ਗੈਂਗਸਟਰਾਂ ਦਾ ਖ਼ੌਫ਼

ਪੰਜਾਬ ਪੁਲਿਸ ਵਲੋਂ ਹੱਦੋਂ ਵੱਧ ਸਖ਼ਤੀ ਵਰਤੇ ਜਾਣ ਦੇ ਬਾਵਜੂਦ ਸੂਬੇ ‘ਚ ਗੈਂਗਸਟਰਾਂ ਦੀਆਂ ਅਪਰਾਧਕ ਕਾਰਵਾਈਆਂ ਘਟਣ ਦੀ ਥਾਂ ਦਿਨ-ਬ-ਦਿਨ ਵਧ ਰਹੀਆਂ ਹਨ। ਨਵੇਂ ਸਾਲ ਦੇ ਪਹਿਲੇ ਡੇਢ ਕੁ ਮਹੀਨੇ ਅੰਦਰ ਹੀ 5-6 ਹਾਈ ਪ੍ਰੋਫਾਈਲ ਕਤਲ ਦੀਆਂ ਘਟਨਾਵਾਂ

ਨੇ ਸੂਬੇ ਦੇ ਪ੍ਰਸ਼ਾਸਕੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਰਨ ਤਾਰਨ ਵਿਖੇ ਚਲਦੇ ਵਿਆਹ ਸਮਾਗਮ ‘ਚ ਸੱਤਾਧਾਰੀ ਪਾਰਟੀ ਦੇ ਹੀ ਸਰਪੰਚ ਦੀ ਹੱਤਿਆ, ਜਲੰਧਰ ਵਿਚ ‘ਆਪ’ ਆਗੂ ਲੱਕੀ ਉਬਰਾਏ, ਵਲਟੋਹਾ ਪਿੰਡ ਦੇ ਸਰਪੰਚ ਦਾ ਕਤਲ, ਹੌਲਦਾਰ ਅਮਨਦੀਪ ਸਿੰਘ ਦੀ ਹੱਤਿਆ ਆਦਿ ਉਹ ਘਟਨਾਵਾਂ ਹਨ, ਜਿਨ੍ਹਾਂ ਨੇ ਆਮ ਲੋਕਾਂ ‘ਚ ਗੈਗਸਟਰਾਂ ਦਾ ਖ਼ੌਫ਼ ਹੋਰ ਵਧਾ ਦਿੱਤਾ ਹੈ। ‘ਗੈਂਗਸਟਰ’ ਇਕ ਬਹੁ-ਪਰਤੀ ਢਾਂਚੇ ਦਾ ਨਾਂਅ ਹੈ, ਜੋ ਦੇਸ਼ ਜਾਂ ਵਿਦੇਸ਼ ਦੀ ਧਰਤੀ ਤੋਂ ਅਪਰਾਧਕ ਕਾਰਵਾਈਆਂ ਵਾਲੇ ‘ਆਪ੍ਰੇਸ਼ਨ’ ਚਲਾਉਂਦੇ ਹਨ।
ਇੱਥੋਂ ਤੱਕ ਕਿ ਅਜਿਹੇ ਅਨਸਰਾਂ ਨੇ ਆਪਣੇ ਸ਼ਿਕਾਰ ਨੂੰ ਜੇਲ੍ਹਾਂ ਦੇ ਅੰਦਰੋਂ ਫ਼ੋਨ ਕਰਕੇ ਡਰਾਇਆ-ਧਮਕਾਇਆ ਜਾਂ ਫਿਰੌਤੀ ਆਦਿ ਦੀ ਮੰਗ ਵੀ ਕੀਤੀ। ਇਹ ਲੋਕ ਇਕਲੌਤੀ ਔਲਾਦ ਵਾਲੇ ਅਮੀਰ ਲੋਕਾਂ ਨੂੰ ਤਰਜੀਹ ਦੇਣ ਲੱਗੇ ਹਨ, ਜੋ ਆਪਣਾ ਵੰਸ਼ ਖ਼ਤਮ ਹੋਣ ਦੇ ਡਰੋਂ ਚੁੱਪ-ਚਾਪ ਮੰਗੀ ਗਈ ਫਿਰੌਤੀ ਦੇ ਕੇ ਆਪਣਾ ਖਹਿੜਾ ਛੁਡਾਉਣ ‘ਚ ਹੀ ਭਲਾਈ ਸਮਝਦੇ ਹਨ। ਸਾਲ 2025-26 ‘ਚ ਇਸ ਢਾਂਚੇ ਵਿਚ ਇਕ ਬਦਲਾਅ ਆਇਆ, ਇਹ ਰਵਾਇਤੀ ਅਪਰਾਧਕ ਕਾਰਵਾਈਆਂ ਦੇ ਨਾਲ-ਨਾਲ ਅਤਿਵਾਦ, ਨਸ਼ਾ ਤੇ ਹਥਿਆਰਾਂ ਦੀ ਤਸਕਰੀ ਦੇ ਰਲੇ-ਮਿਲੇ ਰੂਪ ਵਜੋਂ ਪ੍ਰਗਟ ਹੋਣਾ ਸ਼ੁਰੂ ਹੋਇਆ ਹੈ। ਪਹਿਲਾਂ ਕਿਸੇ ਗੈਂਗਸਟਰ ਦੇ ਜੇਲ੍ਹ ਜਾਣ ਬਾਅਦ ਲੋਕ ਸੁੱਖ ਦਾ ਸਾਹ ਲੈਂਦੇ ਸਨ ਪਰ ਅੱਜ ਜੇਲ੍ਹਾਂ ‘ਚ ਬੈਠ ਕੇ ਫ਼ੋਨ ਕਰਨਾ ਤਸਦੀਕਸ਼ੁਦਾ ਗੈਂਗਸਟਰ ਬਣਨਾ ਮੰਨਿਆ ਜਾਂਦਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਟਿੱਪਣੀ ਵਿਚਾਰਨਯੋਗ ਹੈ, ਜਦੋਂ ਉਨ੍ਹਾਂ ਨੇ ਕਿਹਾ, ‘ਵਿਰੋਧੀ ਪਾਰਟੀਆਂ ਦੇ ਕਹਿਣ ਜਾਂ ਨਾ ਕਹਿਣ ਦਾ ਸਵਾਲ ਨਹੀਂ, ਇੰਝ ਲਗਦਾ ਹੈ ਜਿਵੇਂ ਇਨ੍ਹਾਂ ਲੋਕਾਂ (ਗੈਂਗਸਟਰਾਂ) ਨੂੰ ਪੁਲਿਸ ਦਾ ਡਰ ਨਹੀਂ ਰਿਹਾ।’
ਪੁਲਿਸ ਨੇ ‘ਆਪ੍ਰੇਸ਼ਨ ਪ੍ਰਹਾਰ’ ਨਾਂਅ ਹੇਠ 72 ਘੰਟੇ ਲਗਾਤਾਰ ਚੱਲਣ ਵਾਲੀ ਤਲਾਸ਼ੀ ਮੁਹਿੰਮ ਦੂਜੀ ਵਾਰ ਸ਼ੁਰੂ ਕੀਤੀ ਹੈ।
ਸੋਸ਼ਲ ਮੀਡੀਆ ਤੋਂ 10 ਹਜ਼ਾਰ ਦੇ ਕਰੀਬ ਖਾਤੇ ਹਟਾ ਦਿੱਤੇ ਗਏ ਹਨ, ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਪਰਾਧਾਂ ਦੀ ਵਡਿਆਈ ਕਰਦੇ ਨਜ਼ਰ ਆਉਂਦੇ ਸਨ। ਆਪਣੀ ਕਿਸਮ ਦਾ ਪਹਿਲਾ ਪੁਲਿਸ ਥਾਣਾ ਜੋ ਰਾਜਪੁਰਾ ਵਿਖੇ ਸਥਾਪਤ ਕੀਤਾ ਗਿਆ, ਰਵਾਇਤੀ ਪੁਲਿਸ ਥਾਣਿਆਂ ਤੋਂ ਬਿਲਕੁਲ ਵੱਖਰਾ ਹੈ। ਗੈਂਗਸਟਰ ਵਿਰੋਧੀ ਪੁਲਿਸ ਸਟੇਸ਼ਨ ਨਾਮਕ ਇਸ ਥਾਣੇ ਦਾ ਕੋਈ ਅਧਿਕਾਰ ਖੇਤਰ ਨਿਸ਼ਚਿਤ ਨਹੀਂ, ਸਗੋਂ ਪੂਰਾ ਪੰਜਾਬ ਇਸ ਦਾ ਅਧਿਕਾਰ ਖੇਤਰ ਹੈ ਅਤੇ ਇਸ ਥਾਣੇ ਨੂੰ ਕਦੇ ਵੀ, ਕਿਧਰੇ ਵੀ ਛਾਪਾ ਮਾਰਨ, ਤਲਾਸ਼ੀ ਲੈਣ, ਜਾਂਚ ਕਰਨ ਤੇ ਪਰਚਾ ਦਰਜ ਕਰਨ ਦੀ ਖੁੱਲ੍ਹ ਹੈ, ਜਦਕਿ ਰਵਾਇਤੀ ਥਾਣਿਆਂ ਦੀ ਹੱਦਬੰਦੀ ਜਾਂਚ ਦੇ ਕੰਮ ‘ਚ ਅੜਿੱਕਾ ਬਣਦੀ ਸੀ। ਇਸ ਸਪੈਸ਼ਲ ਗੈਂਗਸਟਰ ਵਿਰੋਧੀ ਥਾਣੇ ਦੇ ਮੁਲਾਜ਼ਮਾਂ ਲਈ ਕਾਰਵਾਈ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਦੱਸਣਾ ਜਾਂ ਭਰੋਸੇ ‘ਚ ਲੈਣਾ ਜ਼ਰੂਰੀ ਨਹੀਂ ਹੋਵੇਗਾ। ਡੇਢ ਸੌ ਦੇ ਕਰੀਬ ਡਿਪਟੀ ਤੇ ਸੀਨੀਅਰ ਪੁਲਿਸ ਕਪਤਾਨ ਰੈਂਕ ਦੇ ਅਧਿਕਾਰੀ ਇਸ ਨਵੇਂ ਥਾਣੇ ‘ਚ ਤਾਇਨਾਤ ਕੀਤੇ ਗਏ ਹਨ।
ਪਹਿਲੀ ਵਾਰ ਪੁਲਿਸ ਨੇ 61 ਵੱਡੇ ਗੈਂਗਸਟਰਾਂ ਦੀ ਸੂਚੀ ਤੇ ਉਨ੍ਹਾਂ ਦੀਆਂ ਅਪਰਾਧਕ ਕਾਰਵਾਈਆਂ ਨੂੰ ਜਨਤਕ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ 61 ਭਗੌੜਿਆਂ ਦੀ ਸੂਚੀ ‘ਚ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਲੋੜੀਂਦੇ ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਤੇ ਉਸ ਦਾ ਸਾਥੀ ਹਰਵਿੰਦਰ ਸਿੰਘ ਉਰਫ਼ ਰਿੰਦਾ ਜੋ ਪਾਕਿਸਤਾਨ ‘ਚ ਰਹਿ ਕੇ ਸਮਾਜ ਵਿਰੋਧੀ ਕੰਮ ਕਰਦੇ ਹਨ, ਸਿਖ਼ਰਲੇ ਨਾਂਅ ਹਨ। ਪੁਲਿਸ ਮੁਖੀ ਗੌਰਵ ਯਾਦਵ ਦਾ ਇਹ ਕਹਿਣਾ ਕਿ ਅਸੀਂ ਗੈਂਗਸਟਰਾਂ ਦਾ ਸਫ਼ਾਇਆ ਕਰਕੇ ਹੀ ਦਮ ਲਵਾਂਗੇ, ਵੱਡੇ ਅਰਥ ਰੱਖਦਾ ਹੈ, ਭਾਵ ਮਾਮਲਾ ਸੰਵੇਦਨਸ਼ੀਲ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਗੈਂਗਸਟਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਵਾਲਿਆਂ ਦਾ ਨਾਂਅ ਤੇ ਪਛਾਣ ਗੁਪਤ ਰੱਖੀ ਜਾਵੇਗੀ। ਗੈਂਗਸਟਰਾਂ ਦੀ ਸੂਚੀ ਵਿਚ ਦਰਜ ਨਾਂਅ ਜ਼ਿਆਦਾਤਰ ਉਨ੍ਹਾਂ ਦੇ ਹਨ, ਜੋ ਵਿਦੇਸ਼ੀ ਧਰਤੀ (ਕੈਨੇਡਾ, ਅਮਰੀਕਾ, ਮਲੇਸ਼ੀਆ ਆਦਿ) ਤੋਂ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਸੌਖਾ ਨਹੀਂ ਤੇ ਨਾ ਹੀ ਗੁੰਝਲਦਾਰ ਤੇ ਲੰਮੇਰੀ ਕਾਨੂੰਨੀ ਪ੍ਰਕਿਰਿਆ ਕਾਰਨ ਇਨ੍ਹਾਂ ਨੂੰ ਜਲਦੀ ਦੇਸ਼ ਲਿਆਂਦਾ ਜਾ ਸਕਦਾ ਹੈ। ਵੱਡੀ ਰੁਕਾਵਟ ਅਤਿ ਵਿਕਸਤ ਤਕਨੀਕ ਹੈ ਕਿਉਂਕਿ ਇਹ ਲੋਕ ਜ਼ਿਆਦਾਤਰ ਸੋਸ਼ਲ ਮੀਡੀਆ ਅਤੇ ਉਨ੍ਹਾਂ ਆਧੁਨਿਕ ਐਪਸ ਰਾਹੀਂ ਗੱਲਬਾਤ ਕਰਦੇ ਹਨ, ਜਿਨ੍ਹਾਂ ਦਾ ਪਤਾ ਲਗਾਉਣਾ ਪੁਲਿਸ ਤੇ ਜਾਂਚ ਏਜੰਸੀਆਂ ਲਈ ਹਾਲ ਦੀ ਘੜੀ ਸੌਖਾ ਨਹੀਂ ਹੈ।
ਆਧੁਨਿਕ ਕਿਸਮ ਦੇ ਹਥਿਆਰਾਂ ਤੱਕ ਇਨ੍ਹਾਂ ਦੀ ਪਹੁੰਚ ਵੀ ਪੁਲਿਸ ਲਈ ਵੱਡੀ ਸਿਰਦਰਦੀ ਹੈ।
ਵਿਆਹ ਸਮਾਗਮ ‘ਚ ਹੋਈ ਸਰਪੰਚ ਦੀ ਹੱਤਿਆ ਵਿਚ ਏ.ਕੇ.-47 ਦੀ ਵਰਤੋਂ ਕਰਨੀ ਸੁਰੱਖਿਆ ਵਿਵਸਥਾ ਲਈ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਹਥਿਆਰਾਂ ਦੀ ਤਾਕਤ ਤੇ ਹੁਕਮ ਚਲਾਉਣ ਦੀ ਸਮਰੱਥਾ ਇਹ ਦੋ ਉਹ ਪ੍ਰਸਥਿਤੀਆਂ ਹਨ, ਜਿਨ੍ਹਾਂ ਵੱਲ ਅੱਲੜ੍ਹ ਵਰੇਸ ਉਮਰ ਦੀ ਜਵਾਨੀ ਸੁੱਤੇ ਸਿੱਧ ਹੀ ਖਿੱਚੀ ਚਲੀ ਜਾਂਦੀ ਹੈ, ਜਿਸ ਨਾਲ ਇਨ੍ਹਾਂ ਟੋਲਿਆਂ ਨੂੰ ਲੋੜੀਂਦੀ ਮਨੁੱਖੀ ਨਫ਼ਰੀ ਉਪਲਬਧ ਰਹਿੰਦੀ ਹੈ।
ਅਦਾਲਤਾਂ ‘ਚ ਡਰ-ਭੈਅ ਕਾਰਨ ਗਵਾਹਾਂ ਦਾ ਆਪਣੇ ਬਿਆਨਾਂ ਤੋਂ ਪਲਟਣਾ ਆਮ ਵਰਤਾਰਾ ਹੈ, ਜਿਸ ਨਾਲ ਵੱਡੇ ਤੋਂ ਵੱਡੇ ਮੁਕੱਦਮੇ ‘ਚ ਇਨ੍ਹਾਂ ਦੇ ਆਗੂ ਬਰੀ ਹੋ ਜਾਂਦੇ ਹਨ ਤਾਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਦੂਜੀ ਜਾਂ ਤੀਜੀ ਕਤਾਰ ਦੇ ਗੈਂਗਸਟਰਾਂ ਦਾ ਹੌਸਲਾ ਕਿੰਨਾ ਕੁ ਵਧਦਾ ਹੋਵੇਗਾ। ਗਾਹੇ-ਬਗਾਹੇ ਹੁੰਦੀ ਰਹਿੰਦੀ ਗੈਂਗਸਟਰ ਤੇ ਸਿਆਸੀ ਗੱਠਜੋੜ ਦੀ ਚਰਚਾ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿੱਥੇ ਵੀ ਇਨ੍ਹਾਂ ਲੋਕਾਂ ਨੂੰ ਸਿਆਸੀ ਪੁਸ਼ਤ-ਪਨਾਹੀ ਮਿਲਦੀ ਹੋਵੇਗੀ, ਉੱਥੋਂ ਦੀ ਪੁਲਿਸ ਵਿਵਸਥਾ ਅਜਿਹੇ ਗੱਠਜੋੜ ਅੱਗੇ ਬੇਵਸ ਹੀ ਹੁੰਦੀ ਹੋਵੇਗੀ। ਪੁਲਿਸ ਪ੍ਰਸ਼ਾਸਨ ਵਲੋਂ ਚੁੱਕੇ ਸੁਰੱਖਿਆ ਕਦਮ, ਲੋਕਾਂ ਤੋਂ ਮੰਗਿਆ ਸਹਿਯੋਗ ਕਿਹੋ ਜਿਹੇ ਨਤੀਜੇ ਲੈ ਕੇ ਆਉਂਦਾ ਹੈ, ਇਹ ਸਭ ਅਜੇ ਸਮੇਂ ਦੀ ਬੁੱਕਲ ‘ਚ ਹੈ।
ਉਮੀਦ ਕਰਦੇ ਹਾਂ ਕਿ ਲੋੜੀਂਦੇ ਨੌਜਵਾਨਾਂ ਨੂੰ ਪਿਆਰ ਨਾਲ ਪ੍ਰੇਰ ਕੇ ਮੁੱਖ ਧਾਰਾ ਵਿਚ ਸ਼ਾਮਿਲ ਕੀਤੇ ਜਾਣ ਲਈ ਸਮਾਜ ਦੀਆਂ ਸਭ ਧਿਰਾਂ ਆਪੋ-ਆਪਣੀ ਪਹੁੰਚ ਮੁਤਾਬਿਕ ਯੋਗਦਾਨ ਪਾਉਣਗੀਆਂ।