ਬਲਕਾਰ ਸਿੰਘ ਪ੍ਰੋਫੈਸਰ
ਫੋਨ: +91- 93163-01328
ਪ੍ਰੋ. ਕਿਸ਼ਨ ਸਿੰਘ (10 ਅਗਸਤ 1911 ਤੋਂ 27 ਨਵੰਬਰ 1993) ਦੀਆਂ ਸਾਰੀਆਂ ਰਚਨਾਵਾਂ ਨੂੰ ਚਾਰ ਜਿਲਦਾਂ ਵਿਚ ‘ਰੀਥਿੰਕਸ ਬੁਕਸ’ ਵੱਲੋਂ ਛਾਪਿਆ ਜਾ ਚੁੱਕਾ ਹੈ। ਇਸ ਦਾ ਸੰਪਾਦਕ ਮਰਹੂਮ ਪ੍ਰੋ. ਗੁਰਮੀਤ ਸਿੰਘ ਟਿਵਾਣਾ ਹੈ। ਇਨ੍ਹਾਂ ਵਿਚੋਂ ਪਹਿਲੀ ਜਿਲਦ ਵਿਚ ਲੇਖਕ ਦੀਆਂ ਗੁਰਮਤਿ ਬਾਰੇ ਲਿਖੀਆਂ ਤੇ ਛਪੀਆਂ ਪੰਜ ਪੁਸਤਕਾਂ-’ਸਿੱਖ ਇਨਕਲਾਬ ਦਾ ਮੋਢੀ-ਗੁਰੂ ਨਾਨਕ’, ‘ਸਿੱਖ ਲਹਿਰ’, ‘ਸ਼ਬਦ ਗੁਰੁ’, ‘ਗੁਰਬਾਣੀ ਦਾ ਇਨਕਲਾਬੀ ਵਿਰਸਾ’ ਅਤੇ ‘ਗੁਰਬਾਣੀ ਦਾ ਸੱਚ’ ਸ਼ਾਮਲ ਹਨ। ਇਨ੍ਹਾਂ ਪੁਸਤਕਾਂ ਬਾਰੇ ਜਿਸ ਤਰ੍ਹਾਂ ਚਰਚਾ ਹੋਣੀ ਚਾਹੀਦੀ ਸੀ, ਉਸ ਤਰ੍ਹਾਂ ਨਹੀਂ ਹੋਈ। ਇਸ ਲੇਖ ਵਿਚ ਇਸ ਬਾਰੇ ਹੀ ਚਰਚਾ ਕੀਤੀ ਗਈ ਹੈ। -ਸੰਪਾਦਕ
ਪ੍ਰੋ. ਕਿਸ਼ਨ ਸਿੰਘ ਦੀਆਂ ਗੁਰਮਤਿ ਬਾਰੇ ਲਿਖੀਆਂ ਤੇ ਛਪੀਆਂ ਪੁਸਤਕਾਂ ਬਾਰੇ ਜਿਸ ਤਰ੍ਹਾਂ ਚਰਚਾ ਹੋਣੀ ਚਾਹੀਦੀ ਸੀ, ਉਸ ਤਰ੍ਹਾਂ ਨਹੀਂ ਹੋਈ। ਕਾਰਣ ਬਹੁਤ ਸਾਰੇ ਹੋ ਸਕਦੇ ਹਨ ਪਰ ਮੈਨੂੰ ਇਹ ਜਾਪਦਾ ਹੈ ਕਿ ਪ੍ਰੋ. ਸਾਹਿਬ ਦੀ ਬਾਣੀ ਬਾਰੇ ਵਿਆਖਿਆ ਨਾਲ ਸਹਿਮਤ ਕਿਸੇ ਵੀ ਰੰਗ ਦਾ ਕੋਈ ਧੜਾ ਇਸ ਕਰਕੇ ਨਹੀਂ ਬਣ ਸਕਿਆ ਸੀ ਕਿਉਂਕਿ ਪੁਸਤਕਾਂ ਵਿਚਲੀ ਪਹੁੰਚ ਇਕ ਨਵੀਂ ਵਿਧਾ ਵਾਂਗ ਸਾਹਮਣੇ ਆਈ ਸੀ। ਇਹੋ ਜਿਹੀ ਸਥਿਤੀ ਵਿਚ ਪਾਠਕ ਹੀ ਨਵੀਆਂ ਵਿਧਾਵਾਂ ਨੂੰ ਸੰਭਾਲਣ ਅਤੇ ਬਚਾਉਣ ਦੇ ਕੰਮ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣੇ ਹਨ ਕਿਉਂਕਿ ਪਾਠਕਾਂ ਦਾ ਕੋਈ ਧੜਾ ਨਹੀਂ ਹੁੰਦਾ। ਅਕਾਦਮਿਕ ਜਗਤ ਵਿਚ ਪ੍ਰੋ. ਕਿਸ਼ਨ ਸਿੰਘ ਮਾਰਕਸਵਾਦੀ ਚਿੰਤਕ ਵਜੋਂ ਜਾਣੇ ਜਾਂਦੇ ਸਨ ਅਤੇ ਇਸ ਨੂੰ ਲੈ ਕੇ ਸਿੱਖ-ਚੇਤਨਾ ਨੇ ਪਾਸਾ ਵੱਟਣਾ ਹੀ ਸੀ ਅਤੇ ਮਾਰਕਸਵਾਦੀ ਚੇਤਨਾ ਨੇ ਵੀ ਪਾਸਾ ਵੱਟ ਲਿਆ ਸੀ। ਬਾਣੀ ਬਾਰੇ ਲਿਖਦਿਆਂ ਜਿਵੇਂ ਇਨ੍ਹਾਂ ਪੁਸਤਕਾਂ ਵਿਚ ਨਵੀਆਂ ਸਥਾਪਨਾਵਾਂ ਕੀਤੀਆਂ ਗਈਆਂ ਹਨ, ਉਹ ਪੰਜਾਬੀ ਦੇ ਅਗਾਂਹਵਧੂ ਚਿੰਤਕਾਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਪਸੰਦ ਨਹੀਂ ਸਨ। ਇਸ ਪਰਥਾਏ ਦੋ ਮਾਰਕਸਵਾਦੀ ਚਿੰਤਕਾਂ ਪ੍ਰੋ. ਸੰਤ ਸਿੰਘ ਸੇਖੋਂ ਅਤੇ ਪ੍ਰੋ. ਕਿਸ਼ਨ ਸਿੰਘ ਵਿਚਕਾਰ ਲਿਖਤ ਰਾਹੀਂ ਅਤੇ ਪਬਲਿਕ ਵਿਚਾਰ ਵਟਾਂਦਰੇ ਰਾਹੀਂ ਗਰਮਾ-ਗਰਮ ਵਾਦਵਿਵਾਦ ਵੀ ਚੱਲਿਆ ਸੀ। ਓਸੇ ਦਾ ਕਿਸ਼ਨਸਿੰਘੀਅਨ ਬਿਰਤਾਂਤ ਪਰਤ-ਦਰ-ਪਰਤ ਇਨ੍ਹਾਂ ਪੁਸਤਕਾਂ ਵਿਚ ਚੱਲਦਾ ਵੇਖਿਆ ਜਾ ਸਕਦਾ ਹੈ। ਇਸ ਕਰਕੇ ਦੋਹਾਂ ਪਾਸਿਆਂ ਅਰਥਾਤ ਗੁਰਮਤੀ ਚੇਤਨਾ ਅਤੇ ਮਾਰਕਸਵਾਦੀ ਚੇਤਨਾ ਵੱਲੋਂ ਅਣਗੌਲਿਆ ਰਹਿ ਜਾਣ ਕਰਕੇ ਹਵਾਲੇ ਵਿਚਲੀਆਂ ਪੁਸਤਕਾਂ ਬਾਰੇ ਬਹੁਤੀ ਚਰਚਾ ਨਹੀਂ ਹੋਈ ਸੀ। ਪਰ ਪੰਜਾਬੀ ਲਿਖਤਾਂ ਦੇ ਪਾਠਕਾਂ ਅਤੇ ਵਿਦਿਆਰਥੀਆਂ ਦਾ ਇਕ ਵਰਗ ਸੀ ਅਤੇ ਹੈ, ਜਿਹੜਾ ਪ੍ਰੋ. ਕਿਸ਼ਨ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਦਾ ਵੀ ਆ ਰਿਹਾ ਹੈ ਅਤੇ ਪ੍ਰਸ਼ੰਸਕ ਹੁੰਗਾਰਾ ਭਰਦਾ ਵੀ ਆ ਰਿਹਾ ਹੈ। ਇਕ ਪ੍ਰਭਾਵ ਇਹ ਬਣਿਆ ਸੀ ਕਿ ਕਿਸ਼ਨਸਿੰਘੀਅਨ ਪਹੁੰਚ ਨਾਲ ਮਾਰਕਸਵਾਦ ਅਤੇ ਗੁਰਮਤਿ ਦੋਹਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਦੋਹਾਂ ਦਾ ਕੁਝ ਵੀ ਸਾਂਝਾ ਨਹੀਂ ਹੈ। ਇਹੋ ਜਿਹਾ ਉਲਾਰ ਫੈਸਲਾ ਸਿਆਸੀ ਤਾਂ ਹੋ ਸਕਦਾ ਹੈ, ਅਕਾਦਮਿਕ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਖਕ ਗੁਰਮਤਿ ਨੂੰ ਮਾਰਕਸਵਾਦੀ ਮੁਹਾਵਰੇ ਵਿਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਨਾਲ ਗੁਰਮਤਿ ਦੀ ਅਕਾਦਮਿਕਤਾ ਵੱਲ ਦਲੇਰੀ ਅਤੇ ਸਪਸ਼ਟਤਾ ਨਾਲ ਸਥਾਪਤ ਕਰਣ ਦੀ ਕੋਸ਼ਿਸ਼ ਕਰਦਾ ਹੈ ਕਿ ਮਾਰਕਸਵਾਦੀ ਅਕਾਦਮਿਕਤਾ ਵਾਂਗ ਗੁਰਮਤਿ ਦੀ ਅਕਾਦਮਿਕਤਾ ਸਥਾਪਤ ਕੀਤੀ ਜਾ ਸਕਦੀ ਹੈ। ਇਸ ਪ੍ਰਾਜੈਕਟ ਨੂੰ ਸਾਹਮਣੇ ਲਿਆਉਣ ਵਾਸਤੇ ਲਗਾਤਾਰ ਸੰਘਰਸ਼ ਕਰਣ ਵਾਲਿਆਂ ਵਿਚ ਅਮਰੀਕ ਸਿੰਘ ਮੁਕਤਸਰ ਦੀ ਅਹਿਮ ਭੂਮਿਕਾ ਹੈ। ਟਰਾਂਟੋ (ਕਨੇਡਾ) ਰਹਿੰਦਿਆਂ ਜੋ ਉਸ ਨੇ ਪ੍ਰੋ. ਕਿਸ਼ਨ ਸਿੰਘ ਦੀਆਂ ਸੰਪੂਰਨ ਰਚਨਾਵਾਂ ਨੂੰ ਚਾਰ ਜਿਲਦਾਂ ਵਿਚ ਛਾਪਣ ਵਾਸਤੇ ਭੂਮਿਕਾ ਨਿਭਾਈ ਹੈ, ਉਹ ਸਲਾਹੁਣਯੋਗ ਹੈ। ਇਨ੍ਹਾਂ ਚਾਰਾਂ ਵਿਚੋਂ ਪਹਿਲੀ ਜਿਲਦ 766 ਸਫਿਆਂ ਦੀ ਹੈ ਅਤੇ ਇਸ ਵਿਚ ਗੁਰਬਾਣੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪਰਤਾਂ ਸਾਹਮਣੇ ਆ ਗਈਆਂ ਹਨ। ਲੇਖਕ ਪ੍ਰਾਪਤ ਸਾਹਿਤ ਦੀ ਸਮਝ `ਤੇ ਉਂਗਲੀ ਉਠਾਉਂਦਾ ਹੈ ਪ੍ਰਾਪਤ ਆਲੋਚਨਾ ਨੂੰ ਕੁਰਾਹੇ ਪਈ ਹੋਈ ਮੰਨਦਾ ਹੈ। ਉਹ ਆਪਣੀ ਚਰਚਾ ਵਿਚ ਬੰਦਾ, ਸਮਾਜ, ਸਟੇਟ, ਵਿਚਾਰਧਾਰਕ ਕਲਚਰਲ ਪਹਿਲੂ, ਮਨੁੱਖ ਦੀ ਆਜ਼ਾਦੀ ਅਤੇ ਮਾਇਆ ਦੀ ਤਰਜ਼ੇ-ਜ਼ਿੰਦਗੀ ਨੂੰ ਸ਼ਾਮਲ ਹਨ। ‘ਗੁਰਬਾਣੀ ਦਾ ਸੱਚ’ ਦੇ ਅਖੀਰਲੇ ਸ਼ਬਦਾਂ ਵਿਚਲੀ ਸਮਰਪਿਤ ਭਾਵਨਾ ਇਸ ਤਰ੍ਹਾਂ ਹੈ-‘ਗੁਰਬਾਣੀ ਵਾਲਿਆਂ ਤੇ ਉਨ੍ਹਾਂ ਹੋਰ ਮਹਾਂ-ਪੁਰਖਾਂ, ਜਿਨ੍ਹਾਂ ਸਾਡੇ ਇਤਿਹਾਸ ਤੇ ਕਲਚਰ ਵਿਚ ਬੰਦੇ ਦੀ ਸਰਬੱਤ ਦੀ ਆਜ਼ਾਦੀ ਦਾ ਮਸਲਾ ਸਮਝਿਆ-ਆਪਣੇ ਸਮੇਂ ਦੇ ਮੁਹਾਵਰੇ ਵਿਚ ਉਸ ਦੇ ਸੱਚ ਦੀ ਆਵਾਜ਼ ਬਣ ਕੇ ਖੜਕ ਕੇ ਬੋਲੇ-ਜੂਝੇ, ਉਨ੍ਹਾਂ ਸਭਨਾ ਦੇ ਚਰਨਾਂ `ਤੇ ਸਿਰ ਰੱਖਦਿਆਂ ਹੋਇਆਂ ਤੁੱਛ ਜਿਹੇ ਇਸ ਉਪਰਾਲੇ ਨੂੰ ਸਮਾਪਤ ਕਰਣ ਦੀ ਆਗਿਆ ਮੰਗਦਾ ਹਾਂ’। ਇਹੋ ਜਿਹੀਆਂ ਸਦਾ ਸਚਾਈਆਂ ਨੂੰ ਬਾਣੀ ਦੁਆਰਾ ਪੁਸ਼ਟ ਕਰਕੇ ਲਿਖੀਆਂ ਹੋਈਆਂ ਬਾਰੇ ਗੱਲ ਕੀਤੀ ਜਾ ਰਹੀ ਹੈ।
ਬਾਣੀ ਦੇ ਵਿਦਿਆਰਥੀ ਦੇ ਤੌਰ ‘ਤੇ ਇਸ ਜਿਲਦ ਵਿਚਲੀਆਂ ਰਚਨਾਵਾਂ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਹੈ ਕਿ ਇਸ ਵਿਚ ਵਿਗਿਆਨਕ ਪਹੁੰਚ ਅਤੇ ਗੁਰਮਤਿ ਦੇ ਅਨੁਭਵੀ ਪਾਸਾਰਿਆਂ ਨੂੰ ਗੁੰਨ੍ਹਕੇ ਪੇਸ਼ ਕੀਤਾ ਹੋਇਆ ਹੈ। ਲੇਖਕ ਨੇ ਬੀ-ਐਸ.ਸੀ ਕਰਣ ਮਗਰੋਂ ਅੰਗ੍ਰੇਜ਼ੀ ਦੀ ਐਮ.ਏ ਕੀਤੀ ਸੀ ਅਤੇ ਸਾਰੀ ਉਮਰ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਪੜ੍ਹਾਉਂਦੇ ਰਹੇ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਹੋਣ ਦੀ ਵੀ ਉਨ੍ਹਾਂ ਦੀ ਇਸ ਪਹੁੰਚ ਵਿਚ ਅਹਿਮ ਭੂਮਿਕਾ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਸਕਾਂਗੇ ਕਿ ਉਹ ਸਮਾਂ ਸਿੰਘ ਸਭਾਈ ਚੇਤਨਾ ਦੇ ਬੋਲਬਾਲੇ ਦਾ ਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ, ਸਿੰਘ ਸਭਾਈ ਸੋਚ ਦੀ ਕੇਂਦਰੀ ਸੰਸਥਾ ਵਾਂਗ ਸਾਹਮਣੇ ਆ ਰਿਹਾ ਸੀ। ਇਸ ਦੇ ਵਿਸਥਾਰ ਵਿਚ ਜਾਏ ਬਿਨਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚੋਂ ਕਾਫੀ ਗਿਣਤੀ ਸਵੇਰੇ ਉਠਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਕਿਉਂ ਅਤੇ ਕਿਵੇਂ ਜਾਂਦੀ ਹੁੰਦੀ ਸੀ ਅਤੇ ਇਸ ਤੋਂ ਅਭਿੱਜ ਰਹਿਣਾ ਸੌਖਾ ਕਿਉਂ ਨਹੀਂ ਸੀ, ਕਹਿਣਾ ਇਹ ਚਾਹ ਰਿਹਾ ਹਾਂ ਕਿ ਇਸ ਗੁਰਮਤੀ ਵਰਤਾਰੇ ਨਾਲ ਵਿਦਿਆਰਥੀਆਂ ਦੀ ਮਾਨਸਿਕਤਾ ਵਿਚ ਕਿਸੇ ਨ ਕਿਸੇ ਮਾਤਰਾ ਵਿਚ ਗੁਰਬਾਣੀ ਅਤੇ ਗੁਰਦੁਆਰੇ ਦਾ ਅਸਰ ਪਰਵੇਸ਼ ਕਰਦਾ ਰਿਹਾ ਸੀ। ਪੰਜਾਬ ਦੇ ਸਿੱਖਾਂ ਅਰਥਾਤ ਗੁਰੂਕਿਆਂ ਦੇ ਲਹੂ ਵਿਚੋਂ ਗੁਰਮਤਿ ਨ ਕਦੇ ਮਨਫੀ ਹੋਈ ਸੀ ਅਤੇ ਨ ਹੋਣੀ ਹੈ। ਪ੍ਰੋ. ਪੂਰਨ ਸਿੰਘ ਦੀ ਇਹ ਕਾਵਿ-ਟਿਪਣੀ ‘ਪੰਜਾਬ ਸਾਰਾ ਜੀਂਦਾ ਗੁਰੁ ਦੇ ਨਾਮ ‘ਤੇ’ ਤੋਂ ਤਾਂ ਇਹ ਵੀ ਨਤੀਜਾ ਨਿਕਲ ਸਕਦਾ ਹੈ ਕਿ ਕੋਈ ਵੀ ਪੰਜਾਬੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਗੁਰਬਾਣੀ ਤੋਂ ਪ੍ਰਭਾਵਿਤ ਸੀ ਅਤੇ ਪ੍ਰਭਾਵਿਤ ਰਹਿਣਾ ਵੀ ਚਾਹੀਦਾ ਹੈ। ਇਹ ਪ੍ਰਭਾਵ ਸਿੱਖ ਲੇਖਕਾਂ ਦੀਆਂ ਲਿਖਤਾਂ ਵਿਚ ਖਾਸ ਕਰਕੇ ਅਤੇ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਵਿਚ ਆਮ ਕਰਕੇ ਲਗਾਤਾਰ ਪ੍ਰਗਟ ਹੁੰਦਾ ਰਿਹਾ ਹੈ। ਇਸ ਦਾ ਸਮਰਥਨ ਧਨੀ ਰਾਮ ਚਾਤ੍ਰਿਕ ਦੀਆਂ ਸਿੱਖ ਰੰਗ ਵਾਲੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੁਸਤਕ ਰੂਪ ਵਿਚ ਛਾਪੀਆਂ ਕਵਿਤਾਵਾਂ ਤੋਂ ਹੋ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਵਿਚ ਸਦਾ ਹੀ ਸਮਕਾਲੀ ਅੰਤਰਦ੍ਰਿਸ਼ਟੀਆਂ ਅਤੇ ਗੁਰਮਤਿ-ਪਹੁੰਚ ਕਿਸੇ ਨਾ ਕਿਸੇ ਰੂਪ ਵਿਚ ਇਕੱਠੀਆਂ ਤੁਰਦੀਆਂ ਰਹੀਆਂ ਹਨ। ਸਿਆਸਤ ਪ੍ਰਧਾਨ ਵਰਤਮਾਨ ਵਿਚ ਪੰਜਾਬੀ ਚੇਤਨਾ ਮਹਿਸੂਸ ਕਰਣ ਲੱਗ ਪਈ ਹੈ ਕਿ ਪੰਜਾਬ ਵਿਚ ਖੱਬੂਆਂ ਅਤੇ ਸੱਜੂਆਂ ਦਾ ਉਲਾਰ ਇਕ ਦੂਜੇ ਨੂੰ ਫਿਹਲ ਕਰਣ ਵਾਲੀ ਸਿਆਸਤ ਵਿਚੋਂ ਨਿਕਲ ਕੇ, ਇਕ ਦੂਜੇ ਨਾਲ ਸਹਿਯੋਗੀ ਭੂਮਿਕਾ ਵਾਸਤੇ ਲੋੜੀਂਦੇ ਸਾਂਝੇ ਪਲ਼ੈਟਫਾਰਮ ‘ਤੇ ਇਕੱਠਿਆਂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਸੋਚਣ ਵਾਲਿਆਂ ਵਾਸਤੇ ਇਸ ਪੁਸਤਕ ਨੇ ਲੋੜੀਂਦੀ ਧਰਾਤਲ ਮੁਹੱਈਆ ਕਰ ਦਿੱਤੀ ਹੈ। ਇਸ ਨਾਲ ਇਹ ਸੱਚ ਸਥਾਪਤ ਹੋਣ ਵਾਲੇ ਰਾਹ ਪੈ ਸਕਦਾ ਹੈ ਕਿ ਸ਼ਰਧਾ ਅਤੇ ਵਿਗਿਆਨ ਨੂੰ ਇਕੱਠਿਆਂ ਕਿਸੇ ਸੇਧ ਵਿਚ ਤੁਰਦਾ ਵੇਖਣਾ ਹੋਵੇ ਤਾਂ ਲੋੜੀਂਦੀ ਸਿਧਾਂਤਕ ਧਰਾਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭ ਕੇ ਸੰਭਾਲੇ ਜਾਣ ਦੀ ਲੋੜ ਹੈ। ਏਸੇ ਨੂੰ ਜੇ ਸਥਾਨਕਤਾ ਤੋਂ ਮੁਕਤ ਕਰਕੇ ਸਾਹਮਣੇ ਲਿਆਵਾਂਗੇ ਤਾਂ ਮਾਨਵਤਾ ਦੀਆਂ ਲੋੜਾਂ ਵਾਸਤੇ ਲੋੜੀਂਦੇ ਮਾਡਲ ਨੂੰ ਸਾਹਮਣੇ ਲਿਆ ਰਹੇ ਹੋਵਾਂਗੇ। ਮੈਨੂੰ ਇਹ ਪੁਸਤਕ ਇਸ ਪਾਸੇ ਚੁੱਕਿਆ ਗਿਆ ਨਰੋਆ ਕਦਮ ਲੱਗਦੀ ਹੈ। ਹਵਾਲੇ ਵਿਚਲੀ ਇਸ ਪੁਸਤਕ ਨੂੰ ਇਸ ਪਾਸੇ ਪੁੱਟੇ ਹੋਏ ਕਦਮ ਵਜੋਂ ਲੈਣ ਦਾ ਰਾਹ ਕਿਉਂ ਰੁਕਿਆ ਰਿਹਾ ਹੈ, ਸੋਚਿਆ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਨੂੰ ਬਾਣੀ ਦਾ ਅਕਾਦਮਿਕ ਪ੍ਰਸੰਗ ਵੀ ਕਿਹਾ ਜਾ ਸਕਦਾ ਹੈ। ਏਸੇ ਨੂੰ ਲੇਖਕ ਨੇ ਇਸ ਤਰ੍ਹਾਂ ਪ੍ਰਸਤੁਤ ਕੀਤਾ ਹੋਇਆ ਹੈ- “ਮਨੁੱਖ ਦੀ ਆਜ਼ਾਦੀ ਵਾਸਤੇ ਜਦੋ-ਜਹਿਦ ਦੀਆਂ ਲੋੜਾਂ, ਕੀਮਤਾਂ ਹੀ ਗੁਰਬਾਣੀ ਵਿੱਚ ਪੇਸ਼ ਰੱਬ ਦੀਆਂ ਖਾਸੀਅਤਾਂ, ਉਸ ਦਾ ਵਜੂਦ ਹਨ। ਇਨ੍ਹਾਂ ਨੂੰ ਪਾਉਣਾ ਹੀ ਸਮਾਜਕ ਮਨੁੱਖੀ ਜ਼ਿੰਦਗੀ ਦਾ ਅੰਤਮ ਮਨੋਰਥ ਹੈ। ਇਹ ਢੂੰਢ ਸਦਾ ਤੋਂ ਚਲੀ ਆਈ, ਸਦਾ ਦਾ ਸੱਚ ਤੇ ਸਦਾ ਰਹਿਣ ਵਾਲਾ ਸੱਚ ਹੈ”। ਇਸ ਸੱਚ ਨੂੰ ‘ਹਿਰਦੇ ਦੇ ਮਨੋਵੇਗ’ ਤੋਂ ਲ਼ੈ ਕੇ ‘ਸਰਬੱਤ ਦੀ ਆਜ਼ਾਦੀ’ ਤੱਕ ਵਿਸਥਾਰਿਆ ਹੋਇਆ ਹੈ। ਇਸ ਵਿਸਥਾਰ ਵਿਚ ਕੇਂਦਰੀ ਦੋ ਕੋਟੀਆਂ ਦੀ ਨਿਸ਼ਾਨਦੇਹੀ ਕਰਦਿਆਂ ਇਕ ਨੂੰ ਮਾਇਆ ਅਰਥਾਤ ਰੱਬ ਦੀ ਵਿਰੋਧੀ ਕੋਟੀ ਅਤੇ ਦੂਜੀ ਨੂੰ ਨਾਮ ਵਾਲੀ ਅਰਥਾਤ ਰੱਬ ਨੂੰ ਪਰਵਾਨ ਕੋਟੀ ਵਜੋਂ ਪ੍ਰਸਤੁਤ ਕੀਤਾ ਹੋਇਆ ਹੈ। ਪਹਿਲੀ ਕੋਟੀ ਬੰਧਨਾ ਵੱਲ ਲੈ ਕੇ ਜਾਂਦੀ ਹੈ ਅਤੇ ਦੂਜੀ ਬੰਧਨਾਂ ਨੂੰ ਤੋੜਣ ਵੱਲ। ਦੋਹਾਂ ਦੀ ਧਰਾਤਲ ਬੰਦੇ ਦੀ ਮਾਨਸਿਕਤਾ ਹੈ ਕਿਉਂਕਿ ‘ਚੱਲਦਾ ਹਰ ਨਿਜ਼ਾਮ ਮਨੁੱਖੀ ਸ਼ਕਤੀ ਦਾ ਚਲਾਇਆ ਹੈ ਅਤੇ ਮਨੁੱਖੀ ਸ਼ਕਤੀ ਮਨ ਦੇ ਮਨੋਰਥਾਂ ਦੀ ਜੋਈ ਜੁਪਦੀ ਹੈ’। ਤਾਂ ਤੇ ਸਮਾਜਕ ਵੇਗ ਉਸਾਰਨ ਦੇ ਰਾਹ ਨੂੰ ਹੀ ਅਸਲ ਰਾਹ ਪਰਵਾਨ ਕਰਦਿਆਂ ਕਿਹਾ ਹੋਇਆ ਹੈ ਕਿ ਇਸ ਰਾਹੇ ਤੁਰਨ ਦਾ ਮਾਰਗ ਹੀ ਗੁਰਮਤਿ-ਮਾਰਗ ਹੈ। ਇਸ ਨੂੰ ਲੇਖਕ ‘ਰੱਬ ਦੇ ਹੁਕਮ ਦੀ ਤਾਮੀਲ’ ਕਹਿੰਦਾ ਹੈ। ਇਸ ਨਾਲ ਜ਼ਿੰਦਗੀ ਨੂੰ ਸੁਤੇ ਰਾਹ ਮਿਲਦਾ ਰਿਹਾ ਹੈ। 1964-1966 ਤੱਕ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਪ੍ਰੋ. ਸਾਹਿਬ ਸਿੰਘ ਦਾ ਵਿਦਿਆਰਥੀ ਸੀ। ਉਸ ਵੇਲੇ ਉਨ੍ਹਾਂ ਦਾ ਟੀਕਾ ਛਪ ਰਿਹਾ ਸੀ। ਉਹ ਕਿਸੇ ਵੀ ਪੱਖੋਂ ਮਾਰਕਵਾਦੀ ਨਹੀਂ ਸਨ। ਪਰ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਦੇ ਵਿਰੋਧੀਆਂ ਵੱਲੋਂ ਕਾਮਰੇਡ ਕਿਹਾ ਜਾਂਦਾ ਰਿਹਾ ਸੀ। ਕਾਰਣ ਵਰਤਿਆ ਜਾ ਰਿਹਾ ਮੁਹਾਵਰਾ ਹੀ ਸੀ। ਇਹ ਭੇਦ ਮੈਨੂੰ ਇਹ ਪੁਸਤਕ ਪੜ੍ਹਦਿਆਂ ਕਈ ਰੰਗਾਂ ਵਿਚ ਸਮਝ ਆਉਂਦਾ ਰਿਹਾ ਹੈ। ਏਸੇ ਨੂੰ ਇਸ ਵੇਲੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇ ਸਿੱਖੀ ਨੂੰ ਹਰ ਸਮਕਾਲ ਦੀ ਤਰਜ਼ੇ-ਜ਼ਿੰਦਗੀ ਵਾਂਗ ਸਮਝਣ ਦਾ ਯਤਨ ਕਰਾਂਗੇ ਤਾਂ ਉਲਾਰ ਤੇ ਬੇਤੁਕੀਆਂ ਊਜਾਂ ਤਾਂ ਲੱਗਦੀਆਂ ਹੀ ਰਹਿਣਗੀਆਂ।
ਇਸ ਪੁਸਤਕ ਵਿਚ ਸਮਾਜਿਕ ਇਨਕਲਾਬ ਦੀ ਗੱਲ ਵੀ ਆਮ ਕੀਤੀ ਹੋਈ ਹੈ ਅਤੇ ਇਸ ਨੂੰ ਸਿਆਸੀ ਪ੍ਰਸੰਗ ਵਿਚ ਜਾਂ ਮਾਰਕਸਵਾਦੀ ਮੁਹਾਵਰੇ ਵਿਚ ਸਮਝ ਕੇ, ਗੁਰਮਤਿ ਵਿਰੋਧੀ ਗਰਦਾਨਣ ਦੀ ਕੋਸ਼ਿਸ਼ ਕਰਾਂਗੇ ਤਾਂ ਗੁਰਮਤਿ ਦੀ ਜੀਵਨਦਾਨੀ ਪਹੁੰਚ ਨੂੰ ਰੂਹਾਨੀ ਉਲਾਰ ਵੱਲ ਧੱਕ ਰਹੇ ਹੋਵਾਂਗੇ। ਇਸ ਨਾਲ ਸਮਾਜਿਕਤਾ ਬਨਾਮ ਅਧਿਆਤਮਿਕਤਾ ਦੇ ਬੇਲੋੜੇ ਟਕਰਾ ਵਿਚ ਠਿਲ੍ਹਣਾ ਪਵੇਗਾ ਕਿਉਂਕਿ ਗੁਰਬਾਣੀ ਮੁਤਾਬਿਕ ‘ਵਰਜਤ ਮਾਇਆ ਹੈ, ਸੰਸਾਰ ਨਹੀਂ। ਮਨਾਹੀ ਮਾਇਆ ਦੀ ਹੈ, ਕੁਦਰਤ ਦੇ ਪਦਾਰਥਾਂ ਤੇ ਨਿਆਮਤਾਂ ਦੀ ਨਹੀਂ’। ਗੁਰਮਤਿ ਦਾ ਇਹ ਪ੍ਰਸੰਗ ਬਾਣੀ ਦੁਆਰਾ ਸਥਾਪਤ ਸਹਿਜ-ਮਾਰਗ ਹੈ ਅਤੇ ਇਹੀ ਇਸ ਪੁਸਤਕ ਵਿਚ ਕਿਸੇ ਨ ਕਿਸੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਪ੍ਰਾਪਤ ਵਿਚਕਾਰ ਸਹਿਜ ਸਥਾਪਤ ਕਰਣ ਦੀ ਗੁਰਮਤੀ-ਵਿਧੀ, ਇਸ ਪੁਸਤਕ ਵਿਚ ‘ਰੱਬ ਦਾ ਰਾਹ’ ਵਜੋਂ ਸਾਹਮਣੇ ਆ ਗਈ ਹੈ। ਇਸ `ਤੇ ਚੱਲ ਕੇ ਵਿਕਾਰਾਂ ਨੂੰ ਮਾਰਨ ਦੀ ਥਾਂ ਵਿਕਾਰਾਂ ਨਾਲ ਨਿਭਣ ਦੀ ਜਾਚ ਨੂੰ ਸਮਝਿਆ ਅਤੇ ਸਮਝਾਇਆ ਗਿਆ ਹੈ (ਹਉਮੈ ਨਿਵਰੈ ਗੁਰਸਬਦੁ ਵੀਚਾਰੈ॥ ਚੰਚਲ ਮਤਿ ਤਿਆਗੈ ਪੰਚ ਸੰਘਾਰੈ॥)। ਇਸ ਪੁਸਤਕ ਵਿਚ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਦੇ ਮੁਹਾਵਰੇ ਅਤੇ ਗੁਰਮਤਿ ਦੇ ਮੁਹਾਵਰੇ ਦੀ ਅੰਤਰ-ਸਬੰਧਤ ਸਾਂਝ ਨੂੰ ਸਾਹਮਣੇ ਲਿਆਂਦਾ ਹੋਇਆ ਹੈ। ਮਿਸਾਲ ਦੇ ਤੌਰ ਤੇ ‘ਗੁਰਬਾਣੀ ਵਿਚ ਹੁਕਮ ਦੇ ਸਿਧਾਂਤ’ ਦੀ ਪ੍ਰਸੰਗਕ ਵਿਆਖਿਆ ਪ੍ਰਾਪਤ ਹੈ। ਇਸ ਅਨੁਸਾਰ ਹੁਕਮ ਦਾ ਬਾਣੀ ਪ੍ਰਸੰਗ, ਚੇਤੰਨ ਸੱਤਾ ਰੱਬ ਦਾ ਹੈ ਅਤੇ ਨੇਕੀ ਤੇ ਬਦੀ ਵੀ ਹੁਕਮ ਵਿਚ ਹੀ ਪੈਦਾ ਹੋਈਆਂ ਹਨ। ਹੁਕਮ, ਨਿਰਪੱਖਤਾ ਨਹੀਂ ਹਿੱਸੇਦਾਰੀ ਹੈ। ਤਾਂ ਤੇ ਸਮਾਜਿਕ ਜ਼ਿੰਦਗੀ ਨੂੰ ਵਿਉਂਤਣਾ ਹੀ ਰੱਬ ਦਾ ਹੁਕਮ ਹੈ। ਇਸ ਕਰਕੇ ਹੁਕਮ ਹੈ ਕਿ ‘ਮਨੁੱਖ ਮਾਇਆ ਦੇ ਬੰਧਨਾਂ ਨੂੰ ਕੱਟੇ, ਹਉਮੈ ਨੂੰ ਸਤਿਗੁਰੂ ਦੇ ਸ਼ਬਦ ਨਾਲ ਜਲਾਵੇ ਅਤੇ ਮਾਇਆ ਕਰਕੇ ਜੋ ਉਸ ਦਾ ਰੱਬ ਨਾਲੋਂ ਵਿਜੋਗ ਹੋਇਆ ਹੈ, ਉਸ ਨੂੰ ਹਟਾਵੇ ਅਤੇ ਰੱਬ ਨਾਲ ਸੰਜੋਗ ਕਰੇ’। ਹਰ ਕਿਸਮ ਦੇ ਬੰਧਨਾਂ ਦਾ ਖਾਤਮਾ ਵੀ ਰੱਬ ਦਾ ਹੁਕਮ ਹੈ। ਇਹ ਸਾਂਝਾ ਸੱਚ ਹੈ ਕਿ ਬੰਦਾ ਰੱਬ ਦਾ ਬੰਦਾ ਬਣਨ ਲਈ ਉਤਸੁਕ ਰਹਿੰਦਾ ਹੈ। ਇਹੀ ਬੰਦੇ ਦਾ ਵਿਕਾਸ ਹੈ। ਰੱਬ ਦੇ ਹੁਕਮ ਮੁਤਾਬਿਕ ਵਿਕਾਸ ਨੂੰ ਲੇਖਕ ਇਨਕਲਾਬ ਕਹਿੰਦਾ ਹੈ। ਇਸ ਨੂੰ ਗੁਰਮਤੀ ਬਦਲਾਵ ਵੀ ਕਿਹਾ ਜਾ ਸਕਦਾ ਹੈ। ਇਸ ਬਦਲਾਵ ਦੁਆਰਾ ‘ਹੁਕਮ ਦੇ ਅਧੀਨ ਸਮਾਜਿਕਤਾ ਨੂੰ ਅਕਾਦਮਿਕ ਸਿਆਸਤ ਨੇ ਕਿਥੋਂ ਤੋਂ ਕਿਥੇ ਪਹੁੰਚਾ ਦਿਤਾ ਹੈ? ਗੁਰਮਤੀ-ਗੁਹਜ ਦੀ ਨਿਰੰਤਰਤਾ ਵਿਚ ਇਸ ਸੱਚ ਨੂੰ ਵੀ ਸਾਹਮਣੇ ਲਿਆਂਦਾ ਹੋਇਆ ਹੈ ਕਿ ‘ਗੁਰਬਾਣੀ ਦੇ ਮੁਤਾਬਿਕ ਉਹ ਗਿਆਨ ਗਿਆਨ ਹੀ ਨਹੀਂ ਜੋ ਸਮਾਜਿਕ ਮਨੁੱਖੀ ਅਮਲ ਦੀ ਸ਼ਕਲ ਅਖ਼ਤਿਆਰ ਨਹੀਂ ਕਰਦਾ। ਉਹ ਸੱਚ ਸੱਚ ਹੀ ਨਹੀਂ ਜਿਸ ਦੀ ਤਰਜਮਾਨੀ ਸੱਚ ਦੀ ਰਹਿਣੀ ਵਿਚ ਨਹੀਂ ਹੁੰਦੀ। ਰੱਬ ਦਾ ਗਿਆਨ ਹੋਣ ਦਾ ਮਤਲਬ ਦਿਮਾਗ਼ੀ ਤੌਰ `ਤੇ ਚਾਨਣਾ ਹੋਣਾ ਹੀ ਨਹੀਂ ਬਲਕਿ ਅਮਲੀ ਰੂਪ ਵਿਚ ਮਨਮੁਖ ਤੋਂ ਗੁਰਮੁਖ ਹੋਣਾ ਹੈ’। ਪ੍ਰਾਪਤ ਦੀ ਦਵੈਤ ਨਾਲ ਜੁੜੀਆਂ ਹੋਈਆਂ ਸਚਾਈਆਂ ਵਿਚਕਾਰ ਸਹਿਜ ਸਥਾਪਤ ਕਰਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਰੱਬ ਨਾਲ ਸੰਜੋਗ ਹੋਣ ਦਾ ਇਹ ਮਤਲਬ ਨਹੀਂ ਕਿ ਜ਼ਿੰਦਗੀ ਦੀ, ਸਮਾਜ ਦੀ ਡਾਇਲੈਕਟਿਕਸ ਹੀ ਖਤਮ ਹੋ ਜਾਂਦੀ ਹੈ ਜਾਂ ਡਾਇਲੈਕਟਿਸ ਦੇ ਵਿਰੋਧੀ ਜੁਜ਼ ਦਾ ਬੀਜ ਹੀ ਨਾਸ਼ ਹੋ ਜਾਂਦਾ ਹੈ’।
ਇਹ ਸੱਚ ਹੈ ਕਿ ਗੁਰਬਾਣੀ ਦਾ ਮੁਹਾਵਰਾ, ਮਾਰਕਸੀ ਮੁਹਾਵਰਾ, ਸਾਹਿਤਕ ਮੁਹਾਵਰਾ ਅਤੇ ਅਕਾਦਮਿਕ ਅੰਤਰ-ਦ੍ਰਿਸ਼ਟੀਆਂ ਦਾ ਸਮਕਾਲੀ ਮੁਹਾਵਰਾ ਇਕੋ ਜਿਹਾ ਨਹੀਂ ਹੋ ਸਕਦਾ। ਪਰ ਇਹ ਸਾਰੇ ਮਾਨਵ-ਮਾਨਸਿਕਤਾ ਨਾਲ ਜੁੜੀ ਸਮਝ ਨਾਲ ਜੋੜ ਕੇ ਸਮਝਣ ਦਾ ਯਤਨ ਕਰਦਿਆਂ ਲੇਖਕ ਦੀ ਇਹ ਟਿਪਣੀ ਕੰਮ ਆ ਸਕਦੀ ਹੈ ਕਿ ‘ਇਨਕਲਾਬੀ ਆਚਰਣ ਦੇ ਉਸਰਨ ਦਾ ਮਤਲਬ, ਹਾਲਤਾਂ ਦੇ ਪ੍ਰਸੰਗ ਵਿਚ, ਇਨਕਲਾਬੀ ਲਹਿਰ ਦਾ ਉਠਣਾ ਹੈ। ਉਠਦੀ ਲਹਿਰ ਆਪਣੀ ਲੋੜ ਵਾਸਤੇ, ਆਪਣੇ ਅਨੁਸਾਰੀ ਸਮਾਜਿਕ ਰਿਸ਼ਤੇ ਤੇ ਸੰਸਥਾਵਾਂ ਖੜ੍ਹੀਆਂ ਕਰਦੀ ਹੈ। ਬੀਜ ਰੂਪ ਵਿਚ ਨਵੇਂ ਸਮਾਜ ਦੀ ਨੀਂਹ ਰੱਖਦੀ ਹੈ। ਕਾਬਜ ਸਮਾਜ ਦੇ ਵਿਰੁੱਧ ਸਿਰ ਧੜ ਦੀ ਬਾਜ਼ੀ ਲਗ ਜਾਂਦੀ ਹੈ’। ਤਾਂ ਤੇ ਆਪ ਪੈਦਾ ਕੀਤੇ ਬੰਧਨਾ ਤੋਂ ਮੁਕਤੀ ਦੇ ਮਾਰਗ `ਤੇ ਵੀ ਆਪ ਹੀ ਤੁਰਨਾ ਪੈਣਾ ਹੈ। ਇਸ ਨਾਲ ਸਬੰਧਤ ਏਸੇ ਪੁਸਤਕ ਦਾ ਹਿੱਸਾ ਹੈ “ਗੁਰਬਾਣੀ ਅਤੇ ਸਰਬੱਤ ਦੀ ਆਜ਼ਾਦੀ ਦਾ ਪੈਂਤੜਾ”। ਇਸ ਪੈਂਤੜੇ ਦਾ ਕੇਂਦਰੀ ਬਿੰਦੂ ਰੱਬ ਹੈ। ਇਸ ਪੈਂਤੜੇ ਮੁਤਾਬਿਕ ਇਕ ਰਾਹ `ਤੇ ਨਹੀਂ ਚਲਣਾ ਅਤੇ ਇਕ ਰਾਹ `ਤੇ ਚਲਣਾ ਹੈ। ਪਤਾ ਕਰਨੀ ਤੋਂ ਲੱਗਣਾ ਹੈ। ਕਮਾਉਂਦਿਆਂ ਸੁਖ ਭੋਗਣ ਦਾ ਮਾਰਗ ਹੀ ਗੁਰਮਤਿ ਦਾ ਮਾਰਗ ਹੈ। ਇਸ ਵਿਚ ਨਾਮ ਦੀ ਮੁੱਖ ਭੂਮਿਕਾ ਹੈ। ਤਾਂ ਤੇ ਇਹ ਜਾਣੀਏ ਕਿ ‘ਨਾਮ, ਸਤਿਗੁਰੂ ਦੇ ਸ਼ਬਦ ਵਿਚ ਅੰਕਤ ਹੈ, ਉਸ ਦੀ ਵਸਤੂ ਹੈ ਸਮਾਜ ਤੇ ਮਨੁੱਖ ਬਾਬਤ, ਦਿਲ ਦਿਮਾਗ਼ ਦਾ ਉਹ ਗਿਆਨ ਹੈ ਜੋ ਹਉਮੈ ਤੇ ਮਾਇਆ ਦੇ ਬੰਧਨ ਨੂੰ ਖਤਮ ਕਰਦਾ ਹੈ ਅਤੇ ਸਰਬੱਤ ਦੇ ਪਿਆਰ `ਤੇ ਆਧਾਰਤ ਸਮਾਜ ਨੂੰ ਸਥਾਪਤ ਕਰਕੇ ਮਨੁੱਖ ਨੂੰ ਖੁLਦਗਰਜ਼ੀ ਦੇ ਪੈਸੇ ਦੀ ਸਰਦਾਰੀ ਤੋਂ ਆਜ਼ਾਦ ਕਰਾਉਂਦਾ ਹੈ। ਨਾਮ ਸਰਬੱਤ ਦੀ ਆਜ਼ਾਦੀ ਦੀ ਚੇਤਨਾ, ਉਸ ਦਾ ਸੱਚ ਹੈ। ਉਸ ਨੂੰ ਗ੍ਰਹਿਣ ਕਰਨਾ ਇਸ ਸੱਚ ਨੂੰ ਗ੍ਰਹਿਣ ਕਰਨਾ ਹੈ। ਹਿਰਦੇ ਵਿਚ ਉਸ ਦੇ ਵੱਸਦੇ ਸਾਰ ਹੀ ਮਾਇਆ ਦੇ ਨਿਜ਼ਾਮ ਦੇ ਵਿਰੁਧ ਕਦਮ ਉਠਾਇਆ ਜਾ ਸਕਦਾ ਹੈ। ਗੁਰਬਾਣੀ ਵਿਚ ਦੱਸਿਆ ਨਾਮ ਦਾ ਰੋਲ ਇਨਕਲਾਬ ਲਿਆਉਣ ਵਿਚ ਇਨਕਲਾਬੀ ਚੇਤਨਾ ਦਾ ਰੋਲ ਹੈ’। ਇਸ ਰਾਹ `ਤੇ ਪਿਛਲੱਗ ਮਾਨਸਿਕਤਾ ਅਤੇ ਚੇਤਨਾ-ਉਸਾਰੀ ਵਿਚ ਫਰਕ ਕਰਕੇ ਹੀ ਤੁਰਿਆ ਜਾ ਸਕਦਾ ਹੈ। ਗੁਰਬਾਣੀ ਨੂੰ ਪੜ੍ਹ ਲੈਣ ਅਤੇ ਨਾਮ ਕਮਾਉਣ ਵਿਚ ਫਰਕ ਕਰਦਿਆਂ ਸਿੱਖ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੋਈ ਹੈ ਕਿ ‘ਗੁਰੂ ਸਾਹਿਬਾਨ ਦੇ ਹੱਥਾਂ ਵਿਚ ਗੁਰਬਾਣੀ ਸਰਬੱਤ ਦੀ ਆਜ਼ਾਦੀ ਦਾ ਸੱਚ ਸੀ। ਇਸ ਨੇ ਮਾਇਆ ਦੇ ਨਿਜ਼ਾਮ ਦੇ ਵਿਰੁਧ ਮਹਾਨ ਇਨਕਲਾਬ ਨੂੰ ਜਨਮ ਦਿੱਤਾ। ਇਸ ਇਨਕਲਾਬ ਵਿਚ ਆਏ ਮਨੁੱਖਾਂ ਦੀ ਕਾਇਆ ਪਲਟੀ। ਨਵੀਂ ਕਿਸਮ ਦਾ ਇਨਸਾਨ ਪੈਦਾ ਹੋਇਆ’। ਇਸ ਨਾਲ ਸੱਚ ਸਥਾਪਤ ਹੋ ਜਾਂਦਾ ਹੈ ਕਿ ਕਿਸੇ ਦੀ ਪਰਖ ਇਸ ਆਧਾਰ `ਤੇ ਕੀਤੀ ਜਾਣੀ ਚਾਹੀਦੀ ਹੈ ਕਿ ਸਬੰਧਤ ਧਰਮ ਨੇ ਕਿਹੋ ਜਿਹਾ ਬੰਦਾ ਪੈਦਾ ਕੀਤਾ ਹੈ? ਗੁਰੂ ਨਾਨਕ ਸਾਹਿਬ ਦੀ ‘ਬਾਬਰਵਾਣੀ’ ਨੂੰ ਸੁਤੰਤਰ ਰੂਪ ਵਿਚ ਵਿਚਾਰਦਿਆਂ ਅਕਾਲੀ ਲੀਲ੍ਹਾ ਵਿਚ ਬੰਦੇ ਦੀ ਭੂਮਿਕਾ ਦੇ ਇਰਦ-ਗਿਰਦ ਜੋ ਨੈਰੇਟਿਵ ਉਸਾਰਿਆ ਗਿਆ ਹੈ, ਉਸ ਨਾਲ ਗਾਵਾਂ ਦੇ ਵੱਗ ਵਰਗੀ ਮਾਨਸਿਕਤਾ ਨੂੰ ਚੇਤੰਨ ਪ੍ਰਚੰਡਤਾ ਦੇ ਬਾਣੀ-ਮਾਰਗ `ਤੇ ਚੱਲ ਕੇ ‘ਸੱਚ ਤੇ ਇਨਸਾਨੀਅਤ ਦੇ ਪੁੰਜ, ਤੇਗ ਦੇ ਧਨੀ ਤੇ ਮਰਦੇ-ਮੈਦਾਨ’ ਬਣ ਸਕਣ ਦੇ ਸਿੰਘ-ਹਾਸਲ ਵਜੋਂ ਦਰਸਾਇਆ ਹੋਇਆ ਹੈ। ਚਰਚਾ ਨੂੰ ਇਸ ਅੰਜਾਮ `ਤੇ ਪਹੁੰਚਾਇਆ ਗਿਆ ਹੈ ਕਿ ‘ਗੁਰਬਾਣੀ ਕਿਸੇ ਇਕ ਮਨੁੱਖੀ, ਸਮਾਜਿਕ ਜਾਂ ਸਿਆਸੀ ਮਸਲੇ ਦਾ ਹੱਲ ਪੇਸ਼ ਨਹੀਂ ਕਰਦੀ। ਉਹ ਸਾਰੇ ਤੇ ਸਦਾ ਦੇ ਸਮਾਜਿਕ ਮਸਲੇ ਦਾ ਹੱਲ ਪੇਸ਼ ਕਰਦੀ ਹੈ। ਮਨੁੱਖ ਦੀ ਸਰਬੱਤ ਦੀ ਆਜ਼ਾਦੀ ਦਾ ਮਸਲਾ ਮਨੁੱਖ ਦਾ ਸਦਾ ਦਾ ਮਸਲਾ ਹੈ। ਮਾਇਆ ਦੀ ਸਭਿਅਤਾ ਵਿਚ ਮਨੁੱਖ ਗੁਲਾਮ ਹੈ। ਗੁਰਬਾਣੀ ਉਸ ਦੇ ਆਜ਼ਾਦ ਹੋਣ ਦਾ ਰਾਹ ਦਿਖਾਉਂਦੀ ਹੈ। ਜਦੋਂ ਗੁਰਬਾਣੀ ਰਚੀ ਗਈ ਸੀ, ਉਸ ਵਿਚ ਪ੍ਰਗਟ ਸੱਚ ਉਸ ਵਕਤ ਵੀ ਜ਼ਿੰਦਗੀ `ਤੇ ਲਾਗੂ ਸੀ, ਅੱਜ ਵੀ ਲਾਗੂ ਹੈ ਅਤੇ ਜਿੰਨਾ ਚਿਰ ਸਰਬੱਤ ਦੀ ਆਜ਼ਾਦੀ ਦਾ ਕੋਈ ਵੀ ਦੁਸ਼ਮਨ ਬਾਕੀ ਰਹੇਗਾ, ਇਸ ਦਾ ਸੱਚ ਜ਼ਿੰਦਗੀ ਤੇ ਲਾਗੂ ਰਹੇਗਾ”।
ਪ੍ਰੋ. ਕਿਸ਼ਨ ਸਿੰਘ ਦੇ ਅਣਗੌਲੇ ਰਹਿ ਜਾਣ ਦਾ ਵੱਡਾ ਕਾਰਣ ਇਸ ਤਰ੍ਹਾਂ ਪ੍ਰਾਪਤ ਹੈ- “ਗੁਰਬਾਣੀ ਦੀ ਵਿਆਖਿਆ ਕਰਕੇ ਜਦੋਂ ਮੈਂ ਉਸ ਦਾ ਇਨਕਲਾਬੀ ਸੱਚ ਸਪਸ਼ਟ ਕੀਤਾ ਮੇਰੇ ਉਤੇ ਅਖੌਤੀ ਮਾਰਕਸਵਾਦੀਆਂ ਵੱਲੋਂ ਊਜ ਲੱਗੀ ਕਿ ਕਿਸ਼ਨ ਸਿੰਘ ਗੁਰਬਾਣੀ ਵਿਚੋਂ ਬਦੋਬਦੀ ਮਾਰਕਸਵਾਦ ਕੱਢ ਰਿਹਾ ਹੈ ਅਤੇ ਮਜ਼੍ਹਬ ਨੂੰ ਬਾਇੱਜ਼ਤ ਬਣਾ ਰਿਹਾ ਹੈ। ਦੂਸਰੇ ਪਾਸੇ ਤੋਂ ਇਕ ਨੇ ਇਹ ਇਲਜ਼ਾਮ ਲਾਇਆ ਕਿ ਕਿਸ਼ਨ ਸਿੰਘ ਗੁਰਬਾਣੀ ਦੇ ਪਹਿਰਾਵੇ ਰਾਹੀਂ ਪਾਠਕਾਂ ਨੂੰ ਮਾਰਕਸਵਾਦੀ ਬਣਾ ਰਿਹਾ ਹੈ”। ਲੇਖਕ ਨੇ ਇਸ ਨੂੰ “ਪੰਜਾਬੀ ਸਾਹਿਤ ਦੀ ਸਮਝ ਅਤੇ ਉਸ ਦੀ ਅਲੋਚਨਾ ਕੁਰਾਹੇ” ਦੇ ਸਿਰਲੇਖ ਹੇਠ ਪੇਸ਼ ਕੀਤਾ ਹੋਇਆ ਹੈ। ਇਸ ਦੀ ਸ਼ੁਰੂਆਤ ਹੀ ਏਥੋਂ ਕੀਤੀ ਹੋਈ ਹੈ ਕਿ “ਗੁਰਬਾਣੀ ਤੇ ਮਾਰਕਸਵਾਦ ਦੋਹਾਂ ਦੀ ਵਸਤੂ, ਉਨ੍ਹਾਂ ਦਾ ਸਮਾਜਿਕ ਮਨੁੱਖੀ ਸੱਚ ਇਕ ਹੀ ਹੈ ਅਤੇ ਉਹ ਹੈ, ਬੰਦੇ ਦੀ ਸਰਬੱਤ ਦੀ ਆਜ਼ਾਦੀ। ਦੋਵੇਂ ਹੀ ਜਮਾਤੀ ਸਮਾਜ ਦੇ ਵਿਰੁੱਧ ਇਨਕਲਾਬੀ ਹਨ। ਉਨ੍ਹਾਂ ਦੀ ਵਸਤੂ ਉਨ੍ਹਾਂ ਦਾ ਸੱਚ ਇਕ ਹੀ ਹੈ-ਬੰਦੇ ਦੀ ਸਰਬੱਤ ਦੀ ਆਜ਼ਾਦੀ, ਪਰ ਉਨ੍ਹਾਂ ਦੇ ਮੁਹਾਵਰਿਆਂ ਦਾ, ਸੰਕਲਪੀ ਢਾਂਚਿਆਂ ਦਾ, ਦਿਮਾਗੀ ਖਿਆਲਾਂ ਦਾ, ਛੋਨਚੲਪਟੁਅਲ ਾਰਅਮੲ ਾਂੋਰਕਸ ਦਾ ਆਪਸ ਵਿਚ ਕੋਈ ਨੇੜ, ਕੋਈ ਮੇਲ ਮੁਮਕਿਨ ਹੀ ਨਹੀਂ। ਇਸ ਦੇ ਬਾਵਜੂਦ ਉਨ੍ਹਾਂ ਦਾ ਸੱਚ ਕਿਸ ਤਰ੍ਹਾਂ ਇਕ ਹੈ? ਇਹ ਸਮਝ ਤਾਂ ਹੀ ਆਉਂਦੀ ਹੈ ਜੇ ਇਹ ਪੱਕਾ ਪਤਾ ਹੋਵੇ ਕਿ ਮਜ਼ਹਬ ਦੀ, ਸਾਹਿਤਕ ਰਚਨਾ ਦੀ ਵਸਤੂ, ਉਸ ਦਾ ਸੱਚ, ਉਸ ਦੇ ਛੋਨਚੲਪਟੁੳਲ ਾਰਅਮੲ-ਾਂੋਰਕ ਵਿਚ ਨਹੀਂ ਹੁੰਦਾ, ਬਲਕਿ ਬਾਤਨ ਦੀ ਪੱਧਰ `ਤੇ ਹੁੰਦਾ ਹੈ, ਖਿਆਲਾਂ ਦੇ ਖਰੜੇ ਰਾਹੀਂ ਪੇਸ਼ ਮਨੁੱਖੀ ਚਿਤਰ ਵਿਚ, ਸਮਾਜਿਕ ਮਨੁੱਖੀ ਕਦਰਾਂ-ਕੀਮਤਾਂ ਦੇ ਟਕਰਾਆਂ ਵਿਚ, ਤੇ ਦੋਹਾਂ ਮੁਮਕਿਨ ਰਾਹਾਂ ਵਿਚੋਂ (ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਰਮ ਕਮਾਇ॥ ਮ. 3, ਸਫਾ 87), ਬੰਦੇ ਦੀ ਆਜ਼ਾਦੀ ਦੇ, ਸਰਬੱਤ ਦੀ ਸਾਂਝ ਦੇ, ਤੇ ਉਸ ਦੀ ਗੁਲਾਮੀ ਦੇ ਆਪੋਧਾਪੀ ਦੇ ਆਪਸ ਵਿਚ ਵਿਰੋਧੀ ਦੋਹਾਂ ਰਾਹਾਂ ਵਿਚੋਂ ਰਚਨਾ, ਦਿਲ ਦਿਮਾਗ਼ ਨੂੰ, ਪੂਰਨ ਸ਼ਖਸੀਅਤ ਨੂੰ ਰਾਹੇ ਕਿਹੜੇ ਪਾਉਂਦੀ ਹੈ? ਗੁਰਬਾਣੀ ਤੇ ਮਾਰਕਸਵਾਦ ਆਪੋ ਆਪਣੇ ਮੁਹਾਵਰਿਆਂ ਰਾਹੀਂ ਬੰਦੇ ਨੂੰ ਪੈਸੇ, ਪਦਾਰਥਾਂ, ਆਪਣੇ ਹੱਥੀਂ ਪੈਦਾ ਕੀਤੀ ਸਮਾਜਕ ਪੈਦਾਵਾਰ ਦੀ ਅਧੀਨਗੀ ਦੇ ਹੇਠੋਂ ਨਿਕਲਣ ਦੇ, ਮੁੜ ਬੰਦਾ ਬਣਨ ਦੇ ਰਾਹ ਪਾਉਂਦੇ ਹਨ। ਉਸ ਦੀ, ਉਸ ਦੇ ਸਮਾਜ ਦੀ ਕਾਇਆ ਪਲਟੀ ਕਰਵਾਉਂਦੇ ਹਨ”। ਇਸ ਨੂੰ ਬੌਧਿਕਤਾ ਦੇ ਉਲਾਰ ਤੋਂ ਮੁਕਤ ਕਰਕੇ ਵੇਖਾਂਗੇ ਤਾਂ ਸਮਝ ਸਕਾਂਗੇ ਕਿ ਪ੍ਰੋ. ਕਿਸ਼ਨ ਸਿੰਘ ਆਪਣੇ ਸਮੇਂ ਨੂੰ ਲੋੜੀਂਦਾ ਨੈਰੇਟਿਵ ਉਸਾਰਨ ਲਈ ਅਧਿਆਤਮ ਅਤੇ ਵਿਗਿਆਨ ਦੀ ਨਿਹਿਤ ਅੰਤਰਸਬੰਧਤਾ ਨੂੰ ਜ਼ਬਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਉਹ ਬੰਦੇ ਨੂੰ ਬੰਦਾ ਬਣਨ ਦਾ ਰਾਹ ਆਖਦਾ ਹੈ ਤਾਂ ਮੈਨੂੰ ਉਹ ਪੁਰਖੇ ਚੇਤੇ ਆਉਣ ਲੱਗ ਪੈਂਦੇ ਹਨ, ਜਿਹੜੇ ਅਸੀਸ ਵਰਗੀ ਸਿੱਖਿਆ ਦੇਣ ਲਈ ‘ਬੰਦਾ ਬਣ’ ਆਖਿਆ ਕਰਦੇ ਸਨ। ਇਸ ਦੀ ਪੁਸ਼ਟੀ ਤੇ ਵਿਆਖਿਆ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਦੇ ਹਵਾਲੇ ਨਾਲ ਵੀ ਕੀਤੀ ਹੋਈ ਹੈ। ਲੇਖਕ ਦਾ ਮੁੱਦਾ ਗੁਰਬਾਣੀ ਮੁਤਾਬਿਕ ਸਮਝ ਦੀ ਉਸਾਰੀ ਹੈ, ਜਿਸ ਦੀ ਸੇਧ ਸਹੀ ਅਤੇ ਸਫਲ ਸਕਾਰਾਮਕਤਾ ਵੱਲ ਹੈ। ਇਸ ਪਾਸੇ ਨ ਤੁਰ ਸਕਣ ਵਾਲੇ ਸਮਕਾਲੀ ਵਿਦਵਾਨਾਂ ਨੂੰ ਚੇਤਾ ਕਰਵਾਇਆ ਹੋਇਆ ਹੈ ਕਿ ਬਾਣੀ ਵਰਗਾ ਅਧਿਆਤਮਿਕ ਜਲੌਅ ‘ਕਿਤੇ ਹੋਰ ਥੇ ਲੱਭਿਆਂ ਵੀ ਸ਼ਾਇਦ ਹੀ ਲੱਭੇ’।
ਅਸਲ ਸਮੱਸਿਆ ਪੁਸਤਕ-ਸਭਿਆਚਾਰ ਦੀ ਹੈ ਕਿਉਂਕਿ ਪੁਸਤਕ-ਸਭਿਆਚਾਰ ਤੋਂ ਮਹਿਰੂਮ ਭਾਈਚਾਰੇ ਕਿਸੇ ਇਕ ਸਮੇਂ ਹਾਕਮ ਬਣ ਵੀ ਜਾਣ ਤਾਂ ਵੀ ਮਹਿਰੂਮ ਹੋ ਜਾਣ ਦੀਆਂ ਮਜਬੂਰੀਆਂ ਤੋਂ ਮੁਕਤ ਨਹੀਂ ਹੋ ਸਕਦੇ। ਪੁਸਤਕ-ਸਭਿਆਚਾਰ ਦੇ ਪੰਜਾਬੀ ਪ੍ਰਸੰਗ ਵਿਚ ਆਮ ਕਰਕੇ ਅਤੇ ਸਿੱਖ ਪ੍ਰਸੰਗ ਵਿਚ ਖਾਸ ਕਰਕੇ ਪ੍ਰੋ. ਕਿਸ਼ਨ ਸਿੰਘ ਦੀ ਭੂਮਿਕਾ ਨੂੰ ਸਮਝਣ ਦੇ ਸਮਰਥਨ ਵਿਚ ਸਮਰਪਿਤ ਭਾਵਨਾ ਵਾਲੀਆਂ ਸਤਰਾਂ ਨਾਲ ਆਪਣੀ ਗੱਲ ਸਮਾਪਤ ਕਰਣਾ ਚਾਹੁੰਦਾ ਹਾਂ- “ਗੁਰਬਾਣੀ ਵਾਲਿਆਂ ਤੇ ਉਨ੍ਹਾਂ ਹੋਰ ਮਹਾਂਪੁਰਖਾਂ, ਜਿਨ੍ਹਾਂ ਸਾਡੇ ਇਤਿਹਾਸ ਤੇ ਕਲਚਰ ਵਿਚ ਬੰਦੇ ਦੀ- ਸਰਬੱਤ ਦੀ ਆਜ਼ਾਦੀ ਦਾ ਮਸਲਾ ਸਮਝਿਆ-ਆਪਣੇ ਸਮੇਂ ਦੇ ਮੁਹਾਵਰੇ ਵਿਚ ਉਸ ਦੇ ਸੱਚ ਦੀ ਆਵਾਜ਼ ਬਣ ਕੇ ਖੜਕ ਕੇ ਬੋਲੇ-ਜੂਝੇ, ਉਨ੍ਹਾਂ ਸਭਨਾਂ ਦੇ ਚਰਨਾਂ `ਤੇ ਸਿਰ ਰਖਦਿਆਂ ਹੋਇਆਂ ਤੁੱਛ ਜਿਹੇ ਇਸ ਉਪਰਾਲੇ ਨੂੰ ਸਮਾਪਤ ਕਰਣ ਦੀ ਆਗਿਆ ਮੰਗਦਾ ਹਾਂ”। ਪੁਸਤਕ ਤੇ ਪਾਠਕ ਵਿਚਾਲੇ ਕੋਈ ਨ ਹੀ ਹੋਵੇ ਤਾਂ ਚੰਗਾ ਹੈ ਕਿਉਂਕਿ ਇਹੋ ਜਿਹੀ ਵਿਚੋਲਗੀ ਪਾਠਕ ਨੂੰ ਕਈ ਵਾਰ ਰੰਗਦਾਰ ਐਨਕਾਂ ਲਾ ਕੇ ਪੜ੍ਹਣ ਵੱਲ ਧੱਕ ਦੇਂਦੀ ਹੈ। ਤਾਂ ਤੇ ਇਸ ਪੜ੍ਹਣਯੋਗ ਅਤੇ ਸਮਝਣਯੋਗ ਪੁਸਤਕ ਨੂੰ ਪੜ੍ਹਣ ਦੀ ਪ੍ਰੋੜ੍ਹਤਾ ਕਰਦਾ ਹਾਂ।
