ਫ਼ੌਜ ਵਲੋਂ ਸਿੱਖ ਰੈਜੀਮੈਂਟ `ਚ ਭਰਤੀ ਦੀ ਅਪੀਲ ਨੇ ਖੜ੍ਹੇ ਕੀਤੇ ਗੰਭੀਰ ਸਵਾਲ

ਚੰਡੀਗੜ੍ਹ:ਭਾਰਤੀ ਫ਼ੌਜ ਵਲੋਂ ਜਨਵਰੀ 2026 ਵਿੱਚ ਜਾਰੀ ਕੀਤੀ ਭਾਵੁਕ ਅਪੀਲ ਕਿ ‘ਵਾਰੀਅਰ ਸਪਿਰਟ ਨੀਡਜ਼ ਯੂ’ ਭਾਵ ਯੋਧਿਆਂ ਦੀ ਆਤਮਾ ਨੂੰ ਤੁਹਾਡੀ ਲੋੜ ਹੈ, ਕਈ ਦਹਾਕਿਆਂ ਬਾਅਦ ਸਿੱਖ ਨੌਜਵਾਨਾਂ ਨੂੰ ਸੱਦਾ ਦਿੰਦੀ ਦਿਖਾਈ ਦਿੱਤੀ ਕਿ ਆਓ, ਸਿੱਖ ਰੇਜੀਮੈਂਟ ਵਿੱਚ ਸ਼ਾਮਲ ਹੋਵੋ, ਨੇ ਪੰਜਾਬ ਵਿੱਚ ਇੱਕ ਵੱਡੀ ਚਰਚਾ ਛੇੜੀ ਹੋਈ ਹੈ।

ਇਸ ਅਪੀਲ ਵਿੱਚ ਫ਼ੌਜ ਨੇ ਸਿੱਖ ਮਾਰਸ਼ਲ ਪਰੰਪਰਾਵਾਂ ਨੂੰ ਯਾਦ ਕਰਵਾਇਆ। ਇਹ ਅਪੀਲ ਆਮ ਫ਼ੌਜੀ ਭਰਤੀ ਸਦੇਸ਼ਾਂ ਤੋਂ ਬਿਲਕੁਲ ਵੱਖਰੀ ਹੈ ਅਤੇ ਸਿੱਖ ਨੌਜਵਾਨਾਂ ਦੇ ਭਰਤੀ ਨਾ ਹੋਣ ਦੀ ਸਥਿਤੀ ਦਾ ਪ੍ਰਗਟਾਵਾ ਕਰਦੀ ਹੈ। ਸਿੱਖ ਰੈਜੀਮੈਂਟ ਵਿੱਚ ਭਰਤੀ ਵਿੱਚ ਤੇਜ਼ ਗਿਰਾਵਟ ਨੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਫ਼ੌਜੀ ਭਰਤੀ ਰੈਲੀਆਂ ਅਤੇ ਤਿਆਰੀ ਕੈਂਪਾਂ ਵਿੱਚ ਸਿੱਖਾਂ ਦੀ ਹਿੱਸੇਦਾਰੀ 60-70 ਫ਼ੀਸਦੀ ਤੱਕ ਘਟੀ ਦੱਸੀ ਜਾ ਰਹੀ ਹੈ। ਜੋ ਪੰਜਾਬ ਦੀ ਸਥਿਤੀ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਸਿੱਖ ਰੈਜੀਮੈਂਟ ਵਿੱਚ 20 ਰੈਗੂਲਰ ਬਟਾਲੀਅਨਾਂ, 3 ਟੈਰੀਟੋਰੀਅਲ ਆਰਮੀ ਯੂਨਿਟਾਂ ਅਤੇ ਇੱਕ ਰਾਸ਼ਟਰੀ ਰਾਈਫਲਸ ਬਟਾਲੀਅਨ ਹੈ।
ਪੰਜਾਬੀਆਂ ਅਤੇ ਸਿੱਖਾਂ ਵਿਚ ਫ਼ੌਜ ਵਿਚ ਭਰਤੀ ਹੋਣ ਦਾ ਉਤਸ਼ਾਹ ਘਟਣ ਦਾ ਸਭ ਤੋਂ ਵੱਡਾ ਕਾਰਨ ਅਗਨੀਵੀਰ ਸਕੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ 15 ਸਾਲ ਦੀ ਪੱਕੀ ਨੌਕਰੀ ਅਤੇ ਪੈਨਸ਼ਨ ਮਿਲਦੀ ਸੀ। ਹੁਣ ਅਗਨੀਵੀਰ ਅਧੀਨ ਸਿਰਫ਼ 4 ਸਾਲ ਦੀ ਨੌਕਰੀ ਅਤੇ ਸਿਰਫ਼ 25 ਫ਼ੀਸਦੀ ਨੂੰ ਹੀ ਨੌਕਰੀ ਜਾਰੀ ਰੱਖਣ ਦੀ ਇਜਾਜ਼ਤ ਨੇ ਫ਼ੌਜੀ ਨੌਕਰੀ ਦੀ ਅਸੁਰੱਖਿਅਤਾ ਵਧਾ ਦਿੱਤੀ ਹੈ। ਬ੍ਰਿਗੇਡੀਅਰ ਹਰਵੰਤ ਸਿੰਘ (ਸੇਵਾਮੁਕਤ) ਨੇ ਅਗਨੀਵੀਰ ਨੂੰ ਠੇਕੇਦਾਰੀ ਤੇ ਬੰਧੂਆ ਮਜ਼ਦੂਰੀ ਵਰਗਾ ਮੰਨਿਆ ਹੈ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਸੇਵਾਮੁਕਤ) ਅਨੁਸਾਰ ਸਿੱਖ ਨੌਜਵਾਨਾਂ ਦੀ ਫ਼ੌਜ ਵਿਚ ਭਰਤੀ ਗਿਰਾਵਟ ਦਾ ਮੁੱਖ ਕਾਰਨ ਅਗਨੀਵੀਰ ਹੈ, ਹਾਲਾਂਕਿ ਵਿਦੇਸ਼ ਜਾਣਾ ਅਤੇ ਡਰੱਗ ਵੀ ਇਸ ਦੇ ਕਾਰਨ ਹਨ।
ਪੰਜਾਬ ਦੇ ਨੌਜਵਾਨਾਂ ਨੇ ਸਰੀਰਕ ਟਰੇਨਿੰਗ ਨੂੰ ਛੱਡ ਕੇ ਆਈਲਟਸ ਅਤੇ ਵਿਦੇਸ਼ੀ ਵੀਜ਼ੇ ਵੱਲ ਰੁਝਾਨ ਕੀਤਾ ਕਿਉਂਕਿ ਪਰਿਵਾਰ ਵਿਦੇਸ਼ ਨੂੰ ਵਧੇਰੇ ਸੁਰੱਖਿਅਤ ਮੰਨਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪ੍ਰੈਲ 2025 ਵਿਚ ਕਿਹਾ ਸੀ ਕਿ ਪ੍ਰਵਾਸ ਮੁੱਖ ਕਾਰਨ ਹੈ, ਪਰ ਅਗਨੀਵੀਰ ਸਕੀਮ ਵੀ ਇਸ ਦਾ ਇਕ ਕਾਰਨ ਹੈ। ਹੋਰ ਕਾਰਨਾਂ ਵਿਚ ਆਰਥਿਕ- ਸਮਾਜਿਕ ਬਦਲਾਅ ਅਤੇ ਰਾਜਨੀਤਿਕ ਅਸੰਤੋਸ਼, ਨਸ਼ਿਆਂ ਕਾਰਨ ਸਰੀਰਕ ਸਮਰੱਥਾ ਦੀ ਘਾਟ, ਖੇਤੀ ਸੰਕਟ, ਬੇਰੁਜ਼ਗਾਰੀ ਅਤੇ ਘੱਟ ਰੋਜ਼ਗਾਰ ਮੌਕਿਆਂ ਕਾਰਨ ਵਿਦੇਸ਼ ਨੂੰ ਤਰਜੀਹ ਦੇਣ ਤੋਂ ਇਲਾਵਾ ਪਰਿਵਾਰਾਂ ਵਿਚ ਇਕੋ ਇਕ ਪੁੱਤਰ ਹੋਣ ਕਾਰਨ ਵੀ ਪੰਜਾਬੀ ਖ਼ਤਰਾ ਲੈਣ ਤੋਂ ਝਿਜਕਦੇ ਮੰਨੇ ਜਾਂਦੇ ਹਨ।ਪੰਜਾਬ ਤੋਂ ਫ਼ੌਜ ‘ਚ ਭਰਤੀ ਦਾ ਕੋਟਾ 2 ਫੀਸਦੀ ਸੀਮਤ ਕਰਨ ਵਾਲੀ ਸਥਿਤੀ ਭਾਰਤੀ ਫ਼ੌਜ ਵਿੱਚ ਸੂਬਾ ਆਧਾਰਿਤ ਕੋਟਾ ਸਿਸਟਮ ਲਾਗੂ ਹੈ, ਜੋ ਰਿਕਰੂਟੇਬਲ ਮੇਲ ਪਾਪੂਲੇਸ਼ਨ (ਭਰਤੀਯੋਗ ਪੁਰਸ਼ ਆਬਾਦੀ) ਦੇ ਅਧਾਰ ‘ਤੇ ਬਣਿਆ ਹੈ। ਪੰਜਾਬ ਲਈ 2008 ਵਿੱਚ 2 ਫ਼ੀਸਦੀ ਦਾ ਕੋਟਾ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਨਿਰਪੱਖ ਭਰਤੀ ਵਿੱਚ ਰੁਕਾਵਟ ਮੰਨ ਕੇ ਖ਼ਤਮ ਕਰਨ ਦੀ ਮੰਗ ਵੀ ਕੀਤੀ ਸੀ । ਭਾਵੇਂ ਇਹ ਕੋਟਾ ਖ਼ਾਸ ਤੌਰ ਤੇ ਸਿੱਖਾਂ ਲਈ ਨਹੀਂ ਸੀ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਲਈ ਸੀ। ਅੱਜ ਕੱਲ੍ਹ ਅਗਨੀਵੀਰ ਸਕੀਮ ਵਿਚ ਵੀ ਸੂਬਿਆਂ ਦਾ ਹਿੱਸਾ ਬਰਕਰਾਰ ਹੈ, ਪਰ ਹੁਣ ਤਾਂ ਪੰਜਾਬ ਵਿਚੋਂ ਇਹ 2 ਫ਼ੀਸਦੀ ਕੋਟਾ ਵੀ ਭਰਦਾ ਨਹੀਂ ਲੱਗਦਾ। ਸਿੱਖ ਰੈਜੀਮੈਂਟ ਜਿਸ ਵਿਚ ਭਰਤੀ ਹੋਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਨੇ ਭਾਰਤੀ ਫ਼ੌਜ ਵਿੱਚ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ ਹਨ। 1965 ਦੀ ਭਾਰਤ- ਪਾਕ ਜੰਗ ਵਿਚ ਸਿੱਖ ਰੈਜੀਮੈਂਟ ਨੇ ਪੈਟਨ ਟੈਂਕਾਂ ਨੂੰ ਤਬਾਹ ਕੀਤਾ, ਬਹੁਤ ਸਾਰੇ ਸਿੱਖ ਜਵਾਨਾਂ ਨੇ ਟੈਂਕਾਂ ਹੇਠਾਂ ਜਾ ਕੇ ਗ੍ਰਨੇਡ ਸੁੱਟੇ ਅਤੇ ਆਪਣੀ ਸ਼ਹਾਦਤ ਦਿੱਤੀ। 1971 ਦੀ ਭਾਰਤ-ਪਾਕਿ ਜੰਗ ਵਿਚ ਵੀ ਸਿੱਖ ਰੈਜੀਮੈਂਟ ਨੇ ਅਹਿਮ ਭੂਮਿਕਾ ਨਿਭਾਈ। ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ 16 ਦਸੰਬਰ 1971 ਨੂੰ ਢਾਕਾ ਵਿੱਚ ਪਾਕਿਸਤਾਨੀ ਲੈਫ਼ਟੀਨੈਂਟ ਜਨਰਲ ਏ. ਕੇ. ਨਿਆਜ਼ੀ ਤੋਂ 93,000 ਪਾਕਿਸਤਾਨੀ ਫ਼ੌਜੀਆਂ ਦਾ ਆਤਮ ਸਮਰਪਣ ਕਰਵਾਇਆ ਜੋ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕਿਸੇ ਫ਼ੌਜ ਦਾ ਸਭ ਤੋਂ ਵੱਡਾ ਆਤਮ ਸਮਰਪਣ ਸੀ ਅਤੇ ਇਸ ਦੇ ਕਾਰਨ ਹੀ ਬੰਗਲਾਦੇਸ਼ ਬਣਿਆ। 2020 ਵਿਚ ਗਲਵਾਨ ਵੈਲੀ ਝਗੜੇ ਵਿਚ ਚੀਨ ਨਾਲ ਹੋਈਆਂ ਝੜਪਾਂ ਵਿਚ ਸਿੱਖ ਰੈਜੀਮੈਂਟ ਦੇ ਸਿਪਾਹੀ ਗੁਰਤੇਜ ਸਿੰਘ ਨੂੰ ਮੌਤ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਗਲਵਾਨ ਵਿੱਚ ਸਿੱਖ ਜਵਾਨਾਂ ਨੇ ਬਿਨਾਂ ਹਥਿਆਰ ਲੜਾਈ ਲੜੀ ਅਤੇ ਚੀਨੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਲੜਾਈ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ ਅਤੇ ਆਸਟ੍ਰੇਲੀਆਈ ‘ਅਖ਼ਬਾਰ ਦੀ ਕਲੈਕਸਨ ਮੁਤਾਬਿਕ ਚੀਨ ਦੇ 38 ਤੋਂ 42 ਫ਼ੌਜੀ ਮਾਰੇ ਗਏ ਸਨ। ਸਿੱਖ ਰੈਜੀਮੈਂਟ ਵਿਚ ਫ਼ੌਜੀਆਂ ਦੀ ਭਰਤੀ ਦੀ ਘਾਟ ਦਾ ਸੰਕਟ ਇਕ ਪਾਸੇ ਰਾਸ਼ਟਰੀ ਸੁਰੱਖਿਆ ਦਾ ਸੰਕਟ ਹੈ ਤੇ ਦੂਜੇ ਪਾਸੇ ਫ਼ੌਜ ਵਿਚ ਸਿੱਖ ਪਛਾਣ ਅਤੇ ਪੰਜਾਬ ਦੇ ਸਮਾਜਿਕ ਸਥਿਤੀ ਦਾ ਵੀ ਸੰਕਟ ਹੈ।