ਨਵੀਂ ਦਿੱਲੀ:ਨਵੀਂ ਦਿੱਲੀ ‘ਚ ਸੋਮਵਾਰ ਤੋਂ ਪੰਜ ਦਿਨਾ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਦੇ ਮਹਾਕੁੰਭ ਦੀ ਸ਼ੁਰੂਆਤ ਹੋ ਗਈ ਹੈ। ਇਸ ਏ.ਆਈ. ਇੰਪੈਕਟ ਸਮਿਟ ‘ਚ ਦੁਨੀਆ ਭਰ ਦੇ ਆਗੂ, ਸਟਾਰਟਅਪ, ਇਨੋਵੇਟਰ ਤੇ ਰਿਸਰਚਰ ਹਿੱਸਾ ਲੈਣ ਜਾ ਰਹੇ ਹਨ।
ਸਾਲ 2023 ‘ਚ ਨਵੀਂ ਦਿੱਲੀ ‘ਚ ਕਰਵਾਏ ਜੀ-20 ਸਮਿਟ ‘ਚ ਭਾਰਤ ਨੇ ਗਲੋਬਲ ਸਾਊਥ ਭਾਵ ਦੁਨੀਆ ਦੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦੀ ਵਿੱਤੀ ਸਹੂਲਤ ਲਈ ਆਵਾਜ਼ ਚੁੱਕੀ ਸੀ।ਇਸ ਵਾਰ ਭਾਰਤ ਦੁਨੀਆ ਦੇ ਅਮੀਰ- ਗ਼ਰੀਬ ਸਾਰੇ ਦੇਸ਼ਾਂ ਨੂੰ ਏਆਈ ਦਾ ਲਾਭ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਉਠਾਉਣ ਜਾ ਰਿਹਾ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਦੁਨੀਆ ‘ਚ ਅਜਿਹੇ ਜਮਹੂਰੀ ਏਆਈ ਦਾ ਨਿਰਮਾਣ ਕੀਤਾ ਜਾਵੇ ਜੋ ਸਭ ਲਈ ਫ਼ਾਇਦੇਮੰਦ ਤੇ ਸੁਰੱਖਿਅਤ ਹੋਵੇ। ਏਆਈ ਇੰਪੈਕਟ ਸਮਿਟ ਦਾ ਮੁੱਖ ਨਾਅਰਾ ‘ਸਰਵਜਨ ਹਿਤਾਏ, ਸਰਵਜਨ ਸੁਖਾਏ ਰੱਖਿਆ ਗਿਆ ਹੈ। ਭਾਰਤ ਨੇ ਏਆਈ ਸਬੰਧੀ ਆਪਣੀ ਜੋ ਨੀਤੀ ਬਣਾਈ ਹੈ, ਉਸ ਦਾ ਟੀਚਾ ਵੀ ਏਆਈ ਦੀ ਵਰਤੋਂ ਸਭ ਦੀ ਭਲਾਈ ਲਈ ਕਰਨਾ ਹੈ ਤੇ ਇਸ ਲਾਭ ਤੋਂ ਕੋਈ ਵਾਂਝਾ ਨਾ ਰਹਿ ਜਾਵੇ, ਇਸ ਦਾ ਵੀ ਧਿਆਨ ਰੱਖਣਾ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ ਏਆਈ ਇੰਪੈਕਟ ਸਮਿਟ ਦੇ ਪ੍ਰਬੰਧਕ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਸਕੱਤਰ ਐੱਸ. ਕ੍ਰਿਸ਼ਣਨ ਨੇ ਦੱਸਿਆ ਕਿ ਅਸੀਂ ਦੁਨੀਆ ਨੂੰ ਤੇ ਆਮ ਲੋਕਾਂ ਤੱਕ ਇਸ ਦੇ ਫ਼ਾਇਦੇ ਤੇ ਅਸਰ ਨੂੰ ਪਹੁੰਚਾਉਣਾ ਅਸਾਨ ਹੋ ਸਕਦਾ ਹੈ। ਸਿਖਰ ਸੰਮੇਲਨ ਦੀ ਅਹਿਮੀਅਤ ਇਸੇ ਗੱਲ ਵਿਚ ਸਮਝੀ ਜਾ ਸਕਦੀ ਹੈ ਕਿ ਇਸ ਵਿਚ ਕਈ ਮੁਲਕਾਂ ਦੇ ਪੈਵੇਲੀਅਨ ਸ਼ਾਮਲ ਹੋਣਗੇ।ਭਾਰਤ ਇਹ ਵੀ ਚਾਹੁੰਦਾ ਹੈ ਕਿ ਭਾਰਤ ਸਮੇਤ ਸਾਰੇ ਗ਼ਰੀਬ ਦੇਸ਼ਾਂ ਦੇ ਵਿਕਾਸ ਦੇ ਨਾਲ ਦੁਨੀਆ ਦੇ ਅਰਥਚਾਰੇ ‘ਤੇ ਏਆਈ ਦਾ ਸਕਾਰਾਤਮਕ ਅਸਰ ਪਵੇ। ਹਾਲਾਂਕਿ ਅਮਰੀਕਾ, ਚੀਨ ਵਰਗੇ ਦੇਸ਼ ਆਪਣਾ ਏਆਈ ਮਾਡਲ ਲਾਂਚ ਕਰ ਚੁੱਕੇ ਹਨ ਤੇ ਫ਼ਿਲਹਾਲ ਦੁਨੀਆ ਉਨ੍ਹਾਂ ਦੇ ਮਾਡਲ ਨੂੰ ਹੀ ਅਪਣਾਅ ਰਹੀ ਹੈ। ਆਈਟੀ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੁਨੀਆ ਲਈ ਭਰੋਸੇਮੰਦ ਏਆਈ ਲਿਆਉਣਾ ਚਾਹੁੰਦਾ ਹੈ ਤੇ ਅਜਿਹਾ ਹੀ ਮਾਡਲ ਅਸੀਂ ਇਸ ਸਮਿਟ ‘ਚ ਲਾਂਚ ਕਰਨ ਜਾ ਰਹੇ ਹਾਂ।
ਮੋਦੀ ਨੇ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੰਡੀਆ ਏਆਈ ਇੰਪੈਕਟ ਐਕਸਪੋ ਦਾ ਉਦਘਾਟਨ ਕੀਤਾ। ਇਸ ‘ਚ ਅਤਿ- ਆਧੁਨਿਕ ਸਮਰੱਥਾ ਵਾਲੇ 600 ਤੋਂ ਵੱਧ ਸਟਾਰਟਅਪ ਤੇ 13 ਦੇਸ਼ਾਂ ਦੇ ਪੇਵੇਲੀਅਨ ਸ਼ਾਮਲ ਹਨ ਜੋ ਏਆਈ ਈਕੋਸਿਸਟਮ ‘ਚ ਅੰਤਰਰਾਸ਼ਟਰੀ ਸਹਿਯੋਗ ਦਿਖਾ ਰਹੇ ਹਨ। ਮੋਦੀ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਤੇ ਐਕਸਪੋ ‘ਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਤੇ ਸਟਾਰਟਅਪ ਨਾਲ ਗੱਲ ਕੀਤੀ। ਉਨ੍ਹਾਂ ਨੂੰ ਕੰਪਨੀ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛਦੇ ਹੋਏ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਵੱਖ-ਵੱਖ ਸਟਾਲਾਂ ‘ਤੇ ਕਈ ਮਿੰਟ ਬਿਤਾਏ।
