ਰਵਿੰਦਰ ਸਹਿਰਾਅ
‘ਵਰਿ੍ਹਆਂ ਪਿੱਛੋਂ’ ਸਾਡੇ ਮਾਣਮੱਤੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਕਾਵਿ ਪੋਥੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇਸ ਨੂੰ ਪਿਛਲੇ ਪਾਸਿਓਂ ਪੜ੍ਹਨਾ ਸ਼ੁਰੂ ਕੀਤਾ ਹੈ। ਜੀ ਹਾਂ ਇਹ ਇਸ ਕਰ ਕੇ ਕਿ ਮੈਂ ਇਹ ਪੜ੍ਹਦਿਆਂ ਪੰਜਾਹ ਸਾਲ ਪਹਿਲਾਂ ਵਾਲੇ ਦਿਨਾਂ ਵਿਚ ਪਹੁੰਚ ਗਿਆ ਹਾਂ।
ਵਰਕੇ ਉਲੱਦਦਿਆਂ ਮੈਨੂੰ ਉਸ ਦੌਰ ਦੀਆਂ ਅਨੇਕਾਂ ਤੱਤੀਆਂ ਕਵਿਤਾਵਾਂ ਯਾਦ ਆ ਰਹੀਆਂ ਹਨ। ਉਨ੍ਹਾਂ ਦਿਨਾਂ ਵਿਚ ਕਿੰਨੇ ਹੀ ਮੈਗਜ਼ੀਨ ਵੀ ਨਿਕਲੇ। ਸਭਨਾਂ ਵਿਚ ਇਹ ਇਨਕਲਾਬੀ ਲੇਖ, ਕਹਾਣੀਆਂ ਅਤੇ ਕਵਿਤਾਵਾਂ ਹੁੰਦੀਆਂ। ਮੇਰੇ ਵਰਗੇ ਕਿੰਨੇ ਹੀ ਹੋਰਾਂ ਨੇ ਵੀ ਇਸ ਦਾ ਅਸਰ ਕਬੂਲਿਆ। ਕਈ ਫੈਸ਼ਨ ਵਜੋਂ ਲਿਖਣ ਲੱਗੇ ਤੇ ਬੜੀ ਛੇਤੀ ਭੁੱਲ ਵਿਸਰ ਗਏ। ਉਹੀ ਬਚੇ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਸੁਮੇਲ ਸੀ। ਉਨ੍ਹਾਂ ਦੀਆਂ ਰਚਨਾਵਾਂ ਹੁਣ ਵੀ ਓਨੀਆਂ ਹੀ ਸਾਰਥਕ ਹਨ, ਜਿੰਨੀਆਂ ਉਨ੍ਹਾਂ ਦਿਨਾਂ ਵਿਚ ਹੁੰਦੀਆਂ ਸਨ। ਇਸ ਦੀ ਮਿਸਾਲ ‘ਵਰਿ੍ਹਆਂ ਪਿੱਛੋਂ’ ਦਾ ਅਖ਼ੀਰਲਾ ਹਿੱਸਾ ਹੈ।
ਇਨ੍ਹਾਂ ਕਵਿਤਾਵਾਂ ਦੀ ਖੂਬੀ ਇਹ ਵੀ ਹੈ ਕਿ ਬਹੁਤੀਆਂ ਕਵਿਤਾਵਾਂ ਵਿਚ ਪ੍ਰਗੀਤ ਵੀ ਹੈ, ਰਿਦਮ ਵੀ ਹੈ। ਇਹ ਮਨ ’ਤੇ ਅਛੋਪਲੇ ਜਿਹੇ ਹੀ ਅਸਰ ਕਰਦੀਆਂ ਹਨ। ਇਹ ਗਜ਼ਲਨੁਮਾ ਤੇ ਗੀਤਾਂ ਵਿਚ ਤਾਂ ਹੋਣਾ ਹੀ ਸੀ ਪਰ ਖੁਲ੍ਹੀਆਂ ਕਵਿਤਾਵਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਅਮਰਜੀਤ ਚੰਦਨ ਦੀ ਗ੍ਰਿਫ਼ਤਾਰੀ ਸਮੇਂ ਲਿਖੀ ਕਵਿਤਾ ਦੀਆਂ ਅੰਤਲੀਆਂ ਸਤਰਾਂ ਦੇਖੋ:
ਪੌਣ ਨੇ ਰੁਮਕਦੇ ਰਹਿਣਾ ਹੈ
ਮਹਿਕ ਨੇ ਕੈਦ ਨਹੀਂ ਹੋਣਾ।
ਇਹ ਕਵਿਤਾਵਾਂ ਵਿਸ਼ਵਾਸ ਦੇ ਨਾਲ਼-ਨਾਲ਼ ਨਿਸਚੈ ਦੀ ਹਾਮੀ ਵੀ ਭਰਦੀਆਂ ਹਨ। ਇਹ ਇਕ ਜਜ਼ਬਾ ਸੀ, ਉਸ ਵੇਲੇ ਦੇ ਕਵੀਆਂ ਵਿਚ ਜੋ ਹੁਣ ਪੜ੍ਹਦਿਆਂ ਵੀ ਓਨਾ ਹੀ ਜਿਉਂਦਾ ਲੱਗਦਾ ਹੈ:
ਮੈਂ ਜਿਨ੍ਹਾਂ ਦੀ ਗੱਲ ਕਰਦਾ ਹਾਂ
ਉਹ ਲੋਕਾਂ ਦੀ ਗੱਲ ਕਰਦੇ ਹਨ
ਲੋਕਾਂ ਦੀ ਗੱਲ ਕਰਨ ਵਾਲੇ
ਯਾਰੋ! ਕਦੋਂ ਮਰਦੇ ਹਨ?
ਇਹ ਇਕ ਸਦੀਵੀ ਸਚਾਈ ਹੀ ਤਾਂ ਹੈ ਕਿ ਲੋਕਾਂ ਦੀ ਗੱਲ ਕਰਨ ਵਾਲੇ ਕਦੀ ਵੀ ਨਹੀਂ ਮਰਦੇ। ਇਕ ਸਦੀ ਤੋਂ ਵੀ ਪਹਿਲਾਂ ਗ਼ਦਰੀ ਬਾਬਿਆਂ ਵੱਲੋਂ ਲਿਖੀਆਂ ਕਵਿਤਾਵਾਂ ਅੱਜ ਵੀ ਸਾਡੇ ਦਿਲਾਂ ਅੰਦਰ ਜੋਸ਼ ਭਰ ਦਿੰਦੀਆਂ ਹਨ। ਸ਼ਿਲਪ ਪੱਖੋਂ ਤੁਸੀਂ ਭਾਵੇਂ ਸੌ ਨੁਕਸ ਕੱਢਦੇ ਫਿਰੋ ਪਰ ਵਿਚਾਰ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਵਿਚਾਰ ਵਿਹੂਣੀ ਕਵਿਤਾ ਦੀ ਉਮਰ ਲੰਮੀ ਨਹੀਂ ਹੁੰਦੀ।
ਕੱਚੇ ਦਾ ਤਾਂ ਕੰਮ ਖੁਰਨਾ ਐਪਰ ਇਸ ਤੋਂ ਹੋ ਬੇਖ਼ੌਫ਼
ਪੂਜਾ ਦੀ ਤੂੰ ਆਸ ਨਾ ਕਰ, ਤੂੰ ਕੋਈ ਮੁਰਦਾ ਨਹੀਂ
—
ਤੇਰੇ ਉਚੇ ਉਚੇ ਮਹਿਲ ਤੇਰੇ ਪਾਪਾਂ ਦੀ ਨਿਸ਼ਾਨੀ
ਤੁਸਾਂ ਲੋਟੂਆਂ ਨੇ ਖਾ ਲਈ ਮੇਰੇ ਦੇਸ਼ ਦੀ ਜੁਆਨੀ।
ਮਹਿਬੂਬ ਦੀਆਂ ਜ਼ੁਲਫ਼ਾਂ ਬਾਰੇ ਕਵਿਤਾਵਾਂ ਲਿਖਣ ਵਾਲੇ ਕਵੀਆਂ ਨੂੰ ਉਹ ਉਸ ਸਮੇਂ ਦੇ ਸਭ ਤੋਂ ਵੱਧ ਚਰਚਿਤ ਕਵੀ ਪਾਸ਼ ਵਾਂਗ ਹੀ ਮੁਖ਼ਾਤਿਬ ਹੈ:
ਮੈਂ ਜਿਨ੍ਹਾਂ ਦੀ ਗੱਲ ਕਰਦਾ ਹਾਂ
ਉਨ੍ਹਾਂ ਇਹ ਜਾਣ ਲੀਤਾ ਹੈ
ਕਿ ਰਾਤ
ਮਹਿਬੂਬ ਦੀਆਂ ਜੁਲਫ਼ਾਂ ’ਚ ਨਹੀਂ ਹੁੰਦੀ
ਆਪਣੀਆਂ ਅੱਖਾਂ ’ਚ ਹੁੰਦੀ ਹੈ
ਜਦ ਤਦ ਰਾਤ ਰਹਿੰਦੀ ਹੈ
ਰਾਜਘਾਟ ਤੇ ਸਤਲੁਜ ਦਾ ਕੰਢਾ
ਇੱਕੋ ਹੀ ਪੁਸਤਕ ਵਿਚ ਪੜ੍ਹੇ ਜਾਂਦੇ ਹਨ।
ਇਸ ਤਰ੍ਹਾਂ ਇਕ-ਇਕ ਕਰ ਕੇ ਉਸ ਦੌਰ ਦੀਆਂ ਕਵਿਤਾਵਾਂ ਅੱਖਾਂ ਮੂਹਰਿਓਂ ਲੰਘ ਰਹੀਆਂ ਹਨ। ਨੰਗੀ ਅੱਖ ਦਾ ‘ਦੋਸ਼’, ‘ਕਤਲ’, ‘ਯਾਰਾਂ ਕੱਦ’, ‘ਨਪੁੰਸਕ ਸ਼ਾਇਰੀ ਦੇ ਨਾਂ’, ਤੇ ‘ਕਿਸ ਨੂੰ ਉਡੀਕਦੇ ਹੋ’ ਆਦਿ ਪੜ੍ਹਦਾ-ਪੜ੍ਹਦਾ ਮੇਰਾ ਮਨ ਮਸਤਕ ਉਨ੍ਹਾਂ ਦਿਨਾਂ ਵਿਚ ਪਹੁੰਚ ਗਿਆ ਹੈ, ਜਦੋਂ ਮੈਂ ਚਲੰਤ ਕਿਸਮ ਦੇ ਗੀਤ ਲਿਖਣੇ ਛੱਡ ਕੇ ਇਨ੍ਹਾਂ ਕਵਿਤਾਵਾਂ ਵੱਲ ਚੁੰਬਕ ਵਾਂਗ ਖਿੱਚਿਆ ਗਿਆ ਸੀ। ‘ਵਕਤ ਦੀ ਮੌਤ’ ਕਵਿਤਾ ਪੜ੍ਹਦਿਆਂ ਮੈਨੂੰ ਯਾਦ ਆ ਰਿਹਾ ਹੈ ਜਦੋਂ ਇਹ ਕਵਿਤਾ ਮੈਂ ਖਾਲਸਾ ਕਾਲਜ ਅੰਬਰਸਰ ਦੇ ਕਵਿਤਾ ਉਚਾਰਣ ਮੁਕਾਬਲੇ ਵਿਚ ਪੜ੍ਹੀ ਸੀ। ਬੇਸ਼ਕ ਮੈਨੂੰ ਤੀਜਾ ਸਥਾਨ ਹੀ ਮਿਲਿਆ ਸੀ ਪਰ ਸਟੇਜ ਤੋਂ ਥੱਲੇ ਉਤਰਨ ਤੋਂ ਬਾਅਦ ਉਥੇ ਪੜ੍ਹਦੇ ਐੱਸ.ਐੱਫ.ਆਈ. ਦੇ ਦੋ ਆਗੂ ਮੈਨੂੰ ਸ਼ਾਬਾਸ਼ ਦੇਣ ਆਏ ਸਨ। ਮੇਰੇ ਲਈ ਇਹੋ ਹੀ ਵੱਡਾ ਇਨਾਮ ਸੀ।
ਦੀਵਾਰ ’ਤੇ ਲਟਕਿਆ ਲੈਨਿਨ
ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ
ਥੱਕ ਚੱਲੀ ਹੈ
—
ਵਕਤ ਦੀ ਮੌਤ ਚਾਹੁੰਦੇ ਹੋ
ਤਾਂ ਲੈਨਿਨ ਨੂੰ ਦੀਵਾਰ ਤੋਂ ਲਾਹੋ
ਗੋਬਿੰਦ ਦੀ ਉਂਗਲੀ ਪਕੜੋ
ਤੇ ਬਲਦੀ ਲਾਟ ਬਣ ਕੇ
ਜੰਗਲਾਂ ਨੂੰ ਚੀਰ ਜਾਵੋ।
‘ਨਾ ਰੋ’ ਤੇ ‘ਸ਼ਹੀਦ ਦਾ ਬੁੱਤ’ ਵੀ ਇਸੇ ਤਰਜ਼ ਦੀਆਂ ਕਵਿਤਾਵਾਂ ਹਨ। ਹੋਰ ਵੀ ਹਨ ਪਰ ਹੁਣ ਮੈਂ ਪੜ੍ਹਦਾ-ਪੜ੍ਹਦਾ ਦੂਜਾ ਹਿੱਸਾ ਖ਼ਤਮ ਕਰ ਬੈਠਾ ਹਾਂ। ਵਰਕੇ ਉਲੱਦ ਕੇ ਮੈਂ ਪਹਿਲਾ ਹਿੱਸਾ ਪਹਿਲੇ ਪਾਸਿਓਂ ਸ਼ੁਰੂ ਕਰਦਾ ਹਾਂ। ‘ਅੰਬਾਂ ਵਾਲੀ ਬਾਲਟੀ’ ਇਸ ਦੀ ਪਹਿਲੀ ਕਵਿਤਾ ਹੈ। ਪੜ੍ਹਦਿਆਂ-ਪੜ੍ਹਦਿਆਂ ਅੱਖਾਂ ਨਮ ਹੋ ਜਾਂਦੀਆਂ ਹਨ। ਕਵਿਤਾ ਛੋਟੀ ਹੈ ਪਰ ਅਰਥ ਵੱਡੇ ਹਨ। ਏਨੇ ਡੂੰਘੇ ਕਿ ਬੰਦਾ ਆਪਣੀਆਂ ਹੀ ਸੋਚਾਂ ਵਿਚ ਗੁਆਚ ਜਾਂਦਾ ਹੈ:
ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ?
ਸੁਣ ਕੇ ਅੱਗੋਂ ਬੇਫਿæਕਰ ਜਿਹਾ ਹਾਸਾ ਹੱਸਦੀ;
ਕਰਨਾ ਕੀ ਏ!
ਧੀਆਂ ਪੁੱਤ ਆਪੋ ਆਪਣੇ ਘਰ
ਆਪਾਂ ਆਪਣੇ ਘਰ
ਬਾਲਟੀ ’ਚ ਅੰਬ ਪਾਇਆ ਕਰਾਂਗੇ
ਧੋ ਧੋ ਕੇ ਚੂਪਿਆ ਕਰਾਂਗੇ
ਦੋਵੇਂ ਜੀਅ ਮੌਜ ਨਾਲ।
ਕਵਿਤਾ ਵਿਚ ਟਵਿਸਟ ਦੇਖਣ ਤੇ ਸੋਚਣ ਵਾਲਾ ਹੈ:
ਪੁੱਤਰ ਦੇ ਘਰ ਮਾਂਜ ਰਹੀ ਹੈ ਜੂਠੇ ਭਾਂਡੇ
ਪਾਣੀ ਦੀ ਧਾਰ ਹੇਠਾਂ
ਹੱਥ ਮਲ਼ਦੀ ਵੇਖੀ ਜਾਵੇ
ਸੋਚੀ ਜਾਵੇ
ਏਦਾਂ ਜਾਪੇ ਹੌਲ਼ੀ ਹੌਲ਼ੀ
ਪੋਲੇ ਪੋਲੇ ਅੰਬ ਧੋ ਰਹੀ
ਮੰਮੀ ਟੂਟੀ ਬੰਦ ਤਾਂ ਕਰ ਲਓ
ਪਾਣੀ ਐਵੇਂ ਡੁੱਲ੍ਹੀ ਜਾਂਦੈ।
ਮਹਿੰਗਾ ਪਾਣੀ ਹੋਰ ਨਾ ਡੁੱਲ੍ਹੇ/ਤ੍ਰਭਕ ਕੇ
ਟੂਟੀ ਬੰਦ ਕਰਦੀ ਹੈ
ਸਸਤਾ ਪਾਣੀ ਅੱਖਾਂ ਵਿਚੋਂ
ਤਿੱਪ ਤਿੱਪ ਕਰ ਕੇ
ਡੁੱਲਣ ਲੱਗਾ।
ਵਿੰਹਦੇ ਵਿੰਹਦੇ ਭਰੀਆਂ ਹੋਈਆਂ ਅੱਖਾਂ ਵਿਚੋਂ
ਭਰੀ ਭਰਾਈ ਅੰਬਾਂ ਵਾਲੀ ਬਾਲਟੀ
ਭੁੰਜੇ ਡੁੱਲ੍ਹ ਗਈ।
ਕੀ ਤੁਹਾਨੂੰ ਪਤੈ ਕਿ ਕਵਿਤਾ ਤੁਹਾਡੇ ਨਾਲ ਗੱਲਾਂ ਵੀ ਕਰਦੀ ਹੈ। ਤੁਹਾਡੇ ਦੁੱਖ-ਦਰਦ ਵੀ ਸੁਣਦੀ ਹੈ। ਭਾਵੇਂ ਉਹ ਵਰਿ੍ਹਆਂ ਪਿਛੋਂ ਹੀ ਕਿਉਂ ਨਾ ਆਈ ਹੋਵੇ। ਜੇ ਯਕੀਨ ਨਹੀਂ ਆਉਂਦਾ ਤਾਂ ਇਹ ਕਾਵਿ ਸਤਰਾਂ ਦੇਖੋ:
ਉਸ ਨੇ ਬਾਂਹ ਵਧਾ ਕੇ
ਮੇਰੇ ਮੱਥੇ ’ਤੇ ਹੱਥ ਰੱਖਿਆ
ਪਤਾ ਨਹੀਂ ਕੀ ਜਾਦੂ ਕਰਿਆ
ਬੰਦਾ ਏਂ ਤੂੰ/ਪੱਥਰ ਤੇ ਨਹੀਂ/
ਮੇਰੇ ਮੋਢੇ ’ਤੇ ਸਿਰ ਰੱਖ ਕੇ
ਰੋ ਸਕਦਾ ਏਂ/ਗਾ ਸਕਦਾ ਏਂ
ਆਪਣੇ ਦਿਲ ਦਾ ਸਾਰਾ ਦਰਦ ਸੁਣਾ ਸਕਦਾ ਏਂ।
ਵਰਿਆਮ ਸੰਧੂ ਨੇ ਆਪਣੀਆਂ ਕਹਾਣੀਆਂ ਵਾਂਗ ਕਵਿਤਾਵਾਂ ਵਿਚ ਵੀ ਅਨੂਠਾ ਬਿਰਤਾਂਤ ਸਿਰਜਿਆ ਹੈ। ਜੋ ਅੱਜ ਦੀ ਕਵਿਤਾ ਵਿਚ ਗਿਆ ਗੁਆਚਿਆ ਹੈ। ਅੱਜ ਕਵੀ ਇਕ ਸਤਰੀ, ਦੋ ਸਤਰੀ ਤੇ ਕਈ ਤਾਂ ਇਕ ਅੱਖਰੀ ਕਵਿਤਾ ਵੀ ਲਿਖ ਰਹੇ ਹਨ ਪਰ ਉਨ੍ਹਾਂ ਵਿਚ ‘ਸਿਰਜਣ’ ਨਹੀਂ ਹੈ, ਸਿਰਫ਼ ਅੱਖਰ ਹਨ। ਕਿਤੇ ਕਿਤੇ ਉਨ੍ਹਾਂ ਨੇ ਆਪਣੀ ਕਵਿਤਾ ਨੂੰ ਨਿੱਕੇ ਨਿੱਕੇ ਟੁਕੜਿਆਂ ਨਾਲ ਵੀ ਸਜਾਇਆ ਸੰਵਾਰਿਆ ਹੈ ਪਰ ਉਹ ਬੇ-ਮਾਅਨੇ ਨਹੀਂ ਹਨ:
ਦਿਲ ਦਾ ਸੇਕ
ਅੰਦਰ ਹਾਕ
ਸਭਨਾਂ ਦਾ ਸਾਕ।
—
ਸੂਰਜੀ ਲੋਅ
ਨ੍ਹੇਰੇ ’ਚ ਟੋਹ
ਮਾਂ ਦਾ ਮੋਹ।
—
ਸਬਰ ਤੇ ਸਹਿਜ
ਲਿਸ਼ਕਦਾ ਸੁਹਜ
ਬੁਸਕਦਾ ਕੁਹਜ।
—
ਦਿਲ ਸੀ ਦਿੱਲੀ ਧੜਕਦਾ
ਮੈਨੂੰ ਪੁੱਛਾਂ ਪੁੱਛੇ ਪਸ਼ੌਰ
ਇਕ ਬਾਂਹ ਅੰਬਰਸਰ ਸੀ
ਤੇ ਦੂਜੀ ਬਾਂਹ ਲਾਹੌਰ।
—
‘ਵਿਛੜਨ ਰਾਤ ਨਾ ਆਵੇ’ ਇਕ ਲੰਮੀ ਬਿਰਤਾਂਤਕ ਕਵਿਤਾ ਹੈ ਜੋ ਕਵੀ ਨੇ ਆਪਣੀ ਸਾਥਣ ਲਈ ਲਿਖੀ ਹੈ:
ਉਸਦਾ ਹੋਣਾ ਜੀਣਾ ਮੇਰਾ
ਉਸ ਦੀ ਸੰਗਤ
ਮੇਰੇ ਲਈ
ਸਤਿਯੁਗ ਦੀ ਠੰਢਕ।
ਰੋਂਦੀ ਰੋਂਦੀ ਹੱਸ ਪੈਂਦੀ ਹੈ
ਮੇਰੇ ਸਭ ਗੁਨਾਹ ਬਖ਼ਸ਼ ਕੇ
ਮੁੜ ਬਾਹਵਾਂ ਵਿਚ ਘੁੱਟ ਲੈਂਦੀ ਹੈ
ਮੋਹ ਵਿਚ ਡੁਲ ਡੁਲ ਆਖੀ ਜਾਵੇ
‘ਲੜਨ ਰਾਤ ਆਵੇ ਵਿਛੜਨ ਰਾਤ ਨਾ ਆਵੇ।’
‘ਧੀਆਂ ਧਿਆਣੀਆਂ’ ਕਵਿਤਾ ਸੰਵੇਦਨਾ ਨਾਲ ਗੜੁੱਚ ਕਵਿਤਾ ਹੈ। ਧੀਆਂ ਬਾਰੇ ਕਈ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਡਾ. ਜਗਤਾਰ ਦੀ ਕਵਿਤਾ ‘ਧੀਆਂ’ ਕਾਲੇ ਸਮਿਆਂ ਵਿਚ ਲਿਖੀ ਕਲਾਸਿਕ ਕਵਿਤਾ ਹੈ। ਮੇਰੀ ਵੀ ਇਕ ਕਵਿਤਾ ਹੈ ਜਿਸ ਨੂੰ ਪੜ੍ਹਦਿਆਂ ਮੈਂ ਅਕਸਰ ਭਾਵੁਕ ਹੋ ਜਾਂਦਾ ਹਾਂ। ਜੇਕਰ ਤੁਸੀਂ ਕਦੇ ਵਰਿਆਮ ਸੰਧੂ ਦੀ ਸੰਗਤ ਮਾਣੀ ਹੋਵੇ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਉਹ ਧੀਆਂ ਦਾ ਜ਼ਿਕਰ ਆਉਣ `ਤੇ ਡੁਸਕਣ ਲੱਗ ਜਾਂਦੇ ਹਨ। ਮੈਂ ਤਾਂ ਅੱਖੀਂ ਦੇਖਿਆ ਹੈ:
ਧੀਆਂ ਇਹ ਪਿਆਰੀਆਂ
ਗੁਰੂ ਨੇ ਸਵਾਰੀਆਂ
ਰੋਂਦੇ ਰੋਂਦੇ ਹੱਸ ਪੈਣ
ਭੁੱਜਦੇ ਮਨਾਂ ਦੇ ਉਤੇ
ਮੀਂਹ ਵਾਂਗ ਵੱਸ ਪੈਣ।
—
ਧੀਆਂ ਸਾਡੀ ਧਿਰ
ਧਰਵਾਸਾ ਸਾਡੀ ਆਤਮਾ ਦਾ
ਸੱਚ ਮੁੱਚ ਜ਼ਿੰਦਗੀ ਦਾ
ਧੁਰਾ ਬਣ ਬਹਿੰਦੀਆਂ
ਧੀਆਂ ਇਹ ਪਿਆਰੀਆਂ
ਗੁਰੂ ਨੇ ਸਵਾਰੀਆਂ।
ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਮੈਂ ਸੋਚਦਾ ਹਾਂ ਕਿ ਵਰਿਆਮ ਸੰਧੂ ਹੋਰਾਂ ਇਹ ਪੋਥੀ ਛਪਵਾ ਕੇ ਪੰਜਾਬੀ ਪਾਠਕਾਂ ਉਪਰ ਜਿਵੇਂ ਅਹਿਸਾਨ ਕਰ ਦਿੱਤਾ ਹੈ। ਖਾਸ ਕਰ ਕੇ ਉਨ੍ਹਾਂ ਪਾਠਕਾਂ ਲਈ ਜਿਹੜੇ ਜੁਝਾਰੂ ਦੌਰ ਤੋਂ ਬਾਅਦ ਵਿਚ ਜਨਮੇ ਹਨ। ਖੋਜ ਕਰ ਰਹੇ ਵਿਦਿਆਰਥੀਆਂ ਲਈ ਵੀ ਇਹ ਲਾਹੇਵੰਦ ਹੋ ਸਕਦੀ ਹੈ। 144 ਸਫਿਆਂ ਉਪਰ ਫੈਲੀਆਂ ਇਹ 56 ਕਵਿਤਾਵਾਂ ਮੈਨੂੰ ਤਾਂ ਇਕ ਕਾਵਿਕ ਦਸਤਾਵੇਜ ਹੀ ਲੱਗੀਆਂ ਹਨ। ਜਿਸ ਵਿਚ ਜੁਝਾਰੂ ਤੇ ਅਜੋਕੀ ਕਵਿਤਾ ਦੇ ਦੋਵੇਂ ਰੰਗ ਮੌਜੂਦ ਹਨ।
+1 219-900-1115
