ਸ਼ਿਕਾਰੀ ਧੌਂਸਬਾਜ਼ੀ: ਟਰੰਪ ਵੱਲੋਂ ਅਮਰੀਕੀ ਤਾਕਤ ਦੇ ਇਸਤੇਮਾਲ ਨੂੰ ਕਿਵੇਂ ਸਮਝਿਆ ਜਾਵੇ

ਸਟੀਫਨ ਐੱਮ. ਵਾਲਟ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਉੱਘੇ ਅਮਰੀਕੀ ਰਾਜਨੀਤਕ ਵਿਗਿਆਨੀ ਅਤੇ ਕੌਮਾਂਤਰੀ ਮਾਮਲਿਆਂ ਦੇ ਵਿਦਵਾਨ ਸਟੀਫਨ ਐੱਮ. ਵਾਲਟ ਹਾਰਵਰਡ ਕੈਨੇਡੀ ਸਕੂਲ ਵਿਚ ਰੌਬਰਟ ਅਤੇ ਰੇਨੀ ਬੇਲਫਰ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਟਰੰਪ ਵਰਤਾਰੇ ਦਾ ਰਾਜਨੀਤਕ ਵਿਸ਼ਲੇਸ਼ਣ ਕਰਦਿਆਂ ਲਿਖੇ ਲੰਮੇ ਲੇਖ ਵਿਚ

ਅਮਰੀਕੀ ਸਟੇਟ ਦੀ ਬਦੇਸ਼ ਨੀਤੀ ਦੇ ਪ੍ਰਸੰਗ ਵਿਚ ਇਸ ਵਰਤਾਰੇ ਬਾਰੇ ਆਪਣੀ ਸਮਝ ਪੇਸ਼ ਕੀਤੀ ਹੈ। ਇਸ ਦੀ ਰਾਜਨੀਤਕ ਪ੍ਰਸੰਗਿਕਤਾ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਲੜੀਵਾਰ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਉਚੇਚੇ ਤੌਰ ’ਤੇ ਕੀਤਾ ਹੈ।-ਸੰਪਾਦਕ ॥
ਜਦੋਂ ਤੋਂ ਡੋਨਲਡ ਟਰੰਪ 2017 ਵਿਚ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਬਣੇ, ਟਿੱਪਣੀਕਾਰ ਉਨ੍ਹਾਂ ਦੀ ਬਦੇਸ਼ ਨੀਤੀ ਪਹੁੰਚ ਲਈ ਢੁੱਕਵਾਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਨ੍ਹਾਂ ਹੀ ਪੰਨਿਆਂ ਵਿਚ ਲਿਖਦਿਆਂ, ਸਿਆਸੀ ਵਿਗਿਆਨੀ ਬੈਰੀ ਪੋਸੇਨ ਨੇ 2018 ਵਿਚ ਸੁਝਾਅ ਦਿੱਤਾ ਸੀ ਕਿ ਟਰੰਪ ਦੀ ਧੜਵੈਲ ਯੁੱਧਨੀਤੀ ‘ਗ਼ੈਰਉਦਾਰਵਾਦੀ ਧੌਂਸ’ (illiberal hegemony) ਹੈ, ਅਤੇ ਵਿਸ਼ਲੇਸ਼ਕ ਓਰੇਨ ਕੈਸ ਨੇ ਪਿਛਲੇ ਪਤਝੜ ਵਿਚ ਦਲੀਲ ਦਿੱਤੀ ਕਿ ਇਸਦਾ ਮੂਲ ਤੱਤ ‘ਪ੍ਰਸਪਰਿਕਤਾ’ (reciprocity) ਦੀ ਮੰਗ ਹੈ। ਟਰੰਪ ਨੂੰ ਯਥਾਰਥਵਾਦੀ, ਰਾਸ਼ਟਰਵਾਦੀ, ਰਵਾਇਤੀ ਵਪਾਰਵਾਦੀ, ਸਾਮਰਾਜਵਾਦੀ ਅਤੇ ਅਲੱਗ-ਥਲੱਗਵਾਦੀ ਤੱਕ ਕਿਹਾ ਗਿਆ ਹੈ। ਇਨ੍ਹਾਂ ਸਾਰੇ ਸ਼ਬਦਾਂ ਵਿਚ ਉਸ ਦੀ ਪਹੁੰਚ ਦੇ ਕੁਝ ਪਹਿਲੂਆਂ ਨੂੰ ਫੜਿਆ ਗਿਆ ਹੈ, ਪਰ ਉਸ ਦੇ ਦੂਜੇ ਕਾਰਜਕਾਲ ਦੀ ਧੜਵੈਲ ਯੁੱਧਨੀਤੀ ਨੂੰ ਸੰਭਵ ਤੌਰ ‘ਤੇ ਸਭ ਤੋਂ ਸਹੀ ਰੂਪ ਵਿਚ ‘ਸ਼ਿਕਾਰੀ ਧੌਂਸ’ (predatory hegemony) ਕਿਹਾ ਜਾ ਸਕਦਾ ਹੈ। ਇਸਦਾ ਕੇਂਦਰੀ ਉਮੁਲਕ ਵਾਸ਼ਿੰਗਟਨ ਦੀ ਵਿਸ਼ੇਸ਼ ਸਥਿਤੀ ਦਾ ਇਸਤੇਮਾਲ ਕਰਕੇ ਸਹਿਯੋਗੀਆਂ ਅਤੇ ਵਿਰੋਧੀਆਂ ਦੋਵਾਂ ਤੋਂ ਰਿਆਇਤਾਂ, ਸਨਮਾਨ ਅਤੇ ਜੀ-ਹਜ਼ੂਰੀ ਦੀ ਨੁਮਾਇਸ਼ ਹਾਸਲ ਕਰਨਾ ਹੈ—ਅਜਿਹੀ ਪਹੁੰਚ ਵਿਚ ਜੋ ਦੁਨੀਆ ਨੂੰ ਪੂਰੀ ਤਰ੍ਹਾਂ ‘ਕੁਲ ਜੋੜ ਸਿਫ਼ਰ’ (zero-sum) ਦੇ ਰੂਪ ਵਿਚ ਦੇਖਦੀ ਹੈ ਅਤੇ ਥੋੜ੍ਹੇ ਚਿਰ ਦੇ ਲਾਭ ‘ਤੇ ਕੇਂਦ੍ਰਿਤ ਹੈ।
ਸੰਯੁਕਤ ਰਾਜ ਅਮਰੀਕਾ ਦੀਆਂ ਅਜੇ ਵੀ ਕਾਫ਼ੀ ਸੰਪਤੀਆਂ ਅਤੇ ਭੂਗੋਲਿਕ ਲਾਭਾਂ ਨੂੰ ਵੇਖਦਿਆਂ, ਸ਼ਿਕਾਰੀ ਧੌਂਸ ਕੁਝ ਸਮਾਂ ਕੰਮ ਕਰ ਸਕਦੀ ਹੈ। ਪਰ ਲੰਮੇ ਸਮੇਂ ਵਿਚ ਇਸਦਾ ਅਸਫ਼ਲ ਹੋਣਾ ਤੈਅ ਹੈ। ਇਹ ਕਈ ਮੁਕਾਬਲੇਬਾਜ਼ੀ ‘ਚ ਜੁੱਟੀਆਂ ਮਹਾਸ਼ਕਤੀਆਂ ਵਾਲੀ ਦੁਨੀਆ—ਖ਼ਾਸ ਕਰਕੇ ਅਜਿਹੀ ਦੁਨੀਆ ਵਿਚ ਜਿੱਥੇ ਚੀਨ ਆਰਥਕ ਅਤੇ ਫ਼ੌਜੀ ਪੱਖੋਂ ਬਰਾਬਰ ਦਾ ਸ਼ਰੀਕ ਹੈ—ਲਈ ਢੁੱਕਵੀਂ ਨਹੀਂ ਹੈ, ਕਿਉਂਕਿ ਬਹੁਧਰੁਵੀਅਤਾ (multipolarity) ਦੂਜੇ ਸਟੇਟਾਂ ਨੂੰ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਦੇ ਬਦਲ ਦਿੰਦੀ ਹੈ। ਜੇਕਰ ਆਉਣ ਵਾਲੇ ਸਾਲਾਂ ਵਿਚ ਇਹ ਅਮਰੀਕੀ ਯੁੱਧਨੀਤੀ ਨੂੰ ਪਰਿਭਾਸ਼ਿਤ ਕਰਦੀ ਰਹੀ, ਤਾਂ ਸ਼ਿਕਾਰੀ ਧੌਂਸ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੋਹਾਂ ਨੂੰ ਕਮਜ਼ੋਰ ਕਰੇਗੀ, ਵਿਸ਼ਵਵਿਆਪੀ ਅਸੰਤੋਸ਼ ਵਧਾਏਗੀ, ਵਾਸ਼ਿੰਗਟਨ ਦੇ ਪ੍ਰਮੁੱਖ ਸ਼ਰੀਕਾਂ ਲਈ ਆਕਰਸ਼ਕ ਮੌਕੇ ਪੈਦਾ ਕਰੇਗੀ, ਅਤੇ ਅਮਰੀਕੀਆਂ ਨੂੰ ਘੱਟ ਸੁਰੱਖਿਅਤ, ਘੱਟ ਸੰਪੰਨ ਅਤੇ ਘੱਟ ਪ੍ਰਭਾਵਸ਼ਾਲੀ ਬਣਾ ਦੇਵੇਗੀ।
ਅਤਿ ਸ਼ਿਕਾਰੀ
ਪਿਛਲੇ 80 ਸਾਲਾਂ ਵਿਚ ਵਿਸ਼ਵ ਸ਼ਕਤੀ ਦੀ ਵਿਆਪਕ ਬਣਤਰ ਦੋ-ਧਰੁਵੀ (bipolarity) ਤੋਂ ਇਕਧਰੁਵੀ unipolarity) ਅਤੇ ਹੁਣ ਅਸੰਤੁਲਿਤ ਬਹੁਧਰੁਵੀ unbalanced multipolarity ਵਿਚ ਬਦਲ ਗਈ ਹੈ, ਅਤੇ ਅਮਰੀਕੀ ਧੜਵੈਲ ਯੁੱਧਨੀਤੀ ਵੀ ਇਨ੍ਹਾਂ ਤਬਦੀਲੀਆਂ ਦੇ ਨਾਲ ਬਦਲੀ ਹੈ। ਸ਼ੀਤ ਯੁੱਧ ਦੀ ਦੋ-ਧਰੁਵੀ ਦੁਨੀਆ ਵਿਚ, ਸੰਯੁਕਤ ਰਾਜ ਅਮਰੀਕਾ ਨੇ ਯੂਰਪ ਅਤੇ ਏਸ਼ੀਆ ਵਿਚ ਆਪਣੇ ਕਰੀਬੀ ਸਹਿਯੋਗੀਆਂ ਪ੍ਰਤੀ ਉਦਾਰ ਧੌਂਸਬਾਜ਼ (liberal hegemon) ਦੀ ਤਰ੍ਹਾਂ ਵਰਤਾਓ ਕੀਤਾ, ਕਿਉਂਕਿ ਅਮਰੀਕੀ ਆਗੂਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਸਹਿਯੋਗੀਆਂ ਦੀ ਭਲਾਈ ਸੋਵੀਅਤ ਸੰਘ ਨੂੰ ਰੋਕਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਆਪਣੀ ਆਰਥਕ ਅਤੇ ਫ਼ੌਜੀ ਸ੍ਰੇਸ਼ਟਤਾ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਅਤੇ ਕਦੇ-ਕਦੇ ਕਰੜੇ ਕਦਮ ਵੀ ਚੁੱਕੇ—ਜਿਵੇਂ ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਨੇ 1956 ਵਿਚ ਬ੍ਰਿਟੇਨ, ਫਰਾਂਸ ਅਤੇ ਇਜ਼ਰਾਈਲ ਵੱਲੋਂ ਮਿਸਰ ‘ਤੇ ਹਮਲੇ ਦੌਰਾਨ ਕੀਤਾ, ਜਾਂ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿਚ ਅਮਰੀਕਾ ਨੂੰ ਸੋਨੇ ਦੇ ਮਾਪਦੰਡ (gold standard) ਤੋਂ ਹਟਾਉਂਦੇ ਸਮੇਂ ਕੀਤਾ।
ਪਰ ਵਾਸ਼ਿੰਗਟਨ ਨੇ ਆਪਣੇ ਸਹਿਯੋਗੀਆਂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਆਰਥਿਕ ਰੂਪ ਵਿਚ ਮੁੜ-ਉਸਾਰੀ ਵਿਚ ਮਦਦ ਵੀ ਕੀਤੀ; ਅਜਿਹੇ ਨਿਯਮ ਬਣਾਏ ਅਤੇ ਅਕਸਰ ਉਨ੍ਹਾਂ ਦੀ ਪਾਲਣਾ ਕੀਤੀ ਜੋ ਦੁਵੱਲੀ ਖੁਸ਼ਹਾਲੀ ਨੂੰ ਉਤਸ਼ਾਹਤ ਕਰਦੇ ਸਨ; ਮੁਦਰਾ ਸੰਕਟਾਂ ਅਤੇ ਹੋਰ ਆਰਥਕ ਰੁਕਾਵਟਾਂ ਨੂੰ ਮੈਨੇਜ ਕਰਨ ਵਿਚ ਸਹਿਯੋਗ ਕੀਤਾ; ਅਤੇ ਕਮਜ਼ੋਰ ਰਾਜਾਂ ਨੂੰ ਫ਼ੈਸਲੇ ਲੈਣ ਦੇ ਅਮਲ ਵਿਚ ਸਥਾਨ ਅਤੇ ਆਵਾਜ਼ ਦਿੱਤੀ। ਅਮਰੀਕੀ ਅਧਿਕਾਰੀ ਅਗਵਾਈ ਕਰਦੇ ਸਨ, ਪਰ ਉਹ ਸੁਣਦੇ ਵੀ ਸਨ, ਅਤੇ ਸ਼ਾਇਦ ਹੀ ਕਦੇ ਆਪਣੇ ਭਾਈਵਾਲਾਂ ਨੂੰ ਕਮਜ਼ੋਰ ਕਰਨ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਸਨ।
ਇਕਧਰੁਵੀ ਦੌਰ ਦੌਰਾਨ, ਸੰਯੁਕਤ ਰਾਜ ਅਮਰੀਕਾ ਹੰਕਾਰ ਦਾ ਸ਼ਿਕਾਰ ਹੋ ਗਿਆ ਅਤੇ ਬੇਪ੍ਰਵਾਹ ਅਤੇ ਮਨਮਾਨੀਆਂ ਕਰਨ ਵਾਲਾ ਧੌਂਸਬਾਜ਼ ਬਣ ਗਿਆ। ਕਿਸੇ ਸ਼ਕਤੀਸ਼ਾਲੀ ਸ਼ਰੀਕ ਦਾ ਸਾਹਮਣਾ ਨਾ ਹੋਣ ਅਤੇ ਇਹ ਵਿਸ਼ਵਾਸ ਹੋਣ ਕਾਰਨ ਕਿ ਜ਼ਿਆਦਾਤਰ ਸਟੇਟ ਅਮਰੀਕੀ ਅਗਵਾਈ ਅਤੇ ਉਦਾਰ ਮੁੱਲਾਂ ਨੂੰ ਸਵੀਕਾਰ ਕਰਨ ਲਈ ਉਤਸੁਕ ਹਨ, ਅਮਰੀਕੀ ਅਧਿਕਾਰੀਆਂ ਨੇ ਦੂਜੇ ਸਟੇਟਾਂ ਦੀਆਂ ਚਿੰਤਾਵਾਂ ਵੱਲ ਘੱਟ ਧਿਆਨ ਦਿੱਤਾ; ਅਫ਼ਗਾਨਿਸਤਾਨ, ਇਰਾਕ ਤੇ ਹੋਰ ਮੁਲਕਾਂ ਵਿਚ ਮਹਿੰਗੀਆਂ ਅਤੇ ਭਟਕਾਊ ਮੁਹਿੰਮਾਂ ਦੀ ਸ਼ੁਰੂਆਤ ਕੀਤੀ; ਅਜਿਹੀਆਂ ਟਕਰਾਊ ਨੀਤੀਆਂ ਅਪਣਾਈਆਂ ਜਿਨ੍ਹਾਂ ਤੋਂ ਚੀਨ ਤੇ ਰੂਸ ਕਰੀਬ ਆਏ; ਅਤੇ ਵਿਸ਼ਵ ਬਾਜ਼ਾਰਾਂ ਨੂੰ ਇਸ ਤਰ੍ਹਾਂ ਖੋਲਿ੍ਹਆ ਜਿਸ ਨਾਲ ਚੀਨ ਦਾ ਉਭਾਰ ਤੇਜ਼ ਹੋਇਆ, ਵਿਸ਼ਵਵਿਆਪੀ ਵਿੱਤੀ ਅਸਥਿਰਤਾ ਵਧੀ, ਅਤੇ ਅੰਤ ਵਿਚ ਘਰੇਲੂ ਪ੍ਰਤੀਕਿਰਿਆ ਪੈਦਾ ਹੋਈ ਜਿਸ ਨੇ ਟਰੰਪ ਨੂੰ ਵ੍ਹਾਈਟ ਹਾਊਸ ਤੱਕ ਪਹੁੰਚਾਉਣ ਵਿਚ ਮਦਦ ਕੀਤੀ।
ਨਿਸ਼ਚਿਤ ਰੂਪ ਵਿਚ, ਇਸ ਅਰਸੇ ਵਿਚ ਵਾਸ਼ਿੰਗਟਨ ਨੇ ਕਈ ਈਨ ਨਾ ਮੰਨਣ ਵਾਲੀਆਂ ਹਕੂਮਤਾਂ ਨੂੰ ਅਲੱਗ-ਥਲੱਗ ਕਰਨ, ਸਜ਼ਾ ਦੇਣ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਦੇ-ਕਦੇ ਤਾਂ ਦੂਜੇ ਸਟੇਟਾਂ ਦੇ ਸੁਰੱਖਿਆ ਫ਼ਿਕਰਾਂ ਦੀ ਅਣਦੇਖੀ ਕੀਤੀ। ਪਰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵੇਂ ਅਧਿਕਾਰੀਆਂ ਦਾ ਮੰਨਣਾ ਸੀ ਕਿ ਅਮਰੀਕੀ ਤਾਕਤ ਦਾ ਇਸਤੇਮਾਲ ਵਿਸ਼ਵਵਿਆਪੀ ਉਦਾਰ ਵਿਵਸਥਾ ਬਣਾਉਣ ਲਈ ਅਮਰੀਕਾ ਅਤੇ ਦੁਨੀਆ ਦੋਵਾਂ ਲਈ ਚੰਗਾ ਹੋਵੇਗਾ, ਅਤੇ ਗੰਭੀਰ ਵਿਰੋਧ ਸਿਰਫ਼ ਕੁਝ ਛੋਟੇ ‘ਦੁਸ਼ਟ’ ਰਾਜਾਂ ਤੱਕ ਸੀਮਿਤ ਰਹੇਗਾ। ਉਹ ਦੂਜੀਆਂ ਸਰਕਾਰਾਂ ਨੂੰ ਮਜਬੂਰ ਕਰਨ, ਆਪਣੇ ਨਾਲ ਜੋੜਨ ਜਾਂ ਇੱਥੋਂ ਤੱਕ ਕਿ ਡੇਗਣ ਲਈ ਸ਼ਕਤੀ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਨਹੀਂ ਕਰਦੇ ਸਨ, ਪਰ ਉਨ੍ਹਾਂ ਦੀ ਕਠੋਰਤਾ ਮਾਨਤਾ ਪ੍ਰਾਪਤ ਵਿਰੋਧੀਆਂ ਦੇ ਖ਼ਿਲਾਫ਼ ਸੀ, ਨਾ ਕਿ ਅਮਰੀਕੀ ਭਾਈਵਾਲਾਂ ਦੇ ਵਿਰੁੱਧ।
ਜਦਕਿ ਟਰੰਪ ਦੇ ਅਧੀਨ, ਸੰਯੁਕਤ ਰਾਜ ਅਮਰੀਕਾ ਸ਼ਿਕਾਰੀ ਧੌਂਸਬਾਜ਼ (predatory hegemon) ਬਣ ਗਿਆ ਹੈ। ਇਹ ਯੁੱਧਨੀਤੀ ਬਹੁਧਰੁਵੀਅਤਾ ਦੀ ਵਾਪਸੀ ਲਈ ਕੋਈ ਚੱਜ ਨਾਲ ਸੋਚੀ-ਵਿਚਾਰੀ ਗਈ ਪ੍ਰਤੀਕਿਰਿਆ ਨਹੀਂ ਹੈ; ਵਾਸਤਵ ਵਿਚ, ਇਹ ਕਈ ਮਹਾਸ਼ਕਤੀਆਂ ਵਾਲੀ ਦੁਨੀਆ ਵਿਚ ਕਾਰਵਾਈ ਕਰਨ ਦਾ ਬਿਲਕੁਲ ਗ਼ਲਤ ਤਰੀਕਾ ਹੈ। ਬਲਕਿ ਇਹ ਸਾਰੇ ਸੰਬੰਧਾਂ ਪ੍ਰਤੀ ਟਰੰਪ ਦੇ ਲੈਣ-ਦੇਣ-ਅਧਾਰਤ ਨਜ਼ਰੀਏ ਅਤੇ ਇਸ ਵਿਸ਼ਵਾਸ ਦਾ ਸਿੱਧਾ ਪ੍ਰਤੀਬਿੰਬ ਹੈ ਕਿ ਸੰਯੁਕਤ ਰਾਜ ਅਮਰੀਕਾ ਦੁਨੀਆ ਦੇ ਲਗਭਗ ਹਰ ਮੁਲਕ ‘ਤੇ ਭਾਰੀ ਅਤੇ ਸਥਾਈ ਪ੍ਰਭਾਵ ਪਾਉਣ ਦੇ ਸਮਰੱਥ ਹੈ।
ਅਪ੍ਰੈਲ 2025 ਵਿਚ ਟਰੰਪ ਨੇ ਕਿਹਾ, ਸੰਯੁਕਤ ਰਾਜ ਅਮਰੀਕਾ ‘ਇੱਕ ਵੱਡੇ, ਸੋਹਣੇ ਡਿਪਾਰਟਮੈਂਟ ਸਟੋਰ’ ਵਾਂਗ ਹੈ, ਅਤੇ ‘ਹਰ ਕੋਈ ਉਸ ਸਟੋਰ ਦਾ ਇੱਕ ਹਿੱਸਾ ਚਾਹੁੰਦਾ ਹੈ।’ ਜਾਂ ਜਿਵੇਂ ਉਸ ਨੇ ਵ੍ਹਾਈਟ ਹਾਊਸ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਵੱਲੋਂ ਸਾਂਝੇ ਕੀਤੇ ਬਿਆਨ ਵਿਚ ਕਿਹਾ, ਅਮਰੀਕੀ ਖ਼ਪਤਕਾਰ ‘ਉਹ ਚੀਜ਼ ਹੈ ਜੋ ਹਰ ਮੁਲਕ ਚਾਹੁੰਦਾ ਹੈ ਜੋ ਸਾਡੇ ਕੋਲ ਹੋਵੇ,’ ਅਤੇ ਜੋੜਿਆ, ‘ਦੂਜੇ ਸ਼ਬਦਾਂ ਵਿਚ ਕਹੀਏ ਤਾਂ, ਉਨ੍ਹਾਂ ਨੂੰ ਸਾਡੇ ਪੈਸੇ ਦੀ ਲੋੜ ਹੈ।’
ਟਰੰਪ ਦੇ ਪਹਿਲੇ ਕਾਰਜਕਾਲ ਵਿਚ ਰੱਖਿਆ ਮੰਤਰੀ ਜੇਮਜ਼ ਮੈਟਿਸ, ਟ੍ਰੈਜ਼ਰੀ ਸਕੱਤਰ ਸਟੀਵਨ ਮਨੂਚਿਨ, ਚੀਫ਼ ਆਫ਼ ਸਟਾਫ਼ ਜੌਨ ਕੈਲੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਐੱਚ. ਆਰ. ਮੈਕਮਾਸਟਰ ਵਰਗੇ ਵਧੇਰੇ ਤਜਰਬੇਕਾਰ ਸਲਾਹਕਾਰਾਂ ਨੇ ਉਸ ਦੀਆਂ ਸ਼ਿਕਾਰੀ ਪ੍ਰਵਿਰਤੀਆਂ ਨੂੰ ਕੁਝ ਹੱਦ ਤੱਕ ਕਾਬੂ ਕਰਕੇ ਰੱਖਿਆ। ਪਰ ਦੂਜੇ ਕਾਰਜਕਾਲ ਵਿਚ, ਦੂਜੇ ਰਾਜਾਂ ਦੀਆਂ ਕਮਜ਼ੋਰੀਆਂ ਦਾ ਨਾਜਾਇਜ਼ ਫ਼ਾਇਦਾ ਉਠਾਉਣ ਦੀ ਉਸ ਦੀ ਲਾਲਸਾ ਨੂੰ ਖੁੱਲ੍ਹੀ ਛੁੱਟੀ ਮਿਲ ਗਈ ਹੈ—ਅਜਿਹੇ ਨਿਯੁਕਤ ਅਧਿਕਾਰੀਆਂ ਦੀ ਨਿਯੁਕਤੀ ਨਾਲ ਜੋ ਵਿਅਕਤੀਗਤ ਵਫ਼ਾਦਾਰੀ ਦੇ ਆਧਾਰ ‘ਤੇ ਚੁਣੇ ਗਏ ਹਨ, ਅਤੇ ਵਿਸ਼ਵ ਮਾਮਲਿਆਂ ਦੀ ਆਪਣੀ ਸਮਝ ਉੱਪਰ ਟਰੰਪ ਦੇ ਵਧਦੇ (ਹਾਲਾਂਕਿ ਉਲਝਣ ਵਾਲੇ) ਆਤਮ-ਵਿਸ਼ਵਾਸ ਦੇ ਕਾਰਨ।
ਦਬਦਬਾ ਅਤੇ ਅਧੀਨਤਾ
ਇੱਕ ਸ਼ਿਕਾਰੀ ਧੌਂਸਬਾਜ਼ ਉਹ ਪ੍ਰਮੁੱਖ ਮਹਾਸ਼ਕਤੀ ਹੁੰਦੀ ਹੈ ਜੋ ਦੂਜਿਆਂ ਨਾਲ ਆਪਣੇ ਲੈਣ-ਦੇਣ ਨੂੰ ਪੂਰੀ ਤਰ੍ਹਾਂ ਸਿਫ਼ਰ-ਜੋੜ ਤਰੀਕੇ ਨਾਲ ਸੰਚਾਰਿਤ ਕਰਨਾ ਚਾਹੁੰਦੀ ਹੈ—ਤਾਂ ਜੋ ਲਾਭ ਹਮੇਸ਼ਾ ਉਸਦੇ ਪੱਖ ਵਿਚ ਜਾਵੇ। ਸ਼ਿਕਾਰੀ ਧੌਂਸਬਾਜ਼ ਦਾ ਮੁੱਖ ਟੀਚਾ ਅਜਿਹੇ ਸਥਿਰ ਅਤੇ ਪਰਸਪਰ ਲਾਭਕਾਰੀ ਸੰਬੰਧ ਬਣਾਉਣਾ ਨਹੀਂ ਹੁੰਦਾ ਜਿਨ੍ਹਾਂ ਤੋਂ ਸਾਰੀਆਂ ਧਿਰਾਂ ਨੂੰ ਲਾਭ ਹੋਵੇ; ਬਲਕਿ ਉਸਦਾ ਟੀਚਾ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਹਰ ਵਾਰਤਾਲਾਪ/ਸਮਝੌਤੇ ਤੋਂ ਉਸਨੂੰ ਦੂਜਿਆਂ ਨਾਲੋਂ ਵਧੇਰੇ ਲਾਭ ਮਿਲੇ। ਅਜਿਹਾ ਸਮਝੌਤਾ ਜਿਸ ਵਿਚ ਧੌਂਸਬਾਜ਼ ਨੂੰ ਲਾਭ ਹੋਵੇ ਅਤੇ ਉਸਦੇ ਭਾਈਵਾਲ ਨੂੰ ਨੁਕਸਾਨ—ਉਸ ਲਈ ਇਹ ਉਸ ਸਮਝੌਤੇ ਨਾਲੋਂ ਬਿਹਤਰ ਹੈ ਜਿਸ ਵਿਚ ਦੋਵਾਂ ਨੂੰ ਲਾਭ ਮਿਲੇ ਪਰ ਭਾਈਵਾਲ ਨੂੰ ਜ਼ਿਆਦਾ ਲਾਭ ਹੋਵੇ, ਭਾਵੇਂ ਕਿ ਦੂਜੇ ਬਦਲ ਵਿਚ ਦੋਵਾਂ ਲਈ ਕੁੱਲ (absolute) ਲਾਭ ਵੱਡਾ ਹੋਵੇ। ਸ਼ਿਕਾਰੀ ਧੌਂਸਬਾਜ਼ ਹਮੇਸ਼ਾ ਵੱਡਾ ਹਿੱਸਾ ਚਾਹੁੰਦਾ ਹੈ।
ਬੇਸ਼ੱਕ, ਸਾਰੀਆਂ ਮਹਾਸ਼ਕਤੀਆਂ ਕਿਸੇ ਨਾ ਕਿਸੇ ਰੂਪ ਵਿਚ ਸ਼ਿਕਾਰ ਕਰਦੀਆਂ ਹਨ ਅਤੇ ਸਾਪੇਖਕ ਵਾਧੇ ਲਈ ਖਹਿਭੇੜ ਕਰਦੀਆਂ ਹਨ। ਸ਼ਰੀਕਾਂ ਨਾਲ ਨਜਿੱਠਦੇ ਸਮੇਂ ਸਾਰੇ ਸਟੇਟ ਕਿਸੇ ਵੀ ਸੌਦੇ ਵਿਚ ਬਿਹਤਰ ਸ਼ਰਤਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਜੋ ਚੀਜ਼ ਸ਼ਿਕਾਰੀ ਦਬਦਬੇ ਨੂੰ ਆਮ ਮਹਾਨ-ਸ਼ਕਤੀ ਵਰਤਾਓ ਤੋਂ ਅਲੱਗ ਕਰਦੀ ਹੈ, ਉਹ ਇਹ ਹੈ ਕਿ ਅਜਿਹਾ ਰਾਜ ਸਹਿਯੋਗੀਆਂ ਅਤੇ ਵਿਰੋਧੀਆਂ—ਦੋਵਾਂ—ਤੋਂ ਰਿਆਇਤਾਂ ਅਤੇ ਅਸਾਵੇਂ ਲਾਭ ਹਥਿਆਉਣ ਲਈ ਤਿਆਰ ਰਹਿੰਦਾ ਹੈ।
ਉਦਾਰ/ਕਲਿਆਣਕਾਰੀ ਧੌਂਸਬਾਜ਼ ਆਪਣੇ ਸਹਿਯੋਗੀਆਂ ‘ਤੇ ਅਣਉਚਿਤ ਬੋਝ ਸਿਰਫ ਤਾਂ ਪਾਉਂਦਾ ਹੈ ਜਦੋਂ ਉਸਨੂੰ ਜ਼ਰੂਰੀ ਲੱਗਦਾ ਹੈ, ਕਿਉਂਕਿ ਉਹ ਮੰਨਦਾ ਹੈ ਕਿ ਉਸਦੇ ਭਾਈਵਾਲ ਖ਼ੁਸ਼ਹਾਲ ਹੋਣਗੇ ਤਾਂ ਉਸਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਵੀ ਵਧੇਗੀ। ਉਹ ਉਨ੍ਹਾਂ ਨਿਯਮਾਂ ਅਤੇ ਸੰਸਥਾਵਾਂ ਦਾ ਮਹੱਤਵ ਸਮਝਦਾ ਹੈ ਜੋ ਪਰਸਪਰ ਲਾਭਕਾਰੀ ਸਹਿਯੋਗ ਨੂੰ ਸੰਭਵ ਬਣਾਉਂਦੀਆਂ ਹਨ, ਦੂਜਿਆਂ ਨੂੰ ਵਾਜਬ ਲੱਗਦੀਆਂ ਹਨ, ਅਤੇ ਇੰਨੀਆਂ ਟਿਕਾਊ ਹੁੰਦੀਆਂ ਹਨ ਕਿ ਹੋਰ ਸਟੇਟ ਭਰੋਸਾ ਕਰ ਸਕਣ ਕਿ ਨਿਯਮ ਬਹੁਤ ਵਾਰ ਜਾਂ ਬਿਨਾਂ ਚੇਤਾਵਨੀ ਬਦਲੇ ਨਹੀਂ ਜਾਣਗੇ। ਅਜਿਹਾ ਧੌਂਸਬਾਜ਼ ਸਮਾਨ ਹਿੱਤ ਰੱਖਣ ਵਾਲੇ ਰਾਜਾਂ ਨਾਲ ਸਕਾਰਾਤਮਕ-ਜੋੜ (positive-sum) ਵਾਲੀ ਭਾਈਵਾਲੀ ਦਾ ਸਵਾਗਤ ਕਰਦਾ ਹੈ—ਜਿਵੇਂ ਕਿਸੇ ਸਾਂਝੇ ਦੁਸ਼ਮਣ ਨੂੰ ਕਾਬੂ ਵਿਚ ਰੱਖਣਾ—ਅਤੇ ਕਦੇ-ਕਦੇ ਦੂਜਿਆਂ ਨੂੰ ਅਸਮਾਨ ਰੂਪ ਵਿਚ ਵਧੇਰੇ ਲਾਭ ਲੈਣ ਵੀ ਦਿੰਦਾ ਹੈ, ਜੇਕਰ ਇਸ ਨਾਲ ਸਾਰਿਆਂ ਦੀ ਸਥਿਤੀ ਬਿਹਤਰ ਹੁੰਦੀ ਹੋਵੇ। ਦੂਜੇ ਸ਼ਬਦਾਂ ਵਿਚ, ਉਦਾਰ ਧੌਂਸਬਾਜ਼ ਕੇਵਲ ਆਪਣੀ ਸ਼ਕਤੀ-ਸਥਿਤੀ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਉਹ ਉਸ ‘ਅਨੁਕੂਲ ਮਾਹੌਲ ਦੇ ਟੀਚੇ’ ਵੀ ਲੈ ਕੇ ਚੱਲਦਾ ਹੈ ਜਿਨ੍ਹਾਂ ਦਾ ਜ਼ਿਕਰ ਅਰਥ-ਸ਼ਾਸਤਰੀ ਅਰਨੋਲਡ ਵੋਲਫਰਸ ਨੇ ਕੀਤਾ ਸੀ: ਯਾਨੀ ਅੰਤਰਰਾਸ਼ਟਰੀ ਮਾਹੌਲ ਨੂੰ ਇਸ ਤਰ੍ਹਾਂ ਢਾਲਣਾ ਕਿ ਸ਼ਕਤੀ ਦੇ ਨੰਗੇ ਇਸਤੇਮਾਲ ਦੀ ਘੱਟ ਜ਼ਰੂਰਤ ਪਵੇ।
ਇਸਦੇ ਉਲਟ, ਸ਼ਿਕਾਰੀ ਧੌਂਸਬਾਜ਼ ਆਪਣੇ ਭਾਈਵਾਲਾਂ ਦਾ ਉੱਨਾ ਹੀ ਸ਼ੋਸ਼ਣ ਕਰ ਸਕਦਾ ਹੈ ਜਿੰਨਾ ਉਹ ਕਿਸੇ ਵਿਰੋਧੀ ਦਾ ਕਰਦਾ ਹੈ। ਉਹ ਪਾਬੰਦੀਆਂ, ਵਿੱਤੀ ਦੰਡ, ਆਪਣੇ ਗੁਆਂਢੀ-ਨੂੰ-ਕੰਗਾਲ ਬਣਾਓ ਦੀਆਂ ਵਪਾਰ ਨੀਤੀਆਂ, ਮੁਦਰਾ ਹੇਰਾ-ਫੇਰੀ, ਅਤੇ ਹੋਰ ਆਰਥਕ ਦਬਾਅ ਦੇ ਸੰਦਾਂ ਦਾ ਇਸਤੇਮਾਲ ਕਰ ਸਕਦਾ ਹੈ ਤਾਂ ਜੋ ਦੂਜੇ ਮੁਲਕ ਵਪਾਰ ਦੀਆਂ ਸ਼ਰਤਾਂ ਉਸਦੇ ਪੱਖ ਵਿਚ ਸਵੀਕਾਰ ਕਰਨ ਜਾਂ ਗੈਰ-ਆਰਥਕ ਮੁੱਦਿਆਂ ‘ਤੇ ਆਪਣਾ ਵਰਤਾਓ ਬਦਲਣ। ਉਹ ਫ਼ੌਜੀ ਸੁਰੱਖਿਆ ਨੂੰ ਆਪਣੀਆਂ ਆਰਥਕ ਮੰਗਾਂ ਨਾਲ ਜੋੜ ਦੇਵੇਗਾ ਅਤੇ ਉਮੀਦ ਕਰੇਗਾ ਕਿ ਗੱਠਜੋੜ ਭਾਈਵਾਲ ਉਸਦੀ ਵਿਆਪਕ ਬਦੇਸ਼-ਨੀਤੀ ਪਹਿਲਕਦਮੀਆਂ ਦੀ ਹਮਾਇਤ ਕਰਨ। ਕਮਜ਼ੋਰ ਰਾਜ ਅਜਿਹੇ ਦਬਾਅ ਸਹਿਣਗੇ ਜੇਕਰ ਉਹ ਵੱਡੇ ਬਾਜ਼ਾਰ ਤੱਕ ਪਹੁੰਚ ਲਈ ਅਤਿ-ਨਿਰਭਰ ਹੋਣ, ਜਾਂ ਜੇਕਰ ਉਨ੍ਹਾਂ ਨੂੰ ਦੂਜੇ ਰਾਜਾਂ ਤੋਂ ਵੱਡੇ ਖ਼ਤਰੇ ਹੋਣ ਅਤੇ ਇਸ ਲਈ ਉਨ੍ਹਾਂ ਨੂੰ ਧੌਂਸਬਾਜ਼ ਦੀ ਸੁਰੱਖਿਆ ‘ਤੇ ਨਿਰਭਰ ਰਹਿਣਾ ਪਵੇ—ਭਾਵੇਂ ਉਸਦੇ ਨਾਲ ਸ਼ਰਤਾਂ ਜੁੜੀਆਂ ਹੋਣ।

ਕਿਉਂਕਿ ਸ਼ਿਕਾਰੀ ਧੌਂਸਬਾਜ਼ ਦੀ ਜਬਰਨ ਤਾਕਤ ਦੂਜਿਆਂ ਨੂੰ ਸਥਾਈ ਅਧੀਨਤਾ ਦੀ ਸਥਿਤੀ ਵਿਚ ਰੱਖ ਕੇ ਹੀ ਟਿਕਦੀ ਹੈ, ਉਸਦੇ ਆਗੂ ਆਪਣੇ ਪ੍ਰਭਾਵ-ਖੇਤਰ ਦੇ ਮੁਲਕਾਂ ਤੋਂ ਵਾਰ-ਵਾਰ, ਅਕਸਰ ਪ੍ਰਤੀਕਾਤਮਕ, ਅਧੀਨਤਾ ਦਿਖਾਉਣ ਦੀ ਉਮੀਦ ਕਰਨਗੇ। ਉਨ੍ਹਾਂ ਤੋਂ ਰਸਮੀ ਮਾਣ-ਸਨਮਾਨ ਦੇਣ ਦੀ ਮੰਗ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਨੂੰ ਖੁੱਲ੍ਹੇ ਤੌਰ ‘ਤੇ ਧੌਂਸਬਾਜ਼ ਗੁਣਾਂ ਦੀ ਪ੍ਰਸ਼ੰਸਾ ਕਰਨ ਲਈ ਕਿਹਾ ਜਾ ਸਕਦਾ ਹੈ। ਪ੍ਰਸ਼ੰਸਾ ਦੇ ਅਜਿਹੇ ਰਸਮੀ ਪ੍ਰਗਟਾਵੇ ਵਿਰੋਧ ਨੂੰ ਨਿਰੁਤਸਾਹਿਤ ਕਰਦੇ ਹਨ—ਇਹ ਸੰਕੇਤ ਦੇ ਕੇ ਕਿ ਧੌਂਸਬਾਜ਼ ਬਹੁਤ ਸ਼ਕਤੀਸ਼ਾਲੀ ਹੈ ਅਤੇ ਉਸਦੇ ਖ਼ਿਲਾਫ਼ ਜਾਣਾ ਅਸੰਭਵ ਹੈ—ਅਤੇ ਉਸਨੂੰ ਆਪਣੇ ਮਤਹਿਤਾਂ ਨਾਲੋਂ ਵਧੇਰੇ ਸਿਆਣਾ ਦਿਖਾ ਕੇ ਇਹ ਧਾਰਨਾ ਬਣਾਉਂਦੇ ਹਨ ਕਿ ਉਸਨੂੰ ਹੁਕਮ ਦੇਣ ਦਾ ਅਧਿਕਾਰ ਹੈ।
ਸ਼ਿਕਾਰੀ ਦਬਦਬਾ ਕੋਈ ਨਵਾਂ ਵਰਤਾਰਾ ਨਹੀਂ ਹੈ। ਏਥਨਜ਼ ਨੇ ਆਪਣੇ ਸਾਮਰਾਜ ਵਿਚ ਕਮਜ਼ੋਰ ਨਗਰ-ਰਾਜਾਂ ਨਾਲ ਇਸੇ ਆਧਾਰ ‘ਤੇ ਸੰਬੰਧ ਰੱਖੇ ਸਨ—ਦਬਦਬਾ ਜਿਸਨੂੰ ਉਸ ਦੌਰ ਦੇ ਪ੍ਰਮੁੱਖ ਏਥੇਨੀਅਨ ਆਗੂ ਪੇਰੀਕਲੀਜ਼ ਨੇ ਆਪ ‘ਤਾਨਾਸ਼ਾਹੀ’ ਕਿਹਾ ਸੀ। ਪੂਰਵ-ਆਧੁਨਿਕ ਪੂਰਬੀ ਏਸ਼ੀਆ ਦੀ ਸਿਨੋ-ਕੇਂਦਰਤ ਪ੍ਰਣਾਲੀ ਵੀ ਇਸੇ ਤਰ੍ਹਾਂ ਦੇ ਨਿਰਭਰਤਾ ਸੰਬੰਧਾਂ ‘ਤੇ ਟਿਕੀ ਹੋਈ ਸੀ, ਜਿਨ੍ਹਾਂ ਵਿਚ ਸਨਮਾਨ ਅਤੇ ਰਸਮੀ ਅਧੀਨਤਾ ਸ਼ਾਮਲ ਸੀ—ਹਾਲਾਂਕਿ ਵਿਦਵਾਨ ਇਸ ਗੱਲ ‘ਤੇ ਅਸਹਿਮਤ ਹਨ ਕਿ ਉਹ ਪ੍ਰਣਾਲੀ ਲਗਾਤਾਰ ਲੋਟੂ ਸੀ ਜਾਂ ਨਹੀਂ। ਬਸਤੀਵਾਦੀ ਸਾਮਰਾਜਾਂ—ਬੈਲਜੀਅਨ, ਬ੍ਰਿਟਿਸ਼, ਫਰਾਂਸੀਸੀ, ਪੁਰਤਗਾਲੀ ਅਤੇ ਸਪੇਨੀ—ਵਿਚ ਬਸਤੀਆਂ ਤੋਂ ਧਨ ਹਥਿਆਉਣ ਦੀ ਖ਼ਵਾਇਸ਼ ਕੇਂਦਰੀ ਤੱਤ ਸੀ। ਇਸੇ ਤਰ੍ਹਾਂ ਦੇ ਉਦੇਸ਼ ਨਾਜ਼ੀ ਜਰਮਨੀ ਦੇ ਮੱਧ ਅਤੇ ਪੂਰਬੀ ਯੂਰਪ ਦੇ ਵਪਾਰਕ ਭਾਈਵਾਲਾਂ ਨਾਲ ਇਕਪਾਸੜ ਆਰਥਕ ਸੰਬੰਧਾਂ ਵਿੱਚ, ਅਤੇ ਸੋਵੀਅਤ ਸੰਘ ਦੇ ਵਾਰਸਾ ਸੰਧੀ ਦੇ ਭਾਈਵਾਲਾਂ ਨਾਲ ਸੰਬੰਧਾਂ ਵਿਚ ਵੀ ਦਿਸੇ। ਇਹ ਮਿਸਾਲਾਂ ਕਈ ਮਹੱਤਵਪੂਰਨ ਪਹਿਲੂਆਂ ਵਿਚ ਵੱਖਰੀਆਂ ਹਨ, ਪਰ ਹਰ ਮਾਮਲੇ ਵਿਚ ਇੱਕ ਦਬਦਬਾਸ਼ਾਲੀ ਸ਼ਕਤੀ ਨੇ ਕਮਜ਼ੋਰ ਭਾਈਵਾਲਾਂ ਦਾ ਇਸਤੇਮਾਲ ਕਰਕੇ ਆਪਣੇ ਲਈ ਅਸਾਵੇਂ ਲਾਭ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ—ਭਾਵੇਂ ਇਹ ਯਤਨ ਹਮੇਸ਼ਾ ਸਫ਼ਲ ਨਾ ਰਹੇ ਹੋਣ, ਅਤੇ ਕੁਝ ‘ਗਾਹਕ’ (clients) ਹਾਸਲ ਕਰਨ ਅਤੇ ਬਚਾਈ ਰੱਖਣ ਵਿਚ ਜਿੰਨਾ ਖ਼ਰਚ ਹੋਇਆ, ਉੱਨਾ ਲਾਭ ਉਨ੍ਹਾਂ ਨੇ ਨਾ ਦਿੱਤਾ ਹੋਵੇ।
ਸੰਖੇਪ ਵਿਚ, ਸ਼ਿਕਾਰੀ ਧੌਂਸਬਾਜ਼ ਸਾਰੇ ਦੁਵੱਲੇ ਸੰਬੰਧਾਂ ਨੂੰ ਸੁਭਾਵਿਕ ਤੌਰ ‘ਤੇ ਕੁਲ-ਜੋੜ ਸਿਫ਼ਰ ਮੰਨਦਾ ਹੈ ਅਤੇ ਹਰੇਕ ਤੋਂ ਵੱਧ ਤੋਂ ਵੱਧ ਲਾਭ ਕੱਢਣਾ ਚਾਹੁੰਦਾ ਹੈ। ਉਸਦਾ ਮਾਰਗਦਰਸ਼ਕ ਸੂਤਰ ਕੁਝ ਇੰਝ ਹੈ: ‘ਜੋ ਮੇਰਾ ਹੈ ਉਹ ਮੇਰਾ ਹੈ; ਅਤੇ ਜੋ ਤੁਹਾਡਾ ਹੈ, ਉਹ ਗੱਲਬਾਤ ਯੋਗ ਹੈ।’ ਮੌਜੂਦਾ ਸਮਝੌਤਿਆਂ ਦਾ ਆਪਣੇ-ਆਪ ਵਿਚ ਕੋਈ ਮੁੱਲ ਜਾਂ ਵਾਜਬੀਅਤ ਨਹੀਂ ਹੁੰਦੀ; ਜੇਕਰ ਉਹ ਕਾਫ਼ੀ ਅਸਾਵੇਂ ਲਾਭ ਨਾ ਦੇਣ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ਜਾਂ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਬੇਸ਼ੱਕ ਕੁਝ ਸ਼ਿਕਾਰੀ ਯਤਨ ਅਸਫ਼ਲ ਵੀ ਹੋ ਸਕਦੇ ਹਨ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਜ ਵੀ ਦੂਜਿਆਂ ਤੋਂ ਸਭ ਕੁਝ ਨਹੀਂ ਕੱਢ ਸਕਦੇ। ਪਰ ਸ਼ਿਕਾਰੀ ਧੌਂਸਬਾਜ਼ ਲਈ ਭਾਰੂ ਟੀਚਾ ਇਹੀ ਹੁੰਦਾ ਹੈ ਕਿ ਉਹ ਉਨ੍ਹਾਂ ਹੱਦਾਂ ਨੂੰ ਜਿੰਨਾ ਹੋ ਸਕੇ ਓਨਾ ਹੀ ਅੱਗੇ ਧੱਕੇ।
ਦਾਅ ਵਧਾਉਣਾ
ਟਰੰਪ ਦੀ ਬਦੇਸ਼ ਨੀਤੀ ਦਾ ਸ਼ਿਕਾਰੀ ਸੁਭਾਅ ਸਭ ਤੋਂ ਉੱਘੜਵੇਂ ਰੂਪ ਵਿਚ ਉਸ ਦੇ ਵਪਾਰ ਘਾਟਿਆਂ (trade deficits) ਪ੍ਰਤੀ ਜਨੂੰਨ ਅਤੇ ਟੈਰਿਫ਼ਾਂ ਰਾਹੀਂ ਆਰਥਕ ਲਾਭ ਨੂੰ ਵਾਸ਼ਿੰਗਟਨ ਦੇ ਪੱਖ ਵਿਚ ਮੁੜ-ਵੰਡਣ ਦੀਆਂ ਕੋਸ਼ਿਸ਼ਾਂ ਵਿਚ ਦਿਸਦਾ ਹੈ। ਟਰੰਪ ਵਾਰ-ਵਾਰ ਕਹਿ ਚੁੱਕਾ ਹੈ ਕਿ ਵਪਾਰ ਘਾਟੇ ‘ਲੁੱਟ’ ਹਨ ਅਤੇ ਲੁੱਟ-ਮਾਰ ਦਾ ਇੱਕ ਰੂਪ ਹਨ; ਉਸ ਦੇ ਨਜ਼ਰੀਏ ਵਿਚ, ਜਿਨ੍ਹਾਂ ਮੁਲਕਾਂ ਕੋਲ ਵਪਾਰ ਵਾਫ਼ਰ (ਸੁਰਪਲੁਸ) ਹੁੰਦਾ ਹੈ ਉਹ ‘ਜਿੱਤ’ ਰਹੇ ਹੁੰਦੇ ਹਨ, ਕਿਉਂਕਿ ਸੰਯੁਕਤ ਰਾਜ ਅਮਰੀਕਾ ਉਨ੍ਹਾਂ ਨੂੰ ਜਿੰਨਾ ਭੁਗਤਾਨ ਕਰਦਾ ਹੈ, ਓਨਾ ਉਹ ਵਾਸ਼ਿੰਗਟਨ ਨੂੰ ਨਹੀਂ ਦਿੰਦੇ। ਇਸ ਲਈ ਟਰੰਪ ਨੇ ਜਾਂ ਤਾਂ ਉਨ੍ਹਾਂ ਮੁਲਕਾਂ ‘ਤੇ ਟੈਰਿਫ਼ ਲਗਾਏ—ਕਥਿਤ ਤੌਰ ‘ਤੇ ਅਮਰੀਕੀ ਨਿਰਮਾਤਾਵਾਂ ਦੀ ਰੱਖਿਆ ਕਰਨ ਲਈ ਬਦੇਸ਼ੀ ਵਸਤਾਂ ਨੂੰ ਮਹਿੰਗਾ ਬਣਾ ਕੇ (ਹਾਲਾਂਕਿ ਟੈਰਿਫ਼ ਦੇ ਮੁੱਲ ਦਾ ਵੱਡਾ ਹਿੱਸਾ ਅਮਰੀਕੀ ਖ਼ਪਤਕਾਰ ਹੀ ਚੁਕਾਉਂਦੇ ਹਨ)—ਜਾਂ ਫਿਰ ਅਜਿਹੇ ਟੈਰਿਫ਼ ਦੀ ਧਮਕੀ ਦੇ ਕੇ ਬਦੇਸ਼ੀ ਸਰਕਾਰਾਂ ਅਤੇ ਕੰਪਨੀਆਂ ਨੂੰ ਮਜਬੂਰ ਕੀਤਾ ਕਿ ਉਹ ਰਾਹਤ ਦੇ ਬਦਲੇ ਅਮਰੀਕਾ ਵਿਚ ਪੂੰਜੀ-ਨਿਵੇਸ਼ ਕਰਨ। (ਚਲਦਾ)