ਦੀਪ ਦੇਵਿੰਦਰ ਸਿੰਘ
ਸੰਪਰਕ 9872165707
ਚੌਦਾਂ ਹਜ਼ਾਰ ਕੋਈ ਥੋੜ੍ਹੀ ਰਕਮ ਨਹੀਂ ਹੁੰਦੀ। ਨੁਕਸਾਨ ਤਾਂ ਧੇਲੀ-ਪੌਲੀ ਦਾ ਮਾਣ ਨਹੀਂ ਤੇ ਇਧਰ ਚੜ੍ਹਦੀ ਸਵੇਰ ਹੀ ਹਜ਼ਾਰ ਹਜ਼ਾਰ ਦੇ ਚੌਦਾਂ ਕੜਕਦੇ ਨੋਟ ਡਿੱਗੇ ਸਨ। ਉਹ ਵੀ ਆਪਣੀ ਹੀ ਜੇਬ `ਚੋਂ। ਅੱਜ ਵੀ ਚੇਤੇ ਐ, ਤੇਰਾਂ ਤਰੀਕ ਸੀ ਉਸ ਦਿਨ। ਤਿੰਨ ਤੇਰਾਂ ਤੇਈ।
ਇਨ੍ਹਾਂ ਤਰੀਕਾਂ ਵਾਲੇ ਦਿਨ ਤਾਂ ਮੇਰੇ ਕੋਲ ਰੱਤੀ ਭਰ ਵੀ ਵਿਹਲ ਨਹੀਂ। ਤਨਖਾਹ ਦੇਣੀ ਹੁੰਦੀ ਏ ਕੰਮ ਕਰਦੇ ਬੰਦਿਆਂ ਨੂੰ। ਇਸ ਸਿਲਸਲੇ ਦੀ ਸਲਾਹ ਬਾਪ ਜਿਉਂਦੇ-ਜੀਅ ਦੇ ਕੇ ਗਿਆ ਸੀ। ਉਦੋਂ ਸ਼ਹਿਰਦਾਰੀ ‘ਚ ਵਿਚਰਦਿਆਂ ਪੰਜ-ਸੱਤ ਵਰ੍ਹੇ ਲੰਘ ਗਏ ਸਨ। ਉਨ੍ਹੀਂ ਦਿਨੀਂ ਬਾਈਪਾਸ ਦੇ ਬਾਹਰਵਾਰ ਨਵੀਆਂ ਕੱਟੀਆਂ ਕਲੋਨੀਆਂ ਵਿਚ ਛੋਟੀ-ਮੋਟੀ ਠੇਕੇਦਾਰੀ ਚੱਲਣ ਲੱਗੀ ਸੀ। ਪਿੰਡ ਛੋਟੇ ਭਰਾਵਾਂ ਕੋਲ ਰਹਿੰਦਾ ਬਾਪ ਕਦੀ-ਕਦਾਈਂ ਸ਼ਹਿਰ ਆਉਂਦਾ ਤਾਂ ਮੈਂ ਅਕਸਰ ਉਹਨੂੰ ਆਪਣੇ ਕੰਮਾਂ ‘ਤੇ ਲੈ ਆਉਂਦਾ। ਉਹ ਆਪਣੀ ਆਦਤ ਮੂਜਬ ਇਕ ਨੁੱਕਰੇ ਖਲੋਤਾ ਅੱਖ ਮੀਚ ਕੇ ਕੰਧ ਦੀ ਸਧਾਈ ਵੇਖਦਾ। ਫਿਰ ਲੱਗ ਗਈ ਚਿਣਾਈ ਦੀ ਸਫਾਈ ਜਾਚਦਾ। ਸ਼ੋਹਲੇ ਹੱਥੀਂ ਕੰਮ ਕਰਦੇ ਮੁੰਡਿਆਂ ਨੂੰ ਨਿਹਾਰਦਿਆਂ ਇਸ਼ਾਰੇ ਨਾਲ ਮੈਨੂੰ ਕੋਲ ਬਲਾਉਂਦਿਆਂ ਸਹਿਜ ਨਾਲ ਕਹਿੰਦਾ ‘ਬੱਲਿਆ, ਬੰਦਿਆਂ ਦੇ ਸਿਰੀਂ ਕੰਮ ਨਿਭਦੇ ਹੁੰਦੇ ਈ, ਤੇ ਬੰਦਾ ਚਾਅ ਨੂੰ ਨਹੀਂ, ਲੋੜ ਮਾਰਿਆ ਘਰੋਂ ਨਿਕਲਦਾ। ਪੈਹਾ-ਧੇਲਾ ਟੈਂਮ ਨਾਲ ਦਿਆ ਕਰ ਇਨ੍ਹਾਂ ਨੂੰ।’
ਬਾਪ ਤਾਂ ਤੁਰ ਗਿਆ ਆਪਣੇ ਹਿੱਸੇ ਦੀ ਪੁਗਾਅ ਕੇ। ਆਪਾਂ ਉਹਦੀ ਕਹੀ ਪੁਗਾਈ ਵੀ ਤੇ ਪੱਲੇ ਵੀ ਬੰਨ੍ਹੀ। ਤਿੰਨ, ਤੇਰਾਂ ਤੇਈ ਤਰੀਕਾਂ ਪੱਕੀਆਂ। ਹਰ ਮਹੀਨੇ ਦੀਆਂ। ਮੀਂਹ ਜਾਏ, ਹਨੇਰੀ ਜਾਏ। ਮੰਦਾ ਹੋਵੇ, ਤੇਜੀ ਹੋਵੇ। ਥੋੜ੍ਹੇ ਹੋਣ, ਬਹੁਤੇ ਹੋਣ। ਦੇਣੇ ਜ਼ਰੂਰ ਐ।
ਤੇ ਹਾਂ, ਤੇਰਾਂ ਈ ਤਰੀਕ ਸੀ ਉਸ ਦਿਨ ਵੀ। ਅੱਸੂ ਕੱਤੇ ਦੇ ਦਿਨਾਂ ਦੀ ਗੱਲ ਐ। ਪਹਿਲੀ ਫੇਰੀ ਬਸੰਤ ਐਵਨਿਊ। ਕੰਮ ਕਾਰ ਦੇਖਿਆ। ਲੈਣ-ਦੇਣ ਕੀਤਾ ਤੇ ਨਿਕਲ ਪਿਆ ਮਹਿਤਾ ਰੋਡ ਵਾਲੇ ਪੁਰਾਣੇ ਫੋਕਲ ਪੁਆਇੰਟ ਨੂੰ। ਪੁਰਾਣੀ ਫੈਕਟਰੀ ਦੇ ਸ਼ੈੱਡ ਖਰੀਦੇ ਸੀ ਪੇਚਾਂ ਵਾਲੇ ਵਿਰਦੀਆਂ ਨੇ। ਭੰਨ-ਤੋੜ ਦਾ ਕੰਮ ਸੀ ਬਹੁਤਾ। ਤੋੜਨ ਵਾਲੇ ਤੋੜ ਰਹੇ ਸੀ ਤੇ ਬਣਾਉਣ ਵਾਲੇ ਬਣਾ ਰਹੇ ਸੀ। ਖਲਾਰਾ ਸੀ ਅੰਦਰ-ਬਾਹਰ। ਖੱਬੇ ਹੱਥ ਵਾਲੇ ਪਹਿਲੇ ਸੈLੱਡ ‘ਚ ਵੜਿਆ। ਆਪੋ-ਆਪਣੇ ਕੰਮ ਰੁੱਝੇ ਹੋਏ ਸਾਰੇ। ਕੱਲੇ-ਕੱਲੇ ਨੂੰ ਦਿਹਾੜੀਆਂ ਪੁੱਛੀਆਂ। ਕਾਪੀ ਨਾਲ ਮੇਲੀਆਂ। ਹਿਸਾਬ ਚੁਕਦਾ ਕੀਤਾ ਤੇ ਬਚਦੇ ਨੋਟਾਂ ਨੂੰ ਹੱਥ ਮਾਰਿਆ। ਹਜ਼ਾਰ-ਹਜ਼ਾਰ ਦੇ ਸੋਲਾਂ ਸਨ ਪੂਰੇ। ਉਨ੍ਹਾਂ ਨਾਲ ਹੀ ਗੱਲੀਂ ਪਏ ਨੇ ਨੋਟ ਤਹਿ ਕੀਤੇ ਤੇ ਪੈਂਟ ਦੀ ਬੈਲਟ ਹੇਠਲੀ ਜੇਬ ਵਿਚ ਪਾਉਂਦਿਆਂ ਮੈਂ ਸੈੱਡ ਦੇ ਪਿਛਲੇ ਪਾਸੇ ਨੂੰ ਨਿਕਲ ਪਿਆ ਸਾਂ। ਕੰਮ ਕਰਦੇ ਮੁੰਡਿਆਂ ਸਾਹਬ ਸਲਾਮ ਕਹੀ। ਹੋਏ ਕੰਮ ਨੂੰ ਝਾਤੀ ਮਾਰਦਿਆਂ ਮੈਂ ਊਬੜ-ਖਾਬੜ ਪਏ ਇੱਟ ਰੋੜਿਆਂ ਤੋਂ ਥਾਂ ਸਿਰ ਹੋਣ ਲਈ ਆਪਣੇ ਪੈਰ ਟਿਕਾਉਣ ਹੀ ਲਗਿਆ ਸਾਂ ਜਦੋਂ ਪੈਂਟ ਦੇ ਸੱਜੇ ਪਾਉਂਚੇ ਰਾਹੀਂ ਹਜ਼ਾਰ-ਹਜ਼ਾਰ ਦੇ ਦੋ ਨੋਟ ਮੇਰੇ ਪੈਰਾਂ ‘ਚ ਡਿੱਗੇ ਸਨ। ਮੈਂ ਤੰਰੁਤ ਪਹਿਲਾਂ ਤਾਂ ਹੇਠਾਂ ਪਏ ਨੋਟ ਚੁੱਕੇ ਤੇ ਫਿਰ ਕਾਹਲੀ ਨਾਲ ਬੈਲਟ ਹੇਠਲੀ ਜੇਬ ਵਿਚ ਹੱਥ ਮਾਰਿਆ। ਖਾਲੀ ਸੀ ਜੇਬ। ਮੈਂ ਇਹ ਸੋਚ ਕੇ ਕਿ ਦੋ ਚਾਰ ਮਿੰਟ ਪਹਿਲਾਂ ਦੀ ਤਾਂ ਗੱਲ ਐ ਮਸਾਂ, ਤੇ ਪੈਂਡਾ ਵੀ ਐਹਵੇਂ ਗਿਣਤੀ ਦੇ ਕਦਮਾਂ ਦਾ ਹੀ ਕੀਤਾ ਸੀ। ਬਸ ਦੀਵਾਰ ਦੇ ਉਸ ਪਾਸੇ ਤੋਂ ਇਸ ਪਾਸੇ ਹੀ ਤਾਂ ਆਇਆ ਸਾਂ। ਤਾਂ ਹੀ ਮੈਂ ਉੱਧਰ ਕੰਮ ਕਰਦੇ ਕਾਰੀਗਰ ਨੂੰ ਉੱਚੀ ਅਵਾਜ਼ ਮਾਰਦਿਆਂ ਕਿਹਾ ਸੀ ਕਿ ‘ਓ ਰੂਪਿਆ, ਹਈਥੇ ਵੇਖੀਂ ਪੈਸੇ ਡਿੱਗੇ ਹੋਣੇ ਈ’ ਤੇ ਨਾਲ ਈ ਮੈਂ ਜ਼ਮੀਨ ਉੱਤੇ ਝਾਤੀ ਮਾਰਦਾ-ਮਾਰਦਾ ਛੋਹਲੇ ਕਦਮਾਂ ਨਾਲ ਉੱਧਰ ਨੂੰ ਹੋ ਤੁਰਿਆ ਸਾਂ। ਪੂਰੇ ਰਸਤੇ ਇਕ ਵੀ ਨੋਟ ਮੇਰੀ ਨਿਗ੍ਹਾ ਨਹੀਂ ਸੀ ਚੜ੍ਹਿਆ। ਉਧਰ ਸੁਣਦਿਆਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੱਥ ਵਾਲਾ ਕੰਮ ਵਿਚਾਲੇ ਛੱਡ ਸਾਰੇ ਈ ਇੱਧਰ-ਉੱਧਰ ਲੱਭਣ ਲੱਗੇ। ਕੋਈ ਕਹੇ ਕਿ ਮੇਰੇ ਸਾਹਮਣੇ ਅੰਕਲ ਜੀ ਨੇ ਜੇਬ ‘ਚ ਪਾਏ, ਕੋਈ ਕਹੇ ਮੈਂ ਤਾਂ ਜੀ ਅਈਥੋਂ ਹਿੱਲਿਆ ਤੱਕ ਨਹੀਂ, ਕੋਈ ਕਹੇ ਜੀ ਤਲਾਸ਼ੀ ਲਓ, ਕੱਲੇ-ਕੱਲੇ ਦੀ।’
ਆਪਣੇ ਈ ਬੰਦੇ, ਪਿਛਲੇ ਕਈ ਵਰਿ੍ਹਆਂ ਤੋਂ ਆਪਣੇ ਈ ਕੋਲ ਕੰਮ ਕਰਦੇ। ਕੋਈ ਚੋਰੀ ਨਹੀਂ, ਉਲ੍ਹਾਮਾ ਨਹੀਂ ਹੁਣ ਤੀਕ। ਬਹੁਤੇ ਫਿਰ ਉਮਰਾਂ ‘ਚ ਵੀ ਸਿਆਣੇ-ਬਿਆਣੇ। ਇਨ੍ਹਾਂ ‘ਚੋਂ ਸ਼ੱਕ ਕਿਸ ‘ਤੇ ਕੀਤਾ ਜਾਵੇ।
ਫਿਰ ਸੋਚਦਾਂ ਕਿ ਏਨੇ ਕੁ ਸਮੇਂ ‘ਚ ਪੈਸੇ ਕਿਹੜੇ ਖੂਹ ‘ਚ ਪੈ ਗਏ ਹੋਣਗੇ। ਕੋਈ ਓਪਰਾ ਬੰਦਾ ਅੰਦਰ ਨਹੀਂ ਵੜਿਆ। ਅੰਦਰਲਾ ਕੋਈ ਬਾਹਰ ਨਹੀਂ ਗਿਆ।
ਅਸੀਂ ਪੱਤ-ਪੱਤ ਫਰੋਲਦਿਆਂ ਹਾਰ ਹੰਭ ਗਏ ਸਾਂ। ਚੜ੍ਹਿਆ ਦਿਨ ਵੀ ਹੇਠਾਂ ਲਹਿ ਗਿਆ ਸੀ, ਪਰ ਕੁਝ ਵੀ ਹੱਥ ਪੱਲੇ ਨਹੀਂ ਸੀ ਪਿਆ। ਮੈਂ ਇਕੱਲਾ ਉਦਾਸ ਨਹੀਂ ਸਾਂ। ਉਹ ਵੀ ਮੇਰੇ ਵਾਂਗ ਹੀ ਉਦਾਸ ਸਨ, ਸਗੋਂ ਮੇਰੇ ਨਾਲ ਅੱਖ ਮਿਲਾਉਣ ਤੋਂ ਝਿਜਕ ਰਹੇ ਸਨ ਜਿਵੇਂ ਮੈਂ ਉਨ੍ਹਾਂ ਸਾਰਿਆਂ ਨੂੰ ਹੀ ਚੋਰ ਸਮਝ ਰਿਹਾ ਹੋਵਾਂ।
ਇਨ੍ਹਾਂ ਘੁੰਮਣ-ਘੇਰੀਆਂ ‘ਚ ਉਲਝੇ ਨੂੰ ਮੈਨੂੰ ਰਾਹ ਨਹੀਂ ਸੀ ਲੱਭ ਰਿਹਾ। ਪਰਾਂ ਹੱਟਵਾਂ ਖਲੋਤਾ ਰਾਜੂ ਸਹਿਜ-ਸਹਿਜ ਪੈਰ ਪੁੱਟਦਾ ਮੇਰੇ ਕੋਲ ਆਣ ਖਲੋਤਾ ਸੀ। ਪਿਛੋਂ ਬਿਹਾਰ ਤੋਂ ਕਿਸੇ ਪਿੰਡ ਦਾ ਹੈ ਇਹ। ਜਿਉਂ ਆਇਆ ਮੇਰੇ ਕੋਲ ਈ ਟਿਕਿਆ। ਹੁਣ ਤਾਂ ਮਜ਼ਦੂਰ ਤੋਂ ਮਿਸਤਰੀ ਬਣ ਗਿਆ। ਹਲਕਾ ਜਿਹਾ ਖੰਗੂਰਾ ਮਾਰਦਿਆਂ ਰਾਜੂ ਕਹਿੰਦਾ ‘ਅਰੇ ਭਾ ਜੀ, ਆਈਸੇ ਤੋ ਜਿਤਨੀ ਦੇਰ ਆਪ ਕੇ ਪਾਈਸੇ ਕਾ ਪਤਾ ਨਹੀਂ ਚਲਤਾ, ਹਮ ਸਭੀ ਅਪਨੇ ਆਪ ਕੋ ਚੋਰ ਸਮਝ ਰਹੇ ਹੈਂ। ਮੇਰੀ ਬਾਤ ਮਾਨੀਏ, ਮੈਂ ਏਕ ਬਾਬਾ ਕੋ ਜਾਨਤਾ ਹੂੰ। ਬਹੁਤ ਲੋਗ ਆਤੇ ਹੈਂ ਉਸ ਕੇ ਪਾਸ। ਭਾ ਜੀ, ਬਿਸਵਾਸ ਕਰੇਂ। ਜੋ ਬੀ ਚੋਰ ਹੋਗਾ ਵੋ ਬਾਬਾ ਨਾਮ ਤੀਕ ਬਤਾ ਦੇਗਾ।’
ਬਾਕੀ ਦਿਆਂ ਵੀ ਉਹਦੀ ਹਾਂ ‘ਚ ਹਾਂ ਮਿਲਾਉਂਦਿਆਂ ਇਕ ਵਾਰ ਜਾ ਕੇ ਪੁਛਣਾ ਪਵਾਉਣ ਲਈ ਕਿਹਾ ਸੀ।
ਤਾਂ ਹੀ ਪਿਛਲੇ ਪੌਣੇ ਘੰਟੇ ਤੋਂ ਦਰੀ ‘ਤੇ ਬੈਠਾ ਮੈਂ ਆਪਣੀ ਵਾਰੀ ਦੀ ਉਡੀਕ ‘ਚ ਸਾਂ। ਵਾਰੀ ਆਈ। ਜ਼ਮੀਨ ਤੋਂ ਫੁੱਟ ‘ਕੁ ਉੱਚੀ ਕਬਰ ਦੇ ਕੋਲ ਹਰੀ ਜਿਹੀ ਚਾਦਰ ਦੀ ਬੁੱਕਲ ਮਾਰੀ ਅੱਧਖੜ ਜਿਹੀ ਉਮਰ ਦਾ ਉਹ ਬਾਬਾ ਟਿਕ-ਟਿਕੀ ਲਗਾ ਕੇ ਮੇਰੇ ਵਲ ਝਾਕ ਰਿਹਾ ਸੀ। ਮੇਰੇ ਤੋਂ ਰਾਜੂ ਨੇ ਹੀ ਬਾਬੇ ਨੂੰ ਸਾਰੀ ਗੱਲ ਦੱਸੀ ਸੀ। ਬਾਬੇ ਨੇ ਗੱਲ ਸੁਣੀ। ਸਮਝੀ। ਕਿਸੇ ਸਿੱਟੇ ਉਤੇ ਪੁੱਜਣ ਲਈ ਉਸ ਨੇ ਆਪਣਾ ਮੂੰਹ ਸਿਰ ਉਪਰ ਲਈ ਚਾਦਰ ਵਿਚ ਵਲੇਟ ਲਿਆ। ਐਹਵੇਂ ਡੇਢ-ਦੋ ਮਿੰਟਾਂ ਬਾਅਦ ਉਸ ਨੇ ਆਪਣੀਆਂ ਅੱਖਾਂ ਤੋਂ ਚਾਦਰ ਥੋੜ੍ਹੀ ਕੁ ਉਪਰ ਖਿਸਕਾਈ ਤੇ ਨਾਲ ਹੀ ਧੌਣ ਦੇ ਇਸ਼ਾਰੇ ਨਾਲ ਨੇੜੇ ਹੋਣ ਲਈ ਕਹਿੰਦਿਆਂ ਹਿੰਦੀ-ਪੰਜਾਬੀ ਰਲਵੀਂ ਜਿਹੀ ਭਾਸ਼ਾ ‘ਚ ਬੋਲਿਆ ‘ਠੇਕੇਦਾਰ ਸਾਹਬ, ਕਲ੍ਹ ਸੂਰਜ ਚੜ੍ਹਨੇ ਸੇ ਪਹਿਲੇ ਉਸੀ ਜਗ੍ਹਾ ਜਾਨਾ ਔਰ ਸਾਥ ਮੇਂ ਆਟੇ ਕਾ ਪੇੜਾ ਲੇ ਕੇ ਜਾਨਾ। ਜਿਤਨਾ ਭੀ ਆਦਮੀ ਉਸ ਰੋਜ਼ ਵਹਾਂ ਥੇ। ਕਿਸੇ ਏਕ ਕੋ ਭੀ ਛੋੜਨਾ ਨਹੀਂ। ਸਭੀ ਕੇ ਨਾਮ ਕਾ ਪਰਚੀ ਬਨਾ ਕੇ ਉਸੀ ਆਟਾ ਮੇਂ ਲਪੇਟ ਕੇ ਬਖਰਾ-ਬਖਰਾ ਗੋਲੀ ਬਨਾ ਲੇਨਾ। ਕਿਸੀ ਸਾਫ ਬਰਤਨ ਮੇਂ ਪਾਣੀ ਡਾਲਨਾ, ਬੀਚ ਮੇਂ ਸਭੀ ਨਾਮ ਵਾਲੀ ਆਟੇ ਕੀ ਗੋਲੀ ਡਾਲ ਦੇਨਾ, ਔਰ ਪਾਨੀ ਕੋ ਕਿਸੀ ਕਪੜਾ ਕੇ ਸਾਥ ਢੱਕ ਕੇ ਰਖਨਾ। ਪੌਣੇ ਤੀਨ ਮਿੰਟ ਕੇ ਬਾਅਦ ਉਸੀ ਨਾਮ ਕਾ ਗੋਲੀ ਉਪਰ ਆ ਜਾਇਗਾ ਜਿਸ ਕੇ ਪਾਸ ਵੋ ਪੈਸਾ ਹੋਗਾ।’
ਮੈਂ ਬਾਬੇ ਦੀ ਇਸ ਕਲਾ ਤੋਂ ਹੈਰਾਨ ਸਾਂ। ਇਸੇ ਕਰਕੇ ਅਗਲੇ ਦਿਨ ਵੇਲੇ ਸਿਰ ਹੀ ਆਪਣੇ ਕੰਮ ਵਾਲੇ ਅੱਡੇ ‘ਤੇ ਜਾ ਪਹੁੰਚਿਆ ਸਾਂ। ਕੋਈ ਚਿੜੀ-ਕਾਂ ਵੀ ਨਹੀਂ ਸੀ ਲਾਗੇ ਬੰਨੇ। ਬਾਬੇ ਦੇ ਕਹੇ ਨੂੰ ਇੰਨ-ਬਿੰਨ ਮੰਨਦਿਆਂ ਸਾਰੇ ਕੰਮ ਨਿਪਟਾ ਮੈਂ ਆਪਣੀ ਨਜ਼ਰ ਘੜੀ ਦੀਆਂ ਸੂਈਆਂ ‘ਤੇ ਟਿਕਾ ਲਈ ਸੀ। ਮੈਨੂੰ ਯਕੀਨ ਸੀ ਕਿ ਜਿਸਨੇ ਵੀ ਮੇਰੇ ਹਜ਼ਾਰ-ਹਜ਼ਾਰ ਦੇ ਉਹ ਚੌਦਾਂ ਨੋਟ ਕੱਲ ਏਧਰ-ਉਧਰ ਕੀਤੇ ਐ, ਜ਼ਹਿਰ-ਮੋਹਰੇ ਜਿਹੇ ਕਪੜੇ ਹੇਠ ਢੱਕਿਆ ਇਹ ਪਾਣੀ ਹੁਣੇ ਨਿਤਾਰਾ ਕਰ ਦੇਵੇਗਾ। ਫਿਰ ਇਕ ਵਾਰ ਬੰਦੇ ਨਾਮ ਜਿਰਾ ਸਾਹਮਣੇ ਆ ਜਾਵੇ। ਫਿਰ ਵੇਖ ਕਿੰਝ ਗਲ ‘ਚ ਅੰਗੂਠਾ ਦੇ ਕੇ ਇਕੱਲਾ – ਇਕੱਲਾ ਨੋਟ ਕਢਵਾਉਨਾ ਅਗਲੇ ਤੋਂ। ਘੜੀ ਦੀ ਟਿਕ ਟਿਕ ਤੋਂ ਬਹੁਤੀ ਮੇਰੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ ਤੇ ਪੈਰਾਂ ਭਾਰ ਭੌਏਂ ਉਤੇ ਬੈਠੇ ਦੇ ਸਾਹ ਤੇਜ਼ ਤੇਜ਼ ਚਲਣ ਲੱਗੇ ਸੀ।
ਟਾਈਮ ਦੋ ਮਿੰਟ ਤੋਂ ਉਪਰ ਨਿਕਲ ਗਿਆ ਸੀ। ਮੇਰੇ ਤੇ ਉਸ ਚੋਰ ਦੇ ਵਿਚਕਾਏ ਐਂਵੇਂ ਸਕਿੰਟਾਂ ਦੀ ਖੇਡ ਬਾਕੀ ਰਹਿ ਗਈ ਸੀ। ਟਿਕੀ ਨਿਗਾਹ ਅਗਿਉਂ ਸਕਿੰਟਾਂ ਦਾ ਪੈਰੋ-ਪੈਰ ਘਟਦਾ ਜਾ ਰਿਹਾ ਪੈਂਡਾ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਕਰ ਰਿਹਾ ਸੀ। ਦੋ ਮਿੰਟ ਤੇ ਚਾਲੀ ਸਕਿੰਟ, ਤੇ ਫਿਰ ਇਕਤਾਲੀ, ਬਤਾਲੀ, ਤਰਤਾਲੀ, ਚੌਤਾਲੀ ਤੇ ਫਿਰ ਹੋ ਗਏ ਪੂਰੇ ਪੰਜਤਾਲੀ, ਮਤਲਬ ਪੌਣੇ ਤਿੰਨ ਮਿੰਟ। ਮੈਂ ਧੜਕਦੇ ਦਿਲ ਨੂੰ ਥੋੜ੍ਹਾ ਕਾਬੂ ਵਿਚ ਕਰਦਿਆਂ ਬਾਲਟੇ ਉਤਲਾ ਕਪੜਾ ਪਾਸੇ ਕੀਤਾ। ਵੇਖਦਿਆਂ ਸਾਰ ਹੈਰਾਨ। ਸੱਚਮੁੱਚ ਇਕ ਗੋਲੀ ਪਾਣੀ ਉਪਰ ਤੈਰ ਰਹੀ ਸੀ। ਮੈਂ ਸਹਿਜ ਨਾਲ ਗੋਲੀ ਨੂੰ ਸੱਜੇ ਹੱਥ ਦੇ ਦੋਵੇਂ ਪੋਟਿਆਂ ‘ਚ ਫੜਿਆ ਅਤੇ ਫੜਦਿਆਂ ਸਾਰ ਇੰਝ ਮਹਿਸੂਸ ਹੋਇਆ ਜਿਵੇਂ ਚੋਰ ਨੂੰ ਮੈਂ ਡੌਲਿਉਂ ਜਾ ਫੜਿਆ ਹੋਵੇ।
ਪਾਣੀ ਨਾਲ ਗਿੱਲਾ ਹੋਇਆ ਆਟਾ ਮੇਰੇ ਪੋਟਿਆਂ ਵਿਚ ਹੀ ਖੁਰਦਾ ਜਾ ਰਿਹਾ ਸੀ ਅਤੇ ਹੇਠਲਾ ਚਿੱਟਾ ਕਾਗਜ਼ ਸਾਫ ਦਿਖਾਈ ਦੇਣ ਲਗਿਆ ਸੀ। ਮੈਂ ਵੀ ਜਲਦੀ ਨਾਲ ਕਿਸੇ ਤਣ-ਪੱਤਣ ਲੱਗਣਾ ਚਾਹੁੰਦਾ ਸਾਂ। ਚੌਦਾਂ ਹਜ਼ਾਰ ਮੂੰਹ ਨਾਲ ਈ ਆਖਣਾ ਸੌਖਾ। ਹਜ਼ਾਰ-ਹਜ਼ਾਰ ਦੇ ਕੜਕਦੇ ਨੋਟਾਂ ਦਾ ਹੁਣ ਤੀਕ ਵੀ ਚੇਤਾ ਆਉਂਦਾ ਤਾਂ ਗਸ਼ ਪੈਣ ਤੀਕ ਜਾਂਦੀ ਐ। ਰਾਤ ਭਰ ਅਵਾਜਾਰ ਵੀ ਰਿਹਾਂ ਤੇ ਰੱਤੀ ਭਰ ਕਿਤੇ ਚੈਨ ਨਹੀਂ ਆਇਆ ਕਲ ਦਾ।
ਚੈਨ ਤਾਂ ਕਾਗਜ਼ ਖੋਲ੍ਹ ਕੇ ਵੀ ਕਿਥੇ ਆਇਆ ਸੀ। ਸਗੋਂ ਹੋਰ ਬੇ-ਚੈਨ ਹੋ ਗਿਆ ਸਾਂ ਤੇ ਹੱਥੀਂ ਲਿਖਿਆ ਨਾਮ ਪੜ੍ਹਦਿਆਂ ਸਾਰ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸਨ। ਉਹ ਤਾਂ ਏਨਾ ਸ਼ੁਕਰ ਸੀ ਕਿ ਮੇਰੇ ਆਸ-ਪਾਸ ਕੋਈ ਨਹੀਂ ਸੀ ਨਹੀਂ ਤਾਂ ਧਰਤੀ ਵਿਹਲ ਨਹੀਂ ਦੇਣਾ ਮੈਨੂੰ, ਹੋਰਨਾਂ ਸਾਹਮਣੇ।
ਭਾਵੇਂ ਇਕ-ਇਕ ਕਰਕੇ ਗੋਲੀਆਂ ਸਾਰੀਆਂ ਈ ਪਾਣੀ ‘ਤੇ ਤੈਰਨ ਲੱਗੀਆਂ ਸਨ ਪਰ ਮੇਰਾ ਧਿਆਨ ਤਾਂ ਮੇਰੇ ਹੱਥ ‘ਚ ਫੜੀ ਪਰਚੀ `ਤੇ ਲਿਖੇ ਮੇਰੇ ਆਪਣੇ ਹੀ ਨਾਮ ਵਲ ਸੀ।
ਬਾਪ ਦੀ ਕਹੀ ਗੱਲ ਚੇਤੇ ਆਉਂਦੀ ਐ, ਠੀਕ ਹੀ ਤਾਂ ਕਹਿੰਦਾ ਹੁੰਦਾ ਸੀ ਅਖੇ ‘ਛਿੰਦਿਆ, ਜਗ ਨੂੰ ਚੋਰ ਕਹਿਣ ਨਾਲੋਂ ਆਪਣਾ ਘਰ ਸਾਂਭ ਕੇ ਰਖੀਦਾ। ਅਣਗਹਿਲੀ ਪੈਸਾ ਵੀ ਗਵਾਉਂਦੀ ਊ ਤੇ ਰਿਸ਼ਤਾ ਵੀ।’
ਚਾਦਰ ਹੇਠੋਂ ਨਿੱਕੀਆਂ-ਨਿੱਕੀਆਂ ਚੁਨੀਆਂ ਜਿਹੀਆਂ ਅੱਖਾਂ ਨਾਲ ਖਚਰਾ ਜਿਹਾ ਝਾਕਦਾ ਬਾਬਾ ਮੁੜ ਮੇਰੇ ਜ਼ਿਹਨ ‘ਚ ਆਉਂਦਾ। ਬੜ੍ਹਾ ਘਰੋੜ ਕੇ ਕਿਹਾ ਸੀ ਉਸਨੇ ‘ਸਰਦਾਰ ਜੀ, ਅਪਨਾ ਨਾਮ ਬੀ ਸਾਥ ਮੇਂ ਲਿਖਨਾ’
ਸਾਨੂੰ ਕਾਹਦਾ ਡਰ। ਡਰੇ ਤਾਂ ਉਹੋ ਜਿਹਦੇ ਢਿੱਡ ‘ਚ ਚੋਰ ਹੋਊ। ਏਸੇ ਲਈ ਆਪਾਂ ਵੀ ਪੂਰਾ ਸਾਊ ਪੁਣਾ ਵਿਖਾਉਂਦਿਆਂ ਸਭ ਤੋਂ ਪਹਿਲਾਂ ਆਪਣੇ ਈ ਨਾਮ ਵਾਲੀ ਪਰਚੀ ਪਹਿਲੀਆਂ ‘ਚ ਵਲੇਟਦਿਆਂ ਪਾਣੀ ‘ਚ ਡੋਬੀ ਸੀ।
ਤਿੰਨ ਤੇਰਾਂ ਤੇਈ। ਭਾਵੇਂ ਅਜ ਵੀ ਬਹੁਤ ਰੁਝਿਆ ਹੁੰਨੈ ਇਨ੍ਹੀਂ ਦਿਨੀਂ। ਚੜ੍ਹਦੀ ਸਵੇਰ ਈ ਜਦੋਂ ਹੁਣ ਘਰੋਂ ਨਿਕਲਦਾਂ ਤਾਂ ਚਾਦਰ ਹੇਠੋਂ ਝਾਕਦਾ ਉਹ ਬਾਬਾ ਦਮਾਗ ਦੇ ਕਿਸੇ ਖੂੰਜੇ ‘ਚੋਂ ਆਣ ਪ੍ਰਗਟ ਹੁੰਦਾ ਤੇ ਨਾਲ ਹੀ ਹਜ਼ਾਰ-ਹਜ਼ਾਰ ਦੇ ਨੋਟਾਂ ਦਾ ਚੇਤਾ ਆਉਂਦਿਆਂ ਜੇਬ ਨੂੰ ਮੁੜ-ਮੁੜ ਹੱਥ ਮਾਰਨਾ ਕਿੱਥੇ ਭੁਲਦੈਂ ਹੁਣ ਮੈਂ।
