋਈ ਸੀ, ਉਸ ਵਿਚ ਅਮਰੀਕਾ ਤੇ ਇਜ਼ਰਾਈਲ ਵਲੋਂ ਇਹ ਪੱਖ ਦੁਹਰਾਇਆ ਗਿਆ ਕਿ ਉਨ੍ਹਾਂ ਨੇ ਹਮਲਾ ਇਸ ਲਈ ਕੀਤਾ ਹੈ, ਕਿਉਂਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਇਰਾਨ ਤੋਂ ਹੋਂਦ ਦਾ ਗੰਭੀਰ ਖ਼ਤਰਾ ਹੈ। ਦੂਜੇ ਪਾਸੇ ਇਰਾਨ ਨੇ ਇਸ ਮੀਟਿੰਗ ਵਿਚ ਅਮਰੀਕਾ ਅਤੇ ਇਜ਼ਰਾਈਲ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸ ਹਮਲੇ ਨੂੰ ਆਪਣੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਾਰ ਦਿੱਤਾ। ਵਿਸ਼ਵ ਦੀ ਅਜੋਕੀ ਸਥਿਤੀ ਅਤੇ ਖ਼ਾਸ ਕਰਕੇ ਖਾੜੀ ਦੇਸ਼ਾਂ ਵਿਚ ਵਧ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਭਾਰਤ ਸਮੇਤ ਸਾਰੇ ਦੇਸ਼ ਇਸ ਜੰਗ ਨੂੰ ਰੁਕਵਾਉਣ ਲਈ ਵੱਧ ਤੋਂ ਵੱਧ ਯਤਨ ਕਰਨ, ਤਾਂ ਜੋ ਦੁਨੀਆ ਨੂੰ ਇਕ ਹੋਰ ਭਿਆਨਕ ਜੰਗ ਤੋਂ ਬਚਾਇਆ ਜਾ ਸਕੇ।