ਪੰਜਾਬ ਦਾ ਇਕ ਹੋਰ ਨਿੱਜੀ ਥਰਮਲ ਪਲਾਂਟ ਵਿਕਿਆ

ਚੰਡੀਗੜ੍ਹ:ਸ੍ਰੀ ਗੋਇੰਦਵਾਲ ਸਾਹਿਬ ‘ਚ ਬਣੇ ਜੀਵੀਕੇ ਥਰਮਲ ਪਲਾਂਟ ਦੇ ਵੇਚੇ ਜਾਣ ਤੋਂ ਬਾਅਦ ਹੁਣ ਰਾਜਪੁਰਾ ਸਥਿਤ ਲਾਰਸਨ ਐਂਡ ਟਰਬੋ (ਐਲਐਡਟੀ) ਕੰਪਨੀ ਦਾ ਨਾਭਾ ਪਾਵਰ ਪਲਾਂਟ ਵੀ ਵੇਚ ਦਿੱਤਾ ਗਿਆ ਹੈ। ਬਿਜਲੀ ਖੇਤਰ ਦੀ ਵੱਡੀ ਕੰਪਨੀ ਟਾਰੈਂਟ ਪਾਵਰ ਇਸਨੂੰ 6,889 ਕਰੋੜ ਰੁਪਏ ‘ਚ ਖਰੀਦੇਗੀ।

ਇਸ ਸਬੰਧ ‘ਚ ਅੱਜ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। 1,320 ਮੈਗਾਵਾਟ ਸਮਰੱਥਾ ਵਾਲੇ ਸੁਪਰਕ੍ਰਿਟੀਕਲ ਥਰਮਲ ਪਲਾਂਟ ਦੇ ਲੰਮੇ ਸਮੇਂ ਤੋਂ ਵੇਚੇ ਜਾਣ ਦੀ ਚਰਚਾ ਚੱਲ ਰਹੀ ਸੀ। ਟਾਰੈਂਟ ਪਾਵਰ ਦਾ ਦਾਅਵਾ ਹੈ ਕਿ ਇਸ ਨਾਲ ਉਹਨਾਂ ਦੀ ਬਿਜਲੀ ਉਤਪਾਦਨ ਸਮਰੱਥਾ ‘ਚ ਵਾਧਾ ਹੋਵੇਗਾ।
ਮੌਜੂਦਾ ਸਮੇਂ ‘ਚ ਕੰਪਨੀ ਦੀ ਚਲਾਉਣ ਸਮਰੱਥਾ 5 ਗੀਗਾਵਾਟ ਹੈ, ਜੋ ਇਸ ਸੌਦੇ ਦੇ ਪੂਰਾ ਹੋਣ ਤੋਂ ਬਾਅਦ ਵਧ ਕੇ 6.4 ਗੀਗਾਵਾਟ ਹੋ ਜਾਏਗੀ। ਅਧਿਕਾਰਕ ਬਿਆਨ ਮੁਤਾਬਕ, ਵਿੱਤੀ ਸਾਲ 2024-25 ‘ਚ ਇਸ ਪਲਾਂਟ ਨੇ 4,866 ਕਰੋੜ ਰੁਪਏ ਦੀ ਆਮਦਨ ਕੀਤੀ ਸੀ। ਪਲਾਂਟ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ‘ਪਲਾਂਟ ਉਪਲਬਧਤਾ 95.36 ਫੀਸਦ ਰਹੀ ਹੈ। 2007 ਤੋਂ ਬਾਅਦ, ਪੰਜਾਬ ‘ਚ ਤਿੰਨ ਥਰਮਲ ਪਲਾਂਟ ਸਨ, ਪਹਿਲਾ 1980 ਮੈਗਾਵਾਟ ਦੀ ਸਮਰੱਥਾ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ, ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੀ ਸਮਰੱਥਾਵਾਲਾ ਜੀਵੀਕੇ ਥਰਮਲ ਪਲਾਂਟ ਅਤੇ ਰਾਜਪੁਰਾ ਵਿਖੇ 1,320 ਮੈਗਾਵਾਟ ਦੀ ਸਮਰੱਥਾ ਵਾਲਾ ਤੀਜਾ ਐਲਐਡਟੀ ਥਰਮਲ ਪਲਾਂਟ ਸੀ। ਇਨ੍ਹਾਂ ਤਿੰਨਾਂ ਥਰਮਲ ਪਲਾਂਟਾਂ ਨੂੰ ਲੈ ਕੇ ਰਾਜਨੀਤਿਕ ਤੌਰ ‘ਤੇ ਬਹੁਤ ਵਿਵਾਦ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਇਨ੍ਹਾਂ ਤਿੰਨ ਥਰਮਲ ਪਲਾਂਟਾਂ ਬਾਰੇ ਪਹਿਲਾਂ ਕਾਂਗਰਸ ਅਤੇ ਬਾਅਦ ‘ਚ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਇਨ੍ਹਾਂ ਥਰਮਲ ਪਲਾਂਟਾਂ ਨੂੰ ਨਿੱਜੀ ਖੇਤਰ ਨੂੰ ਲਾਭ ਪਹੁੰਚਾਉਣ ਲਈ ਪੈਸੇ ਦਿੱਤੇ ਜਾਂਦੇ ਹਨ ਭਾਵੇਂ ਕਿ ਇਨ੍ਹਾਂ ਥਰਮਲ ਪਲਾਂਟਾਂ ਤੋਂ ਪੈਦਾ ਹੋਈ ਬਿਜਲੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਹਰ ਵਾਰ ਇਹ ਵੀ ਦਾਅਵਾ ਕੀਤਾ ਜਾਂਦਾ ਸੀ ਕਿ ਇਨ੍ਹਾਂ ਥਰਮਲ ਪਲਾਂਟਾਂ ਦੇ ਸੱਤਾ ‘ਚ ਆਉਣ ‘ਤੇ ਉਨ੍ਹਾਂ ਨਾਲ ਹੋਏ ਸਮਝੌਤੇ ਰੱਦ ਕਰ ਦਿੱਤੇ ਜਾਣਗੇ ਪਰ 2017 ‘ਚ ਕਾਂਗਰਸ ਅਤੇ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਰ ਇਹ ਸਮਝੌਤੇ ਰੱਦ ਨਹੀਂ ਕੀਤੇ ਗਏ। ਹਾਲਾਂਕਿ, 2024 ‘ਚ, ਆਮ ਆਦਮੀ ਪਾਰਟੀ ਸਰਕਾਰ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਥਰਮਲ ਪਲਾਂਟ ਹਾਸਲ ਕਰ ਲਿਆ।