ਮੇਰੀ ਭਾਸ਼ਾ ਮੇਰਾ ਮਾਣ: ਵਰਤਮਾਨ ਸਥਿਤੀ ਅਤੇ ਵਰਤਾਰੇ

ਡਾ. ਲਖਵਿੰਦਰ ਸਿੰਘ ਜੌਹਲ
ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਉਂਦਿਆਂ ਇਸ ਸਾਲ ਵੀ 21 ਫਰਵਰੀ ਨੂੰ ਸੰਸਾਰ ਭਰ ਵਿਚ ਵਸਦੇ ਜਨ ਸਮੂਹਾਂ ਨੇ ਪੂਰੀ ਸ਼ਿੱਦਤ ਨਾਲ ਆਪੋ-ਆਪਣੀ ਭਾਸ਼ਾ ਨੂੰ ਯਾਦ ਕੀਤਾ ਹੈ। ਭਾਸ਼ਾਵਾਂ ਦੀ ਵਰਤਮਾਨ ਸਥਿਤੀ ਦਾ ਲੇਖਾ-ਜੋਖਾ ਕਰਨ ਦਾ ਯਤਨ ਕੀਤਾ ਹੈ। ਆਪਣੀ ਭਾਸ਼ਾ ਉਤੇ ਗੌਰਵ ਕਰਨ ਦੇ ਅਹਿਦ ਨੂੰ ਦੁਹਰਾਇਆ ਹੈ।

ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਵਰਤਮਾਨ ਵਰਤਾਰਿਆਂ ਦੀ ਵਿਆਪਕ ਚਰਚਾ ਆਰੰਭ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਾਂ ਨਾਲ ਸੰਬੰਧਿਤ ਕੁਝ ਤੱਥਾਂ ਨੂੰ ਧਿਆਨ ਵਿਚ ਲਿਆਉਣਾ ਜ਼ਰੂਰੀ ਹੈ।
-ਦੱਖਣੀ ਏਸ਼ੀਆ ਦੀ ਕੁੱਲ ਆਬਾਦੀ ਦਾ 75 ਫੀਸਦੀ ਹਿੱਸਾ ਭਾਰਤ ਵਿਚ ਵੱਸਦਾ ਹੈ। ਇਹ ਪੂਰੀ ਦੁਨੀਆਂ ਦੀ ਆਬਾਦੀ ਦਾ 17 ਫੀਸਦ ਹੈ।
-ਭਾਰਤ ਦੀ ਕੁੱਲ ਆਬਾਦੀ ਦਾ 77 ਪ੍ਰਤੀਸ਼ਤ ਹਿੱਸਾ ‘ਆਮ ਆਦਮੀ’ ਹੈ, ਜਿਹੜਾ ਰੋਜ਼ਾਨਾ 20 ਰੁਪਏ ਤੋਂ ਘੱਟ ਵਿਚ ਗੁਜ਼ਾਰਾ ਕਰਦਾ ਹੈ।
-ਪ੍ਰਾਇਮਰੀ ਸਕੂਲਾਂ ਵਿਚ ਦਾਖਲੇ ਦੀ ਭਾਰਤ ਵਿਚ ਕੌਮੀ ਔਸਤ 96% ਹੈ, ਜਦੋਂ ਕਿ ਪੰਜਾਬ ਦੀ ਔਸਤ ਅਜੇ ਵੀ 72% ਹੈ।
-ਸਾਖਰਤਾ ਵਿਚ ਪੰਜਾਬ ਦੀ ਸਥਿਤੀ 16ਵੀਂ ਹੈ। ਪ੍ਰਾਇਮਰੀ ਸਿੱਖਿਆ ਲਈ ਰੱਖੇ ਜਾਣ ਵਾਲੇ ਬੱਜਟ ਵਿਚ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਸਮੇਤ ਭਾਰਤ ਦੇ ਕੁੱਲ 35 ਰਾਜਾਂ ਵਿਚੋਂ ਪੰਜਾਬ 31ਵੇਂ ਨੰਬਰ ਉੱਤੇ ਹੈ।
-ਭਾਰਤ ਵਿਚ 22 ਕੌਮੀ ਭਾਸ਼ਾਵਾਂ ਸਮੇਤ ਡੇਢ ਹਜ਼ਾਰ ਮਾਤ ਭਾਸ਼ਾਵਾਂ ਅਤੇ 1800 ਹੋਰ ਭਾਸ਼ਾਵਾਂ ਹਨ।
-ਪੰਜਾਬੀ ਭਾਸ਼ਾ ਦੁਨੀਆ ਵਿਚ ਗਿਆਰ੍ਹਵੀਂ ਵੱਡੀ ਭਾਸ਼ਾ ਹੈ। ਪਰ ਇਹ ਸੱਤਾ ਦੀ ਭਾਸ਼ਾ ਕਦੀ ਵੀ ਨਹੀਂ ਰਹੀ, ਸਿਵਾਏ ਪਟਿਆਲਾ ਰਾਜ ਦੀ ਭਾਸ਼ਾ ਦੇ।
-ਨਵੇਂ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਲਈ ਤਿੰਨ ਵਾਰ ਕਾਨੂੰਨ ਬਣਿਆ। ਪਰ ਸਥਿਤੀ ਨਹੀਂ ਬਦਲੀ।
ਅਜੇਹੀ ਸਥਿਤੀ ਵਿਚ ਸੰਤੋਖਯੋਗ ਤੱਥ ਇਹ ਹੈ ਕਿ ਸਾਲ 2011 ਦੀ ਮਰਦਮਸ਼ੁਮਾਰੀ ‘ਚ ਪੰਜਾਬ ਦੇ 99.86 ਫੀਸਦ ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਸੀ, ਜਦਕਿ ਕੇਵਲ 0.14 ਫੀਸਦ ਲੋਕਾਂ ਵਲੋਂ ਹੀ ਆਪਣੀ ਮਾਤ ਭਾਸ਼ਾ ਹਿੰਦੀ, ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਦੱਸੀ ਗਈ। ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕੁੱਲ 2 ਕਰੋੜ 77 ਲੱਖ 43 ਹਜ਼ਾਰ 338 ਲੋਕਾਂ ਵਿਚੋਂ 2 ਕਰੋੜ 77 ਲੱਖ 3 ਹਜ਼ਾਰ 349 ਲੋਕਾਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਾਉਣਾ ਪੰਜਾਬੀ ਪ੍ਰੇਮੀਆਂ ਲਈ ਬੇਹੱਦ ਸੰਤੁਸ਼ਟੀਜਨਕ ਗੱਲ ਕਹੀ ਜਾ ਸਕਦੀ ਹੈ, ਕਿਉਂਕਿ ਕੇਵਲ 39 ਹਜ਼ਾਰ 989 ਲੋਕਾਂ ਵਲੋਂ ਹੀ ਆਪਣੀ ਮਾਤ ਭਾਸ਼ਾ ਕੋਈ ਹੋਰ ਜ਼ਬਾਨ ਲਿਖਾਈ ਗਈ ਹੈ। ਇਸੇ ਤਰ੍ਹਾਂ ਦੇਸ਼ ਭਰ ਵਿਚ ਪੰਜਾਬੀ ਜ਼ਬਾਨ ਬੋਲਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਪੰਜਾਬੀ ਭਾਸ਼ਾ ਨੇ ਦੇਸ਼ ਭਰ ਦੀਆਂ ਬੋਲੀਆਂ ‘ਚ 11ਵਾਂ ਸਥਾਨ ਬਰਕਰਾਰ ਰੱਖਿਆ ਹੈ। ਹਾਲਾਂਕਿ ਹਿੰਦੀ ਭਾਸ਼ਾ ਦੇਸ਼ ਦੀ ਕੁੱਲ ਆਬਾਦੀ ਦੇ 43.63 ਫੀਸਦ ਲੋਕਾਂ ਦੀ ਬੋਲੀ ਹੋਣ ਕਾਰਨ ਪਹਿਲੇ ਸਥਾਨ ‘ਤੇ ਹੈ, ਜਦਕਿ ਦੂਸਰੇ ਨੰਬਰ ‘ਤੇ ਬੰਗਾਲੀ ਅਤੇ ਤੀਸਰੇ ‘ਤੇ ਮਰਾਠੀ ਭਾਸ਼ਾ ਆਉਂਦੀ ਹੈ। ਦੇਸ਼ ਭਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਵਧ ਕੇ 3 ਕਰੋੜ 31 ਲੱਖ 24 ਹਜ਼ਾਰ 726 ਪੁੱਜ ਗਈ ਹੈ, ਜੋ ਕੁੱਲ ਆਬਾਦੀ ਦਾ 2.74 ਫੀਸਦੀ ਬਣਦੀ ਹੈ। ਜੇਕਰ ਸਾਲ 1971 ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਦੇਸ਼ ਭਰ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,41,08,443 ਸੀ, ਜੋ ਕੁੱਲ ਆਬਾਦੀ ਦਾ 2.57 ਫੀਸਦੀ ਬਣਦੀ ਸੀ, ਜਦਕਿ 1981 ‘ਚ ਇਹ ਗਿਣਤੀ ਵਧ ਕੇ 1,96,11,199 ਹੋ ਗਈ, ਜੋ ਕੁੱਲ ਆਬਾਦੀ ਦਾ 2.95 ਫੀਸਦ ਸੀ। ਇਸੇ ਤਰ੍ਹਾਂ ਸਾਲ 1991 ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਧ ਕੇ 2,33,78,744 ਹੋ ਗਈ, ਜੋ ਕੁੱਲ ਆਬਾਦੀ ਦਾ 2.79 ਫੀਸਦੀ ਰਹੀ। ਸਾਲ 2001 ਦੀ ਮਰਦਮਸ਼ੁਮਾਰੀ ‘ਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਤੇ ਇਹ ਗਿਣਤੀ 2,91, 02, 477 ਹੋ ਗਈ ਜੋ ਸਾਲ 2001 ਤੋਂ ਲੈ ਕੇ ਸਾਲ 2011 ਦੇ ਦਹਾਕੇ ‘ਚ 3, 31, 24, 726 ਪੁੱਜ ਗਈ, ਇਹ ਗਿਣਤੀ ਹੁਣ ਕੁੱਲ ਆਬਾਦੀ ਦਾ 2.74 ਫੀਸਦੀ ਹੈ। ਇੱਥੇ ਦੱਸਣਯੋਗ ਹੈ ਕਿ ਸਾਲ 1981 ਦੀ ਮਰਦਮਸ਼ੁਮਾਰੀ ‘ਚ ਦੇਸ਼ ਦੀ ਕੁੱਲ ਆਬਾਦੀ ਦੇ 2.95 ਫੀਸਦੀ ਲੋਕਾਂ ਵਲੋਂ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਉਣ ਕਾਰਨ ਪੰਜਾਬੀ ਭਾਸ਼ਾ ਦੇਸ਼ ਦੀਆਂ ਭਾਸ਼ਾਵਾਂ ਵਿਚੋਂ 10ਵੇਂ ਸਥਾਨ ‘ਤੇ ਸੀ ਪਰ ਅਗਲੇ ਸਾਲਾਂ ‘ਚ ਇਹ 11ਵੇਂ ਸਥਾਨ ‘ਤ ਤੇ ਪਹੁੰਚ ਗਈ। ਸਾਲ 1991 ਤੋਂ 2001 ਦੇ ਦਹਾਕੇ ਦੇ ਮੁਕਾਬਲੇ ਸਾਲ 2001 ਤੋਂ 2011 ਦੇ ਦਹਾਕੇ ਵਿਚਕਾਰ ਇਸ ਵਿਚ ਗਿਰਾਵਟ ਆਈ ਹੈ। ਲੰਘੇ 1991-2001 ਦੇ ਦਹਾਕੇ ‘ਚ ਇਹ ਵਾਧਾ 24.48 ਫੀਸਦ ਸੀ, ਜਦਕਿ 2001-2011 ਦੇ ਦਹਾਕੇ ਦੌਰਾਨ ਇਹ ਵਾਧਾ ਘੱਟ ਕੇ 13.82 ਫੀਸਦੀ ਰਹਿ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ 1971-1981 ਦੇ ਦਹਾਕੇ ‘ਚ ਇਹ ਵਾਧਾ ਦਰ ਸਭ ਤੋਂ ਵੱਧ 39 ਫੀਸਦੀ ਸੀ। ਇਸ ਦੇ ਬਾਵਜੂਦ ਸੂਬੇ ‘ਚ ਜਿਸ ਤਰ੍ਹਾਂ 99.86 ਫੀਸਦੀ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾ ਕੇ ਇਸ਼ ਦੇ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ।
-ਸੰਸਾਰ ਵਿਚ ਲਗਭਗ 15 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਹਨ। ਜਿਨ੍ਹਾਂ ਵਿਚੋਂ ਲਗਭਗ 9 ਕਰੋੜ ਲੋਕ ਪਾਕਿਸਤਾਨ ਵਿਚ ਹਨ। ਯਾਨੀ ਅੱਧ ਤੋਂ ਵੱਧ। ਉਨ੍ਹਾਂ ਦੀ ਲਿੱਪੀ ਸ਼ਾਹਮੁਖੀ ਹੈ। ਪਰ ਸਾਰੇ ਪਾਕਿਸਤਾਨ ਵਿਚ ਇੱਕ ਵੀ ਸਕੂਲ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ।
-ਭਾਰਤ ਵਿਚ ਲਗਭਗ ਤਿੰਨ ਕਰੋੜ ਲੋਕ ਪੰਜਾਬੀ ਬੋਲਦੇ ਹਨ। ਜਦੋਂ ਕਿ ਬਰਤਾਨੀਆ ਵਿਚ ਦੋ ਕਰੋੜ ਲੋਕ ਪੰਜਾਬੀ ਬੋਲਣ ਵਾਲੇ ਹਨ। ਸਵਾ ਕਰੋੜ ਲੋਕ ਕਨੇਡਾ ਵਿਚ ਪੰਜਾਬੀ ਬੋਲਦੇ ਹਨ। ਇਸ ਤੋਂ ਇਲਾਵਾ ਅਮਰੀਕਾ, ਦੁਬਈ ਅਤੇ ਹੋਰ ਅਰਬ ਦੇਸ਼ਾਂ ਸਮੇਤ ਲਗਭਗ ਦੋ ਦਰਜਨ ਦੇਸ਼ਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਇਕ ਕਰੋੜ ਹੈ।
-ਪੂਰੀ ਦੁਨੀਆਂ ਦੀ ਕੁੱਲ ਆਬਾਦੀ ਦਾ ਸਿਰਫ਼ 8 ਪ੍ਰਤੀਸ਼ਤ ਹਿੱਸਾ ਅੰਗਰੇਜ਼ੀ ਬੋਲਦਾ ਹੈ।
-ਭਾਰਤ ਵਿਚ ਨਾਗਾਲੈਂਡ ਅਤੇ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਅਤੇ ਭਾਰਤ ਵਿਚ ਸਿਰਫ਼ ਪੰਜ ਪ੍ਰਤੀਸ਼ਤ ਲੋਕ ਅੰਗਰੇਜ਼ੀ ਬੋਲਦੇ ਹਨ।
-ਦੁਨੀਆ ਦਾ 80 ਪ੍ਰਤੀਸ਼ਤ ਗਿਆਨ ਅੰਗਰੇਜ਼ੀ ਵਿਚ ਉਪਲੱਬਧ ਹੈ।
-ਪੰਜਾਬੀ ਵਿਚ ਛਪਣ ਵਾਲੀਆਂ ਅਖਬਾਰਾਂ ਰਸਾਲਿਆਂ ਆਨਲਾਈਨ ਈ-ਮੈਗਜ਼ੀਨਾਂ, ਟੀ ਵੀ ਅਤੇ ਰੇਡੀਓ ਸਮੇਤ ਯੂਟਿਊਬ ਅਤੇ ਵਟਸਐਪ ਚੈਨਲਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਰੁਝਾਨ ਭਾਰਤ ਨਾਲੋਂ ਵਧੇਰੇ ਵਿਦੇਸ਼ਾਂ ਵਿਚ ਹੈ।
-ਜੇਕਰ ਦੁਨੀਆ ਭਰ ਦੀਆਂ ਭਾਸ਼ਾਵਾਂ ਦੀ ਥਾਹ ਪਾਉਣੀ ਹੋਵੇ ਤਾਂ ਬੋਲਣ ਵਾਲਿਆਂ ਦੀ ਦ੍ਰਿਸ਼ਟੀ ਤੋਂ, ਦੁਨੀਆ `ਚ ਪਹਿਲੀ ਭਾਸ਼ਾ ਮੈਂਡਰਿਨ (ੰਅਨਦਅਰਨਿ) ਹੈ। ਜਿਹੜੀ ਚੀਨ, ਸਿੰਘਾਪੁਰ, ਤਾਈਵਾਨ ਵਗੈਰਾ ‘ਚ ਬੋਲੀ ਜਾਂਦੀ ਹੈ ਅਤੇ ਲਗਭਗ 14% ਲੋਕ ਦੁਨੀਆ ਚ ਮੈਂਡਰਿਨ ਬੋਲਦੇ ਹਨ।
ਦੂਜੀ ਭਾਸ਼ਾ ਸਪੈਨਿਸ਼ ਹੈ, ਜਿਹਨੂੰ 5.85 ਪ੍ਰਤੀਸ਼ਤ ਲੋਕ ਬੋਲਦੇ ਹਨ। ਤੀਜੀ ਭਾਸ਼ਾ ਅੰਗਰੇਜ਼ੀ ਹੈ, ਜਿਹਨੂੰ ਦੁਨੀਆ ਵਿਚ 5.52 ਪ੍ਰਤੀਸ਼ਤ ਲੋਕ ਬੋਲਦੇ ਹਨ। ਚੌਥੀ ਭਾਸ਼ਾ ਹਿੰਦੀ ਹੈ, ਜਿਹਨੂੰ 4.46% ਲੋਕ ਬੋਲਦੇ ਹਨ। ਅੱਗੋਂ ਭਾਸ਼ਾਵਾਂ ਆਉਂਦੀਆਂ ਅਰਬੀ, ਪੁਰਤਗੀਜ਼, ਬੰਗਾਲੀ, ਰੂਸੀ, ਜਪਾਨੀ ਆਦਿ। ਗਿਆਰਵੇਂ ਨੰਬਰ `ਤੇ ਪੰਜਾਬੀ ਆਉਂਦੀ ਹੈ। ਸੰਸਾਰ ਭਰ ਵਿਚ ਗਿਆਰਵੀਂ ਅਤੇ ਭਾਰਤ ਵਿਚ ਦਸਵੀਂ ਭਾਸ਼ਾ ਪੰਜਾਬੀ ਹੈ। ਜਿਹੜੀ ਲਗਭਗ 15 ਕਰੋੜ ਲੋਕ ਬੋਲਦੇ ਹਨ। ਪਾਕਿਸਤਾਨ ਵਿਚ 44% ਲੋਕ ਪੰਜਾਬੀ ਬੋਲਦੇ ਹਨ। ਜੋ ਲਗਭਗ 9 ਕਰੋੜ ਲੋਕਾਂ ਦੀ ਭਾਸ਼ਾ ਹੈ। ਭਾਰਤ ਵਿਚ ਇਹ ਲਗਭਗ ਤਿੰਨ ਕਰੋੜ ਲੋਕਾਂ ਦੀ ਭਾਸ਼ਾ ਹੈ।
-ਪੰਜਾਬੀ ਸੂਬਾ ਬਣਨ ਤੋਂ ਬਾਅਦ 29 ਦਸੰਬਰ 1967 ਨੂੰ 1960 ਦੇ ਐਕਟ ਨੂੰ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ ਸੀ। ਇਹ ਐਕਟ ਬਣਾਉਣ ਦਾ ਆਦੇਸ਼ ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫਤਰਾਂ `ਚ ਦਫਤਰੀ ਕੰਮ ਕਾਜ ਨੂੰ ਪੰਜਾਬੀ ਵਿਚ ਕੀਤੇ ਜਾਣਾ ਨਿਸ਼ਚਿਤ ਕੀਤਾ ਗਿਆ ਸੀ।
ਬਾਅਦ ਵਿਚ 2008 ਅਤੇ 2021 ਵਿਚ ਹੋਈਆਂ ਸੋਧਾਂ ਨੇ, ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਕਿਹੋ ਜਿਹਾ ਰੁਤਬਾ ਦਿੱਤਾ? ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿਚ ਪੰਜਾਬੀ ਕਿੰਨੀ ਕੁ ਲਾਗੂ ਹੋਈ? ਇਹ ਸਭ ਦੇ ਸਾਹਮਣੇ ਹੈ। ਇਸ ਸਥਿਤੀ ਦਾ ਮੂਲ ਕਾਰਨ ਇਹ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲਈ ਸਜ਼ਾ ਦੀ ਮੱਦ ਮਜ਼ਬੂਤ ਨਹੀਂ ਹੈ।
-ਇਹ ਸਾਰੇ ਤੱਥ ਸਾਬਿਤ ਕਰਦੇ ਹਨ ਕਿ ਇਹ ਦੌਰ ਸਥਾਨਕ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਵਿਪਰੀਤ ਹੈ। ਇਹ ਸਾਡੇ ਇਤਿਹਾਸ ਦਾ ਅਜਿਹਾ ਬਿੰਦੂ ਹੈ ਜਿੱਥੇ ਸੰਕਲਪਾਂ ਅਤੇ ਵਸਤਾਂ ਦੀ ਪਰਿਭਾਸ਼ਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੀ ਸਥਿਤੀ ਵਿਚ ਪੰਜਾਬੀ ਸਮਾਜ ਦੀ ਗੁੰਝਲਦਾਰ ਸਥਿਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਓਨਾ ਹੀ ਗੁੰਝਲਦਾਰ ਮਸਲਾ ਹੈ, ਜਿੰਨਾ ਵਿਸ਼ਵੀਕਰਨ ਅਤੇ ਉਦਾਰੀਕਰਨ ਦੀਆਂ ਬਰੀਕੀਆਂ ਦੀ ਥਾਹ ਪਾਉਣਾ।
ਅਜਿਹੀ ਸਥਿਤੀ ਵਿਚ ਵਰਤਮਾਨ ਵਰਤਾਰਿਆਂ ਦੇ ਸੰਦਰਭ ਵਿਚ ਪੰਜਾਬੀਅਤ ਨੂੰ ਇਸ ਦੇ ਗਲੋਬਲੀ ਸਰੂਪ ਰਾਹੀਂ ਨਿਹਾਰਨਾ ਸਮੇਂ ਦੀ ਲੋੜ ਹੈ।
ਪੰਜਾਬ ਨੂੰ ਜੇਕਰ ਖਿੱਤੇ ਵਿਸ਼ੇਸ਼ ਉੱਤੇ ਕੇਂਦਰਿਤ ਕਰ ਲਿਆ ਜਾਏ ਤਾਂ ਹੁਣ ਇਹ ਸੰਪੂਰਨ ਅਰਥਾਂ ਵਾਲਾ ਪੰਜਾਬ ਨਹੀਂ ਹੈ। ਹਾਲਾਂਕਿ ਸਥਾਨਕਤਾ ਦੀ ਰਵਾਇਤੀ ਪਰਿਭਾਸ਼ਾ ਕਿਸੇ ਖਿੱਤੇ ਵਿਸ਼ੇਸ਼ ਨਾਲ ਜੁੜੀ ਹੋਈ ਹੈ, ਜਿਸ ਵਿਚ ਉਸ ਖਿੱਤੇ ਦੇ ਲੋਕਾਂ ਦੀ ਵਿਸ਼ੇਸ਼ ਸਭਿਆਚਾਰਕ ਪਛਾਣ, ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੀਆਂ ਪਰੰਪਰਾਵਾਂ, ਅਤੇ ਉਨ੍ਹਾਂ ਦੀ ਰਹਿਣੀ-ਬਹਿਣੀ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹੁੰਦੀਆਂ ਹਨ। ਪਰ ਵਿਸ਼ਵੀਕਰਨ ਨੇ ਸਥਾਨਕਤਾ ਦੀ ਇਹ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਜਾਂ ਕਹਿ ਲਓ ਕਿ ਵਿਸਤਾਰ ਦਿੱਤੀ ਹੈ। ਹੁਣ ਸਥਾਨਕਤਾ ਕੋਈ ਸਥਿਰ ਵਰਤਾਰਾ ਨਹੀਂ ਹੈ, ਇਹ ਇਕ ਗਤੀਸ਼ੀਲ ਅਮਲ ਹੈ। ਇਸ ਗਤੀਸ਼ੀਲਤਾ ਦੀ ਸਾਰਥਕਤਾ ਇਹ ਹੈ, ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਰਹਿੰਦੇ ਹੋਏ ਵੀ, ਪੰਜਾਬੀ ਸਮਾਜ ਦੇ ਸਰੋਕਾਰਾਂ ਨਾਲ ਜੁੜੇ ਰਹਿਣ ਦਾ ਯਤਨ ਕਰਦੇ ਹਨ। ਇਨ੍ਹਾਂ ਸਰੋਕਾਰਾਂ ਵਿਚ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਧਰਮ ਦੇ ਸਰੋਕਾਰ ਵਧੇਰੇ ਪ੍ਰਬਲ ਹਨ। ਪਰੰਤੂ ਪੰਜਾਬ ਦੇ ਵਿਕਾਸ ਅਤੇ ਇਸ ਦੇ ਵਿਰਾਸਤੀ ਗੌਰਵ ਦੇ ਸਰੋਕਾਰ ਵਧੇਰੇ ਪ੍ਰਬਲ ਨਹੀਂ ਹਨ।
ਇਸ ਸਮੁੱਚੇ ਵਰਤਾਰੇ ਵਿਚ ਟੈਕਨੋਲੋਜੀ ਦੇ ਪਾਸਾਰ ਅਤੇ ਮਸਨੂਈ ਬੁੱਧੀਮਤਾ ਦੀ ਆਮਦ ਨੇ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਵਿਚ ਸਾਹਿਤਕਾਰਾਂ ਦੀ ਭੂਮਿਕਾ, ਮੀਡੀਆ ਦਾ ਯੋਗਦਾਨ, ਪੂੰਜੀ ਦਾ ਪ੍ਰਚਲਨ, ਅਤੇ ਸੰਸਥਾਵਾਂ ਕੀ ਰੋਲ ਅਦਾ ਕਰ ਸਕਦੀਆਂ ਹਨ। ਇਹ ਸਭ ਕੁਝ ਵੀ ਗਹਿਰੇ ਵਿਚਾਰ ਦਾ ਵਿਸ਼ਾ ਹੈ।
ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ, ਸਿੱਖਿਆ ਸਿਹਤ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਿਰਵੇ ਹੋ ਰਹੇ ਅਤੇ ਆਪਣੀ ਹੋਂਦ ਨੂੰ ਬਚਾਉਣ ਦੀਆਂ ਵੰਗਾਰਾਂ ਨਾਲ ਜੂਝਦੇ ਪੰਜਾਬੀਆਂ ਤੋਂ, ਗੁੰਝਲਦਾਰ ਸਥਿਤੀ ਵਿਚੋਂ ਨਿਕਲ ਕੇ ਅੱਗੇ ਵਧਣ ਲਈ, ਕੀ ਆਸ ਰੱਖੀ ਜਾ ਸਕਦੀ ਹੈ? ਇਹ ਮੁੱਦਾ ਬੇਹੱਦ ਅਹਿਮ ਹੈ।
ਭਾਰੂ ਸੱਭਿਆਚਾਰਾਂ ਦੇ ਸਾਮਰਾਜ ਨੇ ਆਪਣੇ ਅਥਾਹ ਪ੍ਰਸਾਰ ਅਤੇ ਵਿਸਥਾਰ ਨਾਲ, ਸਮਾਜ ਦੇ ਵਿਭਿੰਨ ਖੇਤਰਾਂ ਨੂੰ ਆਪਣੀ ਮਨਮਰਜ਼ੀ ਅਨੁਸਾਰ ਪ੍ਰਭਾਸ਼ਿਤ ਕਰਨਾ ਆਰੰਭ ਕਰ ਦਿੱਤਾ ਹੈ। ਹੁਣ ਫਿਜ਼ੀਕਲ ਡਿਫੈਂਸ ਜਾਂ ਜ਼ਮੀਨੀ ਹਮਲਿਆਂ ਦੀ ਗੱਲ ਛੋਟੀ ਹੋ ਗਈ ਹੈ। ਹੁਣ ਮਨ ਅਤੇ ਦਿਮਾਗ਼ ਉੱਤੇ ਹਮਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਨ੍ਹਾਂ ਹਮਲਿਆਂ ਲਈ ਮੀਡੀਆ ਸਭ ਤੋਂ ਕਾਰਗਰ ਹਥਿਆਰ ਹੈ। ਜਿਨਾਂ ਖੇਤਰਾਂ ਵਿਚ ਵਿਕਾਸ ਦੀ ਕਿਰਨ ਮਾਤਰ ਵੀ ਨਹੀਂ ਪਹੁੰਚੀ, ਜਿੱਥੇ ਸੜਕ ਬਿਜਲੀ ਸਕੂਲ ਬਿਲਕੁਲ ਵੀ ਨਹੀਂ ਹਨ, ਉੱਥੇ ਵੀ ਮੀਡੀਆ, ਆਪਣੇ ਸਾਰੇ ਪਾਸਾਰਾਂ ਸਮੇਤ ਪਹੁੰਚਾ ਹੋਇਆ ਹੈ।
-ਆਰਟੀਫਿਸ਼ਲ ਇੰਟੈਲੀਜੈਂਸ (ਮਸਨੂਈ ਬੁਧੀਮਤਾ) ਦੀ ਆਮਦ ਨੇ ਸਾਡੇ ਲਈ ਹੋਰ ਵੱਡੀਆਂ ਵੰਗਾਰਾਂ ਪੈਦਾ ਕਰ ਦਿੱਤੀਆਂ ਹਨ। ਸਪਸ਼ਟ ਹੈ ਕਿ ਹੁਣ ਉਹੀ ਸੱਭਿਆਚਾਰ ਜਿਊਂਦਾ ਰਹਿ ਸਕਦਾ ਹੈ, ਜਿਸ ਦੀ ਦ੍ਰਿਸ਼ਟੀ ਵਿਸ਼ਵ-ਵਿਆਪੀ ਹੋਵੇ, ਵਿਸ਼ਵ ਦੀਆਂ ਸਮੁੱਚੀਆਂ ਸਮੱਸਿਆਵਾਂ ਅਤੇ ਚਿੰਤਨ ਨੂੰ ਸਮਝ ਕੇ ਅਤੇ ਆਪਣੇ ਆਪ ਵਿਚ ਜਜ਼ਬ ਕਰਕੇ, ਚੱਲ ਸਕਣ ਦੀ ਸੋਝੀ ਅਤੇ ਸਮਰੱਥਾ ਰੱਖਦਾ ਹੋਵੇ।
ਵਿਸ਼ਵਵਿਆਪੀ (ਗਲੋਬਲੀ) ਵੀ ਤਦ ਹੀ ਹੋਇਆ ਜਾ ਸਕੇਗਾ, ਜੇਕਰ ਕੋਈ ਸੱਭਿਆਚਾਰ ਆਪਣੀ ਸਥਾਨਕਤਾ ਅਤੇ ਵਿਸ਼ੇਸ਼ਤਾ ਬਾਰੇ ਸੁਚੇਤ ਹੋਵੇਗਾ। ਅੱਜ ਦਾ ਪੰਜਾਬੀ ਵਿਅਕਤੀ ਆਪਣੇ ਸੱਭਿਆਚਾਰ ਵਿਚ ਨਹੀਂ ਜੀ ਰਿਹਾ। ਉਹ ਆਪਣੀ ਰਵਾਇਤ, ਰਹਿਣ-ਸਹਿਣ, ਭਾਸ਼ਾ ਅਤੇ ਪਹਿਰਾਵੇ ਤੋਂ ਬੇਮੁੱਖ ਹੋ ਕੇ ਆਪਣੀ ਮੂਲ ਪਛਾਣ ਤੋਂ ਵਿਛੁੰਨਿਆ ਜਾ ਰਿਹਾ ਹੈ। ਵਿਡੰਬਨਾ ਇਹ ਹੈ ਕਿ ਇਸ ਸਥਿਤੀ ਪ੍ਰਤੀ ਉਦਾਸੀਨ ਹੋਣ ਦੀ ਬਜਾਏ, ਉਹ ਹੰਕਾਰ ਨਾਲ ਭਰੇ ਹੋਏ ਦਿਖਾਵੇ ਦਾ ਗਰੱਸਿਆ ਹੋਇਆ ਹੈ।
ਇਸੇ ਕਰਕੇ ਪੰਜਾਬੀ ਬੁੱਧੀਜੀਵੀ ਦੇਸ਼ ਵਿਚ ਵੀ ਅਤੇ ਵਿਦੇਸ਼ਾਂ ਵਿਚ ਵੀ, ਪੰਜਾਬੀ ਸੱਭਿਆਚਾਰ ਨੂੰ ਵਿਸਵ ਪੱਧਰ ਉੱਤੇ ਵਿਕਸਿਤ ਕਰਨ ਵਿਚ ਲਗਭਗ ਅਸਫ਼ਲ ਰਹੇ ਹਨ। ਆਪਣੀ ਭਾਸ਼ਾ ਨੂੰ ਸਵੀਕਾਰ ਕਰਨ ਤੋਂ ਬਿਨਾਂ, ਇਹ ਸੰਭਵ ਨਹੀਂ ਹੋ ਸਕਦਾ ਕਿ ਪੰਜਾਬੀ ਆਪਣੇ ਸਭਿਆਚਾਰ ਨੂੰ ਗਲੋਬਲੀ ਪਛਾਣ ਵਾਲਾ ਸਭਿਆਚਾਰ ਬਣਾ ਸਕਣ।
ਮੱਧਕਾਲ ਦੀ ਭਗਤੀ ਲਹਿਰ ਅਤੇ ਗੁਰਬਾਣੀ ਦਾ ਸੰਦੇਸ਼ ਸੰਵਾਦ-ਦ੍ਰਿਸ਼ਟੀ ਹੈ। ਗੁਰੂ ਨਾਨਕ ਦੇਵ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਦੀ ਸਮੁੱਚੀ ਸਿੱਖ ਕ੍ਰਾਂਤੀ ਦੇ ਸਿਧਾਂਤਾਂ ਦੇ ਨਾਲ-ਨਾਲ, ਮਾਰਕਸਵਾਦੀ ਅਤੇ ਉਦਾਰਵਾਦੀ ਪੂੰਜੀਵਾਦ ਦੇ ਵਿਸਥਾਰ ਰਾਹੀਂ, ਵਰਤਮਾਨ ਤੱਕ ਪਹੁੰਚ ਕੇ ਨਵੇਂ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਨੂੰ ਨਿਹਾਰਨਾ ਬਹੁਤ ਜ਼ਰੂਰੀ ਹੈ। ਭਾਰਤੀ ਸੰਸਕ੍ਰਿਤੀ ਦੇ ਉਥਾਨ ਉਤੇ ਕੇਂਦਰਿਤ ਹੋਈਏ ਤਾਂ ਭਾਰਤੀ ਸੰਸਕ੍ਰਿਤੀ ਬਹੁਤ ਜਟਲਤਾ ਵਾਲੀ ਸੰਸਕ੍ਰਿਤੀ ਹੈ। ਵਰਤਮਾਨ ਤੱਕ ਪਹੁੰਚਦਿਆਂ ਇਹ ਜਟਲਤਾ ਸਰਲਤਾ ਵਿਚ ਪਰਿਵਰਤਿਤ ਹੁੰਦੀ ਮਹਿਸੂਸ ਹੋ ਰਹੀ ਹੈ। ਬਾਕੀ ਭਾਰਤੀ ਸੱਭਿਆਚਾਰਾਂ ਦੇ ਮੁਕਾਬਲੇ ਪੰਜਾਬੀ ਸਭਿਆਚਾਰ ਬਹੁਤ ਸਰਲ ਸੱਭਿਆਚਾਰ ਹੈ।
ਬਹੁਤ ਜ਼ਰੂਰੀ ਗੱਲ ਕਿ ਪੰਜਾਬ ਕਦੇ ਵੀ ਇੱਕ ਭਾਸ਼ੀ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਖੁਦ ਪੰਜ ਭਾਸ਼ਾਵਾਂ ਵਿਚ ਲਿਖਦੇ ਸਨ। ਸੰਸਕ੍ਰਿਤ, ਬ੍ਰਜ ਭਾਸ਼ਾ, ਫ਼ਾਰਸੀ, ਪੰਜਾਬੀ ਅਤੇ ਹਿੰਦੀ।
-ਭਗਤ ਕਬੀਰ ਜੀ ਦੇ ‘ਕੁਦਰਤ ਕੇ ਸਭ ਬੰਦੇ’ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ‘ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ’ ਰਾਹੀਂ, ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀ ਸਿੱਖ ਕ੍ਰਾਂਤੀ ਦੀ ਰੌਸ਼ਨੀ ਵਿਚ ਅੱਗੇ ਵਧਦੇ ਹੋਏ, ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਯਤਨਾਂ ਰਾਹੀਂ, ਵਿਸ਼ਵ ਸੱਭਿਆਚਾਰਾਂ ਦੀਆਂ ਗਹਿਰਾਈਆਂ ਨੂੰ ਸਮਝਦੇ ਹੋਏ, ਆਪਣੀ ਭਾਸ਼ਾ ਤੇ ਆਪਣੇ ਸੱਭਿਆਚਾਰ ਨੂੰ ਬਚਾਈ ਰੱਖਣਾ ਬੇਹੱਦ ਜ਼ਰੂਰੀ ਹੈ।
ਪੰਜਾਬੀਅਤ ਦਾ ਵਰਤਮਾਨ ਦੁਖਾਂਤ ਇਹ ਹੈ ਕਿ ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ। ਇਹ ਸਾਹਿਤ ਅਤੇ ਸੱਭਿਆਚਾਰ ਤੋਂ ਵਿਛੁੰਨੇ ਜਾ ਰਹੇ ਹਨ। ਅਗਲੀ ਪੀੜ੍ਹੀ ਤੱਕ ਸਿਰਫ ਭਾਸ਼ਾ ਹੀ ਜਾ ਰਹੀ ਹੈ, ਉਹ ਵੀ ਗੁਰਮੁਖੀ ਲਿੱਪੀ ਦੀ ਮੁਹਾਰਤ ਤੋਂ ਬਗੈਰ। ਸਾਡੀ ਵਿਰਾਸਤ, ਸਾਡਾ ਵਿਚਾਰ, ਸਾਡੀਆਂ ਕਦਰਾਂ ਕੀਮਤਾਂ (ਠਹੋੁਗਹਟਸ & ੜਅਲੁੲਸ) ਗੁੰਮ ਹੋ ਰਹੇ ਹਨ। ਪੰਜਾਬ ਦੀ ਕਲਚਰਲ ਟ੍ਰਾਂਸਫਰਮੇਸ਼ਨ ਨਹੀਂ ਹੋ ਰਹੀ। ਇਤਿਹਾਸ ਦਾ ਗੌਰਵ ਸਾਡੇ ਮਨਾਂ ਵਿਚੋਂ ਮਨਫ਼ੀ ਹੋ ਰਿਹਾ ਹੈ। ਪੰਜਾਬ ਆਰਥਿਕ ਕੰਗਾਲੀ ਰਾਹੀਂ ਬੌਧਿਕ ਕੰਗਾਲੀ ਵੱਲ ਵਧ ਰਿਹਾ ਹੈ। ਜੋ ਸਾਧਨ ਸੰਪਨ ਹੈ, ਉਹ ਬਾਹਰ ਜਾ ਰਿਹਾ ਹੈ। ਬਾਹਰੋਂ ਗ਼ਰੀਬੀ ਆ ਰਹੀ ਹੈ। ਇੰਟਲੈਕਟ ਡਰੇਨ ਆਊਟ ਹੋ ਰਿਹਾ ਹੈ। ਅਨਪੜ੍ਹਤਾ ਡਰੇਨ ਇਨ ਹੋ ਰਹੀ ਹੈ। ਅਸੀਂ ਵਰਤਮਾਨ ਮੁਖੀ ਹੋਣ ਦੀ ਬਜਾਏ ਅਤੀਤਮੁਖੀ ਹੋ ਰਹੇ ਹਾਂ। ਪਰ ਇਸ ਅਤੀਤਮੁਖਤਾ ਵਿਚੋਂ ਇਤਿਹਾਸਮੁਖਤਾ ਗਾਇਬ ਹੈ, ਮਿਥਿਹਾਸਮੁਖਤਾ ਭਾਰੂ ਹੋ ਰਹੀ ਹੈ।
ਸਮਾਜ ਦੀ ਪ੍ਰਗਤੀ ਸੱਭਿਆਚਾਰ ਰਾਹੀਂ ਹੋਣੀ ਹੁੰਦੀ ਹੈ, ਧਰਮ ਜਾਂ ਰਾਜਨੀਤੀ ਰਾਹੀਂ ਨਹੀਂ। ਪੰਜਾਬੀਆਂ ਨੂੰ ਇਸ ਬਰੀਕ ਜਿਹੇ ਫਰਕ ਨੂੰ ਸਮਝ ਕੇ ਅੱਗੇ ਵਧਣ ਦੀ ਲੋੜ ਹੈ ਤੇ ਅੱਗੇ ਵਧਣ ਦੇ ਤਿੰਨ ਹੀ ਨੁਕਤੇ ਹਨ :-
-ਸਿੱਖਿਆ -ਸਿਰਜਣਾ -ਅਕਾਦਮਿਕਤਾ
-ਇਸ ਵੇਲੇ ਵੱਡੀ ਵੰਗਾਰ ਆਰਟੀਫਿਸ਼ਅਲ ਇੰਟੈਲੀਜੈਂਸ ਦੀਆਂ ਲੱਭਤਾਂ ਨਾਲ ਵਰ ਮੇਚਣ ਦੀ ਵੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਗਿਆਨ ਅਤੇ ਪੰਜਾਬੀ ਸਾਹਿਤ ਨੂੰ ਯੂਨੀਕੋਡ ਰਾਹੀਂ ਗੂਗਲ ਉੱਤੇ ਅਪਲੋਡ ਕੀਤਾ ਜਾਵੇ। ਇਹ ਕਾਰਜ ਪ੍ਰੋਜੈਕਟ ਬਣਾ-ਬਣਾ ਕੇ ਅੱਗੇ ਵਧਾਉਣ ਦੀ ਲੋੜ ਹੈ।
‘ਅਗਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਦੇ ਨਾਲ ਨਾਲ ਗੁਰਮੁਖੀ ਲਿਪੀ ਨਾਲ ਵੀ ਜੋੜੀ ਰੱਖਣਾ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਵਿਰਸੇ ਨੂੰ ਗੌਰਵ ਨਾਲ ਵੇਖਣਾ ਸ਼ੁਰੂ ਕਰਾਂਗੇ। ਦੁਨੀਆਂ ਭਰ ਦੀ ਖੋਜ ਅਤੇ ਮਾਹਰ ਇਸ ਗੱਲ ਦਾ ਪੱਕਾ ਸਬੂਤ ਪੇਸ਼ ਕਰਦੇ ਹਨ ਕਿ ਸਿੱਖਿਆ ਦੀ ਸਫ਼ਲਤਾ ਕੇਵਲ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੈ। ਮਾਤ ਭਾਸ਼ਾ ਮਾਧਿਅਮ ਕੇਵਲ ਸਿੱਖਿਆ ਵਿਚ ਸਫ਼ਲਤਾ ਲਈ ਹੀ ਜ਼ਰੂਰੀ ਨਹੀਂ ਹੈ, ਬਲਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੀ ਮਾਤ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਨਾਲੋਂ ਵਧੇਰੇ ਸਹਾਇਕ ਹੁੰਦੀ ਹੈ। ਭਾਸ਼ਾ ਵਿਗਿਆਨੀ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਵਿਦੇਸ਼ੀ ਭਾਸ਼ਾ ਸਿੱਖਣ ਅਤੇ ਸਿਖਾਉਣ ਵਿਚ ਮਾਤ ਭਾਸ਼ਾ ਦੇ ਸਰੋਤ ਦੇ ਰੂਪ ਵਿਚ ਪਾਏ ਜਾਣ ਵਾਲੇ ਯੋਗਦਾਨ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਲੋੜ ਹੈ।
ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਹਨ:-
‘-ਯਥਾਰਥ ਨੂੰ ਸੰਕਲਪਣਾ ਸਿੱਖ ਚੁੱਕੇ ਹੁੰਦੇ ਹਨ।
-ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਸਿੱਖ ਚੁੱਕੇ ਹਨ।
-ਆਪਣੀ ਮਾਤ ਭਾਸ਼ਾ ਵਿਚ ਬੋਲਣਾ ਅਤੇ ਉਸਦੀ ਵਰਤੋਂ ਕਰਨਾ ਸਿੱਖ ਚੁੱਕੇ ਹੁੰਦੇ ਹਨ।
-ਵਿਆਕਰਣ ਦੀ ਸਮਝ ਸਹਿਜ ਰੂਪ ਵਿਚ ਹਾਸਲ ਕਰ ਚੁੱਕੇ ਹੁੰਦੇ ਹਨ ਅਤੇ ਭਾਸ਼ਾ ਦੇ ਕਈ ਸੂਖਮ ਪੱਖਾਂ ਬਾਰੇ ਚੇਤਨ ਹੋ ਚੁੱਕੇ ਹੁੰਦੇ ਹਨ।
-ਪੜ੍ਹਨ ਅਤੇ ਲਿਖਣ ਦੇ ਹੁਨਰ ਪ੍ਰਾਪਤ ਕਰ ਚੁੱਕੇ ਹਨ: ਮਾਤ ਭਾਸ਼ਾ ਏਸੇ ਕਰਕੇ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੱਡੀ ਪੂੰਜੀ ਹੁੰਦੀ ਹੈ। ਇਸ ਨਾਲ ਭਾਸ਼ਾ ਗ੍ਰਹਿਣ ਕਰਨ ਦੀ ਸਹਾਇੱਕ ਪ੍ਰਣਾਲੀ ਹਾਸਲ ਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਇਸ ਨਾਲ ਪੜ੍ਹਾਈ ਸੰਭਵ ਹੁੰਦੀ ਹੈ।
‘ਸਫਲ ਸਿਖਿਆਰਥੀ ਮਾਤ ਭਾਸ਼ਾ ਦੇ ਰਾਹੀਂ ਹਾਸਲ ਭਾਸ਼ਾਈ ਹੁਨਰ ਅਤੇ ਯਥਾਰਥ ਗਿਆਨ ਦੇ ਵੱਡੇ ਖਜ਼ਾਨੇ ਨੂੰ ਅਧਾਰ ਬਣਾਉਂਦੇ ਹਨ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਯਥਾਰਥ ਨੂੰ ਨਵੀਂ ਭਾਸ਼ਾ ਵਿਚ ਨਵੇਂ ਸਿਰਿਓ ਸੰਕਲਪਣ ਦੀ ਲੋੜ ਨਹੀਂ ਹੁੰਦੀ। ਉਹ ਪਹਿਲੀ ਭਾਸ਼ਾ ਗ੍ਰਹਿਣ ਕਰ ਚੁੱਕੇ ਹਨ ਅਤੇ ਇਹਦੇ ਨਾਲ ਹੀ ਗੱਲ-ਬਾਤ ਦੇ ਹੁਨਰ ਅਤੇ ਵਿਹਾਰਕ ਗਿਆਨ ਹਾਸਲ ਕਰ ਚੁੱਕੇ ਹਨ। ਮਿਸਾਲ ਲਈ, ਬੇਨਤੀ, ਇੱਛਾ ਜਾਂ ਚੇਤਾਵਨੀ ਦੇ ਭਾਵ ਆਮ ਤੌਰ ‘ਤੇ ਸਧਾਰਣ ਕਿਸਮ ਦੇ ਵਾਕਾਂ ਭਾਰੀ ਪਰਗਟ ਨਹੀਂ ਕੀਤੇ ਜਾਂਦੇ ਪਰ ਫਿਰ ਵੀ ਇਹ ਭਾਵ ਕਿਸੇ ਸਧਾਰਣ ਵਾਕ ਵਿਚ ਵੀ ਲੁੱਕੇ ਹੋ ਸਕਦੇ ਹਨ ਅਤੇ ਪਹਿਲੀ ਭਾਸ਼ਾ ਦੀ ਰਾਹ ਰੋਸ਼ਨ ਕਰਨ ਦੀ ਸ਼ਕਤੀ ਇਸ ਗੱਲ ਤੇ ਨਿਰਭਰ ਨਹੀਂ ਹੁੰਦੀ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਆਕਰਣਾਂ ਇਕੋ ਜਿਹੀਆਂ ਹੋਣ। ਇਹ ਇਸ ਗੱਲ ਲਈ ਹੈ ਕਿ ਸਾਰੀਆਂ ਭਾਸ਼ਾਵਾਂ ਅਧਿਕਾਰ, ਗਿਣਤੀ, ਕਰਤਾ ਸਾਧਨ, ਨਿਖੇਧ, ਕਾਰਣ, ਸ਼ਰਤ, ਲੋੜ ਜਿਹੇ ਅਮੂਰਤ ਭਾਵਾਂ ਨੂੰ ਪਰਗਟ ਕਰਨ ਵਾਲੀਆਂ ਵਿਧੀਆਂ ਦਾ ਵਿਕਾਸ ਕਰ ਚੁੱਕੀਆਂ ਹੁੰਦੀਆਂ ਹਨ, ਉਹ ਭਾਵੇਂ ਇਸ ਨੂੰ ਕਿਵੇਂ ਵੀ ਪੂਰਾ ਕਰਦੀਆਂ ਹੋਣ। ਇੱਕ ਭਾਸ਼ਾ ਦੀ ਵਿਆਕਰਣ ਦੂਜੀ ਭਾਸ਼ਾ ਦੇ ਦਰਵਾਜ਼ੇ ਖੋਲ੍ਹਣ ਲਈ ਇਸ ਲਈ ਕਾਫ਼ੀ ਹੁੰਦੀ ਹੈ ਕਿਉਂਕਿ ਸਾਰੀਆਂ ਭਾਸ਼ਾਵਾਂ ਦਾ ਸੰਕਲਪੀ ਅਧਾਰ ਇੱਕੋ ਜਿਹਾ ਹੈ।
ਭਾਸ਼ਾ ਸੰਬੰਧੀ ਨੀਤੀਕਾਰਾਂ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਬਾਕੀ ਦੁਨੀਆ ਵਿਚ ਸਿੱਖਿਆ ਅਤੇ ਭਾਸ਼ਾਵਾਂ ਦੀ ਪੜ੍ਹਾਈ ਦੇ ਖੇਤਰ ਵਿਚ ਕੀ ਹੋ ਰਿਹਾ ਹੈ।
ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਗੁਰਮੁਖੀ ਲਿਪੀ ਵਿਚ ਲਿਖਣ ਅਤੇ ਪੜ੍ਹਨ ਦੀ ਆਦਤ ਵੀ ਵਿਕਸਿਤ ਕਰਨੀ ਪਵੇਗੀ।
-ਸਿਹਤਮੰਦ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਪਵੇਗਾ।