ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਸੂਬੇ ਨੂੰ ਨਸ਼ੇ `ਚ ਧੱਕਿਆ: ਕੇਜਰੀਵਾਲ

ਮੋਗਾ:ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਜਿੱਥੇ ਸੂਬੇ ਨੂੰ ਨਸ਼ੇ ‘ਚ ਧੱਕਿਆ, ਉੱਥੇ ਆਪ ਸਰਕਾਰ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਲੱਗੀ ਹੈ। ਇਹ ਗੱਲ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਹੀ।

ਉਹ ਸੂਬੇ ‘ਚ ਨਸ਼ੇ ਦੇ ਖ਼ਿਲਾਫ਼ ਮੁਹਿੰਮ ਦੇ ਦੂਜੇ ਪੜਾਅ ‘ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੇਂਡੂ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਮੋਗਾ ਪਹੁੰਚੇ ਸਨ। ਆਪ ਦੇ ਮੁਖੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ 2,000 ਕਿੱਲੋ ਤੋਂ ਜ਼ਿਆਦਾ ਨਸ਼ੇ ਦੀ ਬਰਾਮਦਗੀ, ਵੱਡੇ ਕਾਰੋਬਾਰੀਆਂ ਨੂੰ ਜੇਲ੍ਹਾਂ ‘ਚ ਪਾਉਣ ਤੇ ਉਨ੍ਹਾਂ ਦੇ ਮਹਿਲਾਂ ਵਰਗੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਮੀਨੀ ਪੱਧਰ ‘ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਸੱਤਾ ‘ਚ ਆਈਆਂ ਤਾਂ ਪੰਜਾਬ ਨੂੰ ਮੁੜ ਨਸ਼ਿਆਂ ਦੀ ਦਲਦਲ ‘ਚ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਹਰਾਇਆ ਕਿ ਆਪ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ‘ਤੇ ਚਿੱਟੇ ਦੇ ਦਾਗ਼ ਨੂੰ ਮਿਟਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੇਜਰੀਵਾਲ ਨੇ ਕਿਹਾ ਕਿ ਇਕ ਸਾਲ ਪਹਿਲਾਂ ਇਕ ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ। ਲੋਕਾਂ ‘ਚ ਤਦ ਇਸ ਦੇ ਪ੍ਰਤੀ ਜ਼ਿਆਦਾ ਉਤਸ਼ਾਹ ਨਹੀਂ ਸੀ। ਇਕ ਸਾਲ ‘ਚ ਜਿਵੇਂ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਦੱਸਿਆ ਤੇ ਵੱਡੇ ਨਸ਼ਾ ਤਸਕਰਾਂ, ਜਿਨ੍ਹਾਂ ਦਾ ਨਾਂ ਲੈਣ ਤੋਂ ਵੀ ਲੋਕ ਡਰਦੇ ਸਨ, ਨੂੰ ਜੇਲ੍ਹਾਂ ‘ਚ ਵਾਇਆ ਤਾਂ ਲੋਕਾਂ ਨੂੰ ਭਰੋਸਾ ਹੋਣ ਲੱਗਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਹੈ, ਜਿਹੜੀ ਕਿਸੇ ਨਹੀਂ ਡਰਦੀ। ਲੋਕਾਂ ਦੇ ਦਿਲਾਂ ਤੋਂ ਵੀ ਡਰ ਖ਼ਤਮ ਹੋ ਰਿਹਾ ਹੈ।
ਭਗਵੰਤ ਮਾਨ ਮੁੜ ਹਸਪਤਾਲ ਦਾਖ਼ਲ
ਮੋਹਾਲੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਮਵਾਰ ਨੂੰ ਇਕ ਵਾਰ ਮੁੜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਐਤਵਾਰ ਨੂੰ ਸੰਗਰੂਰ ‘ਚ ਸਿਹਤ ਖ਼ਰਾਬ ਹੋਣ ਤੋਂ ਬਾਅਦ ਮੋਹਾਲੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਆਬਜ਼ਰਵੇਸ਼ਨ ‘ਚ ਰੱਖਣ ਦਾ ਫ਼ੈਸਲਾ ਕੀਤਾ ਸੀ । ਸੋਮਵਾਰ ਨੂੰ ਸਵੇਰੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਸੀ। ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਮੁੱਖ ਮੰਤਰੀ ਮੋਗਾ ‘ਚ ਸਰਕਾਰ ਵਲੋਂ ਕਰਵਾਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਲਈ ਪਹੁੰਚੇ ਸਨ।