ਨਵਕਿਰਨ ਸਿੰਘ ਪੱਤੀ
(+9198885-44001)
ਲੰਘੀ 18 ਫਰਵਰੀ ਨੂੰ ਮਾਲਵੇ ਦੇ ਇਤਿਹਾਸਕ ਪਿੰਡ ਜਿਉਂਦ ਵਿਖੇ ਐਸਐਸਪੀ ਬਠਿੰਡਾ ਜੋਤੀ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਉੱਪਰ ਢਾਹੇ ਜਬਰ ਦੌਰਾਨ ਮਾੜੀ ਪਿੰਡ ਦੇ ਕਿਸਾਨ ਚਰਨਜੀਤ ਸਿੰਘ ਨੂੰ ਮਿੱਥ ਕੇ ਇੰਨਾ ਕੁੱਟਿਆ ਗਿਆ ਕਿ ਉਸ ਦੀ ਲੱਤ ਚਕਨਾਚੂਰ ਕਰ ਦਿੱਤੀ ਗਈ।
ਉਸਦੇ ਸਿਰ ਵਿਚ ਵੀ ਗਿਣ-ਮਿੱਥ ਕੇ ਗੰਭੀਰ ਸੱਟਾਂ ਮਾਰੀਆਂ ਗਈਆਂ। ਹੈਲਮੇਟ ਲੈ ਕੇ ਅਤੇ ਵਿਸ਼ੇਸ਼ ਜਾਕੇਟ ਪਹਿਨੇ ਜਿਉਂਦ ਪਹੁੰਚੀ ਐਸਐਸਪੀ ਬਠਿੰਡਾ ਅਤੇ ਉਸਦੀ ਅਗਵਾਈ ਵਾਲੀ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਅਤੇ ਇੱਟਾਂ-ਰੋੜਿਆਂ ਦੀ ਵਾਛੜ ਕਰਦਿਆਂ ਚਰਨਜੀਤ ਸਿੰਘ ਵਰਗੇ ਕਿਸਾਨਾਂ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਸਰਹੱਦ ਉੱਪਰ ਕਿਸੇ ਦੁਸ਼ਮਣ ਦੇਸ਼ ਦੀ ਫ਼ੌਜ ਨਾਲ ਕੀਤਾ ਜਾਂਦਾ ਹੈ। ਹਾਲਾਂਕਿ ਇਹ ਕਿਸਾਨ ਕਿਸੇ ਬਹੁਤੀ ਵੱਡੀ ਮੰਗ ਲਈ ਇਕੱਤਰ ਨਹੀਂ ਹੋਏ ਸਨ ਬਲਕਿ ਪਿਛਲੇ ਲਗਭਗ 10 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਆਪਣੇ ਦੋ ਸਾਥੀ ਕਿਸਾਨਾਂ ਸ਼ਗਨਪ੍ਰੀਤ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਡੀਸੀ ਦਫਤਰ ਬਠਿੰਡਾ ਅੱਗੇ ਧਰਨਾ ਦੇਣ ਜਾ ਰਹੇ ਸਨ ਤੇ ਰਸਤੇ ਵਿਚ ਜਿਉਂਦ ਪਿੰਡ ਵਿਚ ਪੁਲਿਸ ਵੱਲੋਂ ਕਿਸਾਨਾਂ ਨੂੰ ਘੇਰ ਕੇ ਉਨ੍ਹਾਂ ਦੀਆਂ ਲੱਤਾਂ, ਬਾਹਾਂ ਤੋੜੀਆਂ ਗਈਆਂ।
ਪੁਲਿਸ ਤਸ਼ੱਦਦ ਕਾਰਨ ਗੰਭੀਰ ਜ਼ਖ਼ਮੀ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਦਾ ਇਲਾਜ ਕੁੱਝ ਦਿਨ ਰਾਮਪੁਰਾ ਫੂਲ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲਿਆ ਪਰ ਪੁਲਿਸ ਦੇ ਵਹਿਸ਼ੀ ਤਸ਼ੱਦਦ ਕਾਰਨ ਉਸ ਦੀ ਹਾਲਤ ਬਹੁਤ ਗੰਭੀਰ ਹੋਣ ਕਾਰਨ ਬਾਅਦ ਵਿਚ ਉਸ ਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਬਠਿੰਡਾ ਪੁਲਿਸ ਇਸ ਕਦਰ ਕਿਸਾਨਾਂ ਉੱਪਰ ਜਬਰ ਕਰਨ ਲਈ ਕਾਹਲੀ ਪਈ ਹੋਈ ਸੀ ਕਿ ਉਨ੍ਹਾਂ ਨੇ ਉਸੇ ਦਿਨ ਹਾਈਕੋਰਟ ਵਿਚ ਜੇਲ੍ਹਬੰਦ ਕਿਸਾਨਾਂ ਦੇ ਮਾਮਲੇ ਦੀ ਹੋ ਰਹੀ ਸੁਣਵਾਈ ਦੀ ਵੀ ਘੰਟਾ ਭਰ ਉਡੀਕ ਕਰਨੀ ਮੁਨਾਸਿਬ ਨਾ ਸਮਝੀ। ਇਕ ਪਾਸੇ ਪੁਲਿਸ ਕਿਸਾਨਾਂ ਉੱਪਰ ਤਸ਼ੱਦਦ ਢਾਹ ਰਹੀ ਸੀ ਜਦਕਿ ਦੂਜੇ ਪਾਸੇ ਕੁੱਝ ਪਲਾਂ ਬਾਅਦ ਹੀ ਹਾਈਕੋਰਟ ਨੇ ਦੋਵਾਂ ਕਿਸਾਨ ਆਗੂਆਂ ਸ਼ਗਨਪ੍ਰੀਤ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਸੁਣਾ ਦਿੱਤਾ। ਸਵਾਲ ਉੱਠਦਾ ਹੈ ਕਿ ਜਦ ਉਨ੍ਹਾਂ ਦੀ ਜ਼ਮਾਨਤ ਉੱਪਰ ਰਿਹਾਈ ਹੀ ਹੋ ਰਹੀ ਸੀ ਤਾਂ ਪੁਲਿਸ ਨੇ ਤਸ਼ੱਦਦ ਕਿਉਂ ਕੀਤਾ। ਇਸ ਸਵਾਲ ਦੇ ਕਈ ਪਹਿਲੂ ਨਜ਼ਰ ਆਉਂਦੇ ਹਨ। ਇਕ ਪਹਿਲੂ ਇਹ ਹੈ ਕਿ ਐਸਐਸਪੀ ਬਠਿੰਡਾ ਜੋਤੀ ਯਾਦਵ ਦਾ ਮੰਤਰੀ ਪਤੀ ਹਰਜੋਤ ਬੈਂਸ ਅਰਵਿੰਦ ਕੇਜਰੀਵਾਲ ਦੀ ਟੀਮ ਦਾ ਚਹੇਤਾ ਹੈ ਤੇ ਮੰਤਰੀ ਪਤੀ ਦੇ ਹੰਕਾਰ ਵਿਚ ਦਿੱਲੀ ਵਾਲਿਆਂ ਨੂੰ ਖ਼ੁਸ਼ ਕਰਨ ਲਈ ਉਹ ਖੁਦ ਮੈਦਾਨ ਵਿਚ ਨਿੱਤਰੀ ਜੋ ਵੀਡੀਓ ਰਿਕਾਰਡਿੰਗ ਵਿਚ ‘ਫੜ ਲਿਆਓ ਓਸ ਪੀਲੇ ਪਰਨੇ ਵਾਲੇ ਨੂੰ’ ਦਾ ਹੁਕਮ ਦਿੰਦੀ ਸਾਫ਼ ਸੁਣੀ ਜਾ ਸਕਦੀ ਹੈ। ਦੂਜਾ ਅਤੇ ਮੁੱਖ ਪਹਿਲੂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੰਦਰਖਾਤੇ ਕੀਤੇ ਸਮਝੌਤੇ ਤਹਿਤ ਉਹ ਪੰਜਾਬ ਦੀ ਕਿਸਾਨ ਲਹਿਰ ਨੂੰ ਸਾਬੋਤਾਜ ਕਰਨ ਉੱਪਰ ਤੁਲਿਆ ਹੋਇਆ ਹੈ। ਭਗਵੰਤ ਮਾਨ ਨੇ ਪਹਿਲਾਂ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਧਰਨੇ ਪੁਲਿਸ ਤਾਕਤ ਨਾਲ ਜ਼ਬਰੀ ਚੁਕਵਾਏ ਤੇ ਹੁਣ ਉਹ ਸੂਬੇ ਵਿਚ ਉੱਠ ਰਹੀ ਹਰ ਜਮਹੂਰੀ ਅਵਾਜ਼ ਨੂੰ ਬੰਦ ਕਰਵਾਉਣ ਉੱਪਰ ਤੁਲਿਆ ਹੋਇਆ ਹੈ।
ਜਿਉਂਦ ਵਿਚ ਹੋਏ ਤਸ਼ੱਦਦ ਨੂੰ ਸਮੁੱਚੀ ਜਮਹੂਰੀ ਲਹਿਰ ਉੱਪਰ ਹਮਲੇ ਦੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਰਕਾਰ ਦੀ ਉਸ ਜਾਬਰ ਮੁਹਿੰਮ ਦੀ ਕੜੀ ਹੈ ਜਿਸ ਦੇ ਤਹਿਤ ਪੱਤਰਕਾਰਾਂ ਉੱਪਰ ਪਰਚੇ ਦਰਜ ਕੀਤੇ ਗਏ, ਲੋਕਾਂ ਦੇ ਪੱਖ ਵਿਚ ਬੋਲਣ ਵਾਲੇ ਚੈਨਲ ਬੰਦ ਕੀਤੇ ਜਾ ਰਹੇ ਹਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਨੂੰ ਦਬਾਉਣ ਲਈ ਬਿਨਾਂ ਭੜਕਾਹਟ ਦੇ ਵਹਿਸ਼ੀ ਜਬਰ ਕੀਤਾ ਗਿਆ। ਪਹਿਲਾਂ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਨੂੰ ਅਤੇ ਫਿਰ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਤੋਂ ਉਚੇਚੀ ਪੁਲਿਸ ਟੀਮ ਭੇਜ ਕੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕੀਤਾ ਗਿਆ, ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਕਈ ਵਾਰ ਜਬਰ ਦਾ ਨਿਸ਼ਾਨਾ ਬਣਾਇਆ ਗਿਆ ਹੈ, ਪੀਆਰਟੀਸੀ ਦੇ ਡਰਾਈਵਰ-ਕੰਡਕਟਰ ਅਜੇ ਵੀ ਜੇਲ੍ਹੀਂ ਡੱਕੇ ਹੋਏ ਹਨ। ਭਾਵ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਤਾਨਾਸ਼ਾਹ ਜੁੰਡਲੀ ਸੂਬੇ ਵਿਚੋਂ ਹਰ ਉਸ ਆਵਾਜ਼ ਨੂੰ ਚੁੱਪ ਕਰਵਾਉਣ `ਤੇ ਤੁਲੀ ਹੋਈ ਹੈ ਜੋ ਆਵਾਜ਼ ਸਰਕਾਰ ਖ਼ਿਲਾਫ਼ ਉੱਠ ਰਹੀ ਹੈ।
ਸੋ ਸਮੁੱਚੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਇਕਜੁੱਟਤਾ ਨਾਲ ਸਰਕਾਰ ਦੇ ਜਾਬਰ ਪੰਜੇ ਦਾ ਮੂੰਹ ਮੋੜਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਦੀ ਇਹ ਮੰਗ ਬਿਲਕੁੱਲ ਜਾਇਜ਼ ਹੈ ਕਿ ਚਰਨਜੀਤ ਸਿੰਘ ਦਾ ਇਲਾਜ ਮਾਹਿਰ ਡਾਕਟਰਾਂ ਤੋਂ ਸਰਕਾਰੀ ਖ਼ਰਚੇ ‘ਤੇ ਕਰਵਾਇਆ ਜਾਵੇ। ਜਿਉਂਦ ਘਟਨਾ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਹਮਲੇ ਕਾਰਨ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਅਤੇ ਸਾਰੇ ਜ਼ਖ਼ਮੀਆਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਸ਼ਗਨਪ੍ਰੀਤ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਨੂੰ ਮਹੀਨਿਆਂ ਬੱਧੀ ਜੇਲ੍ਹ ਵਿਚ ਰੱਖਣਾ ਵੀ ਸਰਕਾਰ ਦੀ ਉਸੇ ਨੀਤੀ ਦਾ ਹਿੱਸਾ ਹੈ ਜੋ ਨੀਤੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਖ਼ਿਲਾਫ਼ ਅਪਣਾਈ ਹੋਈ ਹੈ ਕਿਉਂਕਿ ਇਹ ਦੋਵੇਂ ਕਿਸਾਨ ਲੰਘੇ ਵਰ੍ਹੇ ਆਦਰਸ਼ ਸਕੂਲ ਚਾਉਕੇ ਦੇ ਸੰਘਰਸ਼ ਵਾਲੇ ਮਾਮਲੇ ਵਿਚ ਜੇਲ੍ਹ ਵਿਚ ਡੱਕੇ ਹੋਏ ਸਨ।
ਕਿਸਾਨ-ਮਜ਼ਦੂਰ ਅਤੇ ਜਮਹੂਰੀ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਕ ਤਾਕਤਾਂ ਵੀ ਇਸ ਤਸ਼ੱਦਦ ਦਾ ਵਿਰੋਧ ਕਰ ਰਹੀਆਂ ਹਨ। ਯੂਨਾਈਟਡ ਅਕਾਲੀ ਦਲ ਨੇ ਪਿੰਡ ਜਿਉਂਦ ਵਿਚ ਕਿਸਾਨਾਂ ਉੱਪਰ ਹੋਏ ਤਸ਼ੱਦਦ ਦੇ ਰੋਸ ਵਜੋਂ 9 ਮਾਰਚ ਨੂੰ ਕਚਹਿਰੀ ਬਠਿੰਡਾ ਵਿਖੇ ਇੱਕ ਦਿਨ ਦਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਐਸ.ਐਸ.ਪੀ. ਬਠਿੰਡਾ ਦੀ ਅਗਵਾਈ ਹੇਠ ਕਿਸਾਨਾਂ ਨਾਲ ਅਣਮਨੁੱਖੀ ਅਤੇ ਗੈਰ-ਕਾਨੂੰਨੀ ਵਤੀਰਾ ਅਪਣਾਇਆ ਗਿਆ।
ਵੈਸੇ ਜੋ ਵਤੀਰਾ ਭਗਵੰਤ ਮਾਨ ਸਰਕਾਰ ਦਾ ਸਾਹਮਣੇ ਆਇਆ ਹੈ, ਲਗਭਗ ਇਹੋ ਜਿਹਾ ਹੀ ਵਤੀਰਾ ਹਰਿਆਣਾ ਦੀ ਸਰਕਾਰ ਨੇ ਖਨੌਰੀ ਤੇ ਸ਼ੰਭੂ ਮੋਰਚੇ ਦੌਰਾਨ ਕਿਸਾਨ ਜਥੇਬੰਦੀਆਂ ਖ਼ਿਲਾਫ਼ ਅਪਣਾਇਆ ਸੀ।
ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਕਾਰਨ ਜਿੱਥੇ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਦੇ ਖ਼ਿਲਾਫ਼ ਖੁੰਦਕ ਖਾਂਦੀ ਹੈ ਉੱਥੇ ਹੀ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਪ੍ਰਭਾਵ ਤੋਂ ਭਗਵੰਤ ਮਾਨ ਸਰਕਾਰ ਖਾਰ ਖਾਂਦੀ ਹੈ। ਇਸੇ ਕਰਕੇ ਕੇਂਦਰ ਤੇ ਸੂਬਾ ਸਰਕਾਰ ਕਿਸਾਨ ਅੰਦੋਲਨ ਨੂੰ ਕਿਸੇ ਵੀ ਰੂਪ ਵਿਚ ਵਿਕਸਤ ਹੁੰਦਿਆਂ ਨਹੀਂ ਵੇਖਣਾ ਚਾਹੁੰਦੀਆਂ। ਪਰ ਇਨ੍ਹਾਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਮੁਲਕ ਵਿਚ ਕਿਸਾਨਾਂ ਵੱਲੋਂ ਆਪਣੀਆਂ ਹੱਕਾਂ ਮੰਗਾਂ ਲਈ ਕਈ ਇਤਿਹਾਸਕ ਅੰਦੋਲਨ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਦੇ ਹੱਕ ਦਿਵਾਉਣ ਲਈ ਲੜੇ ਗਏ ਇਤਿਹਾਸਕ ਸੰਘਰਸ਼ ਦਾ ਧੁਰਾ ਕਿਸਾਨ ਹੀ ਸਨ। ਆਜ਼ਾਦੀ ਦੀ ਲੜਾਈ ਦਾ ਵੀ ਕਿਸਾਨ ਬਹੁਤ ਮਹੱਤਵਪੂਰਨ ਹਿੱਸਾ ਰਹੇ ਹਨ। ਪਰਜਾ ਮੰਡਲ ਲਹਿਰ ਵੱਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ ਚੱਲੀ ‘ਪੱਗੜੀ ਸੰਭਾਲ ਜੱਟਾ’ ਲਹਿਰ ਨੇ ਕਿਸਾਨ ਮੰਗਾਂ ਨੂੰ ਉਭਾਰ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਲਾਮਬੰਦ ਕੀਤਾ ਸੀ। ਕਿਸਾਨ ਆਗੂ ਸਰ ਛੋਟੂ ਰਾਮ ਨੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਉਭਾਰਿਆ। ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਪੈਪਸੂ ਮੁਜ਼ਾਰਾ ਲਹਿਰ ਅਤੇ ਨਕਸਲਬਾੜੀ ਲਹਿਰ ਨੇ ਕਿਸਾਨਾਂ-ਮਜ਼ਦੂਰਾਂ ਨੂੰ ਕਾਨੂੰਨੀ ਵਲਗਣ ਤੋਂ ਬਾਹਰ ਨਿਕਲ ਕੇ ਜੁਝਾਰੂ ਸੰਘਰਸ਼ ਕਰਨ ਦਾ ਤਜਰਬਾ ਦਿੱਤਾ ਸੀ।
ਸੋ ਮੌਜੂਦਾ ਦੌਰ ਅੰਦਰ ਵੀ ‘ਬਦਲਾਅ’ ਦਾ ਹੋਕਾ ਦੇ ਕੇ ਸੱਤਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ, ਮਜ਼ਦੂਰ ਜਥੇਬੰਦੀਆਂ ਪ੍ਰਤੀ ਉਨ੍ਹਾਂ ਵੱਲੋਂ ਅਪਣਾਈ ਦੁਸ਼ਮਣੀ ਵਾਲੀ ਨੀਤੀ ਵਿਚ ਉਸਨੂੰ ਆਖਿæਰਕਾਰ ਮੂੰਹ ਦੀ ਖਾਣੀ ਪਵੇਗੀ। ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਇਸ ਧਰਤੀ ਦੇ ਜਾਇਆਂ ਨੇ ਵੱਡੇ-ਵੱਡੇ ਜਾਬਰਾਂ ਦੇ ਨੱਕ ਮੋੜੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹਕੂਮਤੀ ਜਬਰ ਵਿਰੁੱਧ ਅਪਣਾਈ ਸਾਂਝੇ ਘੋਲ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਜਿਉਂਦ ਵਿਚ ਕਿਸਾਨਾਂ ਉੱਪਰ ਕੀਤੇ ਵਹਿਸ਼ੀ ਜਬਰ ਦੇ ਖ਼ਿਲਾਫ਼ ਇਸ ਜਥੇਬੰਦੀ ਵੱਲੋਂ 26 ਫਰਵਰੀ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਜਮਹੂਰੀ ਅਤੇ ਵਿਦਿਆਰਥੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾ ਲਈ ਗਈ ਹੈ। ਉਮੀਦ ਹੈ ਕਿ ਇਸ ਮੀਟਿੰਗ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਲੋਕ ਸੰਘਰਸ਼ਾਂ ਵਿਰੁੱਧ ਵਿੱਢੀ ਤਾਨਾਸ਼ਾਹ, ਜਾਬਰ ਮੁਹਿੰਮ ਦੇ ਖ਼ਿਲਾਫ ਸਾਂਝੇ ਸੰਘਰਸ਼ ਦਾ ਕੋਈ ਵੱਡਾ ਫ਼ੈਸਲਾ ਲਿਆ ਜਾਵੇਗਾ। ਜੋ ਹਕੂਮਤੀ ਦਹਿਸ਼ਤਵਾਦ ਨੂੰ ਠੱਲ੍ਹ ਪਾ ਕੇ ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਲਈ ਇਤਿਹਾਸਕ ਭੂਮਿਕਾ ਨਿਭਾਏਗਾ ਅਤੇ ਹੋਰ ਸੰਘਰਸ਼ਸ਼ੀਲ ਤਬਕਿਆਂ ਦੇ ਸੰਘਰਸ਼ਾਂ ਦਾ ਮਨੋਬਲ ਵਧਾਏਗਾ।
