ਬਲਕਾਰ ਸਿੰਘ ਪਰੋਫੈਸਰ
ਡਾ. ਓਅੰਕਾਰ ਸਿੰਘ ਦੀ ਸੱਜਰੀ ਛਪੀ ਪੁਸਤਕ ‘ਕਰਤੇ ਕੀਆਂ ਬਾਤਾਂ’ ਰੀਥਿੰਕਸ ਬੁਕਸ ਵੱਲੋਂ ਛਾਪੀ ਗਈ ਹੈ। 23 ਲੇਖਾਂ ਦੀ 143 ਸਫਿਆਂ ਵਾਲੀ ਇਸ ਪੁਸਤਕ ਦੀ ਕੀਮਤ 349 ਰੁਪਏ ਹੈ। ਇਹ ਸਾਰੇ ਲੇਖ ਰਸਾਲਿਆਂ ਅਤੇ ਅਖਬਾਰਾਂ ਵਿਚ ਪੁਸਤਕ ਵਜੋਂ ਸਾਹਮਣੇ ਆਉਣ ਤੋਂ ਪਹਿਲਾਂ ਛਪਦੇ ਰਹੇ ਹਨ। ਲੇਖਕ ਨੂੰ ਮੈਂ ਆਪਣੀ ਲਗਨ ਅਤੇ ਮਿਹਨਤ ਦੇ ਸਹਾਰੇ
ਵਿਦਿਆਰਥੀ ਤੋਂ ਵਿਦਵਾਨ ਬਣਦੇ ਵੇਖਿਆ ਹੈ। ਲੇਖਕ ਨੇ ਖੋਜੀ ਬਿਰਤੀ ਨਾਲ ਸਮਝ ਆਏ ਵੇਰਵਿਆਂ ਨੂੰ ਗੁਰੂ ਦੀ ਬਖਸ਼ਿਸ਼ ਵਾਂਗ ਸੰਭਾਲਣ ਦੀ ਕੋਸ਼ਿਸ਼ ਇਸ ਪੁਸਤਕ ਰਾਹੀਂ ਕੀਤੀ ਹੈ। ਲੇਖਕ ਮੇਰੇ ਵਿਦਿਆਰਥੀਆਂ ਵਿਚੋਂ ਮਾਂ ਦਾ ਚੰਡਿਆ ਹੋਇਆ ਵਿਦਿਆਰਥੀ, ਇਸ ਕਰਕੇ ਸੀ ਕਿਉਂਕਿ ਉਸ ਨੂੰ ਬਚਪਨ ਵਿਚ ਨਾਸ਼ਤਾ ਨਿਤਨੇਮ ਕਰਣ ਤੋਂ ਬਾਅਦ ਮਿਲਦਾ ਰਿਹਾ ਸੀ। ਬਾਣੀ ਵਿਚ ਖੁੱਭੀ ਹੋਈ ਉਸ ਦੀ ਵਿਰਾਸਤੀ ਪਹੁੰਚ, ਗੁਰੂ ਦੇ ਨਾਮ `ਤੇ ਜਿਊਣ ਵਾਲੀ ਪੰਜਾਬੀ ਭਾਵਨਾ ਨੂੰ ਨਾਲ ਲੈ ਕੇ ਤੁਰਦੀ ਰਹੀ ਹੈ। ਇਹ ਪੁਸਤਕ ਉਸ ਨੇ ਆਪਣੀ ਮਾਂ ਨੂੰ ਸਮਰਪਿਤ ਕਰਦਿਆਂ ਸਵੀਕਾਰ ਕੀਤਾ ਹੈ ਕਿ ‘ਸਮਰਪਿਤ: ਮਾਂ ਦੀ ਸੰਘਣੀ ਛਾਂ ਨੂੰ ਜਿਸ ਹੇਠ ਬੈਠ ਕੇ ਕਰਤੇ ਕੀਆਂ ਬਾਤਾਂ ਪੜ੍ਹੀਆਂ ਅਤੇ ਸਿੱਖੀਆਂ’। ਅਹਿਸਾਸੀ ਵਿਰਾਸਤ ਦੀ ਸਮਝ ਅਤੇ ਅਨੁਭਵ ਨਾਲ ਜੁੜੀ ਹੋਈ ਇਹ ਪੁਸਤਕ, ਮਾਂ ਦੇ ਭੋਗ ਵਾਲੇ ਦਿਨ ਲੇਖਕ ਕੋਲ ਪਹੁੰਚੀ ਸੀ। ਧਰਮ ਦੀ ਵਿਆਕਰਣ ਵਿਚ ਏਧਰ-ਓਧਰ ਖਿੱਲਰੇ ਵਰਤਾਰਿਆਂ ਦੀ ਭੂਮਿਕਾ ਨਾਲ ਜੁੜੀਆਂ ਹੋਈਆਂ ਗੱਲਾਂ ਨਾਲ ਇਹ ਪੁਸਤਕ ਸਬੰਧਿਤ ਹੈ।
ਪੁਸਤਕ ਦਾ ਪਹਿਲਾ ਲੇਖ ਪੁਸਤਕ ਦੇ ਨਾਮ ਨਾਲ ਜੁੜਿਆ ਹੋਇਆ ਹੈ ਅਤੇ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਕਹਿ ਕੇ ਕੀਤੀ ਹੋਈ ਹੈ ਕਿ ‘ਧਰਤ ਲੋਕਾਈ ਨੂੰ ਸੋਧਣ ਦਾ ਪ੍ਰੋਗਰਾਮ ਉਲੀਕਣ’ ਵਾਸਤੇ ਸਿੱਖ ਸਿਧਾਂਤਕੀ ਦੀ ਨੀਂਹ ਰੱਖੀ ਗਈ ਸੀ। ਇਹ ਸਿਧਾਂਤਕੀ ‘ਸ਼ਬਦ ਦੀ ਖੜਗ ਨਾਲ ਇਸ ਧਰਤਿ ਉਤੇ ਧਰਮ ਧੁਜਾ ਫਹਿਰਾਉਣਾ ਹੈ’। ਅਧਿਆਤਮ ਦੇ ਖੇਤਰ ਵਿਚ ਧਰਮ ਅਤੇ ਸਭਿਆਚਾਰ ਨੂੰ ਇਕੱਠੇ ਤੋਰਨ ਦੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ ਹਨ ਕਿਉਂਕਿ ਆਮ ਬੰਦੇ ਨੂੰ ਧਰਮ ਮੁਖੀਆਂ ਦੀ ਸੇਵਾ ਕਰਨ ਨੂੰ ਧਰਮ ਕਮਾਉਣਾ ਮੰਨਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇਸ ਅੰਧ ਧਾਰਮਿਕਤਾ ਨੂੰ ਤੋੜਣ ਵਾਸਤੇ ਆਮ ਬੰਦੇ ਲਈ ਮੁਕਤੀ ਮਾਡਲ ਸਾਹਮਣੇ ਲਿਆਂਦਾ। ਉਸ ਨੂੰ ਆਮ ਬੰਦੇ ਦੇ ਮੁਹਾਵਰੇ ਵਿਚ ਮਾਨਸਿਕ ਬਦਲਾਵ ਵਾਸਤੇ ਵਰਤਣ ਦਾ ਗੁਰਮਤਿ ਗਾਡੀ ਰਾਹ ਸਿੱਖ ਧਰਮ ਅਖਵਾਇਆ। ਇਸ ਵਿਚੋਂ ਬਿਨਸਣਹਾਰ ਪਹਿਲੂਆਂ ਰਾਹੀਂ ਪੈਦਾ ਹੋਣ ਵਾਲੇ ਭਰਮ ਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਦਾ ਰਾਹ ਰੋਕਣ ਲਈ, ਧਰਮ ਦੇ ਨਾਮ `ਤੇ ਬੰਦੇ ਦੀ ਧਾਰਮਿਕ ਇਜਾਰੇਦਾਰੀ ਨੂੰ ਮਨਫੀ ਕਰਕੇ, ਸ਼ਬਦ-ਗੁਰੂ ਦਾ ਅਬਿਨਸਣਹਾਰ ਮਾਡਲ ਸਥਾਪਤ ਹੋ ਗਿਆ ਸੀ/ਹੈ। ਏਸੇ ਨਾਲ ਜੁੜੇ ਹੋਏ ਵਰਤਾਰਿਆ ਨੂੰ ਲੇਖਕ ‘ਕਰਤੇ ਕੀਆਂ ਬਾਤਾਂ’ ਕਹਿ ਰਿਹਾ ਹੈ। ਇਹ ਸਿੱਖ-ਮਾਰਗ, ਧਰਮ ਦੇ ਨਾਮ `ਤੇ ਪੈਦਾ ਹੋ ਗਈ ਠੱਗ ਮਾਨਸਿਕਤਾ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਆਮ ਬੰਦੇ ਦੀ ਸਮਝ ਦਾ ਸੌਖਿਆਂ ਹਿੱਸਾ ਬਣ ਸਕਣ ਵਾਲੇ ਇਸ ਸਿਧਾਂਤ ਦੀ ਨੀਂਹ, ਉੱਚੀ ਜਾਤੀ ਵਿਚ ਜੰਮੇ ਗੁਰੂ ਨਾਨਕ ਸਾਹਿਬ ਅਤੇ ਨੀਵੀਂ ਜਾਤੀ ਵਿਚ ਜੰਮੇ ਭਾਈ ਮਰਦਾਨਾ ਵਿਚ ਕੋਈ ਫਰਕ ਨ ਕਰਣ `ਤੇ ਟਿਕੀ ਹੋਈ ਹੈ। ਇਸ ਦੇ ਵੇਰਵੇ ਪੁਸਤਕ ਦੇ ਪਹਿਲੇ ਲੇਖ ਵਿਚ ਆ ਗਏ ਹਨ। ਇਸ ਦੀ ਸ਼ਾਹਦੀ ਮੱਕੇ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਯਾਦਗਾਰ ਦੇ ਨਾਲ ਹਜ਼ਰਤ ਸੁਲਤਾਨ ਬਾਹੂ ਅਤੇ ਸ਼ੇਖ ਫਰੀਦ ਦੀਆਂ ਯਾਦਗਾਰੀ ਨਿਸ਼ਾਨੀਆਂ ਨਾਲ ਪੁਸ਼ਟ ਹੋ ਜਾਂਦੀ ਹੈ।
ਪੁਸਤਕ ਵਿਚ ‘ਜੋਤਿ ੲਹਾ ਜੁਗਤਿ ਸਾਇ’ ਦੀ ਰੌਸ਼ਨੀ ਵਿਚ ਦਸਾਂ ਗੁਰੂ ਪਾਤਸ਼ਾਹੀਆਂ ਦੀਆਂ ਗੱਲਾਂ ਸੁਣਾਉਂਦਿਆਂ ਰੱਬ ਦਾ ਧਰਤੀ ਉਤੇ ਉਤਰ ਕੇ ਜਗ-ਤਾਰਕ ਵਜੋਂ ਵਿਚਰਨਾ ਅਤੇ ਦੂਜਿਆਂ ਦੇ ਦੂਜੇਪਨ ਵਾਸਤੇ ਸ਼ਹੀਦ ਵਾਂਗ ਸਦਾ ਜਿਊਂਦੇ ਰਹਿਣ ਨੂੰ ਵੀ ਲੇਖਕ ਨੇ ਸਾਹਮਣੇ ਲਿਆਂਦਾ ਹੋਇਆ ਹੈ। ਦੇਹੀ-ਪ੍ਰਾਂਜਲਤਾ (physical transcendence) ਦੇ ਮਾਧਿਅਮ ਰਾਹੀਂ ਸ਼ਹੀਦੀ ਦੇ ਮਾਧਿਅਮ ਨਾਲ ਪਰਿਵਰਤਣ (transformation) ਦੇ ਪਰਤ ਵਰਤਾਰਿਆਂ ਦਾ ਪ੍ਰਸੰਗ ਉਸਾਰ ਵੀ ਇਸ ਪੁਸਤਕ ਦਾ ਹਿੱਸਾ ਹੋ ਗਿਆ ਹੈ। ਕਿਸੇ ਨਾ ਕਿਸੇ ਰੂਪ ਵਿਚ ਇਹ ਵੀ ਇਸ ਪੁਸਤਕ ਵਿਚ ਸੰਭਾਲਿਆ ਹੋਇਆ ਹੈ ਕਿ ਧਰਮ ਵਿਚੋਂ ਗੁਆਚੀ ਰੂਹ ਦੀ ਸਥਾਪਨਾ ਦਾ ਸੰਘਰਸ਼, ਸ਼ਾਨਾਮੱਤੇ ਸਿੱਖ ਇਤਿਹਾਸ ਰਾਹੀਂ ਵੇਖਿਆ ਜਾ ਸਕਦਾ ਹੈ। ਏਸੇ ਨੂੰ ਬਗਾਵਤ ਦੇ ਨਾਮ `ਤੇ ਨਰ ਸੰਘਾਰ ਦੀ ਸਿਆਸਤ ਵੀ ਆਖਿਆ ਹੋਇਆ ਹੈ। ਸਿੱਖੀ ਰਾਹੀਂ ਕਿਸੇ ਵੀ ਪਰਾਪਤ ਧਰਮ ਦਾ ਬਦਲ ਸਾਹਮਣੇ ਲਿਆਉਣ ਦੀ ਥਾਂ, ਦੇਹਧਾਰੀ ਅਗਵਾਈ ਵਿਚ ਬਿਨਸਣਹਾਰ ਵਰਤਾਰਿਆਂ ਦਾ ਸ਼ਿਕਾਰ ਹੋਣ ਤੋਂ ਬਚਾਅ ਦੀ ਸਿਧਾਂਤਕਤਾ ਨੂੰ ਸ਼ਬਦ-ਗੁਰੂ ਅਰਥਾਤ ਗਰੰਥ ਅਤੇ ਪੰਥ ਰਾਹੀਂ ਅਕਾਲ ਦੀ ਅਗਵਾਈ ਵਿਚ ਪੈਦਾ ਹੋਏ ਨਿਰਾਲੇਪਨ ਵਜੋਂ ਸਥਾਪਤ ਕੀਤਾ ਹੋਇਆ ਹੈ।
ਪੁਸਤਕ ਪੜ੍ਹਦਿਆਂ ਮੈਨੂੰ ਲੱਗਿਆ ਹੈ ਕਿ ਸਿਆਸਤ ਦੇ ਪੈਰੋਂ ਧਰਮ ਦੀਆਂ ਖੁਆਰੀਆਂ ਨਾਲ ਜੂਝਣ ਵਾਸਤੇ, ਸੰਤ ਅਤੇ ਸਿਪਾਹੀ ਦੀ ਮੁਜੱਸਮ ਸ਼ਖਸੀਅਤ ਦੀ ਘਾੜਤ, ਮੀਰੀ-ਪੀਰੀ ਦੀ ਸਿਧਾਂਤਕ ਅਗਵਾਈ ਵਿਚ ਪਹੁਤੇ ਪਾਂਧੀ ਦੇ ਮਾਨਵ ਮਾਡਲ ਨੂੰ ਸਮਾਜਿਕਤਾ ਵਿਚ ਉਤਾਰਿਆ ਗਿਆ ਸੀ। ਅਜਿਹਾ ਸਿਧਾਂਤ ਸਿਆਸਤ ਤੋਂ ਬਚਾ ਕੇ ਹੀ ਸੰਭਵ ਹੁੰਦਾ ਰਿਹਾ ਹੈ ਅਤੇ ਹੁੰਦਾ ਰਹਿਣਾ ਚਾਹੀਦਾ ਹੈ। ਜਿਹੜੇ ਹਵਾਲੇ ਸਿੱਖ ਸਿਧਾਂਤਕੀ ਦੇ ਪ੍ਰਗਟਾਵਿਆਂ ਵਜੋਂ ਇਸ ਪੁਸਤਕ ਦਾ ਹਿੱਸਾ ਹੋ ਗਏ ਹਨ, ਉਨ੍ਹਾਂ ਵਿਚੋਂ ਸਿੱਖੀ ਵਿਚ ਪਰਵੇਸ਼ ਕਰ ਸਕਣ ਦੀਆਂ ਸੰਭਾਵਨਾਵਾਂ ਨੂੰ ‘ਸੋਹਣਾ ਤੇ ਮੋਹਣਾ’ ਦੇ ਲੇਖ ਵਿਚੋਂ ਵੇਖਿਆ ਜਾ ਸਕਦਾ ਹੈ। ਇਸ ਨਾਲ ਸ਼ਰਧਾ ਦੇ ਪੂਜਕ-ਰੰਗ ਦੀ ਥਾਂ `ਤੇ ਸ਼ਰਧਾ ਦੇ ਧਾਰਕ ਰੰਗ ਨੂੰ, ਸਿੱਖੀ ਨੇ ਗੁਰਮੁਖ ਦੀ ਸੰਗਯਾ ਦੇ ਕੇ, ਜਿਹੋ-ਜਿਹੇ ਮਨੁੱਖ ਦੀ ਸਿਰਜਣਾ ਦਾ ਰਾਹ ਸਾਹਮਣੇ ਲੈ ਆਂਦਾ ਹੈ, ਉਸ ਦੀ ਬਾਤ ਪਾਉਂਦੀ ਹੈ ਸੋਹਣਾ ਤੇ ਮੋਹਣਾ ਦੀ ਜ਼ਿੰਦਗੀ। ਪਰ ਜਦੋਂ ਦਸਮ ਪਾਤਸ਼ਾਹ ਹਜ਼ੂਰ ਉਨ੍ਹਾਂ ਦੇ ਅਨੁਭਵ ਵਿਚ ਪ੍ਰਤੱਖ ਹਰਿ ਵਾਂਗ ਪਰਵੇਸ਼ ਕਰਦੇ ਹਨ, ਤਾਂ ਉਹ ਸੇਵਾ ਅਤੇ ਸੰਤੋਖ ਰਾਹੀਂ ਮੁਕਤ ਹੋ ਸਕਣ ਦੇ ਪਾਂਧੀ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਨਤੀਜਿਆਂ ਨੂੰ ਮੁਕਤਿਆਂ ਦੇ ਬਿੰਬ ਰਾਹੀਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ ਕਿਉਂਕਿ ਗੁਰੂ ਆਪਣੇ ਬਿਰਦ ਦੀ ਪਾਲਣਾ ਕਰਨ ਵਾਸਤੇ ਆਪਣੇ ਸੇਵਕ ਅਰਥਾਤ ਸਿੱਖ ਨੂੰ ਗੋਦੀ ਵਿਚ ਲੈਣ ਲਈ ਲੋੜਵੰਦ ਤੱਕ ਪਹੁੰਚਦਾ ਹੈ। ਸਿੱਖ ਪਰਸੰਗ ਵਿਚ ਗੁਰੂ, ਸ਼ਬਦ-ਗੁਰੂ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਨਿਕਲਦੇ ਗਾਡੀ ਰਾਹ `ਤੇ ਤੁਰ ਕੇ ਕੋਈ ਵੀ ਪ੍ਰਾਣੀ ਪਹੁਤਾ ਪਾਂਧੀ ਅਰਥਾਤ ਗੁਰੂ ਦਾ ਸਿੱਖ ਬਣ ਸਕਦਾ ਹੈ।
ਇਸ ਪੁਸਤਕ ਵਿਚ ਦਸਾਂ ਹੀ ਪਾਤਸ਼ਾਹੀਆਂ ਦੇ ਹਵਾਲੇ ਨਾਲ ਬੰਦੇ ਦੇ ਮਾਨਸਿਕ ਪਰਿਵਰਤਣ ਦੀਆਂ ਸੰਭਾਵਨਾਵਾਂ ਦੀਆਂ ਗੱਲਾਂ, ਰੌਚਿਕ ਸ਼ੈਲੀ ਵਿਚ ਕੀਤੀਆਂ ਹੋਈਆਂ ਹਨ। ਕਿਸੇ ਵੀ ਸਮਕਾਲ ਨੂੰ ਲੋੜੀਂਦੇ ਬਦਲਾਅ ਦੀ ਸਿਧਾਂਤਕੀ ਦਾ ਲਾਹਾ ਲੈਣ ਵਾਸਤੇ ਸੰਭਾਲਣਯੋਗ ਮਾਨਸਿਕਤਾ ਦੀ ਲੋੜ ਹੈ। ਇਸ ਵਿਚ ਰੁਕਾਵਟ ਵੀ ਉਲਾਰ ਮਾਨਸਿਕਤਾ ਹੀ ਹੈ। ਅਗਿਆਨ, ਅਜਿਹੀ ਮਾਨਸਿਕਤਾ ਦੀ ਚੂਲ ਹੋ ਜਾਂਦਾ ਹੈ। ਸੰਗਤੀ ਜੁਗਤ ਰਾਹੀਂ ਵਿਅਕਤੀਗਤ ਸਮਝ ਜਾਂ ਧਾਰਨਾ ਨੂੰ ਸਾਂਝੀ ਸਮਝ, ਅਰਥਾਤ ਗੁਰਮਤੇ ਵਿਚ ਢਾਲਿਆ ਜਾ ਸਕਦਾ ਹੈ। ਲੋੜ ਤਾਂ ਬੱਸ ਸਫਾ ਵਿਛਾ ਕੇ ਬੈਠਣ ਦੀ ਹੈ। ਰੰਗੇ ਹੋਏ ਮਨਾਂ ਵਾਲੀ ਸੰਗਤ ਤਾਂ ਹਉਮੈ ਦੇ ਇਰਦ-ਗਿਰਦ ਪੈਦਾ ਹੋਈਆਂ ਤਿਫਲ ਤਸੱਲੀਆਂ ਦੇ ਚਕਰਵਿਹੂ ਵਿਚੋਂ ਨਿਕਲ ਕੇ, ਗੁਰਮਤਿ ਦੇ ਗਾਡੀ ਰਾਹ `ਤੇ ਪੈ ਸਕਦੀ ਹੈ। ਚਿੱਥਣ ਤੋਂ ਬਿਨਾਂ ਖਾਵਾਂਗੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਲੇਖਕ ਸਫਲ ਜੀਵਨ ਵਾਸਤੇ ਸਿੱਖ ਰਾਹ ਇਹ ਦੱਸਦਾ ਹੈ –“ਗੁਰਪੁਰਬ ਮਨਾਉਂਦਿਆਂ ਆਪਣੇ ਗਿਆਨ ਦੇ ਦਰਵਾਜੇ ਖੋਲ੍ਹ ਕੇ, ਸਾਨੂੰ ਆਪਣੇ ਜੀਵਨ ਦੇ ਹਰ ਕਦਮ ਨੂੰ, ਗੁਰੂ ਦੇ ਬਖਸ਼ੇ ਹੋਏ ਸ਼ਬਦ ਦੀ ਰੌਸ਼ਨੀ ਵਿਚ ਵਿਚਾਰਨ ਦੀ ਲੋੜ ਹੈ” (40)।
ਪੁਸਤਕ ਵਿਚ ਸਿਧਾਂਤ ਦੀ ਅਕਾਦਮਿਕਤਾ ਦੀ ਲੋੜ ਨੂੰ ਭਾਈ ਗੁਰਦਾਸ ਦੇ ਹਵਾਲੇ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਹੋਈ ਹੈ। ਇਸ ਨਾਲ ਇਸ ਲੋੜ ਵੱਲ ਇਸ਼ਾਰਾ ਹੋ ਜਾਂਦਾ ਹੈ ਕਿ ‘ਧੁਰ ਕੀ ਬਾਣੀ ਦੇ ਉਸ ਰੱਬੀ ਸੁਨੇਹੇ ਨੂੰ ਸੁਣਨ ਦਾ ਯਤਨ ਕਰੀਏ, ਜਿਸ ਨਾਲ ਚੜ੍ਹਦੀ ਕਲਾ ਦੇ ਨਾਲ ਨਾਲ ਸਾਡਾ ਆਪਣਾ ਅਤੇ ਸਰਬੱਤ ਦਾ ਭਲਾ ਹੋਏਗਾ’। ਬਖਸ਼ਿਸ਼ਾਂ ਨਾਲ ਨਹੀਂ ਜੁੜਾਂਗੇ ਤਾਂ ਬਿਪਤਾਵਾਂ ਗਲ਼ ਪੈ ਜਾਣਗੀਆਂ। ਬਾਣੀ, ਸਿਧਾਂਤ ਦੇ ਅਮਲ ਅਤੇ ਅਮਲ ਦੇ ਸਿਧਾਂਤ ਦੀ ਬਾਤ ਪਾਉਂਦੀ ਹੈ ਅਤੇ ‘ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥’ ਰਾਹੀਂ ਜਗਾਉਂਦੀ ਹੈ। ਜਾਗੋਗੇ ਤਾਂ ਸਮਝ ਆਏਗਾ ਕਿ ਸਿੱਖ ਹੋਣ ਦੀ ਵਿਆਕਰਣ ਵਿਚ ‘ਧਰਮ ਨੂੰ ਪ੍ਰੋਜੈਕਟ ਅਤੇ ਪ੍ਰੋਟੈਕਟ ਕਰਨਾ ਅਤੇ ਬਾਹਰਲੇ ਹਮਲਿਆਂ ਤੋਂ ਧਰਮ ਨੂੰ ਬਚਾਉਣਾ’ ਸ਼ਾਮਲ ਹੈ। ਇਸ ਨੂੰ ਸਿਰਫ਼ ਨਾਹਰੇ ਵਾਂਗ ਵਰਤਾਂਗੇ ਤਾਂ ਧਰਮ ਦੀ ਥਾਂ ਸਿਆਸਤ ਹੋਣੀ ਸ਼ੁਰੂ ਹੋ ਜਾਏਗੀ। ਸਿਆਸਤ ਕਰਾਂਗੇ ਤਾਂ ਸਿਧਾਂਤਾਂ ਅਤੇ ਪਰੰਪਰਾਵਾਂ ਦੀ ਪਹਿਰੇਦਾਰੀ ਨਹੀਂ ਕਰ ਸਕਾਂਗੇ। ਇਸ ਨੂੰ ਸਮਝਣ ਵਾਸਤੇ ‘ਮੌਤ ਬਿਨਾਂ ਸ਼ਹੀਦੀ ਵਰੀਦੀ ਨਹੀਂ’ ਲੇਖ ਪੜ੍ਹਿਆ ਜਾ ਸਕਦਾ ਹੈ। ਹੋਰ ਵੀ ਗਹਿਰ ਗੰਭੀਰ ਮਸਲਿਆਂ ਨਾਲ ਜੁੜੀਆਂ ਹੋਈਆਂ ਕਰਤੇ ਕੀਆਂ ਬਾਤਾਂ ਤਾਂ ਪੁਸਤਕ ਨੂੰ ਪੜ੍ਹ ਕੇ ਹੀ ਪਤਾ ਲੱਗ ਸਕਦੀਆਂ ਹਨ ਕਿਉਂਕਿ ਕਿਸੇ ਵੀ ਪੁਸਤਕ ਦੀ ਵਧੀਆ ਗਵਾਹੀ ਪੁਸਤਕ ਹੀ ਭਰ ਸਕਦੀ ਹੈ। ਲੇਖਕ ਤੇ ਪ੍ਰਕਾਸ਼ਕ ਦੋਵੇਂ ਹੀ ਵਧਾਈ ਦੇ ਪਾਤਰ ਹਨ।
