ਇਰਾਨ ਉੱਪਰ ਹਮਲਾ: ਅਮਰੀਕੀ-ਇਜ਼ਰਾਇਲੀ ਹਾਕਮਾਂ ਦੀ ਧਾੜਵੀ ਅਤੇ ਯੁੱਧ ਅਪਰਾਧੀ ਖ਼ਸਲਤ ਦਾ ਮੁਜੱਸਮਾ

ਬੂਟਾ ਸਿੰਘ ਮਹਿਮੂਦਪੁਰ
ਦੁਨੀਆ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਅਮਰੀਕਾ-ਇਜ਼ਰਾਇਲ ਜੰਗਬਾਜ਼ ਗੱਠਜੋੜ ਵੱਲੋਂ ਇਰਾਨ ਨਾਲ ਵਧਾਏ ਟਕਰਾਅ ਨੂੰ ਸੁਲਝਾਉਣ ਲਈ ਚਲਦੀ ਗੱਲਬਾਤ ਦਰਮਿਆਨ ਹੀ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਇਰਾਨ ਉੱਪਰ ਹਮਲਾ ਵਿੱਢ ਦਿੱਤਾ ਗਿਆ ਹੈ।

ਇਰਾਨ ਦੇ 31 ਵਿਚੋਂ 24 ਸੂਬਿਆਂ ਅੰਦਰ ਬੱਚੀਆਂ ਦੇ ਸਕੂਲ, ਦੋ ਹਸਪਤਾਲਾਂ ਅਤੇ ਬੱਚਿਆਂ ਦੇ ਖੇਡ ਦੇ ਮੈਦਾਨ ਸਮੇਤ ਜਨਤਕ ਥਾਵਾਂ ਉੱਪਰ ਕੀਤੇ ਅੰਨ੍ਹੇਵਾਹ ਹਮਲਿਆਂ ਵਿਚ 148 ਸਕੂਲੀ ਬੱਚੀਆਂ ਸਮੇਤ 555 ਨਾਗਰਿਕਾਂ ਨੂੰ ਕਤਲ ਕੀਤਾ ਗਿਆ ਹੈ। ਦੁਨੀਆ ‘ਚ ਚੱਲ ਰਹੇ ਯੁੱਧਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਫਾਸ਼ਿਸ਼ਟ ਟਰੰਪ ਨੇ ਦਾਅਵਾ ਕੀਤਾ ਹੈ ਕਿ ਨਿਜ਼ਾਮ ਬਦਲਣ ਲਈ ਇਹ ਹਮਲਾ ‘ਇਰਾਨੀ ਲੋਕਾਂ ਦੀ ਮੁਕਤੀ ਲਈ’ ਅਤੇ ਅਮਰੀਕਾ ਵਿਰੁੱਧ ਇਰਾਨ ਦੇ ਕਥਿਤ ਹਮਲੇ ਦਾ ਖ਼ਾਤਮਾ ਕਰਨ ਲਈ ਕੀਤਾ ਗਿਆ ਹੈ! ਅਸਲ ਵਿਚ, ਜੰਗਬਾਜ਼ ਤਾਂ ਖ਼ੁਦ ਅਮਰੀਕਾ ਅਤੇ ਇਸਦਾ ਪਿੱਠੂ ਇਜ਼ਰਾਇਲ ਹੈ। ਹਮਲੇ ਦਾ ਅਸਲ ਮਨੋਰਥ ਇਰਾਨ ਦੀ ਅਮਰੀਕੀ ਸਾਮਰਾਜੀ ਸਟੇਟ ਤੋਂ ਆਕੀ ਹਕੂਮਤ ਨੂੰ ਖ਼ਤਮ ਕਰਨਾ, ਉੱਥੇ ਅਮਰੀਕਾ ਦੀ ਕਠਪੁਤਲੀ ਹਕੂਮਤ ਥੋਪਣਾ, ਇਰਾਨ ਦੇ ਕੁਦਰਤੀ ਵਸੀਲਿਆਂ ਉੱਪਰ ਕਬਜ਼ਾ ਕਰਨਾ ਅਤੇ ਆਖਿæਰਕਾਰ ਪੂਰੇ ਮੱਧ-ਪੂਰਬ ਉੱਪਰ ਅਮਰੀਕੀ ਸਾਮਰਾਜੀ ਦਾਬਾ ਸਥਾਪਤ ਕਰਨਾ ਹੈ, ਜੋ 1979 ਦੇ ‘ਇਸਲਾਮਿਕ ਇਨਕਲਾਬ’ ਦੇ ਸਮੇਂ ਤੋਂ ਹੀ ਮੱਧ-ਪੂਰਬ ਵਿਚ ਅਮਰੀਕੀ ਧੌਂਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਦੁਨੀਆ ਭਰ ਦੀਆਂ ਘੋਰ ਪਿਛਾਖੜੀ ਹਕੂਮਤਾਂ ਦੀ ਸਰਪ੍ਰਸਤੀ ਕਰਨ ਵਾਲੇ ਅਮਰੀਕੀ ਸਾਮਰਾਜੀਆਂ ਨੇ ਉਸ ਮੁਲਕ ਨੂੰ ਨਿਸ਼ਾਨਾ ਬਣਾਇਆ ਹੈ, ਜੋ ਧਾਰਮਿਕ ਕੱਟੜਪੰਥੀ ਸ਼ੀਆ ਧਰਮਤੰਤਰੀ ਜਾਬਰ ਰਾਜ ਹੋਣ ਅਤੇ ਦਹਾਕਿਆਂ ਤੋਂ ਸਖ਼ਤ ਅਮਰੀਕੀ ਪਾਬੰਦੀਆਂ ਕਾਰਨ ਡੂੰਘੇ ਆਰਥਕ ਸੰਕਟ ਨਾਲ ਜੂਝ ਰਿਹਾ ਹੋਣ ਦੇ ਬਾਵਜੂਦ ਕਈ ਪੱਖਾਂ ਤੋਂ ਬਿਹਤਰ ਹੈ। ਉੱਥੇ ਔਰਤਾਂ ਦੀ ਉਭਰਵੀਂ ਸਮਾਜਿਕ ਭੂਮਿਕਾ ਹੈ ਅਤੇ ਉਨ੍ਹਾਂ ਦੀ ਸਾਖ਼ਰਤਾ ਦਰ 97% ਹੈ।
ਇਰਾਨ ਦੀ ਕੱਟੜ ਸ਼ੀਆ ਹਕੂਮਤ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਨੂੰ ਲੈ ਕੇ ਅਨੇਕਾਂ ਸਵਾਲ ਹੋ ਸਕਦੇ ਹਨ, ਪਰ ਇਸ ਦੇ ਬਹਾਨੇ ਅਮਰੀਕੀ ਸਾਮਰਾਜੀਏ ਇਰਾਨ ਜਾਂ ਕਿਸੇ ਵੀ ਮੁਲਕ ਦੀ ਪ੍ਰਭੂਸੱਤਾ ਵਿਰੁੱਧ ਆਪਣੇ ਦੁਸ਼ਟ ਮਨਸੂਬਿਆਂ ਬਾਰੇ ਦੁਨੀਆ ਨੂੰ ਗੁੰਮਰਾਹ ਨਹੀਂ ਕਰ ਸਕਦੇ। ਇਸ ਮਹਾਂ-ਝੂਠ ਨੂੰ ਕੌਣ ਮੰਨ ਲਵੇਗਾ ਕਿ ਫਾਸ਼ਿਸਟ ਸਾਮਰਾਜੀ ਗੈਂਗਸਟਰ ਟਰੰਪ ਹਕੂਮਤ ਅਤੇ ਮੱਧ ਪੂਰਬ ਵਿਚ ਅਮਰੀਕਾ ਦੀ ਫ਼ੌਜੀ ਚੌਕੀ ਜਿਓਨਵਾਦੀ ਇਜ਼ਰਾਇਲ ਕਿਸੇ ਮੁਲਕ ਦੇ ਲੋਕਾਂ ਦੇ ਮੁਕਤੀ ਦਾਤੇ ਹਨ। ਇਜ਼ਰਾਇਲ ਤਾਂ ਖ਼ੁਦ ਹੀ ਪੱਛਮੀ ਸਾਮਰਾਜੀਆਂ ਦੀ ਸਾਜ਼ਿਸ਼ ਅਤੇ ਪੁਸ਼ਤਪਨਾਹੀ ਨਾਲ ਫ਼ਲਸਤੀਨ ਦੀ ਸਰਜ਼ਮੀਨ ਉੱਪਰ ਪੂਰੀ ਤਰ੍ਹਾਂ ਨਜਾਇਜ਼ ਤੌਰ ’ਤੇ ਧੱਕੇ ਨਾਲ ਬਣਾਇਆ ਹੋਇਆ ਸਟੇਟ ਹੈ। ਦੁਨੀਆ ਵਿਚ ਟਰੰਪ ਦੀ ਅਗਵਾਈ ਹੇਠ ਅਮਰੀਕੀ ਸਾਮਰਾਜੀ ਸਟੇਟ ਦੇ ਖ਼ੂਨੀ ਮਨਸੂਬਿਆਂ ਨੂੰ ਠੱਲ੍ਹ ਪਾਉਣ ਦੇ ਸਮਰੱਥ ਮਜ਼ਬੂਤ ਲੋਕ ਤਾਕਤ ਨਾ ਹੋਣ ਕਾਰਨ ਹੀ ਅਮਰੀਕੀ-ਇਜ਼ਰਾਇਲੀ ਹੁਕਮਰਾਨ ਫ਼ਲਸਤੀਨ, ਇਰਾਨ ਸਮੇਤ ਹਰ ਮਾਮਲੇ ਵਿਚ ਮਹਾਂ-ਝੂਠ ਫੈਲਾਉਣ ਵਿਚ ਕਾਮਯਾਬ ਹੋ ਰਹੇ ਹਨ ਅਤੇ ਸਾਮਰਾਜੀ ਦੈਂਤ ਇਰਾਕ, ਫ਼ਲਸਤੀਨ, ਵੈਨਜ਼ੁਏਲਾ ਨੂੰ ਦਰੜਦਾ ਹੋਇਆ ਅਤੇ ਕਿਊਬਾ ਨੂੰ ਧਮਕੀਆਂ ਦਿੰਦਾ ਹੋਇਆ ਪੂਰੀ ਦੁਨੀਆ ਉੱਪਰ ਆਪਣੀ ਧੌਂਸ ਥੋਪਣ ਲਈ ਆਦਮ ਬੋ-ਆਦਮ ਬੋ ਕਰਦਾ ਫਿਰਦਾ ਹੈ।
ਇਰਾਨ ਦਾ ਨਿਜ਼ਾਮ ਫ਼ਲਸਤੀਨ ਦੀ ਗਹਿ-ਗੱਡਵੀਂ ਹਮਾਇਤ ਕਰਨ ਕਰਕੇ ਅਤੇ ਅਮਰੀਕੀ ਸਾਮਰਾਜ ਵਿਰੋਧੀ ਮਜ਼ਬੂਤ ਹਥਿਆਰਬੰਦ ਟਾਕਰਾ ਸ਼ਕਤੀਆਂ, ਜਿਵੇਂ ਹਿਜ਼ਬੁੱਲਾ, ਹਮਾਸ ਅਤੇ ਯਮਨ ਦੇ ਹਾਉਤੀ ਬਾਗ਼ੀ ਆਦਿ, ਦੀ ਪਿੱਠ ’ਤੇ ਖੜ੍ਹਾ ਹੋਣ ਕਾਰਨ ਵੀ ਅਮਰੀਕੀ-ਇਜ਼ਰਾਇਲੀ ਘੋਰ ਪਿਛਾਖੜੀ ਗੱਠਜੋੜ ਨੂੰ ਬਹੁਤ ਚੁੱਭਦਾ ਸੀ। ਭਾਵੇਂ ਇਰਾਨ ਨੇ ਆਪਣੇ ਅਮਰੀਕੀ ਸਾਮਰਾਜ-ਵਿਰੋਧੀ ਅਡੋਲ ਸਟੈਂਡ ਅਨੁਸਾਰ ਇਸ ਹਮਲੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੋੜਵੇਂ ਹਮਲੇ ਸ਼ੁਰੂ ਕਰਕੇ ਆਪਣੀ ਦ੍ਰਿੜਤਾ ਦਾ ਸੰਕੇਤ ਦੇ ਦਿੱਤਾ ਹੈ, ਪਰ ਇਸ ਦਰਮਿਆਨ ਇਰਾਨ ਦੇ ਪ੍ਰਮੁੱਖ ਆਗੂ ਆਇਤਉੱਲਾ ਅਲੀ ਖ਼ਾਮੇਨੇਈ ਅਤੇ ਕਈ ਹੋਰ ਚੋਟੀ ਦੇ ਫ਼ੌਜੀ ਅਧਿਕਾਰੀਆਂ ਦੇ ਅਮਰੀਕੀ-ਇਜ਼ਰਾਇਲੀ ਹਮਲੇ ਵਿਚ ਮਾਰੇ ਜਾਣ ਦੀ ਬੇਹੱਦ ਦੁਖਦਾਈ ਖ਼ਬਰ ਨਿਰਸੰਦੇਹ ਇਰਾਨੀ ਲੋਕਾਂ ਦੇ ਸਾਮਰਾਜਵਾਦ ਵਿਰੋਧੀ ਸੰਘਰਸ਼ ਲਈ ਵੱਡੀ ਸੱਟ ਹੈ। ਇਰਾਨ ਨੇ ਆਪਣੇ ਪ੍ਰਮੁੱਖ ਆਗੂ ਦੇ ਸੋਗ ਤੇ ਸਨਮਾਨ ਵਿਚ 40 ਦਿਨ ਮਾਤਮ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਆਪਣੀ ਸ਼ਹਾਦਤ ਨਾਲ ਖ਼ਾਮੇਨੇਈ ਦੁਨੀਆ ਭਰ ਦੇ ਸ਼ੀਆ ਮੁਸਲਮਾਨਾਂ ਵਿਚ ਸ਼ਹਾਦਤ ਦਾ ਉੱਚਤਮ ਪ੍ਰਤੀਕ ਬਣ ਕੇ ਸਥਾਪਤ ਹੋ ਗਿਆ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਅਮਰੀਕੀ-ਇਜ਼ਰਾਇਲੀ ਹਾਕਮਾਂ ਦੀ ਇਹ ਅਤਿਅੰਤ ਬæੁਜ਼ਦਿਲ ਕਾਰਵਾਈ ਦੁਨੀਆ ਭਰ ਦੇ ਸ਼ੀਆ ਮੁਸਲਮਾਨ ਫਿਰਕੇ ਵਿਚ ਅਮਰੀਕੀ-ਇਜ਼ਰਾਇਲੀ ਦੁਸ਼ਟ ਗੱਠਜੋੜ ਵਿਰੁੱਧ ਨਫ਼ਰਤ, ਰੋਹ ਤੇ ਇਕਜੁੱਟਤਾ ਵਿਚ ਇਜ਼ਾਫਾ ਹੀ ਕਰੇਗੀ। ਉਨ੍ਹਾਂ ਦੀਆਂ ਭਾਵਨਾਵਾਂ ਪੱਛਮੀ ਏਸ਼ੀਆ, ਕਸ਼ਮੀਰ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਸਮੇਤ ਕੁਲ ਦੁਨੀਆ ਵਿਚ ਹੋ ਰਹੇ ਵੱਡੇ-ਵੱਡੇ ਸੋਗਮਈ ਇਕੱਠਾਂ ਅਤੇ ਇਰਾਨੀ ਲੋਕਾਂ ਨਾਲ ਇਕਮੁੱਠਤਾ ਵਿਚ ਦੇਖੀਆਂ ਜਾ ਸਕਦੀਆਂ ਹਨ।
ਦਹਾਕਿਆਂ ਤੋਂ ਸਖ਼ਤ ਅਮਰੀਕੀ ਪਾਬੰਦੀਆਂ ਦਾ ਬਹਾਦਰੀ ਅਤੇ ਸਿਰੜ ਨਾਲ ਮੁਕਾਬਲਾ ਕਰ ਰਿਹਾ ਇਰਾਨ ਆਪਣੇ ਅਤੇ ਮੱਧ ਪੂਰਬ ਦੇ ਹਿਤਾਂ ਲਈ ਮਿਸਾਲੀ ਦ੍ਰਿੜਤਾ ਨਾਲ ਡੱਟਿਆ ਰਿਹਾ ਹੈ। ਪਿਛਲੇ ਸਾਲ ਵੀ ਅਮਰੀਕਾ ਦੀ ਪਿੱਠੂ ਇਜ਼ਰਾਇਲੀ ਹਕੂਮਤ ਵੱਲੋਂ ਇਰਾਨ ਉੱਪਰ ਬੰਬਾਰੀ ਕਰਕੇ ਉਸਦੇ ਕਾਨੂੰਨੀ ਪ੍ਰਮਾਣੂ ਅੱਡਿਆਂ ਨੂੰ ਤਬਾਹ ਕਰਨ ਅਤੇ ਇਰਾਨੀ ਹਕੂਮਤ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਨਾਕਾਮ ਰਹੀ ਸੀ। ਪਿਛਲੇ ਦਿਨੀਂ ਅਮਰੀਕਾ ਵੱਲੋਂ ਇਰਾਨ ਦੀ ਹਕੂਮਤ ਨੂੰ ਇਸ ਮਨਸੂਬੇ ਤਹਿਤ ਗੱਲਬਾਤ ਵਿਚ ਉਲਝਾ ਕੇ ਇਰਾਨ ਉੱਪਰ ਆਪਣੀਆਂ ਸ਼ਰਤਾਂ ਥੋਪਣ ਲਈ ਦਬਾਅ ਪਾਇਆ ਗਿਆ ਕਿ ਉਹ ਹਮਲੇ ਤੋਂ ਡਰ ਕੇ ਅਮਰੀਕੀ ਸ਼ਰਤਾਂ ਅੱਗੇ ਆਤਮ-ਸਮਰਪਣ ਕਰ ਦੇਣਗੇ, ਜਿਸ ਵਿਚ ਸਫ਼ਲਤਾ ਨਾ ਮਿਲਦੀ ਦੇਖ ਕੇ ਇਸ ਗੱਠਜੋੜ ਵੱਲੋਂ ਮੌਜੂਦਾ ਕਾਇਰਾਨਾ ਹਮਲਾ ਵਿੱਢ ਦਿੱਤਾ ਗਿਆ। ਇਹ ਵੀ ਸਪਸ਼ਟ ਹੈ ਕਿ ਅਮਰੀਕਾ ਦੇ ਅੰਦਰ ਫਾਸਿਸ਼ਟ ਟਰੰਪ ਜੁੰਡਲੀ ਇਸ ਨਜਾਇਜ਼ ਹਮਲੇ ਨੂੰ ਨਿਆਂਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਵਹਿਸ਼ੀ ਜਬਰ ਤੇਜ਼ ਕਰਨ ਅਤੇ ਹੋਰ ਵੀ ਵਧੇਰੇ ਤਾਨਾਸ਼ਾਹ ਤਾਕਤਾਂ ਹਥਿਆਉਣ ਲਈ ਵਰਤੇਗੀ।
ਇਸ ਹਮਲੇ ਦੌਰਾਨ ਭਾਰਤ ਦੀ ਭਗਵਾ ਹਕੂਮਤ ਵਰਗੇ ਅਮਰੀਕਨ ਸਾਮਰਾਜ ਦੇ ਪਿੱਠੂ ਇਸਲਾਮ ਪ੍ਰਤੀ ਆਪਣੀ ਘੋਰ ਫਿਰਕੂ, ਨਸਲਵਾਦੀ ਨਫ਼ਰਤ ਕਾਰਨ ਕਿਸੇ ਮੁਲਕ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਅਤੇ ਮੁਲਕ ਦੇ ਪ੍ਰਮੁੱਖ ਆਗੂ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰ ਦੇਣ ਦੇ ਅਤਿਅੰਤ ਘਿਣਾਉਣੇ ਮਾਨਵਤਾ ਵਿਰੋਧੀ ਕਾਰੇ ਬਾਰੇ ਚੁੱਪ ਰਹਿ ਕੇ ਆਪਣੀ ਸਾਮਰਾਜ ਭਗਤੀ ਦਾ ਸਬੂਤ ਦੇ ਰਹੇ ਹਨ। ਜਦੋਂ ਹਿਟਲਰ ਯਹੂਦੀਆਂ ਦੀ ਨਸਲਕੁਸ਼ੀ ਕਰ ਰਿਹਾ ਸੀ ਤਾਂ ਉਹ ਆਰਐੱਸਐੱਸ ਦੇ ਆਗੂਆਂ ਦਾ ਆਦਰਸ਼ ਸੀ। ਹੁਣ ਜਦੋਂ ਅਮਰੀਕੀ-ਇਜ਼ਰਾਇਲੀ ਜੰਗਬਾਜ਼ ਫ਼ਲਸਤੀਨੀਆਂ ਅਤੇ ਇਰਾਨੀਆਂ ਦਾ ਕਤਲੇਆਮ ਕਰ ਰਹੇ ਹਨ ਤਾਂ ਭਾਰਤ ਦੀ ਭਗਵਾ ਹਕੂਮਤ ਆਪਣੀ ਲੋਕ ਦੁਸ਼ਮਣ ਖ਼ਸਲਤ ਅਨੁਸਾਰ ਨਸਲਵਾਦੀ-ਜ਼ਿਓਨਵਾਦੀ ਜੰਗਬਾਜ਼ਾਂ ਦੀ ਬੇਸ਼ਰਮੀਂ ਨਾਲ ਚਾਕਰੀ ਕਰਦੀ ਦੇਖੀ ਜਾ ਸਕਦੀ ਹੈ।
ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼ ਨੇ ਯੁੱਧ ਅਪਰਾਧੀ ਅਮਰੀਕਾ ਅਤੇ ਜ਼ਿਓਨਵਾਦੀ ਦਹਿਸ਼ਤਗਰਦ ਇਜ਼ਰਾਇਲ ਨੂੰ ਵੱਖਰੀ ਤਰ੍ਹਾਂ ਦੀ ਅਤੇ ਸਖ਼ਤ ਕਾਰਵਾਈ ਨਾਲ ਸਬਕ ਸਿਖਾਉਣ ਦਾ ਹਲਫ਼ ਲਿਆ ਹੈ। ਟਰੰਪ ਨੇ ਇਸਦੇ ਪ੍ਰਤੀਕਰਮ ‘ਚ ਇਰਾਨ ਵਿਰੁੱਧ ਹੋਰ ਵੀ ਕਰੂਰ ਤਾਕਤ ਵਰਤਣ ਦੀ ਧਮਕੀ ਦਿੱਤੀ ਹੈ। ਆਪਣੀ ਧੜਵੈਲ ਫ਼ੌਜੀ ਤਾਕਤ ਨਾਲ ਅੰਨ੍ਹੇ ਹੋਏ ਟਰੰਪ ਨੂੰ ਉਮੀਦ ਸੀ ਕਿ ਇਰਾਨ ਵਿਰੁੱਧ ਯੁੱਧ ਛੇਤੀਂ ਹੀ ਜਿੱਤ ਲਿਆ ਜਾਵੇਗਾ। ਹੁਣ ਵੀ ਉਸ ਵੱਲੋਂ ਅਜਿਹੀਆਂ ਬੜ੍ਹਕਾਂ ਮਾਰੀਆਂ ਜਾ ਰਹੀਆਂ ਹਨ। ਮੱਧ ਪੂਰਬ ਵਿਚ ਅਮਰੀਕਾ ਦੇ ਮਜ਼ਬੂਤ ਫ਼ੌਜੀ ਅੱਡਿਆਂ ਦੇ ਜ਼ੋਰ ਟਰੰਪ ਜੁੰਡਲੀ ਨੇ ਭਰਮ ਪਾiਲ਼ਆ ਹੋਵੇਗਾ ਕਿ ਪ੍ਰਮੁੱਖ ਇਰਾਨੀ ਲੀਡਰ ਤੇ ਫ਼ੌਜੀ ਅਧਿਕਾਰੀਆਂ ਦੇ ਕਤਲਾਂ ਨਾਲ ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼ ਕੋਰ ਦੇ ਕਮਾਂਡਰਾਂ ਦਾ ਇਕ ਹਿੱਸਾ ਭੈਭੀਤ ਹੋ ਕੇ ਉਨ੍ਹਾਂ ਦੀ ਸ਼ਰਣ ਵਿਚ ਆ ਜਾਵੇਗਾ। ਵਿਸਾਹਘਾਤੀ ਟਰੰਪ-ਨੇਤਨਯਾਹੂ ਜੁੰਡਲੀ ਨੂੰ ਇਰਾਨ ਵੱਲੋਂ ਮੋੜਵੇਂ ਸਖ਼ਤ ਪ੍ਰਤੀਕਰਮ ਦੀ ਉਮੀਦ ਨਹੀਂ ਸੀ। ਪਰ ਇਰਾਨੀ ਹਕੂਮਤ ਨੂੰ ਵੀ ਦਹਾਕਿਆਂ ਤੋਂ ਅਮਰੀਕੀ ਹਮਲਾ ਹੋਣ ਦਾ ਖ਼ਦਸ਼ਾ ਸੀ ਅਤੇ ਉਨ੍ਹਾਂ ਨੇ ਵੀ ਲੰਮੀ ਲੜਾਈ ਦੀ ਤਿਆਰੀ ਕੀਤੀ ਹੋਈ ਹੈ। ਇਰਾਨੀ ਫ਼ੌਜ ਦੇ ਸਖ਼ਤ ਪ੍ਰਤੀਕਰਮ ਨਾਲ ਟਕਰਾਅ ਬਾਕਾਇਦਾ ਯੁੱਧ ਦੀ ਦਿਸ਼ਾ ’ਚ ਵਧਣਾ ਸ਼ੁਰੂ ਹੋ ਗਿਆ ਹੈ। ਕੱਚੇ ਤੇਲ ਦੀ ਸਪਲਾਈ ਦਾ ਵੱਡਾ ਸੰਕਟ ਸ਼ੁਰੂ ਹੋ ਗਿਆ ਹੈ। ਇਹ ਯੁੱਧ ਲੰਮਾ ਚੱਲਣ ਵਾਲਾ ਅਤੇ ਪੂਰੇ ਮੱਧ ਪੂਰਬ ਸਮੇਤ ਦੁਨੀਆ ਦੇ ਹਾਲਾਤ ਉੱਪਰ ਡੂੰਘਾ ਅਸਰ ਪਾਉਣ ਵਾਲਾ ਹੈ।
ਇਰਾਨ ਦੇ ਰੋਹ ਦਾ ਇਜ਼ਹਾਰ ਅਮਰੀਕੀ-ਇਜ਼ਰਾਇਲ ਗੱਠਜੋੜ ਅਤੇ ਇਨ੍ਹਾਂ ਦੇ ਪਿੱਠੂ ਅਰਬ ਮੁਲਕਾਂ ਵਿਚ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੇ ਰੂਪ ’ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਕੁਝ ਘੰਟਿਆਂ ’ਚ ਹੀ ਇਰਾਨ ਵੱਲੋਂ ਅਮਰੀਕਾ ਦੇ ਤਿੰਨ ਵਿਸ਼ੇਸ਼ ਫ਼ੌਜੀ ਜਹਾਜ਼ਾਂ ਨੂੰ ਫੁੰਡ ਲੈਣ ਦੀ ਖ਼ਬਰ ਹੈ। ਇਜ਼ਰਾਇਲ ਦੇ ਗ਼ੈਰਕਾਨੂੰਨੀ ਪ੍ਰਮਾਣੂ ਹਥਿਆਰਾਂ ਦੇ ਭੰਡਾਰਾਂ ਉੱਪਰ ਇਰਾਨ ਦੇ ਸੰਭਾਵੀ ਹਮਲਿਆਂ ਨਾਲ ਪੈਦਾ ਹੋਣ ਵਾਲੀ ਰੇਡੀਏਸ਼ਨ ਦੇ ਭਿਆਨਕ ਖ਼ਤਰੇ ਬਾਰੇ ਇੰਟਰਨੈਸ਼ਨਲ ਪ੍ਰਮਾਣੂ ਊਰਜਾ ਏਜੰਸੀ ਦੇ ਅਮਰੀਕੀ ਸਾਮਰਾਜ ਦੇ ਚਾਪਲੂਸ ਅਧਿਕਾਰੀ ਬਹੁਤ ਚਿੰਤਤ ਹਨ। ਇਹ ਡਰ ਵੀ ਅਮਰੀਕਾ-ਇਜ਼ਰਾਇਲ ਅਤੇ ਉਨ੍ਹਾਂ ਦੇ ਖਾੜੀ ਜੋਟੀਦਾਰਾਂ ਨੂੰ ਬੇਚੈਨ ਕਰ ਰਿਹਾ ਹੈ।
ਸ਼ੇਅਰ ਬਜ਼ਾਰ ਲੁੜਕ ਗਿਆ ਹੈ। ਵੱਡੇ ਆਰਥਕ ਸੰਕਟ ਦਾ ਖ਼ਤਰਾ ਮੰਡਲਾ ਰਿਹਾ ਹੈ। ਇਰਾਨ ਦੇ ਮੋੜਵੇਂ ਫ਼ੌਜੀ ਪ੍ਰਤੀਕਰਮ ਨਾਲ ਹੋ ਰਹੇ ਆਪਣੇ ਨੁਕਸਾਨ ਨੂੰ ਲੁਕੋਣ ਲਈ ਟਰੰਪ-ਨੇਤਨਯਾਹੂ ਜੁੰਡਲੀ ਤਰ੍ਹਾਂ-ਤਰ੍ਹਾਂ ਦੇ ਮਹਾਂ-ਝੂਠ ਫੈਲਾ ਕੇ ਆਪਣੀ ਅਜਿੱਤ ਤਾਕਤ ਦਾ ਭਰਮ ਬਣਾਈ ਰੱਖਣ ’ਚ ਜੁਟੀ ਹੋਈ ਹੈ। ਉਨ੍ਹਾਂ ਕੋਲ ਮਹਾਂ-ਝੂਠ ਨੂੰ ਫੈਲਾਉਣ ਲਈ ਦੁਨੀਆ ਭਰ ਦਾ ਕਾਰਪੋਰੇਟ ਮਾਲਕੀ ਵਾਲਾ ਧੜਵੈਲ ਗੋਦੀ ਮੀਡੀਆ ਹੈ। ਇਸ ਮੀਡੀਆ ਵੱਲੋਂ ਇਰਾਨ ਵੱਲੋਂ ਮੋੜਵੇਂ ਟਾਕਰੇ ਦੀਆਂ ਖ਼ਬਰਾਂ ਅਤੇ ਜੰਗਬਾਜ਼ ਅਮਰੀਕਾ-ਇਜ਼ਰਾਇਲ ਦੀ ਮੁਜਰਮਾਨਾ ਭੂਮਿਕਾ ਨੂੰ ਦਬਾਉਣਾ ਬਿਲਕੁਲ ਸੁਭਾਵਿਕ ਹੈ। ਪਰ ਟਰੰਪ ਦੀ ਬੌਖਲਾਹਟ ਅਤੇ ਉਸ ਵੱਲੋਂ ਯੁੱਧਬੰਦੀ ਦੇ ਸੰਕੇਤ ਉਸ ਦੇ ਅੰਦਰ ਵਧ ਰਹੀ ਮਾਯੂਸੀ ਵੱਲ ਇਸ਼ਾਰਾ ਕਰਦੇ ਹਨ। ਹਾਲਾਂਕਿ ਇਰਾਨ ਨੇ ਸਪਸ਼ਟ ਕਿਹਾ ਹੈ ਕਿ ਉਹ ਆਪਣੇ ਗੁਆਂਢੀ ਮੁਲਕਾਂ ਨੂੰ ਨਹੀਂ, ਸਿਰਫ਼ ਉੱਥੇ ਮੌਜੂਦ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਰ ਅਮਰੀਕੀ ਸਾਮਰਾਜ ਦੇ ਫ਼ੌਜੀ ਅੱਡੇ ਬਣੀਆਂ ਅਰਬ ਹਕੂਮਤਾਂ ਵਿਚ ਸਾਊਦੀ ਤੇਲ-ਸੋਧਕ ਕਾਰਖ਼ਾਨੇ ਅਤੇ ਮੱਧ ਪੂਰਬ ਦੇ ਹਵਾਈ ਅੱਡਿਆਂ ਉੱਪਰ ਇਰਾਨੀ ਹਮਲਿਆਂ ਨਾਲ ਖਲਬਲੀ ਮਚ ਗਈ ਹੈ। ਉਨ੍ਹਾਂ ਅੰਦਰੋਂ ਰੋਸ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਅਮਰੀਕਾ ਨੇ ਸਾਰੀ ਐਂਟੀ-ਮਿਜ਼ਾਇਲ ਤੇ ਲੜਾਕੂ ਹਵਾਈ ਤਾਕਤ ਆਪਣੇ ਪਿੱਠੂ ਇਜ਼ਰਾਇਲ ਨੂੰ ਬਚਾਉਣ ਲਈ ਲਗਾ ਰੱਖੀ ਹੈ ਅਤੇ ਬਾਕੀ ਮੱਧ ਪੂਰਬੀ ਮੁਲਕਾਂ ਨੂੰ ਇਰਾਨੀ ਮਿਜ਼ਾਇਲ ਹਮਲਿਆਂ ਅੱਗੇ ਅਸੁਰੱਖਿਅਤ ਹਾਲਤ ‘ਚ ਸੁੱਟ ਦਿੱਤਾ ਗਿਆ ਹੈ।
ਤੇਲ ਦੇ ਭਾਅ ਵਧਣ ਅਤੇ ਜੰਗੀ ਖ਼ਰਚਿਆਂ ਦੇ ਭਿਆਨਕ ਬੋਝ ਕਾਰਨ ਧਾੜਵੀ ਯੁੱਧ ਦਾ ਮੁੱਲ ਆਮ ਲੋਕਾਂ ਨੂੰ ਤਾਰਨਾ ਪੈਣਾ ਹੈ। ਅਮਰੀਕਾ ਦੇ ਅੰਦਰ ਵੱਡੀ ਗਿਣਤੀ ਲੋਕ ਯੁੱਧ ਦਾ ਵਿਰੋਧ ਕਰ ਰਹੇ ਹਨ। ਇੱਧਰ ਅਮਰੀਕੀ ਹਕੂਮਤ ਦੇ ਅੰਦਰ ਟਰੰਪ ਦੇ ਵੱਡੇ-ਵੱਡੇ ਦਾਅਵਿਆਂ ਬਾਰੇ ਸਵਾਲ ਉੱਠਣ ਦੀਆਂ ਅਹਿਮ ਰਿਪੋਰਟਾਂ ਵੀ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜੋ ਇਰਾਨ ਦੇ ਤਿੱਖੇ ਪ੍ਰਤੀਕਰਮ ਨਾਲ ਅਮਰੀਕੀ ਪ੍ਰਸ਼ਾਸਨ ’ਚ ਯੁੱਧ ਦੇ ਲਮਕਣ ਦੀ ਵਧ ਰਹੀ ਫ਼ਿਕਰਮੰਦੀ ਦੀਆਂ ਸੂਚਕ ਹਨ। ਵੀਅਤਨਾਮ ਅਤੇ ਅਫ਼ਗਾਨਿਸਤਾਨ ਵਿਚ ਹੋਈ ਨਮੋਸ਼ੀ ਦੀਆਂ ਯਾਦਾਂ ਨਾਲ ਉਨ੍ਹਾਂ ਦੀ ਨੀਂਦ ਹਰਾਮ ਹੋਣੀ ਸੁਭਾਵਿਕ ਹੈ।
ਬੇਸ਼ੱਕ ਅਮਰੀਕੀ-ਇਜ਼ਰਾਇਲੀ ਗੱਠਜੋੜ ਆਪਣੀ ਹਥਿਆਰਬੰਦ ਤਾਕਤ ਦੇ ਜ਼ੋਰ ਇਰਾਨ ਨੂੰ ਵਕਤੀ ਤੌਰ ’ਤੇ ਹਰਾ ਵੀ ਦੇਵੇ ਪਰ ਸ਼ਾਨਦਾਰ ਸਾਮਰਾਜਵਾਦ-ਵਿਰੋਧੀ ਰਵਾਇਤਾਂ ਵਾਲੇ 9 ਕਰੋੜ ਤੋਂ ਵੱਧ ਇਰਾਨੀ ਲੋਕ ਅਮਰੀਕੀ ਸਾਮਰਾਜਵਾਦ ਅੱਗੇ ਹਰਗਿਜ਼ ਨਹੀਂ ਝੁਕਣਗੇ ਅਤੇ ਆਪਣੀ ਪ੍ਰਭੂਸੱਤਾ ਤੇ ਆਜ਼ਾਦ ਹੈਸੀਅਤ ਦੀ ਰਾਖੀ ਲਈ ਜਾਨ-ਹੂਲਵਾਂ ਸੰਘਰਸ਼ ਜਾਰੀ ਰੱਖਣਗੇ। ਅਜਿਹੇ ਸੰਘਰਸ਼ ਜਿੱਤ ਨਾਲੋਂ ਦੁਸ਼ਟ ਸਾਮਰਾਜੀਆਂ ਵਿਰੁੱਧ ਡਟੇ ਰਹਿਣ ਦੇ ਪੱਖੋਂ ਵਧੇਰੇ ਮਹੱਤਵ ਰੱਖਦੇ ਹਨ। ਪਰ ਆਖਿæਰਕਾਰ ਅਮਰੀਕੀ ਸਾਮਰਾਜੀਆਂ (ਅਤੇ ਉਨ੍ਹਾਂ ਦੇ ਜੋਟੀਦਾਰ ਇਜ਼ਰਾਇਲੀ ਸਟੇਟ) ਨੂੰ ਵੀਅਤਨਾਮ ਤੇ ਅਫ਼ਗਾਨਿਸਤਾਨ ਦੀ ਤਰ੍ਹਾਂ ਇੱਥੋਂ ਵੀ ਮੂੰਹ ਭੰਨਾ ਕੇ ਨਮੋਸ਼ੀ ਨਾਲ ਭੱਜਣਾ ਪਵੇਗਾ।
ਦੁਨੀਆ ਭਰ ਦੀਆਂ ਸਾਮਰਾਜਵਾਦ ਵਿਰੋਧੀ ਤਾਕਤਾਂ ਇਸ ਧਾੜਵੀ ਹਮਲੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾ ਰਹੀਆਂ ਹਨ। ਰੂਸ ਅਤੇ ਚੀਨ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। ਅਮਰੀਕੀ-ਇਜ਼ਰਾਇਲੀ ਗੱਠਜੋੜ ਵਿਰੁੱਧ ਦੁਨੀਆ ਵਿਚ ਕਤਾਰਬੰਦੀ ਹੋਣੀ ਤੈਅ ਹੈ ਜੋ ਅਮਰੀਕੀ-ਇਜ਼ਰਾਇਲੀ ਮਨਸੂਬਿਆਂ ਲਈ ਪ੍ਰੇਸ਼ਾਨੀ ਬਣੇਗੀ। ਇਰਾਨ ਦੀ ਪ੍ਰਭੂਸੱਤਾ ਉੱਪਰ ਘਿਣਾਉਣੇ ਨਸਲਪ੍ਰਸਤ ਸਾਮਰਾਜੀ ਹਮਲੇ ਅਤੇ ਇਰਾਨੀ ਆਗੂਆਂ ਦੇ ਬੁਜ਼ਦਿਲ ਤਰੀਕੇ ਨਾਲ ਕੀਤੇ ਕਤਲਾਂ ਦੀ ਸਖ਼ਤ ਨਿਖੇਧੀ ਕਰਨਾ ਅਤੇ ਇਰਾਨ ਦੇ ਸਾਮਰਾਜਵਾਦ ਵਿਰੋਧੀ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਉਣਾ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਦਾ ਫਰਜ਼ ਹੈ। ਜੇ ਇਸ ਧਾੜਵੀ ਹਮਲੇ ਵਿਰੁੱਧ ਮਜ਼ਬੂਤ ਲਹਿਰ ਨਹੀਂ ਉਸਾਰੀ ਜਾਂਦੀ ਤਾਂ ਭੂਤਰੇ ਹੋਏ ਅਮਰੀਕੀ-ਇਜ਼ਰਾਇਲੀ ਹੁਕਮਰਾਨ ਆਉਣ ਵਾਲੇ ਦਿਨਾਂ ਵਿਚ ਹੋਰ ਕਮਜ਼ੋਰ ਮੁਲਕਾਂ ਨੂੰ ਵੀ ਨਿਸ਼ਾਨਾ ਬਣਾਉਣਗੇ।

ਬਾਕਸ:
ਇਰਾਨ ਉੱਪਰ ਅਮਰੀਕੀ-ਇਜ਼ਰਾਇਲੀ ਹਮਲੇ ਕੌਮਾਂਤਰੀ ਨੇਮਾਂ-ਕਾਨੂੰਨਾਂ ਦੀ ਖੁੱਲ੍ਹੇਆਮ ਉਲੰਘਣਾ
ਅਮਰੀਕੀ ਅਤੇ ਇਜ਼ਰਾਈਲੀ ਹਕੂਮਤਾਂ ਨੇ ਇਨ੍ਹਾਂ ਹਮਲਿਆਂ ਨੂੰ ਇਰਾਨ ਦਾ ‘ਸਿਰ ਲਾਹੁਣ ਵਾਲਾ ਹਮਲਾ’ ਕਿਹਾ ਹੈ, ਉਨ੍ਹਾਂ ਨੇ ਆਪਣਾ ਉਦੇਸ਼ ਹਕੂਮਤ-ਬਦਲੀ (regime change) ਖੁੱਲ੍ਹੇਆਮ ਐਲਾਨਿਆ ਹੈ। ਇਹ ਕਾਰਵਾਈ ਸਵੈ-ਰੱਖਿਆ ਦੇ ਸਿਧਾਂਤਾਂ ਦੇ ਤਹਿਤ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਅਤੇ ਜ਼ਾਹਰਾ ਤੌਰ ‘ਤੇ ਹਮਲਾਵਰ ਹੈ। ਇਰਾਨ ਵੱਲੋਂ ਕਿਸੇ ਤੁਰੰਤ ਹੋਣ ਵਾਲੇ ਹਥਿਆਰਬੰਦ ਹਮਲੇ ਦਾ ਕੋਈ ਸਬੂਤ ਨਹੀਂ ਸੀ, ਇਸ ਕਾਰਨ ਇਹ ਹਮਲੇ ਬਿਨਾਂ ਉਕਸਾਵੇ ਦੇ ਗ਼ੈਰ-ਕਾਨੂੰਨੀ ਹਨ।
ਅੰਤਰਰਾਸ਼ਟਰੀ ਕਾਨੂੰਨ ਦੀਆਂ ਮੁੱਖ ਉਲੰਘਣਾਵਾਂ:
1) ਯੂ.ਐੱਨ. ਚਾਰਟਰ (ਆਰਟੀਕਲ 2(4)) ਦੀ ਉਲੰਘਣਾ: ਯੂ.ਐੱਨ. ਚਾਰਟਰ ਅਨੁਸਾਰ ਸਾਰੇ ਰਾਜ ਕਿਸੇ ਵੀ ਮੁਲਕ ਦੀ ਭੂ-ਅਖੰਡਤਾ ਜਾਂ ਰਾਜਨੀਤਿਕ ਆਜ਼ਾਦੀ ਦੇ ਖ਼ਿਲਾਫ਼ ਤਾਕਤ ਦੀ ਧਮਕੀ ਜਾਂ ਵਰਤੋਂ ਨਹੀਂ ਕਰਨਗੇ। ਅਮਰੀਕਾ–ਇਜ਼ਰਾਈਲ ਨੇ ਯੂ.ਐੱਨ.ਸੁਰੱਖਿਆ ਕੌਂਸਲ ਦੀ ਮਨਜ਼ੂਰੀ ਅਤੇ ਆਰਟੀਕਲ 51 ਹੇਠ ਜਾਇਜ਼ ਸਵੈ-ਰੱਖਿਆ ਦੇ ਦਾਅਵੇ ਤੋਂ ਬਗ਼ੈਰ, ਸਿੱਧੇ ਤੌਰ ‘ਤੇ ਇਰਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ।
ਐਟਲਾਂਟਿਕ ਕੌਂਸਲ ਦੇ ਵਿਦਵਾਨਾਂ ਸਮੇਤ ਕਈ ਕਾਨੂੰਨੀ ਮਾਹਿਰਾਂ ਅਤੇ ਯੂ.ਐੱਨ. ਦੇ ਜਨਰਲ ਸਕੱਤਰ ਦੇ ਬਿਆਨਾਂ ਨੇ ਇਸਨੂੰ ਚਾਰਟਰ ਦੀ ‘ਬੇਕਿਰਕ ਉਲੰਘਣਾ’ ਕਿਹਾ ਹੈ। ਰੂਸ ਅਤੇ ਚੀਨ ਨੇ ਵੀ ਇਸਨੂੰ ਯੂ.ਐੱਨ. ਦੇ ਮੂਲ ਸਿਧਾਂਤਾਂ ਨੂੰ ‘ਦਰੜਨਾ’ ਕਿਹਾ ਹੈ ਅਜਿਹੀ ਕਾਰਵਾਈ ਲਈ ਕੋਈ ਕਾਨੂੰਨੀ ਆਦੇਸ਼ ਨਹੀਂ ਸੀ।
2) ਸਵੈ-ਰੱਖਿਆ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨਾ (ਆਰਟੀਕਲ 51 ਅਤੇ ਰਵਾਇਤੀ ਕਾਨੂੰਨ): ਸਵੈ-ਰੱਖਿਆ ਸਿਰਫ਼ ਚੱਲ ਰਹੇ ਹਥਿਆਰਬੰਦ ਹਮਲੇ ਦੇ ਜਵਾਬ ਵਿਚ ਹੀ ਜਾਇਜ਼ ਹੈ ਅਤੇ ‘ਕੈਰੋਲਾਈਨ ਟੈਸਟ’ ਅਨੁਸਾਰ ਇਹ ਲਾਜ਼ਮੀ ਅਤੇ ਅਨੁਪਾਤੀ ਹੋਣੀ ਚਾਹੀਦੀ ਹੈ। ਇੱਥੇ ਹਮਲੇ ਪਹਿਲਾਂ ਕੀਤੇ ਗਏ—ਇਰਾਨ ਦੇ ਪਰਮਾਣੂ ਪ੍ਰੋਗਰਾਮ ਜਾਂ ਉਸਦੇ ਪ੍ਰਾਕਸੀ ਗਰੁੱਪਾਂ ਦੀਆਂ ਸਰਗਰਮੀਆਂ ਵਰਗੀਆਂ ਅਸਪਸ਼ਟ ਧਮਕੀਆਂ ਦੇ ਆਧਾਰ ‘ਤੇ—ਕਿਸੇ ਤੁਰੰਤ ਖ਼ਤਰੇ ਦਾ ਕੋਈ ਸਬੂਤ ਨਹੀਂ। ਅਮਰੀਕਾ–ਇਜ਼ਰਾਈਲ ਗੱਠਜੋੜ ਅਤੇ ਇਰਾਨ ਵਿਚਕਾਰ ਤਾਕਤ ਦਾ ਅਸਾਵਾਂਪਣ ਵੀ ਸਵੈ-ਰੱਖਿਆ ਦੇ ਦਾਅਵੇ ਨੂੰ ਕਮਜ਼ੋਰ ਕਰਦਾ ਹੈ, ਕਿਉਂਕਿ ਇਰਾਨ ਵੱਲੋਂ ਇਨ੍ਹਾਂ ਦੀ ਹੋਂਦ ਲਈ ਤੁਰੰਤ ਖ਼ਤਰਾ ਨਹੀਂ ਸੀ।
3) ਜ਼ਿੰਦਗੀ ਦੇ ਅਧਿਕਾਰ ਦੀ ਉਲੰਘਣਾ (ਅੰਤਰਰਾਸ਼ਟਰੀ ਨਾਗਰਿਕ ਅਤੇ ਰਾਜਨੀਤਕ ਅਧਿਕਾਰ ਸੰਧੀ ICCPR ਆਰਟੀਕਲ 6): ਇਸ ਸੰਧੀ ਤਹਿਤ ਜ਼ਿੰਦਗੀ ਤੋਂ ਮਨਮਾਨੇ ਤਰੀਕੇ ਨਾਲ ਵਾਂਝੇ ਕਰਨ ਦੀ ਮਨਾਹੀ ਹੈ। ਸ਼ਾਂਤੀ ਦੇ ਸਮੇਂ ਰਾਜਨੀਤਕ ਆਗੂਆਂ ਨੂੰ ਗਿਣ-ਮਿੱਥ ਕੇ ਮਾਰਨਾ ਕਤਲ ਦੇ ਬਰਾਬਰ ਹੈ। ਨਾਗਰਿਕਾਂ ਦੀ ਤਾਂ ਗੱਲ ਛੱਡੋ, ਗ਼ੈਰ-ਫ਼ੌਜੀ ਰਾਜਨੀਤਕ ਅਤੇ ਧਾਰਮਿਕ ਅਧਿਕਾਰੀ ਵਜੋਂ ਖ਼ੁਦ ਖ਼ਾਮੇਨੇਈ ਦੀ ਜ਼ਿੰਦਗੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਆਉਂਦੀ ਸੀ।
4) ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਹੇਠ ਯੁੱਧ ਅਪਰਾਧ (ਜਨੇਵਾ ਕਨਵੈਨਸ਼ਨ): ਜੇਕਰ ਇਸਨੂੰ ਹਥਿਆਰਬੰਦ ਟਕਰਾਅ ਦੇ ਪ੍ਰਸੰਗ ਵਿਚ ਵੀ ਦੇਖਿਆ ਜਾਵੇ ਤਾਂ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ (IHL) ਫ਼ੌਜੀਆਂ ਅਤੇ ਨਾਗਰਿਕਾਂ ਵਿਚਕਾਰ ਸਪਸ਼ਟ ਫ਼ਰਕ, ਅਨੁਪਾਤਕਤਾ ਅਤੇ ਲਾਜ਼ਮੀਪਣ ਦੀ ਮੰਗ ਕਰਦਾ ਹੈ। ਖ਼ਾਮਨੇਈ ਦਾ ਕਤਲ ਅਤੇ ਸਕੂਲਾਂ ਵਰਗੇ ਗ਼ੈਰ-ਫ਼ੌਜੀ ਥਾਵਾਂ ਉੱਤੇ ਹਮਲੇ ਇਨ੍ਹਾਂ ਸਿਧਾਂਤਾਂ ਦੀ ਉਲੰਘਣਾ ਹਨ ਅਤੇ ਰੋਮ ਸੰਧੀ (Rome Statute) ਦੇ ਆਰਟੀਕਲ 7 ਅਤੇ 8 ਤਹਿਤ ਯੁੱਧ ਅਪਰਾਧ ਬਣਦੇ ਹਨ—ਖ਼ਾਸ ਕਰਕੇ ਜੇ ਇਹ ਨਾਗਰਿਕਾਂ ‘ਤੇ ਵਿਆਪਕ ਹਮਲੇ ਦਾ ਹਿੱਸਾ ਹੋਵੇ।
5) ਹਮਲੇ ਦਾ ਅਪਰਾਧ (Rome Statute ਆਰਟੀਕਲ 8 bis)
ਇਹ ਕਾਰਵਾਈ ਯੂ.ਐੱਨ. ਚਾਰਟਰ ਦੀ ਉਲੰਘਣਾ ਕਰਦਿਆਂ ਹਮਲੇ ਦੀ ਯੋਜਨਾ ਅਤੇ ਅਮਲ ਵਜੋਂ ਯੋਗ ਹੈ ਅਤੇ ਇਸਦੇ ਪੱਧਰ ਅਤੇ ਇਰਾਨ ਦੀ ਸਰਕਾਰ ਨੂੰ ਅਸਥਿਰ ਕਰਨ ਦੇ ਇਰਾਦੇ ਕਾਰਨ ‘ਜ਼ਾਹਰਾ ਉਲੰਘਣਾ’ ਬਣਦੀ ਹੈ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਅਪਰਾਧ ਸਬੰਧੀ ਇਸ ਰੋਮ ਸੰਧੀ ਦੇ ਪੂਰੇ ਹਿੱਸੇਦਾਰ ਨਹੀਂ ਹਨ, ਫਿਰ ਵੀ ਅੰਤਰਰਾਸ਼ਟਰੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਫ਼ੌਜਦਾਰੀ ਅਦਾਲਤ ਅਤੇ ਯੂ.ਐੱਨ. ਸੁਰੱਖਿਆ ਕੌਂਸਲ ਵਰਗੀਆਂ ਸੰਸਥਾਵਾਂ ਜੇਕਰ ਜਾਂਚ ਕਰਕੇ ਟਰੰਪ ਅਤੇ ਨੇਤਨਯਾਹੂ ਨੂੰ ਮੁਜਰਿਮ ਨਹੀਂ ਠਹਿਰਾਉਂਦੀਆਂ ਤਾਂ ਇਨ੍ਹਾਂ ਦੀ ਨਾਮਨਿਹਾਦ ਭਰੋਸੇਯੋਗਤਾ ਵੀ ਨਹੀਂ ਰਹੇਗੀ।
ਇਸ ਕਤਲ ਦੀ ਆਲਮੀ ਪੱਧਰ ‘ਤੇ ਨਿੰਦਾ ਹੋਈ ਹੈ। ਇਰਾਨ ਦੇ ਸੰਗੀਆਂ (ਜਿਵੇਂ ਰੂਸ, ਚੀਨ, ਉੱਤਰੀ ਕੋਰੀਆ) ਨੇ ਇਸਨੂੰ ‘ਗੈਰ-ਕਾਨੂੰਨੀ ਹਮਲਾ’ ਕਿਹਾ ਹੈ, ਜਦਕਿ ਪੱਛਮੀ ਵਿਸ਼ਲੇਸ਼ਣਾਂ ਨੇ ਵੀ ਕੌਮਾਂਤਰੀ ਸਥਿਰਤਾ ਲਈ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ। ਕਤਲ ਦੇ ਹਮਾਇਤੀ ਇਰਾਨ ਦੀਆਂ ਮਿਲੀਸ਼ਿਆ ਕਾਰਵਾਈਆਂ ਜਾਂ ਪਰਮਾਣੂ ਇਰਾਦਿਆਂ ਤੋਂ ਦੂਰਗਾਮੀ ਖ਼ਤਰੇ ਦਾ ਹਵਾਲਾ ਦੇ ਸਕਦੇ ਹਨ, ਪਰ ਬਿਨਾਂ ਕਿਸੇ ਚੱਲ ਰਹੇ ਹਮਲੇ ਦੇ ਸਬੂਤ ਦੇ ਇਹ ਤਰਕ ਕਾਨੂੰਨੀ ਜਾਂਚ ਦੀ ਕਸੌਟੀ ਅੱਗੇ ਨਹੀਂ ਟਿਕਦੇ।
ਹਕੂਮਤ-ਬਦਲੀ ਦੇ ਕੁਤਰਕ ਦੀ ਵੀ ਕੋਈ ਵਾਜਬੀਅਤ ਨਹੀਂ ਹੈ ਕਿਉਂਕਿ ਅੰਤਰਰਾਸ਼ਟਰੀ ਕਾਨੂੰਨ ਯੂ.ਐੱਨ. ਦੀ ਮਨਜ਼ੂਰੀ ਤੋਂ ਬਿਨਾਂ ਤਾਕਤ ਨਾਲ ਕਿਸੇ ਸਰਕਾਰ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿੰਦਾ। ਬਦਲੇ ਦੀ ਕਾਰਵਾਈ ਨੂੰ ਸੱਦਾ ਦੇਣ ਵਾਲਾ ਇਹ ਹਮਲਾ ਕੂਟਨੀਤਕ ਯਤਨਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਤਾਕਤਵਰ ਰਾਜਾਂ ਵੱਲੋਂ ਬੇਲਗਾਮ ਕਾਰਵਾਈਆਂ ਲਈ ਖ਼ਤਰਨਾਕ ਮਿਸਾਲ ਸਥਾਪਤ ਕਰਦਾ ਹੈ।
ਇਨ੍ਹਾਂ ਸਾਰੇ ਤੱਥਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਤੇ ਯੂ.ਐੱਨ. ਸਕਿਊਰਿਟੀ ਕੌਂਸਲ ਇਨ੍ਹਾਂ ਕਤਲਾਂ ਦੀ ਜਾਂਚ ਰੋਮ ਸੰਧੀ ਦੇ ਤਹਿਤ ਸੰਭਾਵਿਤ ਯੁੱਧ ਅਪਰਾਧ, ਮਨੁੱਖਤਾ ਵਿਰੁੱਧ ਅਪਰਾਧ ਅਤੇ ਹਮਲੇ ਦੇ ਰੂਪ ਵਿਚ ਕਰਨ ਅਤੇ ਜਾਂਚ ਵਿਚ ਜੁਰਮ ਸਾਬਤ ਹੋਣ ਉਪਰੰਤ ਟਰੰਪ ਅਤੇ ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ।